ਇੱਕ ਬਾਲੀ ਹੁੰਦਾ ਸੀ...
ਉਹ ਜੋ ਫੁੱਲ ਟੁੱਟਣ ’ਤੇ ਵੀ ਕੰਬ ਉੱਠਦਾ ਸੀ, ਉਸ ਦੇ ਹੱਥੀਂ ਆਏ ਨੇ ਹਥਿਆਰ ਕਿਵੇਂ? ਪਿਛਲੇ ਹਫ਼ਤੇ ਜਦੋਂ ਮੈਂ ਆਪਣੀ ਇੱਕ ਗ਼ਜ਼ਲ ਦਾ ਇਹ ਸ਼ਿਅਰ ਲਿਖਿਆ ਤਾਂ ਉਦੋਂ ਮੈਨੂੰ ਬਾਲੀ ਰਹਿ-ਰਹਿ ਕੇ ਚੇਤੇ ਆਇਆ| ਉਸ ਦਾ ਪੂਰਾ ਨਾਂ ਤਾਂ...
ਉਹ ਜੋ ਫੁੱਲ ਟੁੱਟਣ ’ਤੇ ਵੀ ਕੰਬ ਉੱਠਦਾ ਸੀ, ਉਸ ਦੇ ਹੱਥੀਂ ਆਏ ਨੇ ਹਥਿਆਰ ਕਿਵੇਂ? ਪਿਛਲੇ ਹਫ਼ਤੇ ਜਦੋਂ ਮੈਂ ਆਪਣੀ ਇੱਕ ਗ਼ਜ਼ਲ ਦਾ ਇਹ ਸ਼ਿਅਰ ਲਿਖਿਆ ਤਾਂ ਉਦੋਂ ਮੈਨੂੰ ਬਾਲੀ ਰਹਿ-ਰਹਿ ਕੇ ਚੇਤੇ ਆਇਆ| ਉਸ ਦਾ ਪੂਰਾ ਨਾਂ ਤਾਂ ਇਕਬਾਲ ਸੀ ਪਰ ਪਿਆਰ ਨਾਲ ਸਾਰੇ ਉਸ ਨੂੰ ਬਾਲੀ ਹੀ ਕਹਿੰਦੇ| ਉਮਰੋਂ ਉਹ ਸਾਡੇ ਤੋਂ ਵੱਡਾ ਸੀ ਪਰ ਉਹ ਰਹਿੰਦਾ ਸਾਡਾ ਹਾਣੀ ਬਣ ਕੇ ਸੀ| ਹਾਕੀ ਦਾ ਕਮਾਲ ਦਾ ਖਿਡਾਰੀ ਸੀ ਉਹ, ਗੇਂਦ ਲੈ ਕੇ ਹਵਾ ਹੋ ਜਾਂਦਾ ਸੀ ਤੇ ਫੇਰ ਗੋਲ ਵਾਲਾ ਫੱਟਾ ਖੜਕਾ ਕੇ ਹੀ ਮੁੜਦਾ ਸੀ ਵਿਰੋਧੀ ਟੀਮ ਨੂੰ ਉਸ ਦਾ ਏਨਾ ਖੌਫ਼ ਹੁੰਦਾ ਸੀ ਤੇ ਉਨ੍ਹਾਂ ਦੀ ਸਿਰਫ਼ ਇਹੋ ਕੋਸ਼ਿਸ਼ ਹੁੰਦੀ ਸੀ ਕਿ ਛੇਤੀ ਕੀਤਿਆਂ ਗੇਂਦ ਬਾਲੀ ਕੋਲ ਨਾ ਜਾਵੇ। ਉਹ ਵਿਰੋਧੀ ਟੀਮ ਦੇ ਖਿਡਾਰੀਆਂ ਦਾ ਘੇਰਾ ਤੋੜਦਾ ਤੇ ਫਿਰ ਗੇਂਦ ਉਸ ਦੇ ਹੱਥੇ ਚੜ੍ਹ ਜਾਂਦੀ ਤਾਂ ਫਿਰ ਸਿੱਧੇ ਫੱਟੇ ਖੜਕਣ ਦੀ ਹੀ ਆਵਾਜ਼ ਆਉਂਦੀ ਤੇ ਦਰਸ਼ਕਾਂ ਦੀਆਂ ਤਾੜੀਆਂ ਤੇ ਕੂਕਾਂ ਨਾਲ ਅਸਮਾਨ ਵੀ ਗੂੰਜ ਉੱਠਦਾ|
ਖਿਡਾਰੀ ਤਾਂ ਉਹ ਕਮਾਲ ਦਾ ਹੈ ਈ ਸੀ ਪਰ ਉਸ ਤੋਂ ਵੀ ਵੱਡਾ ਉਹ ਇਨਸਾਨ ਸੀ, ਆਪਣੀ ਧਰਤੀ ਤੇ ਆਪਣੀ ਮਿੱਟੀ ਨਾਲ ਜੁੜਿਆ ਹੋਇਆ| ਨਿੱਕੀ ਉਮਰੇ ਹੀ ਉਸ ਨੂੰ ਲੋਕ ਸੇਵਾ ਦਾ ਐਸਾ ਝੱਸ ਪਿਆ ਕਿ ਉਹ ਆਪਣੇ ਜ਼ਰੂਰੀ ਕੰਮ ਕਾਜ ਛੱਡ ਕੇ ਵੀ ਲੋੜਵੰਦਾਂ ਦੀ ਮਦਦ ਲਈ ਪਹੁੰਚ ਜਾਂਦਾ|
ਘਰਦਿਆਂ ਦਾ ਉਹ ਇੱਕੋ-ਇੱਕ ਪੁੱਤ ਸੀ| ਉਸ ਦੇ ਬਾਪ ਦੀ ਕਰਿਆਨੇ ਦੀ ਦੁਕਾਨ ਸੀ, ਸੁੱਖ ਨਾਲ ਕਾਰੋਬਾਰ ਬਹੁਤ ਵਧੀਆ ਸੀ ਪਰ ਬਾਲੀ ਦੁਕਾਨ ’ਤੇ ਕਦੇ-ਕਦੇ ਹੀ ਬਹਿੰਦਾ| ਉਹ ਤਾਂ ਸਾਰਾ ਦਿਨ ਲੋਕਾਂ ਦੇ ਕੰਮਾਂ-ਕਾਰਾਂ ਵਿੱਚ ਹੀ ਗੁਆਚਿਆ ਰਹਿੰਦਾ| ਥਾਣੇ, ਕਚਹਿਰੀ ਵਿੱਚ ਵੀ ਉਸ ਦੇ ਬਹੁਤ ਜਾਣਕਾਰ ਸਨ, ਉਹ ਕਿਸੇ ਦਾ ਅੜਿਆ ਕੰਮ ਮਿੰਟਾਂ ਸਕਿੰਟਾਂ ਵਿੱਚ ਕਰਵਾ ਦਿੰਦਾ ਤੇ ਲੋਕ ਉਸ ਨੂੰ ਦੁਆਵਾਂ ਦਿੰਦੇ| ਉਸ ਦਾ ਬਾਪ ਵੀ ਬੜਾ ਨੇਕ ਇਨਸਾਨ ਸੀ, ਸਭ ਨੂੰ ਮਿੱਠਾ ਬੋਲਣ ਵਾਲਾ ਤੇ ਤੇਰਾਂ-ਤੇਰਾਂ ਤੋਲਣ ਵਾਲਾ| ਉਸ ਨੇ ਵੀ ਬਾਲੀ ਨੂੰ ਦੁਕਾਨ ’ਤੇ ਬਹਿਣ ਲਈ ਕਦੇ ਜ਼ੋਰ ਨਹੀਂ ਸੀ ਪਾਇਆ ਤੇ ਨਾ ਹੀ ਕਦੇ ਕੋਈ ਸ਼ਿਕਾਇਤ ਕੀਤੀ ਸੀ| ਬਾਪ ਸੋਚਦਾ, ਚਲੋ ਇੱਕੋ-ਇੱਕ ਪੁੱਤਰ ਹੈ, ਨਾਲੇ ਉਹ ਕਿਹੜਾ ਕੋਈ ਗ਼ਲਤ ਕੰਮ ਕਰਦਾ ਫਿਰਦਾ ਹੈ, ਉਹ ਤਾਂ ਲੋਕਾਂ ਦੇ ਭਲੇ ਲਈ ਹੀ ਭੱਜਿਆ ਰਹਿੰਦਾ ਹੈ| ਜਦੋਂ ਕਦੇ ਆਉਂਦੇ-ਜਾਂਦੇ ਲੋਕ, ਉਸ ਦੇ ਬਾਪ ਕੋਲ ਉਸਦੀਆਂ ਤਾਰੀਫ਼ਾਂ ਕਰਦੇ ਤਾਂ ਬਾਪ ਖੁਸ਼ ਹੁੰਦਾ ਤੇ ਵਾਹਿਗੁਰੂ ਦਾ ਸ਼ੁਕਰ ਕਰਦਾ| ਵਾਹਿਗੁਰੂ ਵਾਹਿਗੁਰੂ ਕਰਦਾ ਉਹ ਆਪਣੇ ਆਹਰ ’ਚ ਰੁੱਝਿਆ ਰਹਿੰਦਾ| ਸਭ ਕੁਝ ਠੀਕ-ਠਾਕ ਤਾਂ ਚੱਲ ਰਿਹਾ ਸੀ ਕਿ ਵਕਤ ਨੇ ਐਸੀ ਕਰਵਟ ਬਦਲੀ ਕਿ ਪੂਰਾ ਪੰਜਾਬ ਦਹਿਸ਼ਤ ਦੇ ਮਾਹੌਲ ਵਿੱਚ ਜਿਊਣ ਲਈ ਮਜਬੂਰ ਹੋ ਗਿਆ| ਹਨੇਰੀ ਐਸੀ ਚੜ੍ਹੀ ਕਿ ਏਸੇ ਦੌਰਾਨ ਹੀ ਬਲੂ ਸਟਾਰ ਅਪਰੇਸ਼ਨ ਹੋ ਗਿਆ| ਰੋਜ਼ ਹੀ ਕਰਫਿਊ ਲੱਗਣ ਲੱਗੇ। ਕਰਫਿਊ ਨੇ ਲੋਕਾਂ ਦੀ ਮੱਤ ਮਾਰ ਦਿੱਤੀ। ਸਾਰੇ ਸੋਚਦੇ ਕਿ ਕਦੋਂ ਕਰਫਿਊ ਖੁੱਲ੍ਹੇ ਤੇ ਉਹ ਛੇਤੀ ਛੇਤੀ ਦਰਬਾਰ ਸਾਹਿਬ ਪਹੁੰਚਣ| ਬਹੁਤ ਦਿਨਾਂ ਬਾਅਦ ਅਸੀਂ ਸਾਰੇ ਦੋਸਤ ਗਰਾਊਂਡ ਵਿੱਚ ਖੇਡਣ ਤੋਂ ਮਗਰੋਂ ਘਾਹ ’ਤੇ ਆਰਾਮ ਕਰ ਰਹੇ ਸਾਂ ਕਿ ਸਾਨੂੰ ਦੂਰੋਂ ਆਉਂਦਾ ਬਾਲੀ ਦਿਸਿਆ| ਅਕਸਰ ਤੇਜ਼ ਕਦਮੀਂ ਤੁਰਨ ਵਾਲਾ ਬਾਲੀ, ਅੱਜ ਇਉਂ ਤੁਰ ਰਿਹਾ ਸੀ ਜਿਵੇਂ ਲੰਮੇ ਸਮੇਂ ਤੋਂ ਬਿਮਾਰ ਬੰਦਾ ਥੋੜ੍ਹਾ-ਥੋੜ੍ਹਾ ਠੀਕ ਹੋਣ ’ਤੇ ਹੌਲੀ-ਹੌਲੀ ਤੁਰਦਾ ਹੈ| ਉਹ ਸਾਡੇ ਨੇੜੇ ਆਇਆ ਤਾਂ ਉਸ ਦਾ ਹਸੂੰ ਹਸੂੰ ਕਰਦਾ ਚਿਹਰਾ ਵੀ ਅੱਜ ਬੁਝਿਆ-ਬੁਝਿਆ ਜਿਹਾ ਸੀ| ਗੱਲਾਂ ’ਚੋਂ ਗੱਲ ਕੱਢ ਕੇ ਹੱਸਣ ਹਸਾਉਣ ਵਾਲਾ, ਨਿੱਕੀ-ਨਿੱਕੀ ਗੱਲ ’ਤੇ ਕਹਿਕਹੇ ਲਾਉਣ ਵਾਲਾ ਬਾਲੀ, ਅੱਜ ਉਦਾਸ? ਅਸੀਂ ਸਾਰੇ ਹੀ ਉਸ ਦੀ ਹਾਲਤ ਦੇਖ ਕੇ ਪ੍ਰੇਸ਼ਾਨ ਹੋ ਗਏ| ਉਹ ਚੁੱਪ ਕਰ ਕੇ ਸਾਡੇ ਨਾਲ ਘਾਹ ’ਤੇ ਬੈਠ ਗਿਆ, ਆਪਣੀਆਂ ਨਜ਼ਰਾਂ ਘੁਮਾ ਕੇ ਸਾਡੇ ਸਾਰਿਆਂ ਵੱਲ ਦੇਖਣ ਲੱਗਿਆ ਤੇ ਅਚਾਨਕ ਉਸ ਨੇ ਆਪਣੀ ਢਿੱਲੀ ਜਿਹੀ ਪੈਂਟ ਦੀ ਜੇਬ ’ਚੋਂ ਇੱਕ ਤਿੱਖਾ ਜਿਹਾ ਚਾਕੂ ਕੱਢਿਆ ਤੇ ਸਾਡੇ ਦੇਖਦਿਆਂ-ਦੇਖਦਿਆਂ ਜ਼ੋਰ ਨਾਲ ਧਰਤੀ ’ਚ ਗੱਡ ਦਿੱਤਾ ਤੇ ਗੁੱਸੇ ਵਿੱਚ ਬੋਲਿਆ, ‘ਬਦਲਾ ਲਵਾਂਗੇ ਬਦਲਾ, ਜਿਨ੍ਹਾਂ ਜਾਬਰਾਂ ਨੇ ਸਾਡੀ ਧਰਤੀ ਦੀ ਹਿੱਕ ਪਾੜੀ ਐ ਨਾ, ਏਸੇ ਚਾਕੂ ਨਾਲ ਉਨ੍ਹਾਂ ਦੀਆਂ ਹਿੱਕਾਂ ਪਾੜਾਂਗੇ ਹਿੱਕਾਂ|’ ਏਨਾ ਕਹਿੰਦਿਆਂ ਉਸ ਦਾ ਚਿਹਰਾ ਪੂਰਾ ਲਾਲ ਸੀ ਤੇ ਅੱਖਾਂ ਵਿੱਚ ਰੋਹ!’ ਉਸ ਦੀ ਗੱਲ ਸੁਣ ਕੇ ਅਸੀਂ ਅੰਦਰੋਂ ਡਰ ਗਏ! ਉਮਰੋਂ ਨਿੱਕੇ ਹੋਣ ਕਰ ਕੇ ਸਾਡਾ ਉਸ ਤੋਂ ਕੁਝ ਪੁੱਛਣ ਜੇਰਾ ਹੀ ਨਾ ਪਿਆ! ਉਸ ਤੋਂ ਬਾਅਦ ਉਹ ਚੁੱਪ ਚਾਪ ਬੈਠਾ ਰਿਹਾ ਤੇ ਫਿਰ ਇੱਕਦਮ ਉਸ ਨੇ ਧਰਤੀ ’ਚ ਗੱਡਿਆ ਚਾਕੂ ਜ਼ੋਰ ਨਾਲ ਕੱਢਿਆ ਤੇ ਇਕੱਠਾ ਜਿਹਾ ਕਰਕੇ ਆਪਣੀ ਜੇਬ ਵਿੱਚ ਪਾ ਲਿਆ ਤੇ ਫਿਰ ਉਹ ਹੌਲੀ ਜਿਹੇ ਉੱਠਿਆ ਤੇ ਥੱਕੇ-ਥੱਕੇ ਕਦਮਾਂ ਨਾਲ ਤੁਰਦਾ ਸਾਡੀਆਂ ਅੱਖਾਂ ਤੋਂ ਓਝਲ ਹੋ ਗਿਆ ਤੇ ਅਸੀਂ ਹੈਰਾਨ-ਪ੍ਰੇਸ਼ਾਨ ਉਹ ਦੇ ਵੱਲ ਦੇਖਦੇ ਹੀ ਰਹਿ ਗਏ!
ਉਸ ਤੋਂ ਬਾਅਦ ਉਹ ਆਪਣੇ ਘਰੋਂ ਵੀ ਕਿਤੇ ਦੂਰ ਚਲਾ ਗਿਆ। ਇਸ ਦੀ ਕਿਸੇ ਨੂੰ ਕੋਈ ਖ਼ਬਰ ਨਹੀਂ ਸੀ ਕਿ ਉਹ ਕਿੱਥੇ ਗਿਆ ਹੈ। ਥੋੜ੍ਹੇ ਚਿਰਾਂ ਬਾਅਦ ਖ਼ਬਰ ਮਿਲੀ ਕਿ ਉਹ ਕਿਸੇ ਲਿਬਰੇਸ਼ਨ ਫੋਰਸ ਦਾ ਮੈਂਬਰ ਬਣ ਗਿਆ ਤੇ ਫਿਰ ਉਸ ਤੋਂ ਤਿੰਨ ਕੁ ਮਹੀਨਿਆਂ ਬਾਅਦ ਇੱਕ ਮਨਹੂਸ ਖ਼ਬਰ ਆਈ ਕਿ ਉਹ ਕਿਸੇ ਮੁਕਾਬਲੇ ਵਿੱਚ ਮਾਰਿਆ ਗਿਆ। ਉਸ ਦੀ ਮੌਤ ਦੀ ਖ਼ਬਰ ਸੁਣ ਕੇ ਮੈਂ ਥਾਵੇਂ ਹੀ ਸੁੰਨ ਹੋ ਗਿਆ ਤੇ ਮੇਰੀ ਤਾਂ ਧਾਹ ਨਿਕਲ ਗਈ। ਉਸ ਦਿਨ ਮੈਂ ਕਿੰਨਾ ਹੀ ਚਿਰ ਕਮਰੇ ਵਿੱਚ ਬੈਠਾ ਇਕੱਲਾ ਰੋਂਦਾ ਰਿਹਾ ਤੇ ਬਾਲੀ ਦਾ ਹੱਸਦਾ ਹਸਾਉਂਦਾ ਚਿਹਰਾ ਮੇਰੀਆਂ ਅੱਖਾਂ ਮੂਹਰੇ ਘੁੰਮਦਾ ਰਿਹਾ। ਅੱਜ ਵੀ ਸੋਚਦਾ ਹਾਂ ਕਿ ਉਸ ਲਾਲ ਹਨੇਰੀ ਨੇ ਮਾਪਿਆਂ ਦੇ ਕਿੰਨੇ ਜਵਾਨ ਪੁੱਤ ਖਾ ਲਏ, ਮਾਵਾਂ, ਧੀਆਂ ਤੇ ਭੈਣਾਂ ਦੀਆਂ ਚੀਕਾਂ ਅਣਸੁਣੀਆਂ ਹੀ ਰਹਿ ਗਈਆਂ। ਘਰਾਂ ਦੇ ਘਰ ਉੱਜੜ ਗਏ, ਕਿਸੇ ਕੋਲ ਕੋਈ ਲੇਖਾ-ਜੋਖਾ ਤੇ ਨਾ ਹੀ ਕੋਈ ਹਿਸਾਬ। ਅੱਜ ਚਿਰਾਂ ਬਾਅਦ ਜਦੋਂ ਮੈਂ ਇਹ ਸ਼ੇਅਰ ਲਿਖਿਆ ਤਾਂ ਮੇਰੀਆਂ ਅੱਖਾਂ ਮੂਹਰੇ ਬਾਲੀ ਦਾ ਹੱਸਦਾ ਚਿਹਰਾ ਆ ਗਿਆ। ਲੋੜਵੰਦਾਂ ਦੇ ਕੰਮਾਂ ਲਈ ਭੱਜਦਾ-ਭਜਾਉਂਦਾ, ਹਾਕੀ ਦੇ ਮੈਦਾਨ ਵਿੱਚ ਗੋਲ ਕਰਦਿਆਂ ਫੱਟੇ ਖੜਕਾਉਂਦਾ, ਦਰਸ਼ਕਾਂ ਤੋਂ ਵਾਹ-ਵਾਹ ਲੁੱਟਦਾ ਤੇ ਹੋਰ ਵੀ ਬੜਾ ਕੁਝ ਯਾਦ ਆ ਗਿਆ... ਮੇਰੀਆਂ ਅੱਖਾਂ ਫਿਰ ਨਮ ਹੋ ਗਈਆਂ ਤੇ ਅੰਦਰੋਂ ਇੱਕ ਆਵਾਜ਼ ਆਈ, ‘ਭਾਵੇਂ ਤੂੰ ਸਾਡੇ ਵਿੱਚ ਨਹੀਂ ਰਿਹਾ ਬਾਲੀ, ਇਹੋ ਕੌੜੀ ਹਕੀਕਤ ਹੈ ਪਰ ਤੂੰ ਸਾਡੇ ਚੇਤਿਆਂ ਵਿੱਚ ਹਮੇਸ਼ਾ ਰਹੇਗਾ।’
ਸੰਪਰਕ: 98142-53315

