ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜਨਵਰੀ
ਆਮ ਆਦਮੀ ਪਾਰਟੀ ਨੇ ਦਿੱਲੀ ਦੇ ਸਾਰੇ 70 ਵਿਧਾਨ ਸਭਾ ਹਲਕਿਆਂ ਵਿੱਚ ਭਾਜਪਾ ਵੱਲੋਂ ਮੇਅਰ ਦੀ ਚੋਣ ਵਾਰ-ਵਾਰ ਟਾਲਣ ਖ਼ਿਲਾਫ਼ ਪੈਦਲ ਯਾਤਰਾ ਕੱਢੀ। ਯਾਤਰਾ ਦੌਰਾਨ ‘ਆਪ’ ਆਗੂਆਂ ਨੇ ਦੋਸ਼ ਲਾਇਆ ਕਿ ਭਾਜਪਾ ਸ਼ਹਿਰ ਵਿੱਚ ‘ਆਪ’ ਦਾ ਮੇਅਰ ਨਹੀਂ ਬਣਨ ਦੇਣਾ ਚਾਹੁੰਦੀ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਹੁਣ ਤੱਕ ਮੇਅਰ ਦੀ ਚੋਣ ਲਈ ਦੋ ਵਾਰ ਸਦਨ ਬੁਲਾਇਆ ਜਾ ਚੁੱਕਾ ਹੈ ਪਰ ਵਾਰ-ਵਾਰ ਕਥਿਤ ਗੁੰਡਾਗਰਦੀ ਕਰਕੇ ਭਾਜਪਾ ਮੇਅਰ ਦੀ ਚੋਣ ਨਹੀਂ ਹੋਣ ਦੇ ਰਹੀ। ਇਹ ਨਾ ਸਿਰਫ਼ ਦਿੱਲੀ ਦੇ 2 ਕਰੋੜ ਲੋਕਾਂ ਦੇ ਫ਼ਤਵੇ ਦਾ ਅਪਮਾਨ ਹੈ, ਸਗੋਂ ਉਨ੍ਹਾਂ ਦਾ ਸਮਾਂ ਵੀ ਬਰਬਾਦ ਕੀਤਾ ਜਾ ਰਿਹਾ ਹੈ। ਭਾਜਪਾ ਨਹੀਂ ਚਾਹੁੰਦੀ ਕਿ ‘ਆਪ’ ਦਿੱਲੀ ‘ਚ ਮੇਅਰ ਬਣੇ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਦਿੱਲੀ ‘ਚ ਕੰਮ ਹੋਵੇ ਅਤੇ ਦਿੱਲੀ ਕੂੜੇ ਤੋਂ ਮੁਕਤ ਹੋਵੇ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਵਿਧਾਇਕ ਅਤੇ ਐੱਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਦਿੱਲੀ ਵਿੱਚ ਭਾਜਪਾ ਦੀ ਗੁੰਡਾਗਰਦੀ ਲਗਾਤਾਰ ਵੱਧ ਰਹੀ ਹੈ। ਭਾਜਪਾ ਦਿੱਲੀ ਵਿਚ ਹਰ ਚੀਜ਼ ਨੂੰ ਕਾਬੂ ਹੇਠ ਕਰਨਾ ਚਾਹੁੰਦੀ ਹੈ। ਐਮਸੀਡੀ ਵਿੱਚ ਭਾਜਪਾ ਦੇ 15 ਸਾਲਾਂ ਦੇ ਕੁਸ਼ਾਸਨ ਤੋਂ ਪ੍ਰੇਸ਼ਾਨ ਹੋ ਕੇ ਅੱਜ ਜਦੋਂ ਲੋਕਾਂ ਨੇ ਐਮਸੀਡੀ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਮਤ ਦਿੱਤਾ ਹੈ ਤਾਂ ਭਾਜਪਾ ਨੂੰ ਸਮਝ ਨਹੀਂ ਆ ਰਹੀ ਹੈ ਕਿ ਇਹ ਸੱਤਾ ਵਾਪਸ ਕਿਵੇਂ ਹਾਸਲ ਕੀਤੀ ਜਾਵੇ। ਉਹ ਕਿਸੇ ਵੀ ਕੀਮਤ ‘ਤੇ ਐਮਸੀਡੀ ਨੂੰ ਆਪਣੇ ਅਧੀਨ ਰੱਖਣਾ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਐਮਸੀਡੀ ਚੋਣਾਂ ਦੇ ਨਤੀਜੇ ਆਏ ਨੂੰ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਭਾਜਪਾ ‘ਆਪ’ ਨੂੰ ਮੇਅਰ ਨਹੀਂ ਬਣਨ ਦੇ ਰਹੀ। ਉਹ ਐਮਸੀਡੀ ਦੇ ਹਰ ਕੰਮ ਵਿੱਚ ਦਖਲ ਦੇ ਰਹੀ ਹੈ।