DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਵਾਜ਼ ਖ਼ਾਮੋਸ਼ ਨਹੀਂ ਰਹੀ

ਸ਼ਹਿਰ ਦੀ ਸਵੇਰ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੀ। ਇਹ ਹੁਕਮ ਦਿੰਦੀ ਹੈ... ਉੱਠੋ, ਦੌੜੋ, ਕੰਮ ਕਰੋ ਅਤੇ ਚੁੱਪ ਰਹੋ। ਜਦੋਂ ਸੁਰਜੀਤ ਸਿੰਘ ਦੀ ਅੱਖ ਖੁੱਲ੍ਹੀ ਤਾਂ ਉਸ ਦੇ ਸਾਹਮਣੇ ਕੋਈ ਖਿੜਕੀ ਨਹੀਂ ਸੀ, ਸਗੋਂ ਝੁੱਗੀ ਦੀ ਛੱਤ ’ਚੋਂ ਲਟਕਦਾ...

  • fb
  • twitter
  • whatsapp
  • whatsapp
Advertisement

ਸ਼ਹਿਰ ਦੀ ਸਵੇਰ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੀ। ਇਹ ਹੁਕਮ ਦਿੰਦੀ ਹੈ... ਉੱਠੋ, ਦੌੜੋ, ਕੰਮ ਕਰੋ ਅਤੇ ਚੁੱਪ ਰਹੋ। ਜਦੋਂ ਸੁਰਜੀਤ ਸਿੰਘ ਦੀ ਅੱਖ ਖੁੱਲ੍ਹੀ ਤਾਂ ਉਸ ਦੇ ਸਾਹਮਣੇ ਕੋਈ ਖਿੜਕੀ ਨਹੀਂ ਸੀ, ਸਗੋਂ ਝੁੱਗੀ ਦੀ ਛੱਤ ’ਚੋਂ ਲਟਕਦਾ ਪਲਾਸਟਿਕ ਦਾ ਟੁਕੜਾ ਸੀ, ਜਿਸ ਰਾਹੀਂ ਧੁੱਪ ਨਹੀਂ, ਧੂੰਆਂ ਅੰਦਰ ਆ ਰਿਹਾ ਸੀ। ਉਸ ਦੀ ਨੀਂਦ ਪੂਰੀ ਨਹੀਂ ਸੀ ਹੋਈ, ਪਰ ਸ਼ਹਿਰ ਨੂੰ ਮਜ਼ਦੂਰ ਦੀ ਨੀਂਦ ਨਾਲ ਕੋਈ ਮਤਲਬ ਨਹੀਂ ਹੁੰਦਾ। ਸੁਰਜੀਤ ਨੂੰ ਪਤਾ ਸੀ ਕਿ ਦੇਰ ਹੋ ਗਈ ਤਾਂ ਦਿਹਾੜੀ ਨਹੀਂ ਮਿਲੇਗੀ ਅਤੇ ਜੇ ਦਿਹਾੜੀ ਨਾ ਮਿਲੀ ਤਾਂ ਅੱਜ ਦੀ ਰੋਟੀ ਵੀ ਸੁਆਲ ਬਣ ਜਾਏਗੀ।

ਉਹ ਉੱਠ ਕੇ ਬੈਠ ਗਿਆ। ਸਰੀਰ ਦਰਦ ਨਾਲ ਟੁੱਟ ਰਿਹਾ ਸੀ, ਹੱਥਾਂ ਵਿੱਚ ਕੱਟਾਂ ਦੇ ਨਿਸ਼ਾਨ, ਮੋਢਿਆਂ ਵਿੱਚ ਸੋਜ਼ਿਸ਼ ਅਤੇ ਪਿੱਠ ਵਿੱਚ ਦਰਦ, ਜੋ ਮਜ਼ਦੂਰੀ ਨਾਲ ਨਹੀਂ, ਬੇਇਨਸਾਫ਼ੀ ਨਾਲ ਵੀ ਹੁੰਦਾ ਹੈ। ਉਸ ਨੇ ਸੱਜੇ ਪਾਸੇ ਸੁੱਤੀ ਹਰਜੀਤ ਕੌਰ ਵੱਲ ਦੇਖਿਆ। ਉਸ ਦੇ ਮੱਥੇ ’ਤੇ ਚਿੰਤਾ ਦੀ ਲਕੀਰ ਸੀ, ਜਿਵੇਂ ਨੀਂਦ ਵਿੱਚ ਵੀ ਉਹ ਹਿਸਾਬ-ਕਿਤਾਬ ਕਰਦੀ ਹੋਵੇ... ਕਿਰਾਇਆ, ਰਾਸ਼ਨ ਤੇ ਬੱਚਿਆਂ ਦੀ ਫ਼ੀਸ। ਸੁਰਜੀਤ ਨੇ ਉਸ ਨੂੰ ਜਗਾਇਆ ਨਹੀਂ। ਸ਼ਹਿਰ ਵਿੱਚ ਨੀਂਦ ਆਰਾਮ ਨਹੀਂ ਹੁੰਦੀ।

Advertisement

ਕੰਸਟਰੱਕਸ਼ਨ ਸਾਈਟ ’ਤੇ ਪਹੁੰਚ ਕੇ ਸੁਰਜੀਤ ਨੇ ਆਪਣਾ ਪੀਲੇ ਰੰਗ ਦਾ ਹੈਲਮਟ ਪਾਇਆ। ਸਾਹਮਣੇ ਅਧੂਰੀ ਇਮਾਰਤ ਸੀ। ਲੋਹੇ ਦੇ ਸਰੀਏ ਬਾਹਰ ਨਿਕਲੇ ਹੋਏ, ਸੀਮਿੰਟ ਦੀ ਧੂੜ ਉੱਡ ਰਹੀ ਸੀ। ਇਹ ਇਮਾਰਤ ਹੌਲੀ-ਹੌਲੀ ਤਾਮੀਰ ਹੋ ਰਹੀ ਸੀ। ਠੇਕੇਦਾਰ ਗੁਰਮੇਲ ਉੱਚੀ ਆਵਾਜ਼ ਵਿੱਚ ਹੁਕਮ ਦਿੰਦਾ ਜਿਵੇਂ ਮਜ਼ਦੂਰ ਮਨੁੱਖ ਨਹੀਂ, ਮਸ਼ੀਨਾਂ ਹੋਣ। ਉਹ ਆਖਦਾ, ‘‘ਚੱਲੋ, ਚੱਲੋ! ਅੱਜ ਟੀਚਾ ਪੂਰਾ ਕਰਨੈ, ਕੋਈ ਬਹਾਨਾ ਨਹੀਂ।’’ ਸੁਰਜੀਤ ਨੇ ਸੀਮਿੰਟ ਦੀ ਬੋਰੀ ਚੁੱਕੀ। ਪੌੜੀਆਂ ਚੜ੍ਹਦੇ ਹੋਏ ਉਸ ਦਾ ਸਾਹ ਫੁੱਲ ਗਿਆ, ਪਰ ਉਸ ਦੀ ਰੁਕਣ ਦੀ ਹਿੰਮਤ ਨਹੀਂ ਸੀ। ਪੌੜੀਆਂ ’ਤੇ ਭਾਰੀ ਸਾਮਾਨ ਚੜ੍ਹਾਉਣ ਸਮੇਂ ਸੁਰਜੀਤ ਦਾ ਸਾਹ ਫੁੱਲਦਾ ਸੀ। ਸ਼ਹਿਰ ਵਿੱਚ ਰੁਕਣਾ ਵੀ ਗੁਨਾਹ ਹੈ। ਦੁਪਹਿਰ ਨੂੰ ਜਦੋਂ ਥੋੜ੍ਹੀ ਜਿਹੀ ਛਾਂ ਮਿਲੀ ਤਾਂ ਸੁਰਜੀਤ ਅਤੇ ਹੋਰ ਮਜ਼ਦੂਰ ਇੱਕ ਪਾਸੇ ਬੈਠ ਗਏ। ਕੋਈ ਟਿਫ਼ਨ ਨਹੀਂ ਸੀ। ਸਿਰਫ਼ ਰੋਟੀ ਅਤੇ ਲੂਣ, ਰੋਟੀ ਘਸਮੈਲ਼ੇ ਜਿਹੇ ਕੱਪੜੇ ਵਿੱਚ ਬੰਨ੍ਹੀ ਹੋਈ ਸੀ। ਉਸ ਵੇਲੇ ਨੌਜਵਾਨ ਮਜ਼ਦੂਰ ਜਗਸੀਰ ਬੋਲ ਪਿਆ, ‘‘ਵੀਰ, ਇਹ ਕੀ ਜ਼ਿੰਦਗੀ ਐ? ਨਾ ਸਮਾਂ ਆਪਣਾ, ਨਾ ਸਰੀਰ ਆਪਣਾ।’’ ਸੁਰਜੀਤ ਨੇ ਲੰਮਾ ਸਾਹ ਲਿਆ ਅਤੇ ਹੌਲੀ ਆਵਾਜ਼ ਵਿੱਚ ਕਿਹਾ, ‘‘ਪੁੱਤ, ਇਹ ਜ਼ਿੰਦਗੀ ਨਹੀਂ, ਇਹ ਸੌਦਾ ਹੈ। ਅਸੀਂ ਆਪਣੀ ਤਾਕਤ ਦੇ ਬਦਲੇ ਦੋ ਰੋਟੀਆਂ ਲੈਂਦੇ ਆਂ। ਹੌਲੀ-ਹੌਲੀ ਅਸੀਂ ਆਪਣੀ ਆਵਾਜ਼ ਵੀ ਵੇਚ ਦਿੰਦੇ ਆਂ। ਪਹਿਲਾਂ ਦਰਦ ਸਹਿੰਦੇ ਹਾਂ, ਫਿਰ ਬੇਇਨਸਾਫ਼ੀ ਅਤੇ ਆਖ਼ਰ ’ਚ ਚੁੱਪ।’’ ਜਗਸੀਰ ਨੇ ਪੁੱਛਿਆ, ‘‘ਫਿਰ ਕੀ ਕਰੀਏ?’’

Advertisement

ਸੁਰਜੀਤ ਕੁਝ ਪਲ ਚੁੱਪ ਰਿਹਾ। ਉਸ ਨੇ ਕਿਹਾ, ‘‘ਪਰ ਹਰ ਵਾਰੀ ਚੁੱਪ ਰਹਿਣ ਨਾਲ ਸ਼ਹਿਰ ਸਾਡੀਆਂ ਹੱਡੀਆਂ ਵਿੱਚੋਂ ਵੀ ਸੀਮਿੰਟ ਕੱਢ ਲੈਂਦਾ ਹੈ।’’ ਸ਼ਾਮ ਨੂੰ ਉੱਪਰਲੀ ਮੰਜ਼ਿਲ ਤੋਂ ਇੱਕ ਮਜ਼ਦੂਰ ਤਿਲਕ ਗਿਆ ਤੇ ਉਸ ਨੂੰ ਕਾਫ਼ੀ ਸੱਟਾਂ ਲੱਗ ਗਈਆਂ। ਕੋਈ ਵੱਡੀ ਖ਼ਬਰ ਨਹੀਂ ਬਣੀ। ਸਿਰਫ਼ ਐਂਬੂਲੈਂਸ ਆਈ ਤੇ ਜ਼ਖ਼ਮੀ ਮਜ਼ਦੂਰ ਨੂੰ ਲੈ ਗਈ ਅਤੇ ਕੰਮ ਫਿਰ ਆਪਣੀ ਰਫ਼ਤਾਰ ਨਾਲ ਚੱਲ ਪਿਆ। ਗੁਰਮੇਲ ਨੇ ਸਿਰਫ਼ ਇੰਨਾ ਹੀ ਕਿਹਾ, ‘‘ਧਿਆਨ ਨਾਲ ਕੰਮ ਕਰੋ, ਕੰਮ ਨਹੀਂ ਰੁਕਣਾ ਚਾਹੀਦਾ।’’ ਉਹ ਘਰ ਆਇਆ ਤਾਂ ਹਰਜੀਤ ਨੇ ਪੁੱਛਿਆ, ‘‘ਅੱਜ ਦੇਰ ਕਿਵੇਂ ਹੋ ਗਈ?’’ ਸੁਰਜੀਤ ਨੇ ਕਿਹਾ, ‘‘ਅੱਜ ਮੈਂ ਦੇਖਿਆ ਕਿ ਇੱਥੇ ਮਰਨ ਵੀ ਦਿਹਾੜੀ ਵਰਗਾ ਹੀ ਹੈ, ਜੇ ਕੰਮ ਨਾ ਰੁਕਿਆ ਤਾਂ ਮੌਤ ਦਾ ਵੀ ਕੋਈ ਹਿਸਾਬ ਨਹੀਂ।’’ ਹਰਜੀਤ ਚੁੱਪ ਹੋ ਗਈ। ਸ਼ਾਇਦ ਡਰ ਗਈ ਸੀ। ਰਾਤ ਨੂੰ ਸੁਰਜੀਤ ਬਾਹਰ ਬੈਠਾ ਸ਼ਹਿਰ ਦੀਆਂ ਲਾਈਟਾਂ ਵੱਲ ਤੱਕਦਾ ਰਿਹਾ। ਇਹ ਲਾਈਟਾਂ ਉਸ ਇਮਾਰਤ ’ਚ ਵੀ ਲੱਗਣੀਆਂ ਸਨ, ਜੋ ਉਹ ਬਣਾਉਂਦਾ ਸੀ ਪਰ ਉਸ ਦੀ ਆਪਣੀ ਝੁੱਗੀ ’ਚ ਹਨੇਰਾ ਰਹਿਣਾ ਸੀ। ਉਸ ਨੇ ਆਪਣੇ ਆਪ ਨੂੰ ਕਿਹਾ, ‘ਜੇ ਅਸੀਂ ਆਵਾਜ਼ ਨਾ ਚੁੱਕੀ ਤਾਂ ਇਹ ਸ਼ਹਿਰ ਸਾਨੂੰ ਪੂਰੀ ਤਰ੍ਹਾਂ ਦੱਬ ਦੇਵੇਗਾ... ਸੀਮਿੰਟ ਹੇਠਾਂ, ਚੁੱਪ ਹੇਠਾਂ।’’ ਸ਼ਹਿਰ ਵਿੱਚ ਜ਼ੁਲਮ ਹਰ ਰੋਜ਼ ਹੁੰਦਾ ਹੈ। ਸਵੇਰ ਤੋਂ ਸ਼ਾਮ ਤੱਕ, ਕੰਮ ਦੀ ਰਫ਼ਤਾਰ ਵਿੱਚ, ਹੁਕਮ ਦੀ ਆਵਾਜ਼ ਵਿੱਚ ਅਤੇ ਉਸ ਨਜ਼ਰ ਵਿੱਚ ਜੋ ਮਜ਼ਦੂਰ ਨੂੰ ਮਨੁੱਖ ਨਹੀਂ ਸਮਝਦੀ। ਸੁਰਜੀਤ ਜਦੋਂ ਸਾਈਟ ’ਤੇ ਜਾਂਦਾ ਤਾਂ ਉਸ ਨੂੰ ਲੱਗਦਾ ਕਿ ਇਮਾਰਤ ਉੱਚੀ ਨਹੀਂ ਹੋ ਰਹੀ, ਮਜ਼ਦੂਰ ਹੇਠਾਂ ਧਸ ਰਹੇ ਹਨ। ਹਾਦਸੇ ਤੋਂ ਅਗਲੇ ਦਿਨ ਠੇਕੇਦਾਰ ਗੁਰਮੇਲ ਨੇ ਮਜ਼ਦੂਰਾਂ ਨੂੰ ਇਕੱਠਾ ਕਰਕੇ ਖੜ੍ਹਾ ਕਰ ਲਿਆ। ਉਸ ਦੀ ਆਵਾਜ਼ ਵਿੱਚ ਗੁੱਸਾ ਨਹੀਂ ਸੀ, ਉਹ ਨਰਮੀ ਸੀ ਜੋ ਹਮੇਸ਼ਾ ਜ਼ਿਆਦਾ ਡਰਾਉਣੀ ਹੁੰਦੀ ਹੈ।

‘‘ਸੁਣ ਲਓ,’’ ਉਸ ਨੇ ਕਿਹਾ, ‘‘ਕੱਲ੍ਹ ਜੋ ਹੋਇਆ, ਉਹ ਕਿਸੇ ਦੀ ਗ਼ਲਤੀ ਨਹੀਂ, ਕੰਮ ਵਿੱਚ ਅਜਿਹੀ ਗੱਲ ਆਮ ਹੁੰਦੀ ਹੈ। ਜੇ ਕਿਸੇ ਨੂੰ ਡਰ ਲੱਗਦੈ ਤਾਂ ਦਰਵਾਜ਼ਾ ਖੁੱਲ੍ਹਾ ਹੈ, ਬਾਹਰ ਵੀ ਬਹੁਤ ਲੋਕ ਖੜ੍ਹੇ ਨੇ ਕੰਮ ਲੈਣ ਲਈ।’’ ਸੁਰਜੀਤ ਨੇ ਆਪਣੇ ਆਲ਼ੇ-ਦੁਆਲੇ ਦੇਖਿਆ, ਕਿਸੇ ਨੇ ਅੱਖਾਂ ਉੱਪਰ ਨਹੀਂ ਚੁੱਕੀਆਂ, ਹਰ ਕੋਈ ਜਾਣਦਾ ਸੀ ਕਿ ਦਰਵਾਜ਼ੇ ਦੇ ਬਾਹਰ ਭੀੜ ਹੈ... ਭੁੱਖੀ ਤੇ ਮਜਬੂਰ ਭੀੜ ਜੋ ਸ਼ਹਿਰ ਦਾ ਸਭ ਤੋਂ ਵੱਡਾ ਹਥਿਆਰ ਹੈ। ਦੁਪਹਿਰੇ ਸੁਰਜੀਤ ਅਤੇ ਜਗਸੀਰ ਇੱਕ ਕੋਨੇ ਵਿੱਚ ਬੈਠੇ ਸਨ। ਹਵਾ ਵਿੱਚ ਸੀਮਿੰਟ ਦੀ ਧੂੜ ਸੀ। ਜਗਸੀਰ ਨੇ ਹੌਲੀ ਆਵਾਜ਼ ਵਿੱਚ ਕਿਹਾ, ‘‘ਵੀਰ, ਜੇ ਅਸੀਂ ਕੁਝ ਕਹੀਏ... ਤਾਂ?’’ ਸੁਰਜੀਤ ਨੇ ਉਸ ਵੱਲ ਤੱਕਿਆ, ‘‘ਸੁਣ, ਸ਼ਹਿਰ ਵਿੱਚ ਕੁਝ ਕਹਿਣਾ ਸਭ ਤੋਂ ਮਹਿੰਗੀ ਗੱਲ ਹੁੰਦੀ ਹੈ। ਪਹਿਲਾਂ ਤੈਨੂੰ ਕਹਿਣ ਦਿੰਦੇ ਨੇ, ਫਿਰ ਤੈਨੂੰ ਇਕੱਲਾ ਕਰ ਦਿੰਦੇ ਨੇ। ਜਦੋਂ ਤੂੰ ਇਕੱਲਾ ਹੋ ਜਾਵੇ ਤਾਂ ਤੇਰੀ ਗੱਲ ਆਪ ਹੀ ਗ਼ਲਤ ਲੱਗਣ ਲੱਗ ਪੈਂਦੀ ਹੈ। ਇਹੀ ਸ਼ਹਿਰੀ ਜ਼ੁਲਮ ਐ... ਇਹ ਤੈਨੂੰ ਮਾਰਦਾ ਨਹੀਂ, ਖ਼ਾਮੋਸ਼ ਕਰ ਦਿੰਦਾ ਹੈ।’’ ਜਗਸੀਰ ਕੁਝ ਕਹਿਣਾ ਚਾਹੁੰਦਾ ਸੀ, ਪਰ ਇਹ ਚੁੱਪ ਉਸ ਦੀ ਹਾਰ ਨਹੀਂ ਸੀ ਸਗੋਂ ਉਸ ਦੀ ਸਮਝ ਦੀ ਸ਼ੁਰੂਆਤ ਸੀ।

ਸ਼ਾਮ ਨੂੰ ਤਨਖ਼ਾਹ ਵੰਡੀ ਜਾਣੀ ਸੀ। ਜਦੋਂ ਸੁਰਜੀਤ ਦਾ ਨੰਬਰ ਆਇਆ ਤਾਂ ਉਸ ਨੇ ਨੋਟ ਗਿਣੇ ਤਾਂ ਦੋ ਦਿਹਾੜੀਆਂ ਘੱਟ ਸਨ।

‘‘ਗੁਰਮੇਲ ਜੀ, ਇਹ..!’’ ‘‘ਹਿਸਾਬ ਠੀਕ ਐ’’, ਠੇਕੇਦਾਰ ਨੇ ਵਿਚਕਾਰ ਟੋਕਿਆ, ‘‘ਪਿਛਲੇ ਹਫ਼ਤੇ ਅੱਧਾ ਦਿਨ ਛੱਡਿਆ ਸੀ।’’

ਸੁਰਜੀਤ ਨੇ ਲੰਮਾ ਸਾਹ ਲਿਆ ਅਤੇ ਕਿਹਾ, ‘‘ਅੱਧਾ ਦਿਨ ਮੈਂ ਇਸ ਲਈ ਛੱਡਿਆ ਸੀ ਕਿਉਂਕਿ ਮੇਰੀ ਪਿੱਠ ਸਿੱਧੀ ਨਹੀਂ ਹੋ ਰਹੀ ਸੀ। ਮੈਂ ਮਸ਼ੀਨ ਨਹੀਂ ਹਾਂ।’’ ਗੁਰਮੇਲ ਨੇ ਉਸ ਵੱਲ ਇਉਂ ਤੱਕਿਆ ਜਿਵੇਂ ਸੁਰਜੀਤ ਨੇ ਕੋਈ ਵੱਡੀ ਗ਼ਲਤੀ ਕਰ ਦਿੱਤੀ ਹੋਵੇ। ਫਿਰ ਬੋਲਿਆ, ‘‘ਜ਼ਿਆਦਾ ਸਿਆਣਾ ਨਾ ਬਣ। ਇੱਥੇ ਸਾਰਾ ਕੁਝ ਸਿਸਟਮ ਦੇ ਹਿਸਾਬ ਨਾਲ ਚੱਲਦੈ।’’ ਸੁਰਜੀਤ ਨੂੰ ਅਹਿਸਾਸ ਹੋਇਆ ਕਿ ਸਿਸਟਮ ਦਾ ਮਤਲਬ ਇਨਸਾਫ਼ ਨਹੀਂ ਹੁੰਦਾ। ਸਿਸਟਮ ਦਾ ਮਤਲਬ ਹੁੰਦਾ ਹੈ ਕਿ ਜੋ ਉੱਪਰ ਹੈ, ਉਹ ਉੱਪਰ ਹੀ ਰਹੇ ਅਤੇ ਜੋ ਹੇਠਾਂ ਹੈ, ਉਹ ਹੇਠਾਂ ਹੀ ਕੰਮ ਕਰੇ। ਘਰ ਵਾਪਸ ਆ ਕੇ ਹਰਜੀਤ ਕੌਰ ਨੇ ਨੋਟ ਦੇਖੇ। ਉਹ ਕੁਝ ਪਲ ਚੁੱਪ ਰਹੀ ਤੇ ਫਿਰ ਬੋਲੀ, ‘‘ਅਸੀਂ ਹਰ ਮਹੀਨੇ ਘੱਟ ਨਾਲ ਜੀ ਲੈਂਦੇ ਹਾਂ, ਪਰ ਇਹ ਘੱਟ ਹਰ ਮਹੀਨੇ ਹੋਰ ਘੱਟ ਹੁੰਦਾ ਜਾ ਰਿਹਾ ਹੈ। ਤੂੰ ਹਰ ਰੋਜ਼ ਟੁੱਟ ਕੇ ਆਉਂਦੈਂ ਅਤੇ ਮੈਂ ਹਰ ਰੋਜ਼ ਡਰ ਕੇ ਜਿਊਂਦੀ ਆਂ। ਕੀ ਇਹੀ ਜ਼ਿੰਦਗੀ ਐ?’’ਸੁਰਜੀਤ ਨੇ ਸਿਰਫ਼ ਇੰਨਾ ਹੀ ਕਿਹਾ, ‘‘ਜੇ ਅਸੀਂ ਚੁੱਪ ਰਹੇ ਤਾਂ ਜ਼ਿੰਦਗੀ ਇਹੀ ਰਹੇਗੀ। ਜੇ ਬੋਲੇ ਤਾਂ ਸ਼ਾਇਦ ਹੋਰ ਮੁਸ਼ਕਿਲ ਆਵੇ ਪਰ ਘੱਟੋ-ਘੱਟ ਸਾਨੂੰ ਪਤਾ ਤਾਂ ਹੋਵੇਗਾ ਕਿ ਅਸੀਂ ਜਿਊਂਦੇ ਆਂ।’’

ਉਸ ਰਾਤ ਸ਼ਹਿਰ ਦੀਆਂ ਲਾਈਟਾਂ ਹੋਰ ਤੇਜ਼ ਲੱਗ ਰਹੀਆਂ ਸਨ। ਉਸ ਨੇ ਪਹਿਲੀ ਵਾਰ ਫ਼ੈਸਲਾ ਕੀਤਾ ਕਿ ਉਹ ਆਪਣੀ ਆਵਾਜ਼ ਨੂੰ ਸੀਮਿੰਟ ਹੇਠਾਂ ਨਹੀਂ ਦੱਬਣ ਦੇਵੇਗਾ।

ਸਾਈਟ ’ਤੇ ਮਾਹੌਲ ਤਣਾਅ ਭਰਿਆ ਸੀ। ਪਿਛਲੇ ਦਿਨ ਦੀ ਗੱਲ ਹਾਲੇ ਵੀ ਹਵਾ ਵਿੱਚ ਸੀ। ਕੁਝ ਮਜ਼ਦੂਰ ਸੁਰਜੀਤ ਵੱਲ ਦੇਖ ਕੇ ਅੱਖਾਂ ਫੇਰ ਲੈਂਦੇ ਸਨ, ਜਿਵੇਂ ਉਸ ਨਾਲ ਗੱਲ ਕਰਨਾ ਵੀ ਖ਼ਤਰਾ ਹੋਵੇ। ਕੁਝ ਹੋਰ ਹੌਲੀ-ਹੌਲੀ ਨੇੜੇ ਆ ਗਏ, ਬਿਨਾਂ ਕੁਝ ਕਹੇ ਇਹ ਨੇੜੇ ਆਉਣਾ ਹੀ ਪਹਿਲਾ ਇਸ਼ਾਰਾ ਸੀ ਕਿ ਡਰ ਪੂਰੀ ਤਰ੍ਹਾਂ ਹਾਵੀ ਨਹੀਂ ਸੀ। ਜਗਸੀਰ ਨੇ ਸੁਰਜੀਤ ਨੂੰ ਇੱਕ ਪਾਸੇ ਬੁਲਾ ਲਿਆ। ਉਹ ਦੋਵੇਂ ਅਧੂਰੀ ਇਮਾਰਤ ਦੇ ਪਿੱਛੇ ਖੜ੍ਹ ਗਏ, ਜਿੱਥੇ ਨਾ ਠੇਕੇਦਾਰ ਦੀ ਨਜ਼ਰ ਸੀ, ਨਾ ਕੈਮਰਿਆਂ ਦੀ। ਜਗਸੀਰ ਨੇ ਹੌਲੀ ਜਿਹੀ ਪੁੱਛਿਆ, ‘‘ਵੀਰ, ਤੁਸੀਂ ਕੱਲ੍ਹ ਜੋ ਕਿਹਾ... ਉਸ ਤੋਂ ਬਾਅਦ ਸਭ ਡਰੇ ਹੋਏ ਨੇ।’’ ਸੁਰਜੀਤ ਨੇ ਲੰਮਾ ਸਾਹ ਲੈਂਦਿਆਂ ਕਿਹਾ, ‘‘ਡਰਨਾ ਗ਼ਲਤ ਨਹੀਂ, ਡਰ ਮਨੁੱਖ ਨੂੰ ਜਿਊਂਦਾ ਰੱਖਦਾ ਹੈ ਪਰ ਜਦੋਂ ਡਰ ਹੀ ਜ਼ਿੰਦਗੀ ਬਣ ਜਾਵੇ ਤਾਂ ਫਿਰ ਬੰਦਾ ਜਿਊਂਦਾ ਨਹੀਂ ਰਹਿੰਦਾ। ਮੈਂ ਸਿਰਫ਼ ਇਹ ਪੁੱਛ ਰਿਹਾ ਹਾਂ ਕਿ ਕੀ ਅਸੀਂ ਹਮੇਸ਼ਾ ਇੰਝ ਹੀ ਸਿਰ ਝੁਕਾ ਕੇ ਰਹਿਣੈ?’’

ਜਗਸੀਰ ਨੇ ਕਿਹਾ, ‘‘ਪਰ ਜੇ ਸਾਨੂੰ ਕੰਮ ਤੋਂ ਕੱਢ ਦਿੱਤਾ?’’

ਸੁਰਜੀਤ ਨੇ ਉਸ ਵੱਲ ਦੇਖ ਕੇ ਆਖਿਆ, ‘‘ਸਾਨੂੰ ਹਰ ਰੋਜ਼ ਕੱਢਿਆ ਜਾ ਰਿਹੈ ਪੁੱਤ... ਤਨਖ਼ਾਹ ’ਚੋਂ, ਸਿਹਤ ’ਚੋਂ, ਇੱਜ਼ਤ ’ਚੋਂ। ਫ਼ਰਕ ਸਿਰਫ਼ ਇੰਨਾ ਹੈ ਕਿ ਅਸੀਂ ਇਸ ਨੂੰ ਮੰਨ ਲਿਆ ਹੈ।’’

ਉਸੇ ਦਿਨ ਸ਼ਾਮ ਨੂੰ ਇੱਕ ਹੋਰ ਹਾਦਸਾ ਹੋਇਆ। ਇਸ ਵਾਰੀ ਇੱਕ ਮਜ਼ਦੂਰ ਦੇ ਹੱਥ ’ਤੇ ਲੋਹੇ ਦਾ ਗਾਰਡਰ ਡਿੱਗ ਪਿਆ। ਖ਼ੂਨ ਵਗਣ ਲੱਗ ਪਿਆ। ਠੇਕੇਦਾਰ ਨੇ ਪਹਿਲਾਂ ਤਾਂ ਨਜ਼ਰਅੰਦਾਜ਼ ਕੀਤਾ, ਫਿਰ ਬੋਲਿਆ, ‘‘ਡਰਾਮਾ ਨਾ ਕਰੋ! ਕੰਮ ਰੁਕਣਾ ਨਹੀਂ ਚਾਹੀਦਾ।’’ਉਸ ਪਲ ਸੁਰਜੀਤ ਅੱਗੇ ਆ ਗਿਆ। ਇਹ ਅਚਾਨਕ ਨਹੀਂ ਸੀ। ਇਹ ਸਾਲਾਂ ਦੀ ਚੁੱਪ ਤੋਂ ਬਾਅਦ ਚੁੱਕਿਆ ਕਦਮ ਸੀ, ‘‘ਕੰਮ ਰੁਕਣਾ ਚਾਹੀਦਾ ਹੈ,’’ ਉਸ ਨੇ ਉੱਚੀ ਆਵਾਜ਼ ਵਿੱਚ ਕਿਹਾ, ‘‘ਘੱਟੋ-ਘੱਟ ਉਦੋਂ ਤੱਕ, ਜਦੋਂ ਤੱਕ ਉਸ ਦਾ ਹੱਥ ਬੰਨ੍ਹਿਆ ਨਹੀਂ ਜਾਂਦਾ।’’ ਇਮਾਰਤ ਦੇ ਅੰਦਰ ਅਚਾਨਕ ਖ਼ਾਮੋਸ਼ੀ ਛਾ ਗਈ। ਗੁਰਮੇਲ ਦਾ ਚਿਹਰਾ ਲਾਲ ਹੋ ਗਿਆ, ‘‘ਤੂੰ ਸਭ ਨੂੰ ਭੜਕਾ ਰਿਹੈਂ!’’ ਸੁਰਜੀਤ ਨੇ ਜਵਾਬ ਦਿੱਤਾ, ‘‘ਮੈਂ ਕਿਸੇ ਨੂੰ ਭੜਕਾ ਨਹੀਂ ਰਿਹਾ। ਮੈਂ ਸਿਰਫ਼ ਇਹ ਯਾਦ ਦਿਵਾ ਰਿਹਾ ਹਾਂ ਕਿ ਅਸੀਂ ਇਨਸਾਨ ਹਾਂ।’’

ਕੁਝ ਮਜ਼ਦੂਰ ਪਿੱਛੇ ਹਟ ਗਏ। ਡਰ ਹਾਲੇ ਵੀ ਸੀ ਪਰ ਪੰਜ-ਛੇ ਸੁਰਜੀਤ ਦੇ ਨਾਲ ਖੜ੍ਹੇ ਰਹੇ। ਘਰ ਵਾਪਸ ਆ ਕੇ ਹਰਜੀਤ ਕੌਰ ਨੇ ਉਸ ਦਾ ਚਿਹਰਾ ਦੇਖਿਆ ਅਤੇ ਸਮਝ ਗਈ ਕਿ ਅੱਜ ਕੁਝ ਬਦਲਿਆ ਹੈ। ‘‘ਤੂੰ ਕੁਝ ਕੀਤਾ ਹੈ,’’ ਉਸ ਨੇ ਕਿਹਾ।

‘‘ਮੈਂ ਸਿਰਫ਼ ਇੰਨਾ ਕੀਤੈ ਕਿ ਅੱਜ ਮੈਂ ਚੁੱਪ ਨਹੀਂ ਰਿਹਾ। ਮੈਨੂੰ ਨਹੀਂ ਪਤਾ ਕੱਲ੍ਹ ਨੌਕਰੀ ਰਹੇਗੀ ਜਾਂ ਨਹੀਂ, ਪਰ ਇਹ ਪਤਾ ਹੈ ਕਿ ਜੇ ਅੱਜ ਵੀ ਚੁੱਪ ਰਹਿੰਦਾ ਤਾਂ ਮੈਂ ਆਪਣੇ ਆਪ ਤੋਂ ਡਰਦਾ,’’ ਸੁਰਜੀਤ ਨੇ ਹਰਜੀਤ ਨੂੰ ਜਵਾਬ ਦਿੱਤਾ। ਹਰਜੀਤ ਕੌਰ ਨੇ ਅੱਗੇ ਕੁਝ ਨਹੀਂ ਕਿਹਾ। ਉਸ ਦੀਆਂ ਅੱਖਾਂ ਵਿੱਚ ਡਰ ਵੀ ਸੀ ਅਤੇ ਮਾਣ ਵੀ। ਇਹ ਦੋਵੇਂ ਇਕੱਠੇ ਰਹਿੰਦੇ ਨੇ, ਜਿੱਥੇ ਬਗ਼ਾਵਤ ਦੀ ਸ਼ੁਰੂਆਤ ਹੁੰਦੀ ਹੈ। ਇਹ ਪੂਰੀ ਬਗ਼ਾਵਤ ਤਾਂ ਨਹੀਂ, ਪਰ ਇਸ ਦੀ ਸ਼ੁਰੂਆਤ ਜ਼ਰੂਰ ਸੀ। ਦਬਾਅ ਕਦੇ ਅਚਾਨਕ ਨਹੀਂ ਆਉਂਦਾ, ਹੌਲੀ-ਹੌਲੀ ਆਉਂਦਾ ਹੈ। ਅਗਲੇ ਦਿਨ ਸਾਈਟ ’ਤੇ ਪਹੁੰਚ ਕੇ ਉਸ ਨੂੰ ਪਤਾ ਲੱਗ ਗਿਆ ਕਿ ਅੱਜ ਕੁਝ ਵੱਖਰਾ ਹੈ। ਉਸ ਦਾ ਨਾਂ ਹਾਜ਼ਰੀ ਰਜਿਸਟਰ ਵਿੱਚ ਨਹੀਂ ਸੀ। ਇਹ ਸ਼ਹਿਰ ਦਾ ਸਭ ਤੋਂ ਖ਼ਤਰਨਾਕ ਹਥਿਆਰ... ਅਣਡਿੱਠ ਕਰ ਦੇਣਾ। ਉਹ ਸਰੀਏ ਦੀਆਂ ਛੜਾਂ ਕੋਲ ਖੜ੍ਹਾ ਰਿਹਾ। ਸਮਾਂ ਲੰਘਦਾ ਰਿਹਾ। ਮਜ਼ਦੂਰ ਆਉਂਦੇ-ਜਾਂਦੇ ਰਹੇ। ਕੁਝ ਨੇ ਉਸ ਵੱਲ ਦੇਖਿਆ, ਪਰ ਨਜ਼ਰਾਂ ਨੀਵੀਆਂ ਕਰ ਲਈਆਂ। ਇਹ ਨਜ਼ਰਾਂ ਬੇਇਨਸਾਫ਼ ਨਹੀਂ ਸਨ, ਡਰੀਆਂ ਹੋਈਆਂ ਸਨ। ਸੁਰਜੀਤ ਨੂੰ ਇਹ ਗੱਲ ਚੁਭੀ ਨਹੀਂ। ਉਸ ਨੂੰ ਪਤਾ ਸੀ ਕਿ ਡਰ ਕਿਸੇ ਦਾ ਕਿਰਦਾਰ ਨਹੀਂ, ਹਾਲਾਤ ਹੁੰਦੇ ਨੇ। ਥੋੜ੍ਹੀ ਦੇਰ ਬਾਅਦ ਠੇਕੇਦਾਰ ਗੁਰਮੇਲ ਆਇਆ। ਉਹ ਸਿੱਧੀ ਗੱਲ ਨਹੀਂ ਕਰਦਾ। ਉਹ ਗੋਲ ਗੱਲਾਂ ਕਰਦਾ ਰਿਹਾ। ਉਸ ਨੇ ਹੌਲੀ ਆਵਾਜ਼ ਵਿੱਚ ਕਿਹਾ, ‘‘ਸੁਰਜੀਤ, ਇੱਥੇ ਕੰਮ ਕਰਨ ਲਈ ਡਿਸਿਪਲਿਨ ਚਾਹੀਦਾ ਹੈ। ਸਾਨੂੰ ਮੁਸ਼ਕਿਲ ਪੈਦਾ ਕਰਨ ਵਾਲੇ ਲੋਕ ਨਹੀਂ ਚਾਹੀਦੇ।’’ ਸੁਰਜੀਤ ਨੇ ਗੱਲ ਸ਼ੁਰੂ ਕੀਤੀ, ‘‘ਜੇ ਡਿਸਿਪਲਿਨ ਦਾ ਮਤਲਬ ਚੁੱਪ ਰਹਿਣਾ ਹੈ ਤਾਂ ਫਿਰ ਇਹ ਡਿਸਿਪਲਿਨ ਨਹੀਂ, ਡਰ ਹੈ। ਮੈਂ ਕਿਸੇ ਨੂੰ ਭੜਕਾਇਆ ਨਹੀਂ। ਮੈਂ ਸਿਰਫ਼ ਇਹ ਕਿਹਾ ਸੀ ਕਿ ਜ਼ਖ਼ਮੀ ਮਜ਼ਦੂਰ ਦਾ ਇਲਾਜ ਹੋਵੇ, ਜੇ ਇਹ ਗ਼ਲਤੀ ਹੈ ਤਾਂ ਫਿਰ ਇਹ ਗ਼ਲਤੀ ਮੈਂ ਮੁੜ ਕਰਾਂਗਾ।’’

ਗੁਰਮੇਲ ਨੇ ਹਲਕਾ ਜਿਹਾ ਹੱਸ ਕੇ ਕਿਹਾ, ‘‘ਬਹੁਤਾ ਹੀਰੋ ਨਾ ਬਣ। ਸ਼ਹਿਰ ਵਿੱਚ ਹੀਰੋ ਭੁੱਖੇ ਮਰ ਜਾਂਦੇ ਨੇ।’’

ਇਹ ਧਮਕੀ ਸਿੱਧੀ ਨਹੀਂ ਸੀ, ਪਰ ਦਿੱਤੀ ਧਮਕੀ ਹੀ ਸੀ।

ਦੁਪਹਿਰ ਤੱਕ ਸੁਰਜੀਤ ਨੂੰ ਸਮਝ ਆ ਗਈ ਕਿ ਅੱਜ ਦੀ ਦਿਹਾੜੀ ਗਈ। ਸ਼ਾਮ ਤੱਕ ਇਹ ਗੱਲ ਪੱਕੀ ਹੋ ਗਈ ਕਿ ਕੱਲ੍ਹ ਦੀ ਵੀ ਸ਼ਾਇਦ ਨਾ ਮਿਲੇ। ਇਹ ਦਬਾਅ ਸਰੀਰ ’ਤੇ ਨਹੀਂ ਸੀ, ਇਹ ਰੋਟੀ ’ਤੇ ਸੀ। ਸ਼ਹਿਰ ਵਿੱਚ ਰੋਟੀ ਸਭ ਤੋਂ ਪਹਿਲਾਂ ਚੁੱਪ ਕਰਵਾਉਂਦੀ ਹੈ। ਘਰ ਆਏ ਨੂੰ ਹਰਜੀਤ ਕੌਰ ਨੇ ਪੁੱਛਿਆ ਨਹੀਂ, ਸਿਰਫ਼ ਉਸ ਦੇ ਚਿਹਰੇ ਨੂੰ ਦੇਖਿਆ, ‘‘ਅੱਜ ਕੰਮ ਨਹੀਂ ਮਿਲਿਆ?’’

ਸੁਰਜੀਤ ਨੇ ਸਿਰ ਹਿਲਾ ਦਿੱਤਾ। ਹਰਜੀਤ ਨੇ ਕਿਹਾ, ‘‘ਮੈਂ ਤੈਨੂੰ ਰੋਕਣਾ ਨਹੀਂ ਚਾਹੁੰਦੀ ਪਰ ਡਰ ਲੱਗਦੈ ਬੱਚਿਆਂ ਦੀ ਫੀਸ, ਕਿਰਾਇਆ, ਰਾਸ਼ਨ... ਇਹ ਸਭ ਬਗ਼ਾਵਤ ਨਹੀਂ ਸਮਝਦੇ। ਇਹ ਸਿਰਫ਼ ਪੈਸਾ ਮੰਗਦੇ ਨੇ। ਜੇ ਤੂੰ ਟੁੱਟ ਗਿਆ ਤਾਂ ਮੈਂ ਵੀ ਟੁੱਟ ਜਾਵਾਂਗੀ ਅਤੇ ਜੇ ਅਸੀਂ ਦੋਵੇਂ ਟੁੱਟ ਗਏ ਤਾਂ ਬੱਚੇ ਕਿਵੇਂ ਖੜ੍ਹੇ ਰਹਿਣਗੇ?’’ ਸੁਰਜੀਤ ਨੇ ਉਸ ਦੀ ਗੱਲ ਪੂਰੀ ਸੁਣੀ। ਉਸ ਨੇ ਕੋਈ ਵੱਡਾ ਵਾਅਦਾ ਨਹੀਂ ਕੀਤਾ। ਉਸ ਨੇ ਕਿਹਾ, ‘‘ਮੈਨੂੰ ਪਤੈ ਕਿ ਇਹ ਰਾਹ ਸੌਖਾ ਨਹੀਂ ਪਰ ਜੇ ਮੈਂ ਅੱਜ ਪਿੱਛੇ ਹਟ ਗਿਆ ਤਾਂ ਮੈਂ ਹਰ ਰੋਜ਼ ਥੋੜ੍ਹਾ-ਥੋੜ੍ਹਾ ਮਰਾਂਗਾ ਅਤੇ ਮੈਂ ਇਹ ਮੌਤ ਆਪਣੇ ਬੱਚਿਆਂ ਲਈ ਮਿਸਾਲ ਨਹੀਂ ਬਣਾਉਣਾ ਚਾਹੁੰਦਾ।’’ ਇਹ ਸੰਵਾਦ ਕਿਸੇ ਨਤੀਜੇ ’ਤੇ ਨਹੀਂ ਪਹੁੰਚਿਆ, ਪਰ ਇਹ ਸੱਚ ’ਤੇ ਖੜ੍ਹਾ ਸੀ। ਅਗਲੇ ਕੁਝ ਦਿਨ ਸੁਰਜੀਤ ਲਈ ਸਭ ਤੋਂ ਭਾਰੀ ਸਨ। ਕਦੇ ਉਸ ਨੂੰ ਕੰਮ ਮਿਲਦਾ, ਕਦੇ ਨਹੀਂ, ਕਦੇ ਪੂਰੀ ਦਿਹਾੜੀ, ਕਦੇ ਅੱਧੀ। ਇਹ ਅਸਥਿਰਤਾ ਹੀ ਦਬਾਅ ਦਾ ਸਭ ਤੋਂ ਵੱਡਾ ਰੂਪ ਸੀ। ਜਗਸੀਰ ਅਤੇ ਕੁਝ ਹੋਰ ਮਜ਼ਦੂਰ ਉਸ ਨਾਲ ਗੱਲ ਕਰਦੇ ਰਹੇ, ਪਰ ਖੁੱਲ੍ਹ ਕੇ ਕੋਈ ਸਾਹਮਣੇ ਨਹੀਂ ਆਇਆ। ਇੱਥੇ ਹਰ ਕੋਈ ਆਪਣੀ ਭੁੱਖ ਨਾਲ ਲੜ ਰਿਹਾ ਸੀ। ਇੱਕ ਸ਼ਾਮ ਜਗਸੀਰ ਨੇ ਹੌਲੀ ਆਵਾਜ਼ ਵਿੱਚ ਕਿਹਾ, ‘‘ਵੀਰ, ਉਹ ਕਹਿੰਦੇ ਨੇ ਜੇ ਤੁਸੀਂ ਚੁੱਪ ਹੋ ਜਾਓ ਤਾਂ ਸਭ ਠੀਕ ਹੋ ਜਾਵੇਗਾ।’’ ਸੁਰਜੀਤ ਨੇ ਜਵਾਬ ਦਿੱਤਾ... ਬਿਨਾਂ ਗ਼ੁੱਸੇ, ਬਿਨਾਂ ਤਨਜ਼, ‘‘ਚੁੱਪ ਹੋ ਜਾਣ ਨਾਲ ਮਸਲਾ ਹੱਲ ਨਹੀਂ ਹੁੰਦਾ, ਪੁੱਤ। ਚੁੱਪ ਹੋ ਜਾਣ ਨਾਲ ਸਿਰਫ਼ ਸਮਾਂ ਲੰਘਾਇਆ ਜਾਂਦੈ, ਉਹ ਸਮਾਂ, ਜਿਸ ਵਿੱਚ ਸਿਸਟਮ ਹੋਰ ਮਜ਼ਬੂਤ ਹੋ ਜਾਂਦਾ ਹੈ। ਜੇ ਅੱਜ ਮੈਂ ਚੁੱਪ ਹੋ ਗਿਆ ਤਾਂ ਕੱਲ੍ਹ ਮੇਰੀ ਜਗ੍ਹਾ ਕਿਸੇ ਹੋਰ ਦੀ ਵਾਰੀ ਆਵੇਗੀ।’’ ਉਸ ਰਾਤ ਸੁਰਜੀਤ ਬਹੁਤ ਦੇਰ ਤੱਕ ਜਾਗਦਾ ਰਿਹਾ। ਬਾਹਰ ਸ਼ਹਿਰ ਦੀ ਰੌਣਕ ਸੀ, ਪਰ ਉਸ ਦੀ ਝੁੱਗੀ ਅੰਦਰ ਇੱਕ ਖ਼ਾਮੋਸ਼ ਜੰਗ ਚੱਲ ਰਹੀ ਸੀ... ਭੁੱਖ ਅਤੇ ਇੱਜ਼ਤ ਦੀ। ਉਹ ਜਾਣਦਾ ਸੀ ਕਿ ਦਬਾਅ ਹੋਰ ਵਧੇਗਾ, ਇਹ ਸਿਰਫ਼ ਸ਼ੁਰੂਆਤ ਸੀ। ਉਹ ਇਹ ਵੀ ਜਾਣਦਾ ਸੀ ਕਿ ਦਬਾਅ ਮਨੁੱਖ ਨੂੰ ਝੁਕਾਉਂਦਾ ਨਹੀਂ, ਸਗੋਂ ਸਾਫ਼ ਕਰ ਦਿੰਦਾ ਹੈ ਤਾਂ ਫਿਰ ਫ਼ੈਸਲੇ ਨੇੜੇ ਆ ਜਾਂਦੇ ਨੇ। ਕੀਮਤ ਹਮੇਸ਼ਾ ਪਹਿਲਾਂ ਨਹੀਂ ਦੱਸੀ ਜਾਂਦੀ। ਇਹ ਬਾਅਦ ਵਿੱਚ ਸਮਝ ਆਉਂਦੀ ਹੈ ਜਦੋਂ ਘਰ ਵਿੱਚ ਚੁੱਲ੍ਹਾ ਠੰਢਾ ਰਹਿ ਜਾਵੇ, ਜਦੋਂ ਬੱਚਾ ਸਕੂਲ ਜਾਣ ਤੋਂ ਪਹਿਲਾਂ ਮਾਂ ਵੱਲ ਦੇਖ ਕੇ ਚੁੱਪ ਹੋ ਜਾਵੇ ਅਤੇ ਜਦੋਂ ਮਨੁੱਖ ਆਪਣੇ ਆਪ ਨੂੰ ਸਮਝਾਉਂਦਾ ਫਿਰੇ ਕਿ ‘ਮੈਂ ਗ਼ਲਤ ਨਹੀਂ ਸੀ’। ਸੁਰਜੀਤ ਸਿੰਘ ਲਈ ਇਹ ਸਾਰੇ ਪਲ ਇੱਕ-ਇੱਕ ਕਰ ਕੇ ਆ ਰਹੇ ਸਨ। ਉਸ ਦੀ ਬਗ਼ਾਵਤ ਹੁਣ ਸਾਈਟ ਤੱਕ ਸੀਮਤ ਨਹੀਂ ਰਹੀ ਸੀ। ਇਹ ਉਸ ਦੇ ਘਰ, ਰਿਸ਼ਤਿਆਂ ਅਤੇ ਉਸ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਦਾਖ਼ਲ ਹੋ ਚੁੱਕੀ ਸੀ।

ਪੰਜਵੇਂ ਦਿਨ ਜਦੋਂ ਉਸ ਨੂੰ ਫਿਰ ਕੰਮ ਨਾ ਮਿਲਿਆ ਤਾਂ ਇਹ ਸਿਰਫ਼ ਇਤਫ਼ਾਕ ਨਹੀਂ ਰਿਹਾ, ਹੁਣ ਇਹ ਸਜ਼ਾ ਸੀ। ਠੇਕੇਦਾਰ ਨੇ ਖੁੱਲ੍ਹ ਕੇ ਕੁਝ ਨਹੀਂ ਕਿਹਾ, ਪਰ ਹਰ ਮਜ਼ਦੂਰ ਜਾਣਦਾ ਸੀ ਕਿ ਸੁਰਜੀਤ ਨੂੰ ਸਬਕ ਸਿਖਾਇਆ ਜਾ ਰਿਹਾ ਹੈ। ਸਾਈਟ ’ਤੇ ਉਸ ਦੀ ਮੌਜੂਦਗੀ ਇੱਕ ਖ਼ਾਮੋਸ਼ ਚਿਤਾਵਨੀ ਬਣ ਗਈ ਸੀ: ਜੋ ਬੋਲੇਗਾ, ਉਸ ਨਾਲ ਇਹੀ ਹੋਵੇਗਾ। ਸੁਰਜੀਤ ਖੜ੍ਹਾ ਰਹਿੰਦਾ, ਸੀਮਿੰਟ ਦੀ ਧੂੜ ਨੂੰ ਤੱਕਦਾ ਅਤੇ ਆਪਣੇ ਆਪ ਨੂੰ ਯਾਦ ਦਿਵਾਉਂਦਾ ਕਿ ਇਹ ਧੂੜ ਸਿਰਫ਼ ਅੱਖਾਂ ਨਹੀਂ ਸਾੜਦੀ, ਇਹ ਜ਼ਮੀਰ ਵੀ ਸਾੜਦੀ ਹੈ। ਉਸ ਦਿਨ ਦੁਪਹਿਰ ਨੂੰ ਜਗਸੀਰ ਉਸ ਕੋਲ ਆਇਆ, ਉਸ ਦੀ ਆਵਾਜ਼ ਹੌਲੀ ਸੀ, ਪਰ ਅੰਦਰੋਂ ਟੁੱਟੀ ਹੋਈ। ‘‘ਵੀਰ, ਮੇਰਾ ਨਾਂ ਵੀ ਕੱਲ੍ਹ ਹਾਜ਼ਰੀ ਰਜਿਸਟਰ ’ਚੋਂ ਕੱਟ ਦਿੱਤਾ ਗਿਆ ਸੀ। ਉਹ ਕਹਿੰਦੇ ਨੇ, ਮੈਂ ਤੁਹਾਡੇ ਨੇੜੇ ਜ਼ਿਆਦਾ ਰਹਿੰਦਾ ਆਂ।’’ ਸੁਰਜੀਤ ਨੇ ਉਸ ਵੱਲ ਧਿਆਨ ਨਾਲ ਦੇਖਿਆ। ਇਹ ਪਲ ਉਸ ਲਈ ਸਭ ਤੋਂ ਭਾਰੀ ਸਨ, ਜਦੋਂ ਉਸ ਦੀ ਲੜਾਈ ਦੀ ਕੀਮਤ ਹੋਰ ਲੋਕ ਭੁਗਤ ਰਹੇ ਸਨ। ਉਸ ਨੇ ਕਿਹਾ, ‘‘ਪੁੱਤ, ਜੇ ਤੂੰ ਪਿੱਛੇ ਹਟਣਾ ਚਾਹੁੰਦੈਂ ਤਾਂ ਹਟ ਜਾ। ਇਹ ਤੇਰੀ ਹਾਰ ਨਹੀਂ ਹੋਵੇਗੀ, ਬਗ਼ਾਵਤ ਹਰ ਕਿਸੇ ਲਈ ਨਹੀਂ ਹੁੰਦੀ। ਮੈਂ ਇਹ ਰਾਹ ਚੁਣਿਐ, ਤੈਨੂੰ ਮਜਬੂਰ ਨਹੀਂ ਕਰਨਾ ਚਾਹੁੰਦਾ ਮੈਂ।’’ਜਗਸੀਰ ਦੀਆਂ ਅੱਖਾਂ ਭਰ ਆਈਆਂ, ‘‘ਪਰ ਜੇ ਅਸੀਂ ਸਭ ਪਿੱਛੇ ਹਟ ਗਏ ਤਾਂ ਫਿਰ ਬਦਲੇਗਾ ਕੀ?’’ ਸੁਰਜੀਤ ਕੋਲ ਇਸ ਦਾ ਕੋਈ ਸੌਖਾ ਜਵਾਬ ਨਹੀਂ ਸੀ। ‘‘ਸ਼ਾਇਦ ਕੁਝ ਵੀ ਨਾ ਬਦਲੇ,’’ ਉਸ ਨੇ ਸੱਚ ਕਿਹਾ, ‘‘ਪਰ ਘੱਟੋ-ਘੱਟ ਇਹ ਤਾਂ ਰਹੇਗਾ ਕਿ ਕਿਸੇ ਨੇ ਕੋਸ਼ਿਸ਼ ਕੀਤੀ ਸੀ।’’ ਓਧਰ ਸੁਰਜੀਤ ਦੇ ਘਰ ਵਿੱਚ ਹਾਲਾਤ ਹੋਰ ਔਖੇ ਹੋ ਗਏ ਸਨ। ਹਰਜੀਤ ਕੌਰ ਰਾਸ਼ਨ ਹੌਲੀ-ਹੌਲੀ ਖ਼ਤਮ ਹੁੰਦਾ ਵੇਖ ਰਹੀ ਸੀ। ਉਸ ਨੇ ਇੱਕ ਸ਼ਾਮ ਅੰਦਰੋਂ ਰੋਂਦਿਆਂ ਸੰਵਾਦ ਕੀਤਾ, ਉਹ ਸੰਵਾਦ ਜੋ ਪਿਆਰ ਅਤੇ ਡਰ ਦੋਵਾਂ ਨਾਲ ਭਰਿਆ ਹੁੰਦਾ ਹੈ, ‘‘ਮੈਂ ਤੇਰੇ ਨਾਲ ਖੜ੍ਹੀ ਆ ਸੁਰਜੀਤ, ਪਰ ਮੈਨੂੰ ਇਹ ਵੀ ਦੱਸ ਕਿ ਅਸੀਂ ਕਿੰਨਾ ਸਹਿਣੈ, ਹਰ ਦਿਨ ਬੱਚਿਆਂ ਨੂੰ ਸਮਝਾਉਣੈ ਕਿ ‘ਕੱਲ੍ਹ’ ਕਿਉਂ ਨਹੀਂ ਆਇਆ। ਇਹ ਵੀ ਇੱਕ ਜ਼ੁਲਮ ਐ। ਮੈਂ ਨਹੀਂ ਚਾਹੁੰਦੀ ਕਿ ਉਹ ਸਿੱਖਣ ਕਿ ਇੱਜ਼ਤ ਦੀ ਕੀਮਤ ਭੁੱਖ ਹੁੰਦੀ ਐ।’’ ‘‘ਮੈਨੂੰ ਪਤੈ ਕਿ ਮੈਂ ਤੈਨੂੰ ਇਸ ਲੜਾਈ ਵਿੱਚ ਖਿੱਚ ਲਿਆ, ਪਰ ਜੇ ਅਸੀਂ ਅੱਜ ਇਹ ਬੱਚਿਆਂ ਨੂੰ ਨਹੀਂ ਦੱਸਿਆ ਕਿ ਗ਼ਲਤ ਦੇ ਸਾਹਮਣੇ ਖੜ੍ਹਾ ਹੋਣਾ ਵੀ ਜ਼ਿੰਦਗੀ ਹੁੰਦੀ ਐ ਤਾਂ ਉਹ ਸਿਰਫ਼ ਜਿਊਣਾ ਸਿੱਖਣਗੇ, ਇਨਸਾਨ ਨਹੀਂ ਬਣਨਗੇ।’’ ਸੁਰਜੀਤ ਦੀ ਆਵਾਜ਼ ਭਾਰੀ ਹੋ ਗਈ, ਪਰ ਉਸ ਨੇ ਆਪਣੀ ਗੱਲ ਪੂਰੀ ਕੀਤੀ। ਇਹ ਸੰਵਾਦ ਕਿਸੇ ਸਮਝੌਤੇ ’ਤੇ ਖ਼ਤਮ ਨਹੀਂ ਹੋਇਆ। ਅਸਲੀ ਕੀਮਤ ਉਸ ਸ਼ਾਮ ਸਾਹਮਣੇ ਆਈ, ਜਦੋਂ ਸਾਈਟ ’ਤੇ ਵੱਡਾ ਹਾਦਸਾ ਹੋਇਆ। ਲਿਫ਼ਟ ਦੀ ਤਾਰ ਟੁੱਟ ਗਈ ਅਤੇ ਬਲਵਿੰਦਰ ਨਾਂ ਦਾ ਮਜ਼ਦੂਰ ਹੇਠਾਂ ਡਿੱਗ ਪਿਆ। ਇਸ ਵਾਰੀ ਮੌਤ ਤੁਰੰਤ ਨਹੀਂ ਆਈ, ਪਰ ਜ਼ਖ਼ਮ ਅਜਿਹੇ ਸਨ ਕਿ ਹਰ ਕੋਈ ਜਾਣਦਾ ਸੀ ਕਿ ਇਹ ਹਾਦਸਾ ਨਹੀਂ, ਲਾਪਰਵਾਹੀ ਸੀ। ਸਾਈਟ ਕੁਝ ਸਮੇਂ ਲਈ ਰੁਕ ਗਈ। ਪੁਲੀਸ ਆਈ, ਸਵਾਲ ਹੋਏ ਅਤੇ ਪਹਿਲੀ ਵਾਰ ਸੁਰਜੀਤ ਨੂੰ ਅੱਗੇ ਕਰਕੇ ਪੁੱਛਿਆ ਗਿਆ। ਇਹ ਪੁੱਛ-ਪੜਤਾਲ ਦੋ ਧਿਰਾਂ ਵਾਲੀ ਸੀ, ਇੱਕ ਸੱਚ ਦੀ, ਦੂਜੀ ਦੋਸ਼ ਦੀ। ਠੇਕੇਦਾਰ ਨੇ ਹੌਲੀ-ਹੌਲੀ ਇਹ ਸੰਕੇਤ ਦਿੱਤਾ ਕਿ ਮਜ਼ਦੂਰਾਂ ਵਿੱਚ ਬਗ਼ਾਵਤੀ ਮਾਹੌਲ ਕਾਰਨ ਕੰਮ ਪ੍ਰਭਾਵਿਤ ਹੋਇਆ। ਸੁਰਜੀਤ ਨੇ ਇਹ ਸੁਣ ਕੇ ਬਿਲਕੁਲ ਸਾਫ਼ ਜਵਾਬ ਦਿੱਤਾ, ਉਹ ਜਵਾਬ ਜੋ ਉਸ ਦੀ ਲੜਾਈ ਦੀ ਸਭ ਤੋਂ ਵੱਡੀ ਕੀਮਤ ਬਣ ਸਕਦਾ ਸੀ।

‘‘ਜੇ ਸੁਰੱਖਿਆ ਦੀ ਮੰਗ ਕਰਨੀ ਬਗ਼ਾਵਤ ਹੈ ਤਾਂ ਅਸੀਂ ਬਗ਼ਾਵਤੀ ਆਂ, ਪਰ ਜੇ ਤੁਸੀਂ ਇਸ ਹਾਦਸੇ ਦਾ ਦੋਸ਼ ਸਾਡੀ ਆਵਾਜ਼ ’ਤੇ ਪਾਉਂਦੇ ਹੋ ਤਾਂ ਇਹ ਸ਼ਹਿਰ ਸਿਰਫ਼ ਇਮਾਰਤਾਂ ਨਹੀਂ ਬਣਾਉਂਦਾ, ਇਹ ਕਬਰਾਂ ਵੀ ਬਣਾਉਂਦੈ।’’ ਇਹ ਸ਼ਬਦ ਰਿਕਾਰਡ ਕੀਤੇ ਗਏ। ਇਹੀ ਉਸ ਦੀ ਕੀਮਤ ਸੀ। ਉਸ ਰਾਤ ਸੁਰਜੀਤ ਨੂੰ ਪਤਾ ਸੀ ਕਿ ਹੁਣ ਪਿੱਛੇ ਮੁੜਨ ਦਾ ਰਸਤਾ ਨਹੀਂ। ਉਸ ਨੇ ਘਰ ਆ ਕੇ ਹਰਜੀਤ ਅਤੇ ਬੱਚਿਆਂ ਵੱਲ ਦੇਖਿਆ। ਉਨ੍ਹਾਂ ਦੀ ਨੀਂਦ ਸੌਖੀ ਨਹੀਂ ਸੀ, ਪਰ ਸੱਚੀ ਸੀ। ਉਸ ਨੇ ਆਪਣੇ ਆਪ ਨੂੰ ਕਿਹਾ ਕਿ ਜੇ ਇੱਜ਼ਤ ਬਚੀ ਰਹੀ ਤਾਂ ਭੁੱਖ ਨੂੰ ਸਹਿਣਾ ਸਿਖਾਇਆ ਜਾ ਸਕਦਾ ਹੈ, ਪਰ ਜੇ ਇੱਜ਼ਤ ਚਲੀ ਗਈ ਤਾਂ ਸਭ ਕੁਝ ਚਲਾ ਜਾਵੇਗਾ। ਇੰਨੇ ਹਾਦਸਿਆਂ ਤੋਂ ਬਾਅਦ ਸਾਈਟ ਪਹਿਲਾਂ ਵਰਗੀ ਨਹੀਂ ਸੀ ਰਹੀ। ਕੰਮ ਚੱਲ ਰਿਹਾ ਸੀ, ਪਰ ਡਰ ਨਾਲ। ਹਰ ਲੋਹੇ ਦਾ ਸਰੀਆ, ਹਰ ਰੱਸੀ, ਹਰ ਲਿਫ਼ਟ ਹੁਣ ਸਿਰਫ਼ ਸੰਦ ਨਹੀਂ ਰਹੇ, ਉਹ ਸੰਭਾਵੀ ਮੌਤ ਬਣ ਗਏ ਸਨ। ਬਲਵਿੰਦਰ ਹਸਪਤਾਲ ’ਚ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਝੂਲ ਰਿਹਾ ਸੀ ਅਤੇ ਸੁਰਜੀਤ ਸਿੰਘ ਪਹਿਲੀ ਵਾਰ ਸਮਝ ਰਿਹਾ ਸੀ ਕਿ ਬਗ਼ਾਵਤ ਦੀ ਸਭ ਤੋਂ ਵੱਡੀ ਕਸਵੱਟੀ ਨਾਅਰਿਆਂ ਵਿੱਚ ਨਹੀਂ, ਇੰਤਜ਼ਾਰ ਵਿੱਚ ਹੁੰਦੀ ਹੈ। ਪੁਲੀਸ ਦੀ ਪੁੱਛ-ਪੜਤਾਲ, ਠੇਕੇਦਾਰ ਦੀ ਚੁੱਪ ਅਤੇ ਸਿਸਟਮ ਦੀ ਕੰਮ ਵਿੱਚ ਦੇਰੀ। ਉਸ ਨੂੰ ਦੋ ਵਾਰ ਥਾਣੇ ਬੁਲਾਇਆ ਗਿਆ, ਨਾ ਕਿਸੇ ਨੇ ਮਾਰਿਆ, ਨਾ ਕੋਈ ਉਸ ’ਤੇ ਚੀਕਿਆ, ਸਿਰਫ਼ ਇਹ ਦੱਸਿਆ ਗਿਆ ਕਿ ‘ਸਮਝਦਾਰ ਬਣ ਜਾਓ’। ਇਹੀ ਸ਼ਹਿਰੀ ਜ਼ੁਲਮ ਦਾ ਸਭ ਤੋਂ ਸਾਫ਼ ਰੂਪ ਹੁੰਦਾ ਹੈ, ਡਰ ਨੂੰ ਨਰਮੀ ਨਾਲ ਪਿਲਾਉਣਾ। ਇੱਕ ਅਫ਼ਸਰ ਨੇ ਸਾਫ਼ ਕਿਹਾ, ‘‘ਤੁਸੀਂ ਗੱਲਾਂ ਬਹੁਤ ਕਰਦੇ ਹੋ, ਇਹ ਗੱਲਾਂ ਸਰਕਾਰੀ ਕਾਗ਼ਜ਼ਾਂ ’ਚ ਚੰਗੀਆਂ ਨਹੀਂ ਲੱਗਦੀਆਂ।’’ ਸੁਰਜੀਤ ਨੇ ਠਰ੍ਹੰਮੇ ਨਾਲ ਜਵਾਬ ਦਿੱਤਾ, ਉਹ ਜਵਾਬ ਜੋ ਹੁਣ ਉਸ ਦੀ ਆਦਤ ਬਣ ਚੁੱਕਾ ਸੀ, ‘‘ਸਾਬ੍ਹ, ਜੇ ਗੱਲਾਂ ਨਾ ਕਰੀਏ ਤਾਂ ਮਰਨ ਵਾਲੇ ਕਾਗ਼ਜ਼ਾਂ ’ਚ ਵੀ ਨਹੀਂ ਆਉਂਦੇ।’’ ਇਸ ਦਰਮਿਆਨ ਮਜ਼ਦੂਰਾਂ ਵਿੱਚ ਫੁੱਟ ਵੀ ਪਈ। ਕੁਝ ਨੇ ਸਾਫ਼ ਕਹਿ ਦਿੱਤਾ ਕਿ ਉਹ ਹੋਰ ਮੁਸ਼ਕਿਲ ਨਹੀਂ ਚਾਹੁੰਦੇ, ਕੁਝ ਨੇ ਚੁੱਪਚਾਪ ਕੰਮ ਛੱਡ ਦਿੱਤਾ ਅਤੇ ਬਹੁਤ ਥੋੜ੍ਹੇ ਸੁਰਜੀਤ ਦੇ ਨਾਲ ਖੜ੍ਹੇ ਰਹੇ। ਇਹ ਗਿਣਤੀ ਵੱਡੀ ਨਹੀਂ ਸੀ, ਪਰ ਇਹ ਅਹਿਸਾਸ ਵੱਡਾ ਸੀ ਕਿ ਉਸ ਦੀ ਆਵਾਜ਼ ਹੁਣ ਇਕੱਲੀ ਨਹੀਂ ਸੀ ਰਹੀ।

ਘਰ ਵਿੱਚ ਹਰਜੀਤ ਕੌਰ ਹੁਣ ਘੱਟ ਬੋਲਦੀ ਸੀ। ਇਹ ਚੁੱਪ ਨਾਰਾਜ਼ਗੀ ਦੀ ਨਹੀਂ, ਥਕਾਵਟ ਦੀ ਸੀ। ਇੱਕ ਰਾਤ ਉਸ ਨੇ ਕਿਹਾ, ‘‘ਮੈਂ ਡਰਦੀ ਹਾਂ, ਸੁਰਜੀਤ, ਪਰ ਹੁਣ ਮੈਨੂੰ ਇਹ ਵੀ ਪਤਾ ਲੱਗ ਗਿਆ ਆ ਕਿ ਜੇ ਤੂੰ ਚੁੱਪ ਹੋ ਗਿਆ ਤਾਂ ਤੂੰ ਅੰਦਰੋਂ ਮਰ ਜਾਵੇਂਗਾ ਤੇ ਮੈਂ ਤੈਨੂੰ ਹਰ ਹਾਲ ਜਿਊਂਦਾ ਦੇਖਣਾ ਚਾਹੁੰਦੀ ਹਾਂ।’’

ਇਹ ਗੱਲ ਕਿਸੇ ਹੌਸਲੇ ਵਾਂਗ ਨਹੀਂ ਸੀ। ਇਹ ਸਹਿਮਤੀ ਸੀ, ਦਰਦ ਨਾਲ ਭਰੀ ਹੋਈ। ਬਲਵਿੰਦਰ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ। ਇਹ ਖ਼ਬਰ ਕਿਸੇ ਅਖ਼ਬਾਰ ਦੀ ਸੁਰਖ਼ੀ ਨਾ ਬਣੀ। ਸਾਈਟ ’ਤੇ ਸਿਰਫ਼ ਇੱਕ ਨਾਂ ਘੱਟ ਹੋ ਗਿਆ। ਕੰਮ ਦੋ ਦਿਨ ਬੰਦ ਰਿਹਾ ਅਤੇ ਮੁੜ ਚੱਲ ਪਿਆ। ਸ਼ਹਿਰ ਦੀ ਯਾਦਦਾਸ਼ਤ ਇੰਨੀ ਕੁ ਹੀ ਹੁੰਦੀ ਹੈ, ਪਰ ਇਸ ਵਾਰੀ ਕੁਝ ਬਦਲਿਆ। ਸੁਰਜੀਤ ਅਤੇ ਹੋਰ ਕੁਝ ਮਜ਼ਦੂਰਾਂ ਨੇ ਲਿਖਤੀ ਸ਼ਿਕਾਇਤ ਦਿੱਤੀ। ਕੋਈ ਵੱਡੀ ਕਾਰਵਾਈ ਨਹੀਂ ਹੋਈ, ਪਰ ਠੇਕੇਦਾਰ ਬਦਲਿਆ ਗਿਆ। ਸੁਰੱਖਿਆ ਦੇ ਕੁਝ ਨਿਯਮ ਸਖ਼ਤ ਕੀਤੇ ਗਏ। ਇਹ ਇਨਕਲਾਬ ਨਹੀਂ ਸੀ, ਪਰ ਇਹ ਕੁਝ ਵੀ ਨਾ ਹੋਣ ਤੋਂ ਵੱਧ ਸੀ। ਸੁਰਜੀਤ ਨੂੰ ਸਾਈਟ ’ਤੇ ਮੁੜ ਕੰਮ ਮਿਲਿਆ, ਪਰ ਪਹਿਲਾਂ ਵਰਗਾ ਨਹੀਂ। ਹੁਣ ਉਸ ਨੂੰ ‘ਸਾਵਧਾਨ’ ਕਿਹਾ ਜਾਂਦਾ ਸੀ, ‘ਖ਼ਤਰਨਾਕ’ ਨਹੀਂ। ਉਹ ਜਾਣਦਾ ਸੀ ਕਿ ਸਿਸਟਮ ਨੇ ਉਸ ਨੂੰ ਮੰਨਿਆ ਨਹੀਂ, ਸਹਿ ਲਿਆ ਹੈ ਅਤੇ ਸ਼ਹਿਰ ਵਿੱਚ ਕਈ ਵਾਰ ਇਹੀ ਸਭ ਤੋਂ ਵੱਡੀ ਜਿੱਤ ਹੁੰਦੀ ਹੈ। ਇੱਕ ਸ਼ਾਮ ਉਹ ਅਧੂਰੀ ਇਮਾਰਤ ਦੇ ਹੇਠਾਂ ਖੜ੍ਹਾ ਸੀ। ਉੱਪਰ ਮੰਜ਼ਿਲਾਂ ਬਣ ਰਹੀਆਂ ਸਨ, ਹੇਠਾਂ ਮਜ਼ਦੂਰ ਕੰਮ ਕਰ ਰਹੇ ਸਨ। ਉਸ ਨੇ ਸੀਮਿੰਟ ਨੂੰ ਹੱਥ ਲਾਇਆ, ਇਹ ਹਾਲੇ ਵੀ ਠੰਢਾ ਸੀ, ਪਰ ਉਸ ਨੂੰ ਲੱਗਿਆ ਜਿਵੇਂ ਇਸ ਹੇਠਾਂ ਹੁਣ ਕੋਈ ਆਵਾਜ਼ ਪੂਰੀ ਤਰ੍ਹਾਂ ਦੱਬੀ ਨਹੀਂ ਗਈ। ਜਗਸੀਰ ਨੇ ਆ ਕੇ ਕਿਹਾ, ‘‘ਵੀਰ, ਸਭ ਕੁਝ ਨਹੀਂ ਬਦਲਿਆ।’’

ਸੁਰਜੀਤ ਨੇ ਹੌਲੀ, ਪਰ ਦ੍ਰਿੜ੍ਹ ਆਵਾਜ਼ ਵਿੱਚ ਕਿਹਾ, ‘‘ਸਭ ਕੁਝ ਨਹੀਂ ਬਦਲਦਾ ਪਰ ਜਦੋਂ ਆਵਾਜ਼ ਦਬਣੀ ਬੰਦ ਹੋ ਜਾਵੇ ਤਾਂ ਇਹੀ ਸ਼ੁਰੂਆਤ ਹੁੰਦੀ ਐ।’’ ਘਰ ਵਾਪਸ ਆ ਕੇ ਉਸ ਨੇ ਬੱਚਿਆਂ ਨੂੰ ਦੇਖਿਆ। ਉਨ੍ਹਾਂ ਨੇ ਕੁਝ ਨਹੀਂ ਪੁੱਛਿਆ। ਉਨ੍ਹਾਂ ਨੇ ਸਿਰਫ਼ ਆਪਣੇ ਪਿਉ ਨੂੰ ਦੇਖਿਆ... ਥੱਕਿਆ ਹੋਇਆ, ਪਰ ਝੁਕਿਆ ਹੋਇਆ ਨਹੀਂ ਅਤੇ ਇਹੀ ਦ੍ਰਿਸ਼ ਸੁਰਜੀਤ ਲਈ ਸਭ ਤੋਂ ਵੱਡੀ ਜਿੱਤ ਸੀ। ਸ਼ਹਿਰ ਉਹੀ ਰਿਹਾ, ਜ਼ੁਲਮ ਵੀ ਰਿਹਾ ਪਰ ਇੱਕ ਆਵਾਜ਼, ਸੀਮਿੰਟ ਹੇਠਾਂ ਦੱਬੀ ਹੋਈ... ਖ਼ਾਮੋਸ਼ ਨਹੀਂ ਸੀ ਰਹੀ।

ਸੰਪਰਕ: 80000-00584

Advertisement
×