ਸੁਪਨੇ ਵਿੱਚ ਤੁਸਾਂ ਮਿਲੇ ਅਸਾਨੂੰ...
ਰਿਸ਼ਤਾ ਭਾਵੇਂ ਕਿੰਨਾ ਵੀ ਗਹਿਰਾ ਹੋਵੇ, ਨੇੜਲਾ ਹੋਵੇ, ਪਰ ਸਰੀਰ ਵਿੱਚੋਂ ਪ੍ਰਾਣ-ਪੰਖੇਰੂ ਉੱਡ ਜਾਣ ਬਾਅਦ ਸਾਰੇ ਰਿਸ਼ਤੇ-ਨਾਤੇ ਖ਼ਤਮ ਹੋ ਕੇ ਇੱਕ ਲਾਸ਼ ਤੱਕ ਸਿਮਟ ਕੇ ਰਹਿ ਜਾਂਦੇ ਨੇ। ਮਾਂ-ਬਾਪ, ਦਾਦਾ-ਦਾਦੀ, ਨਾਨਾ-ਨਾਨੀ, ਤਾਇਆ-ਤਾਈ, ਚਾਚਾ-ਚਾਚੀ, ਮਾਮਾ-ਮਾਮੀ, ਭੈਣ-ਭਰਾ ਸਮੇਤ ਜਿਹੜੇ ਰਿਸ਼ਤੇ ਸਾਡੀ ਜ਼ਿੰਦਗੀ...
ਰਿਸ਼ਤਾ ਭਾਵੇਂ ਕਿੰਨਾ ਵੀ ਗਹਿਰਾ ਹੋਵੇ, ਨੇੜਲਾ ਹੋਵੇ, ਪਰ ਸਰੀਰ ਵਿੱਚੋਂ ਪ੍ਰਾਣ-ਪੰਖੇਰੂ ਉੱਡ ਜਾਣ ਬਾਅਦ ਸਾਰੇ ਰਿਸ਼ਤੇ-ਨਾਤੇ ਖ਼ਤਮ ਹੋ ਕੇ ਇੱਕ ਲਾਸ਼ ਤੱਕ ਸਿਮਟ ਕੇ ਰਹਿ ਜਾਂਦੇ ਨੇ। ਮਾਂ-ਬਾਪ, ਦਾਦਾ-ਦਾਦੀ, ਨਾਨਾ-ਨਾਨੀ, ਤਾਇਆ-ਤਾਈ, ਚਾਚਾ-ਚਾਚੀ, ਮਾਮਾ-ਮਾਮੀ, ਭੈਣ-ਭਰਾ ਸਮੇਤ ਜਿਹੜੇ ਰਿਸ਼ਤੇ ਸਾਡੀ ਜ਼ਿੰਦਗੀ ਦੀ ਚੂਲ ਹੁੰਦੇ ਨੇ, ਸਾਨੂੰ ਊਚ-ਨੀਚ ਤੋਂ ਜਾਣੂੰ ਕਰਵਾਉਂਦੇ ਹਨ, ਜ਼ਿੰਦਗੀ ਬਸਰ ਕਰਨ ਦਾ ਚੱਜ ਸਿਖਾਉਂਦੇ ਨੇ, ਪੈਰਾਂ ’ਤੇ ਤੁਰਨ ਦੇ ਨਾਲ ਨਾਲ ਪੈਰਾਂ ਸਿਰ ਵੀ ਕਰਦੇ ਨੇ, ਸਰੀਰ ਵਿੱਚੋਂ ਜਾਨ ਨਿਕਲ ਜਾਣ ਤੋਂ ਬਾਅਦ ਉਹ ਰਿਸ਼ਤੇ ਪਲਾਂ-ਛਿਣਾਂ ’ਚ ਹੀ ਲਾਸ਼ ਦਾ ਰੂਪ ਅਖ਼ਤਿਆਰ ਕਰ ਲੈਂਦੇ ਨੇ। ਲਾਸ਼ ਤੋਂ ਹਰ ਕੋਈ ਭੈਅ ਖਾਣ ਲੱਗ ਜਾਂਦਾ ਹੈ। ਮੁਸ਼ਕ ਜਾਣ ਦੇ ਡਰੋਂ ਹਰ ਕੋਈ ਉਸ ਨੂੰ ਅਗਨ-ਭੇਟ ਕਰਨ ਦੀ ਕਾਹਲੀ ਕਰਦਾ ਹੈ।
ਭਾਪਾ ਜੀ (ਮੇਰੇ ਤਾਇਆ ਜੀ ਸੰਤੋਖ ਸਿੰਘ ਧੀਰ) ਨਾਲ ਮੇਰਾ ਰਿਸ਼ਤਾ ਵੀ ਬੜਾ ਨਿੱਘਾ ਤੇ ਨਿਵੇਕਲਾ ਸੀ। ਆਖ਼ਰੀ ਦੋ ਮਹੀਨੇ ਬਿਮਾਰ ਰਹਿਣ ਤੋਂ ਇਲਾਵਾ ਭਾਪਾ ਜੀ ਮਾੜੀ-ਮੋਟੀ ਖੰਘ-ਜ਼ੁਕਾਮ ਜਾਂ ਬੁਖ਼ਾਰ ਤੋਂ ਇਲਾਵਾ ਕਦੇ ਵੀ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਨ੍ਹੀਂ ਹੋਏ। ਵਜ੍ਹਾ ਉਨ੍ਹਾਂ ਦੀ ਉਸਾਰੂ ਤੇ ਕਲਿਆਣਾਰੀ ਸੋਚ ਵੀ ਹੋ ਸਕਦੀ ਹੈ, ਨਪੀ-ਤੁਲੀ ਖੁਰਾਕ ਵੀ ਅਤੇ ਜੀਵਨ ਸ਼ੈਲੀ ਵੀ। ਉਹ ਡਾਕਟਰ ਕੋਲ ਜਾਣ ਤੋਂ ਅਕਸਰ ਕਤਰਾਉਂਦੇ/ਘਬਰਾਉਂਦੇ। ਹਸਪਤਾਲ, ਖ਼ਾਸ ਤੌਰ ’ਤੇ ਪੀ ਜੀ ਆਈ ਦਾ ਨਾਂ ਸੁਣ ਕੇ ਤਾਂ ਉਨ੍ਹਾਂ ਨੂੰ ਜਿਵੇਂ ਤਾਪ ਚੜ੍ਹ ਜਾਂਦਾ।
ਆਖ਼ਰੀ ਕੁਝ ਸਾਲਾਂ ਵਿੱਚ ਉਨ੍ਹਾਂ ਨੂੰ ਮੰਜੇ ਤੋਂ ਉੱਠਦੇ ਸਮੇਂ ਚੱਕਰ ਆਉਣ ਅਤੇ ਤੁਰਨ ਵੇਲੇ ਲੜਖਾਉਣ ਲੱਗੇ ਸਨ। ਮੈਂ ਬਦੋ-ਬਦੀ ਭਾਪਾ ਜੀ ਨੂੰ ਪੀ ਜੀ ਆਈ ਦੇ ਨਿਊਰੋਲੋਜੀ ਵਿਭਾਗ ਲੈ ਗਿਆ। ਡਾਕਟਰ ਨੇ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ। ਸਾਹਿਤ ਦੇ ਸ਼ੌਕੀਨ ਡਾਕਟਰ ਨੂੰ ਜਦ ਪਤਾ ਲੱਗਾ ਕਿ ਮਰੀਜ਼ ਸੰਤੋਖ ਸਿੰਘ ਧੀਰ ਪੰਜਾਬੀ ਲੇਖਕ ਨੇ ਤਾਂ ਉਨ੍ਹਾਂ ਵਿੱਚ ਉਸ ਦੀ ਦਿਲਚਸਪੀ ਵਧ ਗਈ। ਕਾਫ਼ੀ ਸਮਾਂ ਸਾਹਿਤ ਅਤੇ ਭਾਪਾ ਜੀ ਦੀਆਂ ਲਿਖਤਾਂ ਬਾਰੇ ਗੱਲਾਂ ਕਰਨ ਤੋਂ ਬਾਅਦ ਡਾਕਟਰ ਨੇ ਕਿਹਾ, “ਧੀਰ ਸਾਹਿਬ, ਤੁਹਾਨੂੰ ਕੋਈ ਬਿਮਾਰੀ ਨ੍ਹੀਂ।” ਉਨ੍ਹਾਂ ਨੇ ਝੁੰਜਲਾ ਕੇ ਕਿਹਾ, “ਫਿਰ ਮੈਨੂੰ ਚੱਕਰ ਕਿਉਂ ਆਉਂਦੇ ਨੇ ਡਾਕਟਰ ਸਾਹਿਬ, ਤੁਰਦੇ ਸਮੇਂ ਪੈਰ ਵੀ ਲੜਖੜਾਉਂਦੇ ਨੇ।” ਡਾਕਟਰ ਨੇ ਮੁਸਕਰਾ ਕੇ ਕਿਹਾ, “ਕਾਰਨ ਐ ਤੁਹਾਡੇ ਸਰੀਰ ਤੇ ਦਿਮਾਗ਼ ਦਾ ਆਪਸ ’ਚ ਤਾਲਮੇਲ ਨਾ ਹੋਣਾ।” “ਮਤਲਬ?” ਭਾਪਾ ਜੀ ਨੇ ਪੁੱਛਿਆ। ਡਾਕਟਰ ਨੇ ਆਪਣੀ ਰਾਏ ਦਿੰਦਿਆਂ ਕਿਹਾ, “ਤੁਹਾਡਾ ਸਰੀਰ ਬਿਰਧ ਹੋ ਗਿਆ ਹੈ ਧੀਰ ਸਾਹਿਬ ਤੇ ਤੁਹਾਡਾ ਦਿਮਾਗ਼ ਐ ਤੰਦਰੁਸਤ, ਤੁਹਾਡਾ ਸਰੀਰ ਤੁਹਾਡੇ ਦਿਮਾਗ਼ ਮੁਤਾਬਿਕ ਫੁਰਤੀ ਨਾਲ ਕੰਮ ਕਰਨ ਦੇ ਸਮਰੱਥ ਨ੍ਹੀਂ ਰਿਹਾ। ਤੁਹਾਡੀ ਸਮੱਸਿਆ ਦੀ ਇਹੀ ਵਜ੍ਹਾ ਐ।”
ਕਿਸੇ ਵੀ ਵਿੱਛੜ ਚੁੱੱਕੇ ਸਾਕ-ਸਬੰਧੀ ਦਾ ਸੁਪਨੇ ਵਿੱਚ ਆਉਣਾ ਚੰਗਾ ਨ੍ਹੀਂ ਸਮਝਿਆ ਜਾਂਦਾ। ਇਹ ਵੀ ਪ੍ਰਚੱਲਿਤ ਹੈ ਕਿ ਜਿਸ ਦੇ ਸੁਪਨੇ ’ਚ ਮ੍ਰਿਤਕ ਆਉਂਦਾ ਐ, ਉਸ ਦੀ ਮੌਤ ਵੀ ਨਜ਼ਦੀਕ ਹੁੰਦੀ ਐ, ਪਰ ਭਾਪਾ ਜੀ ਸਦਾ ਲਈ ਵਿਛੜਣ ਤੋਂ ਬਾਅਦ ਕੁਝ ਸਾਲ ਤੱਕ ਤਾਂ ਮੇਰੇ ਸੁਪਨੇ ਵਿੱਚ ਅਕਸਰ ਆਉਂਦੇ ਰਹੇ। ਮੈਨੂੰ ਕਦੇ ਕੋਈ ਭੈਅ ਨਹੀਂ ਆਇਆ ਸਗੋਂ ਜਦ ਭਾਪਾ ਜੀ ਦਾ ਸੁਪਨਾ ਨਾ ਆਉਂਦਾ ਤਾਂ ਮੈਨੂੰ ਅੱਚਵੀ ਜਿਹੀ ਲੱਗ ਜਾਂਦੀ। ਜਦ ਵੀ ਸੁਪਨੇ ’ਚ ਉਹ ਆਏ, ਕਦੇ ਵੀ ਨਿਰਾਸ਼, ਬਿਮਾਰ ਜਾਂ ਢਹਿੰਦੀ ਕਲਾ ’ਚ ਨ੍ਹੀਂ ਸਗੋਂ ਹਮੇਸ਼ਾ ਚੜ੍ਹਦੀ ਕਲਾ ਅਤੇ ਆਪਣੇ ਲੋਕਾਂ ਲਈ ਚਿੰਤਤ ਹੀ ਨਜ਼ਰ ਆਏ।
ਆਪਣੇ ਜੀਵਨ ਵਿੱਚ ਉਹ ਸਾਹਿਤਕ ਅਤੇ ਸਮਾਜਿਕ ਸਰੋਕਾਰਾਂ ’ਚ ਪੂਰੀ ਸਰਗਰਮੀ ਨਾਲ ਕਾਰਜਸ਼ੀਲ ਤਾਂ ਰਹੇ ਈ, ਮੇਰੇ ਸੁਪਨਿਆਂ ’ਚ ਵੀ ਕਦੇ ਅਸੀਂ ਸਾਹਿਤਕ ਸੈਮੀਨਾਰਾਂ, ਕਦੇ ਕਾਨਫਰੰਸਾਂ, ਕਦੇ ਭਾਸ਼ਾ ਬਾਰੇ ਧਰਨਿਆਂ ਤੇ ਕਦੇ ਕਿਸੇ ਲੋਕ-ਅੰਦੋਲਨ ਵਿੱਚ ਸ਼ਾਮਿਲ ਹੋ ਰਹੇ ਹੁੰਦੇ।
ਇੱਕ ਦਫ਼ਾ ਮੈਨੂੰ ਸੁਪਨਾ ਆਇਆ ਕਿ ਭਾਪਾ ਜੀ ਸਿੰਘੂ ਬਾਰਡਰ ਉੱਪਰ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ/ਮਜ਼ਦੂਰ ਅੰਦੋਲਨ ਦੇ ਮੰਚ ਉੱਪਰ ਆਪਣੇ ਪੂਰੇ ਜਲੌਅ ’ਚ ਆਪਣੀ ਉਂਗਲ ਤਾਣ ਕੇ ਸੰਬੋਧਨ ਕਰਦੇ ਕਹਿ ਰਹੇ ਨੇ, “ਮੇਰੀ ਮਿੱਟੀ, ਮੇਰੀ ਜ਼ਮੀਨ ਦੇ ਜਾਇਓ, ਤੁਹਾਡਾ ਇਹ ਲਾ-ਮਿਸਾਲ ਸੰਘਰਸ਼ ਤੁਹਾਡੇ ਏਕੇ ਦਾ ਪ੍ਰਤੱਖ ਸਬੂਤ ਐ। ਬੜੇ ਦਹਾਕਿਆਂ ਬਾਅਦ ਇਸ ਕਿਸਮ ਦਾ ਲੋਕ-ਸੰਘਰਸ਼ ਦੇਖ ਕੇ ਮਨ ਨੂੰ ਬਹੁਤ ਤਸੱਲੀ ਤੇ ਖ਼ੁਸ਼ੀ ਹੋਈ। ਕਲਮਾਂ ਦਾ ਤਾਂ ਕਰਮ ਈ ਝੁੱਗੀਆਂ-ਢਾਰਿਆਂ ਨਾਲ ਖੜ੍ਹਨਾ ਹੁੰਦੈ। ਜਿਹੜੀ ਕਲਮ ਮਹਿਲਾਂ-ਮੁਨਾਰਿਆਂ ਦੀ ਬੋਲੀ ਬੋਲਦੀ ਐ, ਉਹ ਕਲਮ, ਕਲਮ ਦੇ ਪਵਿੱਤਰ ਫਰਜ਼ ਤੋਂ ਬੇਮੁੱਖ ਐ। ਤੌਹੀਨ ਕਰ ਰਹੀ ਐ ਉਹ ਕਲਮ ਦੀ। ਬੇਸ਼ੱਕ ਮੇਰੀ ਕਲਮ ਹਮੇਸ਼ਾ ਹੀ ਲੋਕਾਂ ਦੇ ਹੱਕ ’ਚ ਹੀ ਚੱਲੀ ਐ, ਪਰ ਅੱਜ ਇਸ ਮੰਚ ’ਤੇ ਆ ਕੇ ਮੈਂ ਆਪਣਾ ਇਨਸਾਨੀ ਤੇ ਇਖ਼ਲਾਕੀ ਫ਼ਰਜ਼ ਪੂਰਾ ਕੀਤੈ। ਇਸ ਸੰਘਰਸ਼ ਨੇ ਲੋਕਾਂ ਨੂੰ ਤਾਂ ਜਾਗਰੂਕ ਕਰਨਾ ਈ ਐ। ਇਹ ਲੋਕ-ਰੋਹ ਮੌਜੂਦਾ ਵਿਵਸਥਾ ਦੀਆਂ ਜੜ੍ਹਾਂ ਹਲਾਉਣ ਦੇ ਸਮਰੱਥ ਵੀ ਐ, ਬਸ਼ਰਤੇ ਤੁਸੀਂ ਇਸੇ ਤਰ੍ਹਾਂ ਮੋਢੇ ਨਾਲ ਮੋਢਾ ਜੋੜ ਕੇ ਅੜੇ ਤੇ ਖੜ੍ਹੇ ਰਹੋ, ਲੋਕ-ਏਕਾ ਜ਼ਿੰਦਾਬਾਦ।” ਸਾਰਾ ਪੰਡਾਲ ਨਾਅਰਿਆਂ ਨਾਲ ਗੂੰਜ ਰਿਹਾ ਸੀ। ਅੱਖ ਖੁੱਲ੍ਹਣ ਤੋਂ ਬਾਅਦ ਸੁਪਨਾ ਜਾਰੀ ਰੱਖਣ ਦੀ ਇੱਛਾ ਨਾਲ ਮੈਂ ਫਿਰ ਸੌਣ ਦਾ ਅਸਫ਼ਲ ਯਤਨ ਕੀਤਾ ਤਾਂ ਜੋ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਦੇ ਨਾਲ ਨਾਲ ਮੈਂ ਆਪਣੇ ਭਾਪਾ ਜੀ ਦਾ ਸੰਗ ਹੋਰ ਮਾਣ ਸਕਾਂ।
ਇੱਕ ਵਾਰ ਫਿਰ ਉਹ ਮੇਰੇ ਸੁਪਨੇ ’ਚ ਆਏ। ਅਸੀਂ ਦੋਵੇਂ ਮੰਡੀ (ਮੰਡੀ ਗੋਬਿੰਦਗੜ੍ਹ) ਤੋਂ ਪਿੰਡ (ਡਡਹੇੜੀ) ਜਾ ਰਹੇ ਸੀ ਪੈਦਲ। ਰਾਹ ਉਹੀ ਕੱਚੇ, ਚਾਲੀ-ਪੰਜਾਹ ਸਾਲ ਪਹਿਲਾਂ ਆਲੇ। ਮੈਨੂੰ ਉਹ ਕਹਿਣ ਲੱਗੇ, “ਯਾਰ ਬੱਬੂ, ਮੈਂ ਤੁਹਾਡੇ ਲਈ ਉਹ ਕੁਸ਼ ਨ੍ਹੀਂ ਕਰ ਸਕਿਆ, ਜੋ ਮੈਨੂੰ ਕਰਨਾ ਚਾਹੀਦਾ ਐ।” ਮੈਂ ਕਿਹਾ, ‘‘ਥੋਨੂੰ ਕੀਹਨੇ ਕਹਿ ’ਤਾ ਭਾਪਾ ਜੀ ਤੁਸੀਂ ਸਾਡੇ ਲਈ ਕੀਤਾ ਨ੍ਹੀਂ ਕੁਸ਼!” ਭਾਪਾ ਜੀ ਨੇ ਮੇਰਾ ਮੋਢਾ ਥਾਪੜਦਿਆਂ ਕਿਹਾ, “ਨਹੀਂ ਯਾਰ, ਕਦੇ ਕਦੇ ਮੈਨੂੰ ਲੱਗਦੈ, ਜੋ ਦੁਨਿਆਵੀ ਸੁੱਖ-ਸਹੂਲਤਾਂ, ਖਾਣ-ਹੰਢਾਉਣ ਲਈ ਆਪਣੇ ਪਰਿਵਾਰ ਨੂੰ ਦੇਣੀਆਂ ਚਾਹੀਦੀਆਂ ਨੇ, ਮੈਂ ਦੇ ਨ੍ਹੀਂ ਸਕਿਆ ਥੋਨੂੰ।” ਮੇਰੀ ਅੱਖ ਖੁੱਲ੍ਹ ਗਈ। ਭਾਪਾ ਜੀ ਦੀ ਛੋਹ ਦਾ ਅਹਿਸਾਸ ਮੈਨੂੰ ਹਾਲੇ ਤੱਕ ਵੀ ਹੋ ਰਿਹਾ ਸੀ।
ਮੈਂ ਦੁਬਾਰਾ ਸੌਣ ਦਾ ਅਸਫ਼ਲ ਯਤਨ ਨ੍ਹੀਂ ਕੀਤਾ। ਮੈਂ ਪਿਆ-ਪਿਆ ਸੋਚਦਾ ਰਿਹਾ। ਭਾਪਾ ਜੀ ਭਾਵੇਂ ਆਮ ਲੋਕਾਂ ਵਾਂਗ ਆਪਣੀਆਂ ਦੋ-ਦੋ, ਤਿੰਨ-ਤਿੰਨ ਪੁਸ਼ਤਾਂ ਲਈ ਧਨ-ਦੌਲਤ, ਜ਼ਮੀਨ-ਜਾਇਦਾਦ ਛੱਡ ਕੇ ਨ੍ਹੀਂ ਗਏ, ਪਰ ਏਨਾ ਨਾਮਣਾ, ਏਨੀ ਸ਼ੋਹਰਤ ਅਤੇ ਏਨਾ ਜੱਸ ਖੱਟ-ਕਮਾ ਕੇ ਛੱਡ ਗਏ। ਸਾਡੀਆਂ ਆਉਣ ਵਾਲੀਆਂ ਸੱਤ ਪੁਸ਼ਤਾਂ ਬਿਨਾਂ ਕੋਈ ਤਰੱਦਦ ਕੀਤੇ ਇਸ ਦਾ ਨਿੱਘ ਮਾਣ ਸਕਦੀਆਂ ਨੇ, ਖੱਟੀ ਖਾ ਸਕਦੀਆਂ ਨੇ। ਬਸ਼ਰਤੇ ਕੋਈ ਖ਼ੁਨਾਮੀ ਨਾ ਖੱਟਣ, ਕੋਈ ਬਦਨਾਮੀ ਨਾ ਸਹੇੜਨ।
ਤੁਰਨ-ਫਿਰਨ ਲੱਗੇ ਭਾਪਾ ਜੀ ਨੇ ਕਦੇ ਸੋਟੀ ਦਾ ਸਹਾਰਾ ਨ੍ਹੀਂ ਲਿਆ। ਸੋਟੀ ਉਨ੍ਹਾਂ ਨੂੰ ਬਜ਼ੁਰਗ ਹੋਣ ਦਾ ਅਹਿਸਾਸ ਦਿਵਾਉਂਦੀ। ਬਜ਼ੁਰਗ ਹੋਣਾ, ਬਜ਼ੁਰਗ ਕਹਾਉਣਾ ਉਨ੍ਹਾਂ ਨੂੰ ਹਰਗਿਜ਼ ਵੀ ਗਵਾਰਾ ਨ੍ਹੀਂ ਸੀ। ਇੱਕ ਵਾਰ ਭਾਪਾ ਜੀ ਪੰਜਾਬੀ ਯੂਨੀਵਿਰਸਟੀ, ਪਟਿਆਲਾ ਕਿਸੇ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ ਗਏ। ਮੈਂ ਵੀ ਅਕਸਰ ਹੀ ਉਨ੍ਹਾਂ ਨਾਲ ਜਾਂਦਾ। ਤੁਰਨ ਲੱਗੇ ਦਿੱਕਤ ਕਾਰਨ ਮੈਂ ਸਹਾਰਾ ਦੇਣ ਲਈ ਭਾਪਾ ਜੀ ਦੀ ਬਾਂਹ ਫੜ ਲਈ। “ਮੇਰੀ ਬਾਂਹ ਨਾ ਫੜ ਯਾਰ, ਇਉਂ ਲੱਗਦੈ ਜਿਵੇਂ ਮੈਨੂੰ ਘੜੀਸੀ ਲਈ ਜਾਂਦਾ ਹੋਵੇਂ।” ਮੈਂ ਮੁਸਕਰਾ ਕੇ ਕਿਹਾ, “ਹੋਰ ਫੇਰ ਕੀ ਕਰਾਂ?” ਭਾਪਾ ਜੀ ਨੇ ਹੱਸਦੇ ਹੋਏ ਕਿਹਾ, “ਮੇਰੇ ਹੱਥ ਦੀ ਆਪਣੇ ਹੱਥ ਨਾਲ ਕੰਘੀ ਬਣਾ ਕੇ ਤੁਰ ਮੇਰੇ ਨਾਲ, ਇਉਂ ਲੱਗੇ ਜਿਵੇਂ ਯਾਰ ਤੁਰੇ ਜਾਂਦੇ ਨੇ।’’
ਉਨ੍ਹਾਂ ਸਾਈਕਲ ਤੋਂ ਇਲਾਵਾ ਕੋਈ ਹੋਰ ਸਵਾਰੀ ਸਕੂਟਰ/ਕਾਰ ਕਦੇ ਵੀ ਨ੍ਹੀਂ ਸੀ ਚਲਾਈ, ਨਾ ਲੋੜ ਈ ਪਈ। ਸਾਈਕਲ ਵੀ ਡਰ ਡਰ ਕੇ ਚਲਾਉਣਾ। ਟਰੱਕ/ਟਰਾਲੀ ਦੇਖ ਕੇ ਦੂਰੋਂ ਹੀ ਸਾਈਕਲ ਤੋਂ ਉੱਤਰ ਜਾਣਾ। ਉਸ ਦੇ ਨਿਕਲ ਜਾਣ ਮਗਰੋਂ ਈ ਦੁਬਾਰਾ ਸਾਈਕਲ ’ਤੇ ਚੜ੍ਹਨਾ, ਪਰ ਜਦ ਕਦੇ ਸਕੂਟਰ ਜਾਂ ਕਾਰ ’ਤੇ ਕਿਤੇ ਜਾਣਾ ਤਾਂ ‘ਦਿਸ਼ਾ-ਨਿਰਦੇਸ਼’ ਇਉਂ ਦੇਣੇ ਜਿਵੇਂ ਕਾਰ/ਸਕੂਟਰ ਚਲਾਉਣ ਦੀ ਪੂਰੀ ਮੁਹਾਰਤ ਹੋਵੇ। ਬੈਠਦੇ ਸਾਰ ਹੀ ਆਦੇਸ਼ ਦੇਣੇ ਸ਼ੁਰੂ, “ਕਲੱਚ ਦੱਬ ਕਲੱਚ, ਬਰੇਕ ਲਾ, ਰੇਸ ਘੱਟ ਕਰ ਯਾਰ। ਗੇਅਰ ਬਦਲ ਗੇਅਰ। ਦੇਖੀਂ, ਦੇਖੀਂ ਟੋਆ, ਟੋਆ ਦੇਖੀਂ। ਦੇਖੀਂ, ਦੇਖੀਂ, ਟਰੱਕ ਆ ਰਿਹੈ ਸਾਹਮਣੇ, ਬਚਾ ਕੇ ਬਚਾ ਕੇ ਮੇਰਾ ਬੀਰ, ਬਚਾ ਕੇ।” ਸਾਰੇ ਰਾਹ ਇਹ ਸਿਲਸਿਲਾ ਜਾਰੀ ਰਹਿੰਦਾ।
ਇੱਕ ਵਾਰ ਭਾਪਾ ਜੀ ਮੇਰੇ ਨਾਲ ਸਕੂਟਰ ’ਤੇ ਜਾ ਰਹੇ ਸਨ। ਉਨ੍ਹਾਂ ਵੱਲੋਂ ਦਿੱਤੇ ਜਾ ਰਹੇ ਦਿਸ਼ਾ-ਨਿਰਦੇਸ਼ਾਂ ਤੋਂ ਕਣਤਾ ਕੇ ਮੈਂ ਸਕੂਟਰ ਰੋਕ ਕੇ ਖੜ੍ਹਾ ਹੋ ਗਿਆ। ਉਹ ਉਤਰਦੇ ਹੋਏ ਕਹਿੰਦੇ, “ਕੀ ਹੋ ਗਿਆ ਸਕੂਟਰ ਕਾਹਤੋਂ ਰੋਕ ਲਿਆ? ਖਰਾਬ ਹੋ ਗਿਆ?” ਮੈਂ ਮੁਸਕਰਾਉਂਦੇ ਹੋਏ ਕਿਹਾ, “ਤੁਸੀਂ ਹੀ ਚਲਾਓ, ਨਾਲੇ ਮੈਨੂੰ ਸਿਖਾ ਦਿਓ ਸਕੂਟਰ ਚਲਾਉਣਾ।’’ ਉਨ੍ਹਾਂ ਹੱਸ ਕੇ ਕਿਹਾ, “ਹੁਣ ਨ੍ਹੀਂ ਬੋਲਦਾ ਕੁਸ਼, ਤੂੰ ਹੀ ਚਲਾ, ਚਲਾ ਮੇਰਾ ਬੀਰ, ਸਾਬਾਸ਼।”
ਮੇਰੇ ਉੱਪਰ ਭਾਪਾ ਜੀ ਦੀ ਸਾਹਿਤਕ, ਸਮਾਜਿਕ ਸ਼ਖ਼ਸੀਅਤ ਅਤੇ ਰੋਜ਼-ਮਰ੍ਹਾ ਦੀਆਂ ਆਦਤਾਂ ਦਾ ਪ੍ਰਭਾਵ ਕਾਫ਼ੀ ਜ਼ਿਆਦਾ ਹੈ। ਮੋਹ-ਪਿਆਰ ਵੀ ਬਹੁਤ ਸੀ ਭਾਪਾ ਜੀ ਨਾਲ। ਕਾਰਨ ਐ, ਪਹਿਲੇ ਪੰਜ-ਸੱਤ ਸਾਲ, ਪਿੰਡ ਉਨ੍ਹਾਂ ਕੋਲ ਰਹਿਣਾ। ਕਿਹਾ ਜਾ ਸਕਦਾ ਹੈ, ਮੈਂ ਆਪਣੀ ਸੁਰਤ ਹੀ ਉਨ੍ਹਾਂ ਕੋਲ ਸੰਭਾਲੀ ਐ। ਇਸੇ ਲਈ ਤਾਇਆ ਜੀ ਦੇ ਬੱਚਿਆਂ ਦੀ ਰੀਸ ਮੈਂ ਆਪਣੇ ਮੰਮੀ-ਡੈਡੀ ਅਤੇ ਦੂਸਰੇ ਤਾਏ-ਤਾਈ ਨੂੰ ਚਾਚਾ-ਚਾਚੀ ਅਤੇ ਵੱਡੇ ਤਾਇਆ ਧੀਰ ਸਾਹਿਬ ਨੂੰ ਭਾਪਾ ਜੀ ਤੇ ਤਾਈ ਨੂੰ ਬੀਬੀ ਕਹਿਣ ਲੱਗ ਗਿਆ।
ਨਾਟਕਕਾਰ ਵਜੋਂ ਆਪਣੇ ਰੰਗਮੰਚੀ ਸਫ਼ਰ ਦਾ ਆਗ਼ਾਜ਼ ਮੈਂ ਉਨ੍ਹਾਂ ਦੀ ਵਹਿਮਾਂ-ਭਰਮਾਂ ਦੇ ਪਾਜ ਉਧੇੜਦੀ ਚਰਚਿਤ ਕਹਾਣੀ ‘ਡੈਣ’ ਦੇ ਨਾਟਕੀ ਰੂਪਾਂਤਰਨ ਨਾਲ ਕੀਤਾ। 1947 ਦੇ ਉਜਾੜੇ ਦੇ ਦਰਦ ਦੀ ਬਾਤ ਪਾਉਂਦੀ ਉਨ੍ਹਾਂ ਦੀ ਕਹਾਣੀ ‘ਮੇਰਾ ਉੱਜੜਿਆ ਗੁਆਂਢੀ’ ਦੇ ਨਾਟਕੀ ਰੂਪਾਂਤਰਨ ਤੋਂ ਇਲਾਵਾ ਪੰਜਾਬ ਦੀ ਪੇਂਡੂ ਜ਼ਿੰਦਗੀ ਦੇ ਵੱਖੋ-ਵੱਖਰੇ ਮਸਲਿਆਂ ਬਾਬਤ ਕਹਾਣੀਆਂ ‘ਭੇਤ ਵਾਲੀ ਗੱਲ’, ‘ਕੋਈ ਇੱਕ ਸਵਾਰ’, ‘ਸਾਂਝੀ ਕੰਧ’, ‘ਗੱਲਾਂ ਲਈ ਗੱਲਾਂ’ ਅਤੇ ‘ਸਵੇਰ ਹੋਣ ਤੱਕ’ ਉੱਪਰ ਆਧਾਰਿਤ ਨਾਟਕ ‘ਕਹਾਣੀ ਇੱਕ ਪਿੰਡ ਦੀ’ ਵੀ ਲਿਖਿਆ। ਉਨ੍ਹਾਂ ਦੇ ਜ਼ੋਰ ਪਾਉਣ ’ਤੇ ਹੀ ਮੌਲਿਕ ਨਾਟਕ ਲਿਖਣੇ ਸ਼ੁਰੂ ਕੀਤੇ।
ਖੜ੍ਹੀ ਉਂਗਲ, ਪੋਚਵੀਂ ਪੱਗ, ਸਲੀਕੇਦਾਰ ਪਹਿਰਾਵਾ, ਖਾਣ-ਪੀਣ ਦਾ ਸ਼ਊਰ, ਰਫ਼ਤਾਰ ਤੇ ਗ਼ੁਫ਼ਤਾਰ ਵਿੱਚ ਮੜ੍ਹਕ, ਕਲਮ ’ਚ ਲੋਕਾਈ ਦਾ ਦਰਦ ਤੇ ਪੀੜ, ਝੁੱਗੀਆਂ-ਢਾਰਿਆਂ, ਦੱਬੇ-ਕੁਚਲਿਆਂ, ਪੀੜਤਾਂ, ਬੇਵੱਸ-ਲਾਚਾਰਾਂ, ਨਿਆਸਰਿਆਂ ਦੇ ਹੱਕ ’ਚ ਆਵਾਜ਼ ਬੁਲੰਦ ਕਰਨ ਦੀ ਦਲੇਰੀ, ਵਹਿਣ ਦੇ ਉਲਟ ਚੱਲਣ ਦਾ ਸ਼ੌਕੀਨ। ਬਣੇ-ਬਣਾਏ ਰਾਹਾਂ ’ਤੇ ਨ੍ਹੀਂ, ਬਲਕਿ ਜਿੱਥੇ ਤੁਰਿਆ ਉੱਥੇ ਰਾਹ ਬਣਾਏ। ਆਪਣੀ ਸੋਚ, ਆਪਣੀ ਵਿਚਾਰਧਾਰਾ ’ਤੇ ਅੜੇ-ਖੜ੍ਹੇ ਰਹਿਣ ਦਾ ਜੇਰਾ। ਆਪਣੇ ਨਵਾਰੀ ਪਲੰਗ ਦੇ ਪਾਵਿਆਂ ਨੂੰ ਬਾਦਸ਼ਾਹਾਂ, ਰਾਜਿਆਂ-ਮਹਾਰਾਜਿਆਂ ਦੇ ਤਖ਼ਤੋ-ਤਾਜ ਨਾਲੋਂ ਉੱਚੇ ਤੇ ਬੁਲੰਦ ਹੋਣ ਦਾ ਅਹਿਸਾਸ। ਵੱਡੀ ਤੋਂ ਵੱਡੀ ਦੁੱਖ-ਤਕਲੀਫ਼ ਅਤੇ ਮੁਸੀਬਤ ਨੂੰ ਖਿੜੇ-ਮੱਥੇ ਜੀ ਆਇਆਂ ਕਹਿਣ ਦੀ ਜੁਰੱਅਤ। ਗ਼ਰੀਬੀ, ਤੰਗ-ਦਸਤੀ, ਭੁੱਖ-ਨੰਗ ਨੂੰ ਮਾਣਨ ਦੀ ਜਾਚ; ਇਹ ਸੀ ਮੇਰੇ ਤਾਇਆ ਜੀ, ਮੇਰੇ ਭਾਪਾ ਜੀ, ਸੰਤੋਖ ਸਿੰਘ ਧੀਰ ਦੀ ਪਛਾਣ, ਸ਼ਖ਼ਸੀਅਤ ਤੇ ਉਨ੍ਹਾਂ ਦੀ ਹੋਂਦ।
ਸੰਪਰਕ: 94174-60656

