ਨਵੀਂ ਦਿੱਲੀ (ਪੱਤਰ ਪ੍ਰੇਰਕ): ਇੱਥੇ ਸੋਮਵਾਰ ਨੂੰ ਮੱਧ ਦਿੱਲੀ ਦੇ ਸਲੀਮਗੜ੍ਹ ਫਲਾਈਓਵਰ ‘ਤੇ ਹੋਏ ਹਾਦਸੇ ‘ਚ 25 ਸਕੂਲੀ ਬੱਚਿਆਂ ਸਮੇਤ 29 ਵਿਅਕਤੀ ਜ਼ਖਮੀ ਹੋ ਗਏ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਨੇੜੇ ਸੋਮਵਾਰ ਨੂੰ 4 ਬੱਸਾਂ ਦੇ ਆਪਸ ਵਿੱਚ ਟਕਰਾ ਜਾਣ ਕਾਰਨ ਬੱਚੇ ਜ਼ਖ਼ਮੀ ਹੋਏ। ਪੁਲੀਸ ਨੂੰ ਸਵੇਰੇ 11 ਵਜੇ ਦੇ ਕਰੀਬ ਹਾਦਸੇ ਦੀ ਸੂਚਨਾ ਮਿਲੀ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਸੈਂਟਰਲ) ਸ਼ਵੇਤਾ ਚੌਹਾਨ ਨੇ ਦੱਸਿਆ ਕਿ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਚਾਰ ਬੱਸਾਂ, ਆਟੋਰਿਕਸ਼ਾ, ਕਾਰ ਤੇ ਮੋਟਰਸਾਈਕਲ ਹਾਦਸੇ ਦੌਰਾਨ ਮਿਲਿਆ। ਚਾਰ ਬੱਸਾਂ ਵਿੱਚ 216 ਵਿਦਿਆਰਥੀ ਸਵਾਰ ਸਨ। ਸ੍ਰੀ ਚੌਹਾਨ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕਰੀਬ 25 ਵਿਦਿਆਰਥੀ, ਸਕੂਲ ਸਟਾਫ਼ ਦੇ ਤਿੰਨ ਮੈਂਬਰ ਤੇ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਜ਼ਖ਼ਮੀਆਂ ਦਾ ਐੱਲਐੱਨਜੇਪੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਕਈਆਂ ਨੂੰ ਮੱਲ੍ਹਮ ਪੱਟੀ ਕਰਕੇ ਘਰਾਂ ਨੂੰ ਭੇਜ ਦਿੱਤਾ ਗਿਆ। ਪੁਲੀਸ ਨੇ ਦੱਸਿਆ ਕਿ ਇਸ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਲੋਕ ਬੱਸਾਂ ਦੀ ਖਿੜਕੀ ਵਿੱਚੋਂ ਬੱਚਿਆਂ ਨੂੰ ਬਾਹਰ ਕੱਢਦੇ ਹੋਏ ਦੇਖੇ ਗਿਆ। ਕਾਰ ਪਹੀਏ ਦੇ ਅੰਦਰ ਫਸ ਗਈ ਅਤੇ ਉਸ ਨੂੰ ਖਿੱਚਿਆ ਗਿਆ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇੱਕ ਬੱਸ ਦੀ ਬਰੇਕ ਫੇਲ੍ਹ ਹੋਣ ਕਾਰਨ ਬੱਸ ਕੰਟਰੋਲ ਤੋਂ ਬਾਹਰ ਹੋ ਗਈ। ਇਸ ਕਾਰਨ ਹਾਦਸਾ ਵਾਪਰ ਗਿਆ। ਇਸ ਦੌਰਾਨ ਪੁਲੀਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਸੀ।