ਜਦੋਂ ਯਾਦ ਆਏ ਚਾਚਾ ਅਜੀਤ ਸਿੰਘ
ਖਟਕੜ ਕਲਾਂ ਦਾ ਨਾਂ ਸਾਡੇ ਸਭਨਾਂ ਦੇ ਮਨਾਂ ਅੰਦਰ ਇੱਕ ਵੱਖਰਾ ਹੀ ਗੌਰਵਮਈ ਅਹਿਸਾਸ ਜਗਾ ਦਿੰਦਾ ਹੈ ਅਤੇ ਜੇਕਰ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੇ ਕਿਸੇ ਜਾਣਕਾਰ ਨਾਲ ਮੁਲਾਕਾਤ ਹੋ ਜਾਵੇ, ਫਿਰ ਤਾਂ ਗੱਲ ਹੀ ਕੀ! ਸਬੱਬ ਇਹ ਬਣਿਆ ਕਿ...
ਖਟਕੜ ਕਲਾਂ ਦਾ ਨਾਂ ਸਾਡੇ ਸਭਨਾਂ ਦੇ ਮਨਾਂ ਅੰਦਰ ਇੱਕ ਵੱਖਰਾ ਹੀ ਗੌਰਵਮਈ ਅਹਿਸਾਸ ਜਗਾ ਦਿੰਦਾ ਹੈ ਅਤੇ ਜੇਕਰ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੇ ਕਿਸੇ ਜਾਣਕਾਰ ਨਾਲ ਮੁਲਾਕਾਤ ਹੋ ਜਾਵੇ, ਫਿਰ ਤਾਂ ਗੱਲ ਹੀ ਕੀ! ਸਬੱਬ ਇਹ ਬਣਿਆ ਕਿ ਉਨ੍ਹਾਂ ਦਿਨਾਂ ਵਿੱਚ ਮੇਰੇ ਕੋਲ ‘ਗੌਰਮਿੰਟ ਟੀਚਰਜ਼ ਯੂਨੀਅਨ’ (ਜੀ ਟੀ ਯੂ) ਦੇ ਸੂਬਾਈ ਜਨਰਲ ਸਕੱਤਰ ਦੇ ਨਾਲ-ਨਾਲ ਰੋਪੜ ਜ਼ਿਲ੍ਹੇ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਸੀ। ਇਸ ਕਾਰਨ ਜ਼ਿਲ੍ਹਾ ਸਿੱਖਿਆ ਅਫ਼ਸਰ (ਡੀ ਈ ਓ) ਦੇ ਦਫ਼ਤਰ ਅਕਸਰ ਗੇੜਾ ਲੱਗਦਾ ਰਹਿੰਦਾ। ਜਥੇਬੰਦੀ ਨੇ ਅਧਿਆਪਕਾਂ ਦੀ ਸਹੂਲਤ ਲਈ ਇੱਕ ਨਿਯਮ ਤੈਅ ਕਰਵਾਇਆ ਹੋਇਆ ਸੀ ਕਿ ਤਰੱਕੀ ਸਮੇਂ ਜੇਕਰ ਕਿਸੇ ਅਧਿਆਪਕ ਦੇ ਆਪਣੇ ਹੀ ਸਕੂਲ ਵਿੱਚ ਪ੍ਰੋਮੋਸ਼ਨ ਵਾਲੀ ਪੋਸਟ ਖ਼ਾਲੀ ਹੋਵੇ ਤਾਂ ਉਹ ਪੋਸਟ ਉਸੇ ਸਕੂਲ ਦੇ ਅਧਿਆਪਕ ਨੂੰ ਦੇ ਦਿੱਤੀ ਜਾਂਦੀ ਸੀ। ਬਾਕੀ ਉਮੀਦਵਾਰਾਂ ਨੂੰ ਸਟੇਸ਼ਨਾਂ ਦੀ ਚੋਣ ਕਰਵਾ ਕੇ ਆਰਡਰ ਜਾਰੀ ਕਰ ਦਿੱਤੇ ਜਾਂਦੇ ਸਨ। ਉਨ੍ਹੀਂ ਦਿਨੀਂ ਰੋਪੜ ਦੇ ਡੀ ਈ ਓ (ਪ੍ਰਾਇਮਰੀ) ਨੇ ਨਵੇਂ ਬਣਨ ਵਾਲੇ ਹੈੱਡ ਟੀਚਰਾਂ ਨੂੰ ਸਟੇਸ਼ਨ ਅਲਾਟ ਕਰ ਦਿੱਤੇ ਸਨ, ਪਰ ਹਾਜ਼ਰ ਹੋਣ ਦੇ ਲਿਖਤੀ ਆਰਡਰ ਹਾਲੇ ਜਾਰੀ ਹੋਣੇ ਬਾਕੀ ਸਨ। ਇੰਨੇ ਨੂੰ ਨੰਗਲ ਟਾਊਨਸ਼ਿਪ ਦੇ ਬਲਾਕ ਆਗੂ ਗੁਰਦਿਆਲ ਸਿੰਘ ਢਾਹੇ (ਸਵਰਗੀ) ਮੈਨੂੰ ਲੱਭਦੇ ਹੋਏ ਡੀ ਈ ਓ ਦਫ਼ਤਰ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬਲਾਕ ਦੇ ਕਲਸੇੜ੍ਹਾ ਸਕੂਲ ਦੀ ਮੈਡਮ ਨੂੰ ‘ਸਿਟਿੰਗ ਸਟੇਸ਼ਨ’ (ਉਹੀ ਸਕੂਲ) ਮਿਲ ਚੁੱਕਾ ਹੈ, ਪਰ ਉੱਥੇ ਕਿਸੇ ਹੋਰ ਨੇ ਬਦਲੀ ਕਰਵਾ ਲਈ ਹੈ। ਮੈਂ ਗੁਰਦਿਆਲ ਸਿੰਘ ਨੂੰ ਨਾਲ ਲੈ ਕੇ ਇਹ ਮਸਲਾ ਡੀ ਈ ਓ ਸਵਰਗੀ ਕੇ ਆਰ ਜੋਸ਼ੀ ਕੋਲ ਜਾ ਉਠਾਇਆ।
ਜੋਸ਼ੀ ਜੀ ਨੇ ਬੜੇ ਸਲੀਕੇ ਨਾਲ ਗੁਰਦਿਆਲ ਸਿੰਘ ਨੂੰ ਕਮਰੇ ਤੋਂ ਬਾਹਰ ਜਾਣ ਲਈ ਕਿਹਾ। ਜੋਸ਼ੀ ਜੀ ਇਸ ਬਦਲੀ ਬਾਰੇ ਪਹਿਲਾਂ ਹੀ ਜਾਣਦੇ ਸਨ। ਉਨ੍ਹਾਂ ਮੈਨੂੰ ਪੁੱਛਿਆ, “ਇਸ ਬਦਲੀ ਨਾਲ ਪ੍ਰਭਾਵਿਤ ਹੋਣ ਵਾਲੀ ਮੈਡਮ ਕੌਣ ਹੈ?” ਮੇਰਾ ਉੱਤਰ ਸੀ ਕਿ ਮੈਂ ਤਾਂ ਉਸ ਦਾ ਨਾਂ ਵੀ ਨਹੀਂ ਜਾਣਦਾ। ਉਹ ਕਹਿਣ ਲੱਗੇ, “ਜਾਣ ਨਾ ਪਛਾਣ, ਫਿਰ ਇੰਨੀ ਪੱਖਪਾਤ ਜਾਂ ਹਮਦਰਦੀ ਕਾਹਦੇ ਲਈ?” ਮੈਂ ਕਿਹਾ, “ਪ੍ਰਸ਼ਨ ਜਾਣ-ਪਛਾਣ ਦਾ ਨਹੀਂ, ਸਵਾਲ ਬੇਇਨਸਾਫ਼ੀ ਦਾ ਹੈ।” ਮੇਰੀ ਕਾਰਜ-ਸ਼ੈਲੀ ਤੋਂ ਸਾਰੇ ਅਫ਼ਸਰ ਚੰਗੀ ਤਰ੍ਹਾਂ ਵਾਕਿਫ਼ ਸਨ। ਉਹ ਕਹਿਣ ਲੱਗੇ “ਬਦਲੀ ਕਰਵਾ ਕੇ ਆਈ ਅਧਿਆਪਕਾ ਦੇ ਕਈ ਰਿਸ਼ਤੇਦਾਰ ਚੰਡੀਗੜ੍ਹ ਸਕੱਤਰੇਤ ਵਿੱਚ ਆਈ ਏ ਐੱਸ ਅਫ਼ਸਰ ਹਨ, ਇਸ ਲਈ ਇਹ ਬਦਲੀ ਲਾਗੂ ਕਰਨੀ ਹੀ ਪੈਣੀ ਹੈ।” ਫਿਰ ਕੁਝ ਸੋਚ ਕੇ ਬੋਲੇ, “ਜੇਕਰ ਉਹ ਮੈਡਮ ਹਾਈ ਕੋਰਟ ਚਲੀ ਜਾਵੇ, ਤਾਂ ਕੋਰਟ ਅਤੇ ਵਿਭਾਗ ਨੇ ਮੇਰੇ ਕੋਲੋਂ ਹੀ ਰਿਪੋਰਟ ਮੰਗਣੀ ਹੈ, ਉਦੋਂ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ।” ਦਫ਼ਤਰੋਂ ਬਾਹਰ ਆ ਕੇ ਮੈਂ ਗੁਰਦਿਆਲ ਸਿੰਘ ਨੂੰ ਉਸ ਮੈਡਮ ਤੱਕ ਇਹ ਸੁਨੇਹਾ ਪਹੁੰਚਾਉਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਸੁਨੇਹਾ ਦੇਣ ਲਈ ਗੁਰਦਿਆਲ ਸਿੰਘ ਨੂੰ ਸਾਈਕਲ ’ਤੇ 13 ਕਿਲੋਮੀਟਰ ਜਾਣ ਅਤੇ ਇੰਨਾ ਹੀ ਸਫ਼ਰ ਤੈਅ ਕਰਕੇ ਵਾਪਸ ਪਿੰਡ ਆਉਣਾ ਪਿਆ। ਉਨ੍ਹੀਂ ਦਿਨੀਂ ਅੱਜ ਵਾਂਗ ਹਰ ਅਧਿਆਪਕ ਕੋਲ ਮੋਟਰਸਾਈਕਲ ਜਾਂ ਸਕੂਟਰ ਨਹੀਂ ਸੀ ਹੁੰਦਾ।
ਅਗਲੇ ਦਿਨ ਸਵੇਰੇ ਪੌਣੇ ਸੱਤ ਵਜੇ ਜਦੋਂ ਮੈਂ ਮੇਨ ਰੋਡ ਤੋਂ ਆਪਣੇ ਸਕੂਟਰ ਦਾ ਰੁਖ਼ ਸਾਹਮਣੇ ਸਕੂਲ ਵੱਲ ਮੋੜਿਆ ਤਾਂ ਇੱਕ ਸੱਜਣ ਨੇ ਮੈਨੂੰ ਰੁਕਣ ਦਾ ਇਸ਼ਾਰਾ ਕੀਤਾ। ਮੈਂ ਸਕੂਟਰ ਰੋਕਿਆ ਅਤੇ ਕਾਰਨ ਪੁੱਛਿਆ। ਉੱਥੇ ਖੜ੍ਹੀ ਮੈਡਮ ਕਹਿਣ ਲੱਗੀ, “ਮੈਂ ਕਲਸੇੜ੍ਹਾ ਸਕੂਲ ਤੋਂ ਸੁਰਿੰਦਰਾ ਕੁਮਾਰੀ ਹਾਂ ਅਤੇ ਇਹ ਸ਼ਰਮਾ ਜੀ ਮੇਰੇ ਪਤੀ ਹਨ।” ਇਹ ਸੁਣ ਕੇ ਮੈਨੂੰ ਥੋੜ੍ਹਾ ਗੁੱਸਾ ਆ ਗਿਆ। ਮੈਂ ਖ਼ਫ਼ਾ ਹੁੰਦਿਆਂ ਬੋਲਿਆ “"ਤੁਹਾਨੂੰ ਤਾਂ ਹਾਈ ਕੋਰਟ ਜਾਣ ਦਾ ਸੁਨੇਹਾ ਲਾਇਆ ਸੀ, ਤੁਸੀਂ ਇੱਥੇ ਕਾਹਦੇ ਲਈ ਆਏ ਹੋ? ਉਹ ਵੀ ਇੰਨੇ ਸੁਵੱਖਤੇ (ਸਵੇਰੇ-ਸਵੇਰੇ)?” ਮੈਡਮ ਨੇ ਨਿਮਰਤਾ ਨਾਲ ਕਿਹਾ “ਸੁਵੱਖਤੇ ਆ ਕੇ ਸਕੂਲ ਵਿੱਚ ਇੱਕ ਘੰਟਾ ਪਹਿਲਾਂ ਕਲਾਸ ਪੜ੍ਹਾਉਣ ਦੀ ਤੁਹਾਡੀ ਆਦਤ ਬਾਰੇ ਹੋਰਨਾਂ ਵਾਂਗ ਸਾਨੂੰ ਵੀ ਪਤਾ ਸੀ। ਤੁਸੀਂ ਗੁੱਸੇ ਨਾ ਹੋਵੋ। ਦਰਅਸਲ ਇਨ੍ਹਾਂ (ਆਪਣੇ ਪਤੀ ਵੱਲ ਇਸ਼ਾਰਾ ਕਰਦਿਆਂ) ਨੇ ਜ਼ਿੱਦ ਫੜ ਲਈ ਸੀ ਕਿ ਜਿਸ ਇਨਸਾਨ ਨੇ ਬਿਨਾਂ ਕਿਸੇ ਜਾਣ-ਪਛਾਣ ਦੇ ਸਾਡਾ ਪੱਖ ਲਿਆ ਹੈ, ਪਹਿਲਾਂ ਉਸ ਦਾ ਮੂੰਹ ਵੇਖ ਕੇ ਹੀ ਚੰਡੀਗੜ੍ਹ ਜਾਇਆ ਜਾਵੇਗਾ। ਅਸੀਂ ਅਗਲੇ ਬੱਸ ਸਟੈਂਡ ’ਤੇ ਸਕੂਟਰ ਖੜ੍ਹਾ ਕਰਕੇ ਅੱਗੇ ਚਲੇ ਜਾਵਾਂਗੇ।” ਇਹ ਸੁਣ ਕੇ ਮੈਨੂੰ ਅੱਗੋਂ ਕਹਿਣ ਲਈ ਕੁਝ ਨਾ ਅਹੁੜਿਆ। ਮੈਂ ਥੋੜ੍ਹਾ ਛਿਥਾ ਪੈ ਗਿਆ ਅਤੇ ਸਕੂਲ ਵੱਲ ਹੋ ਤੁਰਿਆ ਤੇ ਉਹ ਅੱਗੇ ਚਲੇ ਗਏ। ਡੀ ਈ ਓ ਜੋਸ਼ੀ ਜੀ ਨੇ ਆਪਣੇ ਵਾਅਦੇ ਮੁਤਾਬਕ ਮੈਡਮ ਦੇ ਹੱਕ ਵਿੱਚ ਅਦਾਲਤ ਨੂੰ ਰਿਪੋਰਟ ਭੇਜ ਦਿੱਤੀ। ਇਸ ਤਰ੍ਹਾਂ ਸੁਰਿੰਦਰਾ ਕੁਮਾਰੀ ਰੋਜ਼ਾਨਾ 10 ਕਿਲੋਮੀਟਰ ਦੂਰ ਜਾਣ ਤੋਂ ਬਚ ਗਏ। ਬਾਅਦ ਵਿੱਚ ਜਦੋਂ ਸਾਡਾ ਦੋਵਾਂ ਜੀਆਂ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਹੋਇਆ ਤਾਂ ਪਤਾ ਲੱਗਾ ਕਿ ਮੈਡਮ ਸੁਰਿੰਦਰਾ ਕੁਮਾਰੀ ਦੇ ਪੇਕੇ ਖਟਕੜ ਕਲਾਂ ਵਿੱਚ ਹਨ। ਸ਼ਹੀਦ ਭਗਤ ਸਿੰਘ ਦੇ ਪਰਿਵਾਰ ਅਤੇ ਸੁਰਿੰਦਰਾ ਕੁਮਾਰੀ ਦੇ ਪੇਕੇ ਪਰਿਵਾਰ ਦੀ ਆਪਸ ਵਿੱਚ ਬਹੁਤ ਨੇੜਤਾ ਸੀ, ਜਿਸ ਕਾਰਨ ਉਨ੍ਹਾਂ ਦਾ ਭੈਣ-ਭਰਾ ਵਰਗਾ ਪਿਆਰਾ ਰਿਸ਼ਤਾ ਬਣਿਆ ਹੋਇਆ ਸੀ। ਮੈਡਮ ਸੁਰਿੰਦਰਾ ਦੇ ਪਿਤਾ ਜੀ ਉਨ੍ਹਾਂ ਕੋਲ ਹੀ ਰਹਿੰਦੇ ਸਨ। ਇੱਕ ਦਿਨ ਮੈਂ ਅਤੇ ਮੇਰਾ ਦੋਸਤ ਰਾਜਿੰਦਰ ਸਿੰਘ ਸੁਰਿੰਦਰਾ ਹੋਰਾਂ ਦੇ ਘਰ ਗਏ ਅਤੇ ਉਨ੍ਹਾਂ ਦੇ ਬਜ਼ੁਰਗ ਪਿਤਾ ਜੀ ਕੋਲ ਬੈਠ ਕੇ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨਾਲ ਉਨ੍ਹਾਂ ਦੀ ਨੇੜਤਾ ਬਾਰੇ ਗੱਲਾਂ ਪੁੱਛਣ ਲੱਗ ਪਏ। ਪਿਤਾ ਜੀ ਪੁਰਾਣੀਆਂ ਯਾਦਾਂ ਦੀ ਪਟਾਰੀ ਫੋਲਦੇ ਗਏ। ਜਦੋਂ ਉਹ ਦੇਸ਼ ਭਗਤ ਚਾਚਾ ਅਜੀਤ ਸਿੰਘ ਬਾਰੇ ਦੱਸਣ ਲੱਗੇ ਕਿ ਕਿਵੇਂ ਉਹ 38 ਸਾਲਾਂ ਦੀ ਲੰਮੀ ਜਲਾਵਤਨੀ ਕੱਟ ਕੇ ਮਾਰਚ 1947 ਵਿੱਚ ਵਾਪਸ ਆਪਣੇ ਪਿੰਡ ਪਰਤੇ ਸਨ, ਤਾਂ ਪਿਤਾ ਜੀ ਦਾ ਗਲਾ ਭਰ ਆਇਆ। ਉਹ ਭਾਵੁਕ ਹੋ ਕੇ ਇੱਕ-ਇੱਕ ਸ਼ਬਦ ਰੁਕ-ਰੁਕ ਕੇ ਬੋਲ ਰਹੇ ਸਨ।
ਉਨ੍ਹਾਂ ਦੱਸਿਆ ਕਿ ਅਗਸਤ 1947 ਨੂੰ ਚਾਚਾ ਅਜੀਤ ਸਿੰਘ ਡਲਹੌਜ਼ੀ (ਜੋ ਉਦੋਂ ਪੰਜਾਬ ਦਾ ਹਿੱਸਾ ਸੀ) ਵਿਖੇ ਸਨ। 15-16 ਅਗਸਤ ਦੀ ਅੱਧੀ ਰਾਤ ਨੂੰ ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਦੇਸ਼ ਦੀ ਆਜ਼ਾਦੀ ਦਾ ਐਲਾਨ ਕਰਦਿਆਂ ਕੌਮ ਨੂੰ ਸੰਬੋਧਨ ਕੀਤਾ ਤਾਂ ਡਲਹੌਜ਼ੀ ਦੇ ਵਸਨੀਕਾਂ ਨੇ ਚਾਚਾ ਅਜੀਤ ਸਿੰਘ ਦੇ ਹੱਥੋਂ ਆਜ਼ਾਦ ਭਾਰਤ ਦਾ ਤਿਰੰਗਾ ਲਹਿਰਾਉਣ ਦਾ ਪ੍ਰੋਗਰਾਮ ਰੱਖਿਆ। ਇਹ ਦੱਸਦਿਆਂ ਪਿਤਾ ਜੀ ਹੁਣ ਹਉਕੇ ਭਰਨ ਲੱਗ ਪਏ। ਉਹ ਕਹਿਣ ਲੱਗੇ “ਆਜ਼ਾਦੀ ਦੇ ਜਸ਼ਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਸਨ... ਚਾਚਾ ਅਜੀਤ ਸਿੰਘ ਨੇ ਜਿਉਂ ਹੀ ਝੰਡੇ ਦੀ ਰੱਸੀ ਫੜਨ ਲਈ ਆਪਣਾ ਹੱਥ ਅੱਗੇ ਵਧਾਇਆ, ਉੱਥੇ ਹੀ...”। ਪਿਤਾ ਜੀ ਆਪਣਾ ਵਾਕ ਪੂਰਾ ਨਾ ਕਰ ਸਕੇ ਅਤੇ ਫੁੱਟ-ਫੁੱਟ ਕੇ ਰੋ ਪਏ। ਦਰਅਸਲ, ਠੀਕ ਉਸੇ ਪਲ ਚਾਚਾ ਅਜੀਤ ਸਿੰਘ ਨੂੰ ਜਾਨਲੇਵਾ ਦਿਲ ਦਾ ਦੌਰਾ ਪੈ ਗਿਆ ਸੀ ਅਤੇ ਉਹ ਦੇਸ਼ ਦੀ ਆਜ਼ਾਦ ਫ਼ਿਜ਼ਾ ਵਿੱਚ ਆਖਰੀ ਸਾਹ ਲੈ ਕੇ ਸ਼ਹੀਦ ਹੋ ਗਏ ਸਨ। ਅਸੀਂ ਦੋਵਾਂ ਨੇ ਉੱਠ ਕੇ ਬਜ਼ੁਰਗ ਪਿਤਾ ਜੀ ਨੂੰ ਤਸੱਲੀ ਦਿੰਦਿਆਂ ਵਾਰ-ਵਾਰ ਉਨ੍ਹਾਂ ਨੂੰ ‘ਭਾਗਾਂ ਵਾਲੇ’ ਕਹਿ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਜ਼ਿੰਦਗੀ ਭਰ ਯਾਦ ਰਹੇਗਾ ਕਿ ਉਸ ਦਿਨ ਸਾਨੂੰ ਕਿੰਨੇ ਅਦਭੁਤ ਤਰੀਕੇ ਨਾਲ ਚਾਚਾ ਅਜੀਤ ਸਿੰਘ ਯਾਦ ਆਏ ਸਨ।
ਸੰਪਰਕ: 94176-52947

