DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਲ ਔਰ ਆਏਂਗੇ ਨਗ਼ਮੋਂ ਕੀ ਖਿਲਤੀ ਕਲੀਆਂ ਚੁਨਨੇ ਵਾਲੇ...

ਬੌਲੀਵੁੱਡ ’ਚ ’ਚ ਕਿਸੇ ਵਕਤ ਸ਼ਾਇਰੀ ਤੇ ਸੰਜੀਦਾ ਮਾਅਨਿਆਂ ਵਾਲੇ ਗੀਤ/ਕੱਵਾਲੀਆਂ ਦੇ ਬੋਲਾਂ ਵਾਲੀਆਂ ਫਿਲਮਾਂ ਬਣਦੀਆਂ ਸਨ। ਇਹ ਫਿਲਮਾਂ ਬਹੁਤ ਕਾਮਯਾਬ ਰਹੀਆਂ ਜਿਨ੍ਹਾਂ ਵਿੱਚ ਮਨੋਰੰਜਨ ਵੀ ਸੀ, ਲੋਕਾਂ ਦੀ ਦਿਲਚਸਪੀ ਵੀ ਸੀ ਅਤੇ ਕਮਾਈ ਵੀ ਚੰਗੀ ਹੁੰਦੀ ਸੀ ਜਿਵੇਂ ‘ਬਰਸਾਤ...

  • fb
  • twitter
  • whatsapp
  • whatsapp
Advertisement

ਬੌਲੀਵੁੱਡ ’ਚ ’ਚ ਕਿਸੇ ਵਕਤ ਸ਼ਾਇਰੀ ਤੇ ਸੰਜੀਦਾ ਮਾਅਨਿਆਂ ਵਾਲੇ ਗੀਤ/ਕੱਵਾਲੀਆਂ ਦੇ ਬੋਲਾਂ ਵਾਲੀਆਂ ਫਿਲਮਾਂ ਬਣਦੀਆਂ ਸਨ। ਇਹ ਫਿਲਮਾਂ ਬਹੁਤ ਕਾਮਯਾਬ ਰਹੀਆਂ ਜਿਨ੍ਹਾਂ ਵਿੱਚ ਮਨੋਰੰਜਨ ਵੀ ਸੀ, ਲੋਕਾਂ ਦੀ ਦਿਲਚਸਪੀ ਵੀ ਸੀ ਅਤੇ ਕਮਾਈ ਵੀ ਚੰਗੀ ਹੁੰਦੀ ਸੀ ਜਿਵੇਂ ‘ਬਰਸਾਤ ਕੀ ਰਾਤ’, ‘ਗ਼ਜ਼ਲ’, ‘ਪਿਆਸਾ’, ‘ਮੇਰੇ ਮਹਿਬੂਬ’, ‘ਕਭੀ ਕਭੀ’ ਆਦਿ। ਇਨ੍ਹਾਂ ਫਿਲਮਾਂ ਵਿੱਚ ਅਦਾਕਾਰ ਜਾਂ ਅਦਾਕਾਰਾ ਜਾਂ ਦੋਵੇਂ, ਸ਼ਾਇਰ ਹੁੰਦੇ ਸਨ ਤੇ ਸ਼ਾਇਰੀ ਦੇ ਮੁਕਾਬਲੇ ਹੁੰਦੇ ਸਨ। ਇਨ੍ਹਾਂ ਦੇ ਨਗ਼ਮੇ ਸਦਾਬਹਾਰ ਹਨ ਤੇ ਲੋਕ ਇਨ੍ਹਾਂ ਦੇ ਦੀਵਾਨੇ ਹਨ। ਜਿਵੇਂ: ‘ਸੁਰਖ਼ ਆਂਚਲ ਕੋ ਦਬਾ ਕਰ ਜੋ ਨਿਚੋੜਾ ਉਸ ਨੇ, ਦਿਲ ਪੇ ਜਲਤਾ ਹੁਆ ਏਕ ਤੀਰ ਸਾ ਛੋੜਾ ਉਸ ਨੇ, ਆਗ ਪਾਨੀ ਮੇਂ ਲਗਾਤੇ ਹੁਏ ਹਾਲਾਤ ਕੀ ਰਾਤ, ਜ਼ਿੰਦਗ਼ੀ ਭਰ ਨਹੀਂ ਭੂਲੇਗੀ ਵੋ ਬਰਸਾਤ ਕੀ ਰਾਤ’ (ਫਿਲਮ ਬਰਸਾਤ ਕੀ ਰਾਤ 1960), ਅਜਿਹੀਆਂ ਫਿਲਮਾਂ ਦੇ ਨਗ਼ਮਾਨਿਗ਼ਾਰ ਆਮ ਕਰ ਕੇ ਸਾਹਿਰ ਲੁਧਿਆਣਵੀ ਹੀ ਹੁੰਦੇ ਸਨ।

ਤਲਖ਼ੀਆਂ ਭਰੀ ਜ਼ਿੰਦਗੀ ਵਾਲੇ ਇਸ ਜ਼ਹੀਨ ਸ਼ਾਇਰ ਦੀ ਪੈਦਾਇਸ਼ 8 ਮਾਰਚ 1921 ਨੂੰ ਗੁੱਜਰ ਖ਼ਾਨਦਾਨ ਵਿੱਚ ਚੌਧਰੀ ਫ਼ਜ਼ਲ ਅਹਿਮਦ ਤੇ ਅੰਮੀ ਸਰਦਾਰ ਬੇਗ਼ਮ ਦੇ ਘਰ ਲੁਧਿਆਣਾ ਵਿੱਚ ਹੋਈ ਸੀ। ਉਸ ਦਾ ਬਚਪਨ ਦਾ ਨਾਮ ਅਬਦੁਲ ਹਈ ਸੀ। ਅਬਦੁਲ ਅਜੇ ਛੇਆਂ ਕੁ ਮਹੀਨਿਆਂ ਦਾ ਸੀ ਜਦ ਅਮੀਰ ਬਾਪ ਦੀਆਂ ਵਧੀਕੀਆਂ ਬਹੁਤ ਵਧ ਗਈਆਂ। ਸਰਦਾਰ ਬੇਗ਼ਮ ਨਿੱਕੇ ਅਬਦੁਲ ਨੂੰ ਲੈ ਕੇ ਵੱਖ ਰਹਿਣ ਲੱਗੀ। ਉਹ ਖ਼ੁਦ ਛੱਡ ਕੇ ਗਈ ਸੀ, ਇਸ ਲਈ ਉਸ ਨੇ ਪਤੀ ਤੋਂ ਕੋਈ ਹੱਕ ਮਿਹਰ ਨਹੀਂ ਲਿਆ। ਉਲਟਾ ਬੱਚੇ ਦੀ ਸਪੁਰਦਗ਼ੀ ਵਾਸਤੇ ਚੌਧਰੀ ਫ਼ਜ਼ਲ ਅਹਿਮਦ ਨੇ ਸਰਦਾਰ ਬੇਗ਼ਮ ’ਤੇ ਮੁਕੱਦਮਾ ਕਰ ਦਿੱਤਾ, ਜੋ ਉਹ ਜਿੱਤ ਨਾ ਸਕਿਆ ਤੇ 1934 ਵਿੱਚ ਉਸ ਨੇ ਦੂਜਾ ਵਿਆਹ ਕਰਵਾ ਲਿਆ। ਅਬਦੁਲ ਨੂੰ ਸ਼ਾਇਰੀ ਲਿਖਣ ਤੇ ਪੜ੍ਹਨ ਦਾ ਸ਼ੌਕ ਸ਼ੁਰੂ ਤੋਂ ਹੀ ਸੀ। ਉਸ ਨੇ ਮੌਲਾਨਾ ਫੈਜ਼ ਹਰਿਆਣਵੀ ਦੇ ਮਾਤਹਿਤ ਉਰਦੂ ਤੇ ਫ਼ਾਰਸੀ ਜ਼ੁਬਾਨਾਂ ’ਚ ਮੁਹਾਰਤ ਹਾਸਲ ਕੀਤੀ। ਅੱਲਾਮਾ ਇਕਬਾਲ ਦੇ ਇੱਕ ਸ਼ਿਅਰ ‘ਇਸ ਚਮਨ ਮੇਂ ਹੋਂਗੇ ਪੈਦਾ ਬੁਲਬੁਲੇ ਸ਼ੈਰਾਜ਼ ਭੀ, ਸੈਂਕੜੋਂ ਸਾਹਿਰ ਭੀ ਹੋਂਗੇ ਸਾਹਿਬੇ ਐਜਾਜ਼ ਭੀ’ ਵਿੱਚੋਂ ‘ਸਾਹਿਰ’ ਲਫ਼ਜ਼ ਉਹਦੇ ਧਿਆਨ ਗੋਚਰੇ ਆਇਆ, ਜਿਸ ਦੇ ਮਾਅਨੇ ਹਨ ‘ਰੌਸ਼ਨ ਦਿਮਾਗ਼/ ਜਾਦੂਗਰ।’ ਸੋ ਅਬਦੁਲ ਨੇ ਆਪਣਾ ਕਲਮੀ ਨਾਮ ਸਾਹਿਰ ਰੱਖ ਲਿਆ ਤੇ ਲੁਧਿਆਣੇ ਤੋਂ ਹੋਣ ਕਰ ਕੇ ਸਾਹਿਰ ਦੇ ਨਾਲ ਲੁਧਿਆਣਵੀ ਲਾ ਲਿਆ। ਤੰਗੀਆਂ-ਤੁਰਸ਼ੀਆਂ ਦਰਮਿਆਨ ਅਬਦੁਲ ਪਹਿਲਾਂ ਲੁਧਿਆਣੇ ਦੇ ਖ਼ਾਲਸਾ ਹਾਈ ਸਕੂਲ ਵਿੱਚ ਪੜ੍ਹਿਆ ਤੇ ਉਸ ਤੋਂ ਬਾਅਦ ਉਸ ਨੇ ਗੌਰਮਿੰਟ ਕਾਲਜ ਵਿੱਚ ਦਾਖ਼ਲਾ ਲੈ ਲਿਆ। ਕਾਲਜ ਵਿੱਚ ਹੀ ਉਹ ਗ਼ਜ਼ਲਾਂ ਤੇ ਨਜ਼ਮਾਂ ਸੁਣਾਉਣ ਕਾਰਨ ਕਾਫ਼ੀ ਹਰਮਨਪਿਆਰਾ ਹੋ ਗਿਆ ਸੀ। ਸਾਹਿਰ ਦੀ ਜ਼ਿੰਦਗ਼ੀ ਤਲਖ਼ੀਆਂ ਨਾਲ ਭਰੀ ਹੋਈ ਸੀ। ‘ਤਲਖ਼ੀਆਂ’ ਉਹਦੀ ਇੱਕ ਮਕਬੂਲ ਉਰਦੂ ਸ਼ਾਇਰੀ ਦੀ ਕਿਤਾਬ ਦਾ ਨਾਮ ਵੀ ਹੈ। ਨਫ਼ਰਤਾਂ ਤੇ ਤੰਗੀਆਂ ਨੇ ਉਸ ਨੂੰ ਸਾਰੀ ਉਮਰ ਘੇਰੀ ਰੱਖਿਆ। 1943 ਵਿੱਚ ਲੁਧਿਆਣੇ ਤੋਂ ਲਾਹੌਰ ਜਾ ਕੇ ਉਸ ਨੇ ਦਿਆਲ ਸਿੰਘ ਕਾਲਜ ਵਿੱਚ ਦਾਖ਼ਲਾ ਲੈ ਲਿਆ। ਉੱਥੇ ਉਹ ਵਿਦਿਆਰਥੀਆਂ ਦੀ ਜਥੇਬੰਦੀ ਦਾ ਪ੍ਰਧਾਨ ਚੁਣਿਆ ਗਿਆ। ਉਹ ਵਿਦਿਆਰਥੀ ਤਹਿਰੀਕਾਂ, ਰੈਲੀਆਂ, ਮੁਜ਼ਾਹਰਿਆਂ ਵਿੱਚ ਹਿੱਸਾ ਲੈਂਦਾ ਸੀ ਤੇ ਤਕਰੀਰਾਂ ਕਰਦਾ ਸੀ। ਕੁਝ ਦੇਰ ਬਾਅਦ ਉਸ ਨੇ ਕਾਲਜ ਛੱਡ ਦਿੱਤਾ ਤੇ ‘ਅਦਬੇ ਲਤੀਫ਼’, ‘ਸ਼ਾਹਕਾਰ’ ਤੇ ‘ਸਵੇਰਾ’ ਵਰਗੇ ਉਰਦੂ ਰਸਾਲਿਆਂ ਦੇ ਸੰਪਾਦਕੀ ਮੰਡਲ ਦਾ ਹਿੱਸਾ ਬਣ ਗਿਆ। ਲਾਹੌਰ ਵਿੱਚ ਉਹ ਕਮਿਊਨਿਸਟ ਪਾਰਟੀ ਪ੍ਰੋਗਰੈਸਿਵ ਰਾਈਟਰਜ਼ ਤਨਜ਼ੀਮ ਦਾ ਮੈਂਬਰ ਸੀ।

Advertisement

ਉਸ ਨੇ ਉਰਦੂ ਤੇ ਹਿੰਦੀ ਵਿੱਚ ਸ਼ਾਇਰੀ ਕੀਤੀ ਤੇ ਬੌਲੀਵੁੱਡ ਦੀਆਂ ਬਹੁਤ ਸਾਰੀਆਂ ਫਿਲਮਾਂ ਅਤੇ ਇੱਕ ਪਾਕਿਸਤਾਨੀ ਫਿਲਮ ‘ਫਰੰਗੀ’ ਵਾਸਤੇ ਗੀਤ ਲਿਖੇ। 1947 ਦੀ ਵੰਡ ਤੇ ਪਾਕਿਸਤਾਨ ਬਣਨ ਵੇਲੇ ਉਹ ਲਾਹੌਰ ਵਿੱਚ ਹੀ ਸੀ। ਨਵੇਂ ਬਣੇ ਮੁਲਕ ਵਿੱਚ ਹਕੂਮਤ ਦੀਆਂ ਵਧੀਕੀਆਂ ਦੇ ਖ਼ਿਲਾਫ਼ ਲੁਧਿਆਣਵੀ ਨੇ ‘ਆਵਾਜ਼-ਏ-ਆਦਮ’ ਅਨਵਾਨ ਨਾਲ ਇੱਕ ਬੇਹੱਦ ਇਨਕਲਾਬੀ ਤੇ ਜੋਸ਼ੀਲੀ ਨਜ਼ਮ ਲਿਖੀ, ਜੋ ਉਸ ਨੇ ਲਾਹੌਰ ’ਚ ਇੱਕ ਮੁਜ਼ਾਹਰੇ ਵਿੱਚ ਪੜ੍ਹੀ: ‘ਦਬੇਗੀ ਕਬ ਤਲਕ ਆਵਾਜ਼-ਏ-ਆਦਮ ਹਮ ਭੀ ਦੇਖੇਂਗੇ, ਰੁਕੇਂਗੇ ਕਬ ਤਲਕ ਜਜ਼ਬਾਤ-ਏ-ਬਰਹਮ ਹਮ ਭੀ ਦੇਖੇਂਗੇ।’ ਇਸ ਦੀ ਆਖ਼ਰੀ ਸਤਰ ਸੀ ਕਿ ਲਾਲ ਰੰਗ ਦੇ ਇਨਕਲਾਬੀ ਝੰਡੇ ਨੂੰ ਖ਼ੂਬ ਉੱਚਾ ਝੂਲਦਾ ‘ਹਮ ਭੀ ਦੇਖੇਂਗੇ...’। ਨਵਾਂ ਬਣਿਆ ਮੁਲਕ ਪਾਕਿਸਤਾਨ, ਅਮਰੀਕਾ ਨੂੰ ਇਹ ਯਕੀਨ ਦਿਵਾਉਣ ’ਚ ਲੱਗਿਆ ਹੋਇਆ ਸੀ ਕਿ ਉਹ ਰੂਸ ਵੱਲ ਨਹੀਂ ਅਮਰੀਕਾ ਵੱਲ ਸੀ। ਉਨ੍ਹਾਂ ਵੇਲਿਆਂ ’ਚ ਸਾਹਿਰ ਨੇ ਇਹ ਨਜ਼ਮ ਇੱਕ ਮੁਜ਼ਾਹਰੇ ਵਿੱਚ ਪੂਰੇ ਜੋਸ਼ ਨਾਲ ਪੜ੍ਹੀ ਤੇ ਜਦ ਇਹ ਕਲਾਮ ਛਪਿਆ ਤਾਂ ਉਸ ਨੂੰ ਪਾਕਿਸਤਾਨ ਸਰਕਾਰ ਵੱਲੋਂ ਧਮਕੀਆਂ ਮਿਲਣ ਲੱਗੀਆਂ ਤੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ।

Advertisement

ਉਸ ਨੂੰ ਅਹਿਸਾਸ ਹੋਇਆ ਕਿ ਪਾਕਿਸਤਾਨ ਵਿੱਚ ਰਹਿਣਾ ਠੀਕ ਨਹੀਂ। ਇਸ ਲਈ 1949 ਵਿੱਚ ਉਹ ਲਾਹੌਰ ਛੱਡ ਕੇ ਦਿੱਲੀ ਆ ਗਿਆ ਤੇ ਦੋ ਮਹੀਨੇ ਬਾਅਦ ਬੰਬਈ (ਹੁਣ ਮੁੰਬਈ) ਪੁੱਜ ਗਿਆ। ਉੱਥੇ ਅੰਧੇਰੀ ਇਲਾਕੇ ਵਿੱਚ ਰਹਿਣ ਲੱਗ ਪਿਆ। ਫਿਲਮ ਨਗਰੀ ਵਿੱਚ ਸਾਹਿਰ ਨੇ ਨਗ਼ਮਾਨਿਗਾਰ ਵਜੋਂ ਕਿਸਮਤ ਅਜ਼ਮਾਈ ਤੇ ਪੂਰੀ ਕਾਮਯਾਬੀ ਹਾਸਲ ਕੀਤੀ। 1970 ਵਿੱਚ ਉਸ ਨੇ ਆਪਣਾ ਬੰਗਲਾ ‘ਪਰਛਾਈਆਂ’ ਬਣਵਾਇਆ ਤੇ ਆਪਣੀ ਮੌਤ ਤੱਕ ਉਸੇ ਘਰ ਵਿੱਚ ਹੀ ਰਿਹਾ। ਲਾਹੌਰ ’ਚ ਉਹ ਕਮਿਊਨਿਸਟ ਪਾਰਟੀ ਵਿੱਚ ‘ਪ੍ਰੋਗਰੈਸਿਵ ਰਾਈਟਰਜ਼ ਤਨਜ਼ੀਮ’ ਦਾ ਮੈਂਬਰ ਸੀ। ਇਸ ਲਈ 1940ਵਿਆਂ-1950ਵਿਆਂ ਦੌਰਾਨ ਉਹਦੀ ਸ਼ਾਇਰੀ ਤੇ ਫਿਲਮੀ ਨਗ਼ਮਿਆਂ ਵਿੱਚ ਇਸੇ ਤਰ੍ਹਾਂ ਦੀ ਸੋਚ ਹਾਵੀ ਰਹੀ। ਫਿਲਮੀ ਖੇਤਰ ਵਿੱਚ ਸਭ ਤੋਂ ਪਹਿਲਾਂ 1949 ਵਿੱਚ ‘ਆਜ਼ਾਦੀ ਕੀ ਰਾਹ’ ਲਈ ਨਗ਼ਮੇ ਲਿਖਣ ਦਾ ਕੰਮ ਮਿਲਿਆ, ਜਿਸ ਦਾ ਇੱਕ ਨਗ਼ਮਾ ਸੀ ‘ਬਦਲ ਰਹੀ ਹੈ ਜ਼ਿੰਦਗ਼ੀ...!’ 1957 ਵਿੱਚ ਆਈ ਫਿਲਮ ‘ਨਯਾ ਦੌਰ’ ਵਿੱਚ ਉਸ ਦਾ ਨਗ਼ਮਾ ‘ਸਾਥੀ ਹਾਥ ਬੜਾਨਾ’ ਉਸ ਫਿਲਮ ਦੇ ਥੀਮ ਵਿੱਚ ਬਹੁਤ ਫਿੱਟ ਵੀ ਹੋਇਆ ਤੇ ਬੜਾ ਹਿੱਟ ਵੀ ਹੋਇਆ। ਉਸ ਦੇ ਲਿਖੇ ਗੀਤਾਂ ‘ਉੜੇਂ ਜਬ-ਜਬ ਜ਼ੁਲਫੇਂ ਤੇਰੀ’, ‘ਰੇਸ਼ਮੀ ਸਲਵਾਰ ਕੁਰਤਾ ਜਾਲੀ ਕਾ’ ਨੇ ਤਹਿਲਕਾ ਮਚਾ ਦਿੱਤਾ। ਇਸ ਫਿਲਮ ਦੇ ਪੰਜਾਬੀ ਸੰਗੀਤਕਾਰ ਸਨ ਓ ਪੀ ਨਈਅਰ। ਉੱਘੇ ਲੇਖਕ ਕੇਵਲ ਧੀਰ ਨੇ ਲੁਧਿਆਣੇ ਵਿੱਚ ‘ਜਸ਼ਨੇ ਸਾਹਿਰ ਸਾਲਾਨਾ ਮੁਸ਼ਾਇਰਾ’ ਸ਼ੁਰੂ ਕੀਤਾ। 1975 ਵਾਲੇ ਮੁਸ਼ਾਇਰੇ ਵਿੱਚ ਸਾਹਿਰ ਲੁਧਿਆਣਵੀ ਨੇ ਖ਼ੁਦ ਸ਼ਿਰਕਤ ਕੀਤੀ ਸੀ। ਮੈਂ (ਲੇਖਕ) ਉਦੋਂ ਡਾਕਟਰੀ ਦੀ ਪੜ੍ਹਾਈ ਦੇ ਆਖ਼ਰੀ ਸਾਲ ਵਿੱਚ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਸਾਂ। ਸਾਹਿਰ ਦੇ ਲੁਧਿਆਣੇ ਦੌਰੇ ’ਤੇ ਕਵੀ ਦਰਬਾਰ ਵਿੱਚ ਆਉਣ ਦੀਆਂ ਖ਼ਬਰਾਂ ਅਖ਼ਬਾਰਾਂ ਵਿੱਚ ਪੜ੍ਹੀਆਂ ਸਨ। ਬਾਕੀ ਸ਼ਾਇਰਾਂ ਦੇ ਨਾਲ-ਨਾਲ ਜਦ ਸਾਹਿਰ ਨੂੰ ਵੀ ਖ਼ਰਚੇ/ ਮਿਹਨਤਾਨੇ ਵਜੋਂ ਇੱਕ ਲਿਫਾਫ਼ੇ ਵਿੱਚ ਕੁਝ ਰੁਪਏ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨੇ ਲਿਫਾਫ਼ਾ ਲੈਣ ਤੋਂ ਨਾਂਹ ਕਰ ਦਿੱਤੀ ਤੇ ਕਿਹਾ, ‘‘ਮੈਂ ਇੱਥੇ ਕੋਈ ਪ੍ਰਾਹੁਣਾ ਨਹੀਂ, ਮੇਜ਼ਬਾਨ ਹਾਂ।’’ ਕਾਲਜ ਦੇ ਆਡੀਟੋਰੀਅਮ ਦਾ ਨਾਮ ਸਾਹਿਰ ਲੁਧਿਆਣਵੀ ਦੇ ਨਾਂ ’ਤੇ ਰੱਖਿਆ ਗਿਆ ਸੀ। ਸਾਹਿਰ ਦੀ ਜ਼ਹੀਨ, ਸੰਜੀਦਾ ਤੇ ਉਮਦਾ ਸ਼ਾਇਰੀ ਦਾ ਇੱਕ ਨਮੂਨਾ ਫਿਲਮ ‘ਗੁਮਰਾਹ’ ਦੇ ਨਗ਼ਮੇ ਦੀਆਂ ਕੁਝ ਸਤਰਾਂ ਤੋਂ ਲਿਆ ਜਾ ਸਕਦਾ ਹੈ: ‘ਚਲੋ ਇਕ ਬਾਰ ਫਿਰ ਸੇ ਅਜਨਬੀ ਬਨ ਜਾਏਂ ਹਮ ਦੋਨੋਂ...!’

ਕੁੱਲ ਆਲਮ ਦੇ ਉਰਦੂ-ਹਿੰਦੀ ਸਮਝਣ ਵਾਲੇ ਲੋਕ ਇਹ ਜਾਣਦੇ ਹਨ ਕਿ ਫਿਲਮ ‘ਬਰਸਾਤ ਕੀ ਰਾਤ’ ਦੀ ਸ਼ਾਇਦ ਪਹਿਲੀ ਤੇ ਆਖ਼ਰੀ ਕੱਵਾਲੀ ਹੈ ਜਿਸ ਦੀ ਗੰਗਾ ਜਮੁਨੀ ਤਹਿਜ਼ੀਬ ਵਾਲੀ ਗੀਤਕਾਰੀ ਦਾ ਘੇਰਾ ਬਹੁਤ ਵਿਸ਼ਾਲ ਹੈ ਅਤੇ ਇਸ ਦਾ ਰਚਨਾਕਾਰ ਸਾਹਿਰ ਲੁਧਿਆਣਵੀ ਹੈ। ਇਹ ਕੱਵਾਲੀ ਮੰਨਾ ਡੇਅ, ਆਸ਼ਾ ਭੌਸਲੇ, ਮੁਹੰਮਦ ਰਫ਼ੀ, ਸੁਧਾ ਮਲਹੋਤਰਾ, ਐੱਸ ਡੀ ਬਾਤਿਸ਼ ਗਾਇਕਾਂ ਨੇ ਗਾਈ ਤੇ ਰੌਸ਼ਨ ਨੇ ਇਸ ਦਾ ਸੰਗੀਤ ਦਿੱਤਾ। ਇਸ ਦੇ ਅਲਫ਼ਾਜ਼ ਹਨ: ‘ਨਾ ਤੋ ਕਾਰਵਾਂ ਕੀ ਤਲਾਸ਼ ਹੈ, ਨਾ ਤੋ ਹਮਸਫ਼ਰ ਕੀ ਤਲਾਸ਼ ਹੈ, ਮੇਰੇ ਸ਼ੌਕੇ ਖ਼ਾਨਾ ਖ਼ਰਾਬ ਕੋ ਤੇਰੀ ਰਹਿਗ਼ੁਜ਼ਰ ਕੀ ਤਲਾਸ਼ ਹੈ।’ ਸਾਹਿਰ ਦੋਵਾਂ ਮੁਲਕਾਂ (ਭਾਰਤ ਤੇ ਪਾਕਿਸਤਾਨ) ਦੇ ਸ਼ਹਿਰਾਂ ਵਿੱਚ ਰਿਹਾ, ਦੋਵਾਂ ਮੁਲਕਾਂ ਦੀਆਂ ਹਕੂਮਤਾਂ ਵੀ ਦੇਖੀਆਂ, ਬਾਸ਼ਿੰਦਿਆਂ ਵਿੱਚ ਵੀ ਵਿਚਰਿਆ ਤੇ ਜੰਗਾਂ ਵੀ ਦੇਖੀਆਂ। ਉਹਦਾ ਮਨ ਬਹੁਤ ਤਲਖ਼ ਰਹਿੰਦਾ ਸੀ। ਉਹਨੇ ਦਿਲ ਦੀ ਆਵਾਜ਼ ਕਲਮ ਦੇ ਜ਼ਰੀਏ ਕਾਗ਼ਜ਼ ’ਤੇ ਇੰਜ ਉਤਾਰੀ: ਖ਼ੂਨ ਅਪਨਾ ਹੋ ਯਾ ਪਰਾਯਾ ਹੋ, ਨਸਲੇ ਆਦਮ ਕਾ ਖ਼ੂਨ ਹੈ ਆਖ਼ਰ; ਜੰਗ ਮਗ਼ਰਿਬ ਮੇਂ ਹੋ ਕਿ ਮਸ਼ਰਿਕ ਮੇਂ, ਅਮਨੇ ਆਲਮ ਕਾ ਖ਼ੂਨ ਹੈ ਆਖ਼ਰ...! ਇਸ ਲੀਏ ਐ ਸ਼ਰੀਫ਼ ਇਨਸਾਨੋਂ, ਜੰਗ ਟਲਤੀ ਰਹੇ ਤੋ ਬਿਹਤਰ ਹੈ, ਆਪ ਔਰ ਹਮ ਸਭੀ ਕੇ ਆਂਗਨ ਮੇਂ, ਸ਼ਮ੍ਹਾਂ ਜਲਤੀ ਰਹੇ ਤੋ ਬਿਹਤਰ ਹੈ...!

ਸਾਹਿਰ ਲੁਧਿਆਣਵੀ ਵਾਹਿਦ ਨਗ਼ਮਾਨਿਗਾਰ ਸੀ, ਜਿਸ ਦੇ ਗਾਣੇ ਤੇ ਕੱਵਾਲੀ ਆਦਿ ਦੀ ਰਿਕਾਰਡਿੰਗ ਵੇਲੇ ਕਿਸੇ ਵੀ ਪ੍ਰੋਡਿਊਸਰ ਜਾਂ ਗਾਇਕ ਦੀ ਮਜਾਲ ਨਹੀਂ ਸੀ ਹੁੰਦੀ ਕਿ ਉਸ ਦੀ ਰਚਨਾ ਦਾ ਇੱਕ ਵੀ ਲਫ਼ਜ਼ ਇੱਧਰ-ਉੱਧਰ ਕਰ ਸਕੇ। ‘ਯੇ ਦੁਨੀਆ ਅਗਰ ਮਿਲ ਭੀ ਜਾਏ ਤੋ ਕਿਆ ਹੈ’ (ਪਿਆਸਾ), ‘ਤੂ ਹਿੰਦੂ ਬਨੇਗਾ ਨਾ ਮੁਸਲਮਾਨ ਬਨੇਗਾ’ (ਧੂਲ ਕਾ ਫੂਲ), ‘ਜ਼ਿੰਦਗ਼ੀ ਭਰ ਨਹੀਂ ਭੂਲੇਗੀ ਵੋ ਬਰਸਾਤ ਕੀ ਰਾਤ’, ‘ਨਾ ਤੋ ਕਾਰਵਾਂ ਕੀ ਤਲਾਸ਼ ਹੈ ਨਾ ਤੋ ਹਮਸਫ਼ਰ ਕੀ ਤਲਾਸ਼ ਹੈ’ (ਬਰਸਾਤ ਕੀ ਰਾਤ), ‘ਮੈਂ ਜ਼ਿੰਦਗੀ ਕਾ ਸਾਥ ਨਿਭਾਤਾ ਚਲਾ ਗਯਾ’, ‘ਅਭੀ ਨਾ ਜਾਓ ਛੋੜ ਕਰ ਕਿ ਦਿਲ ਅਭੀ ਭਰਾ ਨਹੀਂ’, ‘ਅੱਲਾਹ ਤੇਰੋ ਨਾਮ ਜੋ ਧਿਆਏ ਸੁਖ ਪਾਏ’ (ਹਮ ਦੋਨੋ), ‘ਬਾਬੁਲ ਕੀ ਦੁਆਏਂ ਲੇਤੀ ਜਾ’ (ਨੀਲ ਕਮਲ), ‘ਮੈਂ ਪਲ ਦੋ ਪਲ ਕਾ ਸ਼ਾਇਰ ਹੂੰ’ (ਕਭੀ ਕਭੀ) ਆਦਿ ਉਸ ਦੇ ਸਦਾਬਹਾਰ ਗੀਤ ਹਨ।

ਸਾਹਿਰ ਦਾ ਜ਼ਿਕਰ ਹੋਵੇ ਤੇ ਅੰਮ੍ਰਿਤਾ ਪ੍ਰੀਤਮ ਨਾਲ ਰਿਸ਼ਤੇ ਦੀ ਗੱਲ ਨਾ ਹੋਵੇ, ਇਹ ਕਿਵੇਂ ਹੋ ਸਕਦਾ ਹੈ? ਉਹ ਦੋਵੇਂ ਪਹਿਲੀ ਵਾਰ 1944 ਵਿੱਚ ਪ੍ਰੀਤਨਗਰ ਵਿੱਚ ਇੱਕ ਮੁਸ਼ਾਇਰੇ ਦੌਰਾਨ ਮਿਲੇ। ਅੰਮ੍ਰਿਤਾ ਦਿੱਲੀ ਤੋਂ ਪੁੱਜੀ ਅਤੇ ਸਾਹਿਰ ਲਾਹੌਰ ਤੋਂ ਪੁੱਜਾ ਸੀ। ਉਸ ਵੇਲੇ ਅੰਮ੍ਰਿਤਾ ਦੀ ਪ੍ਰੀਤਮ ਸਿੰਘ ਨਾਲ ਸ਼ਾਦੀ ਹੋ ਚੁੱਕੀ ਸੀ। ਅੰਮ੍ਰਿਤਾ ਇਸ ਵਿਆਹ ਤੋਂ ਖ਼ੁਸ਼ ਨਹੀਂ ਸੀ। ਸਾਹਿਰ-ਅੰਮ੍ਰਿਤਾ ਨੇ ਇਹ ਮੁਹਬੱਤ ਕਿਸੇ ਨੂੰ ਜ਼ਾਹਿਰ ਨਾ ਕੀਤੀ। ਉਨ੍ਹਾਂ ਦਰਮਿਆਨ ਮੁਹੱਬਤਾਂ ਦੀ ਖ਼ਤੋ-ਕਿਤਾਬਤ ਚਲਦੀ ਰਹੀ। ਕੁਝ ਵਕਤ ਐਸਾ ਵੀ ਗ਼ੁਜ਼ਰਿਆ ਜਦ ਦੋਵੇਂ ਲਾਹੌਰ ਵਿੱਚ ਹੀ ਸਨ। ਮੁਲਕ ਵੰਡਿਆ ਗਿਆ ਤੇ ਅੰਮ੍ਰਿਤਾ ਆਪਣੇ ਪਤੀ ਪ੍ਰੀਤਮ ਸਿੰਘ ਨਾਲ ਦਿੱਲੀ ਪੁੱਜ ਗਈ ਤੇ ਬਾਅਦ ਵਿੱਚ ਸਾਹਿਰ ਬੰਬਈ ਚਲਾ ਗਿਆ। ਸਾਹਿਰ ਤੇ ਅੰਮ੍ਰਿਤਾ ਦਾ ਰੁਮਾਂਸ ਤਾਂ ਗੂੜ੍ਹਾ, ਪਰ ਫ਼ਾਸਲਿਆਂ ਤੇ ਖਤੋ-ਕਿਤਾਬਤ ਵਾਲਾ ਸੀ। ਸਾਹਿਰ ਪ੍ਰੇਮ ਪੱਤਰ ਤਾਂ ਲਿਖਦਾ ਰਿਹਾ, ਪਰ ਉਹ ਫਾਸਲੇ ਖ਼ਤਮ ਨਾ ਕਰ ਸਕਿਆ। ਪਰ ਅੰਮ੍ਰਿਤਾ ਆਪਣੀਆਂ ਲਿਖਤਾਂ ਵਿੱਚ ਉਸ ਨੂੰ ਮੇਰਾ ਸ਼ਾਇਰ, ਮੇਰਾ ਮਹਿਬੂਬ, ਮੇਰਾ ਖ਼ੁਦਾ ਤੇ ਮੇਰਾ ਦੇਵਤਾ ਕਹਿੰਦੀ ਹੈ। ਆਪਣੀ ਜੀਵਨੀ ‘ਰਸੀਦੀ ਟਿਕਟ’ ਵਿੱਚ ਅੰਮ੍ਰਿਤਾ ਨੇ ਸਾਰੇ ਰਾਜ਼ ਖੋਲ੍ਹ ਦਿੱਤੇ: ‘ਜਦ ਕਦੀ ਅਸੀਂ ਮਿਲਦੇ, ਇਕੱਠੇ ਬੈਠਦੇ ਸਾਂ ਤਦ ਵੀ ਵਧੇਰੇ ਸਮਾਂ ਸੰਨਾਟਾ ਹੀ ਰਹਿੰਦਾ। ਗੱਲਬਾਤ ਘੱਟ ਹੀ ਹੁੰਦੀ ਸੀ। ਉਹ ਲਗਾਤਾਰ ਸਿਗਰਟ ਪੀਂਦਾ ਰਹਿੰਦਾ ਤੇ ਉਹਦੇ ਜਾਣ ਤੋਂ ਬਾਅਦ ਉਹਦੇ ਬੁੱਲ੍ਹਾਂ ਦੇ ਛਾਪੇ ਵਾਲੇ ਸਿਗਰਟਾਂ ਦੇ ਟੋਟੇ ’ਕੱਠੇ ਕਰਕੇ ਮੈਂ ਆਪਣੇ ਬੁੱਲ੍ਹਾਂ ਵਿੱਚ ਰੱਖ ਕੇ, ਬੁੱਲ੍ਹ ਮੀਚ ਲੈਂਦੀ।’ ਇਹ ਮੁਹੱਬਤ ਅੰਮ੍ਰਿਤਾ ਦੀ ਸ਼ਾਇਰੀ ਵਿੱਚ ਵੀ ਉੱਘੜ ਕੇ ਸਾਹਮਣੇ ਆਉਂਦੀ ਹੈ। ਸਾਹਿਰ ਨੇ ਪੂਰੀ ਜ਼ਿੰਦਗ਼ੀ ਸਿਰਫ਼ ਇੱਕ ਹੀ ਪਿਆਰ ਕੀਤਾ, ਉਹ ਪਿਆਰ ਸੀ ਆਪਣੀ ਮਾਂ ਦੇ ਨਾਲ। ਅਦਬ ਤੇ ਸ਼ਾਇਰੀ ਦੀਆਂ ਉੱਘੀਆਂ ਸ਼ਖ਼ਸੀਅਤਾਂ ਮੁਨੀਰ ਨਿਆਜ਼ੀ, ਅਹਿਮਦ ਰਾਹੀ, ਇਬਨੇ ਇਨਸ਼ਾ, ਨਾਸਿਰ ਕਾਜ਼ਮੀ ਤੇ ਸਾਹਿਰ ਲੁਧਿਆਣਵੀ ਗੂੜ੍ਹੇ ਦੋਸਤ ਸਨ।

ਜੱਦੋਜਹਿਦ, ਤਲਖ਼ੀਆਂ ਤੇ ਸੰਨਾਟੇ ਨਾਲ ਭਰਿਆ ਛੇ ਫੁੱਟ ਲੰਮਾ ਇਹ ਜ਼ਹੀਨ ਸ਼ਾਇਰ ਸਿਰਫ਼ 59 ਸਾਲਾਂ ਦੀ ਉਮਰ ਭੋਗ ਕੇ 25 ਅਕਤੂਬਰ 1980 ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਮੁੰਬਈ ’ਚ ਇਸ ਫਾਨੀ ਜਹਾਨ ਤੋਂ ਕੂਚ ਕਰ ਗਿਆ।

ਸਾਹਿਰ ਲੁਧਿਆਣਵੀ ਨੇ ਇਹ ਸਤਰਾਂ ਸ਼ਾਇਦ ਆਪਣੇ ਲਈ ਹੀ ਲਿਖੀਆਂ ਸਨ: ‘ਕਲ ਔਰ ਆਏਂਗੇ ਨਗ਼ਮੋਂ ਕੀ ਖਿਲਤੀ ਕਲੀਆਂ ਚੁਨਨੇ ਵਾਲੇ, ਮੁਝ ਸੇ ਬਿਹਤਰ ਕਹਿਨੇ ਵਾਲੇ ਤੁਮ ਸੇ ਬਿਹਤਰ ਸੁਨਨੇ ਵਾਲੇ...!’

ਸੰਪਰਕ: 98728-43491

Advertisement
×