DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤੁਸੀਂ ਲੜਦੇ ਕਿਉਂ ਹੋ?

ਪਿਛਲੇ ਸਾਲ ਭਾਰਤ-ਪਾਕਿਸਤਾਨ ਤਣਾਅ ‘ਆਪਰੇਸ਼ਨ ਸਿੰਧੂਰ’ ਦੀਆਂ ਖ਼ਬਰਾਂ ਆਈਆਂ ਅਤੇ ਇਸ ਸਾਲ ਅਮਰੀਕਾ-ਇਜ਼ਰਾਈਲ ਵੱਲੋਂ ਇਰਾਨ ਖ਼ਿਲਾਫ਼ ਛੇੜੀ ਜੰਗ ਦੀਆਂ ਮਾੜੀਆਂ ਖ਼ਬਰਾਂ ਹੀ ਆਉਂਦੀਆਂ ਰਹੀਆਂ ਹਨ ਕਿ ਇੰਨੇ ਮਾਰੇ ਗਏ, ਇੰਨੇ ਜ਼ਖ਼ਮੀ ਹੋਏ ਅਤੇ ਇਮਾਰਤਾਂ ਢਹਿ-ਢੇਰੀ ਕਰ ਦਿੱਤੀਆਂ ਗਈਆਂ। ਮਰਨ ਵਾਲਿਆਂ...

  • fb
  • twitter
  • whatsapp
  • whatsapp
Advertisement

ਪਿਛਲੇ ਸਾਲ ਭਾਰਤ-ਪਾਕਿਸਤਾਨ ਤਣਾਅ ‘ਆਪਰੇਸ਼ਨ ਸਿੰਧੂਰ’ ਦੀਆਂ ਖ਼ਬਰਾਂ ਆਈਆਂ ਅਤੇ ਇਸ ਸਾਲ ਅਮਰੀਕਾ-ਇਜ਼ਰਾਈਲ ਵੱਲੋਂ ਇਰਾਨ ਖ਼ਿਲਾਫ਼ ਛੇੜੀ ਜੰਗ ਦੀਆਂ ਮਾੜੀਆਂ ਖ਼ਬਰਾਂ ਹੀ ਆਉਂਦੀਆਂ ਰਹੀਆਂ ਹਨ ਕਿ ਇੰਨੇ ਮਾਰੇ ਗਏ, ਇੰਨੇ ਜ਼ਖ਼ਮੀ ਹੋਏ ਅਤੇ ਇਮਾਰਤਾਂ ਢਹਿ-ਢੇਰੀ ਕਰ ਦਿੱਤੀਆਂ ਗਈਆਂ। ਮਰਨ ਵਾਲਿਆਂ ਵਿੱਚ ਲਗਪਗ ਸਾਰੇ ਨਿਹੱਥੇ ਨਾਗਰਿਕ, ਬੱਚੇ, ਔਰਤਾਂ ਅਤੇ ਬਜ਼ੁਰਗ ਹਨ। ਦੂਜੇ ਪਾਸੇ ਹੁਕਮਰਾਨ ਸੁਰੱਖਿਅਤ ਬੰਕਰਾਂ ਵਿੱਚ ਬੈਠੇ ਰਹੇ।

ਅਮਰੀਕਾ-ਇਜ਼ਰਾਈਲ ਅਤੇ ਇਰਾਨ ਦੀ ਜੰਗ ਦੌਰਾਨ ਜਦੋਂ ਮੈਂ ਵਡੇਰੀ ਉਮਰ ਦੇ ਨਾਗਰਿਕਾਂ (ਸੀਨੀਅਰ ਸਿਟੀਜ਼ਨਜ਼) ਦੀ ਟੋਲੀ ਕੋਲ ਰੁਕਦਾ ਤਾਂ ਤਾਸ਼ ਖੇਡ ਰਹੇ ਬਜ਼ੁਰਗਾਂ ਦਾ ਇੱਕੋ ਸਵਾਲ ਹੁੰਦਾ, ‘‘ਕਰਨਲ ਸਾਹਿਬ, ਜੰਗ ਦਾ ਕੀ ਬਣੂ? ਇਹ ਰੁਕੂਗੀ ਜਾਂ ਫਿਰ ਆਰ-ਪਾਰ ਦੀ ਲੜਾਈ ਕਰਕੇ ਹੀ ਹਟਣਗੇ?’’ ਇਲੈਕਟ੍ਰਾਨਿਕ ਮੀਡੀਆ ’ਤੇ ਬਹਿਸ ਕਰ ਰਹੇ ਆਪੂੰ ਬਣੇ ਮਾਹਿਰਾਂ ਦੇ ਉਲਟ, ਮੈਂ ਆਪਣੇ ਫ਼ੌਜੀ ਜੀਵਨ ਦੇ ਤਜਰਬੇ ਵਿੱਚੋਂ ਆਪਣੇ ਵਿਚਾਰ ਦੱਸਦਾ। ਦਰਅਸਲ, ਕਈ ਵਾਰ ਜੰਗਾਂ ਬਾਰੇ ਗੱਲ ਕਰਦਿਆਂ ਮੈਨੂੰ ਬੀਤੇ ਦੀ ਇੱਕ ਘਟਨਾ ਯਾਦ ਆ ਜਾਂਦੀ ਹੈ। ਦਸ ਕੁ ਸਾਲ ਪਹਿਲਾਂ ਫ਼ੌਜੀ ਇਤਿਹਾਸ ਵਿੱਚੋਂ ਮੇਰੀ ਇੱਕ ਸੱਚੀ ਕਹਾਣੀ ਇਸੇ ਅਖ਼ਬਾਰ ਵਿੱਚ ਐਤਵਾਰ ਨੂੰ ਛਪੀ ਸੀ। ਪ੍ਰਤੀਕਰਮ ਵਜੋਂ ਪਾਠਕਾਂ ਦੇ ਫੋਨ ਆਉਣ ਲੱਗ ਪਏ। ਸਭ ਦੇ ਆਪੋ-ਆਪਣੇ ਵਿਚਾਰ ਸਨ, ਕਿਸੇ ਦੇ ਵਿਚਾਰ ਜੰਗ ਦੇ ਹੱਕ ਤੇ ਕਿਸੇ ਦੇ ਵਿਰੋਧ ਵਿੱਚ। ਇਸੇ ਦੌਰਾਨ ਮੈਨੂੰ ਕਿਸੇ ਜ਼ਰੂਰੀ ਕੰਮ ਲਈ ਬਾਜ਼ਾਰ ਜਾਣਾ ਪੈ ਗਿਆ।

Advertisement

ਇੱਥੇ ਇੱਕ ਬਹੁਤ ਪੁਰਾਣੀ ਗੱਲ ਸਾਂਝੀ ਕਰਦਾ ਹਾਂ, ਜੋ ਲਗਭਗ ਸੱਠ-ਪੈਂਹਠ ਸਾਲ ਪੁਰਾਣੀ ਹੈ। ਉਸ ਵਕਤ ਅੱਜ ਵਰਗਾ ਕੁਝ ਵੀ ਨਹੀਂ ਹੁੰਦਾ ਸੀ। ਸਰਦਾਰ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸਨ। ਸਰਕਾਰ ਉਦੋਂ ‘ਸ਼ੌਪਸ ਐਕਟ’ ਲੈ ਕੇ ਆਈ, ਜਿਸ ਤਹਿਤ ਬਾਜ਼ਾਰ ਅਤੇ ਦੁਕਾਨਾਂ ਦੇ ਖੁੱਲ੍ਹਣ ਤੇ ਬੰਦ ਹੋਣ ਦਾ ਸਮਾਂ ਤੈਅ ਕਰ ਦਿੱਤਾ ਗਿਆ। ਐਤਵਾਰ ਨੂੰ ਸਿਰਫ਼ ਦਵਾਈਆਂ ਦੀਆਂ ਦੁਕਾਨਾਂ ਨੂੰ ਛੱਡ ਕੇ ਸਭ ਕੁਝ ਬੰਦ ਹੁੰਦਾ ਸੀ। ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟ ਕੇ ਜੁਰਮਾਨਾ ਕੀਤਾ ਜਾਂਦਾ ਸੀ ਅਤੇ ਇਹ ਹੁਕਮ ਸਖ਼ਤੀ ਨਾਲ ਲਾਗੂ ਹੁੰਦੇ ਸਨ। ਇਸ ਦਾ ਮਕਸਦ ਦੁਕਾਨਦਾਰਾਂ ਅਤੇ ਉੱਥੇ ਕੰਮ ਕਰਦੇ ਮੁਲਾਜ਼ਮਾਂ ਨੂੰ ਆਰਾਮ ਦੇਣਾ ਸੀ। ਉਦੋਂ ਬਜ਼ੁਰਗਾਂ ਨੂੰ ਇਹ ਕਹਿੰਦੇ ਸੁਣਿਆ ਸੀ, ‘‘ਬਾਣੀਆਂ ਦੀ ਜੂਨ ਸੁਧਰ ਜਾਊ, ਨਹੀਂ ਤਾਂ ਇਹ ਦਿਨ-ਰਾਤ ਦੁਕਾਨਾਂ ਵਿੱਚ ਹੀ ਵੜੇ ਰਹਿੰਦੇ ਨੇ।’’ ਪਰ ਹੁਣ ਸਭ ਕੁਝ ਇਸ ਦੇ ਉਲਟ ਹੋ ਚੁੱਕਾ ਹੈ। ਅੱਜ ਪੈਸਾ ਪੈਸੇ ਨੂੰ ਚੁੰਬਕੀ ਤਾਕਤ ਵਾਂਗ ਖਿੱਚਦਾ ਹੈ ਅਤੇ ਦੁਕਾਨਦਾਰ ਹਰ ਵੇਲੇ ਗਾਹਕ ਦੀ ਉਡੀਕ ਵਿੱਚ ਰਹਿੰਦਾ ਹੈ ਕਿ ਕੋਈ ਤਾਂ ਆਵੇ।

Advertisement

ਮੈਂ ਇਹ ਸੋਚ ਹੀ ਰਿਹਾ ਸਾਂ ਕਿ ਇੰਨੇ ਨੂੰ ਜੇਬ ਵਿੱਚ ਪਿਆ ਫੋਨ ਵੱਜਿਆ। ਮੈਂ ਫੋਨ ਚੁੱਕਿਆ ਤਾਂ ਦੂਜੇ ਪਾਸਿਓਂ ਇੱਕ ਲੜਕੀ ਦੀ ਆਵਾਜ਼ ਆਈ। ਮੈਂ ਕਿਹਾ, “ਹਾਂ ਜੀ।” ਅੱਗੋਂ ਸਵਾਲ ਆਇਆ, “ਤੁਸੀਂ ਕਰਨਲ ਸਰ ਬੋਲ ਰਹੇ ਹੋ?” ਮੈਂ ਜਵਾਬ ਦਿੱਤਾ, “ਹਾਂ ਜੀ, ਤੁਸੀਂ ਕੌਣ ਬੀਬਾ ਜੀ?” ਅੱਗੋਂ ਕੋਈ ਪਛਾਣ ਦੱਸਣ ਦੀ ਬਜਾਏ, ਬਹੁਤ ਹੀ ਤਿੱਖੀ ਤੇ ਗੁੱਸੇ ਭਰੀ ਆਵਾਜ਼ ਵਿੱਚ ਇੱਕ ਹੋਰ ਸਵਾਲ ਆਇਆ, “ਤੁਸੀਂ ਲੜਦੇ ਕਿਉਂ ਹੋ? ਕੀ ਮਿਲਦਾ ਹੈ ਤੁਹਾਨੂੰ ਲੜਾਈਆਂ ਵਿੱਚੋਂ? ਬੰਦੇ ਮਾਰੀ ਜਾਂਦੇ ਹੋ!” ਉਹ ਇੱਕੋ ਸਾਹੇ ਬਹੁਤ ਤੇਜ਼ੀ ਨਾਲ ਬੋਲ ਗਈ। ਮੈਂ ਬੜੇ ਆਰਾਮ ਨਾਲ ਕਿਹਾ, “ਬੀਬਾ, ਮੈਂ ਇਸ ਵੇਲੇ ਬਾਜ਼ਾਰ ਵਿੱਚ ਹਾਂ। ਰੌਲੇ-ਰੱਪੇ ਕਾਰਨ ਠੀਕ ਤਰ੍ਹਾਂ ਸੁਣ ਵੀ ਨਹੀਂ ਰਿਹਾ। ਮੈਂ ਘਰ ਜਾ ਕੇ ਤੁਹਾਨੂੰ ਖ਼ੁਦ ਫੋਨ ਕਰਾਂਗਾ- ਇਹ ਮੇਰਾ ਵਾਅਦਾ ਹੈ।” ਇਹ ਕਹਿ ਕੇ ਮੈਂ ਫੋਨ ਬੰਦ ਕਰ ਦਿੱਤਾ।

ਘਰ ਪਰਤਣ ਮਗਰੋਂ ਮੈਂ ਸ਼ਾਂਤ ਚਿੱਤ ਹੋ ਕੇ ਉਸ ਅਣਜਾਣ ਕੁੜੀ ਨੂੰ ਫੋਨ ਕੀਤਾ। ਮਾਮਲੇ ਦੀ ਗੰਭੀਰਤਾ ਨੂੰ ਸਰਲਤਾ ਅਤੇ ਸਹਿਜ ਨਾਲ ਸਮਝਾਉਣ ਲਈ ਮੈਂ ਗੱਲ ਛੇੜੀ। ਮੈਂ ਦੱਸਿਆ, “ਮੈਂ ਸਾਹਿਤ ਪ੍ਰੇਮੀ ਅਤੇ ਇਤਿਹਾਸ ਦਾ ਵਿਦਿਆਰਥੀ ਹਾਂ। ਫ਼ੌਜੀ ਇਤਿਹਾਸ ਵੱਲ ਮੇਰਾ ਝੁਕਾਅ ਮੇਰੇ 34 ਸਾਲਾਂ ਦੇ ਫ਼ੌਜੀ ਜੀਵਨ ਵਿੱਚੋਂ ਪੈਦਾ ਹੋਇਆ ਹੈ। ਮੇਰੇ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਫ਼ੌਜੀ ਰਹੀਆਂ ਹਨ- ਮੇਰਾ ਦਾਦਾ, ਮੇਰਾ ਪਿਤਾ, ਮੈਂ ਅਤੇ ਮੇਰਾ ਪੁੱਤਰ। ਮੇਰੇ ਦਾਦਾ ਜੀ ਪਹਿਲੀ ਆਲਮੀ ਜੰਗ, ਪਿਤਾ ਜੀ ਦੂਜੀ ਆਲਮੀ ਜੰਗ, ਮੈਂ 1965, 1971 ਤੇ ਸਿਆਚਿਨ (1984) ਅਤੇ ਮੇਰਾ ਬੇਟਾ ਸਿਆਚਿਨ ਤੇ ਕਾਰਗਿਲ ਜੰਗ ਵਿੱਚ ਦੇਸ਼ ਲਈ ਲੜੇ ਹਾਂ। ਸਾਡਾ ਜ਼ਿਲ੍ਹੇ ਦਾ ਅਜਿਹਾ ਇਕੱਲਾ ਪਰਿਵਾਰ ਹੈ ਜਿਸ ਦੇ ਦੋ ਜੀਅ ਜੰਗ ਵਿੱਚ ਜ਼ਖ਼ਮੀ ਹੋਏ, ਪਰ ਖ਼ੁਸ਼ਕਿਸਮਤੀ ਨਾਲ ਸਲਾਮਤ ਮੁੜ ਆਏ।

ਫ਼ੌਜੀ ਇਤਿਹਾਸ ਗੱਲ ਕਰਦਾ ਹੈ ਯੁੱਧਾਂ ਦੀ, ਜੰਗਾਂ ਦੀ ਅਤੇ ਉਨ੍ਹਾਂ ਬਹਾਦਰ ਸਿਰਲੱਥ ਸੂਰਮਿਆਂ ਦੀ, ਜੋ ਲੜਦੇ ਹਨ, ਮਰਦੇ ਹਨ ਅਤੇ ਦੁਸ਼ਮਣ ਨੂੰ ਮਾਰਦੇ ਹਨ, ਪਰ ਅਸੀਂ ਨਿਹੱਥਿਆਂ ਨੂੰ ਕਦੇ ਨਹੀਂ ਮਾਰਦੇ। ਹਾਂ, ਇਹ ਵੱਖਰੀ ਗੱਲ ਹੈ ਕਿ ਬੇਕਸੂਰ ਲੋਕ ਵੀ ਇਸ ਦੀ ਲਪੇਟ ਵਿੱਚ ਆ ਕੇ ਮਰ ਜ਼ਰੂਰ ਜਾਂਦੇ ਹਨ, ਭਾਵੇਂ ਉਹ ਜੰਗੀ ਮੁਹਾਜ਼ ’ਤੇ ਨਾ ਵੀ ਹੋਣ। ਫ਼ੌਜੀ ਸੂਰਮੇ ਵੱਖਰੀ ਹੀ ਮਿੱਟੀ ਦੇ ਬਣੇ ਹੁੰਦੇ ਨੇ।

ਮੈਂ ਆਪਣੀ ਗੱਲ ਜਾਰੀ ਰੱਖੀ ਅਤੇ ਉਹ ਅੱਗੋਂ ਹੁੰਗਾਰਾ ਭਰਦੀ ਰਹੀ। ਮੈਂ ਕਿਹਾ, “ਬੀਬਾ, ਮੈਂ ਤੁਹਾਡੀਆਂ ਭਾਵਨਾਵਾਂ ਅਤੇ ਤੌਖ਼ਲਿਆਂ ਦੀ ਦਿਲੋਂ ਕਦਰ ਕਰਦਾ ਹਾਂ, ਪਰ ਅਸੀਂ ਫ਼ੌਜੀ ਤਾਂ ਦੇਸ਼ ਦੇ ਰਾਖੇ ਹਾਂ। ਅਸੀਂ ਸਰਹੱਦਾਂ ’ਤੇ ਇਸ ਲਈ ਬੈਠੇ ਹਾਂ ਤਾਂ ਜੋ ਤੁਸੀਂ ਬੇਫ਼ਿਕਰ ਹੋ ਕੇ ਸੁਖ ਦੀ ਜ਼ਿੰਦਗੀ ਮਾਣ ਸਕੋ। ਆਪਣੇ ਚਾਅ ਪੂਰੇ ਕਰੋ ਅਤੇ ਮੌਜਾਂ ਮਾਣੋ। ਅਸੀਂ ਦੇਸ਼ ਦੇ ਸੰਵਿਧਾਨ ਦੇ ਰਾਖੇ ਹਾਂ। ਦੇਸ਼ ਦੀਆਂ ਸਾਰੀਆਂ ਸੇਵਾਵਾਂ ਵਿੱਚੋਂ ਅਸੀਂ (ਫ਼ੌਜੀ) ਇਕੱਲੇ ਅਜਿਹੇ ਹਾਂ, ਜੋ ਦੇਸ਼ ਲਈ ਮਰਨ ਦੀ ਸਹੁੰ ਵੀ ਚੁੱਕਦੇ ਹਾਂ। ਮਨਫ਼ੀ (-) 50 ਡਿਗਰੀ ਸੈਲਸੀਅਸ ਦੀ ਹੱਡ-ਚੀਰਵੀਂ ਠੰਢ ਤੋਂ ਲੈ ਕੇ 50 ਡਿਗਰੀ ਦੀ ਭਖਦੀ ਗਰਮੀ ਤੱਕ, ਅਸੀਂ ਉਜਾੜਾਂ, ਜੰਗਲਾਂ ਅਤੇ ਗਲੇਸ਼ੀਅਰਾਂ ਵਿੱਚ ਬੈਠ ਕੇ ਨਿਗ੍ਹਾ ਰੱਖਦੇ ਹਾਂ, ਮਤੇ ਕੋਈ ਦੁਸ਼ਮਣ ਸਾਡੀ ਪਵਿੱਤਰ ਧਰਤੀ ਵੱਲ ਮਾੜੀ ਅੱਖ ਨਾਲ ਨਾ ਵੇਖ ਲਵੇ। ਉੱਥੇ ਸਾਡੇ ਨਾਲ ਸਿਰਫ਼ ਸਾਡਾ ‘ਰੱਬ’ ਹੁੰਦਾ ਹੈ ਅਤੇ ‘ਆਪਣਿਆਂ’ ਦੀਆਂ ਦੁਆਵਾਂ ਹੁੰਦੀਆਂ ਹਨ। ਦੂਜੇ ਬੰਨੇ, ਸਰਹੱਦ ਪਾਰ ਬੈਠੇ ਜਿਸ ਇਨਸਾਨ ਨਾਲ ਸਾਡਾ ਸਾਹਮਣਾ ਹੁੰਦਾ ਹੈ (ਜੋ ਸਾਡੇ ਵਾਂਗ ਹੀ ਵਰਦੀ ਪਾਈ ਬੈਠਾ ਹੁੰਦਾ ਹੈ) ਉਸ ਨਾਲ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੁੰਦੀ ਅਤੇ ਨਾ ਕੋਈ ਝਗੜਾ ਜਾਂ ਵੰਡ-ਵੰਡਾਈ ਦਾ ਰੌਲਾ ਹੁੰਦਾ ਹੈ। ਸਰਹੱਦ ਦੇ ਉਰਵਾਰ-ਪਾਰ ਬੈਠੇ ਵਰਦੀਧਾਰੀਆਂ ਨੇ ਤਾਂ ਇੱਕ-ਦੂਜੇ ਨੂੰ ਕਦੇ ਵੇਖਿਆ ਵੀ ਨਹੀਂ ਹੁੰਦਾ, ਜਾਣਨਾ ਤਾਂ ਬਹੁਤ ਦੂਰ ਦੀ ਗੱਲ ਹੈ। ਫਿਰ ਵੀ ਅਸੀਂ ਇੱਕ-ਦੂਜੇ ਨੂੰ ਮਾਰਨ-ਮਿਟਾਉਣ ’ਤੇ ਉਤਾਰੂ ਹੁੰਦੇ ਹਾਂ। ਸਾਡੇ ਵਾਂਗ ਹੀ ਦੋਵਾਂ ਪਾਸਿਆਂ ਦੇ ਫ਼ੌਜੀਆਂ ਦੇ ਪਰਿਵਾਰ ਹਨ, ਬਜ਼ੁਰਗ ਮਾਪੇ, ਮਾਵਾਂ-ਭੈਣਾਂ ਅਤੇ ਨਿੱਕੇ-ਨਿੱਕੇ ਬੱਚੇ ਹਨ। ਜੰਗ ਵਿੱਚ ਦੋਵੇਂ ਪਾਸੇ ਮਾਵਾਂ ਦੇ ਜਵਾਨ ਪੁੱਤ ਮਰਦੇ, ਸੁਹਾਗ ਉੱਜੜਦੇ ਅਤੇ ਬੱਚੇ ਯਤੀਮ ਹੋ ਜਾਂਦੇ ਹਨ। ਫਿਰ ਵੀ ਅਸੀਂ ਪੂਰੀ ਤਾਕਤ ਨਾਲ ਜੂਝਦੇ ਹਾਂ। ਸਾਡੀ ਇਹ ਲੜਾਈ ਸਿਰਫ਼ ਅਤੇ ਸਿਰਫ਼ ਆਪੋ-ਆਪਣੇ ਦੇਸ਼ ਦੀ ਪਵਿੱਤਰ ਮਿੱਟੀ ਦੀ ਰਾਖੀ ਲਈ ਹੁੰਦੀ ਹੈ, ਜਿਸ ਦੀ ਮਹਿਕ ਸਾਡੇ ਅੰਦਰ ਅਜਿਹਾ ਜਜ਼ਬਾ ਭਰਦੀ ਹੈ ਤੇ ਸਾਥੋਂ ਇਹ ਸਭ ਕਰਵਾਉਂਦੀ ਹੈ।”

ਮੈਂ ਕਿਹਾ, “ਬੀਬਾ, ਜ਼ਰਾ ਸੋਚ ਕੇ ਦੱਸੋ ਕਿ ਲੜਾਈ ਦਾ ਹੁਕਮ ਕੌਣ ਦਿੰਦਾ ਹੈ? ਜੰਗ ਵਿੱਢਣ ਦਾ ਫ਼ੈਸਲਾ ਕੌਣ ਕਰਦਾ ਹੈ? ਇਹ ਫ਼ੈਸਲੇ ਸਾਡੇ ਆਪਣੇ ਹੁਕਮਰਾਨ ਕਰਦੇ ਹਨ- ਪਹਿਲਾਂ ਰਾਜੇ-ਮਹਾਰਾਜੇ ਹੁੰਦੇ ਸਨ ਅਤੇ ਹੁਣ ਹਕੂਮਤਾਂ, ਪਾਰਲੀਮੈਂਟਾਂ ਤੇ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ। ਇਨ੍ਹਾਂ ਲੀਡਰਾਂ ਦਾ ਜੰਗ ਵਿੱਚ ਆਪਣਾ ਕੋਈ ਨੁਕਸਾਨ ਨਹੀਂ ਹੁੰਦਾ। ਕਦੇ ਸੁਣਿਆ ਹੈ ਕਿ ਕਿਸੇ ਸਿਆਸੀ ਲੀਡਰ ਦਾ ਪੁੱਤਰ ਜਾਂ ਉਹ ਖ਼ੁਦ ਜੰਗ ਵਿੱਚ ਮਰਿਆ ਹੋਵੇ? ਮੈਂ ਤਾਂ ਕਦੇ ਨਹੀਂ ਸੁਣਿਆ।”

ਉਹ ਧੀ ਰਾਣੀ ਚੁੱਪ-ਚਾਪ ਮੇਰੀਆਂ ਗੱਲਾਂ ਸੁਣਦੀ ਰਹੀ ਅਤੇ ਹੁੰਗਾਰਾ ਭਰਦੀ ਰਹੀ। ਅੰਤ ਵਿੱਚ ਉਸ ਨੇ ਬੱਸ ਇੰਨਾ ਹੀ ਕਿਹਾ, “ਸਰ, ਜਾਗਰੂਕ ਕਰਨ ਲਈ ਤੁਹਾਡਾ ਦਿਲੋਂ ਸ਼ੁਕਰੀਆ।” ਇੱਕ ਹੋਰ ਹੈਰਾਨੀ ਦੀ ਗੱਲ ਇਹ ਹੋਈ ਕਿ ਕਈ ਸਾਲਾਂ ਮਗਰੋਂ ਉਹ ਲੜਕੀ ਮੈਨੂੰ ਅਚਾਨਕ ਇੱਕ ਸਾਹਿਤਕ ਸਮਾਗਮ ਤੇ ਪੁਸਤਕ ਮੇਲੇ ਵਿੱਚ ਮਿਲੀ ਅਤੇ ਉੱਥੇ ਅਸੀਂ ਖੁੱਲ੍ਹ ਕੇ ਗੱਲਾਂ ਕੀਤੀਆਂ।

ਇਹ ਸੱਚ ਹੈ ਕਿ ਅਸੀਂ ਫ਼ੌਜੀ ਲੜਦੇ ਹਾਂ, ਪਰ ਇਹ ਜੰਗਾਂ ਆਖ਼ਰ ਹੁੰਦੀਆਂ ਕਿਉਂ ਨੇ, ਇਹ ਬਹੁਤ ਗੰਭੀਰ ਸੋਚਣ ਵਾਲੀ ਗੱਲ ਹੈ। ਇਹ ਕਹਾਣੀ ਆਦਿ ਕਾਲ ਤੋਂ ਚਲੀ ਆ ਰਹੀ ਹੈ। ਪੱਥਰ ਯੁੱਗ ਤੋਂ ਲੈ ਕੇ ਹੁਣ ਤੱਕ ਇਨਸਾਨ ਲੜਦਾ ਹੀ ਆਇਆ ਹੈ। ਪਹਿਲਾਂ-ਪਹਿਲ ਜਿਊਣ ਲਈ ਰੋਟੀ-ਪਾਣੀ ਖ਼ਾਤਰ ਲੜਾਈ ਹੁੰਦੀ ਸੀ, ਫਿਰ ਰਾਜ ਦੇ ਪਸਾਰ ਤੇ ਜ਼ਮੀਨ ਲਈ ਹੋਣ ਲੱਗੀ ਅਤੇ ਹੁਣ ਤੇਲ (ਕੁਦਰਤੀ ਸਰੋਤਾਂ) ਲਈ ਹੋ ਰਹੀ ਹੈ; ਕਈ ਵਾਰ ਤਾਂ ਇਹ ਸਿਰਫ਼ ਹਉਮੈ ਤੇ ਹੈਂਕੜ ਕਾਰਨ ਵੀ ਹੁੰਦੀ ਹੈ। ਹੁਣ ‘ਧਰਮ’ ਵੀ ਇਸ ਸੌੜੀ ਸਿਆਸਤ ਦਾ ਹਿੱਸਾ ਬਣ ਚੁੱਕਾ ਹੈ। ਪ੍ਰਕਿਰਤੀ ਵਿੱਚ ਹਰ ਜੀਵ ਲੜਦਾ ਹੈ, ਜੂਨ ਕੋਈ ਵੀ ਹੋਵੇ, ਪਰ ਉਸ ਕੋਲ ਸੋਚਣ-ਸਮਝਣ ਦੀ ਸ਼ਕਤੀ ਨਹੀਂ ਹੁੰਦੀ। ਇਸ ਦੇ ਉਲਟ ਮਨੁੱਖ ਕੋਲ ਸਭ ਕੁਝ (ਬੁੱਧੀ ਤੇ ਸੋਚ) ਹੁੰਦਿਆਂ ਹੋਇਆਂ ਵੀ ਉਹ ਦੂਜਿਆਂ ਲਈ ਸਭ ਤੋਂ ਵੱਧ ਘਾਤਕ ਸਾਬਿਤ ਹੋ ਰਿਹਾ ਹੈ।

ਰੂਸ-ਯੂਕਰੇਨ ਜੰਗ ਵਿੱਚ ਜਦੋਂ ਤੱਕ ਫ਼ੌਜੀ ਆਹਮੋ-ਸਾਹਮਣੇ ਲੜਦੇ ਰਹੇ ਹਨ, ਉਦੋਂ ਤੱਕ ਆਮ ਨਾਗਰਿਕ ਸਿੱਧਾ ਨਿਸ਼ਾਨਾ ਨਹੀਂ ਸਨ। ਹਾਂ, ਇਹ ਸੱਚ ਹੈ ਕਿ ਉਹ ਦੋਵਾਂ ਧਿਰਾਂ ਵਿਚਾਲੇ ਪਿਸਦਾ ਅਤੇ ਮਰਦਾ ਜ਼ਰੂਰ ਰਿਹਾ ਹੈ। ਪਰ ਅਮਰੀਕਾ-ਇਜ਼ਰਾਈਲ ਬਨਾਮ ਇਰਾਨ ਦੀ ਜੰਗ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਹੈ। ਇਹ ਜੰਗ ਰਿਮੋਟ ਤਕਨੀਕ ਰਾਹੀਂ ਲੜੀ ਗਈ ਹੈ। ਸਕੂਲਾਂ, ਹਸਪਤਾਲਾਂ ਅਤੇ ਡੂੰਘੇ ਬੰਕਰਾਂ ਵਿੱਚ ਬੈਠੇ ਲੁਕੇ ਲੋਕਾਂ ਨੂੰ ਵਿਗਿਆਨ ਦੀਆਂ ਲੱਭਤਾਂ ਸਹਾਰੇ ਲੱਭ-ਲੱਭ ਕੇ ਮਾਰਿਆ ਗਿਆ ਹੈ। ਇਸ ਸਭ ਦਾ ਕਾਰਨ ਸਿਰਫ਼ ‘ਹੈਂਕੜ’, ਜ਼ਰ, ਜ਼ਮੀਨ ਅਤੇ ਹੁਣ ‘ਤੇਲ’ ਬਣ ਚੁੱਕਾ ਹੈ। ਜੰਗਾਂ ਦੇ ਇਨ੍ਹਾਂ ਭਿਆਨਕ ਕਾਰਨਾਂ ਬਾਰੇ ਇਹੀ ਸਵਾਲ 1963 ਵਿੱਚ ਬਣੀ ਅਤੇ ਬੇਹੱਦ ਮਕਬੂਲ ਹੋਈ ਫਿਲਮ ‘ਤਾਜ ਮਹਿਲ’ ਦੇ ਇੱਕ ਗੀਤ ਵਿੱਚ ਮਹਾਨ ਸ਼ਾਇਰ ਸਾਹਿਰ ਲੁਧਿਆਣਵੀ ਨੇ ਰੱਬ ਨੂੰ ਪੁੱਛਿਆ ਸੀ:

ਖ਼ੁਦਾ-ਏ-ਬਰਤਰ ਤੇਰੀ ਜ਼ਮੀਂ ਪਰ

ਜ਼ਮੀਂ ਕੀ ਖ਼ਾਤਿਰ ਯੇ ਜੰਗ ਕਿਉਂ ਹੈ

ਹਰ ਏਕ ਫ਼ਤਿਹ-ਓ-ਜ਼ਫ਼ਰ ਕੇ ਦਾਮਨ ਪੇ

ਖ਼ੂਨ-ਏ-ਇੰਸਾਂ ਕਾ ਰੰਗ ਕਿਉਂ ਹੈ

ਜ਼ਮੀਂ ਭੀ ਤੇਰੀ, ਹਮ ਭੀ ਤੇਰੇ

ਯੇ ਮਿਲਕੀਅਤ ਕਾ ਸਵਾਲ ਕਿਆ ਹੈ

ਜਿਨ੍ਹੇਂ ਤਲਬ ਹੈ ਜਹਾਨ ਭਰ ਕੀ

ਉਨ੍ਹੀਂ ਕਾ ਦਿਲ ਇਤਨਾ ਤੰਗ ਕਿਉਂ ਹੈ

ਗ਼ਰੀਬ ਮਾਓਂ ਸ਼ਰੀਫ਼ ਬਹਿਨੋਂ ਕੋ

ਅਮਨ-ਓ-ਇੱਜ਼ਤ ਕੀ ਜ਼ਿੰਦਗੀ ਦੇ

ਜਿਨ੍ਹੇਂ ਅਤਾ ਕੀ ਹੈ ਤੂਨੇ ਤਾਕ਼ਤ

ਉਨ੍ਹੇਂ ਹਿਦਾਇਤ ਕੀ ਰੌਸ਼ਨੀ ਦੇ।

- ਸੀਨੀਅਰ ਵਾਰ ਵੈਟਰਨ।

ਸੰਪਰਕ: 92165-50612

Advertisement
×