ਦਿੱਲੀ ਪੁਲੀਸ ਨੇ ਤੁੁਰਕਮਾਨ ਗੇਟ ਇਲਾਕੇ ਵਿੱਚ ਹੋਈ ਪਥਰਾਅ ਦੀ ਘਟਨਾ ਦੇ ਸਬੰਧ ਵਿੱਚ ਤਿੰਨ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਕੁੱਲ ਗਿਣਤੀ ਵਧ ਕੇ 16 ਹੋ ਗਈ ਹੈ।
ਵਧੀਕ ਪੁਲੀਸ ਕਮਿਸ਼ਨਰ ਨਿਧਿਨ ਵਾਲਸਨ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਪਥਰਾਅ ਵਿੱਚ ਸ਼ਾਮਲ ਤਿੰਨ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਤੱਕ ਕੁੱਲ 16 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ ਤੇ ਅਗਲੇਰੀ ਜਾਂਚ ਅਜੇ ਜਾਰੀ ਹੈ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸੰਵੇਦਨਸ਼ੀਲ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਅਤੇ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ। ਪੁਲੀਸ ਡਰੋਨ ਅਤੇ ਸੀ ਸੀ ਟੀ ਵੀ ਕੈਮਰਿਆਂ ਰਾਹੀਂ ਸਥਿਤੀ ’ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਅਧਿਕਾਰੀਆਂ ਅਨੁਸਾਰ ਸਥਿਤੀ ਫਿਲਹਾਲ ਸ਼ਾਂਤੀਪੂਰਨ ਅਤੇ ਕਾਬੂ ਹੇਠ ਹੈ। ਪੁਲੀਸ ਮੁਤਾਬਕ ਇਸ ਮਾਮਲੇ ਵਿੱਚ ਸਮਾਜਵਾਦੀ ਪਾਰਟੀ ਦੇ ਇੱਕ ਸੰਸਦ ਮੈਂਬਰ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੇ ਬਿਆਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲੋੜ ਪੈਣ ’ਤੇ ਨੋਟਿਸ ਭੇਜਿਆ ਜਾ ਸਕਦਾ ਹੈ। ਇਹ ਜਾਂਚ ਡਿਜੀਟਲ ਸਬੂਤਾਂ ਤੇ ਸ਼ੱਕੀਆਂ ਤੋਂ ਪੁੱਛਗਿਛ ਦੇ ਆਧਾਰ ‘ਤੇ ਕਈ ਪੱਧਰਾਂ ‘ਤੇ ਚੱਲ ਰਹੀ ਹੈ। ਮਾਮਲੇ ’ਚ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਮੁਹੰਮਦ ਨਾਵੇਦ (44), ਮੁਹੰਮਦ ਫੈਜ਼ (20), ਮੁਹੰਮਦ ਉਬੈਦੁੱਲਾ (23), ਮੁਹੰਮਦ ਆਰਿਬ (25), ਮੁਹੰਮਦ ਕਾਸ਼ਿਫ (25), ਮੁਹੰਮਦ ਕੈਫ (23), ਮੁਹੰਮਦ ਅਦਨਾਨ (37), ਸਮੀਰ ਹੁਸੈਨ (40), ਮੁਹੰਮਦ ਅਤਹਰ (20), ਸ਼ਹਿਨਵਾਜ਼ ਆਲਮ (55), ਮੁਹੰਮਦ ਇਮਰਾਨ (28), ਮੁਹੰਮਦ ਇਮਰਾਨ ਉਰਫ਼ ਰਾਜੂ (36), ਮੁਹੰਮਦ ਅਫ਼ਾਨ (20), ਮੁਹੰਮਦ ਆਦਿਲ (20), ਮੁਹੰਮਦ ਆਮਿਰ ਹਮਜ਼ਾ (22) ਅਤੇ ਮੁਹੰਮਦ ਉਬੈਦੁੱਲਾ (26) ਸ਼ਾਮਲ ਹਨ।
ਪੁਲੀਸ ਨੇ 10 ਸੋਸ਼ਲ ਮੀਡੀਆ ਇਨਫਲੂਐਸਰਜ਼ ਦੀ ਪਛਾਣ ਕੀਤੀ
ਜਾਂਚ ਦੌਰਾਨ ਪੁਲੀਸ ਨੇ 10 ਸੋਸ਼ਲ ਮੀਡੀਆ ‘ਇਨਫਲੂਐਂਸਰਜ਼’ ਦੀ ਪਛਾਣ ਕੀਤੀ ਹੈ, ਜਿਨ੍ਹਾਂ ’ਤੇ ਘਟਨਾ ਨਾਲ ਸਬੰਧਤ ਗਲਤ ਜਾਣਕਾਰੀ ਫੈਲਾਉਣ ਦਾ ਦੋਸ਼ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਇਨਫਲੂਐਂਸਰ ਐਮਨ ਰਿਜ਼ਵੀ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਪਰ ਉਹ ਅਜੇ ਪੇਸ਼ ਨਹੀਂ ਹੋਈ। ਦੂਜੇ ਪਾਸੇ ਰਿਜ਼ਵੀ ਦਾ ਕਹਿਣਾ ਹੈ ਕਿ ਉਸ ਨੂੰ ਅਜੇ ਤੱਕ ਪੁਲੀਸ ਵੱਲੋਂ ਕੋਈ ਸੰਮਨ ਨਹੀਂ ਮਿਲਿਆ ਹੈ। ਉਸ ਨੇ ਕਿਹਾ ਕਿ ਉਸ ਨੇ ਸਿਰਫ ਇਹ ਜਾਣਕਾਰੀ ਦਿੱਤੀ ਸੀ ਕਿ ਮਸਜਿਦ ਨੇੜੇ ਕੁਝ ਹੋਇਆ ਹੈ, ਉਸ ਨੇ ਕਿਸੇ ਨੂੰ ਇਕੱਠੇ ਹੋਣ ਲਈ ਨਹੀਂ ਕਿਹਾ ਸੀ। ਰਿਜ਼ਵੀ ਨੇ ਅੱਗੇ ਕਿਹਾ, “ਜੇਕਰ ਪੁਲੀਸ ਮੈਨੂੰ ਬੁਲਾਉਂਦੀ ਹੈ, ਤਾਂ ਮੈਂ ਪੂਰਾ ਸਹਿਯੋਗ ਕਰਾਂਗੀ।” ਪੁਲੀਸ ਨੇ ਦੱਸਿਆ ਕਿ ਇੱਕ ਹੋਰ ਇਨਫਲੂਐਂਸਰ ਸਲਮਾਨ ਨੂੰ ਵੀ ਸੰਮਨ ਭੇਜਿਆ ਜਾਣਾ ਹੈ।

