DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਉਂ ਚੜ੍ਹੀਆਂ ਵਿਦਿਆ ਮੰਦਰ ਦੀਆਂ ਪੌੜੀਆਂ

ਭਾਪਾ ਜੀ ਸਰਕਾਰੀ ਕਰਮਚਾਰੀ ਸਨ ਤੇ ਉਨ੍ਹਾਂ ਦੀ ਪੋਸਟਿੰਗ ਸ਼ਹਿਰ ਵਿੱਚ ਸੀ। ਅਸੀਂ ਉਨ੍ਹਾਂ ਕੋਲ ਹੀ ਰਹਿੰਦੇ ਸਾਂ। ਮੈਂ ਭੈਣ ਭਰਾਵਾਂ ਵਿੱਚੋਂ ਵੱਡੀ ਸੀ। ਘਰ ਵਿੱਚ ‘ਅੰਗਰੇਜ਼ੀ ਟ੍ਰਿਬਿਊਨ’ ਅਖ਼ਬਾਰ ਆਉਂਦਾ ਸੀ ਤੇ ਛੋਟੀ ਉਮਰ ਵਿੱਚ ਹੀ ਭਾਪਾ ਜੀ ਨੇ ਮੇਰੀ...

  • fb
  • twitter
  • whatsapp
  • whatsapp
Advertisement

ਭਾਪਾ ਜੀ ਸਰਕਾਰੀ ਕਰਮਚਾਰੀ ਸਨ ਤੇ ਉਨ੍ਹਾਂ ਦੀ ਪੋਸਟਿੰਗ ਸ਼ਹਿਰ ਵਿੱਚ ਸੀ। ਅਸੀਂ ਉਨ੍ਹਾਂ ਕੋਲ ਹੀ ਰਹਿੰਦੇ ਸਾਂ। ਮੈਂ ਭੈਣ ਭਰਾਵਾਂ ਵਿੱਚੋਂ ਵੱਡੀ ਸੀ। ਘਰ ਵਿੱਚ ‘ਅੰਗਰੇਜ਼ੀ ਟ੍ਰਿਬਿਊਨ’ ਅਖ਼ਬਾਰ ਆਉਂਦਾ ਸੀ ਤੇ ਛੋਟੀ ਉਮਰ ਵਿੱਚ ਹੀ ਭਾਪਾ ਜੀ ਨੇ ਮੇਰੀ ਅੰਗਰੇਜ਼ੀ ਦੇ ਅੱਖ਼ਰਾਂ ਨਾਲ ਜਾਣ-ਪਛਾਣ ਕਰਵਾ ਦਿੱਤੀ। ਪੰਜ ਕੁ ਸਾਲ ਦੀ ਉਮਰ ਤੱਕ ਮੈਂ ਛੋਟੇ-ਮੋਟੇ ਹੈਡਿੰਗ ਪੜ੍ਹ ਲੈਂਦੀ ਸੀ। ਭਾਪਾ ਜੀ ਨੇ ਸਕੂਲ ਦਾਖ਼ਲ ਕਰਵਾ ਦਿੱਤਾ। ਕੁਝ ਚਿਰ ਪਿੱਛੋਂ ਦਾਦੀ ਨੇ ਸਾਨੂੰ ਪਿੰਡ ਬੁਲਾ ਲਿਆ। ਭਾਪਾ ਜੀ ਸਾਨੂੰ ਪਿੰਡ ਛੱਡ ਕੇ ਦੂਜੇ ਦਿਨ ਆਪਣੀ ਨੌਕਰੀ ’ਤੇ ਚਲੇ ਗਏ। ਮਾਂ ਦੇ ਉਜਰ ਕਰਨ ਦੇ ਬਾਵਜੂਦ ਦਾਦੀ ਸਾਨੂੰ ਪਿੰਡ ਦੇ ਸਕੂਲ ਦਾਖ਼ਲ ਕਰਵਾ ਆਈ ਤੇ ਸਾਡੀ ਪੜ੍ਹਾਈ ਪਿੰਡ ਤੋਂ ਸ਼ੁਰੂ ਹੋ ਗਈ।

ਬਠਿੰਡਾ ਬ੍ਰਾਂਚ ਨਹਿਰ ਦੇ ਕਿਨਾਰੇ ਘੁੱਗ ਵੱਸਦੇ ਇਸ ਪਿੰਡ ਨੂੰ ਆਜ਼ਾਦੀ ਤੋਂ ਬਾਅਦ ਛੇਤੀ ਹੀ ਹਾਈ ਸਕੂਲ ਦੀ ਵਧੀਆ ਸਹੂਲਤ ਮਿਲ ਗਈ ਸੀ। ਇਸ ਕਰ ਕੇ ਪਿੰਡ ਦੇ ਲੋਕ ਆਪਣੇ ਮੁੰਡਿਆਂ ਨੂੰ ਦਸਵੀਂ ਜਮਾਤ ਤੱਕ ਪੜ੍ਹਾਈ ਕਰਵਾ ਦਿੰਦੇ ਸਨ ਤਾਂ ਜੋ ਉਹ ਕਿਸੇ ਆਹਰੇ ਲੱਗ ਜਾਣ ਪਰ ਕੁੜੀਆਂ ਨੂੰ ਪੰਜਵੀਂ ਤੱਕ ਪੜ੍ਹਾਉਣਾ ਹੀ ਉਨ੍ਹਾਂ ਨੂੰ ਸਹੀ ਲੱਗਦਾ ਸੀ। ਹਾਈ ਸਕੂਲ ਵਿੱਚ ਥੋੜ੍ਹੀਆਂ ਹੀ ਕੁੜੀਆਂ ਪੜ੍ਹਦੀਆਂ ਸਨ। ਲੋਕਾਂ ਦਾ ਤਰਕ ਸੀ ਕਿ ਬਹੁਤਾ ਪੜ੍ਹ ਕੇ ਕਿਹੜਾ ਮਾਸਟਰਨੀਆਂ ਬਣਨਾ? ਹੁਣ ਘਰੇਲੂ ਕੰਮ ਸਿੱਖੋ। ਬੱਚਿਆਂ ਦੀ ਗਿਣਤੀ ਜ਼ਿਆਦਾ ਹੋਣ ਕਰ ਕੇ ਮੋਹਤਬਰਾਂ ਨੇ ਪ੍ਰਾਇਮਰੀ ਸਕੂਲ ਲਈ ਅਲੱਗ ਇਮਾਰਤ ਬਣਾ ਦਿੱਤੀ ਅਤੇ ਹਾਈ ਸਕੂਲ ਨੂੰ ਨਹਿਰ ਕਿਨਾਰੇ ਵਾਲੀ ਖੁੱਲ੍ਹੀ-ਡੁੱਲ੍ਹੀ ਬਿਲਡਿੰਗ ਮਿਲ ਗਈ ਜਿੱਥੇ ਨੇੜੇ ਤੇੜੇ ਦੇ ਪਿੰਡਾਂ ਦੇ ਬੱਚੇ ਵੀ ਪੜ੍ਹਨ ਆਉਂਦੇ ਸਨ। ਪ੍ਰਾਇਮਰੀ ਸਕੂਲ ਪਿੰਡ ਤੋਂ ਬਾਹਰਵਾਰ ਕਬਰਾਂ ਉੱਤੇ ਬਣਾ ਦਿੱਤਾ ਗਿਆ, ਜਗ੍ਹਾ ਇਸ ਦੀ ਵੀ ਬੜੀ ਖੁੱਲ੍ਹੀ ਤੇ ਸਾਫ਼ ਸੁਥਰੀ ਸੀ। ਕਮਰਿਆਂ ਦੇ ਅੱਗੇ ਫੁੱਲ ਬੂਟੇ ਲਾ ਕੇ ਬਹੁਤ ਸੁੰਦਰ ਦਿੱਖ ਦਿੱਤੀ ਗਈ ਸੀ ਤੇ ਬੱਚਿਆਂ ਦੇ ਖੇਡਣ ਲਈ ਵੱਡਾ ਮੈਦਾਨ ਵੀ ਸੀ ਪਰ ਸਕੂਲ ਘਰਾਂ ਤੋਂ ਬਹੁਤ ਦੂਰ ਸੀ। ਅੱਧੀ ਛੁੱਟੀ ਵੇਲੇ ਘਰ ਦੇ ਹੀ ਆਪਣੇ ਬੱਚਿਆਂ ਨੂੰ ਖਾਣਾ ਦੇ ਕੇ ਜਾਂਦੇ। ਸਰਦੀਆਂ ਵਿੱਚ ਤਾਂ ਨੇੜੇ ਚੱਲਦੇ ਘੁਲਾੜਿਆਂ ਤੋਂ ਚੂਪਣ ਲਈ ਗੰਨੇ ਤੇ ਗਰਮ ਗੁੜ ਵੀ ਮਿਲ ਜਾਂਦਾ ਸੀ, ਸਮਾਂ ਉਦੋਂ ਚੰਗਾ ਸੀ। ਜਿਸ ਬੱਚੇ ਦੇ ਘਰ ਦੇ ਕਮਾਦ ਪੀੜਦੇ ਉਹ ਬੱਚਾ ਅਧਿਆਪਕਾਂ ਨੂੰ ਵੀ ਗੰਨੇ ਤੇ ਗੁੜ ਖੁਸ਼ ਹੋ ਕੇ ਲਿਆ ਦਿੰਦਾ ਸੀ। ਸਾਨੂੰ ਤਾਏ-ਚਾਚੇ ਦੇ ਸਾਰੇ ਬੱਚਿਆਂ ਨੂੰ ਸਾਡੀ ਦਾਦੀ ਰੋਟੀ ਫੜਾ ਜਾਂਦੀ ਸੀ ਤੇ ਘਰੇ ਙ, ਞ, ਣ ਵਰਗੇ ਔਖੇ ਅੱਖ਼ਰ ਲਿਖਣੇ ਵੀ ਸਿਖਾ ਦਿੰਦੀ ਸੀ। ਕਦੀ ਕਦੀ ਗਰਮੀ ਦੀ ਰੁੱਤ ਵਿੱਚ ਸਾਡੇ ਨਾਲ-ਨਾਲ ਕੱਦੂ ਦਾ ਰਾਇਤਾ ਅਧਿਆਪਕਾਂ ਨੂੰ ਵੀ ਫੜਾ ਜਾਂਦੀ ਸੀ। ਉਸ ਦਾ ਵਿਸ਼ਵਾਸ ਸੀ ਕਿ ਗੁਰੂਆਂ ਦੀ ਸੇਵਾ ਕਰਨ ਵਾਲੇ ਮਾਪਿਆਂ ਦੇ ਬੱਚੇ ਬਹੁਤ ਹੁਸ਼ਿਆਰ ਨਿਕਲਦੇ ਹਨ ਤੇ ਸਾਡੇ ਪਰਿਵਾਰ ’ਤੇ ਉਸ ਦਾ ਵਿਸ਼ਵਾਸ ਬਿਲਕੁਲ ਖ਼ਰਾ ਉਤਰਿਆ। ਕੁੜੀਆਂ ਨੂੰ ਘਰੋਂ ਖ਼ਾਸ ਹਦਾਇਤ ਕੀਤੀ ਜਾਂਦੀ ਸੀ ਕਿ ਤੁਸੀਂ ਘਰੋਂ ਸਕੂਲ ਅਤੇ ਸਕੂਲ ਤੋਂ ਸਿੱਧਾ ਘਰ ਹੀ ਪਹੁੰਚਣਾ ਹੈ, ਰਸਤੇ ਵਿੱਚ ਕਿਤੇ ਰੁਕਣਾ ਨਹੀਂ। ਚੌਥੀ ਜਮਾਤ ਤੱਕ ਪਹੁੰਚਣ ਤੱਕ ਮੈਨੂੰ ਦੂਜੀ ਸਖ਼ਤ ਤਾੜਨਾ ਇਹ ਕਰ ਦਿੱਤੀ ਕਿ ਜਦੋਂ ਤੱਕ ਤੂੰ ਕਲਾਸ ਵਿੱਚੋਂ ਫਸਟ ਆਵੇਂਗੀ ਤਾਂ ਅਗਲੀ ਕਲਾਸ ਵਿੱਚ ਦਾਖ਼ਲਾ ਕਰਵਾ ਦਿੱਤਾ ਜਾਵੇਗਾ ਨਹੀਂ ਤਾਂ ਘਰ ਬੈਠ ਕੇ ਘਰੇਲੂ ਕੰਮ ਕਰਨੇ ਪੈਣਗੇ। ਪਰ ਮੈਂ ਇਸ ਧਮਕੀ ਤੋਂ ਬੇਫ਼ਿਕਰ ਸੀ ਕਿਉਂਕਿ ਮੈਂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ।

Advertisement

ਛੇਵੀਂ ਜਮਾਤ ਵਿੱਚ ਹਾਈ ਸਕੂਲ ਦਾਖ਼ਲ ਹੋਣਾ ਸੀ ਵੱਡਿਆਂ ਨੇ ਫਿਰ ਰੇੜਕਾ ਪਾ ਲਿਆ ਕਿ ਸਕੂਲ ਦੂਜੀ ਪੱਤੀ ਵਿੱਚ ਹੈ, ਕੁੜੀ ਨੂੰ ਬੇਗ਼ਾਨੀ ਪੱਤੀ ਦੇ ਸਕੂਲ ਨਹੀਂ ਭੇਜਣਾ ਅਤੇ ਨਾਲ ਹੀ ਫ਼ਤਵਾ ਦੇ ਦਿੱਤਾ ਕਿ ਪੰਜਵੀਂ ਤੱਕ ਪੜ੍ਹਾਈ ਬਹੁਤ ਹੈ, ਚਿੱਠੀ ਪੱਤਰ ਜੋਗੀ ਹੋ ਗਈ ਹੈ। ਭਾਪਾ ਜੀ ਮੈਨੂੰ ਪੜ੍ਹਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਪੋਸਟਿੰਗ ਦੂਰ ਸੀ, ਛੇਤੀ ਆ ਨਹੀਂ ਸਕਦੇ ਸਨ। ਉਧਰ ਦਾਖ਼ਲਾ ਲੇਟ ਹੋ ਰਿਹਾ ਸੀ। ਮਾਂ ਦੀ ਸਾਂਝੇ ਘਰ ਵਿੱਚ ਕੋਈ ਸੁਣਵਾਈ ਨਹੀਂ ਸੀ, ਵਿਚਾਰੀ ਨੇ ਦਾਦੀ ਦੇ ਤਰਲੇ ਕੀਤੇ, ਆਪਣੇ ਕੋਲੋਂ ਦਾਖ਼ਲਾ ਫੀਸ ਦਿੱਤੀ ਜੋ ਉਨ੍ਹਾਂ ਭਲੇ ਸਮਿਆਂ ਵਿੱਚ ਸਿਰਫ਼ ਸੱਠ ਰੁਪਏ ਸਨ। ਦਾਦੀ ਦਾਖ਼ਲ ਤਾਂ ਛੇਵੀਂ ਜਮਾਤ ਵਿੱਚ ਕਰਵਾ ਆਈ ਪਰ ਘਰ ਆ ਕੇ ਫਿਰ ਹੋਰ ਸਖ਼ਤ ਪਾਬੰਦੀਆਂ ਲਾ ਦਿੱਤੀਆਂ। ਚੁੰਨੀ ਸਿਰ ਤੋਂ ਲਹਿਣੀ ਨਹੀਂ ਚਾਹੀਦੀ, ਸਿੱਧੇ ਘਰੋਂ ਸਕੂਲ ਤੇ ਸਕੂਲੋਂ ਘਰ ਆਉਣਾ ਹੈ, ਰਾਹ ਵਿੱਚ ਸੱਥ ਹੈ ਉਥੋਂ ਨੀਵੀਂ ਪਾ ਕੇ ਲੰਘਣਾ ਹੈ, ਰਾਹ ਵਿੱਚ ਹੱਸਣਾ ਮਨ੍ਹਾਂ ਹੈ। ਮੈਂ ਛੇਵੀਂ ਤੋਂ ਦਸਵੀਂ ਤੱਕ ਮੋਨੀਟਰੀ ਕੀਤੀ, ਸਾਰੀਆਂ ਕਲਾਸਾਂ ਚੋਂ ਫਸਟ ਆਈ। 1974-75 ’ਚ ਦਸਵੀਂ ਵਿੱਚੋਂ ਜ਼ਿਲ੍ਹੇ ਵਿੱਚੋਂ ਸੱਤਰ ਫ਼ੀਸਦੀ ਨੰਬਰ ਲੈ ਕੇ ਮੋਹਰੀ ਰਹੀ। ਸਕੂਲ ਵਿੱਚ ਇੱਕ ਸਰਕਾਰੀ ਚਿੱਠੀ ਆਈ ਜਿਸ ਵਿੱਚ ਲਿਖਿਆ ਸੀ ਕਿ ਗਵਰਨਰ ਪੰਜਾਬ ਮੇਰੀ ਕਾਰਗੁਜ਼ਾਰੀ ਤੋਂ ਬੜੇ ਖੁਸ਼ ਹਨ, ਮੈਨੂੰ ਸੌ ਰੁਪਏ ਇਨਾਮ ਵੀ ਦਿੱਤਾ ਗਿਆ ਸੀ। ਹਾਂ, ਅੱਗੇ ਸਰਕਾਰੀ ਕਾਲਜ ਵਿੱਚ ਪੜ੍ਹਨ ਲਈ ਸਰਕਾਰ ਮੈਨੂੰ ਵਜ਼ੀਫਾ ਵੀ ਦੇਵੇਗੀ। ਪਰ ਇਹ ਵਜ਼ੀਫਾ ਵੀ ਮੈਨੂੰ ਨਹੀਂ ਮਿਲ ਸਕਿਆ ਕਿਉਂਕਿ ਸਾਡੇ ਨੇੜੇ ਕੋ-ਐਜੂਕੇਸ਼ਨਲ ਕਾਲਜ ਸੀ ਤੇ ਮੈਨੂੰ ਤਾਂ ਕੁੜੀਆਂ ਦੀ ਅਕੈਡਮੀ ਵਿੱਚ ਵੀ ਮੇਰੇ ਅਧਿਆਪਕਾਂ ਦੀ ਪੁਰਜ਼ੋਰ ਸਿਫ਼ਾਰਸ਼ ਅਤੇ ਮੇਰੇ ਕਲੇਸ਼ ਤੋਂ ਬਾਅਦ ਦਾਖ਼ਲ ਕਰਵਾਇਆ ਗਿਆ ਸੀ ਜਿਸ ਵਿੱਚ ਸਿਰਫ਼ ਆਰਟਸ ਗਰੁੱਪ ਹੀ ਸੀ। ਮੇਰੇ ਮਾਪੇ ਤੇ ਸਕੂਲ ਦੇ ਅਧਿਆਪਕ ਮੇਰੇ ਦਸਵੀਂ ਦੇ ਨਤੀਜੇ ਤੋਂ ਬੇਹੱਦ ਖੁਸ਼ ਹੋਏ। ਅਧਿਆਪਕਾਂ ਦੀ ਮੰਗ ਸੀ ਕਿ ਸਾਨੂੰ ਦੇਸੀ ਘਿਓ ਦੇ ਬਿਸਕੁਟਾਂ ਨਾਲ ਚਾਹ ਪਾਰਟੀ ਦਿੱਤੀ ਜਾਵੇ। ਮੇਰੀ ਮਾਂ ਨੇ ਦੇਸੀ ਘਿਓ ਦੇ ਬਿਸਕੁਟ ਬਣਵਾਏ ਤੇ ਖੋਆ ਵੀ ਕੱਢਿਆ। ਮੈਨੂੰ ਅੱਜ ਵੀ ਯਾਦ ਹੈ ਮੇਰੇ ਭਾਪਾ ਜੀ ਦੇ ਇੱਕ ਹੱਥ ਵਿੱਚ ਵੱਡਾ ਚਾਹ ਵਾਲਾ ਡੋਲੂ ਚੁੱਕਿਆ ਹੋਇਆ ਸੀ ਤੇ ਦੂਜੇ ਹੱਥ ਵਿੱਚ ਬਿਸਕੁਟਾਂ ਵਾਲਾ ਡੱਬਾ ਸੀ। ਮੇਰੇ ਕੋਲ ਖੋਏ ਵਾਲਾ ਡੱਬਾ ਸੀ। ਖ਼ੈਰ ਸਾਰਾ ਸਟਾਫ਼ ਬਾਗ਼ੋਬਾਗ ਹੋ ਗਿਆ। ਮੇਰੇ ਵੀ ਪੈਰ ਭੋਇੰ ’ਤੇ ਨਹੀਂ ਲੱਗ ਰਹੇ ਸਨ।

Advertisement

ਅਕੈਡਮੀ ’ਚੋਂ ਬੀ ਏ ਕਰਨ ਤੋਂ ਬਾਅਦ ਬੀ ਐੱਡ ਦੇ ਦਾਖ਼ਲੇ ਦੀ ਤਕੜੀ ਜਦੋ-ਜਹਿਦ ਤੋਂ ਬਾਅਦ ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਤੋਂ ਬੀ ਐੱਡ ਕੀਤੀ। ਜਿਵੇਂ ਕਿਵੇਂ ਐੱਮ ਏ ਕੀਤੀ। ਵਿਆਹ ਤੋਂ ਬਾਅਦ ਦੋ ਹੋਰ ਐੱਮ ਏ ਕੀਤੀਆਂ। ਐੱਮਫਿਲ ਕਰ ਕੇ ਯੂਨੀਵਰਸਿਟੀ ’ਚ ਪੜ੍ਹਨ ਦਾ ਚਾਅ ਵੀ ਪੂਰਾ ਕੀਤਾ। ਧੰਨਵਾਦੀ ਹਾਂ ਸਵਰਗੀ ਮਾਪਿਆਂ ਦੀ ਅਤੇ ਸਤਿਕਾਰ ਯੋਗ ਅਧਿਆਪਕਾਂ ਦੀ ਜਿਨ੍ਹਾਂ ਨੇ ਪੜ੍ਹਨ ਦੀ ਚਿਣਗ ਲਾਈ। ਮੇਰਾ ਪੜ੍ਹਨ ਦਾ ਸ਼ੌਕ ਅੱਜ ਵੀ ਬਰਕਰਾਰ ਹੈ।

ਸੰਪਰਕ: 98766-35262

Advertisement
×