DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵੰਦੇ ਮਾਤਰਮ: ਇਤਿਹਾਸ, ਮਿਥਿਹਾਸ ਅਤੇ ਪ੍ਰਸੰਗ

ਇਤਿਹਾਸਕਾਰ ਅਤੇ ਜੀਵਨੀਕਾਰ ਰਾਜਮੋਹਨ ਗਾਂਧੀ ਜਨਤਾ ਦਲ ਦੇ ਮੈਂਬਰ ਵੀ ਰਹੇ ਹਨ। ਉਨ੍ਹਾਂ ਨੇ ਸਾਲ 1991 ਵਿੱਚ ਰਾਜ ਸਭਾ ਵਿੱਚ ਬੋਲਦਿਆਂ ਕਿਹਾ ਸੀ ਕਿ ਵਰਤਮਾਨ ਵਿੱਚ ਪੁਰਾਣੇ ਜ਼ਖ਼ਮਾਂ ਨੂੰ ਕੁਰੇਦਣ ਨਾਲ ਕਈ ਕਿਸਮ ਦੇ ਖ਼ਤਰੇ ਪੈਦਾ ਹੋ ਸਕਦੇ ਹਨ। ਦਰਅਸਲ...

  • fb
  • twitter
  • whatsapp
  • whatsapp
Advertisement

ਇਤਿਹਾਸਕਾਰ ਅਤੇ ਜੀਵਨੀਕਾਰ ਰਾਜਮੋਹਨ ਗਾਂਧੀ ਜਨਤਾ ਦਲ ਦੇ ਮੈਂਬਰ ਵੀ ਰਹੇ ਹਨ। ਉਨ੍ਹਾਂ ਨੇ ਸਾਲ 1991 ਵਿੱਚ ਰਾਜ ਸਭਾ ਵਿੱਚ ਬੋਲਦਿਆਂ ਕਿਹਾ ਸੀ ਕਿ ਵਰਤਮਾਨ ਵਿੱਚ ਪੁਰਾਣੇ ਜ਼ਖ਼ਮਾਂ ਨੂੰ ਕੁਰੇਦਣ ਨਾਲ ਕਈ ਕਿਸਮ ਦੇ ਖ਼ਤਰੇ ਪੈਦਾ ਹੋ ਸਕਦੇ ਹਨ। ਦਰਅਸਲ ਉਦੋਂ ਕਾਂਗਰਸ ਸਰਕਾਰ ਨੇ ਕਿਸੇ ਧਾਰਮਿਕ ਸਥਾਨ ਦਾ ਮੂਲ ਸਰੂਪ ਨਾ ਬਦਲਣ ਬਾਰੇ ਸੰਸਦ ਵਿੱਚ ਇੱਕ ਬਿੱਲ ਪੇਸ਼ ਕੀਤਾ ਸੀ। ਰਾਜਮੋਹਨ ਗਾਂਧੀ ਨੇ ਇਸ ਹਵਾਲੇ ਨਾਲ ਇਹ ਕਿਹਾ ਸੀ ਕਿ ਜਿਹੜੇ ਲੋਕ ਬਦਲੇ ਦੀ ਭਾਵਨਾ ਨਾਲ ਇਤਿਹਾਸ ਦੀਆਂ ਗ਼ਲਤੀਆਂ ਨੂੰ ਸਹੀ ਕਰਨਾ ਚਾਹੁੰਦੇ ਹਨ, ਉਹ ਸਿਰਫ਼ ਤੇ ਸਿਰਫ਼ ਹੋਰ ਤਬਾਹੀ ਹੀ ਲਿਆ ਸਕਦੇ ਹਨ। ਉਨ੍ਹਾਂ ਵੰਡ ਦੇ ਹਵਾਲੇ ਨਾਲ ਕਿਹਾ ਕਿ ਕਿਵੇਂ ਬਦਲੇ ਦੀ ਭਾਵਨਾ ਨੇ ਲੱਖਾਂ ਜ਼ਿੰਦਗੀਆਂ ਨਿਗਲ ਲਈਆਂ ਸਨ।

‘ਵੰਦੇ ਮਾਤਰਮ’ ਬਾਰੇ ਵਿਵਾਦ ਨੂੰ ਸਮਝਣ ਲਈ ਇਸ ਦੀ ਇਤਿਹਾਸਕ ਪ੍ਰਸੰਗਿਕਤਾ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਇਹ ਗੀਤ ਪ੍ਰਸਿੱਧ ਬੰਗਾਲੀ ਲੇਖਕ ਬੰਕਿਮ ਚੰਦਰ ਚੱਟੋਪਾਧਿਆਏ (1838-1894) ਦੀ ਰਚਨਾ ਹੈ, ਜੋ ਉਸ ਦੇ ਪ੍ਰਸਿੱਧ ਨਾਵਲ ‘ਆਨੰਦਮੱਠ’ ਵਿੱਚ ਸ਼ਾਮਲ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਅੰਗਰੇਜ਼ ਹਕੂਮਤ ਨੇ 1870 ਈਸਵੀ ਵਿੱਚ ਇੱਕ ਐਲਾਨ ਰਾਹੀਂ ਇੰਗਲੈਂਡ ਦੀ ਰਾਣੀ ਦੀ ਰੱਖਿਆ ਲਈ ਰੱਬ ਤੋਂ ਵਰ ਮੰਗਣ ਵਾਲਾ ਇੱਕ ਗੀਤ ਗਾਉਣਾ ਜ਼ਰੂਰੀ ਕਰ ਦਿੱਤਾ ਸੀ। ਇਸ ਦੇ ਵਿਰੋਧ ਵਿੱਚ ਬੰਕਿਮ ਚੰਦਰ ਚੱਟੋਪਾਧਿਆਏ ਨੇ ਆਪਣੇ ਨਾਵਲ ਵਿੱਚ ‘ਵੰਦੇ ਮਾਤਰਮ’ ਨਾਮੀ ਗੀਤ ਨੂੰ ਸ਼ਾਮਲ ਕੀਤਾ ਸੀ। ਇਹ ਇੱਕ ਸਿਆਸੀ ਨਾਵਲ ਹੈ ਜੋ ਕਿ ਸੰਨ 1882 ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸ ਨਾਵਲ ਦੀ ਕਥਾ ਇੱਕ ਸਾਧੂ-ਸਮੂਹ ਤੋਂ ਸ਼ੁਰੂ ਹੁੰਦੀ ਹੈ ਜੋ ਖ਼ੁਦ ਨੂੰ ਭਾਰਤ ਮਾਤਾ ਦੀ ਸੰਤਾਨ ਕਹਿੰਦੇ ਹਨ ਅਤੇ ਜਿਨ੍ਹਾਂ ਦੇ ਆਗੂ ਸੱਤਿਆਨੰਦ ਨੂੰ ਨਵਾਬ ਨੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਸਾਧੂਆਂ ਨੇ ਆਪਣੇ ਗੁਰੂ ਨੂੰ ਮੁਕਤ ਕਰਾਉਣ ਦੀ ਪ੍ਰਤਿੱਗਿਆ ਕੀਤੀ। ਨਾਵਲ ਵਿੱਚ ਸਾਧੂਆਂ ਨੂੰ ਮੁਸਲਮਾਨ ਨਵਾਬ ਵਿਰੁੱਧ ਲੜਦੇ ਦਿਖਾਇਆ ਗਿਆ ਹੈ। ਨਾਵਲ ਵਿੱਚ ਸਾਧੂ ‘ਵੰਦੇ ਮਾਤਰਮ’, ‘ਹਰੇ ਮੁਰਾਰੇ’, ਦੁਰਗਾ, ਵਿਸ਼ਨੂੰ, ਸ਼ਿਵ ਆਦਿ ਦੇ ਜੈਕਾਰੇ ਛੱਡਦੇ ਹਨ ਅਤੇ ਮੁਸਲਮਾਨਾਂ ਨੂੰ ਭੰਡਦੇ ਹਨ। ਇਸ ਦੇ ਹਿੰਦੂ ਪਾਤਰਾਂ ਵਿੱਚ ਸਵਾਮੀ, ਬ੍ਰਹਮਚਾਰੀ, ਜੀਵਾਨੰਦ, ਭਵਾਨੰਦ ਅਤੇ ਸੱਤਿਆਨੰਦ ਵਰਗੇ ਲੋਕ ਹਨ। ਮੱਠ ਤੋਂ ਇਨ੍ਹਾਂ ਦੀਆਂ ਗਤੀਵਿਧੀਆਂ ਚੱਲਦੀਆਂ ਹਨ। ਨਾਵਲ ਦੇ ਅੰਤ ਵਿੱਚ ਅੰਗਰੇਜ਼ਾਂ ਦੀ ਵਡਿਆਈ ਕੀਤੀ ਗਈ ਹੈ ਪਰ ਮੁਸਲਮਾਨਾਂ ਦੀ ਖ਼ਿਲਾਫ਼ਤ ਕੀਤੀ ਗਈ ਹੈ। ਸਾਧੂ ਆਪਣੇ ਗੁਰੂ ਨੂੰ ਆਜ਼ਾਦ ਕਰਾਉਣ ਵਿੱਚ ਸਫ਼ਲ ਵੀ ਹੁੰਦੇ ਹਨ ਅਤੇ ਭਾਰਤ ਵਿੱਚ ਅੰਗਰੇਜ਼ੀ ਸ਼ਾਸਨ ਦਾ ਸਵਾਗਤ ਵੀ ਕਰਦੇ ਹਨ। ਇਸ ਨਾਵਲ ਵਿੱਚ ਮੁਸਲਮਾਨਾਂ ਵੱਲੋਂ ਕੀਤੇ ਗਏ ਅੱਤਿਆਚਾਰਾਂ ਦਾ ਬਿਆਨ ਵੀ ਹੈ ਅਤੇ ਮੁਸਲਮਾਨ ਨਵਾਬ ਵੱਲੋਂ ਅੰਗਰੇਜ਼ਾਂ ਨਾਲ ਹੱਥ ਮਿਲਾ ਲੈਣ ਵਿਰੁੱਧ ਆਜ਼ਾਦੀ ਲਈ ਇੱਕ ਸਮੂਹ ਦਾ ਸੰਘਰਸ਼ ਵੀ ਦਿਖਾਇਆ ਗਿਆ ਹੈ। ਇਸ ਗੀਤ ਨੇ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਲਈ ਇਹ ਸਿਰਫ਼ ਗੀਤ ਨਾ ਰਿਹਾ ਸਗੋਂ ਦੇਸ਼ ਭਗਤੀ ਅਤੇ ਸਵੈਮਾਣ ਦਾ ਪ੍ਰਤੀਕ ਬਣ ਕੇ ਉਭਰਿਆ। ਨੋਬੇਲ ਪੁਰਸਕਾਰ ਜੇਤੂ ਰਾਬਿੰਦਰਨਾਥ ਟੈਗੋਰ ਨੇ 1896 ਈਸਵੀ ਵਿੱਚ ਕੋਲਕਾਤਾ ਦੀ ਕਾਂਗਰਸ ਕਾਨਫਰੰਸ ’ਚ ਵੰਦੇ ਮਾਤਰਮ ਨੂੰ ਸਿਆਸੀ ਪ੍ਰਸੰਗ ਵਿੱਚ ਸੁਰਬੱਧ ਕੀਤਾ ਅਤੇ ਲਾਲਾ ਲਾਜਪਤ ਰਾਏ ਨੇ ਲਾਹੌਰ ਤੋਂ ‘ਵੰਦੇ ਮਾਤਰਮ’ ਨਾਮ ਦੇ ਰਸਾਲੇ ਦੀ ਪ੍ਰਕਾਸ਼ਨਾ ਵੀ ਕੀਤੀ। ਕਾਂਗਰਸ ਨੇ 7 ਸਤੰਬਰ 1905 ਨੂੰ ਆਪਣੀ ਵਾਰਾਨਸੀ ਕਾਨਫਰੰਸ ਵਿੱਚ ਇਸ ਗੀਤ ਨੂੰ ਕਾਂਗਰਸ ਦੀਆਂ ਸਾਰੀਆਂ ਬੈਠਕਾਂ/ਕਾਨਫਰੰਸਾਂ ਦੇ ਸ਼ੁਰੂ ਵਿੱਚ ਗਾਉਣ ਦਾ ਰਸਮੀ ਫ਼ੈਸਲਾ ਕੀਤਾ। ਸੁਭਾਸ਼ ਚੰਦਰ ਬੋਸ ਨੇ ਇਸ ਨੂੰ ਇੰਡੀਅਨ ਨੈਸ਼ਨਲ ਆਰਮੀ ਆਜ਼ਾਦ ਹਿੰਦ ਫ਼ੌਜ ਦਾ ਮੁੱਖ ਗੀਤ ਵੀ ਬਣਾਇਆ, ਪਰ ਅਕਤੂਬਰ 1937 ਵਿੱਚ ਕੁਝ ਮੁਸਲਮਾਨ ਆਗੂਆਂ ਨੇ ਇਸ ਗੀਤ ਦਾ ਵਿਰੋਧ ਕੀਤਾ ਕਿਉਂਕਿ ਇਸ ਵਿੱਚ ਕੁਝ ਬੰਦ ਇਸਲਾਮ ਵਿਰੋਧੀ ਹਨ। ਸਭ ਤੋਂ ਵੱਡਾ ਇਤਰਾਜ਼ ਇਹ ਸੀ ਕਿ ਇਹ ਗੀਤ ਭਾਰਤੀ ਧਰਮ ਵਿਸ਼ੇਸ਼ ਦੇ ਹਿਸਾਬ ਨਾਲ ਰਾਸ਼ਟਰਵਾਦ ਨੂੰ ਪਰਿਭਾਸ਼ਿਤ ਕਰਦਾ ਹੈ। ਇਹ ਸੁਆਲ ਸਿਰਫ਼ ਮੁਸਲਮਾਨ ਸੰਗਠਨਾਂ ਨੇ ਹੀ ਨਹੀਂ ਕੀਤਾ ਸਗੋਂ ਬੋਧੀ, ਜੈਨੀ, ਸਿੱਖ ਅਤੇ ਇਸਾਈ ਸੰਗਠਨਾਂ ਨੇ ਵੀ ਚੁੱਕੇ ਸਨ। ਇਸ ਧਾਰਮਿਕ ਅਤੇ ਸਿਆਸੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦਿਆਂ ਇੰਡੀਅਨ ਨੈਸ਼ਨਲ ਕਾਂਗਰਸ ਨੇ 1937 ਵਿੱਚ ਕੋਲਕਾਤਾ ਵਿਖੇ ਨਹਿਰੂ ਦੀ ਪ੍ਰਧਾਨਗੀ ਵਿੱਚ ਮਤਾ ਪਾਸ ਕੀਤਾ, ਜਿਸ ਤਹਿਤ ਇਸ ਗੀਤ ਦੇ ਪਹਿਲੇ ਦੋ ਪੈਰੇ ਹੀ ਰਾਸ਼ਟਰੀ ਗੀਤ ਵਜੋਂ ਅਧਿਕਾਰਿਤ ਤੌਰ ’ਤੇ ਅਪਣਾਏ ਗਏ। ਇਸ ਦੇ ਨਾਲ ਹੀ ਇਸ ਗੀਤ ਦੇ ਸਥਾਨ ’ਤੇ ਕਿਸੇ ਵੀ ਹੋਰ ਗੀਤ ਨੂੰ ਗਾਉਣ ਦੀ ਛੋਟ ਵੀ ਦਿੱਤੀ ਗਈ। ਇਉਂ ‘ਵੰਦੇ ਮਾਤਰਮ’ ਨੂੰ ਲੈ ਕੇ ਕਾਂਗਰਸ ਨੇ ਉਦਾਰਵਾਦੀ ਰੁਖ਼ ਅਪਣਾਇਆ। ਦਰਅਸਲ, ਭਾਜਪਾ ਦੀ ਸਿਆਸੀ ਨੀਤੀ ਨਾਲ ਇਸ ਨਾਵਲ ਦੀ ਕਹਾਣੀ ਮੇਲ ਖਾਂਦੀ ਹੈ। ਇਸੇ ਕਰਕੇ ਭਾਰਤੀ ਜਨਤਾ ਪਾਰਟੀ ਨੇ ਇਸ ਨੂੰ ਆਪਣੇ ਹਰ ਅਮਲ ਦਾ ਹਿੱਸਾ ਬਣਾਇਆ।

Advertisement

ਮੂਲ ਰੂਪ ਵਿੱਚ ਇਹ ਗੀਤ ਸੰਸਕ੍ਰਿਤਨੁਮਾ ਬੰਗਾਲੀ ਭਾਸ਼ਾ ਵਿੱਚ ਲਿਖਿਆ ਗਿਆ ਸੀ। ਬੰਗਾਲੀ ਭਾਸ਼ਾ ਲਿਖਣ ਲਈ ਵਰਤੀ ਜਾਂਦੀ ਬਾਂਗਲਾ ਲਿਪੀ ਵਿੱਚ ‘ਵ’ ਧੁਨੀ-ਅੱਖਰ ਨਹੀਂ ਹੈ, ਇਸ ਲਈ ਸ਼ਬਦ ‘ਬੰਦੇ’ ਹੋਣਾ ਚਾਹੀਦਾ ਸੀ, ਪਰ ਸੰਸਕ੍ਰਿਤ ਦੇ ਪ੍ਰਭਾਵ ਅਧੀਨ ਇਸ ਨੂੰ ‘ਵੰਦੇ’ ਲਿਖਿਆ ਗਿਆ। ਇਉਂ ਵੰਦੇ ਮਾਤਰਮ ਦਾ ਅਰਥ ‘ਮਾਤਾ ਦੀ ਵੰਦਨਾ ਕਰਦਾ ਹਾਂ’ ਬਣਦਾ ਹੈ। ਇਸ ਲਈ ਦੇਵਨਾਗਰੀ ਲਿਪੀ ਵਿੱਚ ‘ਵੰਦੇ’ ਹੀ ਦਰੁਸਤ ਬਣਦਾ ਹੈ। ਇਸ ਤਰਾਨੇ ਦਾ ਪ੍ਰਵਾਨਿਤ ਖਰੜਾ ਇਸ ਤਰ੍ਹਾਂ ਹੈ:

Advertisement

(1) ਵੰਦੇ (ਵੰਦਨਾ/ਪ੍ਰਣਾਮ) ਮਾਤਰਮ (ਮਾਤ ਭੂਮੀ)

(2) ਸੁਜਲਾਮ (ਮਿੱਠਾ ਪਾਵਨ ਪਾਣੀ), ਸੁਫਲਾਮ (ਸੁਆਦੀ ਫਲ), ਮਲਯਜ-ਸ਼ੀਤਲਾਮ (ਚੰਦਨ ਜਿਹੀ ਸੁਗੰਧਿਤ ਹਵਾ)

(3) ਸ਼ਸਯ-ਸ਼ਿਆਮਲਾਮ ਮਾਤਰਮ (ਹਰੀ ਭਰੀ ਉਪਜਾਊ ਧਰਤੀ)

(4) ਸ਼ੁਭਰ-ਜਯੋਤਸਨਾ (ਸੁੰਦਰ ਚਾਂਦਨੀ) ਪੁਲਕਿਤ-ਯਾਮਿਨੀਮ (ਆਨੰਦਪੂਰਨ ਰਾਤਾਂ)

(5) ਫੁੱਲ-ਕੁਸੁਮਿਤ (ਵਿਕਸਿਤ ਫੁੱਲ) ਦਰੁਮਦਲ-ਸ਼ੋਭਿਨੀਮ (ਸੁਸ਼ੋਭਿਤ ਰੁੱਖਾਂ ਦੇ ਝੁੰਡ)

(6) ਸੁਹਾਸਿਨੀਮ (ਸੁੰਦਰ ਹਾਸਾ), ਸੁਮਧੁਰ-ਭਾਸ਼ਿਣੀਮ (ਮਿੱਠੀ ਬੋਲੀ)

(7) ਸੁਖਦਾਮ ਵਰਦਾਮ (ਸੁਖ ਤੇ ਵਰਦਾਨ ਦੇਣ ਵਾਲੀ) ਮਾਤਰਮ

ਇਸ ਗੀਤ ਦਾ ਭਾਵ ਅਰਥ ਇਹ ਹੈ: ਹੇ! ਮਾਤ ਭੂਮੀ ਅਸੀਂ ਸਾਰੇ ਤੈਨੂੰ ਪ੍ਰਣਾਮ ਕਰਦੇ ਹਾਂ। ਹੇ ਮਾਤਾ, ਤੇਰੇ ਮਿੱਠੇ ਤੇ ਪਾਵਨ ਪਾਣੀ, ਸੁਆਦੀ ਫਲ, ਚੰਦਨ ਜਿਹੀਆਂ ਖ਼ੁਸ਼ਬੂਦਾਰ ਠੰਢੀਆਂ ਹਵਾਵਾਂ, ਹਰੀ ਭਰੀ ਉਪਜਾਊ ਧਰਤੀ ਨੂੰ ਨਮਸਕਾਰ। ਚੰਦਰਮਾ ਦੀ ਚਾਂਦਨੀ ਨਾਲ ਆਨੰਦਪੂਰਨ ਤੇਰੀਆਂ ਰਾਤਾਂ, ਵਿਕਸਿਤ ਫੁੱਲਾਂ ਨਾਲ ਸੁਸ਼ੋਭਿਤ ਰੁੱਖਾਂ ਦੇ ਝੁੰਡ, ਤੇਰਾ ਸੁੰਦਰ ਹਾਸਾ ਅਤੇ ਮਿੱਠੀ ਬੋਲੀ, ਸੁਖ ਤੇ ਵਰਦਾਨ ਦੇਣ ਵਾਲੀ ਹੈ। ਇਸ ਲਈ ਹੇ! ਮਾਤ ਭੂਮੀ ਅਸੀਂ ਤੈਨੂੰ ਨਮਸਕਾਰ ਕਰਦੇ ਹਾਂ।

ਇਸ ਗੀਤ ਵਿੱਚ ਜਿਨ੍ਹਾਂ ਪ੍ਰਤੀਕਾਂ ਅਤੇ ਦ੍ਰਿਸ਼ਾਂ ਦਾ ਜ਼ਿਕਰ ਹੈ ਉਹ ਬੰਗਾਲ ਦੀ ਧਰਤੀ ਨਾਲ ਹੀ ਸੰਬੰਧਿਤ ਹਨ।

ਪ੍ਰਸਿੱਧ ਪੰਜਾਬੀ ਕਵੀ ਲਾਲਾ ਧਨੀ ਰਾਮ ਚਾਤ੍ਰਿਕ ਨੇ ਸੰਨ 1940 ਵਿੱਚ ਛਪੀ ਆਪਣੀ ਕਿਤਾਬ ‘ਕੇਸਰ ਕਿਆਰੀ’ ਵਿੱਚ ‘ਭਾਰਤ ਮਾਤਾ’ ਸਿਰਲੇਖ ਹੇਠ ਵੰਦੇ ਮਾਤਰਮ ਦਾ ਖੁੱਲ੍ਹਾ ਤਰਜਮਾ ਇਉਂ ਕੀਤਾ ਹੈ:

ਜਲਾਂ ਵਾਲੀ! ਫਲਾਂ ਵਾਲੀ!

ਪਰਬਤਾਂ ਤੇ ਥਲਾਂ ਵਾਲੀ! ਚੰਦਨਾਂ ਥੀਂ ਠਾਰੀ!

ਹਰਿਔਲ ਥੀਂ ਸ਼ਿੰਗਾਰੀ, ਮਾਤਾ!

ਫੁੱਲਾਂ ਮਹਿਕਾਈ, ਸਰਦ ਚਾਨਣੀ ਖਿੜਾਈ,

ਰੁੱਖਾਂ ਬੂਟਿਆਂ ਸਜਾਈ, ਅੰਨਾਂ ਧਨਾਂ ਦੀ ਪਟਾਰੀ, ਮਾਤਾ!

ਹਾਸ ਤੇ ਮਿਠਾਸ ਭਰੀ, ਸੁਖ ਦਾਤੀ,

ਵਰ ਦਾਤੀ, ਮਾਣ ਦਾਤੀ, ਤ੍ਰਾਣ ਦਾਤੀ,

ਸ਼ੋਭਾ ਦੀ ਅਟਾਰੀ, ਮਾਤਾ!

ਪੈਂਤੀ ਕ੍ਰੋੜ ਕੰਠੋਂ ਕਿਲਕਾਰਨੀ, ਸੱਤਰ ਕ੍ਰੋੜ ਬਾਹੂ ਬਲ ਧਾਰਨੀ,

ਹੇ ਭਾਰਤ ਪਿਆਰੀ, ਮਾਤਾ!

ਬੰਗਾਲ ਦੇ ਅੰਦੋਲਨ ਦੌਰਾਨ ਇਹ ਗੀਤ ਬੜੇ ਜੋਸ਼ ਨਾਲ ਗਾਇਆ ਗਿਆ। ਸਿਆਸੀ ਸਰਗਰਮੀ ਅਤੇ ਭਾਰਤੀ ਆਜ਼ਾਦੀ ਅੰਦੋਲਨ ਦੌਰਾਨ ਸੰਨ 1905 ਤੱਕ ਇਹ ਇੱਕ ਬੜਾ ਮਕਬੂਲ ਤਰਾਨਾ ਬਣ ਗਿਆ। ਸੰਨ 1905 ਵਿੱਚ ਲਾਰਡ ਕਰਜ਼ਨ ਦੇ ਬੰਗਾਲ ਬਟਵਾਰੇ ਦੇ ਐਲਾਨ ਮਗਰੋਂ ਇਹ ਵਿਰੋਧ ਦਾ ਗੀਤ ਬਣ ਗਿਆ। ਇਸੇ ਲਈ ਬ੍ਰਿਟਿਸ਼ ਸਰਕਾਰ ਨੇ ਇਸ ਨਾਵਲ ਅਤੇ ਇਸ ਗੀਤ ਦੀ ਨਾਅਰੇ ਦੇ ਤੌਰ ’ਤੇ ਵਰਤੋਂ ’ਤੇ ਪਾਬੰਦੀ ਵੀ ਲਗਾਈ, ਪਰ ਆਮ ਲੋਕਾਂ ਨੇ ਇਸ ਰੋਕ ਦਾ ਵਿਰੋਧ ਕੀਤਾ। ਇਸ ਨੂੰ ਗਾਉਣ ਲਈ ਲੋਕ ਵਾਰ-ਵਾਰ ਜੇਲ੍ਹ ਗਏ। ਜਨਵਰੀ 1950 ਵਿੱਚ ‘ਵੰਦੇ ਮਾਤਰਮ’ ਨੂੰ ਕੌਮੀ ਗੀਤ ਐਲਾਨਣ ਮੌਕੇ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਜਿੰਦਰ ਪ੍ਰਸਾਦ ਨੇ ਆਖਿਆ ਕਿ ਇਸ ਗੀਤ ਨੂੰ ਭਾਰਤ ਦੇ ਕੌਮੀ ਤਰਾਨੇ ‘ਜਨ ਗਣ ਮਨ’ ਦੇ ਬਰਾਬਰ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ ਪਰ ਇਸ ਗੀਤ ਬਾਰੇ ਸਮੇਂ-ਸਮੇਂ ’ਤੇ ਵਿਵਾਦ ਹੁੰਦਾ ਰਿਹਾ ਹੈ। ਇਸ ਦਾ ਇੱਕ ਕਾਰਨ ਇਹ ਸੀ ਕਿ ਇਸ ਵਿੱਚ ਮੁਸਲਮਾਨ ਨਵਾਬ ਵੱਲੋਂ ਅੰਗਰੇਜ਼ਾਂ ਨਾਲ ਹੱਥ ਮਿਲਾ ਲੈਣ ਵਿਰੁੱਧ ਆਜ਼ਾਦੀ ਲਈ ਇੱਕ ਭਾਈਚਾਰੇ ਦਾ ਸੰਘਰਸ਼ ਵਿਖਾਇਆ ਗਿਆ ਹੈ। ਦੂਜਾ ਕਾਰਨ ਇਹ ਸੀ ਕਿ ਇਸ ਵਿੱਚ ਮੁਸਲਮਾਨਾਂ ਵਿਰੁੱਧ ਕੁਝ ਸੰਵਾਦਾਂ ਦੀ ਵਰਤੋਂ ਕੀਤੀ ਗਈ ਹੈ। ਇਸ ਲਈ ਕੁਝ ਮੁਸਲਮਾਨ ਆਗੂ ਤੇ ਸੰਗਠਨ ‘ਆਨੰਦਮੱਠ’ ਨੂੰ ਮੁਸਲਮਾਨ ਵਿਰੋਧੀ ਦੱਸਦੇ ਸਨ। ਤੀਸਰਾ ਕਾਰਨ ਇਹ ਸੀ ਕਿ ਇਸ ਗੀਤ ਦੇ ਪਹਿਲੇ ਦੋ ਅੰਤਰਿਆਂ ਤੋਂ ਬਾਅਦ ਸਿਰਫ਼ ਹਿੰਦੂ ਧਰਮ ਦੇ ਪ੍ਰਤੀਕਾਂ ਦੀ ਵਡਿਆਈ ਹੈ। ਦਰਅਸਲ, ਇਸ ਗੀਤ ਦੇ ਬੋਲ ਇਸਲਾਮ ਦੀ ਮੂਲ ਭਾਵਨਾ ਦੇ ਵਿਰੋਧੀ ਹੋਣ ਕਾਰਨ ਮੁਸਲਿਮ ਲੀਗ ਵੱਲੋਂ ਇਸ ਗੀਤ ਦਾ ਵਿਰੋਧ ਸ਼ੁਰੂ ਹੋ ਗਿਆ ਸੀ। ਇਉਂ ਆਜ਼ਾਦੀ ਵੇਲੇ ਤੋਂ ਹੀ ਇਸ ਨੂੰ ਧਰਮ ਤੇ ਸਿਆਸਤ ਨਾਲ ਜੋੜ ਦਿੱਤਾ ਗਿਆ। ਇਸ ਪਿੱਛੋਂ ਰਾਬਿੰਦਰਨਾਥ ਟੈਗੋਰ ਦੀ ਸਲਾਹ ਨਾਲ ਇਸ ਗੀਤ ਵਿੱਚ ਕੁਝ ਕਾਂਟ-ਛਾਂਟ ਕੀਤੀ ਗਈ। ਇਸ ਲਈ ਇਸ ਤਰਾਨੇ ਦੇ ਦੋ ਅੰਤਰੇ ਹੀ ਪ੍ਰਵਾਨ ਕੀਤੇ ਗਏ। ਕੁਝ ਲੋਕਾਂ ਦਾ ਇਹ ਵੀ ਖ਼ਿਆਲ ਹੈ ਕਿ ਟੈਗੋਰ ਆਪਣੇ ਲਿਖੇ ਗੀਤ ‘ਜਨ ਗਣ ਮਨ’ ਨੂੰ ਕੌਮੀ ਗੀਤ ਬਣਾਉਣਾ ਚਾਹੁੰਦਾ ਸੀ। ਟੈਗੋਰ ਨੇ ਆਪਣਾ ਗੀਤ ਜਾਰਜ ਪੰਚਮ ਲਈ 1911 ਵਿੱਚ ਲਿਖਿਆ ਸੀ। ਇਸ ਬਦਲੇ ਟੈਗੋਰ ਨੂੰ ਬੜਾ ਮਾਣ ਸਨਮਾਨ ਵੀ ਮਿਲਿਆ ਸੀ। ਟੈਗੋਰ ਦੀ ਇਸੇ ਪ੍ਰਸਿੱਧੀ ਕਾਰਨ 1950 ਵਿੱਚ ਸੰਵਿਧਾਨ ਸਭਾ ਵੱਲੋਂ ਇਸ ਗੀਤ ਨੂੰ ਕੌਮੀ ਗੀਤ ਵਜੋਂ ਪ੍ਰਵਾਨ ਕਰ ਲਿਆ ਗਿਆ। ਦਿਲਚਸਪ ਤੱਥ ਇਹ ਵੀ ਹੈ ਕਿ ਸੰਨ 1891 ਵਿੱਚ ਜਦ ਬੰਕਿਮ ਚੰਦਰ ਚੱਟੋਪਾਧਿਆਏ ਡਿਪਟੀ ਕੁਲੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਤਾਂ ਬ੍ਰਿਟਿਸ਼ ਸ਼ਾਸਕਾਂ ਨੇ ਉਨ੍ਹਾਂ ਨੂੰ ਵੀ ਰਾਏ ਬਹਾਦਰ ਸਮੇਤ ਕਈ ਉਪਾਧੀਆਂ ਨਾਲ ਸਨਮਾਨਿਤ ਕੀਤਾ ਸੀ। ਇਸ ਗੀਤ ਦੀ 150ਵੀਂ ਵਰ੍ਹੇਗੰਢ ਸਮੁੱਚੇ ਦੇਸ਼ ਵਾਸੀਆਂ ਲਈ ਇਸ ਰਚਨਾ ਵਿਚਲੇ ਕੌਮੀ ਪ੍ਰਸੰਗ ਦਾ ਸਨਮਾਨ ਕਰਨ ਦਾ ਅਹਿਮ ਮੌਕਾ-ਮੇਲ ਹੈ। ਅਜਿਹੇ ਮੌਕੇ ਸਿਆਸੀ ਨੇਤਾਵਾਂ ਨੂੰ ਪਾਰਟੀ ਸੁਆਰਥਾਂ ਤੋਂ ਉੱਪਰ ਉੱਠ ਕੇ ਇਸ ਦੇ ਇਤਿਹਾਸਕ ਮਹੱਤਵ ਨੂੰ ਉਭਾਰਨਾ ਚਾਹੀਦਾ ਸੀ ਪਰ ਸਾਡੀਆਂ ਸਿਆਸੀ ਬਹਿਸਾਂ ਅਤੀਤ ਦੇ ਇਸ ਸੰਵੇਦਨਸ਼ੀਲ ਤੱਥ ਦਾ ਸਿਆਸੀਕਰਨ ਕਰ ਰਹੀਆਂ ਹਨ। ਕੌਮੀ ਗੀਤ ਅਤੇ ਕੌਮੀ ਤਰਾਨਾ ਕਿਸੇ ਵੀ ਮੁਲਕ ਦੀ ਤਰੱਕੀ ਲਈ ਮਾਰਗਦਰਸ਼ਕ ਭੂਮਿਕਾ ਨਿਭਾ ਸਕਦਾ ਹੈ। ਅਜਿਹਾ ਤਾਂ ਹੀ ਸੰਭਵ ਹੋ ਸਕਦਾ ਹੈ, ਜੇ ਇਸ ਨੂੰ ਸੌੜੇ ਹਿੱਤਾਂ ਵਾਲੀ ਸਿਆਸਤ ਤੋਂ ਦੂਰ ਰੱਖਿਆ ਜਾਵੇ। ਵਿਕਸਿਤ ਭਾਰਤ ਦਾ ਆਦਰਸ਼ ਤਦ ਹੀ ਪੂਰਾ ਹੋ ਸਕੇਗਾ ਜੇ ਸਿਆਸੀ ਪਾਰਟੀਆਂ ਅਤੀਤ ਦੇ ਨਕਾਰਾਤਮਕ ਪਹਿਲੂਆਂ ਨੂੰ ਤਿਆਗ ਕੇ, ਵਰਤਮਾਨ ਦੇ ਸਮਾਜਿਕ ਮਸਲਿਆਂ ਉੱਤੇ ਆਪਣਾ ਧਿਆਨ ਕੇਂਦਰਿਤ ਕਰਨਗੀਆਂ। ਈ ਐੱਚ ਕਰ ਨੇ ਆਪਣੀ ਪ੍ਰਸਿੱਧ ਕਿਤਾਬ ‘ਵ੍ਹੱਟ ਇਜ਼ ਹਿਸਟਰੀ’ (ਇਤਿਹਾਸ ਕੀ ਹੈ) ਵਿੱਚ ਲਿਖਿਆ ਹੈ ਕਿ ਕਿਸੇ ਵਿਸ਼ੇਸ਼ ਸਿਧਾਂਤ ਜਾਂ ਮੱਤ ਦੀ ਪ੍ਰਤਿਸ਼ਠਾ, ਪ੍ਰਚਾਰ ਅਤੇ ਉਸ ਨੂੰ ਕਿਸੇ ਪ੍ਰਕਾਰ ਦਾ ਅੰਦੋਲਨ ਚਲਾਉਣ ਦਾ ਸਾਧਨ ਬਣਾਉਣਾ ਇਤਿਹਾਸ ਦੀ ਦੁਰਵਰਤੋਂ ਕਰਨਾ ਹੈ। ਅਜਿਹਾ ਕਰਨ ਨਾਲ ਇਤਿਹਾਸ ਦਾ ਮਹੱਤਵ ਹੀ ਨਸ਼ਟ ਨਹੀਂ ਹੁੰਦਾ ਸਗੋਂ ਅੰਤਿਮ ਰੂਪ ਵਿੱਚ ਸਿੱਟੇ ਵੀ ਭਿਆਨਕ ਨਿਕਲਦੇ ਹਨ।

Advertisement
×