ਉਨ੍ਹਾਂ ਨੂੰ ਕਿਹੜਾ ਪੰਜਾਬੀ ਆਉਂਦੀ ਹੈ !
ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਦੇਸ਼-ਵਿਦੇਸ਼ ਦੇ ਮਹਿਮਾਨਾਂ ਦਾ ਤਾਂਤਾ ਲੱਗਿਆ ਰਹਿੰਦਾ ਸੀ। ਉਨ੍ਹਾਂ ਦਿਨਾਂ ਵਿੱਚ ਇੱਕ ਵਿਦੇਸ਼ੀ ਸਫ਼ੀਰ ਆਪਣਾ ਤਿੰਨ ਮੈਂਬਰੀ ਵਫ਼ਦ ਲੈ ਕੇ ਮੁੱਖ ਮੰਤਰੀ ਨੂੰ ਮਿਲਣ ਆਇਆ।
ਸੱਤਾ ਦੇ ਗਲਿਆਰਿਆਂ ਵਿੱਚ ਰੋਜ਼ਾਨਾ ਅਨੇਕਾਂ ਰਸਮੀ ਮਿਲਣੀਆਂ ਹੁੰਦੀਆਂ ਹਨ, ਪਰ ਕੁਝ ਪਲ ਅਜਿਹੇ ਹੁੰਦੇ ਹਨ ਜੋ ਚੇਤਿਆਂ ਦੇ ਕੈਨਵਸ ’ਤੇ ਉਮਰ ਭਰ ਲਈ ਉੁੱਕਰੇ ਜਾਂਦੇ ਹਨ। ਮੁੱਖ ਮੰਤਰੀ ਦੇ ਪ੍ਰੈੱਸ ਸਕੱਤਰ ਵਜੋਂ ਆਪਣੇ ਸੇਵਾਕਾਲ ਦੇ ਦਿਨਾਂ ਦਾ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਵਾਪਰਿਆ ਅਜਿਹਾ ਹੀ ਖ਼ਾਸ ਵਾਕਿਆ ਮੈਨੂੰ ਅੱਜ ਵੀ ਯਾਦ ਹੈ।
ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਦੇਸ਼-ਵਿਦੇਸ਼ ਦੇ ਮਹਿਮਾਨਾਂ ਦਾ ਤਾਂਤਾ ਲੱਗਿਆ ਰਹਿੰਦਾ ਸੀ। ਉਨ੍ਹਾਂ ਦਿਨਾਂ ਵਿੱਚ ਇੱਕ ਵਿਦੇਸ਼ੀ ਸਫ਼ੀਰ ਆਪਣਾ ਤਿੰਨ ਮੈਂਬਰੀ ਵਫ਼ਦ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਆਇਆ। ਇਸ ਛੋਟੇ ਜਿਹੇ ਵਫ਼ਦ ਵਿੱਚ ਸਫ਼ੀਰ ਖ਼ੁਦ ਅਤੇ ਉਨ੍ਹਾਂ ਦੇ ਨਾਲ ਦੋ ਸੀਨੀਅਰ ਸਹਿਯੋਗੀ- ਇੱਕ ਮਰਦ ‘ਫਸਟ ਸਕੱਤਰ (ਪੁਲੀਟੀਕਲ)’ ਅਤੇ ਇੱਕ ਮਹਿਲਾ ‘ਫਸਟ ਸਕੱਤਰ (ਇਕਨੌਮਿਕ ਐਂਡ ਕਮਰਸ਼ੀਅਲ)’ ਸ਼ਾਮਿਲ ਸਨ। ਇਸ ਮਹਿਲਾ ਅਧਿਕਾਰੀ ਨੂੰ ਮੈਂ ਸ਼ੁਰੂ ਵਿੱਚ ਸਫ਼ੀਰ ਦੀ ਧਰਮ ਪਤਨੀ ਸਮਝ ਬੈਠਾ ਸਾਂ। ਮੁੱਖ ਮੰਤਰੀ ਨਾਲ ਉਸ ਵੇਲੇ ਮੁੱਖ ਸਕੱਤਰ ਅਤੇ ਪ੍ਰਿੰਸੀਪਲ ਸਕੱਤਰ ਵੀ ਮੌਜੂਦ ਸਨ। ਮਹਿਮਾਨ-ਨਿਵਾਜ਼ੀ ਕਰਨਾ ਅਤੇ ਮਹਿਮਾਨਾਂ ਨਾਲ ਮੁਹੱਬਤ ਤੇ ਖ਼ਲੂਸ ਨਾਲ ਪੇਸ਼ ਆਉਣਾ ਉਨ੍ਹਾਂ ਦੀ ਸ਼ਖ਼ਸੀਅਤ ਦਾ ਇੱਕ ਗੁਣ ਸੀ। ਅਜਿਹੀਆਂ ਅਹਿਮ ਮੁਲਾਕਾਤਾਂ ਉਸ ਸਰਕਾਰੀ ਰਿਹਾਇਸ਼ ਦੇ ਵਿਸ਼ਾਲ ਸ਼ਾਹੀ ਡਰਾਇੰਗ ਰੂਮ ਵਿੱਚ ਹੁੰਦੀਆਂ ਸਨ, ਜਿੱਥੇ ਕੀਮਤੀ ਸੋਫ਼ੇ ਅਤੇ ਪੁਰਾਤਨ ਰਿਆਸਤੀ ਸਾਜ਼ੋ-ਸਾਮਾਨ ਸਜਿਆ ਹੁੰਦਾ ਸੀ।
ਕੂਟਨੀਤਕ ਮਿਲਣੀਆਂ ਦੇ ਆਪਣੇ ਰਸਮੀ ਨੇਮ ਅਤੇ ਪ੍ਰੋਟੋਕੋਲ ਹੁੰਦੇ ਹਨ। ਇਸ ਤਹਿਤ ਪਹਿਲਾਂ ਮਹਿਮਾਨ ਵੱਲੋਂ ਆਉਂਦਿਆਂ ਹੀ ਮੁੱਖ ਮੰਤਰੀ ਨੂੰ ਆਪਸੀ ਸਨਮਾਨ ਦੇ ਪ੍ਰਤੀਕ ਵਜੋਂ ਗੁਲਦਸਤੇ ਭੇਟ ਕੀਤੇ ਗਏ ਅਤੇ ਵਿਦੇਸ਼ੀ ਸਫ਼ੀਰ ਨੇ ਆਪਣਾ ਰਸਮੀ ਤੋਹਫ਼ਾ ਵੀ ਕੈਪਟਨ ਹੋਰਾਂ ਨੂੰ ਆਦਰ ਸਹਿਤ ਪੇਸ਼ ਕੀਤਾ। ਇਸ ਤੋਂ ਬਾਅਦ ਕੈਮਰਿਆਂ ਦੀਆਂ ਫਲੈਸ਼ਾਂ ਚਮਕੀਆਂ ਅਤੇ ਫੋਟੋ ਸੈਸ਼ਨ ਮੁਕੰਮਲ ਹੋਇਆ। ਫਿਰ ਮਹਿਮਾਨਾਂ ਨੂੰ ਬਿਠਾ ਕੇ ਗੱਲਾਂ-ਬਾਤਾਂ ਦਾ ਸਿਲਸਿਲਾ ਸ਼ੁਰੂ ਹੋਇਆ, ਜਿਸ ਵਿੱਚ ਦੁਵੱਲੇ ਸਬੰਧਾਂ ਦੇ ਨਾਲ-ਨਾਲ ਪੰਜਾਬ ਦੇ ਅਮੀਰ ਵਿਰਸੇ, ਸਨਅਤ ਅਤੇ ਖੇਤੀਬਾੜੀ ਦੇ ਵਿਕਾਸ ਉੱਤੇ ਵੀ ਵਿਸਥਾਰ ਨਾਲ ਚਰਚਾ ਹੋਈ। ਗੱਲਬਾਤ ਦੇ ਨਾਲ-ਨਾਲ ਮਹਿਮਾਨਾਂ ਲਈ ਹਾਈ-ਟੀ ਦਾ ਦੌਰ ਚੱਲਿਆ, ਜਿਸ ਵਿੱਚ ਚਾਹ-ਕੌਫ਼ੀ ਦੇ ਨਾਲ ਕੇਕ, ਪੇਸਟਰੀਆਂ, ਰਸ-ਮਲਾਈ ਅਤੇ ਪਨੀਰ ਦੇ ਗਰਮ-ਗਰਮ ਪਕੌੜੇ ਵਰਗੀਆਂ ਕਈ ਸੁਆਦੀ ਚੀਜ਼ਾਂ ਸਲੀਕੇ ਨਾਲ ਪੇਸ਼ ਕੀਤੀਆਂ ਗਈਆਂ।
ਪ੍ਰਾਹੁਣਾਚਾਰੀ ਵਿਭਾਗ ਦੇ ਕਰਮਚਾਰੀਆਂ ਨੇ ਤਾਂ ਸਭ ਕੁਝ ਬਾਖ਼ੂਬੀ ਸੰਭਾਲਿਆ ਹੀ ਸੀ, ਪਰ ਕੈਪਟਨ ਹੋਰੀਂ ਵੀ ਕਦੇ ‘ਮੂਕ ਮੇਜ਼ਬਾਨ’ ਵਾਂਗ ਨਹੀਂ ਬੈਠਦੇ ਸਨ। ਉਹ ਆਪ ਬਹੁਤ ਅਪਣੱਤ ਨਾਲ ਮਹਿਮਾਨਾਂ ਨੂੰ ਇਸਰਾਰ ਕਰਦੇ, ‘‘ਲਓ ਜੀ, ਇਹ ਜ਼ਰੂਰ ਲਵੋ।’’ ਇਸ ਨਾਲ ਮਾਹੌਲ ਪੁਰਖ਼ਲੂਸ ਹੋ ਜਾਂਦਾ ਅਤੇ ਇੱਕ ਖ਼ਾਸ ਅਪਣੱਤ ਮਹਿਸੂਸ ਹੁੰਦੀ। ਮੁੱਖ ਮੰਤਰੀ ਦਫ਼ਤਰ ’ਚ ਅਜਿਹੀਆਂ ਮਿਲਣੀਆਂ, ਸਮਾਗਮਾਂ ਅਤੇ ਬੈਠਕਾਂ ਦੀ ਮੀਡੀਆ ਕਵਰੇਜ, ਪ੍ਰੈੱਸ ਨੋਟ ਦੀ ਤਿਆਰੀ ਅਤੇ ਮੇਰੇ ਨਾਲ ਤਾਇਨਾਤ ਕੀਤੀ ਗਈ ਵੀਡੀਓ-ਫੋਟੋਗ੍ਰਾਫੀ ਟੀਮ ਰਾਹੀਂ ਸਾਰੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਦੀ ਜ਼ਿੰਮੇਵਾਰੀ ਮੇਰੀ ਸੀ। ਇਸੇ ਕਰਕੇ ਮੈਂ ਉਸੇ ਵੱਡੇ ਡਰਾਇੰਗ ਰੂਮ ਦੇ ਇੱਕ ਕੋਨੇ ਵਿੱਚ ਬੈਠਾ ਆਪਣੇ ਫ਼ਰਜ਼ ਵਿੱਚ ਪੂਰੀ ਤਰ੍ਹਾਂ ਰੁੱਝਿਆ ਹੋਇਆ ਸੀ। ਜਦੋਂ ਵਿਦਾਇਗੀ ਮੌਕੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਤੇ ਤੋਹਫ਼ੇ ਭੇਟ ਕਰਨ ਦਾ ਵੇਲਾ ਆਇਆ ਤਾਂ ਕੈਪਟਨ ਹੋਰਾਂ ਨੇ ਇਸ਼ਾਰਾ ਕਰ ਕੇ ਮੈਨੂੰ ਆਪਣੇ ਕੋਲ ਬੁਲਾਇਆ ਅਤੇ ਤੋਹਫ਼ਿਆਂ ਦਾ ਪ੍ਰਬੰਧ ਕਰਨ ਲਈ ਆਖਿਆ।
ਮੈਂ ਉੱਠ ਕੇ ਡਰਾਇੰਗ ਰੂਮ ਵਿੱਚੋਂ ਬਾਹਰ ਆਇਆ ਅਤੇ ਨਾਲ ਹੀ ਬਣੇ ਪ੍ਰਾਈਵੇਟ ਸਕੱਤਰ ਦੇ ਕਮਰੇ ਵਿੱਚ ਜਾ ਕੇ ਉਸ ਨੂੰ ਮਿਲਿਆ। ਉਸ ਨੇ ਮੈਨੂੰ ਪੁੱਛਿਆ ਕਿ ਵਫ਼ਦ ਵਿੱਚ ਕੁੱਲ ਕਿੰਨੇ ਜਣੇ ਹਨ। ਮੈਂ ਉਸ ਨੂੰ ਦੱਸਿਆ, ‘‘ਇੱਕ ਸਫ਼ੀਰ ਸਾਹਿਬ ਹਨ, ਨਾਲ ਉਨ੍ਹਾਂ ਦੀ ‘ਪਤਨੀ’ (ਭਾਵ ਉਹ ਮਹਿਲਾ ਅਧਿਕਾਰੀ, ਜਿਸ ਨੂੰ ਮੈਂ ਭੁਲੇਖੇ ਨਾਲ ਉਨ੍ਹਾਂ ਦੀ ਪਤਨੀ ਸਮਝ ਬੈਠਾ ਸਾਂ) ਹੈ ਅਤੇ ਇੱਕ ਹੋਰ ਸਹਿਯੋਗੀ ਹੈ।’’ ਇਹ ਸੁਣਦਿਆਂ ਹੀ ਪ੍ਰਾਈਵੇਟ ਸਕੱਤਰ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਉਹ ਘਬਰਾ ਕੇ ਕਹਿਣ ਲੱਗਾ, ‘‘ਇੱਕ ਬਹੁਤ ਵੱਡਾ ਮਸਲਾ ਖੜ੍ਹਾ ਹੋ ਗਿਆ ਹੈ। ਸਾਡਾ ਪੁਰਾਣਾ ਦਸਤੂਰ ਰਿਹਾ ਹੈ ਕਿ ਜਦੋਂ ਵੀ ਕੋਈ ਸਫ਼ੀਰ ਆਪਣੀ ਪਤਨੀ ਸਮੇਤ ਆਵੇ ਤਾਂ ਉਸ ਨੂੰ ਸਾਡੇ ਅਮੀਰ ਵਿਰਸੇ ਦੀ ਪ੍ਰਤੀਕ ਖ਼ੂਬਸੂਰਤ ‘ਫੁਲਕਾਰੀ’ ਭੇਟ ਕੀਤੀ ਜਾਂਦੀ ਹੈ। ਹੁਣ ਮਸਲਾ ਇਹ ਹੈ ਕਿ ਸਫ਼ੀਰ ਸਾਹਿਬ ਲਈ ਤਾਂ ਪਸ਼ਮੀਨੇ ਦੀ ਲੋਈ ਅਤੇ ਪੰਜਾਬ ਦੇ ਅਮੀਰ ਵਿਰਸੇ, ਸਨਅਤ ਤੇ ਖੇਤੀਬਾੜੀ ਨਾਲ ਜੁੜੀਆਂ ਕਿਤਾਬਾਂ ਦਾ ਸੈੱਟ ਮੌਜੂਦ ਹੈ, ਪਰ ਮੈਡਮ ਨੂੰ ਦੇਣ ਵਾਸਤੇ ਸਾਡੇ ਕੋਲ ਫੁਲਕਾਰੀ ਦਾ ਸ਼ਾਲ ਹੈ ਹੀ ਨਹੀਂ।’’
ਮੈਂ ਉਸ ਨੂੰ ਆਖਿਆ ਕਿ ਫਿਰ ਤੁਸੀਂ ਆਪ ਹੀ ਅੰਦਰ ਜਾ ਕੇ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰ ਲਓ, ਪਰ ਉਹ ਅੱਗੋਂ ਬੋਲਿਆ, “ਨਹੀਂ ਨਹੀਂ, ਮੈਂ ਨਹੀਂ ਅੰਦਰ ਜਾਣਾ, ਤੁਸੀਂ ਖ਼ੁਦ ਹੀ ਜਾ ਕੇ ਸਥਿਤੀ ਸਪੱਸ਼ਟ ਕਰ ਦਿਓ।” ਉਸ ਦੇ ਨਾਲ ਨਾਲ ਮੇਰੇ ਆਪਣੇ ਮਨ ਵਿੱਚ ਵੀ ਤੌਖ਼ਲਾ ਸੀ, ਪਰ ਫਿਰ ਵੀ ਮੈਂ ਸਹਿਮੇ ਜਿਹੇ ਮਨ ਨਾਲ ਕੈਪਟਨ ਹੋਰਾਂ ਕੋਲ ਗਿਆ ਅਤੇ ਸਾਰੀ ਸਥਿਤੀ ਬਿਆਨ ਕੀਤੀ। ਕੈਪਟਨ ਹੋਰਾਂ ਨੇ ਬਿਨਾਂ ਕਿਸੇ ਤਣਾਅ ਦੇ ਸਹਿਜ ਭਾਅ ਕਿਹਾ, “ਕੋਈ ਮਸਲਾ ਨਹੀਂ... ਇਸ ਵਿੱਚ ਘਬਰਾਉਣ ਵਾਲੀ ਕੋਈ ਗੱਲ ਨਹੀਂ। ਉਹ ਕੋਈ ਇਨ੍ਹਾਂ ਦੀ ਮੈਡਮ ਨਹੀਂ ਸਗੋਂ ਸਰਕਾਰੀ ਡਿਊਟੀ ’ਤੇ ਨਾਲ ਆਏ ਮਹਿਲਾ ਅਧਿਕਾਰੀ ਹਨ। ਤੁਸੀਂ ਇੰਝ ਕਰੋ ਕਿ ਸਫ਼ੀਰ ਸਾਹਿਬ ਨੂੰ ਪਸ਼ਮੀਨੇ ਦੀ ਲੋਈ ਅਤੇ ਕਿਤਾਬਾਂ ਦਾ ਸੈੱਟ ਸਤਿਕਾਰ ਨਾਲ ਫੜਾ ਦਿਓ।”
ਵਿਦੇਸ਼ੀ ਸਫ਼ੀਰ ਐਨ ਸਾਡੇ ਕੋਲ ਹੀ ਸੋਫ਼ੇ ’ਤੇ ਬੈਠੇ ਸਨ। ਕੈਪਟਨ ਹੋਰਾਂ ਨੂੰ ਇਸ ਤਰ੍ਹਾਂ ਬੇਫ਼ਿਕਰੀ ਨਾਲ ਬੋਲਦਿਆਂ ਵੇਖ ਕੇ ਮੇਰਾ ਸਾਹ ਸੂਤਿਆ ਗਿਆ ਕਿ ਕਿਤੇ ਮਹਿਮਾਨ ਨਾ ਸੁਣ ਲੈਣ। ਮੈਂ ਘਬਰਾਹਟ ਵਿੱਚ ਝੁਕਦਿਆਂ ਹੌਲੀ ਜਿਹੀ ਕੰਨ ਵਿੱਚ ਆਖਿਆ, ‘‘ਸਰ... ਥੋੜ੍ਹਾ ਖ਼ਿਆਲ ਰੱਖੋ ਜੀ, ਮਹਿਮਾਨ ਬਿਲਕੁਲ ਕੋਲ ਬੈਠੇ ਨੇ!’’ ਮੇਰੇ ਚਿਹਰੇ ਦੀ ਉੱਡਦੀ ਰੰਗਤ ਨੂੰ ਵੇਖ ਕੇ ਕੈਪਟਨ ਹੋਰਾਂ ਨੇ ਹਲਕਾ ਜਿਹਾ ਮੁਸਕਰਾਉਂਦਿਆਂ ਕਿਹਾ, “ਉਨ੍ਹਾਂ ਨੂੰ ਕਿਹੜਾ ਪੰਜਾਬੀ ਸਮਝ ਆਉਂਦੀ ਹੈ?”
ਉਨ੍ਹਾਂ ਦੇ ਇਸ ਫਿਕਰੇ ਨੇ ਪਲ ਭਰ ਵਿੱਚ ਮੇਰੇ ਅੰਦਰਲੇ ਸਾਰੇ ਤਣਾਅ ਨੂੰ ਦੂਰ ਕਰ ਦਿੱਤਾ। ਇਹ ਕਿੱਸਾ ਕਦੇ ਕਿਸੇ ਸਰਕਾਰੀ ਫਾਈਲ ਜਾਂ ਪ੍ਰੈੱਸ ਨੋਟ ਦਾ ਹਿੱਸਾ ਨਹੀਂ ਬਣਿਆ। ਪਰ ਜ਼ਿੰਦਗੀ ਦੇ ਕੁਝ ਪਲ ਫਾਈਲਾਂ ਜਾਂ ਰਿਕਾਰਡ ਲਈ ਨਹੀਂ ਹੁੰਦੇ; ਉਹ ਮਨ ਦੇ ਕਿਸੇ ਖ਼ਾਸ ਕੋਨੇ ਵਿੱਚ ਉਮਰ ਭਰ ਲਈ ਉੱਕਰੇ ਜਾਂਦੇ ਹਨ ਕਿਉਂਕਿ ਉਹ ਬਹੁਤ ਸਹਿਜ ਤੇ ਸੁਭਾਵਿਕ ਹੁੰਦੇ ਹਨ।
ਸੰਪਰਕ: 97800-36136

