‘ਕਿਸਾਨਾਂ ਦਾ ਕੌਮੀ ਪਰੇਡ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ’

‘ਕਿਸਾਨਾਂ ਦਾ ਕੌਮੀ ਪਰੇਡ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ’

ਸਿੰਘੂ ਬਾਰਡਰ ਵਿਖੇ ਭੁੱਖ ਹੜਤਾਲ ’ਤੇ ਬੈਠੇ ਕਿਸਾਨ। -ਫੋਟੋ: ਦਿਓਲ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 15 ਜਨਵਰੀ

ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ 26 ਜਨਵਰੀ ਨੂੰ ਕਿਸਾਨਾਂ ਦੇ ‘ਟਰੈਕਟਰ ਪਰੇਡ ਮਾਰਚ’ ਬਾਰੇ ਵਿੱਚ ਕਈ ਤਰ੍ਹਾਂ ਦੇ ਭੁਲੇਖੇ ਪੈਦਾ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਗਣਤੰਤਰ ਦਿਹਾੜੇ ਮੌਕੇ ਹੋਣ ਵਾਲੀ ਕੌਮੀ ਪਰੇਡ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਪਰੇਡ ਦੀ ਵਿਸਥਾਰਤ ਯੋਜਨਾ 17 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਤੇ 18 ਜਨਵਰੀ ਨੂੰ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਬਾਅਦ ਹੀ ਦਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੂੰ ਖੇਤੀ ਕਾਨੂੰਨ ਰੱਦ ਕਰਨ ਦਾ ਫ਼ੈਸਲਾ ਲੈਣਾ ਚਾਹੀਦਾ ਹੈ। ਇਹ ਕਾਨੂੰਨ ਸੰਸਦ ਵੱਲੋਂ ਬਣਾਏ ਗਏ ਹਨ ਅਤੇ ਸੰਸਦ ਵੱਲੋਂ ਹੀ ਰੱਦ ਕੀਤੇ ਜਾਣੇ ਚਾਹੀਦੇ ਹਨ।

 ਕਿਸਾਨ ਆਗੂ ਜਗਮੋਹਨ ਸਿੰਘ ਨੇ ਦੱਸਿਆ ਸਰਕਾਰ ਕਿਸਾਨਾਂ ਦੀ ਮੰਗ ਨੂੰ ਸੁਣਨ ਦੀ ਬਜਾਏ ਅੰਦੋਲਨ ਵਿਚ ਸ਼ਾਮਲ ਲੋਕਾਂ ਨੂੰ ਪ੍ਰੇਸ਼ਾਨ ਕਰਨ ’ਤੇ ਤੁਲੀ ਹੋਈ ਹੈ। ਐੱਨਆਈਏ ਵੱਲੋਂ ਜਾਂਚ ਦੇ ਨਾਂ ’ਤੇ ਦਿੱਲੀ ’ਚ ਬੱਸਾਂ ਭੇਜਣ ਵਾਲੇ ਸੋਸ਼ਲ ਵਰਕਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ 13 ਤੇ 14 ਜਨਵਰੀ ਨੂੰ ਰਵਾਇਤੀ ਤਿਉਹਾਰਾਂ ਮੌਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦੇ ਸੱਦੇ ’ਤੇ ਲੋਕਾਂ ਵੱਲੋਂ ਮਿਲੀ ਹਮਾਇਤ ਨਾਲ ਕਿਸਾਨਾਂ ਦਾ ਉਤਸ਼ਾਹ ਵਧਿਆ ਹੈ। ਇਕ ਹੋਰ ਕਿਸਾਨ ਆਗੂ ਸਤਨਾਮ ਸਿੰਘ ਅਜਨਾਲਾ ਨੇ ਸਾਬਕਾ ਰਾਜ ਸਭਾ ਮੈਂਬਰ ਤੇ ਕਿਸਾਨ ਆਗੂ ਭੁਪਿੰਦਰ ਸਿੰਘ ਮਾਨ ਦੇ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਛੱਡਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ‘ਮੁੰਬਈ ਫਾਰ ਫਾਰਮਰਜ਼’ ਦੇ ਬੈਨਰ ਹੇਠ ਮਹਾਰਾਸ਼ਟਰ ਦੀ ਕਿਸਾਨ ਸੰਗਠਨ ਅਤੇ ਹੋਰ ਅਗਾਂਹਵਧੂ ਸਮੂਹ 16 ਜਨਵਰੀ ਨੂੰ ਵਿਸ਼ਾਲ ਰੈਲੀ ਤੇ ਆਮ ਮੀਟਿੰਗ ਕਰਨਗੇ। ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ‘ਸਿੱਖਸ ਫਾਰ ਜਸਟਿਸ’ ਨਾਂ ਦੀ ਸੰਸਥਾ ਦੇ ਭੜਕਾਊ ਬਿਆਨਾਂ ਦੀ ਸਖ਼ਤ ਨਿਖੇਧੀ ਕਰਦਾ ਹੈ। ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਮਹਾਰਾਸ਼ਟਰ ਦੇ ਜਲਗਾਓਂ ਤੋਂ ਔਰਤਾਂ ਦਾ ਇਕ ਸਮੂਹ ਸੁਪਰੀਮ ਕੋਰਟ ਦੀਆਂ ਔਰਤਾਂ ਵਿਰੋਧੀ ਟਿੱਪਣੀਆਂ ਦਾ ਮੁਕਾਬਲਾ ਕਰਨ ਲਈ ਦਿੱਲੀ ਰਵਾਨਾ ਹੋਵੇਗਾ। ਇਸ ਦੌਰਾਨ ਅੱਜ ਲੜੀਵਾਰ ਭੁੱਖ ਹੜਤਾਲ ਸਾਰੇ ਧਰਨਿਆਂ ਉਪਰ ਜਾਰੀ ਰਹੀ ਤੇ ਸਿੰਘੂ ਵਿਖੇ 16 ਕਿਸਾਨ ਆਗੂ ਤੇ ਕਿਸਾਨ ਸ਼ਾਮਲ ਹੋਏ। ਪਲਵਲ ਤੇ ਗਾਜ਼ੀਪੁਰ ਵਿੱਚ ਭੁੱਖ ਹੜਤਾਲੀ ਕਿਸਾਨਾਂ ਨੂੰ ਹਾਰ ਪਵਾ ਕੇ ਭੁੱਖ ਹੜਤਾਲ ਉਪਰ ਬੈਠਾਇਆ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All