ਮਹਿਲਾ ਦੋਸਤ ਨਾਲ Video Call ਕਰਦਿਆਂ 20 ਸਾਲਾ ਨੌਜਵਾਨ ਨੇ ਲਿਆ ਫਾਹਾ
ਆਪਸੀ ਵਿਵਾਦ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਨੌਜਵਾਨ; ਪੁਲੀਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਦਿੱਲੀ ਦੇ ਲਾਲ ਬਾਗ਼ ਇਲਾਕੇ ਵਿੱਚ 20 ਸਾਲਾ ਨੌਜਵਾਨ ਨੇ ਆਪਣੀ ਮਹਿਲਾ ਦੋਸਤ ਨਾਲ ਵੀਡੀਓ ਕਾਲ ’ਤੇ ਗੱਲ ਕਰਦਿਆਂ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਅੱਜ ਇਸ ਘਟਨਾ ਦੀ ਜਾਣਕਾਰੀ ਦਿੱਤੀ। ਮ੍ਰਿਤਕ ਦੀ ਪਛਾਣ ਲੋਕੇਸ਼ ਕੁਮਾਰ ਵਜੋਂ ਹੋਈ ਹੈ, ਜੋ ਉੱਤਰੀ ਦਿੱਲੀ ਵਿੱਚ ਆਪਣੀ ਮਾਂ ਅਤੇ ਛੋਟੇ ਭੈਣ-ਭਰਾਵਾਂ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਉਹ ਫੈਕਟਰੀ ਵਿੱਚ ਕੰਮ ਕਰਦਾ ਸੀ।
ਸ਼ੁਰੂਆਤੀ ਜਾਂਚ ਮੁਤਾਬਕ ਲੋਕੇਸ਼ ਦਾ ਇੱਕ ਲੜਕੀ ਨਾਲ ਪ੍ਰੇਮ ਸਬੰਧ ਸੀ ਅਤੇ ਹਾਲ ਹੀ ਵਿੱਚ ਦੋਵਾਂ ਵਿਚਾਲੇ ਕੋਈ ਵਿਵਾਦ ਹੋਇਆ ਸੀ। ਸੂਤਰਾਂ ਅਨੁਸਾਰ ਵੀਡੀਓ ਕਾਲ ਦੌਰਾਨ ਜਦੋਂ ਮਹਿਲਾ ਦੋਸਤ ਨੇ ਲੋਕੇਸ਼ ਨੂੰ ਇਹ ਕਦਮ ਚੁੱਕਦੇ ਦੇਖਿਆ, ਤਾਂ ਉਸ ਨੇ ਤੁਰੰਤ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰ ਕੇ ਸੂਚਿਤ ਕੀਤਾ। ਘਟਨਾ ਵੇਲੇ ਪਰਿਵਾਰ ਦੇ ਲੋਕ ਘਰ ਦੀ ਛੱਤ ’ਤੇ ਸੁੱਤੇ ਹੋਏ ਸਨ। ਸੂਚਨਾ ਮਿਲਦਿਆਂ ਹੀ ਜਦੋਂ ਉਹ ਹੇਠਾਂ ਆਏ ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਖੜਕਾਉਣ ’ਤੇ ਵੀ ਜਦੋਂ ਕੋਈ ਜਵਾਬ ਨਾ ਮਿਲਿਆ, ਤਾਂ ਸ਼ਨਿਚਰਵਾਰ ਰਾਤ ਆਦਰਸ਼ ਨਗਰ ਥਾਣੇ ਨੂੰ ਸੂਚਨਾ ਦਿੱਤੀ ਗਈ।
ਮੌਕੇ ’ਤੇ ਪਹੁੰਚੀ ਪੁਲੀਸ ਟੀਮ ਨੇ ਦਰਵਾਜ਼ਾ ਤੋੜ ਕੇ ਕਮਰੇ ਅੰਦਰੋਂ ਲੋਕੇਸ਼ ਦੀ ਲਾਸ਼ ਫਾਹੇ ਨਾਲ ਲਟਕਦੀ ਬਰਾਮਦ ਕੀਤੀ। ਪੁਲੀਸ ਨੇ ਘਟਨਾ ਸਥਾਨ ਦਾ ਨਿਰੀਖਣ ਕਰ ਕੇ ਜ਼ਰੂਰੀ ਸਬੂਤ ਇਕੱਠੇ ਕੀਤੇ। ਲੋਕੇਸ਼ ਨੂੰ ਤੁਰੰਤ ਬਾਬੂ ਜਗਜੀਵਨ ਰਾਮ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

