ਤੇਲ ਖ਼ਾਤਰ ਜੰਗ ਦੀ ਬਿਸਾਤ
ਪੱਛਮੀ ਏਸ਼ੀਆ ਦਾ ਖਿੱਤਾ ਇਸ ਵੇਲੇ ਭਿਆਨਕ ਯੁੱਧ ਦੀ ਮਾਰ ਹੇਠ ਆਇਆ ਹੋਇਆ ਹੈ। ਇਸ ਨੂੰ ਇਕੱਲਾ ਖਾੜੀ ਦੇਸ਼ਾਂ ਦਾ ਯੁੱਧ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਵਿੱਚ ਇੱਕ ਪਾਸੇ ਅਮਰੀਕਾ-ਇਜ਼ਰਾਈਲ ਦੀ ਭਾਈਵਾਲੀ ਹੈ, ਦੂਜੇ ਪਾਸੇ ਇਰਾਨ ਦੇ ਨਿਊਕਲੀਅਰ ਪ੍ਰੋਗਰਾਮ...
ਪੱਛਮੀ ਏਸ਼ੀਆ ਦਾ ਖਿੱਤਾ ਇਸ ਵੇਲੇ ਭਿਆਨਕ ਯੁੱਧ ਦੀ ਮਾਰ ਹੇਠ ਆਇਆ ਹੋਇਆ ਹੈ। ਇਸ ਨੂੰ ਇਕੱਲਾ ਖਾੜੀ ਦੇਸ਼ਾਂ ਦਾ ਯੁੱਧ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਵਿੱਚ ਇੱਕ ਪਾਸੇ ਅਮਰੀਕਾ-ਇਜ਼ਰਾਈਲ ਦੀ ਭਾਈਵਾਲੀ ਹੈ, ਦੂਜੇ ਪਾਸੇ ਇਰਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਬਹਾਨਾ ਬਣਾ ਕੇ ਅਮਰੀਕਾ ਇਸ ਦੇ ਕੁਦਰਤੀ ਸਰੋਤਾਂ ’ਤੇ ਕਾਬਜ਼ ਹੋਣਾ ਚਾਹੁੰਦਾ ਹੈ। ਰੂਸ, ਚੀਨ ਤੇ ਨਾਟੋ ਦੇਸ਼ ਆਪੋ ਆਪਣਾ ਬਚਾਅ ਕਰਨ ਵਿੱਚ ਲੱਗੇ ਹੋਏ ਹਨ। ਭਾਰਤ ਦੀ ਖ਼ਾਮੋਸ਼ੀ ਅਮਰੀਕਾ-ਇਜ਼ਰਾਈਲ ਪੱਖੀ ਨਜ਼ਰ ਆ ਰਹੀ ਹੈ। ਦੁਨੀਆ ਊਰਜਾ ਦੇ ਵੱਡੇ ਸੰਕਟ ਵਿੱਚ ਘਿਰੀ ਹੋਈ ਹੈ। ਜੇ ਇਨ੍ਹਾਂ ਕਾਰਨਾਂ ਦੇ ਪਿਛੋਕੜ ’ਤੇ ਨਜ਼ਰ ਮਾਰੀਏ ਤਾਂ ਅਮਰੀਕਾ ਪਹਿਲਾਂ ਵੀ ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਵਿੱਚ ਇਰਾਨ ਤੋਂ ਮੂੰਹ ਦੀ ਖਾ ਕੇ ਪਰਤਿਆ ਸੀ। ਇਸ ਜੰਗ ਵਿੱਚ ਮਾਤ ਹੋਣ ’ਤੇ ਵੀ ਡੋਨਲਡ ਟਰੰਪ ਆਪਣੇ ਜ਼ਿੱਦੀ ਰਵੱਈਏ ਕਾਰਨ ਪਿੱਛੇ ਹਟਣ ਲਈ ਤਿਆਰ ਨਹੀਂ। ਓਧਰ ਇਰਾਨ ਵਾਰ-ਵਾਰ ਖਾੜੀ ਮੁਲਕਾਂ ਵਿੱਚ ਅਮਰੀਕਾ ਦੇ ਫ਼ੌਜੀ ਬੇਸ ਕੈਂਪਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਨ੍ਹਾਂ ਸਾਰੇ ਮਿਜ਼ਾਈਲ ਹਮਲਿਆਂ ਵਿੱਚ ਸੈਂਕੜੇ ਲੋਕ ਮਾਰੇ ਗਏ ਤੇ ਜ਼ਖ਼ਮੀ ਹੋਏ ਹਨ। ਹਾਲਾਤ ਪਲ ਪਲ ਬਦਲ ਰਹੇ ਹਨ। ਹੋਰਮੁਜ਼ ਜਲਡਮਰੂੁ ਇਸ ਯੁੱਧ ਵਿੱਚ ਨਿਰਣਾਇਕ ਮੋੜ ਹੈ ਕਿਉਂਕਿ ਇਸ ਰਾਹੀਂ ਤੇਲ ਦੁਨੀਆ ਨੂੰ ਸਪਲਾਈ ਹੁੰਦਾ ਹੈ। ਇਰਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅਮਰੀਕਾ ਤੇ ਉਸ ਦੇ ਹਮਾਇਤੀਆਂ ਨੂੰ ਇਸ ਰਸਤੇ ਵਿੱਚੋਂ ਹਰਗਿਜ਼ ਲੰਘਣ ਨਹੀਂ ਦੇਵੇਗਾ। ਅਮਰੀਕਾ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਲਈ ਉਸ ਨੇ ਡਾਲਰ ਦੀ ਥਾਂ ਚੀਨੀ ਕਰੰਸੀ ਵਿੱਚ ਤੇਲ ਦਾ ਵਪਾਰ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਪੂਰੀ ਦੁਨੀਆ ਊਰਜਾ ਤੇ ਆਰਥਿਕ ਸੰਕਟ ਵਿੱਚ ਘਿਰੀ ਨਜ਼ਰ ਆਉਂਦੀ ਹੈ।
ਰੂਸ ਦੇ ਇਨਕਲਾਬੀ ਆਗੂ ਤੇ ਚਿੰਤਕ ਲੈਨਿਨ ਨੇ ਇੱਕ ਵਾਰ ਕਿਹਾ ਸੀ ਕਿ ਪੂੰਜੀਵਾਦ ਜਿੰਨਾ ਜ਼ਿਆਦਾ ਵਿਕਸਿਤ ਹੋਵੇਗਾ, ਕੱਚੇ ਮਾਲ ਦੀ ਘਾਟ ਓਨੀ ਵਧੇਰੇ ਮਹਿਸੂਸ ਕੀਤੀ ਜਾਵੇਗੀ। ਇਸ ਘਾਟ ’ਤੇ ਕਾਬੂ ਪਾਉਣ ਲਈ ਆਪਸੀ ਹੋੜ ਤੇ ਸਾਰੀ ਦੁਨੀਆ ਵਿੱਚ ਕੱਚੇ ਮਾਲ ਦੇ ਸੋਮਿਆਂ ਦੀ ਭਾਲ ਓਨੀ ਜ਼ਿਆਦਾ ਤੇਜ਼ ਹੁੰਦੀ ਜਾਏਗੀ। ਕੱਚੇ ਮਾਲ ਦੇ ਸੋਮਿਆਂ ਵਾਲੇ ਵਿਭਿੰਨ ਦੇਸ਼ਾਂ ’ਤੇ ਕਬਜ਼ਾ ਕਰਨ ਦੀ ਲੜਾਈ ਸ਼ਰਮਨਾਕ ਰੂਪ ਅਖ਼ਤਿਆਰ ਕਰ ਜਾਏਗੀ। ਅੱਜ ਤੇਲ ਦੇ ਕੁਦਰਤੀ ਸੋਮਿਆਂ ਨਾਲ ਭਰਪੂਰ ਖਾੜੀ ਮੁਲਕਾਂ ਨਾਲ ਅਜਿਹਾ ਹੀ ਵਾਪਰ ਰਿਹਾ ਹੈ। ਲਗਾਤਾਰ ਫੈਲ ਰਹੇ ਪੂੰਜੀਵਾਦ ਨੇ ਸਾਰੀ ਦੁਨੀਆ ਦੇ ਕੱਚੇ ਮਾਲ ਦੇ ਸੋਮਿਆਂ ਨੂੰ ਸਿੱਧੇ/ਅਸਿੱਧੇ ਢੰਗ ਨਾਲ ਹੜੱਪਣ ਲਈ ਹਰ ਹਰਬਾ ਵਰਤਿਆ ਹੈ। ਇਸ ਨਾਲ ਦੁਨੀਆ ਵਿੱਚ ਇੱਕ ਅਜਿਹਾ ਅਸੰਤੁਲਨ ਪੈਦਾ ਹੋ ਗਿਆ ਹੈ, ਜਿਸ ਨੇ ਅੰਤਿਮ ਰੂਪ ਵਿੱਚ ਦੇਸ਼ਾਂ ਦੀ ਤਬਾਹੀ, ਮਨੁੱਖੀ ਵਸੋਂ ਦਾ ਘਾਣ, ਸਕੂਲਾਂ, ਹਸਪਤਾਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਰਿਹਾਇਸ਼ੀ ਤੇ ਵਪਾਰਕ ਇਮਾਰਤਾਂ ਨੂੰ ਬੇਹੱਦ ਨੁਕਸਾਨ ਪਹੁੰਚਾ ਕੇ ਉਦਾਸ ਹਨੇਰੇ ਵੱਲ ਧੱਕ ਦਿੱਤਾ ਹੈ, ਜਿਸ ਵਿੱਚ ਆਸ ਦੀ ਕਿਰਨ ਸਿਰਫ਼ ਪੂੰਜੀਵਾਦ ਤੋਂ ਛੁਟਕਾਰੇ ਦੇ ਰੂਪ ਵਿੱਚ ਨਜ਼ਰ ਆਉਂਦੀ ਹੈ। ਇਹ ਤੇਲ ਦੇ ਇਨ੍ਹਾਂ ਸੋਮਿਆਂ ਦੀ ਲੜਾਈ ਹੈ। ਇਸ ਲਈ ਇਤਿਹਾਸ ਵੱਲ ਜਾਣਾ ਪਵੇਗਾ।
ਜੇਕਰ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਪੱਛਮੀ ਏਸ਼ੀਆ ਦੀ ਆਰਥਿਕਤਾ ਤੇ ਰਾਜਨੀਤੀ ਨੂੰ ਸਮਝਣਾ ਹੋਵੇ ਤਾਂ ‘ਤੇਲ’ ਲਫ਼ਜ਼ ਦੇ ਡੂੰਘੇ ਅਰਥਾਂ ਤੇ ਇਸ ਨਾਲ ਜੁੜੀ ਅਹਿਮੀਅਤ ਨੂੰ ਸਮਝਣਾ ਪਵੇਗਾ। ਇਹ ਇਕੱਲਾ ਸ਼ਬਦ ਇਸ ਖਿੱਤੇ ਦੀ ਹੋਣੀ, ਹਸਤੀ ਤੇ ਖ਼ੁਸ਼ਹਾਲੀ ਦਾ ਪ੍ਰਤੀਕ ਹੈ। ਇਹ ਜੰਗ ਤੇ ਅਮਨ ਨਾਲ ਜੁੜੇ ਸਵਾਲਾਂ ਦੇ ਹੱਲ ਦੀ ਕੁੰਜੀ ਹੈ। ਪਹਿਲੀ ਆਲਮੀ ਜੰਗ ਤੋਂ ਬਾਅਦ ਪੱਛਮੀ ਏਸ਼ੀਆ ਨੂੰ ਆਪਸ ਵਿੱਚ ਵੰਡਣ ਲਈ ਸਾਮਰਾਜੀ ਤਾਕਤਾਂ ਦੀ ਜੱਦੋਜਹਿਦ, ਲੈਬਨਾਨ ਵਿੱਚ ਵਰ੍ਹਿਆਂ ਤੱਕ ਚੱਲੇ ਯੁੱਧ, ਖਾੜੀ ਜੰਗ, ਬਾਲਕਨ ਯੁੱਧ, ਅਫ਼ਗ਼ਾਨਿਸਤਾਨ ਵਿੱਚ ਅਮਰੀਕੀ ਦਖ਼ਲ ਤੇ ਤਾਲਿਬਾਨ ਨਾਲ ਯੁੱਧ ਤੇ ਇਰਾਕ ਖ਼ਿਲਾਫ਼ ਬਰਤਾਨੀਆ ਤੇ ਅਮਰੀਕਾ ਦੀਆਂ ਵਿਨਾਸ਼ਕਾਰੀ ਜੰਗੀ ਨੀਤੀਆਂ ਦੀ ਘੋਖ ਰਾਹੀਂ ਹੀ ਇਸ ਨੂੰ ਸਮਝਿਆ ਜਾ ਸਕਦਾ ਹੈ।
ਡੇਵਿਡ ਸਮਿੱਥ ਨੇ ਲਿਖਿਆ ਸੀ ਕਿ ਜਦੋਂ ਵੀਹਵੀਂ ਸਦੀ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਸੰਦਰਭ ਸੂਚੀ ਵਿੱਚ ‘ਤੇਲ’ ਸ਼ਬਦ ਕਿਸੇ ਵੀ ਦੂਜੇ ਸ਼ਬਦ ਦੇ ਮੁਕਾਬਲੇ ਵੱਧ ਵਾਰ ਆਵੇਗਾ। ਦੁਨੀਆ ਭਰ ਵਿੱਚ ਤੇਲ ਦੇ ਦੋ-ਤਿਹਾਈ ਭੰਡਾਰ ਇਕੱਲੇ ਪੱਛਮੀ ਏਸ਼ੀਆ ਵਿੱਚ ਹਨ। ਖਾੜੀ ਲੀਗ ਦੇ ਦੇਸ਼ਾਂ ਵਿੱਚ ਬਹਿਰੀਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਦੁਨੀਆ ਭਰ ਦੇ ਲਗਪਗ ਅੱਧੇ ਤੇਲ ਭੰਡਾਰਾਂ ਅਤੇ ਕੁਦਰਤੀ ਗੈਸ ਦੇ 15 ਫ਼ੀਸਦੀ ਭੰਡਾਰਾਂ ਦੇ ਮਾਲਕ ਹਨ।
ਤੇਲ ਦਾ ਮਹੱਤਵ ਇਸ ਲਈ ਵੀ ਵਧੇਰੇ ਹੈ ਕਿਉਂਕਿ ਵੀਹਵੀਂ ਸਦੀ ਦੀ ਸ਼ੁਰੂਆਤ ਤੋਂ ਹੀ ਇਹ ਰਵਾਇਤੀ ਊਰਜਾ ਦੇ ਮੁਕਾਬਲੇ ਊਰਜਾ ਦਾ ਪ੍ਰਮੁੱਖ ਸਰੋਤ ਬਣ ਗਿਆ ਹੈ। ਇੱਕੀਵੀਂ ਸਦੀ ਵਿੱਚ ਇਸ ਦੀ ਵਰਤੋਂ ਤੇ ਮੰਗ ਬੇਤਹਾਸ਼ਾ ਵਧ ਗਈ ਹੈ। ਇਸ ਤੋਂ ਬਿਨਾਂ ਵਿਕਾਸ ਦਾ ਕੋਈ ਟੀਚਾ ਪੂਰਾ ਨਹੀਂ ਕੀਤਾ ਜਾ ਸਕਦਾ। ਇੱਥੋਂ ਤੱਕ ਕਿ ਜਿਨ੍ਹਾਂ ਮੁਲਕਾਂ ਕੋਲ ਇਸ ਦੇ ਅਲਪ ਭੰਡਾਰ ਹਨ, ਉਨ੍ਹਾਂ ਨੂੰ ਲੱਗਦਾ ਹੈ ਜਦੋਂ ਕੁਝ ਦਹਾਕਿਆਂ ਵਿੱਚ ਉਹ ਖ਼ਤਮ ਹੋ ਗਏ ਤਾਂ ਉਹ ਕੀ ਕਰਨਗੇ। ਇਸੇ ਕਰ ਕੇ ਅਮਰੀਕਾ ਵਰਗਾ ਮੁਲਕ ਇਨ੍ਹਾਂ ’ਤੇ ਕਾਬਜ਼ ਹੋ ਕੇ ਛੋਟੇ ਛੋਟੇ ਮੁਲਕਾਂ ਨੂੰ ਆਪਣੇ ਦਾਬੇ ਹੇਠ ਰੱਖਣਾ ਚਾਹੁੰਦਾ ਹੈ ਤਾਂ ਕਿ ਉਨ੍ਹਾਂ ਦੀ ਆਰਥਿਕ ਲੁੱਟ ਕਰ ਸਕੇ। ਇਸੇ ਦਿਸ਼ਾ ’ਚ ਅੱਗੇ ਵਧਦਿਆਂ ਉਸ ਨੇ ਵੈਨੇਜ਼ੁਏਲਾ ਵਿੱਚ ਜੋ ਕੁਝ ਕੀਤਾ, ਉਹ ਦੁਨੀਆ ਸਾਹਮਣੇ ਹੈ। ਉੱਥੋਂ ਦੇ ਰਾਸ਼ਟਰਪਤੀ ਨੂੰ ਪਤਨੀ ਸਮੇਤ ਜਬਰੀ ਚੁੱਕ ਕੇ ਆਪਣੀ ਮਰਜ਼ੀ ਦਾ ਰਾਜ ਸਥਾਪਤ ਕਰਕੇ ਉੱਥੋਂ ਦੇ ਕੁਦਰਤੀ ਤੇਲ ਭੰਡਾਰਾਂ ਨੂੰ ਲੁੱਟਣ ਦਾ ਰਾਹ ਪੱਧਰਾ ਕਰ ਲਿਆ ਹੈ। ਇਹ ਵੀ ਸਪੱਸ਼ਟ ਹੈ ਕਿ ਹਾਲੇ ਤੱਕ ਤੇਲ ਤੋਂ ਇਲਾਵਾ ਹੋਰ ਕੋਈ ਭਵਿੱਖੀ ਊਰਜਾ ਦਾ ਸੋਮਾ ਨਜ਼ਰ ਨਹੀਂ ਆ ਰਿਹਾ।
ਜੇਕਰ ਤੇਲ ਦੀ ਖੋਜ ਦੇ ਇਤਿਹਾਸ ’ਤੇ ਪੰਛੀ ਝਾਤ ਮਾਰੀਏ ਤਾਂ ਬੜੀ ਦਿਲਚਸਪ ਸਥਿਤੀ ਨਜ਼ਰ ਆਉਂਦੀ ਹੈ। ਪਹਿਲੀ ਆਲਮੀ ਜੰਗ ਤੱਕ ਬਰਤਾਨੀਆ ਪੱਛਮੀ ਏਸ਼ੀਆ ਦੀ ਮੁੱਖ ਸ਼ਕਤੀ ਸੀ। ਇਸ ਖੇਤਰ ਵਿੱਚ ਬਰਤਾਨੀਆ ਦੇ ਹਿੱਤ ਬਸਤੀਵਾਦੀ ਗ਼ੁਲਾਮੀ ਭੁਗਤ ਰਹੇ ਭਾਰਤ ਨਾਲ ਜੁੜੇ ਹੋਏ ਸਨ। 19ਵੀਂ ਸਦੀ ਦੇ ਅੰਤ ਤੱਕ ਬਰਤਾਨੀਆ ਦੀ ਬਰਾਮਦ ਤੇ ਨਿਵੇਸ਼ ਦਾ 20 ਫ਼ੀਸਦੀ ਹਿੱਸਾ ਭਾਰਤ ਤੋਂ ਆਉਂਦਾ ਸੀ। ਭਾਰਤ ਵੱਲ ਜਾਂਦੇ ਸਮੁੰਦਰੀ ਮਾਰਗਾਂ ਦੀ ਸੁਰੱਖਿਆ ਤੇ ਦੂਜੀਆਂ ਦੁਸ਼ਮਣ ਤਾਕਤਾਂ ਦੇ ਖ਼ਤਰੇ ਕਾਰਨ ਬਰਤਾਨੀਆ ਨੇ ਅਰਬ ਸਾਗਰ ਦੇ ਦੋ-ਤਿਹਾਈ ਤੱਟੀ ਇਲਾਕੇ ਨੂੰ ਆਪਣੇ ਕੰਟਰੋਲ ਵਿੱਚ ਕਰ ਲਿਆ ਸੀ। ਅਦਨ ਤੋਂ ਲੈ ਕੇ ਮਸਕਟ, ਦੁਬਈ, ਅਬੂਧਾਬੀ, ਕਤਰ, ਬਹਿਰੀਨ ਤੋਂ ਹੁੰਦੇ ਹੋਏ ਕੁਵੈਤ ਤੱਕ ਦੇ ਇਲਾਕੇ ਉਹਦੀ ਹਕੂਮਤ ਹੇਠ ਸਨ। 1882 ਵਿੱਚ ਮਿਸਰ ’ਤੇ ਕਬਜ਼ੇ ਦੇ ਨਾਲ ਹੀ ਇਹ ਘੇਰਾ ਪੂਰਾ ਹੋ ਗਿਆ ਤੇ ਲਾਲ ਸਾਗਰ ਦੇ ਨਾਲ ਹੀ ਫ਼ਾਰਸ ਦੀ ਖਾੜੀ ਤੱਕ ਬਰਤਾਨੀਆ ਦਾ ਕਬਜ਼ਾ ਹੋ ਗਿਆ। ਤੇਲ ਦੀ ਖੋਜ ਨਾਲ ਇਸ ਖਿੱਤੇ ਵਿੱਚ ਬਰਤਾਨੀਆ ਦੇ ਹਿੱਤ ਹੋਰ ਮਹੱਤਵਪੂਰਨ ਹੋ ਗਏ। 26 ਮਈ 1908 ਉਹ ਇਤਿਹਾਸਕ ਦਿਹਾੜਾ ਸੀ ਜਦੋਂ ਫ਼ਾਰਸ (ਇਰਾਨ) ਵਿੱਚ ਅਬਾਦਾਨ ਕੋਲ ਬੰਜਰ ਜ਼ਮੀਨ ਵਿੱਚੋਂ 50 ਫੁੱਟ ਉੱਚਾ ਤੇਲ ਦਾ ਫੁਹਾਰਾ ਫੁੱਟ ਪਿਆ। ਇਹਦੇ ਨਾਲ ਫ਼ਾਰਸ ਤੇ ਪੱਛਮੀ ਏਸ਼ੀਆ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਉਥਲ-ਪੁਥਲ ਸ਼ੁਰੂ ਹੋ ਗਈ।
ਜਿਉਂ ਜਿਉਂ ਤੇਲ ਦੀ ਪੈਦਾਵਾਰ ਵਧਣ ਲੱਗੀ ਤਿਉਂ ਤਿਉਂ ਇਸ ਦੀ ਖਪਤ ਤੇ ਮੰਗ ਜ਼ੋਰਾਂ ’ਤੇ ਹੋ ਗਈ। ਇਸ ਨਾਲ ਦੁਨੀਆ ਵਿੱਚ ਊਰਜਾ ਕ੍ਰਾਂਤੀ ਦਾ ਨਵਾਂ ਦੌਰ ਸ਼ੁਰੂ ਹੋਇਆ। ਇਹ ਸਾਮਰਾਜੀ ਉਦਯੋਗਾਂ ਦੀ ਮੁੱਖ ਖੁਰਾਕ ਦੇ ਨਾਲ ਨਾਲ ਉਹਦੇ ਯੁੱਧ ਤੰਤਰਾਂ ਦੀ ਪ੍ਰਮੁੱਖ ਚਾਲਕ ਸ਼ਕਤੀ ਬਣ ਗਿਆ। ਬੋਰਨੀਓ ਵਿੱਚ ਤੇਲ ਖੇਤਰਾਂ ਦੀ ਮਾਲਕ ਤੇ ਦੁਨੀਆ ਭਰ ਵਿੱਚ ਤੇਲ ਦੀ ਪ੍ਰਮੁੱਖ ਕਾਰੋਬਾਰੀ ਕੰਪਨੀ ਸ਼ੈੱਲ ਦਾ ਸੰਸਥਾਪਕ ਮਾਰਕਸ ਸੈਮੂਅਲ ਬਰਤਾਨੀਆ ’ਤੇ ਲਗਾਤਾਰ ਦਬਾਅ ਪਾ ਰਿਹਾ ਸੀ ਕਿ ਉਹ ਸਮੁੰਦਰੀ ਫ਼ੌਜ ਲਈ ਤੇਲ ਦੀ ਵਰਤੋਂ ਕਰੇ। ਸੰਨ 1911 ਵਿੱਚ ਉਹ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਗਿਆ, ਪਰ ਬਰਤਾਨਵੀ ਸਾਮਰਾਜ ਨੇ ਕੂਟਨੀਤੀ ਵਰਤਦਿਆਂ ਸਮਝੌਤਾ ਸ਼ੈੱਲ ਕੰਪਨੀ ਦੀ ਬਜਾਏ ਬਰਮਾ ਆਇਲ ਕੰਪਨੀ ਨਾਲ ਕਰ ਲਿਆ। ਤੇਲ ਦੇ ਮਹੱਤਵ ਨੇ ਉਦੋਂ ਸਿਖਰ ਛੋਹ ਲਈ ਜਦੋਂ ਪਹਿਲੀ ਆਲਮੀ ਜੰਗ ਤੋਂ ਸਿਰਫ਼ ਕੁਝ ਮਹੀਨੇ ਪਹਿਲਾਂ ਬਰਤਾਨਵੀ ਸਰਕਾਰ ਨੇ ਐਂਗਲੋ-ਪਰਸ਼ੀਅਨ ਕੰਪਨੀ (ਜੋ 1951 ਤੋਂ ਬਾਅਦ ਬ੍ਰਿਟਿਸ਼ ਪੈਟਰੋਲੀਅਮ ਕੰਪਨੀ ਬਣ ਗਈ) ਵਿੱਚ 51 ਫ਼ੀਸਦੀ ਹਿੱਸੇਦਾਰੀ ਸਿਰਫ਼ 20 ਲੱਖ ਪੌਂਡ ਵਿੱਚ ਖਰੀਦ ਲਈ। ਇਸ ਕੰਪਨੀ ਕੋਲ ਇਰਾਨ ਦੇ 480,000 ਵਰਗ ਮੀਲ ਇਲਾਕੇ ਵਿੱਚ ਤੇਲ ਦੀ ਖੋਜ ਕਰਨ ਤੇ ਇਸ ਨੂੰ ਕੱਢਣ ਦਾ ਠੇਕਾ ਸੀ। ਤਹਿਰਾਨ ਦੇ ਮੰਤਰੀ ਨੇ ਸੰਨ 1901 ਵਿੱਚ ਸਿਰਫ਼ ਵੀਹ ਹਜ਼ਾਰ ਪੌਂਡ ਦੀ ਨਕਦੀ, ਇੱਕ ਇੱਕ ਪੌਂਡ ਦੇ ਵੀਹ ਹਜ਼ਾਰ ਸ਼ੇਅਰਾਂ ਤੇ ਮੁਨਾਫ਼ੇ ਦੇ 16 ਫ਼ੀਸਦੀ ਹਿੱਸੇ ਬਦਲੇ ਤੇਲ ਵਾਲਾ ਇਹ ਵਿਸ਼ਾਲ ਇਲਾਕਾ ਉਸ ਨੂੰ ਦੇ ਦਿੱਤਾ।
ਪਹਿਲੀ ਆਲਮੀ ਜੰਗ ਵਿੱਚ ਤੇਲ ਦੀ ਭੂਮਿਕਾ ਦੇ ਮੱਦੇਨਜ਼ਰ ਹੀ ਲਾਰਡ ਕਰਜ਼ਨ ਨੇ ਕਿਹਾ ਸੀ: ਮਿੱਤਰ ਦੇਸ਼ ਤੇਲ ਦੀ ਲਹਿਰ ’ਤੇ ਸਵਾਰ ਹੋ ਕੇ ਜਿੱਤ ਤੱਕ ਪਹੁੰਚ ਜਾਣਗੇ। ਇਹ ਜੰਗ ਤੇਲ ਨਾਲ ਚੱਲਣ ਵਾਲੇ ਟੈਂਕਾਂ, ਹਵਾਈ ਜਹਾਜ਼ਾਂ ਤੇ ਮੋਟਰ ਗੱਡੀਆਂ ਨਾਲ ਲੜੀ ਗਈ ਸੀ। ਇਸ ਤੋਂ ਸਾਮਰਾਜੀ ਸਰਕਾਰਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਆਪਸੀ ਹੋੜ ਤੋਂ ਸਿਰਫ਼ ਉਹੀ ਬਚਿਆ ਰਹਿ ਸਕੇਗਾ, ਜਿਸ ਦਾ ਤੇਲ ਦੇ ਅਖੁਟ ਭੰਡਾਰਾਂ ’ਤੇ ਵੱਧ ਤੋਂ ਵੱਧ ਕਬਜ਼ਾ ਹੋਵੇਗਾ। ਇਸ ਬਾਰੇ ਫਰਾਂਸੀਸੀ ਸਰਕਾਰ ਦੇ ਵਣਜ ਪ੍ਰਤੀਨਿਧੀ ਹੈਨਰੀ ਬੋਰਿੰਜੇ ਨੇ 1918 ਵਿੱਚ ਕਿਹਾ ਸੀ: ਤੇਲ ਭੰਡਾਰਾਂ ’ਤੇ ਜਿਸ ਦਾ ਕਬਜ਼ਾ ਹੋਵੇਗਾ, ਦੁਨੀਆ ’ਤੇ ਵੀ ਉਹੀ ਕਾਬਜ਼ ਹੋਵੇਗਾ ਕਿਉਂਕਿ ਇਨ੍ਹਾਂ ਤੇਲ ਭੰਡਾਰਾਂ ਦੀ ਬਦੌਲਤ ਉਹ ਸਾਗਰਾਂ ’ਤੇ ਰਾਜ ਕਰੇਗਾ, ਸੋਧੇ ਹੋਏ ਚਿੱਟੇ ਤੇਲ ਦੀ ਬਦੌਲਤ ਹਵਾ ਤੇ ਆਕਾਸ਼ ’ਤੇ ਰਾਜ ਕਰੇਗਾ। ਪੈਟਰੋਲ ਤੇ ਕੱਚੇ ਤੇਲ ਦੇ ਹੋਰ ਪਦਾਰਥਾਂ ਦੀ ਬਦੌਲਤ ਧਰਤੀ ’ਤੇ ਰਾਜ ਕਰੇਗਾ। ਇਸ ਤੋਂ ਇਲਾਵਾ ਤੇਲ ਤੋਂ ਕਮਾਈ ਜਾਣ ਵਾਲੀ ਬੇਸ਼ੁਮਾਰ ਦੌਲਤ ਦੇ ਬਲਬੂਤੇ ਉਹ ਦੁਨੀਆ ਭਰ ਦੇ ਦੇਸ਼ਾਂ ਦੀ ਆਰਥਿਕਤਾ ਨੂੰ ਆਪਣੀ ਮੁੱਠੀ ਵਿੱਚ ਕਰ ਸਕੇਗਾ। ਇਸ ਲਈ ਤੇਲ ਦੇ ਭੰਡਾਰਾਂ ’ਤੇ ਕਾਬਜ਼ ਮੁਲਕ ਦੇ ਸਿਰ ਹੀ ਦੁਨੀਆ ਦੇ ਸਾਮਰਾਜ ਦੀ ਕਲਗੀ ਹੋਵੇਗੀ। ਖਾੜੀ ਦੀ ਵਰਤਮਾਨ ਜੰਗ ਨੇ ਇਸ ਕਥਨ ’ਤੇ ਮੋਹਰ ਲਾ ਦਿੱਤੀ ਹੈ।
ਪਹਿਲੀ ਆਲਮੀ ਜੰਗ ਦੇ ਖ਼ਾਤਮੇ ਮਗਰੋਂ ਸਾਮਰਾਜੀ ਤਾਕਤਾਂ ਵਿੱਚ ਤੇਲ ’ਤੇ ਕਬਜ਼ਾ ਕਰਨ ਲਈ ਜ਼ਬਰਦਸਤ ਜੱਦੋਜਹਿਦ ਸ਼ੁਰੂ ਹੋ ਗਈ। ਹਰੇਕ ਨੂੰ ਇਹ ਡਰ ਸਤਾ ਰਿਹਾ ਸੀ ਕਿ ਇਸ ਮਹੱਤਵਪੂਰਨ ਸ਼ੈਅ ’ਤੇ ਕਿਸੇ ਹੋਰ ਦਾ ਏਕਾਧਿਕਾਰ ਨਾ ਹੋ ਜਾਵੇ। ਕਬਜ਼ਾ ਕਰਨ ਦੀ ਇਸ ਹੋੜ ਵਿੱਚ ਹਰ ਕੋਈ ਸ਼ਾਤਿਰ ਚਾਲਾਂ ਚੱਲਣ ਲਈ ਤਿਆਰ ਸੀ। ਆਪਸੀ ਹਿੱਤਾਂ ਦੇ ਟਕਰਾਅ ਵਿੱਚ ਕੋਈ ਕਿਸੇ ਦਾ ਮਿੱਤਰ ਨਹੀਂ ਸੀ। ਇੰਜ ਲੱਗ ਰਿਹਾ ਸੀ ਜਿਵੇਂ ਪੱਛਮੀ ਏਸ਼ੀਆ ਦੇ ਨਕਸ਼ੇ ’ਤੇ ਤੇਲ ਦੀ ਬਿਸਾਤ ਵਿਛੀ ਹੋਵੇ ਤੇ ਹਰ ਕੋਈ ਆਪਣੀ ਚਾਲ ਨਾਲ ਦੂਜੇ ਨੂੰ ਮਾਤ ਦੇਣ ਲਈ ਤਿਆਰ ਹੋਵੇ। ਬਰਤਾਨਵੀ ਤੇ ਫਰਾਂਸੀਸੀ ਬਸਤੀਵਾਦੀਆਂ ਲਈ ਪੱਛਮੀ ਏਸ਼ੀਆ ਉਂਜ ਹੀ ਸੀ ਜਿਵੇਂ ਅਮਰੀਕਾ ਲਈ ਟੈਕਸਾਸ। ਇਸ ਲਈ ਇਹ ਦੋਵੇਂ ਅਮਰੀਕਾ ਨੂੰ ਇਸ ਹੋੜ ਵਿੱਚੋਂ ਬਾਹਰ ਰੱਖਣਾ ਚਾਹੁੰਦੇ ਸਨ ਜਦੋਂਕਿ ਅਮਰੀਕਾ ‘ਖੁੱਲ੍ਹੇ ਦਰਵਾਜ਼ੇ’ ਵਾਲੀ ਨੀਤੀ ਦਾ ਹਾਮੀ ਸੀ। ਓਧਰ ਔਟੋਮਨ ਸਰਕਾਰ ਦੇ ਟੁੱਟਣ ਨਾਲ ਬਰਤਾਨੀਆ ਤੇ ਫਰਾਂਸ ਨੇ ਉਸ ਦੇ ਇਲਾਕੇ, ਖ਼ਾਸਕਰ ਮੈਸੋਪੋਟੇਮੀਆ (ਜੋ ਬਾਅਦ ਵਿੱਚ ਇਰਾਕ ਬਣ ਗਿਆ) ਵਿੱਚ ਟਿਗਰਿਸ (ਦਜਲਾ) ਦੇ ਇਲਾਕੇ ਬਗਦਾਦ ਤੇ ਮੌਸੂਲ ਨੂੰ ਆਪਸ ਵਿੱਚ ਵੰਡ ਲਿਆ। ਇਨ੍ਹਾਂ ਇਲਾਕਿਆਂ ਵਿੱਚ ਉਨ੍ਹਾਂ ਨੂੰ ਤੇਲ ਦੇ ਵੱਡੇ ਭੰਡਾਰ ਮਿਲਣ ਦੀ ਆਸ ਸੀ। ਇਹ ਸੰਭਾਵਨਾ ਬਾਅਦ ਵਿੱਚ ਸਹੀ ਸਾਬਿਤ ਹੋਈ।
ਜੰਗ ਤੋਂ ਕੁਝ ਚਿਰ ਪਹਿਲਾਂ 1914 ਵਿੱਚ ਗਲੋਸਤ ਗੁਲਬੇਨਕਿਆਨ ਨੇ ‘ਟਰਕਿਸ਼ ਪੈਟਰੋਲੀਅਮ ਕੰਪਨੀ’ ਬਣਾਈ। ਇਸ ਵਿੱਚ ਬਰਮਾ ਪੈਟਰੋਲੀਅਮ ਦੀ 50 ਫ਼ੀਸਦੀ ਅਤੇ ਗੁਲਬੇਨਕਿਆਨ ਦੀ 5 ਫ਼ੀਸਦੀ ਦੀ ਹਿੱਸੇਦਾਰੀ ਸੀ। ਬਾਕੀ ਬਚਦੇ ਸ਼ੇਅਰ ਸ਼ੈੱਲ ਆਇਲ ਤੇ ਜਰਮਨੀ ਦੇ ਡਾਇਚੇ ਬੈਂਕ ਦੇ ਸਨ। ਯੁੱਧ ਦੌਰਾਨ ਸੰਧੀ ਟੁੱਟ ਗਈ, ਪਰ ਤੁਰਕੀ ਦੇ ਅਧਿਕਾਰੀਆਂ ਨੇ ਇਸ ਨੂੰ ਨਵੇਂ ਸਿਰਿਓਂ ਵਿਉਂਤਿਆ। ਤੁਰਕੀ ਨਾਲ ਹੋਈ ਸੰਧੀ ਵਿੱਚ ਔਟੋਮਨ ਦੇ ਅਰਬੀ ਇਲਾਕਿਆਂ ਨੂੰ ਬਰਤਾਨੀਆ ਤੇ ਫਰਾਂਸ ਵਿੱਚ ਵੰਡ ਦਿੱਤਾ ਗਿਆ। ਇਸ ਵੰਡ ਤੋਂ ਅਮਰੀਕਾ ਨੂੰ ਲਾਂਭੇ ਰੱਖਿਆ ਗਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਤਿਲਮਿਲਾ ਉੱਠਿਆ। ਲਗਾਤਾਰ ਦਬਾਅ ਤੇ ਦਾਬੇ ਕਾਰਨ ਅਖੀਰ ਬਰਤਾਨੀਆ ਨੇ ਟਰਕਿਸ਼ ਪੈਟਰੋਲੀਅਮ ਦੇ 20 ਫ਼ੀਸਦੀ ਸ਼ੇਅਰ 1922 ਵਿੱਚ ਅਮਰੀਕਾ ਨੂੰ ਦੇ ਦਿੱਤੇ। 1925 ਵਿੱਚ ਨਵੀਂ ਇਰਾਕੀ ਸਰਕਾਰ ਨੇ ਟਰਕਿਸ਼ ਪੈਟਰੋਲੀਅਮ ਕੰਪਨੀ (ਜਿਸਦਾ ਬਾਅਦ ਵਿੱਚ ਇਰਾਕ ਪੈਟਰੋਲੀਅਮ ਕੰਪਨੀ ਵਜੋਂ ਨਾਮਕਰਨ ਕਰ ਦਿਤਾ ਗਿਆ) ਨਾਲ ਸੰਧੀ ਕੀਤੀ। ਇਸ ਤਹਿਤ ਆਈ ਪੀ ਸੀ ਨੂੰ ਸਾਲ 2000 ਤੱਕ ਇਰਾਕ ਵਿੱਚ ਤੇਲ ਦੀ ਖੋਜ ਤੇ ਉਤਪਾਦਨ ਦਾ ਠੇਕਾ ਦਿੱਤਾ ਗਿਆ। ਇਸ ਵਿੱਚ ਅਮਰੀਕਾ ਦਾ 23.7 ਤੇ ਫਰਾਂਸ ਦਾ 24 ਫ਼ੀਸਦੀ ਹਿੱਸਾ ਸੀ। ਇਸਦੇ ਦੋ ਵਰ੍ਹਿਆਂ ਬਾਅਦ ਹੀ ਆਈ ਪੀ ਸੀ ਦੇ ਹੱਥ ਸੋਨੇ ਦੇ ਅਖੁਟ ਭੰਡਾਰ ਵਾਲੀ ਖਾਣ ਹੱਥ ਲੱਗ ਗਈ। ਉਸ ਨੂੰ ਇਤਿਹਾਸ ਦੇ ਸਭ ਤੋਂ ਸ਼ਾਨਦਾਰ ਤੇਲ ਭੰਡਾਰਾਂ ਵਿੱਚੋਂ ਇੱਕ ਦਾ ਪਤਾ ਲੱਗ ਗਿਆ।
ਇਸੇ ਦੌਰਾਨ 1927 ਵਿੱਚ ਇਬਨ-ਬਿਨ-ਸੌਦ ਦੀ ਮਾਰੂਥਲੀ ਫ਼ੌਜ ਨੇ ਵਿਰੋਧੀ ਕਬੀਲਿਆਂ ਨੂੰ ਕਾਬੂ ਕਰ ਕੇ ਸਾਊਦੀ ਅਰਬ ਵਿੱਚ ਰਜਵਾੜਾਸ਼ਾਹੀ ਦੀ ਸਥਾਪਨਾ ਕੀਤੀ। ਇਸੇ ਤਹਿਤ ਉਸ ਨੇ ਸ਼ਾਹ ਦੀ ਪਦਵੀ ਧਾਰਨ ਕਰ ਲਈ। ਹੈਰੀਸੈਂਟ ਜਾਨ ਫਿਲਬੀ, ਜੋ ਇੱਕ ਅੰਗਰੇਜ਼ ਸੀ, ਅੰਗਰੇਜ਼ੀ ਹਕੂਮਤ ਨਾਲ ਕਿਸੇ ਗੱਲੋਂ ਨਾਰਾਜ਼ ਹੋ ਕੇ ਸਾਊਦੀ ਅਰਬ ਆ ਗਿਆ ਤੇ ਇਸਲਾਮ ਕਬੂਲ ਕਰ ਲਿਆ। ਉਹਦੀ ਸਲਾਹ ’ਤੇ ਹੀ ਇਬਨ-ਬਿਨ ਨੇ ਅਮਰੀਕੀ ਤੇਲ ਕੰਪਨੀ ਸੋਕਾਲ ਨੂੰ ਸਿਰਫ਼ ਪੰਜਾਹ ਹਜ਼ਾਰ ਪੌਂਡ ਦੇ ਸੋਨੇ ਤੇ ਪੰਜ ਹਜ਼ਾਰ ਪੌਂਡ ਸਾਲਾਨਾ ਕਿਰਾਏ ’ਤੇ ਤੇਲ ਕੱਢਣ ਦਾ ਠੇਕਾ ਦੇ ਦਿੱਤਾ। ਉਹਨੇ ਅੱਗੋਂ ਟੈਕਸਾਕੋ ਕੰਪਨੀ ਨਾਲ ਹਿੱਸੇਦਾਰੀ ਕਰ ਲਈ, ਜਿਸ ਕੋਲ ਤੇਲ ਦੀ ਖਪਤ ਲਈ ਕੌਮਾਂਤਰੀ ਪੱਧਰ ਉੱਤੇ ਵੱਡਾ ਬਾਜ਼ਾਰ ਸੀ। ਟੈਕਸਾਕੋ ਨੇ 1936 ਵਿੱਚ ਸੋਕਾਲ ਦੇ ਸਾਊਦੀ ਅਰਬ ਵਿਚਲੇ ਕਾਰੋਬਾਰ ਦਾ ਅੱਧਾ ਹਿੱਸਾ ਖਰੀਦ ਲਿਆ।
ਦੂਜੀ ਆਲਮੀ ਜੰਗ ਤੋਂ ਕੁਝ ਚਿਰ ਪਹਿਲਾਂ ਮਈ 1939 ਵਿੱਚ ਸਾਊਦੀ ਅਰਬ ਨੇ ਤੇਲ ਖੇਤਰਾਂ ਵਿੱਚੋਂ ਉਤਪਾਦਨ ਸ਼ੁਰੂ ਕਰ ਦਿੱਤਾ। ਜ਼ਮੀਨ ਵਿੱਚੋਂ ਨਿਕਲ ਕੇ ਵਹਿੰਦੇ ਤੇਲ ਦੇ ਦ੍ਰਿਸ਼ ਨੇ ਸਾਊਦੀ ਅਰਬ ਦੇ ਸ਼ਾਹ ਨੂੰ ਏਨਾ ਖ਼ੁਸ਼ ਕਰ ਦਿੱਤਾ ਕਿ ਉਸ ਨੇ ਸੋਕਾਲ ਨੂੰ ਦਿੱਤੇ ਇਲਾਕੇ ਦਾ ਖੇਤਰਫਲ ਵਧਾ ਕੇ 444,000 ਵਰਗ ਮੀਲ ਕਰ ਦਿੱਤਾ। ਇਸੇ ਦੌਰਾਨ 23 ਦਸੰਬਰ 1934 ਨੂੰ ਐਂਗਲੋ-ਪਰਸ਼ੀਅਨ ਤੇ ਅਮਰੀਕਾ ਦੀ ਗ਼ਲਫ਼ ਕੰਪਨੀ ਨੂੰ ਕੁਵੈਤ ਦੇ ਤੇਲ ਖੇਤਰਾਂ ਵਿੱਚੋਂ ਤੇਲ ਕੱਢਣ ਦਾ ਠੇਕਾ ਮਿਲ ਗਿਆ। ਸਾਲ 1938 ਵਿੱਚ ਇੱਥੋਂ ਭਰਪੂਰ ਮਾਤਰਾ ਵਿੱਚ ਤੇਲ ਮਿਲਿਆ।
ਸਾਊਦੀ ਅਰਬ ਦੇ ਵਿਸ਼ਾਲ ਕੁਦਰਤੀ ਸਰੋਤਾਂ ਵਾਲੇ ਕਾਰੋਬਾਰ ਦੇ ਪੂਰੀ ਤਰ੍ਹਾਂ ਅਮਰੀਕੀ ਤੇਲ ਕੰਪਨੀਆਂ ਦੇ ਹੱਥਾਂ ਵਿੱਚ ਚਲੇ ਜਾਣ ਨਾਲ ਪੱਛਮੀ ਏਸ਼ੀਆ ਵਿੱਚ ਸ਼ਕਤੀ ਦਾ ਸੰਤੁਲਨ ਵਿਗੜ ਗਿਆ। ਇਸ ਖਿੱਤੇ ਵਿਚਲੀ ਬਰਤਾਨਵੀ ਤੇ ਫਰਾਂਸੀਸੀ ਚੌਧਰ ਖ਼ਤਮ ਕਰਕੇ ਅਮਰੀਕੀ ਸਾਮਰਾਜ ਨੇ ਆਪਣੇ ਝੰਡੇ ਗੱਡ ਦਿਤੇ। ਇਸੇ ਕਰਕੇ ਰਾਸ਼ਟਰਪਤੀ ਰੂਜ਼ਵੈਲਟ ਨੇ ਆਪਣੇ ਇੱਕ ਖ਼ਤ ਵਿੱਚ ਲਿਖਿਆ ਸੀ, ‘‘ਮੈਂ ਸਮਝਦਾ ਹਾਂ ਕਿ ਸਾਊਦੀ ਅਰਬ ਦੀ ਰੱਖਿਆ ਅਮਰੀਕੀ ਰੱਖਿਆ ਲਈ ਬੇਹੱਦ ਮਹੱਤਵਪੂਰਨ ਹੈ।’’ ਸਾਊਦੀ ਅਰਬ ਨੂੰ ਸੁਰੱਖਿਆ ਦੇਣ ਦੀ ਇਹ ਅਮਰੀਕੀ ਸਾਮਰਾਜ ਦੀ ਪ੍ਰਤੀਬੱਧਤਾ ਦਾ ਐਲਾਨ ਤਾਂ ਸੀ ਹੀ, ਨਾਲ ਹੀ ਯੁੱਧ ਵਿੱਚ ਉਸ ਦੇ ਜੋਟੀਦਾਰ ਰਹੇ ਬਰਤਾਨਵੀ ਸਾਮਰਾਜ ਲਈ ਵੀ ਇੱਕ ਚਿਤਾਵਨੀ ਸੀ ਕਿ ਉਹ ਸਾਊਦੀ ਅਰਬ ਤੋਂ ਦੂਰ ਹੀ ਰਹੇ। ਅਮਰੀਕੀ ਸਾਮਰਾਜੀਆਂ ਦੇ ਕਦਮ ਜਿੱਥੇ ਨਹੀਂ ਸਨ ਪਹੁੰਚਦੇ ਓਥੇ ਉਹ ਖੁੱਲ੍ਹੇ ਦਰਵਾਜ਼ੇ ਵਾਲੀ ਨੀਤੀ ’ਤੇ ਅੜ ਜਾਂਦੇ ਤੇ ਅੰਦਰ ਵੜਦਿਆਂ ਹੀ ਪੂਰੇ ਜ਼ੋਰ ਨਾਲ ਧੱਕ ਕੇ ਦਰਵਾਜ਼ਾ ਬੰਦ ਕਰ ਦਿੰਦੇ। ਵਰਤਮਾਨ ਲੜਾਈ ਵਿੱਚ ਅਮਰੀਕਾ, ਇਜ਼ਰਾਈਲ ਨੂੰ ਮੋਹਰਾ ਬਣਾ ਕੇ ਇਰਾਨ ਵਿੱਚ ਆਪਣੀ ਚੌਧਰ ਕਾਇਮ ਕਰਨ ਦੇ ਆਹਰ ਵਿੱਚ ਹੈ, ਪਰ ਇਹ ਬਾਜ਼ੀ ਇਸ ਵਾਰ ਪੁੱਠੀ ਪੈਂਦੀ ਨਜ਼ਰ ਆ ਰਹੀ ਹੈ।
ਦੂਜੀ ਆਲਮੀ ਜੰਗ ਦੇ ਖ਼ਾਤਮੇ ਤੋਂ ਬਾਅਦ 1948 ਵਿੱਚ ਰੈੱਡ ਲਾਈਨ ਸੰਧੀ ਭੰਗ ਹੋ ਗਈ, ਜਿਸ ਦੇ ਤਹਿਤ ਹੁਣ ਆਈ ਪੀ ਸੀ ਵਿੱਚ ਸ਼ਾਮਲ ਕੰਪਨੀਆਂ ਔਟੋਮਨ ਦੇ ਇਲਾਕੇ ਵਿੱਚ ਆਜ਼ਾਦਾਨਾ ਤੌਰ ਉੱਤੇ ਕਾਰੋਬਾਰ ਨਹੀਂ ਸਨ ਕਰ ਸਕਦੀਆਂ। ਸੰਧੀ ਟੁੱਟਦਿਆਂ ਹੀ ਐਕਸਾਨ ਤੇ ਮੋਬਿਲ ਨੇ ਸਾਊਦੀ ਅਰਾਮਕੋ ਵਿੱਚ 30 ਤੇ 10 ਫ਼ੀਸਦੀ ਦੇ ਸ਼ੇਅਰ ਹਾਸਲ ਕਰ ਲਏ। ਬਰਤਾਨੀਆ ਤੇ ਫਰਾਂਸ ਨੂੰ ਇਸ ਤੋਂ ਬਾਹਰ ਕਰ ਦਿੱਤਾ। ਓਧਰ ਡਾਕਟਰ ਮੋਸਾਦੇਗ਼ ਦੀ ਸਰਕਾਰ ਨੇ ਇਰਾਨ ਵਿੱਚ ਤੇਲ ਉਤਪਾਦਨ ਦਾ ਕੌਮੀਕਰਨ ਕਰ ਦਿੱਤਾ। ਇਹ ਗੱਲ ਅਮਰੀਕੀ ਤੇ ਬਰਤਾਨਵੀ ਸਾਮਰਾਜੀਆਂ ਦੀ ਬਰਦਾਸ਼ਤ ਤੋਂ ਬਾਹਰ ਸੀ। ਅਗਸਤ 1954 ਵਿੱਚ ਅਮਰੀਕੀ ਸਾਜ਼ਿਸ਼ ਤਹਿਤ ਮੋਸਾਦੇਗ਼ ਸਰਕਾਰ ਦਾ ਤਖ਼ਤ ਪਲਟਾ ਦਿੱਤਾ ਤੇ ਸ਼ਾਹ ਨੂੰ ਗੱਦੀ ਉੱਤੇ ਬਿਠਾ ਦਿੱਤਾ। ਹੁਣ ਇਰਾਨ ਵਿੱਚ ਤਾਕਤਵਰ ਬਣ ਗਏ ਅਮਰੀਕੀ ਸਾਮਰਾਜ ਨੇ ਇਰਾਨੀ ਤੇਲ ਉਤਪਾਦਨ ਦਾ ਨਵੇਂ ਸਿਰਿਓਂ ਵੰਡ-ਵੰਡਾਰਾ ਕਰ ਦਿੱਤਾ। ਭਾਵੇਂ ਬਾਹਰੀ ਤੌਰ ਉੱਤੇ ਇਰਾਨੀ ਤੇਲ ਉਤਪਾਦਨ ਦਾ ਕੌਮੀਕਰਨ ਹੀ ਰਿਹਾ ਪਰ ਲੁਕਵੇਂ ਰੂਪ ਵਿੱਚ ਇਸ ’ਤੇ ਬਾਹਰੀ ਤੇਲ ਕੰਪਨੀਆਂ ਦਾ ਕਬਜ਼ਾ ਹੋ ਗਿਆ। ਇਸ ਵੰਡ-ਵੰਡਾਰੇ ਵਿੱਚ ਅਮਰੀਕਾ, ਬਰਤਾਨੀਆ ਤੇ ਫਰਾਂਸ ਦੀਆਂ ਤੇਲ ਕੰਪਨੀਆਂ ਨੇ ਹਿੱਸੇ ਵੰਡ ਲਏ।
ਦੋ ਵਰ੍ਹਿਆਂ ਬਾਅਦ ਮਿਸਰ ਨੇ ਸੁਏਜ਼ ਨਹਿਰ ਦਾ ਕੌਮੀਕਰਨ ਕਰ ਦਿੱਤਾ। ਬਰਤਾਨੀਆ, ਫਰਾਂਸ ਤੇ ਇਜ਼ਰਾਈਲ ਨੇ ਉਹਦੇ ’ਤੇ ਹਮਲਾ ਕਰ ਦਿੱਤਾ। ਇਸ ਜੰਗ ਵਿੱਚ ਮਿਸਰ ਦੀ ਹਾਰ ਤੋਂ ਬਾਅਦ ਅਮਰੀਕਾ ਓਥੇ ਵੀ ਫੈਸਲਾਕੁਨ ਤਾਕਤ ਬਣ ਗਿਆ। ਇਹ ਜੰਗ ਤੇਲ ਲਈ ਲੜੀ ਗਈ ਸੀ ਕਿਉਂਕਿ ਸੁਏਜ਼ ਨਹਿਰ ਵਿਚਲੀ ਆਵਾਜਾਈ ਵਿੱਚੋਂ ਦੋ-ਤਿਹਾਈ ਸਿਰਫ਼ ਤੇਲ ਢੋਣ ਲਈ ਕੀਤੀ ਜਾਂਦੀ ਸੀ। ਐਂਗਲੋ-ਫਰੈਂਚ ਸਾਮਰਾਜੀਆਂ ਨੂੰ ਨਾ ਤਾਂ ਮਿਸਰ ਤੇ ਨਾ ਹੀ ਅਰਬਾਂ ਵੱਲੋਂ ਇੰਨੇ ਜ਼ਬਰਦਸਤ ਵਿਰੋਧ ਦਾ ਖਦਸ਼ਾ ਸੀ, ਜਿੰਨਾ ਓਥੇ ਹੋਇਆ। ਅਮਰੀਕਾ ਨੂੰ ਤਾਂ ਬਿਲਕੁਲ ਅੰਦਾਜ਼ਾ ਨਹੀਂ ਸੀ। ਮਿਸਰ ਨੇ ਇਸ ਦੇ ਸਿੱਟੇ ਵਜੋਂ ਇੱਕ ਪਾਸੇ ਤੇਲ ਦੇ ਜਹਾਜ਼ਾਂ ਨੂੰ ਨਹਿਰ ਵਿੱਚ ਡੁਬੋਣਾ ਸ਼ੁਰੂ ਕਰ ਦਿੱਤਾ, ਦੂਸਰੇ ਪਾਸੇ ਫ਼ੌਜੀ ਤੇ ਯਾਤਰੂ ਦੋਹਾਂ ਤਰ੍ਹਾਂ ਦੇ ਜਹਾਜ਼ਾਂ ਦਾ ਲਾਂਘਾ ਬੰਦ ਕਰ ਦਿੱਤਾ। ਇਸ ਦੇ ਨਾਲ ਹੀ ਪੱਛਮੀ ਏਸ਼ੀਆ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਸਾਮਰਾਜ ਦੇ ਵਿਰੋਧ ਵਿੱਚ ਪ੍ਰਦਰਸ਼ਨ ਸ਼ੁਰੂ ਹੋ ਗਏ।
ਅਮਰੀਕੀ ਦਾਬਿਆਂ ਤੇ ਸ਼ਾਤਿਰ ਚਾਲਾਂ ਕਰਕੇ 1956 ਵਿੱਚ ਬਰਤਾਨਵੀ ਤੇ ਫਰਾਂਸੀਸੀ ਫ਼ੌਜਾਂ ਨੂੰ ਸਵੇਜ਼ ਨਹਿਰ ਤੋਂ ਪਿੱਛੇ ਹਟਣਾ ਪਿਆ ਤੇ ਇੰਜ ਪੱਛਮੀ ਏਸ਼ੀਆ ਵਿੱਚ ਅਮਰੀਕਾ ਸਭ ਤੋਂ ਵੱਡੀ ਤਾਕਤ ਬਣ ਗਿਆ। ਹੁਣ ਬਰਤਾਨੀਆ, ਅਮਰੀਕਾ ਦਾ ਜੂਨੀਅਰ ਭਾਈਵਾਲ ਬਣ ਕੇ ਹੀ ਰਹਿ ਸਕਦਾ ਸੀ। ਇਸ ਤਰ੍ਹਾਂ ਸਿਰਫ਼ ਤਿੰਨ ਦਹਾਕਿਆਂ ਦੇ ਵਕਫ਼ੇ ਵਿੱਚ ਅਮਰੀਕਾ ਨੇ ਵੱਡੇ ਚੌਧਰੀ ਵਾਲੀ ਪਦਵੀ ਹਾਸਲ ਕਰ ਲਈ। ਇਸੇ ਕਰਕੇ ਹੁਣ ਉਹ ਦੁਨੀਆ ਦਾ ਥਾਣੇਦਾਰ ਬਣਿਆ ਹੋਇਆ ਹੈ। ਉਹਦੀ ਧੌਂਸ ਵਾਲੀ ਨੀਤੀ ਕਰਕੇ ਸਾਰਾ ਪੱਛਮੀ ਏਸ਼ੀਆ ਜੰਗ ਦਾ ਖਮਿਆਜ਼ਾ ਭੁਗਤ ਰਿਹਾ ਹੈ।
1939 ਵਿੱਚ ਪੱਛਮੀ ਏਸ਼ੀਆ ਵਿੱਚ ਬਰਤਾਨੀਆ ਦਾ 60 ਤੇ ਅਮਰੀਕਾ ਦਾ 13 ਫ਼ੀਸਦੀ ਤੇਲ ’ਤੇ ਕੰਟਰੋਲ ਸੀ। 1960 ਤੱਕ ਪਹੁੰਚਦਿਆਂ ਅਮਰੀਕਾ ਦਾ 65 ਤੇ ਬਰਤਾਨੀਆ ਦਾ 30 ਫ਼ੀਸਦੀ ’ਤੇ ਕੰਟਰੋਲ ਰਹਿ ਗਿਆ। ਜੇਕਰ ਤੇਲ ਦੇ ਮੁਨਾਫ਼ੇ ਦੀ ਗੱਲ ਕਰੀਏ ਤਾਂ ਅਮਰੀਕੀ ਵਣਜ ਵਿਭਾਗ ਅਨੁਸਾਰ 1970 ਵਿੱਚ ਪੱਛਮੀ ਏਸ਼ੀਆ ਵਿੱਚ ਤੇਲ ਉਦਯੋਗ 1.5 ਅਰਬ ਡਾਲਰ ਦਾ ਸੀ ਤੇ ਇਸ ਵਿੱਚੋਂ 1.2 ਅਰਬ ਡਾਲਰ ਦਾ ਮੁਨਾਫ਼ਾ ਸੀ ਭਾਵ ਲਾਗਤ ਦਾ 79 ਫ਼ੀਸਦੀ। ਤੇਲ ਕੰਪਨੀਆਂ ਦਾ ਇਹ ਮੁਨਾਫ਼ਾ ਲਗਾਤਾਰ ਵਧਿਆ ਹੈ। ਖਾੜੀ ਦੇਸ਼ਾਂ ਵਿੱਚੋਂ ਤੇਲ ਤੋਂ 1980 ਵਿੱਚ ਮੁਨਾਫ਼ਾ 350 ਅਰਬ ਡਾਲਰ ਸੀ। ਉਸ ਤੋਂ ਬਾਅਦ ਕੀਮਤਾਂ ਵਿੱਚ ਆਈ ਗਿਰਾਵਟ ਕਰ ਕੇ ਇਹ 110 ਅਰਬ ਡਾਲਰ ਹੋ ਗਿਆ, ਜੋ ਸਾਲ 2000 ਵਿੱਚ ਵਧ ਕੇ ਫਿਰ 250 ਅਰਬ ਡਾਲਰ ਹੋ ਗਿਆ। ਅੱਜਕੱਲ੍ਹ ਇਸ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ ਤੇ ਖਾੜੀ ਜੰਗ ਵਿੱਚ ਵੀ ਭਾਰੀ ਮੁਨਾਫ਼ਾ ਹੋ ਰਿਹਾ ਹੈ। ਉਤਰਾਅ-ਚੜ੍ਹਾਅ ਦੇ ਦੌਰ ਵਿੱਚ ਵੀ ਕੰਪਨੀਆਂ ਕੋਲ ਪੈਟਰੋ-ਡਾਲਰ ਦਾ ਭਾਰੀ ਸਰਮਾਇਆ ਹੁੰਦਾ ਸੀ, ਜਿਨ੍ਹਾਂ ਨਾਲ ਅੱਜ ਵੀ ਸਾਮਰਾਜੀ ਵਿੱਤੀ ਸੰਸਥਾਵਾਂ ਦੀਆਂ ਤਿਜੋਰੀਆਂ ਭਰੀਆਂ ਰਹਿੰਦੀਆਂ ਹਨ। ਇਸ ਤੋਂ ਬਾਅਦ ਵੀ ਉਨ੍ਹਾਂ ਕੋਲ ਹਥਿਆਰਾਂ ਦੀ ਖਰੀਦੋ-ਫਰੋਖ਼ਤ ਲਈ ਢੇਰ ਸਾਰਾ ਸਰਮਾਇਆ ਬਚਿਆ ਰਹਿੰਦਾ ਹੈ, ਜਿਸ ਨਾਲ ਅਮਰੀਕਾ, ਬਰਤਾਨੀਆ ਤੇ ਫਰਾਂਸ ਦੇ ਹਥਿਆਰ ਉਦਯੋਗਾਂ ਲਈ ਮੁਨਾਫ਼ੇ ਦਾ ਬਾਜ਼ਾਰ ਗਰਮ ਰਹਿੰਦਾ ਹੈ। ਉਦਾਹਰਣ ਲਈ 1980-1990 ਦੌਰਾਨ ਖਾੜੀ ਦੇ ਸਿਰਫ਼ ਤਿੰਨ ਦੇਸ਼ਾਂ ਨੇ ਹਥਿਆਰਾਂ ਦੀ ਖ਼ਰੀਦ ’ਤੇ 150 ਅਰਬ ਡਾਲਰ ਖਰਚ ਦਿੱਤੇ। ਇਰਾਕ ਨੇ 100 ਅਰਬ ਡਾਲਰ, ਸਾਊਦੀ ਅਰਬ ਨੇ 35 ਅਰਬ ਡਾਲਰ ਤੇ ਇਰਾਨ ਨੇ 15 ਅਰਬ ਡਾਲਰ ਖਰਚੇ। ਇਰਾਨ ਨੇ ਇੱਕੀਵੀਂ ਸਦੀ ਵਿੱਚ ਆਪਣੇ ਹਥਿਆਰਾਂ ਦੇ ਉਤਪਾਦਨ ਲਈ ਵਧੇਰੇ ਜ਼ੋਰ ਲਾਇਆ ਤੇ ਅਮਰੀਕਾ ਦੇ ਮੁਕਾਬਲੇ ਆਪਣੀ ਹਵਾਈ ਤਾਕਤ ਨੂੰ ਵਧਾਉਣ ਲਈ ਵਾਧੂ ਸਰਮਾਇਆ ਖ਼ਰਚ ਕੀਤਾ। ਸ਼ਾਇਦ ਇਹੀ ਕਾਰਨ ਹੈ ਕਿ ਉਹ ਸਾਮਰਾਜੀ ਤਾਕਤ ਨਾਲ ਬਰਾਬਰ ਦੀ ਟੱਕਰ ਲੈਣ ’ਤੇ ਅੜਿਆ ਹੋਇਆ ਹੈ। ਭਾਵੇਂ ਉਹਦੇ ਅੰਦਰੂਨੀ ਹਾਲਾਤ ਠੀਕ ਨਹੀਂ, ਪਰ ਇਸਲਾਮੀ ਤਾਕਤ ਨੂੰ ਉਹ ਹਥਿਆਰ ਵਾਂਗ ਵਰਤ ਰਿਹਾ ਹੈ। ਹੋਰਮੁਜ਼ ਦਾ ਲਾਂਘਾ ਉਹਦੇ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਸ ਤਰ੍ਹਾਂ ਵਿੱਤੀ ਪੂੰਜੀ+ਤੇਲ+ਹਥਿਆਰ ਉਦਯੋਗ=ਮੁਨਾਫ਼ੇ ਦੇ ਸੂਤਰ ਰਾਹੀਂ ਇਨ੍ਹਾਂ ਦੇ ਆਪਸੀ ਰਿਸ਼ਤੇ ਨੂੰ ਸਮਝਿਆ ਜਾ ਸਕਦਾ ਹੈ।
ਇਸ ਤਰ੍ਹਾਂ ਸਾਮਰਾਜੀ ਤਾਕਤਾਂ ਨੇ ਤੇਲ ਵਾਲੇ ਦੇਸ਼ਾਂ ’ਤੇ ਕਬਜ਼ਾ ਕਰਨ ਲਈ ਜਿਹੜੀਆਂ ਚਾਲਾਂ ਚੱਲੀਆਂ, ਉਨ੍ਹਾਂ ਦੀ ਇਤਿਹਾਸ ਵਿੱਚ ਕਿਤੇ ਮਿਸਾਲ ਨਹੀਂ ਮਿਲਦੀ। ਜਿਹੜਾ ਅੱਖਾਂ ਕੱਢੇ ਉਹਨੂੰ ਸਬਕ ਸਿਖਾਉਣ ਲਈ ਨਿਊਕਲੀਅਰ ਪ੍ਰੋਗਰਾਮਾਂ, ਰਸਾਇਣਕ ਹਥਿਆਰਾਂ ਦੇ ਜ਼ਖੀਰੇ ਵਰਗੇ ਝੂਠੇ ਬਿਰਤਾਂਤ ਸਿਰਜ ਕੇ ਨੇਸਤੋ-ਨਾਬੂਦ ਕਰਨ ਲਈ ਕਮਰਕੱਸੇ ਕਰ ਲਏ ਜਾਂਦੇ ਹਨ। ਇਸੇ ਕਰਕੇ ਅਮਰੀਕਾ ਨੇ ਸਾਲ 1990 ਵਿੱਚ ਫ਼ੌਜੀ ਬਜਟ 280 ਅਰਬ ਡਾਲਰ ਤੋਂ ਵਧਾ ਕੇ 350 ਅਰਬ ਡਾਲਰ ਕਰ ਦਿੱਤਾ ਤੇ ਹਰ ਵਰ੍ਹੇ ਇਸ ਵਿੱਚ ਲਗਾਤਾਰ ਵਾਧਾ ਕਰ ਰਿਹਾ ਹੈ। ਇਸ ਦੀ ਪੂਰਤੀ ਲਈ ਟੈਰਿਫ ਲਾ ਕੇ ਦੁਨੀਆ ਨੂੰ ਦਾਬੇ ਮਾਰਦਾ ਆਪਣੀ ਧੌਂਸ ਕਾਇਮ ਕਰ ਰਿਹਾ ਹੈ। ਅਮਰੀਕਾ ਦੇ ਵੱਡ-ਆਕਾਰੀ ਫ਼ੌਜੀ ਬਜਟ ਦਾ ਵੱਡਾ ਹਿੱਸਾ ਉਥਲ-ਪੁਥਲ ਦੀ ਸੰਭਾਵਨਾ ਵਾਲੇ ਦੇਸ਼ਾਂ ਵਿਚਲੇ ਤੇਲ ਨੂੰ ਸੁਰੱਖਿਅਤ ਰੱਖਣ ਲਈ ਹੈ। ਇਸੇ ਲਈ ਉਹਨੇ 28 ਦੇਸ਼ਾਂ ਦੀ 7 ਲੱਖ ਫ਼ੌਜ ਇਰਾਕ ’ਤੇ ਹਮਲਾ ਕਰਨ ਲਈ ਇਕੱਠੀ ਕੀਤੀ ਸੀ। ਪੱਛਮੀ ਏਸ਼ੀਆ ਵਿੱਚ ਉਹਦੇ ਅਨੇਕਾਂ ਫ਼ੌਜੀ ਬੇਸ ਕੈਂਪ ਤੇ ਬੇੜੇ ਇਸ ਗੱਲ ਦੇ ਗਵਾਹ ਹਨ। ਜਾਰਜ ਬੁਸ਼ ਸੀਨੀਅਰ ਨੇ ਕਿਹਾ ਸੀ, ‘‘ਜੇਕਰ ਦੁਨੀਆ ਦੇ ਵਿਸ਼ਾਲ ਤੇਲ ਭੰਡਾਰਾਂ ਦਾ ਕੰਟਰੋਲ ਸੱਦਾਮ ਹੁਸੈਨ ਦੇ ਹੱਥਾਂ ਵਿੱਚ ਆ ਗਿਆ ਤਾਂ ਸਾਡੀਆਂ ਨੌਕਰੀਆਂ, ਜੀਵਨ ਸ਼ੈਲੀ, ਆਜ਼ਾਦੀ ਤੇ ਮਿੱਤਰ ਦੇਸ਼ਾਂ ਦੀ ਆਜ਼ਾਦੀ ਸਭ ਖ਼ਤਰੇ ਵਿੱਚ ਪੈ ਜਾਣਗੇ।’’ ਸੱਦਾਮ ਹੁਸੈਨ ਦਾ ਜਿਵੇਂ ਫਸਤਾ ਵੱਢਿਆ ਉਹ ਤੇਲ ਵਾਲੇ ਮੁਲਕਾਂ ਨੂੰ ਡਰਾਉਣ ਲਈ ਵੱਡਾ ਹਥਿਆਰ ਸੀ। ਇਸ ਵਾਰ ਨਿਸ਼ਾਨੇ ’ਤੇ ਇਰਾਨ ਹੈ, ਪਰ ਇਸ ਵਾਰ ਨਾਟੋ ਦੇ ਦੇਸ਼ਾਂ ਤੇ ਖਾੜੀ ਵਾਲੇ ਹਮਦਰਦਾਂ ਨੇ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਨਾਲ ਇਰਾਨ ਨੇ ਤਬਾਹ ਹੋ ਕੇ ਵੀ ਇਜ਼ਰਾਇਲੀ ਹਮਲਿਆਂ ਦਾ ਜਵਾਬ ਖਾੜੀ ਵਿਚਲੇ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਦਿਤਾ। ਅਗਲੀ ਵਾਰੀ ਕਿਸ ਦੀ ਹੈ ਇਹਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਜੰਗ ਵਿੱਚ ਨਾ ਕੋਈ ਜਿੱਤਦਾ ਹੈ ਨਾ ਕੋਈ ਹਾਰਦਾ ਹੈ। ਸਿਰਫ਼ ਬਰਬਾਦੀ ਹੁੰਦੀ ਹੈ ਮੁਲਕਾਂ ਦੀ, ਮਾਰੇ ਜਾਂਦੇ ਹਨ ਆਮ ਲੋਕ। ਉਨ੍ਹਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਹਨ। ਉਹ ਘਰੋਂ ਬੇਘਰ ਹੋਣ ਲਈ ਮਜਬੂਰ ਹੋ ਜਾਂਦੇ ਹਨ। ਇਹੀ ਕੁਝ ਖਾੜੀ ਯੁੱਧ ਵਿਚ ਹੋ ਰਿਹਾ ਹੈ। ਸਕੂਲ ਵਿੱਚ ਬੱਚੀਆਂ ਮਾਰੀਆਂ ਗਈਆਂ, ਹਸਪਤਾਲ ਤਬਾਹ ਹੋ ਗਏ, ਵਪਾਰਕ ਤੇ ਰਿਹਾਇਸ਼ੀ ਇਮਾਰਤਾਂ ਮਲਬੇ ਦਾ ਢੇਰ ਬਣ ਗਈਆਂ। ਸਾਮਰਾਜੀ ਤਾਕਤਾਂ ਟਵੀਟ ਕਰ ਰਹੀਆਂ ਹਨ, ਮਿਜ਼ਾਈਲਾਂ, ਡਰੋਨ ਤਬਾਹੀ ਮਚਾ ਰਹੇ ਹਨ। ਇਸ ਦਾ ਜ਼ਿੰਮੇਵਾਰ ਕੌਣ ਹੈ? ਇਸ ਬਾਰੇ ਖ਼ਾਮੋਸ਼ੀ ਹੈ। ਜਦ ਤੱਕ ਲਹੂ ਪੀਣੀਆਂ ਤਾਕਤਾਂ ਇਨ੍ਹਾਂ ਖਿੱਤਿਆਂ ’ਚੋਂ ਤੇਲ ਚੂਸਦੀਆਂ ਰਹਿਣਗੀਆਂ, ਓਨੀ ਦੇਰ ਤੱਕ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਸੰਭਵ ਨਹੀਂ। ਲੋਕਾਂ ਦਾ ਘਾਣ ਹੁੰਦਾ ਰਹੇਗਾ, ਪੂਰੀ ਦੁਨੀਆ ਵਿੱਚ ਅਸ਼ਾਂਤੀ ਦੇ ਬੱਦਲ ਮੰਡਰਾਉਂਦੇ ਰਹਿਣਗੇ। ਦੁਨੀਆ ਵਿਚਲੀ ਭੁੱਖ, ਨੰਗ, ਗਰੀਬੀ, ਬਿਮਾਰੀ ਇਸ ਗੱਲ ’ਤੇ ਟਿਕੀ ਹੋਈ ਹੈ ਕਿ ਕਦੋਂ ਕੁਦਰਤੀ ਸਰੋਤਾਂ ਦੀ ਕਾਣੀ ਵੰਡ ਖ਼ਤਮ ਹੋਵੇਗੀ ਤੇ ਮੁਨਾਫ਼ੇ ਦੇ ਲਾਲਚ ਵਾਲੀ ਸੋਚ ਦਾ ਅੰਤ ਹੋਵੇਗਾ। ਜੰਗ ਦੀ ਤ੍ਰਾਸਦੀ ਨੂੰ ਇਫ਼ਤੀ ਨਸੀਮ ਨੇ ਕਵਿਤਾ ਵਿੱਚ ਪੇਸ਼ ਕਰਦਿਆਂ ਲਿਖਿਆ ਹੈ:
ਬਗਦਾਦ ਕਿਸੇ ਫਿਲਮ ਦਾ ਸੈੱਟ ਨਹੀਂ
ਓਥੇ ਸੱਚਮੁੱਚ ਦੇ ਬੰਬ ਸੁੱਟੇ ਜਾਂਦੇ ਨੇ
ਕੀ ਤੁਸੀਂ ਕਦੇ ਗਏ ਹੋ
ਉਨ੍ਹਾਂ ਬੰਬਾਂ ਦੀਆਂ ਕਿਰਚਾਂ ਦੇਖਣ
ਜਿਨ੍ਹਾਂ ਨੇ ਨਾਗਰਿਕਾਂ ਦੀ ਜਾਨ ਲੈ ਲਈ
ਜਾਂ ਨਿਗਲ ਲਿਆ ਬੱਚਿਆਂ ਨੂੰ...
ਬਗਦਾਦ ਕੋਈ ਪ੍ਰਯੋਗਸ਼ਾਲਾ ਨਹੀਂ
ਬਗਦਾਦ ਇੱਕ ਇਤਿਹਾਸ ਹੈ
ਆਰਥਿਕ ਪਾਬੰਦੀ ਸਭ ਤੋਂ ਵੱਡਾ ਨਸਲਵਾਦੀ ਵਿਚਾਰ ਹੈ
ਜਿਸਨੂੰ ਮੈਂ ਆਧੁਨਿਕ ਇਤਿਹਾਸ ਵਿੱਚ ਦੇਖਿਆ
ਇਰਾਕੀ ਬੱਚੇ ਤੁਹਾਡੇ ਜ਼ਹਿਰ ਵਿੱਚ ਘੁਲਿਆ
ਦੁੱਧ ਪੀ ਰਹੇ ਨੇ, ਖਾਣਾ ਖਾ ਰਹੇ ਨੇ
ਤੁਸਾਂ ਨਫ਼ਰਤ ਦੀ ਫਸਲ ਹੈ ਬੀਜ ਦਿੱਤੀ
ਤੇ ਮੈਨੂੰ ਡਰ ਹੈ ਕਿ-
ਉਹਦੀ ਵਾਢੀ ਦੇ ਦਿਨ ਆ ਗਏ ਨੇ...
(ਹੁਣ ਇਹ ਫਸਲ ਇਰਾਨ ਵੱਢ ਰਿਹਾ ਹੈ,
ਖਾੜੀ ਦੇ ਦੇਸ਼ ਬਰਬਾਦ ਹੋ ਰਹੇ ਹਨ...)
ਸੰਪਰਕ: 94173-58120

