ਸ਼ਰਾਬ ਪੀ ਕੇ ਵਾਹਨ ਚਲਾਉਣ ’ਤੇ 868 ਚਲਾਨ ਕੱਟੇ
ਦਿੱਲੀ ਟਰੈਫਿਕ ਪੁਲੀਸ ਨੇ ਨਵੇਂ ਸਾਲ ਦੀ ਸ਼ਾਮ ਸ਼ਰਾਬ ਪੀ ਕੇ ਵਾਹਨ ਚਲਾਉਣ ’ਤੇ 868 ਚਲਾਨ ਕੱਟੇ, ਜੋ ਕਿ ਪਿਛਲੇ ਸਾਲ ਨਾਲੋਂ 56 ਫ਼ੀਸਦ ਵੱਧ ਹਨ। ਪੁਲੀਸ ਅਨੁਸਾਰ ਪਿਛਲੇ ਸਾਲ ਸ਼ਰਾਬ ਪੀ ਕੇ ਵਾਹਨ ਚਲਾਉਣ ਦੇ ਦੋਸ਼ ਹੇਠ 556 ਚਲਾਨ...
ਦਿੱਲੀ ਟਰੈਫਿਕ ਪੁਲੀਸ ਨੇ ਨਵੇਂ ਸਾਲ ਦੀ ਸ਼ਾਮ ਸ਼ਰਾਬ ਪੀ ਕੇ ਵਾਹਨ ਚਲਾਉਣ ’ਤੇ 868 ਚਲਾਨ ਕੱਟੇ, ਜੋ ਕਿ ਪਿਛਲੇ ਸਾਲ ਨਾਲੋਂ 56 ਫ਼ੀਸਦ ਵੱਧ ਹਨ। ਪੁਲੀਸ ਅਨੁਸਾਰ ਪਿਛਲੇ ਸਾਲ ਸ਼ਰਾਬ ਪੀ ਕੇ ਵਾਹਨ ਚਲਾਉਣ ਦੇ ਦੋਸ਼ ਹੇਠ 556 ਚਲਾਨ ਕੱਟੇ ਗਏ ਸਨ। ਟੈਰਫਿਕ ਪੁਲੀਸ ਅਨੁਸਾਰ ਸ਼ਰਾਬ ਪੀ ਕੇ ਗੱਡੀ ਚਲਾਉਣ, ਤੇਜ਼ ਰਫ਼ਤਾਰ, ਮੋਟਰਸਾਈਕਲ ਸਟੰਟ ਅਤੇ ਹੋਰ ਉਲੰਘਣਾਵਾਂ ਨੂੰ ਰੋਕਣ ਲਈ ਮੁੱਖ ਸੜਕਾਂ, ਰਾਤ ਦੇ ਸਥਾਨਾਂ ਅਤੇ ਰਿਹਾਇਸ਼ੀ ਖੇਤਰਾਂ ਵਿੱਚ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੀ ਜਾਂਚ ਲਈ ਰਾਤ ਭਰ ਵੱਖ-ਵੱਖ ਥਾਵਾਂ ’ਤੇ ਚੌਕੀਆਂ ਸਥਾਪਤ ਕੀਤੀਆਂ ਗਈਆਂ ਸਨ। ਨਵੇਂ ਸਾਲ ਦੇ ਜਸ਼ਨਾਂ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 20 ਹਜ਼ਾਰ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਗਈ। ਪੁਲੀਸ ਅਨੁਸਾਰ ਕਨਾਟ ਪਲੇਸ, ਹੌਜ਼ ਖਾਸ ਅਤੇ ਐਰੋਸਿਟੀ ਵਰਗੇ ਖੇਤਰਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ, ਜਿੱਥੇ ਜ਼ਿਆਦਾ ਭੀੜ ਇਕੱਠੀ ਹੁੰਦੀ ਹੈ। ਦਿੱਲੀ ਪੁਲੀਸ ਨੇ ਕਿਹਾ ਕਿ ਮੁਹਿੰਮ ਦਾ ਉਦੇਸ਼ ਨਾ ਸਿਰਫ਼ ਉਲੰਘਣਾਵਾਂ ’ਤੇ ਸ਼ਿਕੰਜਾ ਕੱਸਣਾ ਹੈ, ਸਗੋਂ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਨੂੰ ਕਾਰਵਾਈ ਦੀ ਚਿਤਾਵਨੀ ਹੈ। ਪਿਛਲੇ ਸਾਲ ਦਿੱਲੀ ਟਰੈਫਿਕ ਪੁਲੀਸ ਨੇ ਨਵੇਂ ਸਾਲ ਦੀ ਸ਼ਾਮ ਨੂੰ ਸ਼ਰਾਬ ਪੀ ਕੇ ਵਾਹਨ ਚਲਾਉਣ ’ਤੇ 558 ਚਲਾਨ ਜਾਰੀ ਕੀਤੇ ਸਨ। ਅਧਿਕਾਰਤ ਅੰਕੜਿਆਂ ਅਨੁਸਾਰ 2023 ਵਿੱਚ ਸ਼ਰਾਬ ਪੀ ਕੇ ਵਾਹਨ ਚਲਾਉਣ ਲਈ 416 ਚਲਾਨ ਜਾਰੀ ਕੀਤੇ ਗਏ ਸਨ, ਜਦੋਂ ਕਿ 2022 ਵਿੱਚ 318, 2021 ਵਿੱਚ 25, 2020 ਵਿੱਚ 19 ਅਤੇ 2019 ਵਿੱਚ 299 ਚਲਾਨ ਜਾਰੀ ਕੀਤੇ ਗਏ ਸਨ।

