12 ਬਾਲ ਮਜ਼ਦੂਰ ਆਜ਼ਾਦ ਕਰਵਾਏ

12 ਬਾਲ ਮਜ਼ਦੂਰ ਆਜ਼ਾਦ ਕਰਵਾਏ

ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੁਲਾਈ

ਦਿੱਲੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਡੀਸੀਪੀਸੀਆਰ) ਨੇ ਗਾਂਧੀ ਨਗਰ ਤੋਂ 12 ਬਾਲ ਮਜ਼ਦੂਰਾਂ ਨੂੰ ਛੁਡਵਾਇਆ ਹੈ। ਸੁਦੀਸ਼ ਵਿਮਲ ਦੀ ਅਗਵਾਈ ਹੇਠ ਕਮਿਸ਼ਨ ਦੇ ਮੈਂਬਰ ਵਜੋਂ ਡੀਸੀਪੀਸੀਆਰ ਦੀ ਟੀਮ ਨੂੰ 12 ਬੱਚੇ ਇਕ ਕੱਪੜੇ ਦੀ ਫੈਕਟਰੀ ਤੇ ਸਾਈਕਲ-ਮੋਟਰਸਾਈਕਲ ਮਕੈਨਿਕ ਦੀਆਂ ਦੁਕਾਨਾਂ ‘ਤੇ ਕੰਮ ਕਰਦੇ ਮਿਲ ਸਨ। ਬੱਚੇ ਮਾਸਕ ਨਹੀਂ ਪਾਉਂਦੇ ਸਨ ਤੇ ਅਸੁਰੱਖਿਅਤ ਹਾਲਾਤਾਂ ਵਿੱਚ ਕੰਮ ਕਰ ਰਹੇ ਸਨ। ਟੀਮ ਨੇ ਬੱਚਿਆਂ ਨੂੰ ਸਫ਼ਲਤਾਪੂਰਵਕ ਬਚਾਇਆ ਤੇ ਉਨ੍ਹਾਂ ਨੂੰ ਮਾਸਕ ਦਿੱਤੇ ਤੇ ਰੋਗਾਣੂ-ਮੁਕਤ ਕਰ ਕੀਤਾ। ਜਾਣਕਾਰੀ ਮੁਤਾਬਿਕ ਲੇਬਰ ਵਿਭਾਗ ਅਤੇ ‘ਬਚਪਨ ਬਚਾਓ ਅੰਦੋਲਨ’ ਨੇ ਐੱਨਜੀਓ ਦੀਆਂ ਟੀਮਾਂ ਦੇ ਨਾਲ ਇਹ ਅਭਿਆਨ ਚਲਾਇਆ। ਸਮਾਜ ਭਲਾਈ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਰਾਜਿੰਦਰ ਪਾਲ ਗੌਤਮ ਨੇ ਕਿਹਾ ਕਿ ਡੀਸੀਪੀਸੀਆਰ ਨੇ ਦਿੱਲੀ ਪੁਲੀਸ ਤੇ ਗੈਰ ਸਰਕਾਰੀ ਸੰਗਠਨਾਂ ਨਾਲ ਸ਼ਲਾਘਾਯੋਗ ਕੰਮ ਕੀਤਾ ਹੈ ਤੇ ਵਿਸ਼ਵਾਸ ਹੈ ਕਿ ਦਿੱਲੀ ਵਿੱਚ ਬਾਲ ਮਜ਼ਦੂਰੀ ਨੂੰ ਦੂਰ ਕਰਨ ਲਈ ਭਵਿੱਖ ਵਿੱਚ ਅਜਿਹੇ ਹੋਰ ਸਾਂਝੇ ਕੰਮ ਕੀਤੇ ਜਾਣਗੇ। ਡੀਸੀਪੀਸੀਆਰ ਦੇ ਚੇਅਰਮੈਨ ਅਨੁਰਾਗ ਕੁੰਡੂ ਨੇ ਆਜ਼ਾਦ ਬੱਚਿਆਂ ਦੇ ਮੁੜ ਵਸੇਬੇ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਕਮਿਸ਼ਨ 2023 ਤੱਕ ਦਿੱਲੀ ਦੇ ਬੱਚਿਆਂ ਨੂੰ ਕਿਰਤ-ਮੁਕਤ ਬਣਾਉਣ ਲਈ ਵਿਆਪਕ ਲੰਬੀ-ਮਿਆਦ ਦੀ ਯੋਜਨਾ ਤਿਆਰ ਕਰ ਰਿਹਾ ਹੈ।

ਉਨ੍ਹਾਂ ਲੋਕਾਂ ਨੂੰ ਬਾਲ ਮਜ਼ਦੂਰੀ ਦੇ ਮਾਮਲਿਆਂ ਬਾਰੇ ਸ਼ਿਕਾਇਤ ਕਰਨ ਦੀ ਅਪੀਲ ਵੀ ਕੀਤੀ। ਐੱਸਡੀਐੱਮ ਦਫਤਰ ਵਿੱਚ ਛੁਡਵਾਏ ਗਏ ਬੱਚਿਆਂ ਦੇ ਬਿਆਨ ਦਰਜ ਕੀਤੇ ਗਏ ਹਨ। ਦੱਸਣਯੋਗ ਹੈ ਕਿ ਇਸ ਤੋਂ ਬਾਅਦ ਇੱਕ ਕੋਵਿਡ -19 ਟੈਸਟ ਸਮੇਤ ਇੱਕ ਮੈਡੀਕਲ ਟੈਸਟ ਹੋਵੇਗਾ। ਇਸ ਮਗਰੋਂ ਬੱਚਿਆਂ ਨੂੰ ਅਗਲੇ ਫੈਸਲਿਆਂ ਲਈ ਚਾਈਲਡ ਵੈੱਲਫੇਅਰ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਤੇ ਇਸ ਮਗਰੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All