ਜਦੋਂ ਅੰਗਰੇਜ਼ ਹਾਕਮਾਂ ਨੇ ਪੰਜਾਬ ’ਤੇ ਬੰਬ ਵਰ੍ਹਾਏ...
ਬਰਤਾਨਵੀ ਹੁਕਮਰਾਨਾਂ ਨੇ 1857 ਦੀ ਕ੍ਰਾਂਤੀ ਤੋਂ ਬਾਅਦ ਨਿਹੱਥੇ ਭਾਰਤੀਆਂ ਦਾ ਸਭ ਤੋਂ ਵੱਧ ਦਮਨ ਸੰਨ 1919 ਵਿੱਚ ਕੀਤਾ। ਬਹੁਤ ਘੱਟ ਲੋਕ ਜਾਣਦੇ ਹਨ ਕਿ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ਼ ਕਤਲੇਆਮ ਤੋਂ ਬਾਅਦ ਭਾਰਤੀਆਂ ਨੂੰ ਦਬਾਉਣ ਅਤੇ ਡਰਾਉਣ ਲਈ ਬਰਤਾਨਵੀ ਸਰਕਾਰ...
ਬਰਤਾਨਵੀ ਹੁਕਮਰਾਨਾਂ ਨੇ 1857 ਦੀ ਕ੍ਰਾਂਤੀ ਤੋਂ ਬਾਅਦ ਨਿਹੱਥੇ ਭਾਰਤੀਆਂ ਦਾ ਸਭ ਤੋਂ ਵੱਧ ਦਮਨ ਸੰਨ 1919 ਵਿੱਚ ਕੀਤਾ। ਬਹੁਤ ਘੱਟ ਲੋਕ ਜਾਣਦੇ ਹਨ ਕਿ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ਼ ਕਤਲੇਆਮ ਤੋਂ ਬਾਅਦ ਭਾਰਤੀਆਂ ਨੂੰ ਦਬਾਉਣ ਅਤੇ ਡਰਾਉਣ ਲਈ ਬਰਤਾਨਵੀ ਸਰਕਾਰ ਨੇ ਹਵਾਈ ਜਹਾਜ਼ਾਂ ਦੀ ਵਰਤੋਂ ਕੀਤੀ ਸੀ। ਪਹਿਲੀ ਆਲਮੀ ਜੰਗ ਤੋਂ ਬਾਅਦ ਭਾਰਤ ਵਿੱਚ ਆਰਥਿਕ ਮੰਦਹਾਲੀ, ਮਹਿੰਗਾਈ ਅਤੇ ਬੇਰੁਜ਼ਗਾਰੀ ਵਧ ਗਈ ਸੀ।
ਲੋਕਾਂ ਵਿੱਚ ਬਰਤਾਨਵੀ ਸਰਕਾਰ ਪ੍ਰਤੀ ਰੋਹ ਵਧ ਰਿਹਾ ਸੀ। ਇਸ ਲਈ ਬਰਤਾਨਵੀ ਸਰਕਾਰ ਨੇ ਸੰਨ 1919 ਵਿੱਚ ਰੌਟ ਐਕਟ ਲਾਗੂ ਕੀਤਾ। ਇਸ ਦੇ ਤਹਿਤ ਬਿਨਾਂ ਮੁਕੱਦਮੇ ਦੇ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਹਿਰਾਸਤ ਵਿੱਚ ਰੱਖਣ ਦਾ ਅਧਿਕਾਰ ਸੀ। ਲੋਕ ਇਸ ਦਾ ਜ਼ਬਰਦਸਤ ਵਿਰੋਧ ਕਰ ਰਹੇ ਸਨ, ਪਰ ਵਿਰੋਧ ਹਿੰਸਕ ਨਹੀਂ ਸੀ। 6 ਅਪਰੈਲ 1919 ਨੂੰ ਹੜਤਾਲਾਂ ਅਤੇ ਪ੍ਰਦਰਸ਼ਨ ਹੋਏ। ਦੇਸ਼ ਵਿਆਪੀ ਅੰਦੋਲਨ ਦੇ ਸੱਦੇ ਮਗਰੋਂ 8 ਅਪਰੈਲ ਨੂੰ ਮਹਾਤਮਾ ਗਾਂਧੀ ਪੰਜਾਬ ਆਉਣ ਲਈ ਨਿਕਲੇ, ਪਰ ਉਨ੍ਹਾਂ ਨੂੰ ਦਿੱਲੀ ਕੋਲ ਰਾਹ ਵਿੱਚ ਰੋਕ ਲਿਆ ਗਿਆ। 9 ਅਪਰੈਲ ਨੂੰ ਅੰਮ੍ਰਿਤਸਰ ਵਿੱਚ ਰਾਮ ਨੌਮੀ ਦੇ ਤਿਉਹਾਰ ਮੌਕੇ ਹਿੰਦੂ-ਮੁਸਲਿਮ ਏਕਤਾ ਦੇ ਵੱਡੇ ਜਲੂਸ ਨੇ ਬਰਤਾਨਵੀ ਹਕੂਮਤ ਲਈ ਚਿੰਤਾ ਖੜ੍ਹੀ ਕਰ ਦਿੱਤੀ। ਅਗਲੇ ਦਿਨ ਹੀ ਜਲੂਸ ਦੀ ਅਗਵਾਈ ਕਰਨ ਵਾਲੇ ਅੰਮ੍ਰਿਤਸਰ ਦੇ ਦੋ ਹਰਮਨ ਪਿਆਰੇ ਨੇਤਾਵਾਂ ਡਾ. ਸੈਫੂਦੀਨ ਕਿਚਲੂ ਅਤੇ ਡਾ. ਸੱਤਿਆਪਾਲ ਨੂੰ ਬਰਤਾਨਵੀ ਸਰਕਾਰ ਨੇ ਗ੍ਰਿਫ਼ਤਾਰ ਕਰ ਕੇ ਅਣਦੱਸੀ ਥਾਂ ’ਤੇ ਭੇਜ ਦਿੱਤਾ। ਜਦੋਂ ਲੋਕ ਆਪਣੇ ਨੇਤਾਵਾਂ ਦੀ ਰਿਹਾਈ ਦੀ ਮੰਗ ਲਈ ਡਿਪਟੀ ਕਮਿਸ਼ਨਰ ਦੇ ਦਫ਼ਤਰ ਵੱਲ ਵਧੇ ਤਾਂ ਰੇਲਵੇ ਪੁਲ ’ਤੇ ਫ਼ੌਜ ਨੇ ਗੋਲੀ ਚਲਾ ਦਿੱਤੀ, ਜਿਸ ਵਿੱਚ ਕੁਝ ਪ੍ਰਦਰਸ਼ਨਕਾਰੀ ਮਾਰੇ ਗਏ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਅੰਮ੍ਰਿਤਸਰ ਵਿੱਚ ਟੈਲੀਗ੍ਰਾਮ (ਤਾਰ) ਸੇਵਾਵਾਂ ਠੱਪ ਕਰ ਦਿੱਤੀਆਂ, ਰੇਲਵੇ ਸਟੇਸ਼ਨ ਨੂੰ ਨੁਕਸਾਨ ਪਹੁੰਚਾਇਆ, ਟਾਊਨ ਹਾਲ ਨੂੰ ਅੱਗ ਲਾ ਦਿੱਤੀ ਅਤੇ ਕੁਝ ਯੂਰੋਪੀ ਨਾਗਰਿਕਾਂ ’ਤੇ ਹਮਲੇ ਕੀਤੇ। ਇੱਕ ਬਰਤਾਨਵੀ ਮਹਿਲਾ ਮਾਰਸੇਲਾ ਸ਼ੇਰਵੁੱਡ ਉੱਤੇ ਕੂਚਾ ਕੋੜਿਆਂਵਾਲਾ ਵਿੱਚ ਹਮਲਾ ਹੋਇਆ ਹਾਲਾਂਕਿ ਉਸ ਨੂੰ ਬਚਾਇਆ ਵੀ ਭਾਰਤੀਆਂ ਨੇ ਹੀ। ਫਿਰ 11 ਅਪਰੈਲ ਨੂੰ ਤਣਾਅ ਹੋਰ ਵਧਿਆ ਅਤੇ 12 ਅਪਰੈਲ ਨੂੰ ਜਨਰਲ ਓ’ਡਵਾਇਰ ਨੂੰ ਜਲੰਧਰ ਤੋਂ ਅੰਮ੍ਰਿਤਸਰ ਬੁਲਾ ਲਿਆ ਗਿਆ। ਜਨਤਾ ਦੇ ਇਕੱਠ ’ਤੇ ਪਾਬੰਦੀ ਲਾ ਦਿੱਤੀ ਗਈ, ਪਰ ਇਹ ਸੂਚਨਾ ਹਰ ਥਾਂ ਨਹੀਂ ਪਹੁੰਚੀ। 13 ਅਪਰੈਲ 1919 ਨੂੰ ਜਲ੍ਹਿਆਂਵਾਲਾ ਬਾਗ਼ ਕਤਲੇਆਮ ਹੋਇਆ। ਸਰਕਾਰੀ ਅੰਕੜਿਆਂ ਅਨੁਸਾਰ ਇਸ ਵਿੱਚ 379 ਲੋਕ ਮਾਰੇ ਗਏ ਅਤੇ 1200 ਤੋਂ ਵੱਧ ਜ਼ਖ਼ਮੀ ਹੋਏ। ਹਾਲਾਂਕਿ ਅਸਲ ਅੰਕੜਾ ਇਸ ਤੋਂ ਕਿਤੇ ਵੱਧ ਮੰਨਿਆ ਜਾਂਦਾ ਹੈ। ਇਸ ਕਤਲੇਆਮ ਮਗਰੋਂ ਉੱਠੇ ਰੋਹ ਤੋਂ ਬਰਤਾਨਵੀ ਹਕੂਮਤ ਖ਼ੌਫ਼ਜ਼ਦਾ ਹੋ ਗਈ। ਬਰਤਾਨਵੀ ਅਫ਼ਸਰਾਂ ਨੂੰ ਜਾਪਿਆ ਕਿ ਵਿਆਪਕ ਬਗ਼ਾਵਤ ਦੀ ਸ਼ੁਰੂਆਤ ਹੋ ਗਈ ਹੈ। ਪਹਿਲੀ ਆਲਮੀ ਜੰਗ ਤੋਂ ਤੁਰੰਤ ਬਾਅਦ ਦਾ ਮਾਹੌਲ ਅਤੇ 1857 ਦੀ ਕ੍ਰਾਂਤੀ ਦੀਆਂ ਯਾਦਾਂ ਨੇ ਉਨ੍ਹਾਂ ਨੂੰ ਚੌਕਸ ਕਰ ਦਿੱਤਾ ਸੀ। ਇਸ ਤੋਂ ਘਬਰਾਏ ਬਰਤਾਨਵੀ ਅਧਿਕਾਰੀਆਂ ਨੇ ਮਾਰਸ਼ਲ ਲਾਅ, ਬੰਬ, ਬੰਦੂਕਾਂ ਅਤੇ ਹਵਾਈ ਜਹਾਜ਼ਾਂ ਤੱਕ ਦਾ ਸਹਾਰਾ ਲਿਆ।
ਬਰਤਾਨਵੀ ਸਾਮਰਾਜ ਨੇ ਮੱਧ ਏਸ਼ੀਆ, ਇਰਾਕ, ਅਫ਼ਗ਼ਾਨ ਸਰਹੱਦਾਂ ’ਤੇ ਪਹਿਲਾਂ ਵੀ ਹਵਾਈ ਤਾਕਤ ਵਰਤੀ ਸੀ। ਇਸ ਤੋਂ ਪਹਿਲਾਂ ਭਾਰਤ ਵਿੱਚ ਕਦੇ ਅਜਿਹਾ ਨਹੀਂ ਹੋਇਆ ਸੀ ਕਿ ਲੋਕਾਂ ਦੇ ਪ੍ਰਦਰਸ਼ਨ ਨੂੰ ਦਬਾਉਣ ਲਈ ਹਵਾਈ ਜਹਾਜ਼ਾਂ ਤੋਂ ਬੰਬ ਵਰ੍ਹਾਏ ਗਏ ਹੋਣ। ਭਾਰਤ ਵਿੱਚ ਨਾਗਰਿਕਾਂ ’ਤੇ ਇਸ ਤਰ੍ਹਾਂ ਦੀ ਹਵਾਈ ਕਾਰਵਾਈ ਬਹੁਤ ਹੀ ਵਿਰਲੀ ਸੀ। ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਈਕਲ ਓ’ਡਵਾਇਰ ਨੇ ਬਗ਼ਾਵਤ ਨੂੰ ਕੁਚਲਣ ਲਈ ਸਖ਼ਤ ਕਦਮਾਂ ਦੇ ਹੁਕਮ ਦਿੱਤੇ ਸਨ। ਇਸ ਕਤਲੇਆਮ ਤੋਂ ਅਗਲੇ ਦਿਨ ਜਦੋਂ ਗੁੱਜਰਾਂਵਾਲਾ ਦੇ ਪਿੰਡਾਂ ਵਿੱਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਸੀ, ਦੁਪਹਿਰ ਸਮੇਂ ਰੌਇਲ ਏਅਰਫੋਰਸ ਦੀ ਸਕੁਐਡਰਨ ਨੰਬਰ 31 ਦਾ ਪਾਇਲਟ ਕੈਪਟਨ ਕਾਰਬੇਰੀ ਰੌਇਲ ਏਅਰਫੋਰਸ ਦਾ ਜਹਾਜ਼ ਨੰਬਰ 4491 ਲੈ ਕੇ ਗੁੱਜਰਾਂਵਾਲਾ ਦੇ ਆਸਮਾਨ ਵੱਲ ਵਧਿਆ। ਇਸ ਸ਼੍ਰੇਣੀ ਦੇ ਜਹਾਜ਼ਾਂ ਦੀ ਵਰਤੋਂ ਬਰਤਾਨਵੀ ਹਵਾਈ ਸੈਨਾ ਨੇ ਪਹਿਲੀ ਆਲਮੀ ਜੰਗ ਵਿੱਚ ਕੀਤੀ ਸੀ। ਇਹ ਜਹਾਜ਼ ਹਲਕੇ ਬੰਬਾਂ ਅਤੇ ਮਸ਼ੀਨਗੰਨਾਂ ਨਾਲ ਲੈਸ ਸਨ।
ਇੱਕ ਘੰਟਾ ਆਸਮਾਨ ਤੋਂ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਗੁੱਜਰਾਂਵਾਲਾ ਤੋਂ 2 ਮੀਲ ਉੱਤਰ-ਪੱਛਮ ਸਥਿਤ ਪਿੰਡ ਵਿੱਚ ਤਕਰੀਬਨ 150 ਲੋਕਾਂ ’ਤੇ ਤਿੰਨ ਬੰਬ ਸੁੱਟੇ ਗਏ। ਨਾਲ ਹੀ ਮਸ਼ੀਨਗੰਨ ਨਾਲ 50 ਰਾਊਂਡ ਫਾਇਰ ਕੀਤੇ ਗਏ। ਇਸ ਤੋਂ ਦਸ ਮਿੰਟ ਬਾਅਦ ਇੱਕ ਮੀਲ ਦੱਖਣ ਵਿੱਚ 50 ਲੋਕਾਂ ’ਤੇ ਦੋ ਬੰਬ ਸੁੱਟੇ ਗਏ। ਮਸ਼ੀਨਗੰਨ ਨਾਲ 25 ਗੋਲੀਆਂ ਚਲਾਈਆਂ ਗਈਆਂ। ਫਿਰ 10 ਮਿੰਟ ਬਾਅਦ ਇਸੇ ਸ਼ਹਿਰ ਦੇ ਦੱਖਣ ਵਿੱਚ ਇੱਕ ਹੋਰ ਵੱਡੀ ਭੀੜ ’ਤੇ ਬੰਬ ਸੁੱਟੇ ਗਏ ਅਤੇ ਮਸ਼ੀਨਗੰਨ ਨਾਲ 100 ਰਾਊਂਡ ਫਾਇਰ ਕੀਤੇ ਗਏ। ਪੂਰੀ ਮੁਹਿੰਮ ਸ਼ਾਮ 4:45 ਵਜੇ ਤੱਕ ਚੱਲੀ। ਇੱਕ ਗੁਪਤ ਦਸਤਾਵੇਜ਼ ‘ਟਾਸਕ 14.4.1919’ ਅਨੁਸਾਰ ਜਦੋਂ ਜਹਾਜ਼ ਵਾਪਸ ਮੁੜਿਆ ਤਾਂ ਸੜਕਾਂ ’ਤੇ ਕੋਈ ਨਹੀਂ ਦਿਸ ਰਿਹਾ ਸੀ। ਕੁਝ ਹੋਰ ਰਿਪੋਰਟਾਂ ਮੁਤਾਬਕ ਉਸ ਦਿਨ ਇੱਕ ਨਹੀਂ, ਸਗੋਂ ਦੋ ਜਹਾਜ਼ਾਂ ਨੇ ਸ਼ਹਿਰ ’ਤੇ ਬੰਬਾਰੀ ਕੀਤੀ ਸੀ। ਗਵਾਹਾਂ ਅਤੇ ਬਾਅਦ ਦੀਆਂ ਰਿਪੋਰਟਾਂ ਅਨੁਸਾਰ ਜਹਾਜ਼ ਖੇਤਾਂ ਅਤੇ ਗਲੀਆਂ-ਮੁਹੱਲਿਆਂ ’ਤੇ ਬੰਬ ਸੁੱਟਦੇ ਸਨ। ਕੁਝ ਥਾਵਾਂ ’ਤੇ ਬੰਬ ਨਹੀਂ ਫਟੇ, ਪਰ ਬਾਅਦ ਦੀ ਜਾਂਚ ਵਿੱਚ ਬੱਚਿਆਂ ਸਮੇਤ 12 ਲੋਕਾਂ ਦੇ ਮਰਨ ਅਤੇ 27 ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲਦੀ ਹੈ। ਕਈ ਹੋਰ ਸਥਾਨਕ ਰਿਪੋਰਟਾਂ ਅਨੁਸਾਰ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਜ਼ਿਆਦਾ ਸੀ। ਸਥਾਨਕ ਵਿਦਿਆਰਥੀਆਂ, ਸਕੂਲਾਂ ਅਤੇ ਬਸਤੀ ਖੇਤਰਾਂ ’ਤੇ ਵੀ ਹਮਲਿਆਂ ਦਾ ਜ਼ਿਕਰ ਮਿਲਦਾ ਹੈ। ਹੰਟਰ ਕਮਿਸ਼ਨ ਅੱਗੇ ਕਾਰਬੇਰੀ ਨੇ ਖ਼ੁਦ ਮੰਨਿਆ ਸੀ ਕਿ ਉਸ ਨੇ ਭੀੜ ’ਤੇ ਮਸ਼ੀਨਗੰਨ ਨਾਲ ਗੋਲੀਆਂ ਚਲਾਈਆਂ ਸਨ। 15 ਅਪਰੈਲ ਤੋਂ ਪੰਜਾਬ ਵਿੱਚ ਮਾਰਸ਼ਲ ਲਾਅ ਤਹਿਤ ਸਖ਼ਤ ਹੁਕਮ ਜਾਰੀ ਕੀਤੇ ਗਏ। ਆਵਾਜਾਈ ’ਤੇ ਪਾਬੰਦੀ ਅਤੇ ਜਨਤਕ ਤੌਰ ’ਤੇ ਕੋੜੇ ਮਾਰਨ ਵਰਗੀਆਂ ਸਜ਼ਾਵਾਂ ਤੋਂ ਇਲਾਵਾ ਸਲਾਮ ਆਰਡਰ ਵੀ ਜਾਰੀ ਕੀਤਾ ਗਿਆ, ਜਿਸ ਤਹਿਤ ਭਾਰਤੀਆਂ ਨੂੰ ਬਰਤਾਨਵੀ ਅਧਿਕਾਰੀਆਂ ਨੂੰ ਜ਼ਬਰਦਸਤੀ ਸਲਾਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ ਅਤੇ ਅਜਿਹਾ ਨਾ ਕਰਨ ’ਤੇ ਸਜ਼ਾ ਮਿਲਦੀ ਸੀ।ਇਸ ਦੌਰਾਨ ਪੰਜਾਬ ਦੇ ਹੋਰ ਸ਼ਹਿਰਾਂ ਜਿਵੇਂ ਲਾਹੌਰ, ਕਸੂਰ ਅਤੇ ਲਾਇਲਪੁਰ (ਹੁਣ ਫ਼ੈਸਲਾਬਾਦ) ਵਿੱਚ ਵੀ ਵਿਰੋਧ ਪ੍ਰਦਰਸ਼ਨ ਹੋਏ। ਜਿੱਥੋਂ ਤੱਕ ਹਵਾਈ ਜਹਾਜ਼ਾਂ ਦੀ ਵਰਤੋਂ ਦੀ ਗੱਲ ਹੈ, ਅੰਮ੍ਰਿਤਸਰ ਵਿੱਚ ਹਵਾਈ ਜਹਾਜ਼ਾਂ ਦੀ ਵਰਤੋਂ ਜਲ੍ਹਿਆਂਵਾਲਾ ਬਾਗ਼ ਕਾਂਡ ਤੋਂ ਪਹਿਲਾਂ ਮੁੱਖ ਤੌਰ ’ਤੇ ਨਿਗਰਾਨੀ ਅਤੇ ਬਾਅਦ ਵਿੱਚ ਡਰ ਫੈਲਾਉਣ ਲਈ ਕੀਤੀ ਗਈ ਸੀ, ਪਰ ਗੁੱਜਰਾਂਵਾਲਾ ਵਿੱਚ ਜਾਨ ਲੈਣ ਲਈ ਬੰਬ ਵਰ੍ਹਾਏ ਗਏ।
ਸਭ ਤੋਂ ਗੰਭੀਰ ਸਥਿਤੀ ਕਸੂਰ ਵਿੱਚ ਸੀ, ਜਿੱਥੇ ਰੇਲਵੇ ਸਟੇਸ਼ਨ ਸਾੜ ਦਿੱਤਾ ਗਿਆ ਅਤੇ ਸਰਕਾਰੀ ਇਮਾਰਤਾਂ ਢਾਹੀਆਂ ਗਈਆਂ। ਇੱਥੇ ਬਰਤਾਨਵੀ ਪੈਦਲ ਸੈਨਾ ਅਤੇ ਘੋੜਸਵਾਰ ਦਸਤੇ ਸੜਕਾਂ ’ਤੇ ਉਤਰੇ। ਲੋਕਾਂ ਨੂੰ ਡਰਾਉਣ ਅਤੇ ਪ੍ਰਦਰਸ਼ਨ ਰੋਕਣ ਲਈ ਹਵਾਈ ਫਾਇਰਿੰਗ ਕੀਤੀ ਗਈ। ਆਸਮਾਨ ਵਿੱਚ ਜਹਾਜ਼ ਉੱਡਦੇ ਨਜ਼ਰ ਆਏ। ਗਵਾਹਾਂ ਅਨੁਸਾਰ ਜਹਾਜ਼ਾਂ ਨੇ ਭੀੜ ਦੇ ਉੱਪਰੋਂ ਉਡਾਣ ਭਰਦੇ ਹੋਏ ਗੋਲੀਬਾਰੀ ਦੀ ਚਿਤਾਵਨੀ ਦਿੱਤੀ। ਜਹਾਜ਼ਾਂ ਤੋਂ ਧਮਕੀ ਭਰੇ ਇਸ਼ਤਿਹਾਰ ਸੁੱਟੇ ਗਏ। ਬਗ਼ਾਵਤ ਨੂੰ ਪੂਰੀ ਤਰ੍ਹਾਂ ਦਰੜਣ ਲਈ ਮਾਰਸ਼ਲ ਲਾਅ ਤਹਿਤ ਇਹ ਸਭ ਕੀਤਾ ਗਿਆ। ਕੂਚਾ ਕੋੜਿਆਂਵਾਲਾ ਵਿੱਚ ਜਿੱਥੇ ਸ਼ੇਰਵੁੱਡ ’ਤੇ ਹਮਲਾ ਹੋਇਆ ਸੀ ਉੱਥੇ ਭਾਰਤੀਆਂ ਨੂੰ ਅਪਮਾਨਿਤ ਕਰਨ ਲਈ ਅੰਗਰੇਜ਼ਾਂ ਨੇ 19 ਅਪਰੈਲ ਨੂੰ ਬਹੁਤ ਹੀ ਵਿਰਲਾ ਅਤੇ ਅਸਾਧਾਰਨ ‘ਕ੍ਰਾਲਿੰਗ ਆਰਡਰ’ ਲਾਗੂ ਕਰ ਦਿੱਤਾ, ਜਿਸ ਤਹਿਤ ਉਸ ਗਲੀ ’ਚੋਂ ਹਰ ਵਿਅਕਤੀ ਨੂੰ ਪੇਟ ਦੇ ਬਲ ਰਿੜ੍ਹ ਕੇ ਭਾਵ ਕੂਹਣੀਆਂ ਭਾਰ ਘਿਸੜਦਿਆਂ ਲੰਘਣਾ ਪੈਂਦਾ ਸੀ। ਇਹ ਹੁਕਮ ਅਪਰੈਲ ਦੇ ਆਖ਼ਰੀ ਹਫ਼ਤੇ ਤੱਕ ਲਾਗੂ ਰਹੇ। ਇਹ ਘਟਨਾ ਅਤੇ ਸਲਾਮ ਆਰਡਰ ਵਰਗੇ ਹੁਕਮ ਵੀ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਮਨੋਵਿਗਿਆਨਕ ਤੌਰ ’ਤੇ ਬਹੁਤ ਵੱਡਾ ਮੋੜ ਸਾਬਤ ਹੋਏ।
ਜਲ੍ਹਿਆਂਵਾਲਾ ਬਾਗ਼ ਕਤਲੇਆਮ ਅਤੇ ਉਸ ਤੋਂ ਬਾਅਦ ਦੀਆਂ ਘਟਨਾਵਾਂ ਦੀ ਜਾਂਚ ਲਈ ਬਰਤਾਨਵੀ ਸਰਕਾਰ ਨੇ 1919 ਵਿੱਚ ਹੰਟਰ ਕਮਿਸ਼ਨ ਗਠਿਤ ਕੀਤਾ। ਹੰਟਰ ਕਮਿਸ਼ਨ ਨੇ ਗੁੱਜਰਾਂਵਾਲਾ ਵਿੱਚ ਹਵਾਈ ਹਮਲਿਆਂ ਦੀ ਪੁਸ਼ਟੀ ਕੀਤੀ। ਬ੍ਰਿਟਿਸ਼ ਅਧਿਕਾਰੀਆਂ ਨੇ ਇਸ ਨੂੰ ‘ਜ਼ਰੂਰੀ’ ਕਾਰਵਾਈ ਦੱਸਿਆ। ਦੂਜੇ ਸ਼ਬਦਾਂ ਵਿੱਚ ਕਹਿ ਲਿਆ ਜਾਵੇ ਤਾਂ ਹੰਟਰ ਕਮਿਸ਼ਨ ਨੇ ਘਟਨਾ ਨੂੰ ਗ਼ਲਤ ਤਾਂ ਮੰਨਿਆ ਪਰ ਇਸ ਦਾ ਬਚਾਅ ਕੀਤਾ, ਜਦੋਂਕਿ ਕਾਂਗਰਸ ਇਨਕੁਆਇਰੀ ਨੇ ਇਸ ਨੂੰ ਪੂਰੀ ਤਰ੍ਹਾਂ ਨਿਰਦੋਸ਼ ਲੋਕਾਂ ਦਾ ਕਤਲੇਆਮ ਕਰਾਰ ਦਿੱਤਾ। ਮਹਾਤਮਾ ਗਾਂਧੀ ਸਮੇਤ ਭਾਰਤੀ ਨੇਤਾਵਾਂ ਨੇ ਇਨ੍ਹਾਂ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਸੀ। ਰਾਬਿੰਦਰਨਾਥ ਟੈਗੋਰ ਨੇ ਇਸ ਦੇ ਵਿਰੋਧ ਵਿੱਚ ‘ਨਾਈਟਹੁੱਡ’ ਦੀ ਉਪਾਧੀ ਵਾਪਸ ਕਰ ਦਿੱਤੀ ਸੀ।
ਸੰਪਰਕ: 98780-19889

