ਅਭੁੱਲ ਰਾਤ...
ਗੱਲ 1991 ਦੀ ਹੈ। ਮੈਂ ਦਸਵੀਂ ਜਮਾਤ ਦੇ ਇਮਤਿਹਾਨ ਦੇ ਕੇ ਹਟਿਆ ਸੀ। ਕਣਕ ਦਾ ਸੀਜ਼ਨ ਹੋਣ ਕਰ ਕੇ ਕੁਝ ਸਮਾਂ ਤਾਂ ਵਾਢੀ ਕਰਦਿਆਂ ਲੰਘ ਗਿਆ। ਦਸ ਕੁ ਦਿਨਾਂ ਵਿੱਚ ਕਣਕ ਤੇ ਤੂੜੀ ਆਦਿ ਸਭ ਲੋਕਾਂ ਨੇ ਸਾਂਭ ਲਈ। ਦੋ...
ਗੱਲ 1991 ਦੀ ਹੈ। ਮੈਂ ਦਸਵੀਂ ਜਮਾਤ ਦੇ ਇਮਤਿਹਾਨ ਦੇ ਕੇ ਹਟਿਆ ਸੀ। ਕਣਕ ਦਾ ਸੀਜ਼ਨ ਹੋਣ ਕਰ ਕੇ ਕੁਝ ਸਮਾਂ ਤਾਂ ਵਾਢੀ ਕਰਦਿਆਂ ਲੰਘ ਗਿਆ। ਦਸ ਕੁ ਦਿਨਾਂ ਵਿੱਚ ਕਣਕ ਤੇ ਤੂੜੀ ਆਦਿ ਸਭ ਲੋਕਾਂ ਨੇ ਸਾਂਭ ਲਈ। ਦੋ ਕੁ ਦਿਨ ਮਾਲੇਰਕੋਟਲਾ ਸੱਟਾ ਬਾਜ਼ਾਰ ਵਿੱਚ ਦਿਹਾੜੀ ਜਾਂਦਾ ਰਿਹਾ, ਪਰ ਮੇਰੀ ਛੋਟੀ ਉਮਰ ਦੇਖ ਕੇ ਮੈਨੂੰ ਕੋਈ ਵੀ ਦਿਹਾੜੀ ’ਤੇ ਲਿਜਾਣ ਲਈ ਤਿਆਰ ਨਾ ਹੋਇਆ। ਇਸ ਕਰ ਕੇ ਬੇਬੇ ਨੇ ਪਿੰਡ ਵਿੱਚ ਇੱਕ ਜ਼ਿਮੀਂਦਾਰ ਪਰਿਵਾਰ ਨਾਲ ਦੋ ਮਹੀਨੇ ਲਈ ਸੀਰੀ ਰਲਾ ਦਿੱਤਾ। ਜਿਸ ਪਰਿਵਾਰ ਨਾਲ ਮੈਂ ਸੀਰੀ ਰਲ਼ਿਆ ਸੀ ਉਹ ਪਰਿਵਾਰ ਮੇਰੇ ਚਾਚਿਆਂ ਦੀ ਥਾਂ ਲੱਗਦਾ ਸੀ। ਇਸ ਕਰਕੇ ਚਾਚੇ ਨੇ ਪਹਿਲੇ ਦਿਨ ਹੀ ਮੈਨੂੰ ਸਾਰਾ ਕੰਮ ਸਮਝਾ ਦਿੱਤਾ। ਸਵੇਰੇ ਲਗਪਗ ਪੰਜ ਕੁ ਵਜੇ ਉਨ੍ਹਾਂ ਦੇ ਘਰ ਚਲਾ ਜਾਂਦਾ। ਡੰਗਰਾਂ ਨੂੰ ਪੱਠੇ ਪਾਉਂਦਾ ਅਤੇ ਚਾਹ ਪੀ ਕੇ ਖੇਤ ਚਲਾ ਜਾਂਦਾ। ਪਹਿਲਾਂ ਪੱਠੇ ਵੱਢਣੇ, ਫਿਰ ਕੋਈ ਨਾ ਕੋਈ ਵੱਟ ਘੜਨ ਦਾ ਹੁਕਮ ਮਿਲ ਜਾਂਦਾ। ਜਦੋਂ ਝੋਨੇ ਦਾ ਸ਼ੀਜਨ ਸ਼ੁਰੂੁ ਹੋ ਗਿਆ ਤਾਂ ਸਿਖ਼ਰ ਦੁਪਹਿਰੇ ਖੇਤ ਵਿੱਚ ਕੱਦੂ ਦੀਆਂ ਧੜੀਆਂ ਪੱਧਰੀਆਂ ਕਰਨ ਦਾ ਹੁਕਮ ਮਿਲ ਜਾਂਦਾ। ਇਸ ਤਰ੍ਹਾਂ ਕਈ ਦਿਨ ਕੰਮ ਚੱਲਦਾ ਰਿਹਾ।
ਸਾਡੇ ਪਿੰਡ ਤੋਂ ਚਾਰ ਕੁ ਕਿਲੋਮੀਟਰ ਦੀ ਦੂਰੀ ’ਤੇ ਝੀਂਡੇ ਵਿੱਚ ਚਾਚੇ ਨੇ ਕਿਸੇ ਸਰਦਾਰ ਦੀ ਜ਼ਮੀਨ ਠੇਕੇ ਉੱਤੇ ਲਈ ਹੋਈ ਸੀ। ਹੁਣ ਮੇਰੀ ਡਿਊਟੀ ਜ਼ਿਆਦਾਤਰ ਉਸੇ ਮੋਟਰ ਉੱਤੇ ਲਗਾਈ ਹੋਈ ਸੀ। ਮੈਨੂੰ ਜ਼ਿਆਦਾ ਕੰਮ ਦੀ ਜਾਣਕਾਰੀ ਤਾਂ ਨਹੀਂ ਸੀ, ਪਰ ਚਾਚਾ ਜਿਹੜਾ ਕੰਮ ਸਮਝਾ ਦਿੰਦਾ ਮੈਂ ਉਸ ਨੂੰ ਵਧੀਆ ਤਰੀਕੇ ਨਾਲ ਕਰ ਲੈਂਦਾ। ਇਸ ਕਰਕੇ ਮੇਰੇ ’ਤੇ ਚਾਚੇ ਦਾ ਕਾਫ਼ੀ ਭਰੋਸਾ ਬਣ ਚੁੱਕਾ ਸੀ। ਇੱਕ ਰਾਤ ਮੋਟਰ ਉੱਤੇ ਬਿਜਲੀ ਰਾਤ ਨੂੰ ਲਗਪਗ 12 ਕੁ ਵਜੇ ਆਉਣੀ ਸੀ। ਮੈਂ ਤੇ ਚਾਚਾ ਦੋਵੇਂ ਬਿਜਲੀ ਦੀ ਉਡੀਕ ਕਰਦੇ ਰਹੇ। ਉਡੀਕ ਕਰਦਿਆਂ-ਕਰਦਿਆਂ ਚਾਚਾ ਤਾਂ ਸੌਂ ਗਿਆ, ਪਰ ਮੈਂ ਨਾ ਸੁੱਤਾ। ਅਖ਼ੀਰ ਬਿਜਲੀ ਆ ਗਈ। ਮੈਂ ਮੋਟਰ ਚਲਾਉਣ ਲਈ ਭੱਜਿਆ ਤਾਂ ਵੇਖਿਆ ਕਿ ਸਟਾਰਟਰ ਉੱਤੇ ਸੱਪ ਬੈਠਾ ਸੀ, ਜਿਸ ਨੂੰ ਵੇਖ ਕੇ ਮੇਰੀ ਚੀਕ ਨਿਕਲ ਗਈ। ਚੀਕ ਸੁਣ ਕੇ ਚਾਚਾ ਇਕਦਮ ਉਠਿਆ... ਕੀ ਹੋ ਗਿਆ... ਕੀ ਹੋ ਗਿਆ! ਸ਼ਾਇਦ ਚਾਚੇ ਨੂੰ ਲੱਗਿਆ ਹੋਣਾ ਕਿ ਜਵਾਕ ਨੂੰ ਕਰੰਟ ਲੱਗ ਗਿਆ। ‘‘ਚਾਚਾ ਸਟਾਰਟਰ ’ਤੇ ਸੱਪ ਬੈਠਾ ਹੈ,’’ ਇਹ ਕਹਿਣ ਲਈ ਮੇਰੀ ਆਵਾਜ਼ ਮਸਾਂ ਹੀ ਨਿਕਲੀ। ‘‘ਬਸ! ਸੱਪ ਤੋਂ ਡਰ ਗਿਆ... ਲਿਆ ਸੋਟੀ ਮਾਰੀਏ।’’ ਉਨੀਂਦਰਾ ਹੋਣ ਕਰ ਕੇ ਸੋਟੀ ਮਾਰਨ ਲੱਗਿਆਂ ਚਾਚੇ ਦਾ ਨਿਸ਼ਾਨਾ ਉੱਕ ਗਿਆ। ਸੱਪ ਤਾਂ ਨਹੀਂ ਮਰਿਆ ਪਰ ਉੱਥੇ ਲੱਗਿਆ ਬਲਬ ਜ਼ਰੂਰ ਫੁੱਟ ਗਿਆ। ਕਮਰੇ ਵਿੱਚ ਹਨੇਰਾ ਹੋ ਗਿਆ। ਮੈਨੂੰ ਹਨੇਰੇ ਤੋਂ ਬਹੁਤ ਡਰ ਲੱਗਦਾ ਸੀ। ਚਾਚੇ ਨੇ ਕਿਹਾ, ‘‘ਜਾਹ! ਬਾਹਰੋਂ ਭੱਜ ਕੇ ਬੈਟਰੀ ਚੁੱਕ ਲਿਆ।’’ ਮੈਂ ਭੱਜ ਕੇ ਬੈਟਰੀ ਚੁੱਕ ਲਿਆਇਆ, ਉਦੋਂ ਤੱਕ ਸੱਪ ਸਟਾਟਰ ਦੇ ਪਿੱਛੇ ਜਾ ਵੜਿਆ। ਜਿਉਂ ਹੀ ਚਾਚੇ ਨੇ ਸਟਾਰਟਰ ਨੂੰ ਹਿਲਾਇਆ ਸੱਪ ਮੁੜ ਬਾਹਰ ਆ ਗਿਆ। ਚਾਚੇ ਨੇ ਦੋ ਤਿੰਨ ਸੋਟੀਆਂ ਸੱਪ ਦੇ ਮਾਰੀਆਂ ਤੇ ਸੱਪ ਸਟਾਰਟਰ ਕੋਲ ਤਾਰਾਂ ਦੇ ਜਾਲ ਵਿੱਚ ਫਸ ਗਿਆ ਤੇ ਨਾਲ ਹੀ ਬੈਟਰੀ ਬੰਦ ਹੋ ਗਈ। ਚਾਚਾ ਮੈਥੋਂ ਬੈਟਰੀ ਫੜ ਕੇ ਹਿਲਾਉਣ ਲੱਗ ਪਿਆ, ਪਰ ਉਹ ਨਾ ਚੱਲੀ। ਉੱਥੇ ਇੱਕ ਬੋਤਲ ਵਿੱਚ ਲੀਰ ਦੀ ਬੱਤੀ ਪਾ ਕੇ ਇੱਕ ਦੀਵਾ ਬਣਾਇਆ ਹੋਇਆ ਸੀ, ਜਿਸ ਦੀ ਕਦੇ ਰਾਤ ਨੂੰ ਵਰਤੋਂ ਨਹੀਂ ਸੀ ਕਰਦੇ ਕਿਉਂਕਿ ਉਹ ਚਾਨਣ ਘੱਟ ਕਰਦਾ ਤੇ ਧੂੰਆਂ ਜ਼ਿਆਦਾ ਛੱਡਦਾ ਸੀ। ਚਾਚੇ ਨੇ ਮੈਨੂੰ ਉਹ ਦੀਵਾ ਬਾਲਣ ਲਈ ਕਿਹਾ। ਮੈਂ ਉਹ ਦੀਵਾ ਬਾਲ ਦਿੱਤਾ, ਪਰ ਉਸ ਵਿੱਚ ਇੱਕ ਵੀ ਤਿੱਪ ਤੇਲ ਦੀ ਨਾ ਹੋਣ ਕਰਕੇ ਲੀਰ ਸੜ ਕੇ ਉਹ ਵੀ ਬੁੱਝ ਗਿਆ। ਉਸ ਨੂੰ ਜਗਾ ਕੇ ਸਿਰਫ਼ ਅਸੀਂ ਏਨਾ ਹੀ ਵੇਖ ਸਕੇ ਕਿ ਸੱਪ ਅਜੇ ਵੀ ਜ਼ਖ਼ਮੀ ਹਾਲਤ ਵਿੱਚ ਤਾਰਾਂ ਵਿੱਚ ਫਸਿਆ ਹੋਇਆ ਸੀ।
ਮੈਂ ਬੱਤੀ ਨੂੰ ਅੱਗ ਲਾਈ। ਚਾਨਣ ਹੋਇਆ। ਚਾਚੇ ਨੇ ਤਿੰਨ ਚਾਰ ਸੋਟੀਆਂ ਸੱਪ ਦੇ ਹੋਰ ਮਾਰੀਆਂ ਤੇ ਮਾਰ ਕੇ ਸੱਪ ਥੱਲੇ ਡਿੱਗ ਗਿਆ। ‘‘ਚੱਲ, ਚੱਕ ਕਹੀ ਤੇ ਟੋਆ ਪੁੱਟ ਇਸ ਨੂੰ ਦੱਬੀਏ,’’ ਚਾਚੇ ਨੇ ਜੇਤੂ ਲਹਿਜੇ ਵਿੱਚ ਕਿਹਾ। ਇਸ ਮਗਰੋਂ ਤਾਰਾਂ ਨੂੰ ਠੀਕ ਕਰਦਿਆਂ ਰਾਤ ਦਾ ਇੱਕ ਵੱਜ ਗਿਆ। ਜਦੋਂ ਮੋਟਰ ਚਲਾਈ, ਮੋਟਰ ਪਾਣੀ ਨਾ ਚੁੱਕੇ। ‘‘ਲੈ ਬਈ! ਮੁੰਡਿਆ ਤੈਨੂੰ ਹੁਣ ਪਿੰਡ ਜਾਣਾ ਪੈਣਾ। ਸੈੱਲ ਲੈ ਕੇ ਆ ਘਰੋਂ... ਮੋਟਰ ਤਾਂ ਚੱਲੂ।’’ ਚਾਚੇ ਦੀ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ। ਮੈਂ ਅਜੇ ਸੱਪ ਵਾਲੇ ਸਦਮੇ ਵਿੱਚੋਂ ਨਹੀਂ ਨਿਕਲਿਆ ਸੀ ਤੇ ਚਾਚੇ ਨੇ ਦੂਜੇ ਵਿੱਚ ਪਾ ਦਿੱਤਾ। ਮੈਂ ਸਾਈਕਲ ਚੁੱਕ ਕੇ ਪਿੰਡ ਨੂੰ ਚੱਲ ਪਿਆ। ਕਾਲੀ ਸੰਘਣੀ ਰਾਤ ਹੋਣ ਕਰਕੇ ਦੂਰ-ਦੂਰ ਤੱਕ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ। ਚਾਰੇ ਪਾਸੇ ਸ਼ਾਂ-ਸ਼ਾਂ ਦੀ ਆਵਾਜ਼ ਹੀ ਸੁਣਾਈ ਦੇ ਰਹੀ ਸੀ, ਜਿਸ ਕਾਰਨ ਮੈਂ ਅੰਦਰੋਂ ਬਹੁਤ ਡਰ ਗਿਆ। ਆਲੇ-ਦੁਆਲੇ ਦੀਆਂ ਝਾੜੀਆਂ ਇੰਝ ਲੱਗਣ ਜਿਵੇਂ ਕੋਈ ਬੰਦਾ ਲੁਕ ਕੇ ਬੈਠਾ ਹੋਵੇ। ਮੈਂ ਡਰਦਾ-ਡਰਦਾ ਪਿੰਡ ਪਹੁੰਚ ਗਿਆ। ਰਾਤ ਦਾ ਲਗਪਗ ਡੇਢ ਵੱਜ ਗਿਆ ਹੋਵੇਗਾ। ਸਾਰਾ ਪਿੰਡ ਦਾਤੀ ਫਰੇ ਪੱਖੇ ਛੱਡ ਕੇ ਘੂਕ ਸੁੱਤਾ ਪਿਆ ਸੀ। ਮੈਨੂੰ ਸਾਈਕਲ ’ਤੇ ਦੇਖ ਕੇ ਕੁੱਤੇ ਉੱਚੀ-ਉੱਚੀ ਭੌਂਕਣ ਲੱਗ ਗਏ ਜਿਵੇਂ ਇਸ ਪਿੰਡ ਦਾ ਨਾ ਹੋ ਕੇ ਕਿਸੇ ਹੋਰ ਥਾਂ ਤੋਂ ਪਿੰਡ ਵਿੱਚ ਚੋਰੀ ਕਰਨ ਆਇਆ ਹੋਵਾਂ। ਚਾਚੇ ਦਾ ਸਾਰਾ ਟੱਬਰ ਸੁੱਤਾ ਪਿਆ ਸੀ। ਮੈਂ ਜ਼ੋਰ-ਜ਼ੋੋਰ ਨਾਲ ਹਾਕਾਂ ਮਾਰੀਆਂ ਅਤੇ ਦਰਵਾਜ਼ਾ ਵੀ ਖੜਕਾਇਆ, ਪਰ ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ। ਆਖ਼ਰ ਡਰਦਾ-ਡਰਦਾ ਮੈਂ ਕੰਧ ਟੱਪ ਕੇ ਅੰਦਰ ਚਲਾ ਗਿਆ। ਚਾਚੀ ਮੈਨੂੰ ਦੇਖ ਕੇ ਹੈਰਾਨ ਹੋ ਗਈ, ‘‘ਤੂੰ ਅੱਧੀ ਰਾਤ ਇੱਥੇ ਕੀ ਕਰਦੈਂ!’’ ਮੈਂ ਚਾਚੀ ਨੂੰ ਸਾਰੀ ਗੱਲ ਦੱਸੀ। ਚਾਚੀ ਨੇ ਮੈਨੂੰ ਸੈੱਲਾਂ ਵਾਲਾ ਝੋਲਾ ਫੜਾ ਦਿੱਤਾ।
ਮੈਂ ਚਾਚੀ ਤੋਂ ਸੈੱਲ ਲੈ ਕੇ ਫੇਰ ਝੀਂਡੇ ਵੱਲ ਨੂੰ ਸਾਈਕਲ ਦਾ ਰੁਖ਼ ਕਰ ਦਿੱਤਾ। ਜਿਉਂ ਹੀ ਮੇਰਾ ਸਾਈਕਲ ਰਾਹ ਵਿੱਚ ਆਉਂਦੇ ਇੱਕ ਵਿਸ਼ਾਲ ਬਰੋਟੇ ਦੇ ਹੇਠ ਪਹੁੰਚਿਆ... ਚੇਨ ਉੱਤਰ ਗਈ। ਮੈਂ ਬਿਨਾਂ ਰੁਕੇ ਕਾਫ਼ੀ ਦੂਰ ਤੱਕ ਉਸੇ ਤਰ੍ਹਾਂ ਹੀ ਡਰਦਾ-ਡਰਦਾ ਸਾਈਕਲ ਚਲਾਉਂਦਾ ਗਿਆ ਕਿਉਂਕਿ ਇਸ ਬਰੋਟੇ ਬਾਰੇ ਮੈਂ ਲੋਕਾਂ ਤੋਂ ਕਾਫ਼ੀ ਗੱਲ ਸੁਣੀਆਂ ਸਨ। ਅੱਗੇ ਜਾ ਕੇ ਮੈਂ ਸਾਈਕਲ ਦੀ ਚੇਨ ਚੜ੍ਹਾਉਣ ਲੱਗ ਪਿਆ ਤਾਂ ਮੇਰੀ ਉਂਗਲ ਚੇਨ ਵਿੱਚ ਆ ਗਈ ਤੇ ਮੇਰੀ ਚੀਕ ਨਿਕਲ ਗਈ। ਉਂਗਲ ਵਿੱਚੋਂ ਖ਼ੂੁਨ ਨਿਕਲਣ ਲੱਗ ਗਿਆ। ਮੈਂ ਫਟਾਫਟ ਉਂਗਲ ’ਤੇ ਮਿੱਟੀ ਲਾ ਕੇ ਸਾਈਕਲ ਮੋਟਰ ਵੱਲ ਨੂੰ ਭਜਾ ਲਿਆ। ਮੋਟਰ ’ਤੇ ਪਹੁੰਚ ਕੇ ਸੈੱਲ ਚਾਚੇ ਨੂੰ ਫੜਾ ਕੇ ਮੈਂ ਉੱਚੀ-ਉੱਚੀ ਰੋਣ ਲੱਗ ਪਿਆ। ਚਾਚਾ ਮੈਨੂੰ ਚੁੱਪ ਕਰਾਵੇ ਤੇ ਮੇਰੀਆਂ ਧਾਹਾਂ ਨਿਕਲੀ ਜਾਣ। ਭਾਵੇਂ ਔਖੇ-ਸੌਖੇ ਹੋ ਕੇ ਦੋ ਮਹੀਨੇ ਤਾਂ ਪੂੁਰੇ ਕੀਤੇ, ਪਰ ਉਹ ਰਾਤ ਮੇਰੇ ਲਈ ਸਦਾ ਲਈ ਅਭੁੱਲ ਬਣ ਗਈ।
ਉਹ ਰਾਤ ਤੇ ਅੱਜ ਦੀ ਰਾਤ ਮੈਂ ਕਮਰੇ ਵਿੱਚ ਬੈਠਾ ਐੱਲ ਈ ਡੀ ਲਾਈਟ ਦੇ ਚਾਨਣ ਵਿੱਚ ਇਸ ਰਚਨਾ ਨੂੰ ਕਲਮਬੱਧ ਕਰ ਰਿਹਾ ਸੀ ਤਾਂ ਮੱਲੋ-ਮੱਲੀ ਅੱਜ ਵੀ ਮਿਹਨਤ ਦਾ ਮੋਤੀ ਮੇਰੀ ਅੱਖ ਵਿੱਚੋਂ ਛਲਕ ਪਿਆ। ਉਸ ਰਾਤ ਨੇ ਇੰਨਾ ਸਬਕ ਜ਼ਰੂਰ ਸਿਖਾ ਦਿੱਤਾ ਕਿ ਜ਼ਿੰਦਗੀ ਵਿੱਚ ਕੁਝ ਬਣਨਾ ਹੈ, ਨਹੀਂ ਤਾਂ ਇਸੇ ਤਰ੍ਹਾਂ ਕਾਲੀਆਂ ਰਾਤਾਂ ਵਿੱਚ ਫਾਕੇ ਕੱਟਣੇ ਪੈਣੇ ਨੇ। ਇਸ ਕਰਕੇ ਅੱਜ ਅਧਿਆਪਕ ਦੀ ਸੇਵਾ ਪ੍ਰਾਪਤ ਕਰ ਕੇ ਉਸ ਮਿਹਨਤ ਮੁਸ਼ੱਕਤ ’ਤੇ ਬਹੁਤ ਫ਼ਖਰ ਮਹਿਸੂਸ ਹੁੰਦਾ ਹੈ। ਜਦੋਂ ਕਦੇ ਪਤਨੀ ਤੇ ਬੱਚਿਆਂ ਨਾਲ ਇਹ ਗੱਲਾਂ ਸਾਂਝੀਆਂ ਕਰਦਾ ਹਾਂ, ਉਨ੍ਹਾਂ ਦੀ ਅੱਖ ਵੀ ਭਰ ਆਉਂਦੀ ਹੈ। ਜਮਾਤ ਵਿੱਚ ਪੜ੍ਹਾਉਂਦੇ ਸਮੇਂ ਵਿਦਿਆਰਥੀਆਂ ਨੂੰ ਮਿਹਨਤ ਅਤੇ ਕਿਰਤ ਨਾਲ ਜੁੜਨ ਲਈ ਇਹ ਰਾਤਾਂ ਦੀ ਕੀਤੀ ਮਿਹਨਤ ਪ੍ਰੇਰਿਤ ਕਰਦੀ ਹੈ।
ਸੰਪਰਕ: 94176-61708

