DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਈ ਹਿੰਮਤ ਸਿੰਘ ਜੀ ਦਾ ਅਣਗੌਲਿਆ ਜਨਮ ਸਥਾਨ ਪਿੰਡ ਸੰਗਤਪੁਰਾ

ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜ਼ੁਲਮ ਦਾ ਟਾਕਰਾ ਕਰਨ ਲਈ 1699 ਦੀ ਵਿਸਾਖੀ ਵਾਲੇ ਦਿਨ ਸਿਰਲੱਥ ਖ਼ਾਲਸਾ ਫ਼ੌਜ ਦੇ ਪਹਿਲੇ ਪੰਜ ਜਾਂਬਾਜ਼ ਯੋਧਿਆਂ (ਪੰਜ ਪਿਆਰਿਆਂ) ਦੀ ਚੋਣ ਕੀਤੀ ਗਈ ਸੀ। ਫ਼ੌਜ ਦੇ ਇਨ੍ਹਾਂ ਯੋਧਿਆਂ ਵਿੱਚੋਂ ਇੱਕ ਸਨ ਭਾਈ ਹਿੰਮਤ ਸਿੰਘ...

  • fb
  • twitter
  • whatsapp
  • whatsapp
Advertisement

ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜ਼ੁਲਮ ਦਾ ਟਾਕਰਾ ਕਰਨ ਲਈ 1699 ਦੀ ਵਿਸਾਖੀ ਵਾਲੇ ਦਿਨ ਸਿਰਲੱਥ ਖ਼ਾਲਸਾ ਫ਼ੌਜ ਦੇ ਪਹਿਲੇ ਪੰਜ ਜਾਂਬਾਜ਼ ਯੋਧਿਆਂ (ਪੰਜ ਪਿਆਰਿਆਂ) ਦੀ ਚੋਣ ਕੀਤੀ ਗਈ ਸੀ। ਫ਼ੌਜ ਦੇ ਇਨ੍ਹਾਂ ਯੋਧਿਆਂ ਵਿੱਚੋਂ ਇੱਕ ਸਨ ਭਾਈ ਹਿੰਮਤ ਸਿੰਘ ਜੀ, ਜਿਨ੍ਹਾਂ ਨੂੰ ਤੀਜੇ ਪਿਆਰੇ ਵਜੋਂ ਜਾਣਿਆ ਜਾਂਦਾ ਹੈ। ਭਾਈ ਹਿੰਮਤ ਸਿੰਘ ਦਾ ਜਨਮ ਜ਼ਿਲ੍ਹਾ ਸੰਗਰੂਰ ਦੀ ਅਜੋਕੀ ਤਹਿਸੀਲ ਲਹਿਰਾ ਦੇ ਪਿੰਡ ਸੰਗਤਪੁਰਾ ਵਿੱਚ 365 ਸਾਲ ਪਹਿਲਾਂ 5 ਮਾਘ ਸੰਮਤ 1718 (ਜਨਵਰੀ 1661) ਨੂੰ ਪਿਤਾ ਜੋਤੀ ਰਾਮ ਅਤੇ ਮਾਤਾ ਰਾਮੋ ਜੀ ਦੇ ਘਰ ਹੋਇਆ। ਭਾਈ ਹਿੰਮਤ ਸਿੰਘ ਜੀ 17 ਸਾਲਾਂ ਦੀ ਉਮਰ ਵਿੱਚ ਪਿੰਡ ਸੰਗਤਪੁਰਾ ਛੱਡ ਕੇ ਗੁਰੂ ਜੀ ਦੀ ਸ਼ਰਨ ਵਿੱਚ ਚਲੇ ਗਏ। ਸੰਮਤ 1756 (ਅਪਰੈਲ 1699) ਵਿੱਚ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤਪਾਨ ਕਰਕੇ ਉਨ੍ਹਾਂ ਨੇ ਪੰਜ ਪਿਆਰਿਆਂ ਵਿੱਚ ਸਥਾਨ ਹਾਸਲ ਕੀਤਾ। ਅੰਤ ਚਮਕੌਰ ਦੀ ਗੜ੍ਹੀ ਵਿੱਚ ਜ਼ੁਲਮ ਖ਼ਿਲਾਫ਼ ਲੜਦੇ-ਲੜਦੇ ਸੰਮਤ 8 ਪੋਹ 1761 ਨੂੰ ਸ਼ਹੀਦ ਹੋ ਕੇ ਸਦਾ ਲਈ ਅਮਰ ਹੋ ਗਏ।

ਭਾਈ ਹਿੰਮਤ ਸਿੰਘ ਜੀ ਦਾ ਜਨਮ ਸਥਾਨ ਪਿੰਡ ਸੰਗਤਪੁਰਾ ਸਿੱਖ ਇਤਿਹਾਸ ਵਿੱਚ ਅੱਜ ਵੀ ਅਣਗੌਲਿਆ ਹੋਇਆ ਹੈ। ਬੇਸ਼ੱਕ ਪਿੰਡ ਸੰਗਤਪੁਰਾ ਦੇ ਲੋਕ ਸਦੀਆਂ ਤੋਂ ਆਪਣੇ ਇਸ ਸ਼ਹੀਦ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਤੇ ਧੂਮ-ਧਾਮ ਮਨਾਉਂਦੇ ਆ ਰਹੇ ਹਨ ਪਰ ਸ਼੍ਰੋਮਣੀ ਕਮੇਟੀ ਨੇ ਇਸ ਲਈ ਕੋਈ ਖ਼ਾਸ ਉਪਰਾਲਾ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ (ਜਿਲਦ ਨੀਲੀ) ਦੇ ਪੰਨਾ ਨੰਬਰ 792 ਤੋਂ ਇਲਾਵਾ, ਗਰੰਥ ਗੁਰਦੁਆਰੇ ਦਰਸ਼ਨ ਦੇ ਪੰਨਾ ਨੰਬਰ 537/538, ਸੂਰਜ ਪ੍ਰਕਾਸ਼ (ਗਿਆਨੀ ਤੇਜਾ ਸਿੰਘ ਸੋਢੀ) ਦੇ ਪੰਨਾ ਨੰਬਰ 394 ਹੋਰਨਾਂ ਧਾਰਮਿਕ ਗਰੰਥਾਂ ਅਨੁਸਾਰ ਅੱਜ ਤੋਂ 364 ਸਾਲ ਪਹਿਲਾਂ, ਭਾਈ ਹਿੰਮਤ ਸਿੰਘ ਦਾ ਜਨਮ ਜ਼ਿਲ੍ਹਾ ਸੰਗਰੂਰ ਬਲਾਕ ਲਹਿਰਾਗਾਗਾ ਦੇ ਪਿੰਡ ਸੰਗਤਪੁਰਾ ਵਿੱਚ ਹੋਇਆ ਹੈ। ਉਦੋਂ ਤੋਂ ਹੀ ਪਿੰਡ ਵਾਸੀ ਉਨ੍ਹਾਂ ਦਾ ਜਨਮ ਦਿਹਾੜਾ ਮਨਾਉਂਦੇ ਆ ਰਹੇ ਹਨ।

Advertisement

ਪਿੰਡ ਸੰਗਤਪੁਰਾ ਦੇ ਬਜ਼ੁਰਗਾਂ ਅਨੁਸਾਰ ਭਾਈ ਹਿੰਮਤ ਸਿੰਘ ਦਾ ਬਚਪਨ ਦਾ ਨਾਮ ਹਿੰਮਤ ਰਾਏ ਸੀ। ਉਨ੍ਹਾਂ ਆਪਣਾ ਬਚਪਨ ਪਿੰਡ ਸੰਗਤਪੁਰਾ ਦੀਆਂ ਗਲੀਆਂ ’ਚ ਬਿਤਾਇਆ, ਜਦੋਂ ਭਾਈ ਹਿੰਮਤ ਸਿੰਘ ਜੀ ਜਵਾਨੀ ਦੀ ਦਹਿਲੀਜ਼ ਉੱਪਰ ਪੈਰ ਰੱਖ ਰਹੇ ਸਨ ਤਾਂ ਸੰਮਤ 1732 ਈਸਵੀ ’ਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਉਨ੍ਹਾਂ ਦੇ ਮਨ ਉੱਪਰ ਕਾਫ਼ੀ ਗਹਿਰਾ ਅਸਰ ਹੋਇਆ। ਗੁਰੂ ਜੀ ਦੀ ਸ਼ਹੀਦੀ ਤੋਂ ਪ੍ਰਭਾਵਿਤ ਹੋ ਕੇ ਭਾਈ ਸਾਹਿਬ ਪਿੰਡ ਸੰਗਤਪੁਰਾ ਨੂੰ ਛੱਡ ਗਏ ਅਤੇ ਫਿਰ ਕਦੇ ਉਨ੍ਹਾਂ ਪਿੱਛੇ ਮੁੜ ਕੇ ਆਪਣੇ ਪਿੰਡ ਵੱਲ ਨਹੀਂ ਦੇਖਿਆ।

Advertisement

ਔਰੰਗਜ਼ੇਬ ਦੇ ਜਬਰ ਦੇ ਟਾਕਰੇ ਲਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1756 (ਵਿਸਾਖੀ 1699 ਈ.) ਨੂੰ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਉੱਪਰ ਖਾਲਸੇ ਦੀ ਸਿਰਜਣਾ ਕਰਨ ਦਾ ਸੁਨੇਹਾ ਸੰਗਤ ਨੂੰ ਦਿੱਤਾ ਤਾਂ ਦੱਸਿਆ ਜਾਂਦਾ ਹੈ ਕਿ ਉਸ ਸਮੇਂ ਭਾਈ ਹਿੰਮਤ ਰਾਏ ਜੀ ਜਗਨਨਾਥਪੁਰੀ (ਉੜੀਸਾ) ਵਿੱਚ ਸਨ, ਜਿੱਥੋਂ ਸਿੱਖ ਜਥਿਆਂ ਦੇ ਨਾਲ ਉਹ ਵੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਖਾਲਸਾ ਸਿਰਜਣਾ ਸਮਾਗਮ ਵਿੱਚ ਸ਼ਾਮਿਲ ਹੋਏ। ਗੁਰੂ ਜੀ ਦੇ ਮੁਖਾਰਬਿੰਦ ਤੋਂ ਪ੍ਰਗਟ ਹੋਏ ਵਾਕ ਸੁਣਨ ਉਪਰੰਤ ਭਾਈ ਹਿੰਮਤ ਰਾਏ ਜੀ ਵੀ ਸਿੰਘਾਂ ਦੀ ਕਤਾਰ ਵਿੱਚ ਜਾ ਖਲੋਏੇ ਅਤੇ ਖੰਡੇ-ਬਾਟੇ ਦੀ ਪਾਹੁਲ ਲੈ ਕੇ ਹਿੰਮਤ ਰਾਏ ਤੋਂ ਹਿੰਮਤ ਸਿੰਘ ਬਣ ਕੇ ਪੰਜ ਪਿਆਰਿਆਂ ਵਿੱਚੋਂ ਇੱਕ ਬਣ ਗਏ। ਉਨ੍ਹਾਂ ਜ਼ੁਲਮ ਖ਼ਿਲਾਫ਼ ਲੜਦਿਆਂ ਚਮਕੌਰ ਦੀ ਜੰਗ ਵਿੱਚ 8 ਪੋਹ ਨੂੰ ਸ਼ਹੀਦੀ ਪਾਈ। ਇਸ ਜਾਂਬਾਜ਼ ਯੋਧੇ ਦੀ ਸ਼ਹੀਦੀ ’ਤੇ ਸਿੱਖ ਜਗਤ ਦੇ ਨਾਲ ਨਾਲ ਪਿੰਡ ਸੰਗਤਪੁਰਾ ਨਿਵਾਸੀਆਂ ਨੂੰ ਭਾਰੀ ਨਾਜ਼ ਹੈ। ਪਿੰਡ ਵਾਸੀ ਸਦੀਆਂ ਤੋਂ ਭਾਈ ਹਿੰਮਤ ਸਿੰਘ ਜੀ ਦਾ ਜਨਮ ਦਿਹਾੜਾ ਉਨ੍ਹਾਂ ਦੇ ਜਨਮ ਸਥਾਨ ਪਿੰਡ ਸੰਗਤਪੁਰਾ ਵਿੱਚ 5, 6 ਅਤੇ 7 ਮਾਘ ਨੂੰ ਸ਼ਰਧਾ ਅਤੇ ਧੂਮਧਾਮ ਨਾਲ ਮਨਾਉਂਦੇ ਆ ਰਹੇ ਹਨ। ਇਨ੍ਹਾਂ ਗੌਰਵਮਈ ਦਿਨਾਂ ਦੌਰਾਨ ਪਿੰਡ ਸੰਗਤਪੁਰਾ ਦੇ ਗੁਰਦੁਆਰਾ ਸਹਿਬ ਵਿੱਚ 5 ਮਾਘ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ 7 ਮਾਘ ਨੂੰ ਭੋਗ ਪਾਏ ਜਾਂਦੇ ਹਨ। ਇਸ ਮੌਕੇ ਸਮੁੱਚਾ ਪਿੰਡ ਖਾਲਸਾਈ ਰੰਗ ਵਿੱਚ ਰੰਗਿਆ ਹੁੰਦਾ ਹੈ। ਢਾਡੀ ਜਥੇ ਯੋਧਿਆਂ ਦੀਆਂ ਵਾਰਾਂ ਗਾ ਕੇ ਸੰਗਤ ਨੂੰ ਖ਼ਾਲਸਾ ਪੰਥ ਨਾਲ ਜੁੜਨ ਲਈ ਪ੍ਰੇਰਦੇ ਹਨ। ਇਨ੍ਹਾਂ ਦਿਨਾਂ ਵਿੱਚ ਪਿੰਡ ਵਾਸੀ ਰੰਗ, ਜਾਤੀ ਅਤੇ ਊਚ-ਨੀਚ ਦੇ ਭੇਦਭਾਵ ਤੋਂ ਮੁਕਤ ਹੋ ਕੇ ਇਕੱਠੇ ਇੱਕ ਥਾਂ ਪੰਕਤ ਵਿੱਚ ਬੈਠ ਕੇ ਲੰਗਰ ਵਰਤਾਉਂਦੇ ਅਤੇ ਛਕਦੇ ਹਨ।

ਪਿੰਡ ਸੰਗਤਪੁਰਾ ਦਾ ਨਾਮ ਇਤਿਹਾਸਕ ਪਿੰਡਾਂ ਦੀ ਸ਼੍ਰੇਣੀ ਵਿੱਚ ਜੋੜਨਾ ਲਾਜ਼ਮੀ ਹੈ। ਮਰਹੂਮ ਗੁਰਚਰਨ ਸਿੰਘ ਟੌਹੜਾ 21 ਜਨਵਰੀ 1980 ਨੂੰ ਜਦੋਂ ਪਿੰਡ ਸੰਗਤਪੁਰਾ ਵਿੱਚ ਭਾਈ ਹਿੰਮਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਵਿੱਚ ਪਹੁੰਚੇ ਸਨ ਤਾਂ ਉਨ੍ਹਾਂ ਭਾਈ ਸਾਹਿਬ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਲਈ ਦਸ ਹਜ਼ਾਰ ਰੁਪਏ ਦੀ ਗਰਾਂਟ ਦਿੱਤੀ ਸੀ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਸੀ ਕਿ ਪਿੰਡ ਵਾਸੀਆਂ ਦੇ ਉਪਰਾਲੇ ਅਤੇ ਸਹਿਯੋਗ ਨਾਲ ਪ੍ਰਕਿਰਿਆ ਪੂਰੀ ਕਰਕੇ ਪਿੰਡ ਦਾ ਨਾਮ ਇਤਿਹਾਸਕ ਪਿੰਡਾਂ ਵਿੱਚ ਸ਼ਾਮਿਲ ਕੀਤਾ ਜਾਵੇਗਾ।

ਸੰਪਰਕ: 70093-67600

Advertisement
×