DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਸ ਨੂੰ ਮਿਲਾਂਗਾ, ਕਿਸ ਨੂੰ ਜਾ ਕੇ ਦੱਸਾਂਗਾ ?

ਮੈਂ ਪਾਕਿਸਤਾਨ ਜਾਣਾ ਸੀ ਤਾਂ ਦਿੱਲੀ ਤੋਂ ਬਬੀਤਾ ਨੇ ਫੋਨ ਕੀਤਾ ਕਿ ਪਾਕਿਸਤਾਨ ਦੀ ਮੈਂਬਰ ਪਾਰਲੀਮੈਂਟ ਅਤੇ ਹਿੰਦ-ਪਾਕਿ ਦੋਸਤੀ ਮੰਚ ਨਾਲ ਸਬੰਧਿਤ ਸ੍ਰੀਮਤੀ ਸ਼ਕੀਲਾ ਨੂੰ ਜ਼ਰੂਰ ਮਿਲ ਕੇ ਆਵੀਂ। ਲਾਹੌਰ ਵਿੱਚ ਮੈਂ ਰੇਲਵੇ ਸਟੇਸ਼ਨ ਦੇ ਬਿਲਕੁਲ ਕਰੀਬ ਗੁਰਦੁਆਰਾ ਸਿੰਘ ਸਿੰਘਣੀਆਂ...

  • fb
  • twitter
  • whatsapp
  • whatsapp
Advertisement

ਮੈਂ ਪਾਕਿਸਤਾਨ ਜਾਣਾ ਸੀ ਤਾਂ ਦਿੱਲੀ ਤੋਂ ਬਬੀਤਾ ਨੇ ਫੋਨ ਕੀਤਾ ਕਿ ਪਾਕਿਸਤਾਨ ਦੀ ਮੈਂਬਰ ਪਾਰਲੀਮੈਂਟ ਅਤੇ ਹਿੰਦ-ਪਾਕਿ ਦੋਸਤੀ ਮੰਚ ਨਾਲ ਸਬੰਧਿਤ ਸ੍ਰੀਮਤੀ ਸ਼ਕੀਲਾ ਨੂੰ ਜ਼ਰੂਰ ਮਿਲ ਕੇ ਆਵੀਂ। ਲਾਹੌਰ ਵਿੱਚ ਮੈਂ ਰੇਲਵੇ ਸਟੇਸ਼ਨ ਦੇ ਬਿਲਕੁਲ ਕਰੀਬ ਗੁਰਦੁਆਰਾ ਸਿੰਘ ਸਿੰਘਣੀਆਂ ਸਾਹਿਬ ਵਿਖੇ ਠਹਿਰਿਆ ਹੋਇਆ ਸਾਂ। ਦੋ ਦਿਨਾਂ ਬਾਅਦ ਮੈਂ ਸ਼ਕੀਲਾ ਹੋਰਾਂ ਦੇ ਭਣੇਵੇਂ ਡਾਕਟਰ ਮਕਬੂਲ ਨੂੰ ਫੋਨ ਕੀਤਾ। ਉਸ ਨੇ ਮੈਨੂੰ ਕਿਹਾ, ‘‘ਤੁਸੀਂ ਗੁਰਦੁਆਰੇ ਹੀ ਠਹਿਰੋ। ਮੈਂ ਤੁਹਾਨੂੰ ਆ ਕੇ ਲੈ ਜਾਂਦਾ ਹਾਂ ਅਤੇ ਤੁਹਾਨੂੰ ਸ਼ਕੀਲਾ ਜੀ ਅਤੇ ਹੋਰ ਲੋਕਾਂ ਨਾਲ ਮਿਲਾ ਦਿਆਂਗਾ।’’ ਜਦੋਂ ਅਸੀਂ ਡਾਕਟਰ ਮਕਬੂਲ ਦੇ ਘਰ ਜਾ ਰਹੇ ਸਾਂ ਤਾਂ ਉਹ ਰਸਤੇ ਵਿੱਚ ਆ ਰਹੀਆਂ ਇਮਾਰਤਾਂ ਬਾਰੇ ਮੈਨੂੰ ਦੱਸ ਰਿਹਾ ਸੀ ਕਿ ਇਹ ਸਕੱਤਰੇਤ ਹੈ, ਇਹ ਹਾਈ ਕੋਰਟ, ਇਹ ਪੰਜਾਬ ਯੂਨੀਵਰਸਿਟੀ। ਪੰਜਾਬ ਯੂਨੀਵਰਸਿਟੀ ਦਾ ਆਰਕੀਟੈਕਚਰ ਮੈਨੂੰ ਖਾਲਸਾ ਕਾਲਜ, ਸ੍ਰੀ ਅੰਮ੍ਰਿਤਸਰ ਜਿਹਾ ਜਾਪਿਆ। ਪੁਰਾਣੇ ਪੰਜਾਬ ਦੀ ਇਹੋ ਇੱਕ ਯੂਨੀਵਰਸਿਟੀ ਹੁੰਦੀ ਸੀ, ਜਿਸ ਦੇ ਅਧੀਨ ਜੰਮੂ ਕਸ਼ਮੀਰ ਅਤੇ ਦਿੱਲੀ ਤੋਂ ਲੈ ਕੇ ਪਿਸ਼ਾਵਰ ਤੇ ਸਿੰਧ ਦੀ ਹੱਦ ਤੱਕ ਦੇ ਕਾਲਜ ਆਉਂਦੇ ਸਨ। ਪੰਜਾਬ ਦੇ ਜ਼ਿਆਦਾਤਰ ਸਿਆਸਤਦਾਨ ਅਤੇ ਅਫ਼ਸਰ ਇਸੇ ਯੂਨੀਵਰਸਿਟੀ ਦੇ ਪੜ੍ਹੇ ਸਨ। ਇਸ ਤੋਂ ਇਲਾਵਾ ਚੀਫਸ ਕਾਲਜ (ਬਾਅਦ ’ਚ ਇਸ ਦਾ ਨਾਂ ਐਚਿਸਨ ਕਾਲਜ ਰੱਖਿਆ ਗਿਆ) ਵਿੱਚ ਉਸ ਵਕਤ ਦੇ ਮਹਾਰਾਜਿਆਂ, ਨਵਾਬਾਂ ਅਤੇ ਹੋਰ ਰਈਸਾਂ ਦੇ ਪੁੱਤਰ ਪੜ੍ਹਦੇ ਸਨ। ਇਸ ਕਾਲਜ ਦਾ ਆਲਾ-ਦੁਆਲਾ ਬਹੁਤ ਉੱਚੇ-ਉੱਚੇ ਦਰੱਖ਼ਤਾਂ ਨਾਲ ਘਿਰਿਆ ਹੋਇਆ ਸੀ, ਜਿਸ ਵਿੱਚ ਇੱਕ ਬਹੁਤ ਖ਼ੂਬਸੂਰਤ ਪੁਰਾਣੀ ਇਮਾਰਤ ਵਾਲਾ ਹੋਸਟਲ ਸੀ। ਮੈਂ ਉਸ ਵੇਲੇ ਉਸ ਸਾਂਝੇ ਪੰਜਾਬ ਦੀ ਕਲਪਨਾ ਕਰ ਰਿਹਾ ਸਾਂ, ਜਿਸ ਵਕਤ ਮਹਾਰਾਜਿਆਂ ਦੀ ਔਲਾਦ ਕਸ਼ਮੀਰ, ਪੰਜਾਬ, ਸਿੰਧ, ਪਿਸ਼ਾਵਰ ਅਤੇ ਹਿਮਾਚਲ ਪ੍ਰਦੇਸ਼ ਦੇ ਖੇਤਰਾਂ ਤੋਂ ਇੱਥੇ ਆ ਕੇ ਪੜ੍ਹਦੀ ਹੁੰਦੀ ਸੀ ਅਤੇ ਉਨ੍ਹਾਂ ਨੇ ਵੀ ਵਾਹਗੇ ਵਾਲੀ ਲਕੀਰ ਦਾ ਕਦੇ ਤਸੱਵਰ ਵੀ ਨਹੀਂ ਕੀਤਾ ਹੋਵੇਗਾ।

ਡਾਕਟਰ ਮਕਬੂਲ ਮੈਨੂੰ ਖ਼ਾਸ ਤੌਰ ’ਤੇ ਦਿਆਲ ਸਿੰਘ ਕਾਲਜ ਲੈ ਗਿਆ, ਜਿਸ ਦਾ ਨਾਂ ਅਜੇ ਵੀ ਦਿਆਲ ਸਿੰਘ ਕਾਲਜ ਸੀ ਅਤੇ ਉਸ ਦੇ ਨਾਲ ਹੀ ਦਿਆਲ ਸਿੰਘ ਲਾਇਬ੍ਰੇਰੀ ਸੀ ਅਤੇ ਇਸ ਦਾ ਨਾਂ ਵੀ ਨਹੀਂ ਸੀ ਬਦਲਿਆ ਗਿਆ। ਮੈਂ ਦਿਆਲ ਸਿੰਘ ਕਾਲਜ ਬਾਰੇ ਸੁਣਿਆ ਤਾਂ ਬਹੁਤ ਸੀ। ਸੋਚਦਾ ਸਾਂ ਕਿ ਇਹ ਕਾਲਜ ਵੀ ਖਾਲਸਾ ਕਾਲਜ, ਸ੍ਰੀ ਅੰਮ੍ਰਿਤਸਰ ਵਾਂਗ ਵਿਸ਼ਾਲ ਹੋਵੇਗਾ, ਪਰ ਅਜਿਹਾ ਨਹੀਂ ਸੀ। ਇਹ ਇੱਕ ਛੋਟਾ ਕਾਲਜ ਸੀ। ਹਾਂ, ਖਾਲਸਾ ਕਾਲਜ, ਸ੍ਰੀ ਅੰਮ੍ਰਿਤਸਰ ਨਾਲ ਜੁੜੀ ਹੋਈ ਇਸ ਕਾਲਜ ਦੀ ਇੱਕ ਇਤਿਹਾਸਕ ਸਾਂਝ ਜ਼ਰੂਰ ਸੀ। ਕਹਿੰਦੇ ਹਨ ਕਿ ਅੰਮ੍ਰਿਤਸਰ ਵਿਖੇ ਖਾਲਸਾ ਕਾਲਜ ਬਣਾਉਣ ਦਾ ਫ਼ੈਸਲਾ ਹੋ ਗਿਆ ਤਾਂ ਲਾਹੌਰ ਵਿੱਚ ‘ਦਿ ਟ੍ਰਿਬਿਊਨ’ ਅਖ਼ਬਾਰ ਦੀ ਸ਼ੁਰੂਆਤ ਕਰਨ ਵਾਲੇ ਅਤੇ ਪੰਜਾਬ ਨੈਸ਼ਨਲ ਬੈਂਕ ਸਥਾਪਿਤ ਕਰਨ ਵਾਲਿਆਂ ਵਿੱਚ ਸ਼ੁਮਾਰ ਸ. ਦਿਆਲ ਸਿੰਘ ਮਜੀਠੀਆ ਨੇ ਖਾਲਸਾ ਕਾਲਜ ਸਥਾਪਤ ਕਰਨ ਵਾਲੀ ਕਮੇਟੀ ਨੂੰ ਇਹ ਪੇਸ਼ਕਸ਼ ਕੀਤੀ ਕਿ ਤਜਵੀਜ਼ ਕੀਤੇ ਕਾਲਜ ਦਾ ਨਾਂ ਦਿਆਲ ਸਿੰਘ ਕਾਲਜ ਰੱਖ ਦੇਣ ਤਾਂ ਇਸ ਲਈ ਸਾਰਾ ਖਰਚ ਉਹ ਆਪ ਕਰਨਗੇ। ਕਮੇਟੀ ਨੇ ਸੋਚਣ ਲਈ ਸਮਾਂ ਲੈ ਲਿਆ ਅਤੇ ਬਾਅਦ ਵਿੱਚ ਇਹ ਪੇਸ਼ਕਸ਼ ਠੁਕਰਾ ਦਿੱਤੀ ਕਿਉਂਕਿ ਤਜਵੀਜ਼ ਕੀਤੇ ਕਾਲਜ ਦਾ ਨਾਂ ‘ਖਾਲਸਾ ਕਾਲਜ’ ਰੱਖਣ ਦੀ ਸਹਿਮਤੀ ਪ੍ਰਗਟਾਈ ਗਈ ਸੀ। ਇਸ ਲਈ ਬਾਅਦ ਵਿੱਚ ਦਿਆਲ ਸਿੰਘ ਮਜੀਠੀਆ ਨੇ ਲਾਹੌਰ ਵਿੱਚ ਦਿਆਲ ਸਿੰਘ ਕਾਲਜ ਸਥਾਪਤ ਕੀਤਾ। ਇਹ ਗੱਲ ਡਾਕਟਰ ਮਕਬੂਲ ਲਈ ਨਵੀਂ ਸੀ। ਉਹ ਦੱਸਣ ਲੱਗਾ ਕਿ ਇਸ ਕਾਲਜ ਬਾਰੇ ਮੈਂ ਇੰਨਾ ਹੀ ਜਾਣਦਾ ਹਾਂ ਕਿ ਇਹ ਕਾਲਜ ਕਿਸੇ ਸਿੱਖ ਰਈਸ ਨੇ ਬਣਵਾਇਆ ਸੀ ਅਤੇ ਇਸ ਕਾਲਜ ਦਾ ਨਾਂ ਵੰਡ ਤੋਂ ਬਾਅਦ ਵੀ ਨਹੀਂ ਬਦਲਿਆ ਗਿਆ ਕਿਉਂਕਿ ਇਸ ਕਾਲਜ ਦਾ ਇੱਕ ਲੰਮਾ ਇਤਿਹਾਸ ਸੀ।

Advertisement

ਖ਼ੈਰ, ਥੋੜ੍ਹੇ ਚਿਰ ਬਾਅਦ ਅਸੀਂ ਡਾਕਟਰ ਮਕਬੂਲ ਦੇ ਘਰ ਦੇ ਬਾਹਰ ਖੜ੍ਹੇ ਸਾਂ। ਘਰ ਦੇ ਬਾਹਰ ਜਿੰਦਰਾ ਲੱਗਿਆ ਹੋਇਆ ਸੀ। ਡਾਕਟਰ ਮਕਬੂਲ ਕਾਰ ’ਚੋਂ ਉਤਰਿਆ। ਮੈਂ ਸੋਚਿਆ ਕਿ ਉਹ ਗੁਆਂਢ ਤੋਂ ਚਾਬੀ ਲੈਣ ਗਿਆ ਹੈ, ਪਰ ਉਹ ਕੁਝ ਚਿਰ ਬਾਅਦ ਦੂਸਰੀ ਤਰਫ਼ ਤੋਂ ਚਾਬੀ ਲੈ ਕੇ ਆ ਰਿਹਾ ਸੀ। ਘਰ ਜਾ ਕੇ ਮੈਂ ਵੇਖਿਆ ਕਿ ਉਸ ਦੀ ਪਤਨੀ ਅਤੇ ਬੱਚੇ ਸਾਨੂੰ ਉਡੀਕ ਰਹੇ ਸਨ। ਸਾਰਾ ਪਰਿਵਾਰ ਘਰ ਅੰਦਰ ਸੀ ਅਤੇ ਬਾਹਰੋਂ ਜਿੰਦਰਾ ਮਾਰਿਆ ਹੋਇਆ। ਮੈਂ ਇਸ ’ਤੇ ਹੈਰਾਨ ਸਾਂ। ਡਾਕਟਰ ਮਕਬੂਲ ਆਪ ਹੀ ਦੱਸਣ ਲੱਗ ਪਿਆ ਕਿ ਉਸ ਦੀ ਪਤਨੀ ਡਾਕਟਰ ਹੈ। ਪਾਕਿਸਤਾਨ ਵਿੱਚ ਲੇਡੀ ਡਾਕਟਰਾਂ ਦੀ ਕਮੀ ਹੈ। ਪਾਕਿਸਤਾਨ ਦੇ ਸਮਾਜਿਕ ਢਾਂਚੇ ਅਨੁਸਾਰ ਔਰਤਾਂ ਨੂੰ ਔਰਤ ਡਾਕਟਰ ਹੀ ਵੇਖਦੀ ਹੈ, ਜਿਸ ਕਰਕੇ ਉਸ ਦੀ ਪਤਨੀ ਕੰਮ ਵਿੱਚ ਇੰਨੀ ਰੁੱਝੀ ਰਹਿੰਦੀ ਹੈ ਕਿ ਕਈ ਵਾਰ ਤਾਂ ਉਹ ਦੋ ਦੋ ਰਾਤਾਂ ਵੀ ਸੌਂ ਨਹੀਂ ਸਕਦੀ। ਇਸ ਲਈ ਮਜਬੂਰ ਹੋ ਕੇ ਅਸੀਂ ਇਹ ਢੰਗ ਵੀ ਅਪਣਾਇਆ ਹੋਇਆ ਹੈ ਅਤੇ ਪ੍ਰਭਾਵ ਦਿੰਦੇ ਹਾਂ ਕਿ ਘਰ ਵਿੱਚ ਕੋਈ ਨਹੀਂ।

Advertisement

ਡਾਕਟਰ ਮਕਬੂਲ ਦੇ ਬੱਚੇ ਮੇਰੇ ਕੋਲ ਬੈਠ ਗਏ ਅਤੇ ਉਸ ਦੀ ਪਤਨੀ ਮੇਰੇ ਲਈ ਚਾਹ ਬਣਾ ਲਿਆਈ। ਅੰਮ੍ਰਿਤਸਰ, ਜਲੰਧਰ, ਦਿੱਲੀ ਆਦਿ ਬਾਰੇ ਡਾਕਟਰ ਮਕਬੂਲ ਦੇ ਸਵਾਲਾਂ ਤੋਂ ਜਾਪਦਾ ਸੀ ਕਿ ਉਸ ਨੂੰ ਚੜ੍ਹਦੇ ਪੰਜਾਬ ਬਾਰੇ ਜਾਣਨ ਦੀ ਬਹੁਤ ਵੱਡੀ ਖ਼ਾਹਿਸ਼ ਸੀ। ਦਰਿਆ ਬਿਆਸ, ਸਤਲੁਜ ਕਿੱਥੋਂ ਨਿਕਲਦੇ ਹਨ, ਪੰਜਾਬ ਵਿੱਚ ਕੁਝ ਖੇਤਰ ਪਹਾੜੀ ਵੀ ਹੋਵੇਗਾ, ਬਾਰਸ਼ਾਂ ਦੇ ਦਿਨਾਂ ਵਿੱਚ ਇਹ ਦਰਿਆ ਬਹੁਤ ਭਰ ਜਾਂਦੇ ਹੋਣਗੇ, ਹੜ੍ਹ ਵੀ ਆਉਂਦੇ ਹੋਣਗੇ, ਪਿੰਡਾਂ ਵਿੱਚ ਸਿੱਖਿਆ ਦੀ ਕੀ ਸਥਿਤੀ ਹੈ ਅਤੇ ਹੋਰ ਵੀ ਅਨੇਕਾਂ ਹੀ ਸਵਾਲ ਪੁੱਛ ਰਿਹਾ ਸੀ। ਇਸੇ ਦੌਰਾਨ ਸ਼ਕੀਲਾ ਹੋਰਾਂ ਦਾ ਫੋਨ ਆਇਆ ਕਿ ਉਹ ਤਾਂ ਕਦੋਂ ਦੇ ਉਡੀਕ ਰਹੇ ਹਨ।

ਸ਼ਕੀਲਾ ਹੋਰਾਂ ਦਾ ਘਰ ਬਹੁਤ ਹੀ ਖ਼ੂਬਸੂਰਤ ਸੀ, ਜਿਸ ਦੇ ਬਾਹਰ ਬੜੇ ਖ਼ੂਬਸੂਰਤ ਫਲਾਂ ਅਤੇ ਫੁੱਲਾਂ ਦੇ ਪੌਦੇ ਸਨ। ਉਨ੍ਹਾਂ ਦੇ ਡਰਾਇੰਗ ਰੂਮ ਵਿੱਚ ਉਨ੍ਹਾਂ ਦੇ ਪਤੀ ਦੀ ਵੱਡੀ ਸਾਰੀ ਫੋਟੋ ਲੱਗੀ ਹੋਈ ਸੀ ਜੋ ਕੇਂਦਰੀ ਮੰਤਰੀ ਰਹੇ ਸਨ ਅਤੇ ਸਮਾਜਵਾਦੀ ਵਿਚਾਰਧਾਰਾ ਦੇ ਸਨ।

“ਫਿਰੋਜ਼ਪੁਰ ਵੀ ਜਾਂਦੇ ਹੋਵੋਗੇ?’’ ਸ਼ਕੀਲਾ ਹੋਰਾਂ ਨੇ ਮੈਨੂੰ ਪੁੱਛਿਆ।

“ਹਾਂ, ਅਨੇਕਾਂ ਵਾਰ ਗਿਆ ਹਾਂ,” ਮੈਂ ਜਵਾਬ ਦਿੱਤਾ।

‘‘ਮੈਂ ਫਿਰੋਜ਼ਪੁਰ ਨੂੰ ਨਹੀਂ ਭੁੱਲ ਸਕਦੀ। ਮੇਰਾ ਜਨਮ ਉੱਥੋਂ ਦਾ ਹੈ। ਦਿੱਲੀ ਦਰਵਾਜ਼ੇ ਵਾਲੀ ਗਲੀ। ਗਲੀ ਵਿੱਚ ਜ਼ਿਆਦਾ ਘਰ ਮੁਸਲਮਾਨਾਂ ਦੇ ਤੇ ਕੁਝ ਕੁ ਹਿੰਦੂ, ਸਿੱਖਾਂ ਦੇ ਸਨ। ਚਾਚਾ ਚਾਨਣ ਸਿੰਘ ਮੇਰੇ ਅੱਬਾ ਦਾ ਪੱਗ-ਵੱਟ ਭਰਾ ਸੀ। ਸਾਨੂੰ ਉਹ ਕਾਫ਼ਲੇ ਨਾਲ ਮਿਲਾ ਕੇ ਗਿਆ ਸੀ। ਉਸ ਵਕਤ ਬਹੁਤ ਸਾਰੇ ਮੁਸਲਮਾਨ ਮਾਰੇ ਗਏ ਸਨ, ਪਰ ਚਾਚਾ ਚਾਨਣ ਸਿੰਘ ਅਤੇ ਉਸ ਦੇ ਵੱਡੇ ਭਰਾ ਨੇ ਆਪਣੀਆਂ ਜਾਨਾਂ ਤਲੀ ’ਤੇ ਰੱਖ ਕੇ ਸਾਨੂੰ ਕਾਫ਼ਲੇ ਨਾਲ ਮਿਲਾਇਆ ਸੀ। ਰਸਤੇ ਵਿੱਚ ਹਿੰਦੂ ਸਿੱਖਾਂ ਦੇ ਕੁਝ ਟੋਲਿਆਂ ਨੇ ਉਨ੍ਹਾਂ ਨੂੰ ਲਲਕਾਰਿਆ ਸੀ। ਮੈਂ ਛੋਟੀ ਜਿਹੀ ਸਾਂ, ਚਾਚੇ ਚਾਨਣ ਸਿੰਘ ਨੇ ਮੈਨੂੰ ਚੁੱਕਿਆ ਹੋਇਆ ਸੀ। ਮੈਂ ਚਾਚੇ ਚਾਨਣ ਸਿੰਘ ਨੂੰ ਨਹੀਂ ਭੁੱਲ ਸਕੀ। ਉਹ ਮੈਨੂੰ ਚੁੱਕ ਕੇ ਮੇਲੇ ਵਿੱਚ ਲਿਜਾਂਦਾ ਹੁੰਦਾ ਸੀ, ਜਲੇਬੀਆਂ, ਆਈਸ ਕਰੀਮ ਖਵਾਉਣੀ ਅਤੇ ਵਾਪਸੀ ’ਤੇ ਛੋਟੇ-ਛੋਟੇ ਖਿਡੌਣੇ ਲੈ ਕੇ ਦੇਣੇ, ਪਰ ਮੈਂ ਜ਼ਿੱਦ ਕਰਕੇ ਉਹ ਖਿਡੌਣੇ ਲੈਂਦੀ ਸਾਂ ਜਿਹੜੇ ਮੈਨੂੰ ਪਸੰਦ ਹੁੰਦੇ ਸਨ।” ਉਹ ਦੱਸਦੀ ਜਾ ਰਹੀ ਸੀ ਅਤੇ ਉਸ ਦੀਆਂ ਅੱਖਾਂ ਵਿੱਚੋਂ ਅੱਥਰੂ ਵਗ ਰਹੇ ਸਨ। 59 ਸਾਲਾਂ ਬਾਅਦ ਵੀ ਅੱਖਾਂ ਵਿੱਚੋਂ ਅੱਥਰੂ! ਇਹ ਕਿਸ ਤਰ੍ਹਾਂ ਦੀਆਂ ਡੂੰਘੀਆਂ ਸਾਂਝਾਂ ਸਨ!

‘‘ਬਾਅਦ ਵਿੱਚ ਤੁਸੀਂ ਕਦੇ ਫਿਰੋਜ਼ਪੁਰ ਗਏ ਨਹੀਂ?’’ ਮੈਂ ਪੁੱਛਿਆ।

‘‘ਸਿਰਫ਼ ਇੱਕ ਵਾਰ, ਕੋਈ ਦੋ ਸਾਲ ਪਹਿਲਾਂ। ਪਰ ਉੱਥੇ ਤਾਂ ਹੁਣ ਕੋਈ ਇਹ ਵੀ ਨਹੀਂ ਸੀ ਜਾਣਦਾ ਕਿ ਅਸੀਂ ਉੱਥੇ ਰਹਿੰਦੇ ਰਹੇ ਸਾਂ। ਉਹ ਟੂਟੀ ਜਿਸ ਤੋਂ ਪਾਣੀ ਪੀਂਦੇ ਹੁੰਦੇ ਸਾਂ, ਉਹ ਤਾਂ ਅਜੇ ਵੀ ਹੈ ਅਤੇ ਮੈਂ ਵੇਖ ਆਈ ਹਾਂ ਪਰ ਉਸ ਟੂਟੀ ਦੇ ਇਰਦ ਗਿਰਦ ਜਿਹੜੇ ਮਰਦ ਔਰਤਾਂ ਉਦੋਂ ਹੁੰਦੇ ਸਨ ਉਨ੍ਹਾਂ ਵਿੱਚੋਂ ਤਾਂ ਇੱਕ ਵੀ ਨਹੀਂ ਮਿਲਿਆ। ਚਾਨਣ ਸਿੰਘ ਦੇ ਪਰਿਵਾਰ ਵਿੱਚੋਂ ਉਨ੍ਹਾਂ ਦੇ ਪੋਤਰੇ ਮਿਲੇ ਤਾਂ ਸਨ ਪਰ ਕਈ ਗੱਲਾਂ ਜਿਹੜੀਆਂ ਉਸ ਪਰਿਵਾਰ ਬਾਰੇ ਮੈਂ ਜਾਣਦੀ ਸਾਂ, ਉਹ ਤਾਂ ਉਹ ਵੀ ਨਹੀਂ ਸਨ ਜਾਣਦੇ। ਫਿਰ ਵੀ ਉਨ੍ਹਾਂ ਬੱਚਿਆਂ ਵਿੱਚੋਂ ਮੈਂ ਉਨ੍ਹਾਂ ਦੇ ਦਾਦੇ, ਦਾਦੀ ਦੇ ਦਰਸ਼ਨ ਕੀਤੇ। ਮੈਨੂੰ ਸਕੂਨ ਮਿਲਿਆ। ਮੈਂ ਉਸ ਧਰਤੀ ਨੂੰ ਸਲਾਮ ਕੀਤੀ, ਉਸ ਧਰਤੀ ਅਤੇ ਉਨ੍ਹਾਂ ਲੋਕਾਂ ਦੀ ਸੁੱਖ-ਸਾਂਦ ਮੰਗੀ। ਮੇਰੇ ਅੱਬਾ ਮਰਨ ਤੱਕ ਫਿਰੋਜ਼ਪੁਰ ਨੂੰ ਯਾਦ ਕਰਦੇ ਰਹੇ ਅਤੇ ਲਗਾਤਾਰ ਕਹਿੰਦੇ ਕਿ ਸੁਪਨੇ ਵਿੱਚ ਮੈਂ ਤੇ ਚਾਨਣ ਸਿੰਘ ਸਾਈਕਲਾਂ ’ਤੇ ਮਲ੍ਹਾਂਵਾਲੇ ਨੂੰ ਜਾਂਦੇ ਰਹੇ ਹਾਂ। ਅਸੀਂ ਸੁਪਨੇ ਵਿੱਚ ਫਿਰੋਜ਼ਪੁਰ ਤੋਂ ਸੋਡਾ ਪੀਂਦੇ ਰਹੇ ਹਾਂ। ਇਹ ਵੀ ਅਜੀਬ ਵੰਡ ਸੀ, ਜਿਨ੍ਹਾਂ ਲੋਕਾਂ ਨੇ ਜਾਨਾਂ ਹੂਲ ਕੇ ਉੱਧਰੋਂ ਲੋਕਾਂ ਨੂੰ ਇਧਰ ਭੇਜਿਆ, ਜਿਹੜੇ ਰਿਸ਼ਤੇਦਾਰਾਂ ਤੋਂ ਕਿਤੇ ਉੱਤੇ ਸਨ ਉਹ ਤਾਂ ਰਿਸ਼ਤੇਦਾਰ ਗਿਣੇ ਹੀ ਨਾ ਗਏ। ਉਨ੍ਹਾਂ ਦੇ ਸੱਦੇ ’ਤੇ ਤਾਂ ਸਾਨੂੰ ਵੀਜ਼ਾ ਨਹੀਂ ਮਿਲ ਸਕਦਾ, ਪਰ ਜੋ ਜ਼ਿੰਦਗੀ ਵਿੱਚ ਇੱਕ ਵਾਰ ਵੀ ਨਹੀਂ ਮਿਲੇ, ਜੇ ਉਹ ਰਿਸ਼ਤੇਦਾਰ ਹਨ ਤਾਂ ਉਨ੍ਹਾਂ ਦੇ ਨਾਂ ’ਤੇ ਵੀਜ਼ਾ ਮਿਲ ਸਕਦਾ ਹੈ। ਇਹ ਕਿਹੋ ਜਿਹਾ ਕਾਨੂੰਨ ਹੈ। ਮੈਂ ਪਾਰਲੀਮੈਂਟ ਦੀ ਮੈਂਬਰ ਹੋਣ ਕਰਕੇ ਫਿਰੋਜ਼ਪੁਰ ਤਾਂ ਵੇਖ ਆਈ ਹਾਂ ਪਰ ਲੱਖਾਂ ਉਹ ਲੋਕ ਜਿਹੜੇ ਆਪਣੇ ਪੁਰਾਣੇ ਘਰਾਂ ਅਤੇ ਸਾਥੀਆਂ ਨੂੰ ਵੇਖਣ ਲਈ ਤਰਸਦੇ ਰਹੇ ਅਤੇ ਪੁਰਾਣੇ ਸਾਥੀਆਂ ਨੂੰ ਮਿਲਣ ਦੀ ਖ਼ਾਹਿਸ਼ ਨਾਲ ਹੀ ਲੈ ਕੇ ਇਸ ਦੁਨੀਆ ਤੋਂ ਚਲੇ ਗਏ... ... ...।’’

ਮੈਂ ਸ਼ਕੀਲਾ ਹੋਰਾਂ ਨੂੰ ਬਹੁਤ ਕੁਝ ਪੁੱਛਣਾ ਚਾਹੁੰਦਾ ਸਾਂ ਪਰ ਉਹ ਤਾਂ ਮੌਕਾ ਹੀ ਨਹੀਂ ਸਨ ਦੇ ਰਹੇ, ਪਰ ਉਸ ਵਕਤ ਮੈਂ ਇਹ ਕਲਪਨਾ ਜ਼ਰੂਰ ਕਰ ਸਕਦਾ ਸਾਂ ਕਿ ਭਾਪਾ ਜੀ ਵੀ ਤਾਂ ਇਸੇ ਤਰ੍ਹਾਂ ਹੀ ਕਹਿੰਦੇ ਹੁੰਦੇ ਹਨ ਕਿ ‘ਸੁਪਨੇ ਵਿੱਚ ਅੱਜ ਮੈਂ ਸਾਰੀ ਰਾਤ ਆਪਣੀ ਪੈਲੀ ਨੂੰ ਪਾਣੀ ਲਾਉਂਦਾ ਰਿਹਾ ਹਾਂ। ਅੱਜ ਮੈਂ ਬਾਗ਼ ਦੇ ਦੁਆਲੇ ਘੁੰਮਦਾ ਰਿਹਾ ਹਾਂ। ਅੱਜ ਮੈਂ ਸਰਗੋਧੇ ਸ਼ਹਿਰ ਵਿੱਚ ਸਾਈਕਲ ਚਲਾਉਂਦਾ ਰਿਹਾ ਹਾਂ।’ ਉਨ੍ਹਾਂ ਨੂੰ ਆਪਣਾ ਪਿਛਲਾ ਪਿੰਡ ਵੇਖਣ ਦੀ ਕਿੰਨੀ ਖ਼ਾਹਿਸ਼ ਸੀ। ਮੈਂ ਕਹਿੰਦਾ, ‘‘ਹੁਣ ਤਾਂ ਮਾਹੌਲ ਠੀਕ ਹੈ, ਅਸੀਂ ਤੁਹਾਨੂੰ ਤੁਹਾਡਾ ਪਿੰਡ ਜ਼ਰੂਰ ਦਿਖਾਵਾਂਗੇ।’’

ਸਮਾਂ ਕਾਫ਼ੀ ਹੋ ਗਿਆ ਸੀ। ਡਾਕਟਰ ਮਕਬੂਲ ਨੇ ਆਪਣੇ ਦੋਸਤ ਇਕਬਾਲ ਨੂੰ ਚਾਰ ਵਜੇ ਮਿਲਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ। ਲਾਹੌਰ ਦੇ ਮਾਡਲ ਟਾਊਨ ਵਿੱਚ ਰਹਿੰਦਾ ਇਕਬਾਲ ਵੱਡਾ ਉਦਯੋਗਪਤੀ ਹੈ, ਜਿਸ ਦਾ ਪਰਿਵਾਰ ਜਲੰਧਰ ਤੋਂ ਓਧਰ ਗਿਆ ਸੀ। ਅਸੀਂ ਉੱਠਣ ਲੱਗੇ ਤਾਂ ਸ਼ਕੀਲਾ ਹੋਰਾਂ ਨੇ ਕਿਹਾ, ‘‘ਪੰਜ ਮਿੰਟ ਹੋਰ ਬੈਠ ਜਾਓ। ਮੈਂ ਤਾਂ ਤੁਹਾਡੇ ਬਾਰੇ ਕੁਝ ਵੀ ਨਹੀਂ ਪੁੱਛਿਆ। ਹਾਂ, ਮੈਂ ਹੁਣ ਫਿਰ ਭਾਰਤ ਆਉਣਾ ਹੈ। ਮੇਰੇ ਨਾਲ ਫਿਰੋਜ਼ਪੁਰ ਚੱਲਿਓ। ਮੈਂ ਫਿਰੋਜ਼ਪੁਰ ਆਪਣਾ ਘਰ ਇੱਕ ਵਾਰ ਫਿਰ ਵੇਖਣਾ ਚਾਹੁੰਦੀ ਹਾਂ। ਉੱਥੇ ਜਾ ਕੇ ਮੈਨੂੰ ਅਜੀਬ ਸਕੂਨ ਮਿਲਿਆ ਸੀ। ਜਦੋਂ ਵਾਪਸ ਆ ਕੇ ਆਪਣੀ ਮਾਂ ਅਤੇ ਭੂਆ ਨੂੰ ਉੱਥੇ ਜਾਣ ਬਾਰੇ ਦੱਸਿਆ ਸੀ ਤਾਂ ਉਹ ਕਿੰਨਾ ਚਿਰ ਮੈਨੂੰ ਇੱਕ-ਇੱਕ ਗੱਲ ਦੁਹਰਾਅ ਕੇ ਪੁੱਛਦੀਆਂ ਰਹੀਆਂ ਸਨ। ਉਹ ਤਾਂ ਆਪਣਾ ਘਰ ਵੇਖਣ ਲਈ ਤਰਸਦੀਆਂ ਹੀ ਰਹੀਆਂ ਸਨ।”

ਡਾਕਟਰ ਮਕਬੂਲ ਉੱਠ ਖੜ੍ਹਾ ਹੋਇਆ। ਮੈਂ ਸਮਝ ਗਿਆ ਕਿ ਉਹ ਲੇਟ ਹੋ ਰਿਹਾ ਹੈ। ਜਦ ਅਸੀਂ ਬਾਹਰ ਆ ਰਹੇ ਸਾਂ ਤਾਂ ਮੈਂ ਸੋਚਿਆ ਕਿ ਸ਼ਕੀਲਾ ਹੋਰਾਂ ਨੂੰ ਉਸ ਮਿੱਟੀ ਨਾਲ ਕਿੰਨਾ ਮੋਹ ਹੈ। ਉਨ੍ਹਾਂ ਕਿਹਾ ਸੀ ਕਿ ‘ਮੈਂ ਤਾਂ ਤੁਹਾਡੇ ਬਾਰੇ ਕੁਝ ਵੀ ਨਹੀਂ ਪੁੱਛਿਆ’, ਪਰ ਗੱਲ ਉਨ੍ਹਾਂ ਫਿਰ ਆਪਣੀ ਹੀ ਸ਼ੁਰੂ ਕਰ ਦਿੱਤੀ। ਮੇਰੇ ਕੋਲੋਂ ਤਾਂ ਉਨ੍ਹਾਂ ਕੁਝ ਵੀ ਨਹੀਂ ਪੁੱਛਿਆ। ਭਾਵੇਂ ਉਨ੍ਹਾਂ ਦੇ ਪਤੀ ਕੇਂਦਰੀ ਸਰਕਾਰ ਦੇ ਮੰਤਰੀ ਰਹੇ ਸਨ ਅਤੇ ਉਹ ਆਪ ਪਾਰਲੀਮੈਂਟ ਮੈਂਬਰ ਹਨ ਅਤੇ ਵਿਦੇਸ਼ਾਂ ਵਿੱਚ ਘੁੰਮਦੇ ਹਨ ਪਰ ਫਿਰੋਜ਼ਪੁਰ ਦੀ ਉਸ ਗਲੀ ਨੂੰ ਉਹ ਕਿਸ ਸ਼ਿੱਦਤ ਨਾਲ ਯਾਦ ਕਰਦੇ ਹਨ।

ਅਸੀਂ ਕੋਈ 4.30 ਵਜੇ ਇਕਬਾਲ ਦੇ ਘਰ ਪਹੁੰਚ ਗਏ। ਉਹ ਅਤੇ ਉਸ ਦਾ ਦੋਸਤ ਸਾਨੂੰ ਕਾਫ਼ੀ ਸਮੇਂ ਤੋਂ ਉਡੀਕ ਰਹੇ ਸਨ। ਅਸੀਂ ਉਨ੍ਹਾਂ ਦੇ ਡਰਾਇੰਗ ਰੂਮ ਵਿੱਚ ਜਾ ਬੈਠੇ ਤਾਂ ਉਸ ਦੇ ਦੋ ਪੁੱਤਰ ਵੀ ਉੱਥੇ ਆ ਗਏ ਅਤੇ ਸਾਡੇ ਕੋਲ ਬੈਠ ਗਏ। ਡਾਕਟਰ ਮਕਬੂਲ ਨੇ ਮੇਰੀ ਵਾਕਫ਼ੀਅਤ ਕਰਾਉਂਦਿਆਂ ਦੱਸਿਆ ਕਿ ਡਾਕਟਰ ਛੀਨਾ ਭਾਰਤ ਦੇ ਨਾਮਵਰ ਕਾਲਜ, ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਅਰਥ ਸ਼ਾਸਤਰ ਪੜ੍ਹਾਉਂਦੇ ਰਹੇ ਹਨ ਅਤੇ ਮੇਰੇ ਮਾਸੀ ਜੀ ਸ੍ਰੀਮਤੀ ਸ਼ਕੀਲਾ ਦੇ ਜਾਣਕਾਰਾਂ ਦੇ ਵਾਕਫ਼ ਹਨ। ਇਕਬਾਲ ਨੂੰ ਜਿਵੇਂ ਬਹੁਤ ਕੁਝ ਪੁੱਛਣ ਦੀ ਕਾਹਲ ਸੀ, “ਸਰਦਾਰ ਜੀ, ਤੁਸੀਂ ਜਲੰਧਰ ਤਾਂ ਕਈ ਵਾਰ ਜਾਂਦੇ ਹੋਵੋਗੇ। ਜਲੰਧਰ ਦੀ ਬਸਤੀ ਸ਼ੇਖ ਵਿੱਚ ਸਾਡਾ ਘਰ ਸੀ। ਮੇਰਾ ਜਨਮ ਵੀ ਉੱਥੇ ਹੀ ਹੋਇਆ ਸੀ। ਮੇਰੇ ਅੱਬਾ ਜੀ ਦੀ ਉੱਥੇ ਛੋਟੀ ਜਿਹੀ ਫਾਊਂਡਰੀ ਸੀ। ਭਾਵੇਂ ਮੈਂ ਉਦੋਂ ਚਾਰ ਸਾਲ ਦਾ ਸਾਂ ਜਦੋਂ ਪਾਕਿਸਤਾਨ ਬਣਿਆ ਸੀ ਪਰ ਮੈਨੂੰ ਅੱਜ ਤੱਕ ਵੀ ਜਲੰਧਰ ਵਾਲਾ ਆਪਣਾ ਘਰ ਯਾਦ ਹੈ। ਮੇਰੇ ਅੱਬਾ ਤਾਂ ਆਪਣੇ ਜਲੰਧਰ ਨੂੰ ਯਾਦ ਕਰਦੇ ਕਰਦੇ ਫੌਤ ਹੋ ਗਏ। ਉਨ੍ਹਾਂ ਨੇ ਕਈ ਵਾਰ ਵੀਜ਼ਾ ਲੈਣ ਦੀ ਕੋਸ਼ਿਸ਼ ਵੀ ਕੀਤੀ, ਕਦੀ ਮੈਚ ਵੇਖਣ ਲਈ, ਕਦੀ ਧਾਰਮਿਕ ਜਗ੍ਹਾ ’ਤੇ ਜਾਣ ਲਈ ਪਰ ਉਨ੍ਹਾਂ ਨੂੰ ਸਾਰੀ ਜ਼ਿੰਦਗੀ ਵੀਜ਼ਾ ਹੀ ਨਹੀਂ ਸੀ ਮਿਲ ਸਕਿਆ। ਜ਼ਿੰਦਗੀ ਭਰ ਉਨ੍ਹਾਂ ਨੂੰ ਜਲੰਧਰ ਦੀਆਂ ਵੱਖ ਵੱਖ ਥਾਵਾਂ ਅਤੇ ਜਲੰਧਰ ਵਾਲੇ ਸਾਥੀਆਂ ਦੇ ਸੁਪਨੇ ਆਉਂਦੇ ਰਹੇ। ਉਹ ਬਾਵਾ ਸਿੰਘ ਦੇ ਪਰਿਵਾਰ ਨੂੰ ਤਾਂ ਮਰਨ ਤੱਕ ਯਾਦ ਕਰਦੇ ਰਹੇ। ਅਸਲ ਵਿੱਚ ਅੱਬਾ ਨਾਲ ਬਾਵਾ ਸਿੰਘ ਦੇ ਭਰਾਵਾਂ ਤੋਂ ਵੀ ਵੱਧ ਸਬੰਧ ਸਨ। ਇੱਥੋਂ ਤੱਕ ਕਿ ਮੇਰੀਆਂ ਭੂਆ ਦੇ ਵਿਆਹ ਵੀ ਬਾਵਾ ਸਿੰਘ ਦੀ ਸਲਾਹ ਨਾਲ ਕੀਤੇ ਸਨ। ਬਾਵਾ ਸਿੰਘ ਦੇ ਭਰਾ ਅਤੇ ਲੜਕੇ ਸਾਨੂੰ ਕਰਤਾਰਪੁਰ ਤੱਕ ਛੱਡ ਕੇ ਗਏ ਸਨ। ਜਦੋਂ ਅਖੀਰ ਕਰਤਾਰਪੁਰ ਕੈਂਪ ਵਿੱਚ ਛੱਡ ਕੇ ਵਾਪਸ ਜਾਣ ਲੱਗੇ ਸਨ ਤਾਂ ਭੁੱਬਾਂ ਮਾਰ ਕੇ ਰੋਏ ਸਨ। ਉਨ੍ਹਾਂ ਇੱਕ ਗੱਲ ਹੀ ਕਹੀ ਸੀ ਛੇਤੀ ਖ਼ਤ ਲਿਖ ਕੇ ਆਪਣੀ ਸੁੱਖ-ਸਾਂਦ ਦੱਸਿਓ। ਇਧਰ ਆ ਕੇ ਕੋਈ ਪੰਜ ਸਾਲ ਸਾਨੂੰ ਪੱਕਾ ਘਰ ਹੀ ਨਹੀਂ ਸੀ ਮਿਲਿਆ। ਕਦੇ ਕਿਸੇ ਜਗ੍ਹਾ ਕਦੇ ਕਿਸੇ ਜਗ੍ਹਾ। ਅਖੀਰ ਜਦੋਂ 1952-53 ਵਿੱਚ ਇੱਕ ਪੱਕੇ ਘਰ ਵਿੱਚ ਟਿਕੇ ਤਾਂ ਅੱਬਾ ਨੇ ਬਾਵਾ ਸਿੰਘ ਨੂੰ ਚਿੱਠੀ ਲਿਖੀ। ਕੁਝ ਦਿਨਾਂ ਬਾਅਦ ਹੀ ਬਾਵਾ ਸਿੰਘ ਦੀ ਕੋਈ ਛੇ ਸਫ਼ਿਆਂ ਦੀ ਬੜੀ ਲੰਮੀ ਚਿੱਠੀ ਆਈ ਜਿਸ ਵਿੱਚ ਉਸ ਨੇ ਵਾਰ-ਵਾਰ ਤਾਕੀਦ ਕੀਤੀ ਕਿ ਉਹ ਉਸ ਕੋਲ ਮਿਲਣ ਲਈ ਆਉਣ। ਫਿਰ ਛੇ ਕੁ ਮਹੀਨੇ ਬਾਅਦ ਬਾਵਾ ਸਿੰਘ ਨੂੰ ਇੱਕ ਹੋਰ ਚਿੱਠੀ ਲਿਖੀ, ਪਰ ਉਧਰੋਂ ਉਸ ਦੇ ਪੁੱਤਰ ਦਾ ਜਵਾਬ ਆਇਆ ਕਿ ਬਾਵਾ ਸਿੰਘ ਫੌਤ ਹੋ ਗਿਆ ਹੈ। ਫਿਰ ਇੱਕ ਦੋ ਚਿੱਠੀਆਂ ਹੋਰ ਲਿਖੀਆਂ ਵੀ ਅਤੇ ਆਈਆਂ ਵੀ, ਪਰ ਉਸ ਤੋਂ ਬਾਅਦ ਇਹ ਸਿਲਸਿਲਾ ਬੰਦ ਹੋ ਗਿਆ। ਅੱਬਾ ਤਾਂ ਅਖੀਰ ਤੱਕ ਕਹਿੰਦੇ ਰਹੇ, ਰਾਤੀ ਸੁਪਨੇ ਵਿੱਚ ਮੈਂ ਤੇ ਬਾਵਾ ਸਿੰਘ ਸਾਈਕਲਾਂ ’ਤੇ ਨਕੋਦਰ ਜਾ ਰਹੇ ਸਾਂ, ਅੱਜ ਅਸੀਂ ਇੱਕ ਦੁਕਾਨ ਵਿੱਚ ਪਕੌੜੇ ਖਾ ਰਹੇ ਸਾਂ।’’ ਇਕਬਾਲ ਦੇ ਪੁੱਤਰ ਇਹ ਗੱਲਾਂ ਬੜੀ ਦਿਲਚਸਪੀ ਨਾਲ ਸੁਣ ਰਹੇ ਸਨ ਜਿਵੇਂ ਕੋਈ ਕਹਾਣੀ ਸੁਣ ਰਹੇ ਹੋਣ। ਇਕਬਾਲ ਕਹਿਣ ਲੱਗਾ, ‘‘ਬੱਚੇ ਭਾਵੇਂ ਇਹ ਗੱਲਾਂ ਬੜੀ ਦਿਲਚਸਪੀ ਨਾਲ ਸੁਣਦੇ ਹਨ ਪਰ ਇਨ੍ਹਾਂ ਗੱਲਾਂ ਨੂੰ ਅਜੀਬ ਜਿਹਾ ਸਮਝਦੇ ਹਨ ਕਿਉਂ ਜੋ ਉਨ੍ਹਾਂ ਨੇ ਨਾ ਤਾਂ ਉਹ ਜਗ੍ਹਾ ਵੇਖੀਆਂ ਹਨ ਅਤੇ ਨਾ ਹੀ ਉਨ੍ਹਾਂ ਹਾਲਾਤ ਵਿੱਚੋਂ ਗੁਜ਼ਰੇ ਹਨ, ਨਾ ਉਹ ਲੋਕ ਵੇਖੇ ਹਨ।’’

ਲੰਮਾ ਸਮਾਂ ਗੱਲਾਂ ਕਰਨ ਤੋਂ ਬਾਅਦ ਜਦੋਂ ਮੈਂ ਇਕਬਾਲ ਕੋਲੋਂ ਛੁੱਟੀ ਮੰਗੀ ਤਾਂ ਉਹ ਕਹਿਣ ਲੱਗਾ, ‘‘ਸਰਦਾਰ ਜੀ, ਮੈਂ ਤੁਹਾਡੇ ਬਾਰੇ ਤਾਂ ਕੁਝ ਪੁੱਛਿਆ ਹੀ ਨਹੀਂ, ਆਪਣੇ ਬਾਰੇ ਹੀ ਦੱਸਦਾ ਰਿਹਾ ਹਾਂ।’’ ਅਸੀਂ ਫਿਰ ਬੈਠੇ ਤਾਂ ਕਾਫ਼ੀ ਚਿਰ ਰਹੇ ਪਰ ਉਹ ਆਪਣੀਆਂ ਹੀ ਗੱਲਾਂ ਦੱਸ ਰਿਹਾ ਸੀ। ਮੈਂ ਮਹਿਸੂਸ ਕਰ ਰਿਹਾ ਸਾਂ ਕਿ ਹਰ ਕੋਈ ਬੜੀ ਹੀ ਸ਼ਿੱਦਤ ਨਾਲ ਆਪਣੇ ਪਿਛੋਕੜ ਨੂੰ ਯਾਦ ਕਰਦਾ ਹੈ ਅਤੇ ਇਸ ਪਿਛੋਕੜ ਸਬੰਧੀ ਹਰ ਕੋਈ ਇਹੋ ਜਿਹੇ ਜਜ਼ਬਾਤ ਰੱਖਦਾ ਹੈ। ਅੰਮ੍ਰਿਤਸਰ ਆ ਕੇ ਕੋਈ ਚਾਰ ਕੁ ਮਹੀਨੇ ਬਾਅਦ ਬਬੀਤਾ ਦਾ ਮੈਨੂੰ ਫੋਨ ਆਇਆ ਕਿ ਸ਼ਕੀਲਾ ਹੋਰਾਂ ਨੇ ਭਾਰਤ ਆਉਣਾ ਹੈ ਅਤੇ ਇਸ ਵਾਰ ਉਹ ਫਿਰੋਜ਼ਪੁਰ ਆਪਣਾ ਘਰ ਵੇਖਣਾ ਚਾਹੁੰਦੇ ਹਨ, ਜੇ ਹੋ ਸਕਿਆ ਤਾਂ ਤੁਸੀਂ ਉਨ੍ਹਾਂ ਦੇ ਨਾਲ ਜਾਇਓ।

ਮੈਂ ਸ਼ਕੀਲਾ ਹੋਰਾਂ ਨੂੰ ਲੈਣ ਵਾਹਗੇ ਬਾਰਡਰ ਚਲਾ ਗਿਆ ਅਤੇ ਤਕਰੀਬਨ ਅੱਧੇ ਘੰਟੇ ਬਾਅਦ ਹੀ ਸ਼ਕੀਲਾ ਅਤੇ ਇੱਕ ਹੋਰ ਔਰਤ ਕਸਟਮ ਦੀ ਇਮਾਰਤ ਤੋਂ ਬਾਹਰ ਆ ਰਹੀਆਂ ਸਨ। ਅਸੀਂ ਦੋ ਕੁ ਵਜੇ ਅੰਮ੍ਰਿਤਸਰ ਪਹੁੰਚ ਕੇ ਖਾਣਾ ਖਾਧਾ ਅਤੇ ਮੈਂ ਉਨ੍ਹਾਂ ਨੂੰ ਫਿਰੋਜ਼ਪੁਰ ਜਾਣ ਬਾਰੇ ਪੁੱਛਿਆ, ਪਰ ਉਨ੍ਹਾਂ ਜਵਾਬ ਦਿੱਤਾ ਕਿ ਉਹ ਦਿੱਲੀ ਤੋਂ ਚਾਰ ਕੁ ਦਿਨਾਂ ਬਾਅਦ ਜਦ ਵਾਪਸ ਆਉਣਗੇ ਤਾਂ ਫਿਰ ਫਿਰੋਜ਼ਪੁਰ ਚੱਲਾਂਗੇ। ਜਦ ਚਾਰ ਦਿਨਾਂ ਬਾਅਦ ਉਹ ਦਿੱਲੀ ਤੋਂ ਵਾਪਸ ਆਏ ਤਾਂ ਮੈਂ ਉਨ੍ਹਾਂ ਨੂੰ ਫਿਰ ਫਿਰੋਜ਼ਪੁਰ ਜਾਣ ਬਾਰੇ ਪੁੱਛਿਆ ਤਾਂ ਉਹ ਚੁੱਪ ਹੋ ਗਈ ਅਤੇ ਫਿਰ ਕਹਿਣ ਲੱਗੀ, “ਅੱਗੇ ਜਦੋਂ ਮੈਂ ਵਾਪਸ ਲਾਹੌਰ ਜਾਂਦੀ ਹੁੰਦੀ ਸਾਂ ਤਾਂ ਮੇਰੀ ਅੰਮਾ ਅਤੇ ਭੂਆ ਮੈਨੂੰ ਉਡੀਕਦੀਆਂ ਰਹਿੰਦੀਆਂ ਸਨ। ਉਹ ਮੈਨੂੰ ਭਾਰਤ ਫੇਰੀ ਬਾਰੇ ਸੈਂਕੜੇ ਸਵਾਲ ਕਰਦੀਆਂ ਸਨ। ਔਰਤਾਂ ਦੇ ਪਹਿਰਾਵੇ ਤੋਂ ਲੈ ਕੇ ਬੋਲੀ, ਸ਼ਹਿਰਾਂ ਦੀਆਂ ਸੜਕਾਂ, ਇਮਾਰਤਾਂ ਆਦਿ ਬਾਰੇ ਕਈ-ਕਈ ਸਵਾਲ ਪੁੱਛਦੀਆਂ ਸਨ, ਫਿਰੋਜ਼ਪੁਰ ਨੂੰ ਬੇਹੱਦ ਯਾਦ ਕਰਦੀਆਂ ਸਨ, ਪਰ ਹੁਣ ਉਹ ਦੋਵੇਂ ਹੀ ਨਹੀਂ ਰਹੀਆਂ। ਫਿਰੋਜ਼ਪੁਰ ’ਚ ਜਿਹੜੇ ਲੋਕ ਮੈਨੂੰ ਮਾੜਾ ਮੋਟਾ ਪਛਾਣਦੇ ਸਨ, ਉਹ ਵੀ ਨਹੀਂ ਰਹੇ। ਹੁਣ ਮੈਂ ਸੋਚਦੀ ਹਾਂ ਕਿ ਜਦ ਮੈਂ ਲਾਹੌਰ ਵਾਪਸ ਜਾਂਦੀ ਹਾਂ ਤਾਂ ਮੈਨੂੰ ਭਾਰਤ ਬਾਰੇ ਕੋਈ ਵੀ ਨਹੀਂ ਪੁੱਛਦਾ। ਕਈ ਵਾਰ ਜੇ ਮੈਂ ਆਪ ਹੀ ਦੱਸਣ ਲੱਗਦੀ ਹਾਂ ਤਾਂ ਸੁਣਨ ਵਾਲਿਆਂ ਨੂੰ ਕੋਈ ਦਿਲਚਸਪੀ ਨਹੀਂ ਹੁੰਦੀ। ਫਿਰ ਵੀ ਅਗਲੀ ਵਾਰ ਫਿਰੋਜ਼ਪੁਰ ਚੱਲਾਂਗੀ।’’

ਕੁਝ ਚਿਰ ਬਾਅਦ ਮੈਨੂੰ ਫਿਰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਸ਼ਕੀਲਾ ਹੋਰਾਂ ਨੂੰ ਕਿਹਾ ਕਿ ਇਸ ਵਾਰ ਮੈਂ ਫਿਰ ਆਪਣਾ ਪਿੰਡ ਵੇਖਣਾ ਚਾਹੁੰਦਾ ਹਾਂ। ਸ਼ਕੀਲਾ ਹੋਰਾਂ ਨੇ ਕਿਹਾ, ‘‘ਮੈਂ ਸਰਗੋਧੇ ਤੁਹਾਡੇ ਪਿੰਡ ਜਾਣ ਦਾ ਪ੍ਰੋਗਰਾਮ ਵੀ ਬਣਾ ਦਿਆਂਗੀ ਅਤੇ ਮੈਂ ਵੀ ਤੁਹਾਡੇ ਨਾਲ ਚੱਲਾਂਗੀ।’’

ਰਾਤ ਨੂੰ ਮੈਂ ਪਿਛਲੀ ਵਾਰ ਸਰਗੋਧੇ ਦੀ ਫੇਰੀ ਨੂੰ ਯਾਦ ਕਰਦਾ ਰਿਹਾ, ਜਿਨ੍ਹਾਂ ਲੋਕਾਂ ਦੇ ਨਾਂ ਭਾਪਾ ਜੀ ਨੇ ਲਿਖ ਕੇ ਦਿੱਤੇ ਸਨ ਉਨ੍ਹਾਂ ਵਿੱਚੋਂ ਤਾਂ ਕੋਈ ਵੀ ਨਹੀਂ ਸੀ ਮਿਲਿਆ, ਜਿਸ ਬਾਰੇ ਵੀ ਮੈਂ ਪੁੱਛਦਾ ਸਾਂ, ਜਵਾਬ ਮਿਲਦਾ ਸੀ, ‘ਦੋ ਸਾਲ ਹੋਏ ਫ਼ੌਤ ਹੋ ਗਿਆ, 10 ਸਾਲ ਹੋਏ ਫ਼ੌਤ ਹੋ ਗਿਆ, ਇਹ ਤਾਂ ਅਜੇ ਛੇ ਮਹੀਨੇ ਪਹਿਲਾਂ ਫ਼ੌਤ ਹੋਇਆ’। ਫਿਰ ਵੀ ਜਦ ਮੈਂ ਵਾਪਸ ਅੰਮ੍ਰਿਤਸਰ ਗਿਆ ਸਾਂ ਤਾਂ ਭਾਪਾ ਜੀ ਨੇ ਫੋਨ ’ਤੇ ਕਿਹਾ ਸੀ, ‘‘ਉੱਡ ਕੇ ਆ ਜਾ।’’ ਉਹ ਮੇਰੇ ਕੋਲੋਂ ਪਿੰਡ ਦੀਆਂ ਗੱਲਾਂ ਦੁਹਰਾ-ਦੁਹਰਾ ਕੇ ਸੁਣਦੇ ਰਹੇ ਸਨ। ਜਦੋਂ ਮੈਂ ਉਨ੍ਹਾਂ ਵੱਲੋਂ ਦੱਸੇ ਹੋਏ ਲੋਕਾਂ ਬਾਰੇ ਦੱਸਿਆ ਸੀ ਕਿ ਉਹ ਚਲਾਣਾ ਕਰ ਗਏ ਸਨ ਤਾਂ ਉਹ ਚੁੱਪ ਹੋ ਜਾਂਦੇ ਅਤੇ ਪੁੱਛਦੇ ਸਨ, ‘‘ਕੀ ਹੋਇਆ ਸੀ ਉਸ ਨੂੰ?’’ ਜਿਵੇਂ ਉਹ ਮੇਰੀਆਂ ਗੱਲਾਂ ਨਾਲ ਹੀ ਪਿੰਡ ਬਾਰੇ ਸਭ ਕੁਝ ਜਾਣ ਲੈਣਾ ਚਾਹੁੰਦੇ ਸਨ। ਬਾਅਦ ਵਿੱਚ ਉਨ੍ਹਾਂ ਨੇ ਕਈ ਆਦਮੀਆਂ ਨੂੰ ਉਨ੍ਹਾਂ ਦੇ ਪੁੱਛਣ ਦੇ ਬਗੈਰ ਵੀ ਦੱਸਿਆ, ‘‘ਸਰਬਜੀਤ ਆਪਣੇ ਪਿੰਡ ਹੋ ਕੇ ਆਇਆ ਹੈ।” ਫਿਰ ਮੇਰਾ ਧਿਆਨ ਮੇਰੀ ਕੈਨੇਡਾ ਫੇਰੀ ’ਤੇ ਗਿਆ।

ਮੈਂ ਵੇਖਦਾ ਹੁੰਦਾ ਸਾਂ ਕਿ ਚਾਚਾ ਜੀ ਅਤੇ ਮੇਰੇ ਚਚੇਰੇ ਭਰਾ ਬੜਾ ਚਿਰ ਆਪਣੇ ਪੁਰਾਣੇ ਪਿੰਡ ਨੂੰ ਯਾਦ ਕਰਦੇ ਹੁੰਦੇ ਸਨ, ਪਰ ਉਨ੍ਹਾਂ ਦੇ ਪੁੱਤਰਾਂ ਦੀ ਉਨ੍ਹਾਂ ਗੱਲਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ ਹੁੰਦੀ। ਮੈਂ ਇਹ ਸਾਰਾ ਕੁਝ ਸੋਚਦਿਆਂ ਰਾਤ ਲੰਘਾ ਦਿੱਤੀ, ‘ਮੈਂ ਹੁਣ ਜਾ ਕੇ ਫਿਰ ਉਨ੍ਹਾਂ ਲੋਕਾਂ ਨੂੰ ਹੀ ਮਿਲਾਂਗਾ ਅਤੇ ਫਿਰ ਉਨ੍ਹਾਂ ਵਿੱਚੋਂ ਸਾਡੇ ਪਰਿਵਾਰ ਬਾਰੇ ਪੁੱਛਣ ਵਾਲੇ ਲੋਕ ਥੋੜ੍ਹੇ ਜਿਹੇ ਹੀ ਹੋਣਗੇ, ਫਿਰ ਜਦ ਵਾਪਸ ਜਾਵਾਂਗਾ...। ਭਾਪਾ ਜੀ ਵੀ ਹੁਣ ਨਹੀਂ ਰਹੇ; ਚਾਚੇ, ਤਾਏ ਵੀ ਨਹੀਂ ਜਿਨ੍ਹਾਂ ਨੂੰ ਆਪਣੇ ਪਿੰਡ ਦੇ ਸੁਪਨੇ ਆਉਂਦੇ ਹੁੰਦੇ ਸਨ।’ ਮੈਨੂੰ ਲੱਗਿਆ ਜਿਵੇਂ ਇਹ ਗੱਲਾਂ ਸੁਣਨ ਤੇ ਸੁਣਾਉਣ ਵਾਲੇ ਘਟਦੇ ਜਾ ਰਹੇ ਹਨ। ਮੇਰੇ ਅਤੇ ਸ਼ਕੀਲਾ ਹੋਰਾਂ ਵਰਗੇ ਲੋਕਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸ਼ਾਇਦ ਇਹ ਰਿਸ਼ਤੇ ਟੁੱਟ ਜਾਣਗੇ। ਮੈਨੂੰ ਰਾਤ ਵਿੱਚ ਹੀ ਇੱਕ ਯੁੱਗ ਬੀਤ ਗਿਆ ਜਾਪਿਆ ਅਤੇ ਮੈਂ ਸੋਚਿਆ ਕਿ ਮੈਂ ਆਪਣੇ ਪਿੰਡ ਨਹੀਂ ਜਾਣਾ। ਸਵੇਰੇ ਕੋਈ 11 ਕੁ ਵਜੇ ਸ਼ਕੀਲਾ ਹੋਰਾਂ ਦਾ ਫੋਨ ਆਇਆ, ‘‘ਮੈਂ ਤੁਹਾਡਾ ਪਿੰਡ ਵੇਖਣ ਦਾ ਇੰਤਜ਼ਾਮ ਵੀ ਕਰ ਦਿੱਤਾ ਹੈ ਅਤੇ ਮੈਂ ਵੀ ਤੁਹਾਡੇ ਨਾਲ ਜਾਵਾਂਗੀ।’’ ਮੈਂ ਦੁਚਿੱਤੀ ਵਿੱਚ ਸਾਂ ਪਰ ਫਿਰ ਮੈਂ ਕਹਿ ਹੀ ਦਿੱਤਾ, ‘‘ਸ਼ਕੀਲਾ ਜੀ, ਮੈਂ ਪਿੰਡ ਵੇਖਣ ਜਾਣ ਦਾ ਪ੍ਰੋਗਰਾਮ ਹਟਾ ਦਿੱਤਾ ਹੈ।’’

‘‘ਪਰ ਕਿਉਂ?’’ ਸ਼ਕੀਲਾ ਹੋਰਾਂ ਨੇ ਪੁੱਛਿਆ।

‘‘ਸ਼ਕੀਲਾ ਜੀ, ਹੁਣ ਕੀਹਨੂੰ ਜਾ ਕੇ ਮਿਲਾਂਗਾ ਅਤੇ ਵਾਪਸ ਜਾ ਕੇ ਉਹ ਗੱਲਾਂ ਕੀਹਨੂੰ ਦੱਸਾਂਗਾ!”

ਸੰਪਰਕ: 78890-39596

Advertisement
×