ਸੰਵਾਦ ਕਿਸ ਨਾਲ ਜ਼ਰੂਰੀ ?
ਆਪਣੀ ਤਾਰੀਫ਼ ਆਪ ਕਰਨਾ ਬਹੁਤ ਸਾਰੇ ਲੋਕਾਂ ਦੀ ਆਦਤ ਹੁੰਦੀ ਹੈ ਪਰ ਜਦੋਂ ਮਸਨੂਈ ਬੁੱਧੀ ਦੀ ਵਰਤੋਂ ਕਿਸੇ ਸਦੀਵੀ ਵਿਛੋੜਾ ਦੇ ਚੁੱਕੇ ਵਿਅਕਤੀ ਨਾਲ ਅਜਿਹਾ ਸੰਵਾਦ ਰਚਾਉਣ ਲਈ ਕੀਤੀ ਜਾਏ, ਜਿਸ ਵਿੱਚ ਉਹ ਵਿਅਕਤੀ ਕਿਸੇ ਸਿਆਸੀ ਆਗੂ ਦੀ ਪ੍ਰਸ਼ੰਸਾ ਕਰਦਾ...
ਆਪਣੀ ਤਾਰੀਫ਼ ਆਪ ਕਰਨਾ ਬਹੁਤ ਸਾਰੇ ਲੋਕਾਂ ਦੀ ਆਦਤ ਹੁੰਦੀ ਹੈ ਪਰ ਜਦੋਂ ਮਸਨੂਈ ਬੁੱਧੀ ਦੀ ਵਰਤੋਂ ਕਿਸੇ ਸਦੀਵੀ ਵਿਛੋੜਾ ਦੇ ਚੁੱਕੇ ਵਿਅਕਤੀ ਨਾਲ ਅਜਿਹਾ ਸੰਵਾਦ ਰਚਾਉਣ ਲਈ ਕੀਤੀ ਜਾਏ, ਜਿਸ ਵਿੱਚ ਉਹ ਵਿਅਕਤੀ ਕਿਸੇ ਸਿਆਸੀ ਆਗੂ ਦੀ ਪ੍ਰਸ਼ੰਸਾ ਕਰਦਾ ਦਿਸੇ ਤਾਂ ਇਹ ਤਕਨਾਲੋਜੀ ਦੀ ਦੁਰਵਰਤੋਂ, ਤਰਕਹੀਣ ਵਿਸ਼ਵਾਸਾਂ ਦੇ ਪ੍ਰਚਾਰ ਅਤੇ ਸ਼ਖ਼ਸੀ-ਪੂਜਾ ਨੂੰ ਉਤਸ਼ਾਹਿਤ ਕਰਨ ਬਾਰੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ‘ਚਿਨਮਯ ਅੰਮ੍ਰਿਤ ਮਹੋਤਸਵ ਗਲੋਬਲ ਸੰਮੇਲਨ’ (ਜਿਸ ਦਾ ਆਯੋਜਨ ਚਿਨਮਯ ਮਿਸ਼ਨ ਵੱਲੋਂ ਕੀਤਾ ਗਿਆ ਸੀ) ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 23 ਅਕਤੂਬਰ 2026 ਨੂੰ ਨਵੀਂ ਦਿੱਲੀ ’ਚ ਭਾਰਤ ਮੰਡਪਮ ਵਿੱਚ ਸਵਾਮੀ ਚਿਨਮਯਾਨੰਦ ਸਰਸਵਤੀ ਨਾਲ ਸੰਵਾਦ ਰਚਾਇਆ। ਸਵਾਮੀ ਚਿਨਮਯਾਨੰਦ ਦਾ 1993 ਵਿੱਚ ਦੇਹਾਂਤ ਹੋ ਗਿਆ ਸੀ। ਇਹ ਸੰਵਾਦ ਉਨ੍ਹਾਂ ਦੇ ਮਸਨੂਈ ਬੁੱਧੀ ਰਾਹੀਂ ਤਿਆਰ ਕੀਤੇ ਗਏ ਹੋਲੋਗ੍ਰਾਫਿਕ ਰੂਪ ਨਾਲ ਰਚਾਇਆ ਗਿਆ, ਜਿਸ ਨੂੰ ‘ਹੋਲੋਬੋਟ’ ਕਿਹਾ ਗਿਆ। ਪ੍ਰਧਾਨ ਮੰਤਰੀ ਨੇ ਇਸ ਡਿਜੀਟਲ ਰੂਪ ਤੋਂ ਆਸ਼ੀਰਵਾਦ ਲਿਆ। ਇਸ ਰੂਪ ਨੇ ਸ੍ਰੀ ਮੋਦੀ ਨੂੰ ਅਸਾਧਾਰਨ ਪ੍ਰਤਿਭਾ ਵਾਲਾ ਵਿਅਕਤੀ ਦੱਸਦਿਆਂ ਉਨ੍ਹਾਂ ਦੀ ਖ਼ੂਬ ਸ਼ਲਾਘਾ ਕੀਤੀ।
ਸਵਾਲ ਇਹ ਨਹੀਂ ਹੈ ਕਿ ਕੀ ਤਕਨਾਲੋਜੀ ਕਿਸੇ ਮ੍ਰਿਤਕ ਵਿਅਕਤੀ ਦੀ ਦਿੱਖ ਜਾਂ ਆਵਾਜ਼ ਨੂੰ ਮੁੜ ਸਿਰਜ ਸਕਦੀ ਹੈ? ਅਜਿਹਾ ਮੁਮਕਿਨ ਹੈ ਅਤੇ ਇਸ ਦੀ ਵਰਤੋਂ ਸਿੱਖਿਆ ਤੇ ਸੱਭਿਆਚਾਰ ਦੇ ਖੇਤਰਾਂ ਵਿੱਚ ਜਾਇਜ਼ ਉਦੇਸ਼ਾਂ ਲਈ ਵੀ ਕੀਤੀ ਜਾ ਸਕਦੀ ਹੈ। ਅਸਲ ਚਿੰਤਾ ਇਸ ਦੀ ਵਰਤੋਂ ਦੇ ਢੰਗ ਨੂੰ ਲੈ ਕੇ ਹੈ। ਇਸ ਮਾਮਲੇ ਵਿੱਚ ਇਹ ਸੰਵਾਦ ਪ੍ਰਧਾਨ ਮੰਤਰੀ ਨੂੰ ਅਸਾਧਾਰਨ ਸ਼ਖ਼ਸੀਅਤ ਵਜੋਂ ਪੇਸ਼ ਕਰਕੇ ਉਨ੍ਹਾਂ ਦੀ ਵਡਿਆਈ ਕਰਨ ਦਾ ਸਾਧਨ ਜਾਪਦਾ ਹੈ। ਇਸ ਤਰ੍ਹਾਂ ਇੱਕ ਵਿੱਛੜੇ ਹੋਏ ਅਧਿਆਤਮਕ ਆਗੂ ਨੂੰ ਇਸ ਸਵੈ-ਪ੍ਰਚਾਰ ਲਈ ਅਸਿੱਧੇ ਤੌਰ ’ਤੇ ਅਧਿਕਾਰ ਅਤੇ ਪ੍ਰਮਾਣਿਕਤਾ ਦੇਣ ਵਾਲੇ ਵਜੋਂ ਪੇਸ਼ ਕੀਤਾ ਗਿਆ ਹੈ। ਅਜਿਹੇ ਸਮਾਜ ਵਿੱਚ, ਜਿੱਥੇ ਅੰਧ-ਵਿਸ਼ਵਾਸ ਅਤੇ ਬਿਨਾਂ ਸੋਚੇ-ਸਮਝੇ ਨਾਇਕ-ਪੂਜਾ ਦਾ ਰੁਝਾਨ ਅਜੇ ਵੀ ਵਿਆਪਕ ਹੈ, ਅਜਿਹੇ ਤਮਾਸ਼ੇ ਉਨ੍ਹਾਂ ਲੋਕਾਂ ਨੂੰ ਆਸਾਨੀ ਨਾਲ ਪ੍ਰਭਾਵਿਤ ਕਰ ਸਕਦੇ ਹਨ ਜੋ ਦਿਖਾਈਆਂ ਗਈਆਂ ਗੱਲਾਂ ’ਤੇ ਸਵਾਲ ਉਠਾਉਣ ਲਈ ਤਿਆਰ ਨਹੀਂ ਹੁੰਦੇ। ਏ ਆਈ ਰਾਹੀਂ ਤਿਆਰ ਕੀਤੇ ਰੂਪ ਦੇ ਮੂੰਹ ਵਿੱਚ ਪਾਏ ਗਏ ਸ਼ਬਦ ਸਦੀਵੀ ਵਿਛੋੜਾ ਦੇ ਚੁੱਕੇ ਵਿਅਕਤੀ ਦੇ ਆਪਣੇ ਨਹੀਂ ਹੁੰਦੇ। ਅਜਿਹੀ ਕਵਾਇਦ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸ਼ਾਨ ਵਧਾਉਣ ਦੀ ਬਜਾਏ ਮਜ਼ਾਕ ਅਤੇ ਆਲੋਚਨਾ ਦਾ ਕਾਰਨ ਬਣ ਜਾਂਦੀ ਹੈ। ਇਸ ਨਾਲ ਉਨ੍ਹਾਂ ਧਾਰਮਿਕ ਪਰੰਪਰਾਵਾਂ ਦੀ ਵੀ ਬੇਲੋੜੀ ਆਲੋਚਨਾ ਹੋ ਸਕਦੀ ਹੈ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਵਾਰ-ਵਾਰ ਸੰਭਾਲਣ ਦਾ ਦਾਅਵਾ ਕਰਦੇ ਹਨ।
ਬੇਸ਼ੱਕ ਦਰਸ਼ਕਾਂ ਵੱਲੋਂ ਵਜਾਈਆਂ ਗਈਆਂ ਉਤਸ਼ਾਹਪੂਰਨ ਤਾੜੀਆਂ ਚਿੰਤਾ ਦਾ ਵਿਸ਼ਾ ਸਨ। ਸਰੋਤਿਆਂ ਵਿੱਚ ਪੜ੍ਹੇ-ਲਿਖੇ ਅਤੇ ਪ੍ਰਭਾਵਸ਼ਾਲੀ ਲੋਕ ਸ਼ਾਮਿਲ ਸਨ। ਇਹ ਸਥਿਤੀ ਸਾਡੀ ਸਮੂਹਿਕ ਤਰਕਸ਼ੀਲ ਸੋਚ ਬਾਰੇ ਇੱਕ ਅਸਹਿਜ ਕਰਨ ਵਾਲਾ ਸਵਾਲ ਖੜ੍ਹਾ ਕਰਦੀ ਹੈ। ਸਿੱਖਿਆ ਦਾ ਮਕਸਦ ਤਰਕ, ਸਬੂਤ ਅਤੇ ਸੁਤੰਤਰ ਫ਼ੈਸਲਾ ਕਰਨ ਦੀ ਸਮਰੱਥਾ ਵਿਕਸਿਤ ਕਰਨਾ ਹੋਣਾ ਚਾਹੀਦਾ ਹੈ, ਨਾ ਕਿ ਲੋਕਾਂ ਨੂੰ ਸਿਆਸੀ ਤਮਾਸ਼ਿਆਂ ਵਿੱਚ ਮੂਕ ਦਰਸ਼ਕ ਬਣਾਉਣਾ। 2027 ਵਿੱਚ ਕਈ ਸੂਬਿਆਂ ਵਿੱਚ ਚੋਣਾਂ ਹੋਣ ਵਾਲੀਆਂ ਹਨ। ਇਸ ਲਈ ਅਜਿਹੇ ਦਿਖਾਵੇ ਵਧਣ ਦੀ ਸੰਭਾਵਨਾ ਹੈ। ਇਸ ਦਾ ਉਦੇਸ਼ ਬੇਰੁਜ਼ਗਾਰੀ, ਆਰਥਿਕ ਨਾਬਰਾਬਰੀ, ਜਨਤਕ ਸਿਹਤ, ਸ਼ਾਸਨ ਅਤੇ ਜਮਹੂਰੀ ਜਵਾਬਦੇਹੀ ਵਰਗੇ ਅਸਲ ਮੁੱਖ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾ ਕੇ ਇੱਕ ਸਿਆਸੀ ਆਗੂ ਦੀ ਸਾਖ਼ ਮਜ਼ਬੂਤ ਕਰਨ ਵਾਲੇ ਪ੍ਰਦਰਸ਼ਨਾਂ ਵੱਲ ਮੋੜਨਾ ਹੈ।
ਭਾਰਤੀ ਸੰਵਿਧਾਨ ਦੀ ਧਾਰਾ 51ਏ (ਐੱਚ) ਵਿਗਿਆਨਕ ਸੋਚ, ਮਾਨਵਵਾਦ ਅਤੇ ਜਾਂਚ-ਪੜਤਾਲ ਤੇ ਸੁਧਾਰ ਦੀ ਭਾਵਨਾ ਵਿਕਸਿਤ ਕਰਨ ਨੂੰ ਹਰ ਨਾਗਰਿਕ ਦਾ ਮੁੱਢਲਾ ਫ਼ਰਜ਼ ਕਰਾਰ ਦਿੰਦੀ ਹੈ। ਇਸ ਦੇ ਬਾਵਜੂਦ ਵਿਗਿਆਨਕ ਸਬੂਤਾਂ ਤੋਂ ਬਿਨਾਂ ਕੀਤੇ ਜਾਂਦੇ ਦਾਅਵਿਆਂ ਦੀ ਵਧਦੀ ਪ੍ਰਵਾਨਗੀ ਬਾਰੇ ਕਈ ਤੌਖ਼ਲੇ ਹਨ। ਤਰਕਸ਼ੀਲ ਸੋਚ ਨੂੰ ਤਿਆਗਣ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ। ਨਰਿੰਦਰ ਦਾਭੋਲਕਰ, ਗੋਵਿੰਦ ਪਨਸਾਰੇ ਅਤੇ ਗੌਰੀ ਲੰਕੇਸ਼ ਵਰਗੇ ਤਰਕਸ਼ੀਲ ਅਤੇ ਸਮਾਜਿਕ ਕਾਰਕੁਨਾਂ ਦੇ ਕਤਲ ਇਸ ਗੱਲ ਦੀ ਯਾਦ ਦਿਵਾਉਂਦੇ ਹਨ ਕਿ ਜੜ੍ਹ ਫੜ ਚੁੱਕੇ ਪੱਖਪਾਤਾਂ ਅਤੇ ਅੰਧ-ਵਿਸ਼ਵਾਸਾਂ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਕਿਹੜੇ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪ੍ਰਧਾਨ ਮੰਤਰੀ ਬਣਨ ਤੋਂ ਕੁਝ ਸਮੇਂ ਬਾਅਦ ਸ੍ਰੀ ਨਰਿੰਦਰ ਮੋਦੀ ਨੇ ਡਾਕਟਰਾਂ ਦੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਗਣੇਸ਼ ਦੀ ਕਥਾ ਦਾ ਹਵਾਲਾ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਪ੍ਰਾਚੀਨ ਭਾਰਤ ਵਿੱਚ ਹਾਥੀ ਦਾ ਸਿਰ ਮਨੁੱਖੀ ਸਰੀਰ ਉੱਤੇ ਲਗਾਉਣ ਵਰਗੀਆਂ ਉੱਨਤ ਸਰਜੀਕਲ ਤਕਨੀਕਾਂ ਮੌਜੂਦ ਸਨ। ਇਸ ਦਾਅਵੇ ਦੇ ਸਮਰਥਨ ਵਿੱਚ ਕੋਈ ਭਰੋਸੇਯੋਗ ਵਿਗਿਆਨਕ ਸਬੂਤ ਨਹੀਂ ਹਨ। ਇਹ ਨਿਰਾਸ਼ਾਜਨਕ ਸੀ ਕਿ ਡਾਕਟਰਾਂ ਨੇ ਮਿਥਿਹਾਸ ਅਤੇ ਵਿਗਿਆਨਕ ਤੌਰ ’ਤੇ ਸਥਾਪਿਤ ਤੱਥਾਂ ਵਿਚਲੇ ਫ਼ਰਕ ਨੂੰ ਸਪੱਸ਼ਟ ਕਰਨ ਦੀ ਬਜਾਏ ਤਾੜੀਆਂ ਵਜਾਈਆਂ। ਸੱਭਿਆਚਾਰਕ ਪਰੰਪਰਾਵਾਂ ਦਾ ਸਤਿਕਾਰ ਕਰਨ ਦਾ ਮਤਲਬ ਵਿਗਿਆਨਕ ਜਾਂਚ-ਪੜਤਾਲ ਨੂੰ ਤਿਆਗਣਾ ਨਹੀਂ ਹੈ। ਕੋਵਿਡ-19 ਮਹਾਮਾਰੀ ਦੌਰਾਨ ਵੀ ਅਜਿਹੀਆਂ ਮਿਸਾਲਾਂ ਸਾਹਮਣੇ ਆਈਆਂ। “ਗੋ ਕੋਰੋਨਾ, ਗੋ” ਦੇ ਨਾਅਰੇ ਲਾਉਣ, ਤਾੜੀਆਂ ਵਜਾਉਣ, ਥਾਲੀਆਂ ਤੇ ਭਾਂਡੇ ਖੜਕਾਉਣ ਅਤੇ ਮੋਬਾਈਲ ਫੋਨਾਂ ਦੀਆਂ ਲਾਈਟਾਂ ਜਗਾਉਣ ਵਰਗੀਆਂ ਪ੍ਰਤੀਕਾਤਮਕ ਕਾਰਵਾਈਆਂ ਨੇ ਕਾਫ਼ੀ ਜਨਤਕ ਧਿਆਨ ਖਿੱਚਿਆ। ਅਜਿਹੀਆਂ ਕਾਰਵਾਈਆਂ ਜਾਂਚ, ਇਲਾਜ, ਟੀਕਾਕਰਨ, ਲੋੜੀਂਦੇ ਸਿਹਤ ਢਾਂਚੇ ਤੇ ਵਿਗਿਆਨਕ ਜਾਣਕਾਰੀ ’ਤੇ ਆਧਾਰਿਤ ਜਨਤਕ ਸੰਚਾਰ ਦਾ ਬਦਲ ਨਹੀਂ ਬਣ ਸਕਦੀਆਂ।
ਪ੍ਰਧਾਨ ਮੰਤਰੀ ਮੋਦੀ ਦੇ ਹੋਰ ਬਿਆਨਾਂ ਨੇ ਵੀ ਵਿਗਿਆਨਕ ਸੋਚ ਬਾਰੇ ਸਵਾਲ ਖੜ੍ਹੇ ਕੀਤੇ ਹਨ। ਇਨ੍ਹਾਂ ਵਿੱਚ ਨਾਲੇ ਵਿੱਚੋਂ ਨਿਕਲਣ ਵਾਲੀ ਗੈਸ ਨਾਲ ਚਾਹ ਬਣਾਉਣ ਦਾ ਉਨ੍ਹਾਂ ਦਾ ਕਿੱਸਾ ਅਤੇ ਇਹ ਸੁਝਾਅ ਵੀ ਸ਼ਾਮਿਲ ਹੈ ਕਿ ਬੱਦਲਾਂ ਦੀ ਓਟ ਕਾਰਨ ਜਹਾਜ਼ ਰਡਾਰ ਦੀ ਪਕੜ ਤੋਂ ਬਚ ਸਕਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਆਪ ਨੂੰ ਨੌਨ-ਬਾਇਓਲੌਜੀਕਲ ਦੱਸਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਜਾਪਦਾ ਹੈ ਕਿ ਉਹ ਆਮ ਜੈਵਿਕ ਪ੍ਰਕਿਰਿਆ ਅਨੁਸਾਰ ਮਾਂ ਦੀ ਕੁੱਖ ਵਿੱਚੋਂ ਪੈਦਾ ਨਹੀਂ ਹੋਏ ਅਤੇ ਰੱਬ ਨੇ ਉਨ੍ਹਾਂ ਨੂੰ ਭੇਜਿਆ ਹੈ। ਇਨ੍ਹਾਂ ਬਿਆਨਾਂ ਦਾ ਭਾਵ ਜੋ ਵੀ ਹੋਵੇ, ਇਹ ਇੱਕ ਅਜਿਹੇ ਆਗੂ ਦੀ ਤਸਵੀਰ ਮਜ਼ਬੂਤ ਕਰ ਸਕਦੇ ਹਨ ਜੋ ਆਮ ਮਨੁੱਖੀ ਸੀਮਾਵਾਂ ਅਤੇ ਜਾਂਚ-ਪੜਤਾਲ ਤੋਂ ਉੱਪਰ ਹੋਵੇ। ਆਪਣੇ ਆਪ ਨੂੰ ਬੇਹੱਦ ਮਹੱਤਵਪੂਰਨ ਸਮਝਣਾ ਅਤੇ ਲਗਾਤਾਰ ਪ੍ਰਸ਼ੰਸਾ ਦੀ ਇੱਛਾ ਰੱਖਣਾ ਨਾਰਸਿਸਿਸਟਿਕ (ਸਵੈ-ਮੁਗਧਤਾ) ਵਿਹਾਰ ਦੇ ਜਾਣੇ-ਪਛਾਣੇ ਲੱਛਣ ਹਨ। ਅਜਿਹੇ ਲੱਛਣਾਂ ਵਾਲੇ ਲੋਕ ਆਪਣੀਆਂ ਯੋਗਤਾਵਾਂ ਨੂੰ ਵਧਾ-ਚੜ੍ਹਾ ਕੇ ਦੇਖਦੇ ਹਨ, ਆਪਣੇ ਵਿਚਾਰਾਂ ਨੂੰ ਦੂਜਿਆਂ ਨਾਲੋਂ ਉੱਤਮ ਮੰਨਦੇ ਹਨ ਅਤੇ ਆਲੋਚਨਾ ਪ੍ਰਤੀ ਰੱਖਿਆਤਮਕ ਰਵੱਈਆ ਅਪਣਾ ਸਕਦੇ ਹਨ। ਉਹ ਅਜਿਹੇ ਚਾਪਲੂਸਾਂ ਨੂੰ ਆਪਣੇ ਆਲੇ-ਦੁਆਲੇ ਇਕੱਠਾ ਕਰਦੇ ਹਨ, ਜੋ ਸੁਤੰਤਰ ਸੋਚ ਨੂੰ ਦਬਾਉਂਦੇ ਹਨ। ਹਾਲਾਂਕਿ, ‘ਨਾਰਸਿਸਿਸਟਿਕ ਪਰਸਨੈਲਿਟੀ ਡਿਸਆਰਡਰ’ ਇੱਕ ਡਾਕਟਰੀ ਸਮੱਸਿਆ ਹੈ, ਜਿਸ ਵਿੱਚ ਆਪਣੇ ਆਪ ਨੂੰ ਮਹਾਨ ਸਮਝਣ, ਲਗਾਤਾਰ ਪ੍ਰਸ਼ੰਸਾ ਦੀ ਤੀਬਰ ਲੋੜ ਅਤੇ ਹਮਦਰਦੀ ਦੀ ਘਾਟ ਵਰਗੇ ਲੰਮੇ ਸਮੇਂ ਤੱਕ ਬਣੇ ਰਹਿਣ ਵਾਲੇ ਲੱਛਣ ਸ਼ਾਮਿਲ ਹੁੰਦੇ ਹਨ। ਕਿਸੇ ਆਗੂ ਦੇ ਜਨਤਕ ਬਿਆਨ ਹੀ ਅਜਿਹੇ ਸਿੱਟੇ ਕੱਢਣ ਲਈ ਕਾਫ਼ੀ ਨਹੀਂ ਹੁੰਦੇ। ਫਿਰ ਵੀ ਸਵੈ-ਵਡਿਆਈ ਅਤੇ ਬਿਨਾਂ ਸਵਾਲ ਕੀਤੇ ਵਫ਼ਾਦਾਰੀ ਦੇ ਸਿਆਸੀ ਨਤੀਜਿਆਂ ਦੀ ਗੰਭੀਰ ਜਾਂਚ ਹੋਣੀ ਚਾਹੀਦੀ ਹੈ। ਇਤਿਹਾਸ ਵਿੱਚ ਅਡੌਲਫ ਹਿਟਲਰ ਅਤੇ ਬੈਨੀਟੋ ਮੁਸੋਲਿਨੀ ਵਰਗੇ ਤਾਨਾਸ਼ਾਹਾਂ ਦੀਆਂ ਉਦਾਹਰਨਾਂ ਮੌਜੂਦ ਹਨ, ਜਿਨ੍ਹਾਂ ਨੇ ਪ੍ਰਚਾਰ, ਵਿਸ਼ਾਲ ਜਨਤਕ ਪ੍ਰਦਰਸ਼ਨਾਂ ਅਤੇ ਵਿਰੋਧ ਨੂੰ ਦਬਾਉਣ ਰਾਹੀਂ ਆਪਣੀ ਸ਼ਖ਼ਸੀਅਤ ਦਾ ਮਹਿਮਾ-ਮੰਡਨ ਕੀਤਾ। ਅਜਿਹੀਆਂ ਪ੍ਰਣਾਲੀਆਂ ਨੇ ਸੰਸਥਾਵਾਂ ਨੂੰ ਕਮਜ਼ੋਰ ਕੀਤਾ, ਵਿਰੋਧੀਆਂ ਨੂੰ ਹਾਸ਼ੀਏ ’ਤੇ ਧੱਕਿਆ ਅਤੇ ਜਨਤਕ ਹਿੱਤਾਂ ਨੂੰ ਸੱਤਾਧਾਰੀਆਂ ਦੀਆਂ ਨਿੱਜੀ ਇੱਛਾਵਾਂ ਅਧੀਨ ਕਰ ਦਿੱਤਾ। ਸ਼ਖ਼ਸੀ-ਪੂਜਾ ਦਾ ਖ਼ਤਰਾ ਉਦੋਂ ਪੈਦਾ ਹੁੰਦਾ ਹੈ, ਜਦੋਂ ਕਿਸੇ ਆਗੂ ਨੂੰ ਵਿਲੱਖਣ ਪ੍ਰਤਿਭਾ ਵਾਲਾ, ਰੱਬ ਵੱਲੋਂ ਚੁਣਿਆ ਹੋਇਆ ਜਾਂ ਗ਼ਲਤੀ ਤੋਂ ਰਹਿਤ ਦੱਸਿਆ ਜਾਂਦਾ ਹੈ। ਫਿਰ ਆਲੋਚਨਾ ਨੂੰ ਦੇਸ਼ ਧਰੋਹ ਸਮਝਿਆ ਜਾਣ ਲੱਗਦਾ ਹੈ, ਸੁਤੰਤਰ ਸੰਸਥਾਵਾਂ ਸੱਤਾ ਦੇ ਅਧੀਨ ਹੋਣ ਲੱਗਦੀਆਂ ਹਨ ਅਤੇ ਸਵਾਲ ਉਠਾਉਣ ਵਾਲਿਆਂ ਨੂੰ ਦੁਸ਼ਮਣ ਕਰਾਰ ਦਿੱਤਾ ਜਾਂਦਾ ਹੈ। ਜਵਾਬਦੇਹੀ ਅਤੇ ਤਰਕਪੂਰਨ ਬਹਿਸ ਦੀ ਥਾਂ ਨਿੱਜੀ ਵਡਿਆਈ ਲੈ ਲੈਂਦੀ ਹੈ।
ਅਸਹਿਮਤੀ ਲਈ ਘਟਦੀ ਥਾਂ ਅਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਜ਼ਬਰਦਸਤੀ ਦੀਆਂ ਕਾਰਵਾਈਆਂ ਬਾਰੇ ਤੌਖ਼ਲੇ ਜਮਹੂਰੀ ਸੁਰੱਖਿਆ ਦੀ ਅਹਿਮੀਅਤ ਨੂੰ ਹੋਰ ਉਜਾਗਰ ਕਰਦੇ ਹਨ। ਜੰਤਰ-ਮੰਤਰ ਵਿਖੇ ਵਿਦਿਆਰਥੀਆਂ ਅਤੇ ਨੌਜਵਾਨਾਂ ਖ਼ਿਲਾਫ਼ ਪੁਲੀਸ ਕਾਰਵਾਈ ਦੀਆਂ ਤਸਵੀਰਾਂ ਅਤੇ ਰਿਪੋਰਟਾਂ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਜਮਹੂਰੀ ਹੱਕਾਂ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਆਪਣੀ ਜਮਹੂਰੀ ਜਾਇਜ਼ਤਾ ਬਾਰੇ ਭਰੋਸਾ ਰੱਖਣ ਵਾਲੀ ਸਰਕਾਰ ਨੂੰ ਆਲੋਚਨਾ ਸੁਣਨੀ ਅਤੇ ਸ਼ਾਂਤਮਈ ਵਿਰੋਧ ਕਰਨ ਵਾਲਿਆਂ ਨਾਲ ਸੰਵਾਦ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਜ਼ਿੰਮੇਵਾਰੀ, ਨਿਮਰਤਾ ਅਤੇ ਜਵਾਬਦੇਹੀ ਲਾਜ਼ਮੀ ਹਨ। ਇਸ ਅਹੁਦੇ ਦਾ ਸਤਿਕਾਰ ਸੰਵਿਧਾਨਕ ਫ਼ਰਜ਼ਾਂ ਦੀ ਪੂਰਤੀ ਕਾਰਨ ਹੋਣਾ ਚਾਹੀਦਾ ਹੈ ਨਾ ਕਿ ਇਸ ਦੇ ਅਹੁਦੇਦਾਰ ਨੂੰ ਕੋਈ ਅਲੌਕਿਕ ਸ਼ਖ਼ਸੀਅਤ ਜਾਂ ਆਮ ਮਨੁੱਖਾਂ ਤੋਂ ਉੱਪਰ ਦਰਸਾਉਣ ਕਾਰਨ। ਏ ਆਈ ਦੀ ਵਰਤੋਂ ਸਿੱਖਿਆ, ਵਿਗਿਆਨਕ ਸਮਝ, ਸਿਹਤ ਸੰਭਾਲ ਅਤੇ ਮਨੁੱਖੀ ਭਲਾਈ ਨੂੰ ਅੱਗੇ ਵਧਾਉਣ ਲਈ ਹੋਣੀ ਚਾਹੀਦੀ ਹੈ, ਨਾ ਕਿ ਰੱਬੀ ਪ੍ਰਵਾਨਗੀ ਦਾ ਭਰਮ ਪੈਦਾ ਕਰਨ ਲਈ। ਭਾਰਤ ਦਾ ਜਮਹੂਰੀ ਭਵਿੱਖ ਉਨ੍ਹਾਂ ਨਾਗਰਿਕਾਂ ’ਤੇ ਨਿਰਭਰ ਕਰਦਾ ਹੈ, ਜੋ ਸੱਤਾ ਨੂੰ ਸਵਾਲ ਕਰਦੇ ਹਨ, ਸਬੂਤਾਂ ਤੇ ਮਿਥਿਹਾਸ ਵਿਚਲਾ ਫ਼ਰਕ ਸਮਝਦੇ ਹਨ ਅਤੇ ਆਪਣੀ ਸੁਤੰਤਰ ਸੋਚ ਕਾਇਮ ਰੱਖਦੇ ਹਨ। ਅੰਨ੍ਹੀ ਪ੍ਰਸ਼ੰਸਾ ਜਾਣਕਾਰੀ-ਭਰਪੂਰ ਨਾਗਰਿਕਤਾ ਦਾ ਬਦਲ ਨਹੀਂ ਹੋ ਸਕਦੀ, ਜਿਵੇਂ ਤਕਨੀਕੀ ਤਰੱਕੀ ਤਰਕਸ਼ੀਲ ਸੋਚ ਦੀ ਘਾਟ ਨੂੰ ਪੂਰਾ ਨਹੀਂ ਕਰ ਸਕਦੀ।
ਅਗਵਾਈ ਦਾ ਅਸਲ ਪੈਮਾਨਾ ਇਹ ਨਹੀਂ ਕਿ ਕਿਸੇ ਆਗੂ ਦੀ ਕਿੰਨੀ ਵਧਾ-ਚੜ੍ਹਾ ਕੇ ਪ੍ਰਸ਼ੰਸਾ ਕੀਤੀ ਜਾਂਦੀ ਹੈ, ਭਾਵੇਂ ਇਹ ਪ੍ਰਸ਼ੰਸਾ ਜਿਊਂਦੇ ਸਮਰਥਕ ਕਰਨ ਜਾਂ ਦਹਾਕਿਆਂ ਪਹਿਲਾਂ ਵਿੱਛੜ ਚੁੱਕੇ ਵਿਅਕਤੀ ਦੀ ਏ ਆਈ ਨਾਲ ਬਣਾਈ ਤਸਵੀਰ ਰਾਹੀਂ ਕੀਤੀ ਜਾਵੇ। ਅਸਲ ਪੈਮਾਨਾ ਇਹ ਹੈ ਕਿ ਆਗੂ ਸੰਵਿਧਾਨਕ ਜਮਹੂਰੀਅਤ ਦੀ ਕਿੰਨੀ ਰੱਖਿਆ ਕਰਦਾ ਹੈ, ਨਾਗਰਿਕਾਂ ਦੇ ਹੱਕਾਂ ਨੂੰ ਕਿੰਨਾ ਸੁਰੱਖਿਅਤ ਰੱਖਦਾ ਹੈ, ਵਿਗਿਆਨਕ ਸੋਚ ਨੂੰ ਕਿੰਨਾ ਉਤਸ਼ਾਹਿਤ ਕਰਦਾ ਹੈ ਅਤੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਕਿੰਨਾ ਬਿਹਤਰ ਬਣਾਉਂਦਾ ਹੈ। ਜਦੋਂ ਇਨ੍ਹਾਂ ਜ਼ਿੰਮੇਵਾਰੀਆਂ ਦੀ ਥਾਂ ਸਵੈ-ਪ੍ਰਸ਼ੰਸਾ ਲੈ ਲੈਂਦੀ ਹੈ ਤਾਂ ਇਸ ਦੇ ਨਤੀਜੇ ਕਿਸੇ ਇੱਕ ਵਿਅਕਤੀ ਤੱਕ ਸੀਮਿਤ ਨਹੀਂ ਰਹਿੰਦੇ ਸਗੋਂ ਜਮਹੂਰੀ ਜਨਤਕ ਜੀਵਨ ਦੀ ਬੁਨਿਆਦ ਲਈ ਖ਼ਤਰਾ ਬਣ ਜਾਂਦੇ ਹਨ।
ਸੰਪਰਕ: 94170-00360

