DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੀ ਕਸੂਰ...

ਮਾਵਾਂ ਦੀਆਂ ਲੋਰੀਆਂ ’ਚ ਪਲੇ ਅਸੀਂ ਤਾਂ ਸੀ ਲੱਖਾਂ ਸੁਫ਼ਨੇ, ਬਾਪੂ ਦੀਆਂ ਬੇਸ਼ੁਮਾਰ ਉਮੀਦਾਂ, ਤੁਸੀਂ ਲਿਖਿਆ ਸਿਰਫ਼ ਇੱਕ ਸੌ ਪੈਂਹਟ। ਸਾਨੂੰ ਨਾ ਸੀ ਸਰਹੱਦਾਂ ਦੀ ਸਮਝ ਨਾ ਸੀ ਰਾਜਨੀਤੀ ਦੀ ਖੇਡ ਦਾ ਪਤਾ ਸਾਡਾ ਮਾਸੂਮਾਂ ਦਾ ਤਾਂ ਸੀ ਹਾਸਿਆਂ ਦਾ...

  • fb
  • twitter
  • whatsapp
  • whatsapp
Advertisement

ਮਾਵਾਂ ਦੀਆਂ ਲੋਰੀਆਂ ’ਚ ਪਲੇ

ਅਸੀਂ ਤਾਂ ਸੀ ਲੱਖਾਂ ਸੁਫ਼ਨੇ,

Advertisement

ਬਾਪੂ ਦੀਆਂ ਬੇਸ਼ੁਮਾਰ ਉਮੀਦਾਂ,

Advertisement

ਤੁਸੀਂ ਲਿਖਿਆ ਸਿਰਫ਼ ਇੱਕ ਸੌ ਪੈਂਹਟ।

ਸਾਨੂੰ ਨਾ ਸੀ ਸਰਹੱਦਾਂ ਦੀ ਸਮਝ

ਨਾ ਸੀ ਰਾਜਨੀਤੀ ਦੀ ਖੇਡ ਦਾ ਪਤਾ

ਸਾਡਾ ਮਾਸੂਮਾਂ ਦਾ ਤਾਂ ਸੀ

ਹਾਸਿਆਂ ਦਾ ਸੰਸਾਰ।

ਸਾਡੀਆਂ ਗੁੱਡੀਆਂ ਤਾਂ ਅਜੇ ਵੀ

ਟੁੱਟੇ ਛੱਜਿਆਂ ਹੇਠ ਪਈਆਂ ਹੋਣੀਆਂ

ਸਾਡੀਆਂ ਕਾਪੀਆਂ ਦੇ ਕੋਰੇ ਪੰਨੇ ਜ਼ਰੂਰ

ਸਾਨੂੰ ਉਡੀਕਦੇ ਹੰਝੂ ਕੇਰ ਰਹੇ ਹੋਣਗੇ।

ਹਥਿਆਰਾਂ ਦੇ ਵਣਜਾਰਿਓ

ਬੰਬਾਂ ਦੇ ਉਪਾਸ਼ਕੋ

ਨਫ਼ਰਤ ਦੀ ਜੁਗਾਲੀ ਕਰਨ ਵਾਲਿਓ

ਤੁਸੀਂ ਸਭ ਜਾਣਦੇ ਹੋ

ਕਿਤਾਬਾਂ ਦੀ ਕੀਮਤ, ਅੱਖਰਾਂ ਦੀ ਤਾਸੀਰ।

ਤੁਹਾਡਾ ਡਰ, ਤੁਹਾਡੀ ਭੁੱਖ

ਤੁਹਾਡੀ ਹਵਸ ਸਭ ਤੋਂ ਪਹਿਲਾਂ

ਬੰਬ ਬਣ ਡਿੱਗਦੀ ਹੈ ਤਾਂ ਹੀ

ਵਿਦਿਆ ਦੇ ਮੰਦਰਾਂ ਦੀਆਂ ਛੱਤਾਂ ’ਤੇ।

ਫਿਰ ਕੀ ਹੋਇਆ ਜੇ ਖ਼ਾਮੋਸ਼ ਹੋਇਆ

ਸਾਡੇ ਸੁਫ਼ਨਿਆਂ ਦਾ ਸੰਸਾਰ

ਇਨ੍ਹਾਂ ਦੀ ਰਾਖ ਹੀ ਇਨ੍ਹਾਂ ਦਾ ਬੀਜ ਹੈ

ਬਹਾਰ ਬਣ ਉੱਗੇਗਾ ਫਿਰ

ਇਨ੍ਹਾਂ ਹੀ ਸੁੱਚੀਆਂ ਫਿਜ਼ਾਵਾਂ ’ਚ।

ਤੁਸੀਂ ਕਹਿੰਦੇ ਹੋ, ‘ਕੋਲੈਟਰਲ ਡੈਮੇਜ’

ਕਿੰਨਾ ਸੌਖਾ ਸ਼ਬਦ ਹੈ

ਇੱਕ ਲਫ਼ਜ਼ ਨਾਲ਼ ਸੁਰਖਰੂ ਹੋ ਜਾਣਾ

ਬੇਦੋਸ਼ਿਆਂ ਦੇ ਕਤਲਾਂ ਤੋਂ, ਗੁਨਾਹਾਂ ਤੋਂ।

ਪਰ ਸੁਣੋ, ਕਿਆਮਤ ਦੇ ਦਿਨ

ਸਿਰਫ਼ ਅੱਲ੍ਹਾ ਅੱਗੇ ਹੀ ਨਹੀਂ

ਤੁਹਾਡੀ ਜ਼ਮੀਰ ਅੱਗੇ ਵੀ

ਖਲੋਵਾਂਗੀਆਂ ਵੰਗਾਰ ਬਣ।

ਸਵਾਲ ਬਣ ਪੁੱਛਾਂਗੀਆਂ,

‘‘ਜਦੋਂ ਤੁਸੀਂ ਖਿੱਚ ਰਹੇ ਸੀ

ਨਕਸ਼ਿਆਂ ’ਤੇ ਲਕੀਰਾਂ,

ਪਲ ਭਰ ਲਈ ਵੀ

ਕੀ ਤੁਹਾਨੂੰ ਯਾਦ ਨਾ ਆਈਆਂ

ਤੁਹਾਡੀਆਂ ਧੀਆਂ ਵਰਗੀਆਂ

ਸਾਡੀਆਂ ਮੁਸਕਾਨਾਂ?”

ਯਾਦ ਰੱਖਿਓ!

ਅਸੀਂ ਮਰ ਕੇ ਵੀ

ਤੁਹਾਡੀਆਂ ਫ਼ਰੇਬੀ ਜ਼ਮੀਰਾਂ ਨੂੰ

ਚੀਖ-ਚੀਖ ਕੇ ਸਵਾਲ ਕਰਾਂਗੀਆਂ

ਸਾਡਾ ਮਾਸੂਮਾਂ ਦਾ ਕੀ ਕਸੂਰ ਸੀ?

ਸੰਪਰਕ: 98783-30324

* * *

Advertisement
×