ਅੱਜ ਬਾੜੀ ਉਦਾਸ ਹੈ...
ਦੋ ਗਲਪਕਾਰ ਬਿਲਕੁਲ ਨੇੜੇ ਨੇੜੇ ਹੀ ਰਹਿੰਦੇ ਹੋਣ, ਇੱਕ ਅਚੰਭਾ ਹੀ ਲੱਗਦਾ ਹੈ... ਪਰ ਇਹ ਸੱਚ ਹੈ। ਇਸ ਨੂੰ ਬੇਸ਼ੱਕ ਇੱਕ ਮੌਕਾਮੇਲ ਹੀ ਸਮਝ ਲਉ। ਪਹਿਲਾਂ ਜਦੋਂ ਇਹ ਨਵੀਂ ਕਲੋਨੀ ਬਣੀ ਸੀ ਤਾਂ ਬਹੁਤ ਥੋੜ੍ਹੇ ਘਰ ਹੀ ਬਣੇ ਹੋਏ ਸਨ।...
ਦੋ ਗਲਪਕਾਰ ਬਿਲਕੁਲ ਨੇੜੇ ਨੇੜੇ ਹੀ ਰਹਿੰਦੇ ਹੋਣ, ਇੱਕ ਅਚੰਭਾ ਹੀ ਲੱਗਦਾ ਹੈ... ਪਰ ਇਹ ਸੱਚ ਹੈ। ਇਸ ਨੂੰ ਬੇਸ਼ੱਕ ਇੱਕ ਮੌਕਾਮੇਲ ਹੀ ਸਮਝ ਲਉ। ਪਹਿਲਾਂ ਜਦੋਂ ਇਹ ਨਵੀਂ ਕਲੋਨੀ ਬਣੀ ਸੀ ਤਾਂ ਬਹੁਤ ਥੋੜ੍ਹੇ ਘਰ ਹੀ ਬਣੇ ਹੋਏ ਸਨ। ਫਿਰ ਹੌਲੀ ਹੌਲੀ ਕਲੋਨੀ ਵਿੱਚ ਸਾਰੇ ਘਰ ਬਣ ਗਏ। ਇਹ ਵੀ ਇੱਕ ਮੌਕਾ ਮੇਲ ਹੀ ਹੈ ਕਿ ਮੇਰੇ ਘਰ ਤੇ ਲਾਲ ਸਿੰਘ ਹੋਰਾਂ ਦੇ ਘਰ ਦੀ ਕੰਧ ਸਾਂਝੀ ਹੈ। ਇਸ ਜਗ੍ਹਾ ਨੂੰ ਕਹਾਣੀਕਾਰ ਲਾਲ ਸਿੰਘ ਦੀ ਬਾੜੀ ਵੀ ਕਿਹਾ ਜਾਂਦਾ ਹੈ। ਇੱਥੇ ਹੀ ਇੱਕ ਕਮਰੇ ਵਿੱਚ ਸਾਹਿਤ ਸਭਾ ਦੀਆਂ ਮੀਟਿੰਗਾਂ ਵੀ ਹੋਇਆ ਕਰਦੀਆਂ ਸਨ।
ਕਲਮਕਾਰ ਹੋਣ ਦੇ ਨਾਲ ਨਾਲ ਲਾਲ ਸਿੰਘ ਹੋਰਾਂ ਨੂੰ ਆਪਣੀ ਬਾੜੀ ਵਿੱਚ ਸਬਜ਼ੀਆਂ ਬੀਜਣ ਦਾ ਵੀ ਬਹੁਤ ਸ਼ੌਕ ਸੀ। ਮੌਸਮ ਦੀ ਕੋਈ ਵੀ ਸਬਜ਼ੀ ਬਾੜੀ ਵਿੱਚੋਂ ਮਿਲ ਜਾਇਆ ਕਰਦੀ ਸੀ। ਨਾਲ ਹੀ ਉਨ੍ਹਾਂ ਨੇ ਫ਼ਲਾਂ ਵਾਲੇ ਵੀ ਕੁਝ ਬੂਟੇ ਲਾਏ ਹੋਏ ਸਨ। ਇਨ੍ਹਾਂ ਬੂਟਿਆਂ ਵਿੱਚ ਅੰਬ, ਆਉਲਾ, ਅਮਰੂਦ, ਅੰਗੂਰ, ਲੀਚੀ ਤੇ ਹੋਰ ਫ਼ਲਾਂ ਵਾਲੇ ਰੁੱਖ ਬਾੜੀ ਦੀ ਸ਼ਾਨ ਵਧਾਉਂਦੇ ਸਨ। ਸਾਢੇ ਕੁ ਚਾਰ ਫੁੱਟ ਉੱਚੀ ਚਾਰਦੀਵਾਰੀ ਤੋਂ ਜਦੋਂ ਵੀ ਮੇਰੀ ਨਜ਼ਰ ਦੂਸਰੇ ਪਾਸੇ ਪੈਂਦੀ ਤਾਂ ਲਾਲ ਸਿੰਘ ਹੋਰੀਂ ਕਿਆਰੀਆਂ ਵਿੱਚ ਬੀਜੀਆਂ ਸਬਜ਼ੀਆਂ ਦੀ ਗੋਡੀ ਕਰ ਰਹੇ ਹੁੰਦੇ ਜਾਂ ਮੋਟਰ ਚਲਾ ਕੇ ਬੂਟਿਆਂ ਨੂੰ ਪਾਣੀ ਲਾ ਰਹੇ ਹੁੰਦੇ... ਜਾਂ ਫਿਰ ਸਰਦੀਆਂ ਦੇ ਮੌਸਮ ਵਿੱਚ ਉਨ੍ਹਾਂ ਦੇ ਵਿਹੜੇ ਵਿੱਚ ਧੁੱਪੇ ਮੰਜਾ ਡਾਹਿਆ ਹੁੰਦਾ ਤੇ ਉਸ ਮੰਜੇ ਨੇੜੇ ਪਈ ਕੁਰਸੀ ’ਤੇ ਬੈਠ ਕੇ ਉਹ ਕੁਝ ਨਾ ਕੁਝ ਲਿਖ ਰਹੇ ਹੁੰਦੇ। ਗਰਮੀ ਦੇ ਮੌਸਮ ਵਿੱਚ ਉਹ ਅਕਸਰ ਹੀ ਵੱਡੇ ਬੂਟੇ ਦੀ ਛਾਵੇਂ ਮੰਜੇ ’ਤੇ ਬੈਠ ਕੇ ਅਖ਼ਬਾਰ ਪੜ੍ਹਦੇ ਦਿਖਾਈ ਦੇ ਜਾਂਦੇ ਸਨ।
ਇਹ ਦ੍ਰਿਸ਼ ਵੇਖ ਕੇ ਮਨ ਨੂੰ ਇੱਕ ਵੱਖਰੀ ਤਰ੍ਹਾਂ ਦਾ ਸਕੂਨ ਮਿਲਣਾ। ਇਸ ਤਰ੍ਹਾਂ ਲੱਗਣਾ ਜਿਵੇਂ ਮੇਰੇ ਸਿਰ ’ਤੇ ਵੱਡੇ ਭਰਾ ਦਾ ਹੱਥ ਹੋਵੇ। ਇਹ ਅਹਿਸਾਸ ਐਸਾ ਸੀ, ਜਿਸ ਦੇ ਆਸਰੇ ਮੈਨੂੰ ਕਦੇ ਕਿਸੇ ਗੱਲ ਦਾ ਫ਼ਿਕਰ ਨਹੀਂ ਸੀ ਰਿਹਾ। ਕਈ ਵਾਰੀ ਉਨ੍ਹਾਂ ਨੇ ਮੌਸਮੀ ਸਬਜ਼ੀਆਂ ਜਾਂ ਫ਼ਲ ਲਿਫ਼ਾਫ਼ੇ ਵਿੱਚ ਪਾ ਕੇ ਮੈਨੂੰ ਵੀ ਦੇ ਦੇਣੇ ਤੇ ਮੇਰਾ ਮਨ ਇੱਕ ਵੱਖਰੀ ਖ਼ੁਸ਼ੀ ਦੇ ਜਜ਼ਬੇ ਨਾਲ ਸਰਸ਼ਾਰ ਹੋ ਜਾਣਾ। ਅਸੀਂ ਕਾਫ਼ੀ ਦੇਰ ਕੰਧ ਦੇ ਆਰ-ਪਾਰ ਖੜ੍ਹੇ ਸਾਹਿਤਕ ਸਰਗਰਮੀਆਂ ਜਾਂ ਸਮਾਜਿਕ ਦੁੱਖ-ਸੁੱਖ ਫਰੋਲਦੇ ਹੋਏ ਤਾਜ਼ਾ ਦਮ ਹੋ ਕੇ ਵਾਪਸ ਆਪਣੇ ਘਰ ਆ ਕੇ ਸਾਹਿਤ ਪੜ੍ਹਦੇ ਜਾਂ ਕੁਝ ਲਿਖਣ ਲੱਗ ਜਾਂਦੇ। ਅੱਜ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਖ਼ੁਸ਼ੀਆਂ ਖੇੜੇ ਵੰਡਦੀ ਲਾਲ ਸਿੰਘ ਦੀ ਬਾੜੀ ਅੱਜ ਉਦਾਸ ਹੈ। ਬਾੜੀ ਦੇ ਬੂਟੇ ਤੇ ਰੁੱਖਾਂ ਦੇ ਪੱਤੇ ਸਿਰ ਝੁਕਾਈ ਖੜ੍ਹੇ ਹਨ। ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਉਹ ਵੀ ਆਪਣੇ ਮਾਲਕ ਦੀ ਕਮੀ ਨੂੰ ਮਹਿਸੂਸ ਕਰ ਰਹੇ ਹੋਣ। ਪਰ ਸਿਆਣਿਆਂ ਨੇ ਕਿਹਾ ਹੈ ‘ਮਰਨਾ ਸੱਚ ਤੇ ਜਿਊਣਾ ਝੂਠ।’ ਕਹਾਣੀਕਾਰ ਲਾਲ ਸਿੰਘ ਭਾਵੇਂ ਸਰੀਰਕ ਤੌਰ ’ਤੇ ਇਸ ਬਾੜੀ ਤੋਂ ਦੂਰ ਜਾ ਚੁੱਕੇ ਹਨ ਪਰ ਉਨ੍ਹਾਂ ਦੀ ਹੋਂਦ ਦਾ ਅਹਿਸਾਸ ਬਾੜੀ ਦਾ ਇਕੱਲਾ ਇਕੱਲਾ ਬੂਟਾ ਮਹਿਸੂਸ ਕਰ ਰਿਹਾ ਹੈ। ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਕਹਾਣੀਕਾਰ ਲਾਲ ਸਿੰਘ ਦੀ ਸਾਰੀ ਹਯਾਤੀ ਖੁਸ਼ਬੂ ਬਣ ਕੇ ਬਨਸਪਤੀ ਵਿੱਚ ਸਮਾ ਗਈ ਹੋਵੇ ਤੇ ਉਸ ਖੁਸ਼ਬੂ ਨਾਲ ਸਾਰੀ ਬਾੜੀ ਸੁਗੰਧਿਤ ਹੋ ਗਈ ਹੋਵੇ।
ਪੁਸਤਕ ‘ਬੇਸਮਝੀਆਂ’ ਉਨ੍ਹਾਂ ਦੀ ਸਵੈ-ਜੀਵਨੀ ਹੈ। ਇਸ ਵਿੱਚ ਲੇਖਕ ਜੀਵਨ ਦੇ 80ਵੇਂ ਵਰ੍ਹੇ ਵਿੱਚ ਧੁੱਪ ਵਿੱਚ ਬੈਠਾ ਆਪਣੇ ਪਿਛਲੇ ਬੀਤ ਗਏ ਜੀਵਨ ’ਤੇ ਝਾਤੀਆਂ ਮਾਰਦਾ ਹੈ। ਘਰ ਦਾ ਵਿਹੜਾ ਉਸ ਦੇ ਆਲੇ-ਦੁਆਲੇ ਦਾ ਸੰਸਾਰ ਹੈ। ਪੌੜੀ ਉਸ ਦੇ ਜੀਵਨ ਦਾ ਪ੍ਰਤੀਕ ਹੈ। ਪੌੜੀ ਦੇ ਡੰਡੇ ਉਸ ਦੇ ਬੀਤੇ ਵਰ੍ਹਿਆਂ ਦੀ ਗਿਣਤੀ ਪੇਸ਼ ਕਰਦੇ ਹਨ। ਪੌੜੀ ਦੇ ਡੰਡਿਆਂ ’ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਬਾਲ ਲੇਖਕ ਖ਼ੁਦ ਹੈ। ਲੇਖਕ ਇਸ ਸਵੈ-ਜੀਵਨੀ ਵਿੱਚ ਤਿੰਨ ਤਰ੍ਹਾਂ ਦੀ ਯਾਤਰਾ ਦਾ ਬਿਰਤਾਂਤ ਪੇਸ਼ ਕਰਦਾ ਹੈ।
ਉਸ ਦੀ ਪਹਿਲੀ ਯਾਤਰਾ ਜੀਵਨ ਯਾਤਰਾ ਹੈ। ਇਸ ਯਾਤਰਾ ਵਿੱਚ ਉਹ ਆਪਣੇ ਬਜ਼ੁਰਗਾਂ, ਆਪਣੇ ਬਚਪਨ, ਕਬੀਲਦਾਰੀਆਂ ਦੀਆਂ ਨਿੱਕੀਆਂ ਮੋਟੀਆਂ ਮੁਸ਼ਕਿਲਾਂ, ਜਿਵੇਂ ਪੜ੍ਹਾਈ, ਸ਼ਾਦੀ ਅਤੇ ਕੀਤੇ ਸੰਘਰਸ਼ ਦਾ ਬਿਆਨ ਕਰਦਾ ਹੈ। ਲੇਖਕ ਦੀ ਦੂਜੀ ਯਾਤਰਾ ਰੁਜ਼ਗਾਰ ਦੀ ਯਾਤਰਾ ਹੈ। ਇਸ ਯਾਤਰਾ ਵਿੱਚ ਉਹ ਆਪਣੀਆਂ ਨੌਕਰੀਆਂ- ਭਾਖੜਾ ਨੰਗਲ ਦੀ ਮੁਸ਼ੱਕਤ ਭਰੀ ਨੌਕਰੀ, ਹਾਂਡਾ ਬ੍ਰਦਰਜ਼ ਦੀ ਸੇਲਜ਼ਮੈਨੀ ਅਤੇ ਭਾਰਤ ਭ੍ਰਮਣ ਦੇ ਤਜਰਬੇ ਸਾਂਝੇ ਕਰਦਾ ਹੈ। ਇੱਥੇ ਹੀ ਉਹ ਅਧਿਆਪਨ ਕਿੱਤੇ ਵੱਲ ਮੁੜਨ ਦਾ ਬਿਰਤਾਂਤ ਵੀ ਪੇਸ਼ ਕਰਦਾ ਹੈ।
ਤੀਸਰੀ ਯਾਤਰਾ ਕਹਾਣੀਕਾਰ ਲਾਲ ਸਿੰਘ ਦੀਆਂ ਸਾਹਿਤਕ ਪੈੜਾਂ ਦੀ ਨਿਸ਼ਾਨਦੇਹੀ ਕਰਦੀ ਹੈ। ਸਾਹਿਤ ਸਭਾਵਾਂ ਦੀਆਂ ਕਾਰਗੁਜ਼ਾਰੀਆਂ, ਆਲੋਚਕਾਂ ਦਾ ਵਤੀਰਾ ਅਤੇ ਪਾਠਕਾਂ ਵੱਲੋਂ ਦਿੱਤੀ ਹੱਲਾਸ਼ੇਰੀ ਦਾ ਜ਼ਿਕਰ ਮਿਲਦਾ ਹੈ। ਕੁੱਲ ਮਿਲਾ ਕੇ ਲਿਖਾਰੀ ਦਾ ਅਕਸ ਇੱਕ ਸੰਘਰਸ਼ਸ਼ੀਲ ਅਤੇ ਤਰਕਸ਼ੀਲ ਲੇਖਕ ਵਜੋਂ ਉਭਰਦਾ ਹੈ।
ਕਹਾਣੀਕਾਰ ਲਾਲ ਸਿੰਘ ਆਪਣੀਆਂ ਕਹਾਣੀਆਂ ਵਿੱਚ ਸਾਹਿਤਕ ਸੋਚ ਤੇ ਨਿੱਗਰ ਵਿਚਾਰਧਾਰਾ ਸਾਡੇ ਵਾਸਤੇ ਛੱਡ ਗਏ ਹਨ।
ਸੰਪਰਕ: 98552-35424

