DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਰ ਜੰਗ ਜਿੱਤਣ ਲਈ ...

ਦੋ ਮੁਲਕਾਂ ਵਿੱਚ ਜੰਗ ਛਿੜ ਜਾਣ ਦਾ ਸੰਸਾ ਹਵਾ ਵਿੱਚ ਵੀ ਸੀ ਤੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿੱਚ ਵੀ। ਉਨ੍ਹੀਂ ਦਿਨੀਂ ਹੀ ਇੱਕ ਤੀਵੀਂ ਗੁਆਂਢ ਤੋਂ ਸਾਡੇ ਘਰ ਆਈ ਸੀ। ਗੱਲਾਂ ਗੱਲਾਂ ਵਿੱਚ ਉਹਨੇ ਜੰਗ ਹੋਣ ਦੀ ਸੰਭਾਵਨਾ ਦਾ ਜ਼ਿਕਰ ਛੇੜ...

  • fb
  • twitter
  • whatsapp
  • whatsapp
Advertisement

ਦੋ ਮੁਲਕਾਂ ਵਿੱਚ ਜੰਗ ਛਿੜ ਜਾਣ ਦਾ ਸੰਸਾ ਹਵਾ ਵਿੱਚ ਵੀ ਸੀ ਤੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿੱਚ ਵੀ।

ਉਨ੍ਹੀਂ ਦਿਨੀਂ ਹੀ ਇੱਕ ਤੀਵੀਂ ਗੁਆਂਢ ਤੋਂ ਸਾਡੇ ਘਰ ਆਈ ਸੀ। ਗੱਲਾਂ ਗੱਲਾਂ ਵਿੱਚ ਉਹਨੇ ਜੰਗ ਹੋਣ ਦੀ ਸੰਭਾਵਨਾ ਦਾ ਜ਼ਿਕਰ ਛੇੜ ਲਿਆ ਤੇ ਬੋਲੀ, ‘‘ਫ਼ੌਜੀਆਂ ਨੂੰ ਤਾਂ ਚਾਅ ਚੜ੍ਹਿਆ ਹੋਊ ਬਈ ਜੰਗ ਲੜਾਂਗੇ।’’

Advertisement

ਉਹ ਤੀਵੀਂ ਨਹੀਂ ਸੀ ਜਾਣਦੀ ਕਿ ਮੈਂ ਇੱਕ ਸੈਨਿਕ ਸਾਂ। ਜੰਗ ਦੀ ਭਿਆਨਕਤਾ ਤੋਂ ਵੀ ਉਹ ਬੇਖ਼ਬਰ ਸੀ। ਬਿਨਾਂ ਕੁਝ ਸੋਚੇ ਸਮਝੇ ਹੀ ਉਹਨੇ ਆਪਣੇ ਵਿਚਾਰ ਪ੍ਰਗਟ ਕਰ ਦਿੱਤੇ ਸਨ।

Advertisement

ਜੰਗ ਕਿਸੇ ਸੈਨਿਕ ਦੀ ਆਪਣੀ ਨਹੀਂ ਹੁੰਦੀ। ਜੰਗ ਦੀ ਭਿਆਨਕਤਾ ਉਹਦੀ ਆਪਣੀ ਹੁੰਦੀ ਹੈ। ਲਹੂ ਦੀ ਉਸ ਖੇਡ ਤੋਂ ਤ੍ਰਹਿ ਕੇ ਹੀ ਸ਼ਾਇਰ ਸਾਹਿਰ ਲੁਧਿਆਣਵੀ ਨੇ ਪੁੱਛਿਆ ਸੀ:

ਖ਼ੁਦਾਇਆ ਬਰਤਰ!

ਤੇਰੀ ਜ਼ਮੀਂ ਪਰ

ਜ਼ਮੀਂ ਕੀ ਖ਼ਾਤਰ ਯੇਹ ਜੰਗ ਕਿਉਂ ਹੈ?

ਜ਼ਮੀਂ ਭੀ ਤੇਰੀ, ਹਮ ਭੀ ਤੇਰੇ

ਯੇਹ ਮਲਕੀਅਤ ਕਾ ਸੁਆਲ ਕਿਆ ਹੈ?

ਜਿਨਹੇਂ ਤਲਬ ਹੈ ਜਹਾਨ ਭਰ ਕੀ

ਉਨਹੀਂ ਕਾ ਦਿਲ ਇਤਨਾ ਤੰਗ ਕਿਉਂ ਹੈ?

ਫ਼ੌਜ ਨੂੰ ਆਖੀ ਮੇਰੀ ਅਲਵਿਦਾ ਦਾ ਵਰ੍ਹਾ ਬਹੁਤ ਪਿੱਛੇ ਰਹਿ ਗਿਆ ਹੈ। ਹਰਾ ਜੰਗਲ ਮਹਿਜ਼ ਫ਼ੌਜ ਨਹੀਂ ਸੀ, ਕਹਾਣੀਆਂ ਦਾ ਜੰਗਲ ਸੀ। ਜੰਗੀ ਹਥਿਆਰਾਂ ਵਿੱਚ ਦਿਨ-ਰਾਤ ਰਹਿੰਦਿਆਂ ਮੈਂ ਉਸ ਹਥਿਆਰ ਦੀ ਸੂਹ ਵੀ ਕੱਢ ਲਈ ਸੀ।

ਉਹ ਹਥਿਆਰ ਬੜਾ ਮੁਨਾਸਿਬ ਹੈ ਜ਼ਿੰਦਗੀ ਦੀ ਹਰ ਜੰਗ ਜਿੱਤਣ ਲਈ।

ਮੇਰੀ ਖ਼ਾਹਿਸ਼ ਹੈ ਕਿ ਉਹ ਹਥਿਆਰ ਹਰ ਆਮੋ-ਖ਼ਾਸ ਦਾ ਆਪਣਾ ਹੋਵੇ।

ਮੇਰਾ ਇਹ ਮਜ਼ਮੂਨ ਉਸੇ ਹਥਿਆਰ ਤੱਕ ਪਹੁੰਚਣ ਦੀ ਭੂਮਿਕਾ ਹੈ।

ਸਿਆਚਿਨ ਗਲੇਸ਼ੀਅਰ ਦੇ ਮੁਹਾਜ਼ ਤੋਂ ਘਰ ਵੱਲ ਤੁਰਨ ਵੇਲੇ ਮੈਂ ਆਪਣੀਆਂ ਫ਼ੌਜੀ ਵਰਦੀਆਂ ਦਾ ਜ਼ਖੀਰਾ ਕਾਲੇ ਟਰੰਕ ਵਿੱਚ ਬੰਦ ਕਰ ਦਿੱਤਾ ਸੀ।

ਤੇਈ ਵਰ੍ਹੇ ਇੱਕ ਉਮਰ ਸੀ ਤੇ ਮੈਂ ਫ਼ੌਜ ਦੇ ਉਨ੍ਹਾਂ ਤੇਈ ਵਰ੍ਹਿਆਂ ਨੂੰ ਪੁਰਾਣੀਆਂ ਵਰਦੀਆਂ ਵਾਂਗੂੰ ਕਿਸੇ ਕਾਲੇ ਟਰੰਕ ਵਿੱਚ ਬੰਦ ਨਹੀਂ ਸਾਂ ਕਰ ਸਕਿਆ।

ਚਾਲੁੰਕਾ ਵਾਲੀ ਸੜਕ ਦੇ ਕਿਨਾਰੇ ਮੀਲਾਂ ਤਕ ਚਿਣੀਆਂ ਪਈਆਂ ਲੱਕੜਾਂ ਕੋਲੋਂ ਮੈਂ ਅੱਖ ਚੁਰਾ ਕੇ ਲੰਘਿਆ ਸਾਂ। ਉਹ ਲੱਕੜਾਂ ਪਹਿਲਾਂ ਜਿੰਨੀਆਂ ਹੀ ਸਨ, ਖਰਚ ਵੀ ਹੁੰਦੀਆਂ ਰਹੀਆਂ ਸਨ, ਪਰ ਜਮ੍ਹਾਂ ਵੀ ਹੁੰਦੀਆਂ ਰਹੀਆਂ ਸਨ।

ਮੋਏ ਸੈਨਿਕਾਂ ਦੀਆਂ ਚਿਤਾਵਾਂ ਲਈ ਲੱਕੜਾਂ ਦੀ ਲੋੜ ਬਾਰੇ ਬ੍ਰਿਗੇਡ ਹੈੱਡਕੁਆਰਟਰ ਵਿੱਚ ਮੀਟਿੰਗ ਹੋਈ ਸੀ। ਮੈਂ ਵੀ ਉਸ ਮੀਟਿੰਗ ਵਿੱਚ ਸ਼ਾਮਿਲ ਸਾਂ। ਅਸੀਂ ਸਿਰ ਸੁੱਟ ਕੇ ਹਿਸਾਬ-ਕਿਤਾਬ ਲਾਇਆ ਸੀ। ਲੱਕੜਾਂ ਦੇ ਭਾਰ ਦਾ ਕੁੱਲ ਜੋੜ ਹਜ਼ਾਰਾਂ ਟਨ ਬਣਦਾ ਸੀ। ਨਿੱਤ ਮਰਨ ਵਾਲੇ ਸੈਨਿਕਾਂ ਦੀ ਗਿਣਤੀ ਵੱਡੀ ਸੀ।

ਸਿੱਖ ਰੈਜੀਮੈਂਟ ਦੇ ਕਮਾਨ ਅਫਸਰ ਨੂੰ ਮੈਂ ਉਹ ਚਿੱਠੀ ਵੀ ਲਿਖ ਕੇ ਦੇ ਆਇਆ ਸਾਂ ਜਿਹੜੀ ਮੌਤ ਦੀ ਖ਼ਬਰ ਲੈ ਕੇ ਕਿਸੇ ਸਿਪਾਹੀ ਦੇ ਘਰ ਵੱਲ ਤੁਰਦੀ ਸੀ। ਜਿੰਨੀ ਤੇਜ਼ੀ ਨਾਲ ਸੈਨਿਕ ਸਿਆਚਿਨ ਗਲੇਸ਼ੀਅਰ ਦੇ ਸੈਕਟਰ ਵਿੱਚ ਮਰਦੇ ਸਨ, ਓਨੀ ਤੇਜ਼ੀ ਨਾਲ ਉਨ੍ਹਾਂ ਦੇ ਘਰਾਂ ਨੂੰ ਚਿੱਠੀਆਂ ਲਿਖਣੀਆਂ ਕਰਨਲ ਰਣਜੀਤ ਲਈ ਸੰਭਵ ਨਹੀਂ ਸੀ। ਮੇਰੀ ਡਰਾਫਟ ਕੀਤੀ ਹੋਈ ਚਿੱਠੀ ਨੇ ਉਹਦਾ ਕੰਮ ਸੌਖਾ ਕਰ ਦਿੱਤਾ ਸੀ। ਉਹ ਚਿੱਠੀ ਉਸ ਸਿੱਖ ਪਲਟਨ ਦੇ ਦਫ਼ਤਰ ਦੀ ਮਾਸਟਰ ਫਾਈਲ ਦਾ ਹਿੱਸਾ ਹੋ ਗਈ ਸੀ। ਕਮਾਨ ਅਫ਼ਸਰ ਦੀ ਚਿੰਤਾ ਮੁੱਕ ਗਈ ਸੀ। ਜਦੋਂ ਵੀ ਕਿਸੇ ਸੈਨਿਕ ਦੇ ਘਰ ਅਲਾਹੁਣੀਆਂ ਲਈ ਚਿੱਠੀ ਭੇਜਣੀ ਹੁੰਦੀ ਤਾਂ ਦਫ਼ਤਰ ਦਾ ਕਲਰਕ ਮੇਰੀ ਡਰਾਫਟ ਕੀਤੀ ਹੋਈ ਚਿੱਠੀ ਵਿੱਚ ਨਵੇਂ ਮਰਨ ਵਾਲੇ ਸੈਨਿਕ ਦਾ ਨਾਮ, ਨੰਬਰ ਲਿਖ ਕੇ ਚਿੱਠੀ ਭੇਜ ਦਿੰਦਾ।

ਉਹ ਚਿੱਠੀ ਕਿੰਨਿਆਂ ਘਰਾਂ ਵਿੱਚ ਵੈਣ ਲੈ ਕੇ ਗਈ ਸੀ, ਇਹ ਗਿਣਤੀ ਕਰਨੀ ਮੁਹਾਲ ਹੋ ਗਈ ਸੀ।

ਉਹ ਸਿੱਖ ਬਟਾਲੀਅਨ ਸਿਆਚਿਨ ਖੇਤਰ ਵਿੱਚ ਨਵੀਂ ਨਵੀਂ ਸੀ। ਮੈਂ ਕਰਨਲ ਰਣਜੀਤ ਨੂੰ ਫ਼ੌਜੀ ਟਰੱਕਾਂ ਨੂੰ ਢਕਣ ਵਾਲੇ ਜਾਲਾਂ ਨਾਲ, ਬਰਫ਼ ਵਿੱਚ ਦੱਬੀਆਂ ਲਾਸ਼ਾਂ ਨੂੰ, ਬਰਫ਼ ਦੇ ਪਿਘਲਦੇ ਸਰੋਤਾਂ ਅੱਗੇ ਲਾ ਕੇ ਸੈਨਿਕਾਂ ਦੀਆਂ ਲਾਸ਼ਾਂ ਫੜਨ ਦੀ ਜਾਚ ਵੀ ਦੱਸ ਆਇਆ ਸਾਂ।

ਮੇਰੀ ਇੱਕ ਕਹਾਣੀ ਦੇ ਪਾਤਰ ਨੇ ਦੱਸਿਆ ਸੀ, ‘‘... ਜੰਗ ਨੂੰ ਜਾਣ ਵਾਲੇ ਨਹੀਂ ਪਰਤਦੇ। ਉਹ ਸਾਲਮ-ਸਬੂਤੇ ਕਦੀ ਨਹੀਂ ਪਰਤਦੇ। ਉਹ ਸਾਲਮ ਪਰਤੇ ਹੋਣ ਤਾਂ ਵੀ ਸਾਲਮ ਨਹੀਂ ਹੁੰਦੇ।’’

ਮੈਂ ਭਮੱਤਰ ਗਿਆ ਸਾਂ। ਕੀ ਮੈਂ ਸਿਆਚਿਨ ਗਲੇਸ਼ੀਅਰ ਤੋਂ ਸਾਬਤ ਪਰਤ ਆਇਆ ਸਾਂ?

* * *

ਉਹ ਜੋ ਪਿਛਲੇ ਦਿਨੀਂ ਜੰਗ ਲਈ ਤਰਲੋ-ਮੱਛੀ ਹੋਏ ਸਨ, ਕੀ ਉਨ੍ਹਾਂ ਨੂੰ ਪਤਾ ਹੈ ਜੰਗ ਕੀ ਹੁੰਦੀ ਹੈ?

ਉਨ੍ਹਾਂ ਨੂੰ ਕੀ ਪਤਾ। ਉਹ ਖ਼ੁਦ ਤਾਂ ਜੰਗ ਨਹੀਂ ਲੜਨਗੇ। ਉਨ੍ਹਾਂ ਨੂੰ ਬੱਸ ਏਨਾ ਕੁ ਪਤਾ ਹੈ ਕਿ ਆਮ ਲੋਕ ਸਿਆਸਤਦਾਨਾਂ ਦੇ ਵਰਤੇ ਜਾਣ ਲਈ ਹੁੰਦੇ ਨੇ।

ਜੰਗ ਲਈ ਸਿਆਸੀ ਆਕਾਵਾਂ ਦਾਭੋਂਪੂ ਵਜਾਉਣ ਵਾਲੇ ਵੀ ਜੰਗ ਦੀ ਵਹਿਸ਼ਤ ਅਤੇ ਭਿਆਨਕਤਾ ਨੂੰ ਨਹੀਂ ਜਾਣਦੇ।

ਮੈਂ ਬੇਸ਼ਊਰਿਆਂ ਦੀ ਖੇਡ ਦਾ ਚਿੱਠਾ ਫਰੋਲ ਰਿਹਾ ਹਾਂ ਇਸ ਨਜ਼ਮ ਵਿੱਚ:

ਲਹੂ ਦੀ ਖੇਡ ਜਿੱਤਦਾ ਨਹੀਂ ਕਦੀ ਕੋਈ

ਉਹ ਫੇਰ ਵੀ ਲੜੇ

ਯੁੱਧ ਦਾ ਘੱਟਾ

ਲਹੂ ਦੀ ਵਾਛੜ

ਜਜ਼ਬਿਆਂ ਦੇ ਕੱਖ ਕਾਣ

ਸੁਪਨਿਆਂ ਦੇ ਚਿੱਥੜੇ

ਖਿਲਰੇ ਕਲਬੂਤ ਹਾਸਲ ਬਣੇ।

ਹੈਵਾਨੀਅਤ ਕਿਤਾਬਾਂ ਵਿੱਚ ਹਾਰ ਜਾਂਦੀ ਸੀ

ਯੁੱਧ ਵਿੱਚ ਨਹੀਂ ਹਾਰੀ।

ਆਖ਼ਰ ਮੁਲਕ ਸਨ ਦੋਵੇਂ

ਬੇਸ਼ੱਕ ਪੱਛੇ ਹੋਏ

ਕੁਝ ਡਿੱਗੇ-ਢੱਠੇ

ਕੁਝ ਥੱਕ ਹੋਏ।

ਹਉਂ ਵਿੱਚ ਉਹ ਫੇਰ ਉੱਠੇ

ਉਡਾਉਣ ਲੱਗ ਪਏ ਦਾਅਵਿਆਂ ਦੇ ਭੁਕਾਨੇ

ਬਾਲਣ ਲੱਗ ਪਏ ਜਸ਼ਨਾਂ ਦੇ ਫ਼ਾਨੂਸ।

ਨੀਤੀਵਾਨ ਚਾਣਕਿਆ ਨੇ ਕਿਹਾ ਸੀ- ਜਿਸ ਜੰਗ ਵਿੱਚ ਰਾਜੇ ਨੂੰ ਝਰੀਟ ਤੱਕ ਨਾ ਆਵੇ, ਸਮਝ ਲਵੋ, ਜੰਗ ਨਹੀਂ, ਸਿਆਸਤ ਹੈ।

ਸਿਆਸਤ ਹਮੇਸ਼ਾ ਤੋਂ ਆਦਮਖ਼ੋਰ ਹੈ। ਜੰਗ ਵਿੱਚ ਸੈਨਿਕਾਂ ਦਾ ਮਰਨਾ ਜਾਂ ਆਮ ਲੋਕਾਂ ਦਾ ਮਰਨਾ, ਰਾਜੇ ਲਈ ਕੀੜਿਆਂ-ਮਕੌੜਿਆਂ ਦੇ ਮਰਨ ਵਾਂਗੂੰ ਹੈ। ਇਹ ਤਾਂ ਉਨ੍ਹਾਂ ਲਈ ਜਮ੍ਹਾਂ-ਤਫ਼ਰੀਕ ਦਾ ਸੁਆਲ ਮਾਤਰ ਹੈ।

ਜ਼ਰਾ ਪਹਿਲੀ ਸੰਸਾਰ ਜੰਗ ਦੇ ਅੰਕੜਿਆਂ ਉੱਤੇ ਵੀ ਨਜ਼ਰ ਮਾਰ ਲਈਏ।

ਉਸ ਜੰਗ ਵਿੱਚ ਨੱਬੇ ਲੱਖ ਸੈਨਿਕ ਮਰੇ ਸਨ। ਗ਼ੈਰ-ਸੈਨਿਕਾਂ ਦੇ ਮਰ ਜਾਣ ਦੀ ਗਿਣਤੀ ਲਗਭਗ ਸੱਤ ਲੱਖ ਹੈ। ਇਸ ਤੋਂ ਇਲਾਵਾ ਉਮਰ ਭਰ ਲਈ ਅਪਾਹਜ ਹੋ ਗਏ ਸੈਨਿਕਾਂ ਦੀ ਗਿਣਤੀ ਵੀ ਸੱਤਰ ਲੱਖ ਦੇ ਕਰੀਬ ਹੈ।

ਉਹ, ਜਿਨ੍ਹਾਂ ਨੂੰ ਜੰਗ ਚਾਹੀਦੀ ਹੈ, ਉਨ੍ਹਾਂ ਨੂੰ ਦੱਸਣਾ ਬਣਦਾ ਹੈ ਕਿ ਇੱਕ ਕੰਧ ਢਹਿ ਜਾਣ ਨਾਲ ਪੂਰਾ ਘਰ ਢਹਿ ਜਾਂਦਾ ਹੈ। ਉਸ ਮਲਬੇ ਵਿੱਚ ਬਹੁਤ ਸਾਰੇ ਸੁਪਨੇ ਸਾਹ ਤੋੜ ਦਿੰਦੇ ਨੇ। ਘਰਾਂ ਦੀਆਂ ਡੰਗੋਰੀਆਂ ਟੁੱਟ ਜਾਂਦੀਆਂ ਨੇ, ਚੁੱਲ੍ਹਿਆਂ ਦੀ ਅੱਗ ਬੁਝ ਜਾਂਦੀ ਹੈ।

ਜੰਗ ਮੁੱਕਣ ਤੋਂ ਬਾਅਦ ਵੀ ਜੰਗ ਮੁੱਕਦੀ ਨਹੀਂ, ਘਰ ਵਿੱਚ ਸਿਰ ਪੁੱਟ ਲੈਂਦੀ ਹੈ। ਜੰਗ ਤੋਂ ਬਾਅਦ ਵਾਲੀਆਂ ਅਲਾਮਤਾਂ ਦਾ ਬੋਲਬਾਲਾ ਹੋ ਜਾਂਦਾ ਹੈ। ਭੁੱਖਮਰੀ, ਬਿਮਾਰੀਆਂ ਤੇ ਮਹਾਂਮਾਰੀ ਫੈਲ ਜਾਂਦੀ ਹੈ। ਢਿੱਡ ਨੂੰ ਝੁਲਕਾ ਦੇਣ ਲਈ ਵੇਸਵਾਵਾਂ ਦੇ ਕੋਠੇ ਜਨਮ ਲੈਂਦੇ ਹਨ। ਇੱਕ ਰੋਟੀ ਦੇ ਟੁਕੜੇ ਲਈ ਧੀਆਂ, ਭੈਣਾਂ ਕੱਪੜੇ ਉਤਾਰਨ ਲੱਗ ਪੈਂਦੀਆਂ ਨੇ।

ਵੱਡੀ ਜੰਗ ਤੋਂ ਪਿੱਛੋਂ ਦੀਆਂ ਅਲਾਮਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਦਾ ਅਨੁਮਾਨ ਦਸ ਕਰੋੜ ਤੱਕ ਦਾ ਹੈ।

ਉਹ ਜੰਗ ਮਨੁੱਖਾਂ ਦਾ ਘਾਣ ਸੀ ਤੇ ਮਨੁੱਖਤਾ ਦਾ ਘਾਣ ਵੀ।

ਬਾਅਦ ਵਾਲੀਆਂ ਜੰਗਾਂ ਦੇ ਅੰਕੜੇ ਢਕੇ ਹੀ ਰਹਿਣ ਦੇਵਾਂ ਤਾਂ ਬਿਹਤਰ। ... ਹੌਲ ਪੈਂਦਾ ਹੈ ਸੋਚ ਕੇ ਵੀ।

* * *

ਫ਼ੌਜ ਨੂੰ ਅਲਵਿਦਾ ਕਹਿਣ ਵੇਲੇ ਮੈਂ ਸਿਆਚਿਨ ਗਲੇਸ਼ੀਅਰ ਦੀਆਂ ਬਰਫ਼ਾਂ ਵੱਲ ਵੇਖਿਆ ਸੀ। ਬੰਜਰ ਪਹਾੜਾਂ ਨੂੰ ਘੂਰਿਆ ਸੀ, ਕੁਦਰਤ ਨੂੰ ਆਖਿਆ ਸੀ, ‘‘ਜਿਨ੍ਹਾਂ ਨੂੰ ਮੈਂ ਪਿੱਛੇ ਛੱਡ ਚੱਲਿਆਂ ਹਾਂ, ਉਨ੍ਹਾਂ ਉੱਤੇ ਮਿਹਰਬਾਨ ਰਹੀਂ। ਇੱਥੋਂ ਦੂਰ, ਜਿੱਥੇ ਘਰ ਨੇ, ਕੋਈ ਉੱਥੇ ਉਨ੍ਹਾਂ ਨੂੰ ਉਡੀਕ ਰਿਹਾ ਹੈ।’’

ਮੇਰੀ ਏਨੀ ਕੁ ਦੁਆ ਮਨ ਦੀ ਹੂਕ ਵਰਗੀ ਸੀ, ਪਰ ਇਸਦਾ ਕੀ ਮਾਅਨਾ ਸੀ?

ਜੰਗ ਦੇ ਤਲਬਗਾਰਾਂ ਦੀਆਂ ਭੁੱਖਾਂ ਵੱਡੀਆਂ ਸਨ।

ਲੋੜ ਪੈਣ ਉੱਤੇ ਜੰਗ ਉਨ੍ਹਾਂ ਲਈ ਜਾਦੂ ਦੇ ਛਣਕਣੇ ਵਾਂਗੂੰ ਹੈ। ਉਸ ਛਣਕਣੇ ਨਾਲ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਵਰਚਾ ਸਕਦੇ ਹਨ। ਚੰਗੇ ਭਲੇ ਬੰਦਿਆਂ ਨੂੰ ਵੋਟਾਂ ਵਿੱਚ ਬਦਲ ਸਕਦੇ ਹਨ। ਦੇਸ਼ ਦੀਆਂ ਵਿਕਰਾਲ ਸਮੱਸਿਆਵਾਂ ਨੂੰ ਫ਼ੌਰੀ ਹੱਲ ਕਰਨ ਦੀ ਲੋੜ ਮੁੱਕ ਜਾਂਦੀ ਹੈ। ਜੰਗ ਸਾਹਵੇਂ ਉਹ ਸਮੱਸਿਆਵਾਂ ਆਪੇ ਹੀ ਅੱਖੋਂ ਪਰੋਖੇ ਹੋ ਜਾਂਦੀਆਂ ਹਨ। ਇਹ ਗੱਲ ਵੱਖਰੀ ਹੈ ਕਿ ਹੈਵਾਨੀਅਤ ਜਿਊਂਦੀ ਹੋ ਜਾਂਦੀ ਹੈ।

ਹੈਵਾਨੀਅਤ ਦੀ ਕਾਟ ਲਈ, ਪਿਆਰ, ਮੁਹੱਬਤ ਦੇ ਖ਼ਜ਼ਾਨੇ ਦੇ ਬੂਹੇ ਖੋਲ੍ਹਣ ਲਈ ‘ਖੁਲ ਜਾ ਸਿਮ-ਸਿਮ’ ਦਾ ਮੰਤਰ ਸਾਹਿਤ ਕੋਲ ਹੈ।

ਨਿਰਸੰਦੇਹ, ਕਲਮ ਕਾਰਗਰ ਹਥਿਆਰ ਹੈ।

ਹਰ ਜੰਗ ਜਿੱਤਣ ਲਈ ਇੱਕ ਮੁਨਾਸਿਬ ਹਥਿਆਰ ਦਾ ਖ਼ੁਲਾਸਾ ਵੀ ਹੈ ਇਸ ਨਜ਼ਮ ਵਿੱਚ।

ਤਵਾਰੀਖ਼ ਕਲਪੀ

ਪੁਰਾਣੀਆਂ ਜੰਗਾਂ ਦੇ ਉਸ ਵਰਕੇ ਫਰੋਲ ਦਿੱਤੇ

ਤੇ ਫਿਰ ਬੋਲੀ-

ਬੇ-ਸ਼ਊਰਿਓ! ਪੜ੍ਹੋ ਇਹ ਵੀ

ਜੇ ਜੰਗ ਜਿੱਤਣੀ ਹੈ

ਮੁਨਾਸਿਬ ਹਥਿਆਰ ਤਾਂ ਹੋਵੇ।

ਮੁਹੱਬਤ!

... ਤੇ ਸਿਰਫ਼ ਮੁਹੱਬਤ!

ਮੁੱਢ ਕਦੀਮ ਤੋਂ

ਜਿੱਤ ਦਾ ਹਥਿਆਰ ਇੱਕੋ।

ਏਦੂੰ ਸਪੱਸ਼ਟ ਗੱਲ ਹੋਰ ਮੈਂ ਕਿਸ ਤਰ੍ਹਾਂ ਕਹਾਂ? ਸਾਹਿਤ ਜੇ ਸਾਡੀ ਹੋਂਦ ਦਾ ਹਿੱਸਾ ਹੋ ਜਾਵੇ ਤਾਂ ਸਾਡੇ ਰਹਿਣ ਲਈ ਇਹ ਦੁਨੀਆ ਬਹੁਤ ਸੋਹਣੀ ਹੋ ਜਾਊ। ਉਦੋਂ ਜਿਹੜੀ ਹਵਾ ਰੁਮਕੂ ਉਹ ਅੰਨ੍ਹੀਂ ਮਚਾਵਣ ਵਾਲਿਆਂ ਦੀ ਜ਼ਮੀਰ ਨੂੰ ਜਿਊਂਦਿਆਂ ਕਰੂ। ਉਨ੍ਹਾਂ ਦੀ ਜੰਗ ਦੀ ਚਾਹਤ ਸਾਹਵੇਂ ਰੋਕਾਂ ਖੜ੍ਹੀਆਂ ਕਰੂ।

ਪਰ ਕੀ ਕਰੋਗੇ ਉਨ੍ਹਾਂ ਦਾ ਜਿਨ੍ਹਾਂ ਨੂੰ ਪਿਆਰ-ਮੁਹੱਬਤ ਦੇ ਅਰਥਾਂ ਦੀ ਕਦੀ ਸਮਝ ਨਹੀਂ ਪਈ।

ਉਹ,

ਜੋ ਮੁਲਕ ਸਨ

ਦਲੀਲਾਂ ਤੋਂ ਵੱਡੇ ਸਨ

ਜ਼ਿੰਦਗੀ ਦੇ ਸਾਜ਼ ਉੱਤੇ

ਗਾਉਂਦੇ ਰਹੇ ਅਲਾਹੁਣੀਆਂ

ਨਹੀਂ ਜਾਣਿਆ ਉਨ੍ਹਾਂ

ਸੋਧੇ ਹਰਫ਼ ਦੀ ਇਬਾਰਤ ਦਾ ਮਾਅਨਾ

ਨਹੀਂ ਪੜ੍ਹ ਸਕੇ

ਇੱਕ ਲਫ਼ਜ਼ ਮੁਹੱਬਤ!

ਸਾਨੂੰ ਜੰਗ ਨਹੀਂ ਚਾਹੀਦੀ। ਜੋ ਸਾਡੇ ਲੋਕ ਗੀਤ ਹਨ, ਜੋ ਲੋਕਾਂ ਦੇ ਦਿਲ ਦੀ ਜ਼ੁਬਾਨ ਹਨ, ਉਹ ਵੀ ਤਾਂ ਚਿਰਾਂ ਤੋਂ ਇਸੇ ਗੱਲ ਦੀ ਦੁਹਾਈ ਪਾ ਰਹੇ ਹਨ:

ਪੱਤ ਲੂਸ ਗਏ ਰੁੱਖਾਂ ਦੇ ਸਾਰੇ,

ਜੰਗ ਦੀ ਸੋਅ ਸੁਣ ਕੇ।

ਕੌਣ ਨਹੀਂ ਚਾਹੁੰਦਾ ਕਿ ਸਾਡੇ ਰਹਿਣ ਲਈ ਇਹ ਦੁਨੀਆ ਸੋਹਣੀ ਹੋਵੇ, ਖੁਸ਼ਬੂ ਅਤੇ ਪਿਆਰ-ਮੁਹੱਬਤ ਨਾਲ ਲਬਰੇਜ਼ ਹੋਵੇ।

ਬੱਸ ਇਸ ਤੋਂ ਵੱਧ ਹੋਰ ਕੁਝ ਨਹੀਂ ਚਾਹੀਦਾ ਸਾਨੂੰ।

ਜੰਗ ਜਨੌਰਾਂ ਦਾ ਜ਼ਸਨ ਹੈ, ਮਨੁੱਖਾਂ ਦਾ ਨਹੀਂ। ਇਸ ਤੋਂ ਵੱਧ ਹੋਰ ਕੀ ਹਾਂ?

Advertisement
×