DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਿੱਪਲ ਦੇ ਕਣ ਤੇ ਸਿਆਣਾ

ਪੰਜਾਬ ਵਿੱਚ ਅਤਿਵਾਦ ਦੇ ਦੌਰ ਦੌਰਾਨ ਧਾਗੇ ਤਵੀਤਾਂ ਅਤੇ ਪੁੱਛਾਂ ਦੇਣ ਵਾਲਿਆਂ ਨੇ ਵੀ ਦੜ ਵੱਟੀ ਹੋਈ ਸੀ। ਜਿਉਂ ਹੀ ਅਤਿਵਾਦ ਦਾ ਦੌਰ ਖ਼ਤਮ ਹੋਇਆ ਪੁੱਛਾਂ ਕੱਢਣ ਵਾਲਿਆਂ ਨੇ ਦੁਬਾਰਾ ਆਪਣਾ ਧੰਦਾ ਚਲਾ ਲਿਆ। ਸਾਡੇ ਪਿੰਡ ਦੇ ਛਿਪਦੇ ਵੱਲ ਵੀ...

  • fb
  • twitter
  • whatsapp
  • whatsapp
Advertisement

ਪੰਜਾਬ ਵਿੱਚ ਅਤਿਵਾਦ ਦੇ ਦੌਰ ਦੌਰਾਨ ਧਾਗੇ ਤਵੀਤਾਂ ਅਤੇ ਪੁੱਛਾਂ ਦੇਣ ਵਾਲਿਆਂ ਨੇ ਵੀ ਦੜ ਵੱਟੀ ਹੋਈ ਸੀ। ਜਿਉਂ ਹੀ ਅਤਿਵਾਦ ਦਾ ਦੌਰ ਖ਼ਤਮ ਹੋਇਆ ਪੁੱਛਾਂ ਕੱਢਣ ਵਾਲਿਆਂ ਨੇ ਦੁਬਾਰਾ ਆਪਣਾ ਧੰਦਾ ਚਲਾ ਲਿਆ। ਸਾਡੇ ਪਿੰਡ ਦੇ ਛਿਪਦੇ ਵੱਲ ਵੀ ਇੱਕ ਪੁੱਛਾਂ ਕੱਢਣ ਵਾਲੇ ਦਾ ਡੇਰਾ ਸੀ। ਕਾਲੇਕਿਆਂ ਵਾਲੇ ਮੇਲੇ ਦੀ ਰਾਤ ਨੂੰ ਜਗਰਾਤਾ ਹੁੰਦਾ। ਸਾਰੀ ਰਾਤ ਢੋਲਕੀ-ਛੈਣੇ ਖੜਕਦੇ ਅਤੇ ਪੁੱਛਾਂ ਦੇ ਹੋਕਰੇ ਵੱਜਦੇ ਰਹਿੰਦੇ। ਫੱਗਣ ਦਾ ਮਹੀਨਾ ਸੀ। ਰਾਤ ਨੂੰ ਅਸੀਂ ਸੱਥ ਵਿੱਚ ਬੈਠੇ ਸਾਂ। ਇਤਫ਼ਾਕਵੱਸ ਗੁਰਵਿੰਦਰ ਵੀ ਆਇਆ ਹੋਇਆ ਸੀ।

ਗੁਰਵਿੰਦਰ ਮੇਰਾ ਜਮਾਤੀ ਸੀ, ਸਾਡੇ ਗੁਆਂਢੀ ਜਥੇਦਾਰ ਅਜੀਤ ਸਿੰਘ ਦਾ ਭਾਣਜਾ। ਪਿੰਡ ਉਸ ਦਾ ਭੀਖੀ ਸੀ, ਪਰ ਪੜ੍ਹਨ ਲਈ ਨਾਨਕੇ ਘਰ ਰਹਿੰਦਾ ਸੀ। ਸੋਹਣਾ ਸੁਨੱਖਾ, ਤੇਜ਼ ਤਰਾਰ। ਜਦੋਂ ਸੱਤਵੀਂ ’ਚ ਇੱਥੇ ਦਾਖ਼ਲ ਕਰਵਾਇਆ ਤਾਂ ਉਸ ਦਾ ਧਿਆਨ ਪੜ੍ਹਾਈ ਦੀ ਥਾਂ ਸ਼ਰਾਰਤਾਂ ਵੱਲ ਵੱਧ ਸੀ। ਜਥੇਦਾਰ ਵੀ ਫ਼ੌਜੀ ਸੀ, ਉਸ ਦੇ ਅਨੁਸ਼ਾਸਨ ਤੇ ਕੋਰਟ ਮਾਰਸ਼ਲ ਤੋਂ ਗੁਰਵਿੰਦਰ ਤਾਂ ਕੀ, ਗੁਆਂਢੀਆਂ ਦੇ ਨਿਆਣੇ ਵੀ ਡਰਦੇ ਸਨ ਜਿਸ ਕਰ ਕੇ ਉਸ ਨੇ ਗੁਰਵਿੰਦਰ ਨੂੰ ਪੜ੍ਹਨ ਦੀ ਆਦਤ ਪਾ ਦਿੱਤੀ। ਸੰਨ 1986 ਵਿੱਚ ਦਸਵੀਂ ਕਰ ਕੇ ਪਿੰਡ ਚਲਾ ਗਿਆ, ਅੱਗੇ ਵੀ ਪੜ੍ਹਿਆ ਅਤੇ ਪੁਲੀਸ ’ਚ ਭਰਤੀ ਹੋ ਗਿਆ।

Advertisement

ਪੁੱਛਾਂ ਕੱਢਣ ਵਾਲਿਆਂ ਦਾ ਸਪੀਕਰ ਜ਼ੋਰ ਦੀ ਵੱਜ ਰਿਹਾ ਸੀ। ਗੁਆਂਢੀ ਜਗਤਾਰ ਨੇ ਸੁਭਾਵਿਕ ਹੀ ਕਹਿ ਦਿੱਤਾ, ‘‘ਅੱਜ ਇਹ ਸਾਰੀ ਰਾਤ ਕੰਨ ਖਾਣਗੇ।’’ ਗੁਰਵਿੰਦਰ ਕਹਿਣ ਲੱਗਾ, ‘‘ਤੁਸੀ ਮੰਨੋ ਭਾਵੇਂ ਨਾ, ਹੁੰਦਾ ਤਾਂ ਸਭ ਕੁਝ ਹੈ।’’ ਪਟਿਆਲਾ ਦੇ ਇੱਕ ਤਾਂਤਰਿਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਨੇ ਪ੍ਰਤੱਖ ਦੇਖਿਆ ਹੈ, ਉਹ ਤੁਹਾਡੇ ਬਾਰੇ ਸਭ ਕੁਝ ਦੱਸ ਦਿੰਦਾ ਹੈ। ਇਸ ਗੱਲ ਤੋਂ ਸੱਥ ਵਿੱਚ ਬਹਿਸ ਛਿੜ ਗਈ, ਅੱਧੇ ਮੰਨਣ ਵਾਲੇ ਤੇ ਅੱਧੇ ਨਾ ਮੰਨਣ ਵਾਲੇ।

Advertisement

ਸਾਡੇ ਘਰ ’ਚ ਤਰਕਸ਼ੀਲ ਵਿਚਾਰਧਾਰਾ ਭਾਰੂ ਸੀ। ਸਾਡੀ ਸੱਥ ਵਿੱਚ ਜਾਦੂਗਰ ਵੀ ਖੇਲ ਦਿਖਾਉਣ ਤੋਂ ਕੰਨੀ ਕਤਰਾਉਂਦਾ ਸੀ। ਅਖ਼ੀਰ ਗੱਲ ਸ਼ਰਤ ’ਤੇ ਆ ਗਈ ਕਿ ਕਿਉਂ ਨਾ ਅੱਜ ਇਸ ਸਿਆਣੇ ਦਾ ਪਰਤਿਆਵਾ ਲਿਆ ਜਾਵੇ। ਗੁਰਵਿੰਦਰ ਵਾਲੀ ਗੱਲ ਤਾਂ ਪਾਸੇ ਰਹਿ ਗਈ, ਬਹਿਸ-ਬਹਿਸ ਵਿੱਚ ਕਿਸੇ ਹੋਰ ਨਾਲ ਵੱਡੇ ਭਰਾ ਨੇ ਸੌ ਰੁਪਏ ਦੀ ਸ਼ਰਤ ਲਾ ਲਈ। ਗੁਰਵਿੰਦਰ ਹੱਲਾਸ਼ੇਰੀ ਦਿੰਦਿਆਂ ਕਹਿਣ ਲੱਗਾ, ‘‘ਕੋਈ ਗੱਲ ਨ੍ਹੀਂ ਯਾਰ! ਜੇ ਤੂੰ ਹਾਰ ਗਿਆ ਤਾਂ ਸ਼ਰਤ ਮੈਂ ਦੇ ਦਊਂ, ਅੱਜ ਨਿਤਾਰਾ ਕਰ ਹੀ ਲੈਂਦੇ ਹਾਂ।’’

ਪੁੱਛਾਂ ਕੱਢਣ ਵਾਲੇ ਸਿਆਣਿਆਂ ਦੇ ਜਾਣ ਵਾਲੇ ਲੋਕ ਅਨਾਜ ਜਾਂ ਪੈਸਾ ਘਰ ਦੇ ਜੀਅ ਜਾਂ ਮੱਝ ਬਗੈਰਾ ਉੱਪਰੋਂ ਦੀ ਝਹਾ ਕੇ (ਵਾਰ ਕੇ), ਜਿਸ ਨੂੰ ਕਣ ਕਿਹਾ ਜਾਂਦਾ ਸੀ, ਸਿਆਣੇ ਦੀ ਲਗਾਈ ਚੌਂਕੀ ’ਤੇ ਮੱਥਾ ਟੇਕ ਕੇ ਬੈਠ ਜਾਂਦੇ ਸਨ। ਸਿਆਣਾ ਵਾਲ ਖੋਲ੍ਹ ਕੇ ਸਿਰ ਘੁਮਾ-ਘੁਮਾ ਕੇ ਖੇਡਦਾ। ਉਹ ਕਣ ਪਾਉਣ ਵਾਲਿਆਂ ਨੂੰ ਹਾਕਾਂ ਮਾਰ ਕੇ ਕਹਿੰਦਾ, ‘‘ਉੱਠੋ ਜੀਹਦੀ ਮੱਝ ਨ੍ਹੀਂ ਮਿਲਦੀ... ਉੱਠੋ ਜਿਨ੍ਹਾਂ ਦਾ ਮੁੰਡਾ ਬਿਮਾਰ ਹੈ।’’ ਮੇਰਾ ਵੱਡਾ ਭਰਾ ਘਰੋਂ ਲਿਫ਼ਾਫ਼ੇ ਵਿੱਚ ਕਣਕ ਪਾ ਲਿਆਇਆ। ਉਸ ਨੇ ਸੱਥ ਵਿਚਕਾਰ ਖੜ੍ਹੇ ਪਿੱਪਲ ਉੱਤੋਂ ਦੀ ਸੱਤ ਗੇੜੇ ਦੇ ਕੇ ਕਣ ਪਾ ਲਏ। ਸੱਥ ਵਿੱਚੋਂ ਹੋਰ ਵੀ ਪੰਦਰਾਂ ਸੋਲਾਂ ਜਣੇ ਉੱਠ ਕੇ ਨਾਲ ਤੁਰ ਪਏ ਅਤੇ ਸਿਆਣੇ ਦੀ ਚੌਂਕੀ ’ਤੇ ਜਾ ਮੱਥਾ ਟੇਕਿਆ। ਤੁਰਨ ਵੇਲੇ ਪਹਿਲਾਂ ਇਹ ਗੱਲ ਮਿੱਥ ਲਈ ਕਿ ਆਪਣੇ ’ਚੋਂ ਕੋਈ ਵੀ ਉੱਥੇ ਕਿਸੇ ਨਾਲ ਗੱਲ ਨਹੀਂ ਕਰੇਗਾ। ਜੇ ਕਿਸੇ ਨੇ ਦੂਜੇ ਬੰਦੇ ਨਾਲ ਗੱਲਬਾਤ ਕੀਤੀ ਤਾਂ ਉਸ ਦਾ ਨਾਲ ਦਿਆਂ ਵੱਲੋਂ ਉੱਥੇ ਹੀ ਕੁਟਾਪਾ ਕੀਤਾ ਜਾਵੇਗਾ।

ਅਸੀਂ ਸਾਰੇ ਉੱਥੇ ਮੱਥਾ ਟੇਕ ਕੇ ਇੱਕ ਪਾਸੇ ਬਹਿ ਗਏ। ਸਾਨੂੰ ਪੰਦਰਾਂ ਵੀਹ ਜਣੇ ਇਕੱਠੇ ਆਇਆਂ ਦੇਖ ਕੇ ਪੁੱਛਾਂ ਕੱਢਣ ਵਾਲਾ ਬਾਬਾ ਅਤੇ ਉਸ ਦੇ ਚੇਲੇ ਚਪਟੇ ਹੈਰਾਨ ਹੋ ਗਏ ਕਿ ਇਹ ਕਦੇ ਅੱਗੇ ਨਾ ਪਿੱਛੇ, ਅੱਜ ਕਿਵੇਂ ਆ ਗਏ। ਸਾਰੇ ਹਨ ਵੀ ਪੜ੍ਹੇ-ਲਿਖੇ ਪਰਿਵਾਰਾਂ ’ਚੋਂ ਅਤੇ ਇਨ੍ਹਾਂ ਗੱਲਾਂ ਨੂੰ ਮੰਨਦੇ ਵੀ ਨਹੀਂ, ਫਿਰ ਇਹ ਅੱਜ ਕਿਵੇਂ ਆਏ ਨੇ? ਬਾਬੇ ਦੇ ਚੇਲੇ-ਚਪਟਿਆਂ ਨੇ ਸਾਡੇ ਦੁਆਲੇ ਗੇੜਾ ਬੰਨ੍ਹ ਲਿਆ। ਇੱਕ-ਦੋ ਨੂੰ ਉਠਾ ਕੇ ਪਾਸੇ ਲਿਜਾਣ ਦੀ ਕੋਸ਼ਿਸ਼ ਵੀ ਕੀਤੀ, ਪਰ ਪਹਿਲਾਂ ਮਿਥੀ ਗੱਲ ਅਨੁਸਾਰ ਕੋਈ ਵੀ ਪਾਸੇ ਨਾ ਗਿਆ। ਅੱਧੀ ਰਾਤ ਹੋ ਗਈ। ਪੁੱਛਾਂ ਦੀਆਂ ਹਾਕਾਂ ਵੱਜਦੀਆਂ ਰਹੀਆਂ। ‘‘ਉੱਠੋ ਜਿਹੜੀ ਗੁਆਂਢਣ ਤੋਂ ਦੁਖੀ ਐ... ਉੱਠੋ ਜੀਹਦਾ ਘਰ ਵਾਲਾ ਕਹਿਣੇ ’ਚ ਨਹੀਂ...’’। ਅਸੀਂ ਉਡੀਕਦੇ ਰਹੇ ਪਰ ਇਹ ਹਾਕ ਨਹੀਂ ਵੱਜੀ, ‘‘ਆਜੋ ਜਿਹੜਾ ਪਿੱਪਲ ਉੱਤੋਂ ਦੀ ਕਣ ਵਾਰ ਕੇ ਲਿਆਇਆ ਹੈ?’’ ਅਖ਼ੀਰ ਸਿਰ ਘੁਮਾ ਕੇ ਖੇਡ ਰਹੇ ਬਾਬੇ ਨੇ ਆਪ ਹੀ ਪੁੱਛ ਲਿਆ, ‘‘ਭਗਤੋ! ਤੁਸੀਂ ਕਿਵੇਂ ਆਏ?’’ ‘‘ਬਾਬਾ ਜੀ, ਇਹ ਤਾਂ ਤੁਸੀਂ ਦੱਸੋ ਕਿ ਅਸੀਂ ਕਿਵੇਂ ਆਏ ਹਾਂ? ਹੋਰਾਂ ਨੂੰ ਵੀ ਦੱਸ ਹੀ ਰਹੇ ਹੋ ਤੇ ਸਾਨੂੰ ਵੀ ਦੱਸੋ ਕਿ ਸਾਨੂੰ ਕੀ ਦੁੱਖ ਹੈ?’’

ਬਾਬਾ ਸਮਝ ਗਿਆ ਕਿ ਇਹ ਤਾਂ ਕੋਈ ਹੋਰ ਮਸਲਾ ਹੈ, ‘‘ਥੋਡਾ ਦੁੱਖ ਤਾਂ ਭਾਈ ਉੱਪਰ ਵਾਲਾ ਹੀ ਸੁਣੇਗਾ।’’ ਕਹਿ ਕੇ ਬਾਬਾ ਸਿਰ ਘੁਮਾ ਕੇ ਹਾਤ-ਹਾਤ ਕਰ ਕੇ ਖੇਡਣ ਲੱਗ ਪਿਆ। ਬਾਬੇ ਅਤੇ ਉਸ ਦੇ ਚੇਲੇ-ਚਪਟਿਆਂ ਨੂੰ ਇਹ ਵੀ ਡਰ ਪੈਦਾ ਹੋ ਗਿਆ ਕਿ ਕਿਤੇ ਉਨ੍ਹਾਂ ਦੇ ਸ਼ਰਧਾਲੂਆਂ ਸਾਹਮਣੇ ਉਸ ਦਾ ਭਾਂਡਾ ਨਾ ਭੰਨ੍ਹ ਦੇਣ। ਇੱਕ ਚੇਲਾ ਚੁਪਕੇ ਜਿਹੇ ਸਾਡੇ ਵਿੱਚ ਆ ਕੇ ਬਹਿ ਗਿਆ ਤੇ ਕਹਿੰਦਾ, ‘‘ਜੇਕਰ ਕੁਝ ਨਹੀਂ ਦੱਸਣਾ ਤਾਂ ਇੱਥੋਂ ਚਲੇ ਜਾਵੋ, ਬਾਹਰੋਂ ਹੋਰ ਸੰਗਤ ਆਉਣੀ ਹੈ, ਉਨ੍ਹਾਂ ਨੂੰ ਬੈਠਣ ਲਈ ਥਾਂ ਛੱਡ ਦਿਓ।’’

ਅਸੀਂ ਇਹੀ ਚਾਹੁੰਦੇ ਸੀ, ਬਾਰਾਂ ਸਾਢੇ ਬਾਰਾਂ ਦਾ ਟਾਈਮ ਸੀ। ਅਸੀਂ ਉੱਥੋਂ ਉੱਠ ਕੇ ਆ ਗਏ। ਗੁਰਵਿੰਦਰ ਅਤੇ ਉਸ ਦੇ ਸਾਥੀ ਨੇ ਇਹ ਕਹਿੰਦਿਆਂ ਹਾਰ ਮੰਨ ਲਈ ਕਿ ਇਹ ਤਾਂ ਕੱਚਾ ਖਿਡਾਰੀ ਐ, ਮੇਰੇ ਨਾਲ ਕਦੇ ਪਟਿਆਲੇ ਚੱਲਿਓ! ਉੱਥੇ ਇੱਕ ਤਾਂਤਰਿਕ ਹੈ ਜੋ ਸਭ ਕੁਝ ਸੱਚ ਦੱਸ ਦਿੰਦਾ ਹੈ। ਉਸ ਨੇ ਕਿਸੇ ਦੂਜੇ ਦੀ ਥਾਂ ਸੌ ਰੁਪਏ ਦੇ ਦਿੱਤੇ। ਹੁਣ ਇਹ ਮਸਲਾ ਹੋ ਗਿਆ ਕਿ ਇਹ ਸੌ ਦਾ ਕੀ ਕੀਤਾ ਜਾਵੇ। ਮੁੰਡੀਹਰ ਇਕੱਠੀ ਹੋਈ ਸੀ, ਕਹਿੰਦੇ, ‘‘ਚਲੋ ਅੰਡੇ ਖਾਂਦੇ ਹਾਂ।’’ ਪਰ ਆਪਸ ’ਚ ਕਹਿਣ ਲੱਗੇ, ‘‘ਅੱਧੀ ਰਾਤ ਨੂੰ ਥੋਨੂੰ ਆਂਡੇ ਕੌਣ ਦਿਊ?’’ ਦੂਜੇ ਕਹਿੰਦੇ, ‘‘ਅੱਡੇ ’ਤੇ ਚਲਦੇ ਹਾਂ, ਅਹਾਤੇ ਵਾਲੇ ਨੂੰ ਉਠਾ ਲੈਂਦੇ ਹਾਂ।’’ ਅਖੇ, ‘‘ਜੇ ਨਾ ਉੱਠਿਆ?’’ ‘‘ਫਿਰ ਨਾ ਸਹੀ, ਵਾਪਸ ਮੁੜ ਆਵਾਂਗੇ। ਐਂ ਸਮਝ ਲਓ ਕਿ ਆਪਾਂ ਵੀ ਕਾਲੇਕਿਆਂ ਵਾਲੀ ਮਾਈ ਦਾ ਜਗਰਾਤਾ ਹੀ ਕੱਟ ਰਹੇ ਹਾਂ।’’ ਹੱਸਦੇ-ਹਸਾਉਂਦੇ ਅੱਡੇ ’ਤੇ ਜਾ ਕੇ ਅਹਾਤੇ ਵਾਲਾ ਸ਼ੰਕਰ ਉਠਾ ਲਿਆ। ਉਹ ਵੀ ਹੈਰਾਨ ਕਿ ਐਨੇ ਲੋਕ ਇਸ ਵੇਲੇ ਕਿਵੇਂ? ਉਸ ਦੇ ਭਾਂਡੇ ’ਚ ਉੱਬਲੇ ਆਂਡੇ ਪਏ ਸਨ, ਪਰ ਠੰਢੇ ਸਨ। ਦੋ ਰੁਪਏ ਦਾ ਇੱਕ ਆਂਡਾ ਸੀ, ਸੌ ਦੇ ਪੰਜਾਹ ਆ ਗਏ। ਕਿਸੇ ਨੂੰ ਤਿੰਨ ਕਿਸੇ ਨੂੰ ਚਾਰ ਆ ਗਏ, ਮਸਾਂ ਖਾਧੇ। ਹਾਸਾ-ਠੱਠਾ ਕਰਦੇ ਰਾਤ ਨੂੰ ਦੋ ਢਾਈ ਵਜੇ ਘਰ ਵੜੇ। ਸਾਲਾਂ ਦੇ ਸਾਲ ਲੰਘ ਗਏ। ਗੁਰਵਿੰਦਰ ਹੁਣ ਏ ਐੱਸ ਆਈ ਬਣ ਗਿਆ ਸੀ। ਜਦ ਨਾਨਕੇ ਆਉਂਦਾ ਤਾਂ ਮਾਮੇ ਦੇ ਘਰ ਜਾਣ ਤੋਂ ਪਹਿਲਾਂ ਸੱਥ ’ਚ ਜਾਂਦਾ, ਇਹ ਉਹਦਾ ਸੁਭਾਅ ਸੀ। ਆਂਢ-ਗੁਆਂਢ ਵਿੱਚ ਜਾਂਦਾ। ਬਚਪਨ ਦੇ ਬੇਲੀਆਂ ਨਾਲ ਹਾਸਾ-ਠੱਠਾ ਕਰਦਾ। ਸਾਡੇ ਜਮਾਤੀ ਟਿੱਡੀ ਦਾ ਬਚਪਨ ਦਾ ਡਾਇਲਾਗ, ‘ਮੱਲਾ ਓਏ! ਥੋਡੀ ਛੱਤਣ ’ਚ ਸੱਪ ਰਹਿੰਦਾ’ ਜ਼ਰੂਰ ਬੋਲਦਾ। ਅਸੀਂ ਉਹਨੂੰ ਛੇੜਨਾ ਕਿ ਤੇਰਾ ਤਾਂਤਰਿਕ ਤਾਂ ਸਾਨੂੰ ਮਿਲਾ। ਇੱਥੇ ਤਾਂ ਸੌ ਦੇ ਅੰਡਿਆਂ ਨਾਲ ਸਰ ਗਿਆ, ਉੱਥੇ ਤਾਂ ਸ਼ਰਤ ਵੀ ਵੱਡੀ ਲਾਵਾਂਗੇ।

2007 ਵਿੱਚ ਇੱਕ ਦਿਨ ਮਨਹੂਸ ਖ਼ਬਰ ਸੁਣੀ ਕਿ ਪਟਿਆਲਾ ਨੇੜੇ ਗੁਰਵਿੰਦਰ ਇੱਕ ਸੜਕ ਹਾਦਸੇ ’ਚ ਸਾਥੋਂ ਸਦਾ ਲਈ ਵਿੱਛੜ ਗਿਆ। ਉਸ ਨਾਲ ਬਚਪਨ ਦੀਆਂ ਅੰਦਰ-ਬਾਹਰ ਦੀਆਂ ਅਨੇਕਾਂ ਕੌੜੀਆਂ ਮਿੱਠੀਆਂ ਯਾਦਾਂ ਜੁੜੀਆਂ ਹਨ, ਪਰ ਇਹ ਸ਼ਰਤ ਵਾਲੀ ਯਾਦ ਪਿੰਡ ਦੀ ਸੱਥ ’ਚੋਂ ਪਾਠਕਾਂ ਦੀ ਸੱਥ ਤੱਕ ਸਫ਼ਰ ਕਰਦਿਆਂ 35 ਸਾਲ ਲੰਘ ਗਏ।

ਸੰਪਰਕ: 94175-17655

Advertisement
×