ਇਹ ਵੀ ਕੇਰਲਾ
ਹਰ ਸਾਲ ਬਹੁਤ ਸਾਰੇ ਉੱਤਰ ਭਾਰਤੀ ਲੋਕ ਕੇਰਲਾ ਘੁੰਮਣ ਜਾਂਦੇ ਹਨ। ਮੈਂ ਉਸ ਕੇਰਲਾ ਦੀ ਗੱਲ ਕਰਨ ਲੱਗਾ ਹਾਂ ਜਿਸ ਦਾ ਨਾਂ ਕੁਝ ਦਿਨ ਪਹਿਲਾਂ ਹੀ ਕੇਂਦਰੀ ਕੈਬਨਿਟ ਨੇ ਬਦਲ ਕੇ ਕੇਰਲਮ ਕਰਨ ਦੀ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ ਹੈ। ਕੇਰਲਾ...
ਹਰ ਸਾਲ ਬਹੁਤ ਸਾਰੇ ਉੱਤਰ ਭਾਰਤੀ ਲੋਕ ਕੇਰਲਾ ਘੁੰਮਣ ਜਾਂਦੇ ਹਨ। ਮੈਂ ਉਸ ਕੇਰਲਾ ਦੀ ਗੱਲ ਕਰਨ ਲੱਗਾ ਹਾਂ ਜਿਸ ਦਾ ਨਾਂ ਕੁਝ ਦਿਨ ਪਹਿਲਾਂ ਹੀ ਕੇਂਦਰੀ ਕੈਬਨਿਟ ਨੇ ਬਦਲ ਕੇ ਕੇਰਲਮ ਕਰਨ ਦੀ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ ਹੈ। ਕੇਰਲਾ ਦੇ ਟੂਰ ਪੈਕੇਜ ਵਿੱਚ ਮੱਨਾਰ, ਥੇਕੜੀ ਅਤੇ ਐਲਪੀ ਵਰਗੀਆਂ ਥਾਵਾਂ ਉੱਤੇ ਤਿੰਨ ਤੋਂ ਪੰਜ ਰਾਤਾਂ ਦਾ ਸੈਰ-ਸਪਾਟਾ ਕਰਾਇਆ ਜਾਂਦਾ ਹੈ। ਇੱਕ ਰਾਤ ਕੋਚੀ ਵਿੱਚ ਵੀ ਠਹਿਰਾਅ ਦਿੱਤਾ ਜਾਂਦਾ ਹੈ। ਨਵੰਬਰ ਤੋਂ ਫਰਵਰੀ ਤੱਕ ਕੇਰਲਾ ਵਿੱਚ ਸਭ ਤੋਂ ਵੱਧ ਸੈਲਾਨੀ ਜਾਂਦੇ ਹਨ ਕਿਉਂਕਿ ਇਨ੍ਹਾਂ ਮਹੀਨਿਆਂ ਦੌਰਾਨ ਮੌਸਮ ਸੁਹਾਵਣਾ ਹੁੰਦਾ ਹੈ। ਵੈਸੇ ਪੰਜਾਬ ਦੀਆਂ ਸਰਦੀਆਂ ਦੌਰਾਨ ਕੇਰਲਾ ਸਮੇਤ ਸਾਰਾ ਦੱਖਣੀ ਭਾਰਤ ਗਰਮ ਜਿਹਾ ਹੀ ਹੁੰਦਾ ਹੈ। ਉਂਝ ਕੁਦਰਤੀ ਸੁਹੱਪਣ, ਸਮੁੰਦਰ, ਹਰਿਆਲੀ ਅਤੇ ਖਾਣ-ਪੀਣ ਤੋਂ ਇਲਾਵਾ ਕੇਰਲਾ ਵਾਲਿਆਂ ਦਾ ਸੱਭਿਆਚਾਰ ਦਿਲ ਨੂੰ ਟੁੰਬਣ ਵਾਲਾ ਹੈ। ਹੋਰ ਵੀ ਬਹੁਤ ਸਾਰੀਆਂ ਸਿਫ਼ਤਾਂ ਤੇ ਤਾਰੀਫ਼ਾਂ ਹੋ ਸਕਦੀਆਂ ਹਨ, ਪਰ ਮੇਰੇ ਚੇਤਿਆਂ ਵਿੱਚ ਜਿੱਦਾਂ ਕੇਰਲਾ ਨੇ ਵਾਸਾ ਕੀਤਾ ਹੈ ਉਹ ਬਹੁਤ ਹੈਰਾਨਕੁੰਨ ਤੇ ਅਜੀਬ ਹੈ! ਮੈਂ ਖ਼ੁਦ ਕੇਰਲਾ ਦੇ ਇਸ ਪੱਖ ਤੋਂ ਬਿਲਕੁਲ ਅਣਜਾਣ ਸਾਂ।
ਸਾਲ 2025 ਦੇ ਆਖ਼ਰੀ ਹਫ਼ਤੇ ਮੈਂ ਪਰਿਵਾਰ ਸਮੇਤ ਕੋਚੀ ਅਤੇ ਐਲਪੀ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਸਾਂ। ਕੋਈ ਟੂਰ ਪੈਕੇਜ ਨਹੀਂ ਲਿਆ ਸੀ। ਆਪਣੇ ਯਤਨਾਂ ਸਦਕਾ ਅਤੇ ਆਪਣੇ ਨਜ਼ਰੀਏ ਨਾਲ ਘੁੰਮਣ ਦੀ ਯੋਜਨਾ ਬਣਾਈ ਹੋਈ ਸੀ। ਖ਼ੈਰ, ਪਹਿਲੀ ਸ਼ਾਮ ਕੋਚੀ ਏਅਰਪੋਰਟ ਦੇ ਨੇੜੇ ਇੱਕ ਕਸਬਾਨੁਮਾ ਇਲਾਕੇ ਅੰਗਮਾਲੀ ਵਿੱਚ ਗੁਜ਼ਾਰੀ ਅਤੇ ਸਥਾਨਕ ਮਾਹੌਲ ਨੂੰ ਨੇੜਿਓਂ ਵੇਖਿਆ ਤੇ ਮਹਿਸੂਸ ਕੀਤਾ। ਕੋਚੀ ਆਮ ਸ਼ਹਿਰਾਂ ਵਰਗਾ ਹੈ ਪਰ ਇਸ ਸ਼ਹਿਰ ਵਿੱਚ ਜਿਹੜੀ ਸਭ ਤੋਂ ਖ਼ਾਸ ਗੱਲ ਮੈਂ ਦੇਖੀ ਉਹ ਹੈ ਸਰਕਾਰੀ ਲਾਟਰੀ ਦਾ ਧੰਦਾ। ਕੋਚੀ ਸ਼ਹਿਰ ਵਿੱਚ ਮੈਂ ਹਰੇਕ ਪੰਜ-ਸੱਤ ਦੁਕਾਨਾਂ ਬਾਅਦ ਲਾਟਰੀ ਵਿਕਰੇਤਾ ਦੀ ਦੁਕਾਨ ਦੇਖੀ। ਏਨੀਆਂ ਜ਼ਿਆਦਾ ਲਾਟਰੀ ਦੀਆਂ ਦੁਕਾਨਾਂ ਵੇਖ ਕੇ ਮੈਨੂੰ ਕਾਫ਼ੀ ਅਜੀਬ ਲੱਗਾ। ਜੇਕਰ ਕਿਸੇ ਥਾਂ ਦੁਕਾਨ ਨਾ ਦਿਸਦੀ ਤਾਂ ਲੋਕ (ਜ਼ਿਆਦਾਤਰ ਉਮਰਦਰਾਜ ਹੀ ਵੇਖੇ ਮੈਂ ਤਾਂ!) ਸੜਕ ਕਿਨਾਰੇ ਹੱਥਾਂ ਵਿੱਚ ਲਾਟਰੀ ਦੀਆਂ ਟਿਕਟਾਂ ਫੜੀ ਵੇਚਣ ਲਈ ਖੜ੍ਹੇ ਮਿਲਦੇ।
ਕੋਚੀ ਸ਼ਹਿਰ ਵਿੱਚ ਮੈਂ ਰੇਹੜੀ ਉੱਤੇ ਵੀ ਲਾਟਰੀ ਟਿਕਟਾਂ ਵਿਕਦੀਆਂ ਵੇਖੀਆਂ। ਹੋਰ ਸਾਮਾਨ ਵੇਚਣ ਵਾਲੇ ਕਈ ਦੁਕਾਨਦਾਰ ਨਾਲ ਲਾਟਰੀ ਦੀਆਂ ਟਿਕਟਾਂ ਵੀ ਵੇਚਦੇ ਦੇਖੇ। ਖੋਖੇ ਵਾਲੇ, ਰੇਹੜੀ ਵਾਲੇ, ਮੈਰੀਨ ਡਰਾਈਵ ਉੱਤੇ ਘੁੰਮਦੇ ਲੋਕ ਅਤੇ ਪਤਾ ਨ੍ਹੀਂ ਕਿਹੜੇ ਕਿਹੜੇ ਲੋਕ ਤੁਹਾਨੂੰ ਲਾਟਰੀ ਵੇਚਦੇ ਮਿਲ ਜਾਣਗੇ। ਕੇਰਲਾ ਦੇ ਪਿੰਡਾਂ ਵਿੱਚ ਸਾਈਕਲ ਮੂਹਰੇ ਫੱਟੇ ਉੱਤੇ ਲਾਟਰੀ ਟਿਕਟਾਂ ਵਿਛਾ ਕੇ ਵੇਚਦੇ ਲੋਕ ਆਮ ਮਿਲਦੇ ਹਨ। ਇਹ ਸਭ ਦੇਖ ਕੇ ਪਹਿਲੀ ਵਾਰ ਤਾਂ ਅਜੀਬ ਵੀ ਲੱਗਦਾ ਹੈ ਅਤੇ ਹੈਰਾਨੀ ਵੀ ਹੁੰਦੀ ਹੈ ਕਿਉਂਕਿ ਕੇਰਲਾ ਦੇ ਇਸ ਪੱਖ ਦਾ ਮੈਨੂੰ ਭੋਰਾ ਵੀ ਨਹੀਂ ਪਤਾ ਸੀ।
ਕੋਚੀ ਵਿੱਚ ਤਾਂ ਲਾਟਰੀ ਦੁਕਾਨਾਂ ਦੀ ਭਰਮਾਰ ਹੈ। ਇੱਕ ਕਰੋੜ ਰੁਪਏ ਦੇ ਪਹਿਲੇ ਇਨਾਮ ਵਾਲੀ ਲਾਟਰੀ ਦਾ ਨਤੀਜਾ ਰੋਜ਼ ਸ਼ਾਮ ਨੂੰ 3 ਵਜੇ ਨਿਕਲਦਾ ਹੈ। ਟਿਕਟ ਦੀ ਕੀਮਤ ਹੈ 50 ਰੁਪਏ। ਬਾਕੀ ਕਈ ਹਫ਼ਤਾਵਾਰੀ ਅਤੇ ਖ਼ਾਸ ਬੰਪਰ ਲਾਟਰੀਆਂ ਵੀ ਹਨ। ਦੁਕਾਨਾਂ ਉੱਤੇ ਇੱਕ 400 ਰੁਪਏ ਦੀ ਟਿਕਟ ਵੀ ਪਈ ਸੀ, ਜਿਸ ਦਾ ਪਹਿਲਾ ਇਨਾਮ 20 ਕਰੋੜ ਰੁਪਏ ਸੀ। ਕੋਚੀ ਵਿੱਚ ਮੈਂ ਲੋਕ ਆਮ ਹੀ ਲਾਟਰੀ ਖਰੀਦਦੇ ਦੇਖੇ ਹਨ। ਮੈਂ ਮਹਿਸੂਸ ਕੀਤਾ ਕਿ ਜੇਕਰ ਟਿਕਟਾਂ ਦੀ ਮੰਗ ਹੈ ਤਾਂ ਹੀ ਲਾਟਰੀ ਦੀ ਏਨੀ ਜ਼ਿਆਦਾ ਸਪਲਾਈ ਹੈ। ਭਾਵ ਦੁਕਾਨਾਂ ਅਤੇ ਵੇਚਣ ਵਾਲਿਆਂ ਦੀ ਭਰਮਾਰ ਹੈ।
ਕੋਚੀ ਅਤੇ ਐਲਪੀ ਘੁੰਮਦਿਆਂ ਜਦੋਂ ਮੈਨੂੰ ਤਿੰਨ-ਚਾਰ ਦਿਨ ਹੋ ਗਏ ਅਤੇ ਹਰ ਥਾਂ ਲਾਟਰੀ ਵੇਚਦੇ ਲੋਕ, ਦੁਕਾਨਾਂ ਦਿਸਦੀਆਂ ਗਈਆਂ ਤਾਂ ਮੈਂ ਇਸ ਬਾਬਤ ਔਨਲਾਈਨ ਸਰਚ ਕੀਤੀ। ਪਤਾ ਚੱਲਿਆ ਕਿ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਸਰਕਾਰੀ ਲਾਟਰੀ ਕੇਰਲਾ ਤੋਂ ਸ਼ੁਰੂ ਹੋਈ ਸੀ। ਇੱਥੇ ਲਾਟਰੀ 1967 ਵਿੱਚ ਸ਼ੁਰੂ ਕੀਤੀ ਗਈ ਸੀ। ਕੇਰਲਾ ਲਾਟਰੀ ਵਿਭਾਗ ਹਫ਼ਤੇ ਦੇ ਸੱਤੇ ਦਿਨ ਵੱਖ-ਵੱਖ ਨਾਵਾਂ (ਜਿਵੇਂ ਕਿ ਭਾਗਿਆਤਾਰਾ, ਸ੍ਰੀ ਸਕਤੀ, ਕਰੁਣਿਆ ਪਲੱਸ) ਨਾਲ ਡਰਾਅ ਕੱਢਦਾ ਹੈ। ਇਸ ਤੋਂ ਇਲਾਵਾ ਓਨਮ, ਕ੍ਰਿਸਮਸ, ਨਵੇਂ ਸਾਲ ਅਤੇ ਵਿਸੂ ਵਰਗੇ ਤਿਉਹਾਰਾਂ ’ਤੇ ਵਿਸ਼ੇਸ਼ ‘ਬੰਪਰ’ ਲਾਟਰੀਆਂ ਵੀ ਕੱਢੀਆਂ ਜਾਂਦੀਆਂ ਹਨ। ਡਰਾਅ ਤਿਰੂਵਨੰਤਪੁਰਮ ਵਿੱਚ ਗੋਰਕੀ ਭਵਨ ਵਿਖੇ ਜਨਤਕ ਤੌਰ ’ਤੇ ਕੱਢੇ ਜਾਂਦੇ ਹਨ।
ਕੇਰਲਾ ਵਿੱਚ ਕਰੀਬ ਡੇਢ ਲੱਖ ਲੋਕ ਆਪਣੀ ਰੋਜ਼ੀ-ਰੋਟੀ ਲਈ ਲਾਟਰੀ ਸੈਕਟਰ ’ਤੇ ਨਿਰਭਰ ਕਰਦੇ ਹਨ। ਲਾਟਰੀ ਵਿਭਾਗ ਕੋਲ ਅਧਿਕਾਰਤ ਤੌਰ ’ਤੇ 55,414 ਤੋਂ ਵੱਧ ਏਜੰਟਾਂ ਅਤੇ ਡੇਢ ਲੱਖ ਤੋਂ ਵੱਧ ਪ੍ਰਚੂਨ ਵਿਕਰੇਤਾਵਾਂ ਦਾ ਨੈੱਟਵਰਕ ਹੈ। ਸਰਕਾਰ ਹਰ ਰੋਜ਼ 1.8 ਕਰੋੜ ਤੋਂ ਵੱਧ ਟਿਕਟਾਂ ਛਾਪਦੀ ਹੈ। ਕੇਰਲਾ ਵਿੱਚ ਤਿੰਨ ਵਿੱਚੋਂ ਇੱਕ ਵਿਅਕਤੀ ਰੋਜ਼ਾਨਾ ਲਾਟਰੀ ਟਿਕਟ ਖਰੀਦਦਾ ਹੈ। ਕੇਰਲਾ ਮਾਡਲ ਦੀ ਕਾਮਯਾਬੀ ਤੋਂ ਬਾਅਦ ਮੌਜੂਦਾ ਸਮੇਂ ਪੰਜਾਬ ਸਮੇਤ 13 ਸੂਬੇ ਸਰਕਾਰੀ ਲਾਟਰੀ ਚਲਾ ਰਹੇ ਹਨ।
ਕੋਚੀ ਤੋਂ ਐਲਪੀ ਜਾਂਦੇ ਸਮੇਂ ਸਾਡੀ ਟੈਕਸੀ ਦਾ ਡਰਾਈਵਰ ਸੰਦੀਪ ਦੱਸ ਰਿਹਾ ਸੀ ਕਿ ਸਰਕਾਰ ਦੀ ਲਾਟਰੀ ਵਿੱਚ ਲੋਕਾਂ ਦਾ ਬਹੁਤ ਭਰੋਸਾ ਹੈ ਅਤੇ ਰੋਜ਼ਾਨਾ ਬਹੁਤ ਸਾਰੇ ਲੋਕ ਲਾਟਰੀ ਖਰੀਦਦੇ ਹਨ। ਇੱਕ ਥਾਂ ਅਰਥੁਨਕਲ ਪਿੰਡ ਦੀ ਵਿਸ਼ਵ ਪ੍ਰਸਿੱਧ ਸੈਂਟ ਐਂਡ੍ਰਿਊਜ਼ ਬੈਸਿਲੀਕਾ ਚਰਚ ਕੋਲ ਜਦੋਂ ਅਸੀਂ ਕਾਰ ਖੜ੍ਹਾਈ ਤਾਂ ਮੈਂ ਬਾਹਰ ਉੱਤਰ ਕੇ ਫੋਟੋਆਂ ਖਿੱਚਣ ਲੱਗ ਪਿਆ ਅਤੇ ਮੇਰੇ ਮੁੜ ਕੇ ਆਉਂਦੇ ਨੂੰ ਇੱਕ ਬਜ਼ੁਰਗ ਕੋਲੋਂ ਸੰਦੀਪ ਲਾਟਰੀ ਟਿਕਟਾਂ ਖਰੀਦ ਰਿਹਾ ਸੀ। ਮੈਂ ਵੀ 100 ਰੁਪਏ ਦੀਆਂ 2 ਟਿਕਟਾਂ ਲਈਆਂ ਅਤੇ ਸ਼ਾਮ ਨੂੰ ਜਦੋਂ ਆਨਲਾਈਨ ਨਤੀਜਾ ਦੇਖਿਆ ਤਾਂ ਇੱਕ ਟਿਕਟ ਉੱਤੇ 100 ਰੁਪਏ ਦਾ ਇਨਾਮ ਲੱਗਾ ਸੀ। 5000 ਰੁਪਏ ਤੱਕ ਦਾ ਇਨਾਮ ਕਿਸੇ ਵੀ ਦੁਕਾਨ ਜਾਂ ਏਜੰਟ ਤੋਂ ਲਿਆ ਜਾ ਸਕਦਾ ਹੈ। ਦੂਜੇ ਦਿਨ ਮੈਂ ਇਨਾਮੀ ਟਿਕਟ ਸੰਦੀਪ ਨੂੰ ਹੀ ਦੇ ਦਿੱਤੀ।
ਖ਼ੈਰ, ਹਰੇਕ ਸਟੇਟ ਦਾ ਕੋਈ ਨਾ ਕੋਈ ਖ਼ਾਸ ਜਾਂ ਦਿਲਚਸਪ ਪੱਖ ਹੁੰਦਾ ਹੈ ਅਤੇ ਮੈਨੂੰ ਕੇਰਲਾ ‘ਲਾਟਰੀਗ੍ਰਸਤ’ ਸੂਬੇ ਵਜੋਂ ਯਾਦ ਰਹੇਗਾ। ਇਹ ਵੱਖਰਾ ਵਿਸ਼ਾ ਹੈ ਕਿ ਲਾਟਰੀ ਹੋਣੀ ਚਾਹੀਦੀ ਹੈ ਜਾਂ ਨਹੀਂ ਕਿਉਂਕਿ ਇਸ ਬਾਬਤ ਸਭਨਾਂ ਦੇ ਆਪੋ-ਆਪਣੇ ਵਿਚਾਰ ਹੋ ਸਕਦੇ ਹਨ ਪਰ ਉਂਝ ਇੱਕ ਸੱਚ ਇਹ ਵੀ ਹੈ ਕਿ ਸਮਾਂ ਕਦੇ ਵੀ ਬਦਲ ਸਕਦਾ ਹੈ। ਇਸੇ ਉਮੀਦ ਨਾਲ ਤਾਂ ਲੋਕ ਲਾਟਰੀ ਪਾਉਂਦੇ ਹਨ।
ਸੰਪਰਕ: 97802-16767

