DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੇਸ਼ਭਗਤਾਂ ਦੇ ਹਿਤੈਸ਼ੀ ਦੋ ਬੰਗਾਲੀ ਨੌਜਵਾਨ

ਭਗਤ ਸਿੰਘ ਅਤੇ ਹੋਰਾਂ ਖ਼ਿਲਾਫ਼ ਚੱਲ ਰਹੇ ਮੁਕੱਦਮੇ ਵਿੱਚ ਦੇਸ਼ਭਗਤ ਨੌਜਵਾਨਾਂ ਨੂੰ ਕਸੂਰਵਾਰ ਠਹਿਰਾਉਣ ਵਿੱਚ ਵੱਡਾ ਖ਼ਤਰਾ ਵਾਅਦਾ ਮੁਆਫ਼ ਬਣੇ ਸੁਲਤਾਨੀ ਗਵਾਹ ਸਨ। ਇਸ ਲਈ ਨੌਜਵਾਨਾਂ ਦਾ ਇੱਕ ਵਰਗ ਇਹ ਸੋਚ ਰਿਹਾ ਸੀ ਕਿ ਇਸ ਖ਼ਤਰੇ ਨੂੰ ਕਿਸ ਤਰ੍ਹਾਂ ਟਾਲਿਆ...

  • fb
  • twitter
  • whatsapp
  • whatsapp
Advertisement

ਭਗਤ ਸਿੰਘ ਅਤੇ ਹੋਰਾਂ ਖ਼ਿਲਾਫ਼ ਚੱਲ ਰਹੇ ਮੁਕੱਦਮੇ ਵਿੱਚ ਦੇਸ਼ਭਗਤ ਨੌਜਵਾਨਾਂ ਨੂੰ ਕਸੂਰਵਾਰ ਠਹਿਰਾਉਣ ਵਿੱਚ ਵੱਡਾ ਖ਼ਤਰਾ ਵਾਅਦਾ ਮੁਆਫ਼ ਬਣੇ ਸੁਲਤਾਨੀ ਗਵਾਹ ਸਨ। ਇਸ ਲਈ ਨੌਜਵਾਨਾਂ ਦਾ ਇੱਕ ਵਰਗ ਇਹ ਸੋਚ ਰਿਹਾ ਸੀ ਕਿ ਇਸ ਖ਼ਤਰੇ ਨੂੰ ਕਿਸ ਤਰ੍ਹਾਂ ਟਾਲਿਆ ਜਾਵੇ? ਬੰਗਾਲ ਦੀ ਇੱਕ ਇਨਕਲਾਬੀ ਜਥੇਬੰਦੀ ਵਿੱਚ ਕੰਮ ਕਰਦੇ ਦੋ ਨੌਜਵਾਨ ਕਾਲੀ ਪਦਾ ਭੱਟਾਚਾਰਜੀ ਅਤੇ ਪੂਲਨ ਬਿਹਾਰੀ ਰੌਇ ਇਸੇ ਸੋਚ ਦੇ ਧਾਰਨੀ ਸਨ। ਭੱਟਾਚਾਰਜੀ ਦੀ ਉਮਰ 23 ਸਾਲ ਸੀ ਅਤੇ ਰੌਇ 21 ਸਾਲ ਦਾ ਸੀ। ਭੱਟਾਚਾਰਜੀ ਰਾਜਸੀ ਗਤੀਵਿਧੀਆਂ ਵਿੱਚ ਭਾਗ ਲੈਣ ਕਾਰਨ ਜੇਲ੍ਹ ਕੱਟ ਚੁੱਕਿਆ ਸੀ ਅਤੇ ਉਸ ਦੀ ਸੰਗਤ ਕਾਰਨ ਹੀ ਬੰਗਾਲ ਪੁਲੀਸ ਵਿੱਚ ਸਿਪਾਹੀ ਵਜੋਂ ਨੌਕਰੀ ਕਰ ਰਿਹਾ ਹਾਵੜਾ ਨਿਵਾਸੀ ਉਪੇਂਦਰ ਰੌਇ ਦਾ ਪੁੱਤਰ ਪੂਲਨ ਬਿਹਾਰੀ ਰੌਇ ਨੌਕਰੀ ਛੱਡ ਕੇ ਇਨਕਲਾਬੀ ਟੋਲੀ ਵਿੱਚ ਸ਼ਾਮਿਲ ਹੋਇਆ ਸੀ। ਉਹ ਦੋਵੇਂ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਚੱਲ ਰਹੇ ‘ਲਾਹੌਰ ਸਾਜ਼ਿਸ਼ ਮੁਕੱਦਮੇ’ ਦੀ ਕਾਰਵਾਈ ਬਾਰੇ ਪੜ੍ਹਦੇ ਰਹਿੰਦੇ ਸਨ ਅਤੇ ਇਸ ਗੱਲੋਂ ਦੁਖੀ ਸਨ ਕਿ ਇਸ ਇਨਕਲਾਬੀ ਟੋਲੀ ਵਿੱਚੋਂ ਹੀ ਕੁਝ ਡਰਪੋਕ ਸਾਥੀ ਪੁਲੀਸ ਦੀ ਸਖ਼ਤੀ ਤੋਂ ਬਚਣ ਵਾਸਤੇ ਵਾਅਦਾ ਮੁਆਫ਼ ਗਵਾਹ ਬਣ ਕੇ ਆਪਣੇ ਸੁਹਿਰਦ ਦੇਸ਼ਭਗਤ ਸਾਥੀਆਂ ਖ਼ਿਲਾਫ਼ ਬਿਆਨ ਦੇ ਰਹੇ ਸਨ। ਇੱਕ ਮੌਕਾ ਅਜਿਹਾ ਆਇਆ ਜਦ ਉਹ ਵਾਅਦਾ ਮੁਆਫ਼ ਗਵਾਹ ਬਣੇ ਵਿਅਕਤੀਆਂ ਖ਼ਿਲਾਫ਼ ਆਪਣੇ ਗੁੱਸੇ ਨੂੰ ਕਾਬੂ ਵਿੱਚ ਨਾ ਰੱਖ ਸਕੇ ਅਤੇ ਉਨ੍ਹਾਂ ਗਵਾਹਾਂ ਨੂੰ ਸੋਧਾ ਲਾਉਣ ਦੀ ਯੋਜਨਾ ਬਣਾਈ।

ਉਸ ਵੇਲੇ ਇਹ ਮੁਕੱਦਮਾ ਸਪੈਸ਼ਲ ਮੈਜਿਸਟ੍ਰੇਟ ਸ੍ਰੀ ਕਿਸ਼ਨ ਦੀ ਅਦਾਲਤ ਵਿੱਚ ਚੱਲ ਰਿਹਾ ਸੀ। ਇਨਕਲਾਬੀ ਜਥੇਬੰਦੀ ਵਿੱਚ ਕੰਮ ਕਰਨ ਸਦਕਾ ਉਹ ਬੰਬ ਬਣਾਉਣਾ ਤਾਂ ਜਾਣਦੇ ਹੀ ਸਨ। ਇਸ ਲਈ ਉਨ੍ਹਾਂ ਯੋਜਨਾ ਇਹ ਬਣਾਈ ਕਿ ਜਦ ਮੈਜਿਸਟ੍ਰੇਟ ਦੀ ਕਚਹਿਰੀ ਵਿੱਚ ਸੁਣਵਾਈ ਸਮੇਂ ਵਾਅਦਾ ਮੁਆਫ਼ ਗਵਾਹ ਹਾਜ਼ਰ ਹੋਣਗੇ ਤਾਂ ਉਹ ਬੰਬ ਚਲਾ ਕੇ ਉਨ੍ਹਾਂ ਨੂੰ ਪਾਰ ਬੁਲਾ ਦੇਣਗੇ ਅਤੇ ਇਉਂ ਦੋਸ਼ੀ ਬਣਾਏ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਗਵਾਹੀਆਂ ਨਾ ਭੁਗਤਣ ਕਾਰਨ ਲਾਭ ਮਿਲੇਗਾ। ਸੋ ਇਸ ਮਨੋਰਥ ਲਈ ਲੋੜੀਂਦਾ ਮਸਾਲਾ ਅਤੇ ਬੰਬ-ਖੋਲ ਲੈ ਕੇ ਉਹ 19 ਨਵੰਬਰ 1929 ਨੂੰ ਲਾਹੌਰ ਪੁੱਜ ਗਏ। ਰਾਤ ਦੇ ਅੱਠ ਕੁ ਵਜੇ ਦਾ ਸਮਾਂ ਸੀ ਅਤੇ ਉਨ੍ਹਾਂ ਨੇ ਰੇਲਵੇ ਸਟੇਸ਼ਨ ਦੇ ਨੇੜੇ ਹੀ ਨੌਲੱਖਾ ਬਾਜ਼ਾਰ ਵਿੱਚ ਸਥਿਤ ਮੂਲ ਚੰਦ ਮੰਦਰ ਵਿੱਚ ਟਿਕਾਣਾ ਕੀਤਾ। ਅਗਲੇ ਦਿਨ ਉਹ ਸ਼ਹਿਰ ਵਿੱਚ ਗਏ ਅਤੇ ਉਨ੍ਹਾਂ ਦਰਿਆ ਰਾਵੀ ਦੇ ਛੋਟੇ ਪੁਲ ਦੇ ਨੇੜੇ ਸੁਰੱਖਿਅਤ ਥਾਂ ਵੇਖ ਕੇ ਇੱਕ ਪਿੱਪਲ ਹੇਠ ਬੈਠ ਕੇ ਬੰਬ-ਖੋਲਾਂ ਵਿੱਚ ਮਸਾਲਾ ਭਰਿਆ। ਫਿਰ ਉਨ੍ਹਾਂ ਰੈਟੀਗਨ ਰੋਡ ਉੱਤੇ ਇੱਕ ਸੁੰਨਸਾਨ ਜਗ੍ਹਾ ਵੇਖ ਕੇ ਇੱਕ ਬੰਬ ਚਲਾ ਕੇ ਵੀ ਦੇਖਿਆ। ਨਵੇਂ ਸ਼ਹਿਰ ਵਿੱਚ ਲੋੜੀਂਦੀ ਜਾਣਕਾਰੀ ਹਾਸਲ ਕਰਦਿਆਂ ਉਨ੍ਹਾਂ ਨੂੰ ਤਿੰਨ ਦਿਨ ਬੀਤ ਗਏ। ਉਹ ਤਿੰਨ ਦਿਨਾਂ ਲਈ ਹੀ ਮੰਦਰ ਵਿੱਚ ਰਹਿ ਸਕਦੇ ਸਨ। ਇਸ ਲਈ ਉਨ੍ਹਾਂ ਨੂੰ ਲਾਹੌਰ ਵਿੱਚ ਠਹਿਰਨ ਵਾਸਤੇ ਨਵਾਂ ਟਿਕਾਣਾ ਲੱਭਣਾ ਪਿਆ। ਹੋਰ ਕੋਈ ਢੁੱਕਵਾਂ ਸਥਾਨ ਨਾ ਮਿਲਿਆ ਤਾਂ ਉਹ 23 ਨਵੰਬਰ ਨੂੰ ਆਪਣਾ ਸਾਮਾਨ ਲੈ ਕੇ ਰਾਮਗਲੀ ਵਿਚਲੀ ਧਰਮਸ਼ਾਲਾ ਦੇਵੀ ਦਿਆਲ ਚੇਤ ਰਾਮ ਵਿੱਚ ਪਹੁੰਚ ਗਏ। ਧਰਮਸ਼ਾਲਾ ਵਿੱਚ ਕੋਈ ਕਮਰਾ ਖਾਲੀ ਨਹੀਂ ਸੀ। ਉਨ੍ਹਾਂ ਧਰਮਸ਼ਾਲਾ ਦੇ ਇੰਚਾਰਜ ਨੂੰ ਦੱਸਿਆ ਕਿ ਉਹ ਪੇਸ਼ੇ ਵਜੋਂ ਘੜੀਸਾਜ਼ ਹਨ ਅਤੇ ਨੌਕਰੀ ਦੀ ਤਲਾਸ਼ ਵਿੱਚ ਲਾਹੌਰ ਆਏ ਹਨ।

Advertisement

ਉਨ੍ਹਾਂ ਵੱਲੋਂ ਮਿੰਨਤ ਤਰਲਾ ਕੀਤੇ ਜਾਣ ਉੱਤੇ ਬਾਬੂ ਨੇ ਉਨ੍ਹਾਂ ਨੂੰ ਰਸੋਈ ਲਾਗਲੇ ਇੱਕ ਕਮਰੇ ਵਿੱਚ ਠਹਿਰਾ ਦਿੱਤਾ। ਇਸ ਦਿਨ ਵੀ ਉਨ੍ਹਾਂ ਘੁੰਮ ਫਿਰ ਕੇ ਆਪਣੀ ਯੋਜਨਾ ਨੂੰ ਅਮਲ ਵਿੱਚ ਲਿਆਉਣ ਲਈ ਸਾਰੇ ਥਾਂ ਟਿਕਾਣੇ ਵੇਖੇ। ਉਨ੍ਹਾਂ ਨੂੰ ਜਾਣਕਾਰੀ ਮਿਲ ਗਈ ਸੀ ਕਿ ਇਸ ਮੁਕੱਦਮੇ ਦੀ ਸੁਣਵਾਈ ਲਈ ਨਿਯੁਕਤ ਸਪੈਸ਼ਲ ਮੈਜਿਸਟ੍ਰੇਟ ਨੇ ਕੇਂਦਰੀ ਜੇਲ੍ਹ ਦੇ ਇੱਕ ਹਾਲ ਨੂੰ ਹੀ ਅਦਾਲਤ ਬਣਾਇਆ ਹੋਇਆ ਹੈ। ਇਸ ਲਈ ਉਹ ਅਗਲੇ ਦਿਨ ਭਾਵ 24 ਨਵੰਬਰ ਨੂੰ ਤਾਂਗਾ ਲੈ ਕੇ ਕੇਂਦਰੀ ਜੇਲ੍ਹ ਪਹੁੰਚ ਗਏ। ਆਪਣੀ ਕਾਰਜ ਯੋਜਨਾ ਵਿੱਚ ਰੁੱਝੇ ਉਹ ਇਹ ਨਾ ਜਾਣ ਸਕੇ ਕਿ ਇਸ ਦਿਨ ਐਤਵਾਰ ਹੋਣ ਕਾਰਨ ਅਦਾਲਤ ਨਹੀਂ ਬੈਠੇਗੀ। ਸਿੱਟੇ ਵਜੋਂ, ਉਨ੍ਹਾਂ ਨੂੰ ਕੇਂਦਰੀ ਜੇਲ੍ਹ ਤੋਂ ਨਿਰਾਸ਼ ਪਰਤਣਾ ਪਿਆ। ਉਨ੍ਹਾਂ ਆਪਣੇ ਟਿਕਾਣੇ ਆਉਣ ਵਾਸਤੇ ਇੱਕ ਤਾਂਗਾ ਕਿਰਾਏ ਉੱਤੇ ਲਿਆ ਅਤੇ ਗੱਲਾਂ ਗੱਲਾਂ ਵਿੱਚ ਤਾਂਗਾ ਚਾਲਕ ਤੋਂ ਲਾਹੌਰ ਪੁਲੀਸ ਦੇ ਸੁਪਰਡੈਂਟ ਖ਼ਾਨ ਬਹਾਦਰ ਅਬਦੁਲ ਅਜ਼ੀਜ਼ ਅਤੇ ਮੁਕੱਦਮੇ ਦੀ ਸੁਣਵਾਈ ਕਰ ਰਹੇ ਮੈਜਿਸਟ੍ਰੇਟ ਸ੍ਰੀ ਕ੍ਰਿਸ਼ਨ ਦੀ ਰਿਹਾਇਸ਼ ਬਾਰੇ ਕੁਝ ਪੁੱਛ ਪੜਤਾਲ ਕੀਤੀ।

Advertisement

ਉਹ ਸ਼ਾਮ ਨੂੰ 7 ਕੁ ਵਜੇ ਆਪਣੇ ਕਮਰੇ ਵਿੱਚ ਬੈਠ ਕੇ ਸਾਮਾਨ ਦੀ ਫਰੋਲਾ ਫਰਾਲੀ ਕਰ ਰਹੇ ਸਨ ਕਿ ਅਚਾਨਕ ਇੱਕ ਬੰਬ ਫਟ ਗਿਆ। ਅਜੇ ਉਹ ਸੋਚ ਹੀ ਰਹੇ ਸਨ ਕਿ ਇਸ ਸਥਿਤੀ ਵਿੱਚ ਉਹ ਕੀ ਕਰਨ ਕਿ ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ ਅਤੇ ਦੋਵਾਂ ਨੌਜਵਾਨਾਂ ਨੂੰ ਘੇਰ ਲਿਆ। ਏਨੀ ਦੇਰ ਵਿੱਚ ਪੁਲੀਸ ਵੀ ਆ ਗਈ ਅਤੇ ਉਸ ਨੇ ਦੋਵਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਜਦੋਂ ਉਨ੍ਹਾਂ ਦੇ ਕਮਰੇ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦੀ ਤਸਵੀਰ, ਇੱਕ ਛੁਰਾ ਅਤੇ ਇੱਕ ਅਣਚੱਲਿਆ ਬੰਬ ਵੀ ਪੁਲੀਸ ਦੇ ਹੱਥ ਲੱਗਿਆ। ਪੁਲੀਸ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਕਿ ਇਹ ਨੌਜਵਾਨ ਕਿਸੇ ਇਨਕਲਾਬੀ ਟੋਲੀ ਦੇ ਮੈਂਬਰ ਹਨ ਅਤੇ ਕੋਈ ਵਾਰਦਾਤ ਕਰਨ ਦੀ ਮਨਸ਼ਾ ਨਾਲ ਹੀ ਲਾਹੌਰ ਆਏ ਹਨ। ਪੁਲੀਸ ਹਿਰਾਸਤ ਵਿੱਚ ਉਨ੍ਹਾਂ ਉੱਤੇ ਗ਼ੈਰ-ਮਨੁੱਖੀ ਤਸ਼ੱਦਦ ਢਾਹਿਆ ਗਿਆ ਅਤੇ ਉਹ ਸੱਚ ਦੱਸਣ ਲਈ ਮਜਬੂਰ ਹੋ ਗਏ। ਪੁਲੀਸ ਵੱਲੋਂ ਕੀਤੀ ਪੁੱਛ ਪੜਤਾਲ ਦੇ ਉੱਤਰ ਵਿੱਚ ਉਨ੍ਹਾਂ ਦੱਸਿਆ ਕਿ ਉਹ ਬੰਬਾਂ ਦੇ ਨਾਲ ਦੋ ਪਿਸਤੌਲ ਵੀ ਨਾਲ ਲੈ ਕੇ ਆਏ ਸਨ, ਪਰ ਅੰਮ੍ਰਿਤਸਰ ਲਾਗੇ ਉਨ੍ਹਾਂ ਦਾ ਸਾਮਾਨ ਚੋਰੀ ਹੋ ਗਿਆ ਸੀ ਜਿਸ ਵਿੱਚ ਦੋ ਪਿਸਤੌਲ ਚਲੇ ਗਏ। ਪੁਲੀਸ ਨੇ ਉਨ੍ਹਾਂ ਨੂੰ ਨਾਲ ਲਿਜਾ ਕੇ ਰਾਵੀ ਦੇ ਛੋਟੇ ਪੁਲ ਕੋਲੋਂ ਬੰਬਾਂ ਵਿੱਚ ਵਰਤੇ ਜਾਣ ਵਾਲੇ ਮਸਾਲੇ ਦੀ ਰਹਿੰਦ-ਖੂੰਹਦ ਇਕੱਠੀ ਕੀਤੀ। ਭੱਟਾਚਾਰਜੀ ਨੇ ਬੰਬਾਂ ਬਾਰੇ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਅਤੇ ਕਿਹਾ ਕਿ ਰੌਇ ਨੂੰ ਬੰਬਾਂ ਬਾਰੇ ਕੋਈ ਜਾਣਕਾਰੀ ਨਹੀਂ ਅਤੇ ਉਹ ਦੋਸਤੀ ਦੇ ਨਾਤੇ ਹੀ ਉਸ ਨਾਲ ਲਾਹੌਰ ਅਇਆ ਸੀ, ਪਰ ਪੁਲੀਸ ਰੌਇ ਨੂੰ ਸਾਰੀ ਸਾਜ਼ਿਸ਼ ਵਿੱਚ ਬਰਾਬਰ ਦਾ ਭਾਈਵਾਲ ਮੰਨਦੀ ਸੀ। ਦਲੀਲ ਇਹ ਸੀ ਕਿ ਭੱਟਾਚਾਰਜੀ ਦੀ ਜੇਬ ਵਿੱਚੋਂ ਹੱਥ ਨਾਲ ਲਿਖੀਆਂ ਜੋ ਇਨਕਲਾਬੀ ਕਵਿਤਾਵਾਂ ਪੁਲੀਸ ਨੇ ਫੜੀਆਂ ਸਨ, ਉਹ ਰੌਇ ਦੀ ਹੱਥ ਲਿਖਤ ਵਿੱਚ ਸਨ। ਇੱਕ ਕਵਿਤਾ ਵਿੱਚ ਕਿਹਾ ਗਿਆ ਸੀ ਕਿ ਸੁਭਾਸ਼ ਬੋਸ ਦੀ ਅਪੀਲ ਉੱਤੇ ਨੌਜਵਾਨ ਜਾਗ ਪਏ ਹਨ ਅਤੇ ਦੂਜੀ ਵਿੱਚ ਬੰਗਾਲ ਮਾਤਾ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣ ਲਈ ਉਸ ਨੂੰ ਬਲ ਪ੍ਰਦਾਨ ਕਰਨ ਦੀ ਬੇਨਤੀ ਕੀਤੀ ਗਈ ਸੀ।

ਇਹ ਮੁਕੱਦਮਾ ਐਡੀਸ਼ਨਲ ਜ਼ਿਲ੍ਹਾ ਮੈਜਿਸਟ੍ਰੇਟ ਮਿਸਟਰ ਈ.ਐੱਸ. ਲਿਊਸ ਦੀ ਅਦਾਲਤ ਵਿੱਚ ਸੁਣਿਆ ਗਿਆ। ਲਗਭਗ ਇੱਕ ਸਾਲ ਦੀ ਸੁਣਵਾਈ ਉਪਰੰਤ ਅਦਾਲਤ ਨੇ 16 ਨਵੰਬਰ 1930 ਨੂੰ ਫ਼ੈਸਲਾ ਸੁਣਾਇਆ। ਜੱਜ ਨੇ ਆਪਣੇ ਫ਼ੈਸਲੇ ਵਿੱਚ ਲਿਖਿਆ ਕਿ ਬੰਬ ਦਾ ਅਚਾਨਕ ਚੱਲਣਾ ਖੁਸ਼ਕਿਸਮਤੀ ਸੀ, ਨਹੀਂ ਤਾਂ ਮੌਕਾ ਮਿਲਣ ਦੀ ਸੂਰਤ ਵਿੱਚ ਮੁਲਜ਼ਮਾਂ ਨੇ ਸਪੈਸ਼ਲ ਮੈਜਿਸਟ੍ਰੇਟ ਜਾਂ ਅਦਾਲਤ ਦੇ ਕਿਸੇ ਕਰਮਚਾਰੀ ਦੀ ਜਾਨ ਲੈ ਲੈਣੀ ਸੀ। ਦੋਵਾਂ ਨੂੰ ਸਾਜ਼ਿਸ਼ ਰਚਣ, ਇਰਾਦਾ ਕਤਲ, ਆਤਿਸ਼ੀ ਮਾਦਾ ਕੋਲ ਰੱਖਣ ਆਦਿ ਦੇ ਦੋਸ਼ ਵਿੱਚ ਸੱਤ ਸੱਤ ਸਾਲ ਕੈਦ ਬਾਮੁਸ਼ੱਕਤ ਦੀ ਸਜ਼ਾ ਸੁਣਾਈ ਗਈ।

ਇਉਂ ਅਚਾਨਕ ਚੱਲੇ ਬੰਬਾਂ ਨੇ ਇਨ੍ਹਾਂ ਨੌਜਵਾਨਾਂ ਦੀ ਵਿਉਂਤ ਨੂੰ ਸਿਰੇ ਨਾ ਚੜ੍ਹਨ ਦਿੱਤਾ ਅਤੇ ਬੰਗਾਲ ਤੋਂ ਲਾਹੌਰ ਆ ਕੇ ਲਾਹੌਰ ਸਾਜ਼ਿਸ਼ ਮੁਕੱਦਮੇ ਦੇ ਵਾਅਦਾ ਮੁਆਫ਼ ਗਵਾਹਾਂ ਨੂੰ ਸੋਧਣ ਬਾਰੇ ਉਨ੍ਹਾਂ ਦੀ ਯੋਜਨਾ ਅਸਫ਼ਲ ਹੋ ਗਈ।

ਸੰਪਰਕ: 94170-49417

Advertisement
×