DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੰਗਾਂ ਦੀ ਅਣਕਹੀ ਭਾਸ਼ਾ

ਰੰਗ ਮਨੁੱਖੀ ਜੀਵਨ ਦਾ ਸਭ ਤੋਂ ਸੁੰਦਰ ਅਤੇ ਪ੍ਰਭਾਵਸ਼ਾਲੀ ਹਿੱਸਾ ਹਨ। ਰੰਗ ਬਿਨਾਂ ਜ਼ਿੰਦਗੀ ਨੀਰਸ ਲੱਗਦੀ ਹੈ। ਹਰ ਰੰਗ ਆਪਣੇ ਅੰਦਰ ਅਨੁਭਵ, ਭਾਵਨਾ ਤੇ ਸੰਦੇਸ਼ ਸਮੋਈ ਬੈਠਾ ਹੁੰਦਾ ਹੈ। ਜਿਵੇਂ ਸ਼ਬਦਾਂ ਦੀ ਆਪਣੀ ਭਾਸ਼ਾ ਹੁੰਦੀ ਹੈ, ਉਸੇ ਤਰ੍ਹਾਂ ਰੰਗਾਂ ਦੀ...

  • fb
  • twitter
  • whatsapp
  • whatsapp
Advertisement

ਰੰਗ ਮਨੁੱਖੀ ਜੀਵਨ ਦਾ ਸਭ ਤੋਂ ਸੁੰਦਰ ਅਤੇ ਪ੍ਰਭਾਵਸ਼ਾਲੀ ਹਿੱਸਾ ਹਨ। ਰੰਗ ਬਿਨਾਂ ਜ਼ਿੰਦਗੀ ਨੀਰਸ ਲੱਗਦੀ ਹੈ। ਹਰ ਰੰਗ ਆਪਣੇ ਅੰਦਰ ਅਨੁਭਵ, ਭਾਵਨਾ ਤੇ ਸੰਦੇਸ਼ ਸਮੋਈ ਬੈਠਾ ਹੁੰਦਾ ਹੈ। ਜਿਵੇਂ ਸ਼ਬਦਾਂ ਦੀ ਆਪਣੀ ਭਾਸ਼ਾ ਹੁੰਦੀ ਹੈ, ਉਸੇ ਤਰ੍ਹਾਂ ਰੰਗਾਂ ਦੀ ਵੀ ਆਪਣੀ ਬੋਲੀ ਹੁੰਦੀ ਹੈ- ਇੱਕ ਐਸੀ ਬੋਲੀ ਜੋ ਕਲਾ ਰਾਹੀਂ ਬੋਲਦੀ ਹੈ, ਪਰ ਬਿਨਾਂ ਸ਼ਬਦਾਂ ਤੋਂ ਦਿਲ ’ਤੇ ਅਸਰ ਛੱਡ ਜਾਂਦੀ ਹੈ। ਇਹੀ ਕਾਰਨ ਹੈ ਕਿ ਕਲਾ ਦੀ ਦੁਨੀਆ ਵਿੱਚ ਰੰਗਾਂ ਨੂੰ ‘ਅਣਕਹੀ ਭਾਸ਼ਾ’ ਕਿਹਾ ਗਿਆ ਹੈ। ਕਲਾ ਦਾ ਸਭ ਤੋਂ ਮਹੱਤਵਪੂਰਨ ਤੱਤ ਰੰਗ ਹੈ। ਰੰਗ ਨਾ ਸਿਰਫ਼ ਰੂਪ ਨੂੰ ਸੁੰਦਰ ਬਣਾਉਂਦਾ ਹੈ, ਸਗੋਂ ਉਸ ਦੇ ਅਰਥ ਤੇ ਭਾਵਨਾਤਮਕ ਪ੍ਰਭਾਵ ਨੂੰ ਵੀ ਗਹਿਰਾ ਕਰਦਾ ਹੈ। ਇੱਕ ਚਿੱਤਰ ਵਿੱਚ ਵਰਤੇ ਰੰਗ ਸਿੱਧੇ ਤੌਰ ’ਤੇ ਦਰਸ਼ਕ ਦੇ ਮਨ ਤੇ ਦਿਲ ’ਤੇ ਪ੍ਰਭਾਵ ਪਾਉਂਦੇ ਹਨ। ਉਦਾਹਰਣ ਵਜੋਂ, ਲਾਲ ਰੰਗ ਉਤਸ਼ਾਹ, ਜੋਸ਼, ਪਿਆਰ ਅਤੇ ਸ਼ਕਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਜਦੋਂਕਿ ਨੀਲਾ ਰੰਗ ਵਿਸ਼ਵਾਸ ਅਤੇ ਅਨੰਤਤਾ ਦਾ ਪ੍ਰਤੀਕ ਹੈ। ਹਰਾ ਰੰਗ ਪ੍ਰਕ੍ਰਿਤੀ, ਤਾਜ਼ਗੀ ਅਤੇ ਸੰਤੁਲਨ ਨੂੰ ਦਰਸਾਉਂਦਾ ਹੈ, ਜਦਕਿ ਪੀਲਾ ਰੰਗ ਖ਼ੁਸ਼ੀ, ਆਸ਼ਾ ਅਤੇ ਪ੍ਰਕਾਸ਼ ਦਾ ਸੰਦੇਸ਼ ਦਿੰਦਾ ਹੈ। ਇਸੇ ਤਰ੍ਹਾਂ ਕਾਲਾ ਰੰਗ ਗਹਿਰਾਈ, ਰਹੱਸ ਅਤੇ ਕਈ ਵਾਰ ਦੁੱਖ ਦਾ ਪ੍ਰਤੀਕ ਹੁੰਦਾ ਹੈ ਜਦੋਂਕਿ ਚਿੱਟਾ ਰੰਗ ਪਵਿੱਤਰਤਾ ਅਤੇ ਸ਼ਾਂਤੀ ਦਾ ਪ੍ਰਤੀਕ ਹੈ।

ਰੰਗਾਂ ਦੀ ਇਹ ਭਾਸ਼ਾ ਸਿਰਫ਼ ਕਲਾ ਤੱਕ ਸੀਮਤ ਨਹੀਂ ਰਹੀ, ਸਗੋਂ ਧਰਮ, ਰਿਵਾਜ, ਮਨੋਵਿਗਿਆਨ ਅਤੇ ਸੱਭਿਆਚਾਰ ਵਿੱਚ ਵੀ ਆਪਣਾ ਸਥਾਨ ਬਣਾਉਂਦੀ ਆ ਰਹੀ ਹੈ। ਭਾਰਤੀ ਸੰਸਕ੍ਰਿਤੀ ਵਿੱਚ ਰੰਗਾਂ ਦਾ ਗਹਿਰਾ ਅਧਿਆਤਮਿਕ ਅਰਥ ਹੈ। ਕੇਸਰੀ ਰੰਗ ਤਿਆਗ ਤੇ ਬਹਾਦਰੀ ਦਾ ਪ੍ਰਤੀਕ ਹੈ, ਚਿੱਟਾ ਸ਼ੁੱਧਤਾ, ਹਰਾ ਜੀਵਨ ਅਤੇ ਲਾਲ ਖ਼ੁਸ਼ੀ ਦਾ। ਇਹੀ ਕਾਰਨ ਹੈ ਕਿ ਭਾਰਤ ਦੇ ਝੰਡੇ ਵਿੱਚ ਇਹ ਤਿੰਨ ਮੁੱਖ ਰੰਗ ਵੱਖੋ-ਵੱਖਰਾ ਸੁਨੇਹਾ ਦਿੰਦੇ ਹਨ। ਕਲਾ ਦੇ ਇਤਿਹਾਸ ’ਚ ਵੀ ਰੰਗਾਂ ਦੀ ਬੋਲੀ ਨੇ ਹਮੇਸ਼ਾ ਆਪਣਾ ਅਸਰ ਛੱਡਿਆ ਹੈ। ਅਜੰਤਾ ਦੀਆਂ ਗੁਫ਼ਾਵਾਂ ਤੋਂ ਲੈ ਕੇ ਮਧੂਬਨੀ, ਪਹਾੜੀ ਤੇ ਮੁਗ਼ਲ ਚਿੱਤਰਕਲਾ ਤੱਕ, ਹਰ ਕਲਾ ਵਿਧਾ ਵਿੱਚ ਰੰਗਾਂ ਨੇ ਆਪਣੀ ਵਿਲੱਖਣ ਛਾਪ ਛੱਡੀ ਹੈ। ਅਜੰਤਾ ਦੇ ਭਿੱਤੀ ਚਿੱਤਰਾਂ ਵਿੱਚ ਵਰਤੇ ਰੰਗ ਕੁਦਰਤੀ ਸਾਦਗੀ ਤੇ ਅਧਿਆਤਮਿਕ ਸ਼ਾਂਤੀ ਨੂੰ ਦਰਸਾਉਂਦੇ ਹਨ। ਮਧੂਬਨੀ ਕਲਾ ਵਿੱਚ ਲਾਲ, ਪੀਲਾ ਤੇ ਕਾਲਾ ਰੰਗ ਸਿਰਫ਼ ਸੁੰਦਰਤਾ ਹੀ ਨਹੀਂ, ਸਗੋਂ ਧਾਰਮਿਕ ਵਿਸ਼ਵਾਸ ਤੇ ਜੀਵਨ ਚੱਕਰ ਦਾ ਪ੍ਰਤੀਕ ਹਨ। ਪੰਜਾਬ ਦੀ ਫੁਲਕਾਰੀ ਵਿੱਚ ਵਰਤੇ ਜਾਂਦੇ ਸ਼ੋਖ਼ ਰੰਗ ਮਹਿਲਾਵਾਂ ਦੀ ਖ਼ੁਸ਼ਮਿਜ਼ਾਜੀ ਤੇ ਜੀਵਨ ਪ੍ਰੇਮ ਨੂੰ ਬਿਆਨ ਕਰਦੇ ਹਨ।

Advertisement

ਰੰਗਾਂ ਦੀ ਇਹ ਬੋਲੀ ਕਈ ਵਾਰ ਬਿਨਾਂ ਸ਼ਬਦਾਂ ਤੋਂ ਉਹ ਕੁਝ ਕਹਿ ਜਾਂਦੀ ਹੈ, ਜੋ ਸ਼ਬਦ ਕਦੇ ਨਹੀਂ ਕਹਿ ਸਕਦੇ। ਇੱਕ ਚਿੱਤਰਕਾਰ ਜਦੋਂ ਕਿਸੇ ਵਿਸ਼ੇ ’ਤੇ ਰੰਗ ਭਰਦਾ ਹੈ, ਉਹ ਆਪਣੀ ਭਾਵਨਾ, ਦਰਦ, ਖ਼ੁਸ਼ੀ ਜਾਂ ਆਸ ਨੂੰ ਦਰਸਾਉਂਦਾ ਹੈ। ਉਸ ਲਈ ਰੰਗ ਸ਼ਬਦਾਂ ਤੋਂ ਵੱਧ ਪ੍ਰਭਾਵਸ਼ਾਲੀ ਮਾਧਿਅਮ ਹੁੰਦੇ ਹਨ। ਉਦਾਹਰਣ ਲਈ, ਵਿਨਸੈਂਟ ਵਾਨ ਗੌਗ ਦੇ ਬਣਾਏ ਚਿੱਤਰਾਂ ਵਿੱਚ ਪੀਲਾ ਤੇ ਨੀਲਾ ਰੰਗ ਉਸ ਦੇ ਆਤਮਿਕ ਸੰਘਰਸ਼ ਅਤੇ ਜੀਵਨ ਪ੍ਰੇਮ ਦੀ ਕਹਾਣੀ ਕਹਿੰਦੇ ਹਨ। ਇੱਥੇ ਰੰਗ ਉਸ ਦੀ ਅੰਦਰਲੀ ਭਾਸ਼ਾ ਹਨ। ਮਨੋਵਿਗਿਆਨਕ ਤੌਰ ’ਤੇ ਵੀ ਰੰਗਾਂ ਦਾ ਮਨੁੱਖੀ ਵਿਹਾਰ ’ਤੇ ਡੂੰਘਾ ਪ੍ਰਭਾਵ ਹੁੰਦਾ ਹੈ। ਵਿਗਿਆਨਕ ਖੋਜਾਂ ਅਨੁਸਾਰ, ਲਾਲ ਰੰਗ ਰਕਤ ਦਬਾਅ ਵਧਾਉਂਦਾ ਤੇ ਜੋਸ਼ ਪੈਦਾ ਕਰਦਾ ਹੈ, ਨੀਲਾ ਸ਼ਾਂਤੀ ਲਿਆਉਂਦਾ ਹੈ ਜਦੋਂਕਿ ਹਰਾ ਰੰਗ ਮਨ ਨੂੰ ਸੰਤੁਲਿਤ ਕਰਦਾ ਹੈ। ਇਸੇ ਕਾਰਨ ਕਲਾ ਦੇ ਵਿਦਿਆਰਥੀਆਂ ਨੂੰ ਸਿਰਫ਼ ਰੰਗ ਮਿਲਾਉਣ ਦੀ ਸਿੱਖਿਆ ਨਹੀਂ ਦਿੱਤੀ ਜਾਂਦੀ, ਸਗੋਂ ਇਹ ਵੀ ਸਿਖਾਇਆ ਜਾਂਦਾ ਹੈ ਕਿ ਕਿਹੜਾ ਰੰਗ ਕਿਹੜੀ ਭਾਵਨਾ ਨੂੰ ਜਗਾਉਂਦਾ ਹੈ।ਕਲਾ ਦੀ ਸਿੱਖਿਆ ਵਿੱਚ ਰੰਗਾਂ ਦੀ ਬੋਲੀ ਸਿਖਾਉਣਾ ਬੱਚਿਆਂ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ। ਜਦੋਂ ਬੱਚੇ ਰੰਗਾਂ ਨਾਲ ਖੇਡਦੇ ਹਨ, ਉਹ ਆਪਣੀਆਂ ਅੰਦਰੂਨੀ ਭਾਵਨਾਵਾਂ ਨੂੰ ਪ੍ਰਗਟ ਕਰਨਾ ਸਿੱਖਦੇ ਹਨ। ਇੱਕ ਛੋਟਾ ਬੱਚਾ ਜਦੋਂ ਨੀਲੇ ਆਸਮਾਨ ਨੂੰ ਲਾਲ ਕਰ ਦਿੰਦਾ ਹੈ ਜਾਂ ਸੂਰਜ ਨੂੰ ਹਰਾ ਬਣਾ ਦਿੰਦਾ ਹੈ, ਉਹ ਕੋਈ ਗ਼ਲਤੀ ਨਹੀਂ ਕਰਦਾ, ਸਗੋਂ ਉਹ ਆਪਣੇ ਮਨ ਦੀ ਦੁਨੀਆ ਦਰਸਾ ਰਿਹਾ ਹੁੰਦਾ ਹੈ। ਇਹੀ ਰੰਗਾਂ ਦੀ ਖੁੱਲ੍ਹੀ ਬੋਲੀ ਹੈ-ਜਿੱਥੇ ਕਲਪਨਾ ਦੀ ਕੋਈ ਸੀਮਾ ਨਹੀਂ।

Advertisement

ਰੰਗ ਸਿਰਫ਼ ਦਰਸ਼ਨੀ ਖ਼ੂਬਸੂਰਤੀ ਹੀ ਨਹੀਂ, ਸਗੋਂ ਸਮਾਜਿਕ ਤੇ ਸੱਭਿਆਚਾਰਕ ਪ੍ਰਤੀਕ ਵੀ ਹਨ। ਉਦਾਹਰਨ ਵਜੋਂ, ਭਾਰਤ ਵਿੱਚ ਵਿਆਹ ’ਤੇ ਲਾਲ ਰੰਗ ਸ਼ੁਭ ਮੰਨਿਆ ਜਾਂਦਾ ਹੈ ਜਦੋਂਕਿ ਵਿਦੇਸ਼ਾਂ ਵਿੱਚ ਇਹ ਕਈ ਵਾਰ ਖ਼ਤਰੇ ਜਾਂ ਚਿਤਾਵਨੀ ਦਾ ਪ੍ਰਤੀਕ ਹੁੰਦਾ ਹੈ। ਇਹ ਦਰਸਾਉਂਦਾ ਹੈ ਕਿ ਰੰਗਾਂ ਦੀ ਬੋਲੀ ਹਰ ਸੱਭਿਆਚਾਰ ਵਿੱਚ ਵੱਖਰੇ ਅਰਥ ਲੈਂਦੀ ਹੈ, ਪਰ ਉਸ ਦਾ ਭਾਵਾਤਮਕ ਅਸਰ ਹਰ ਥਾਂ ਇੱਕੋ ਰਹਿੰਦਾ ਹੈ- ਦਿਲ ਨੂੰ ਛੂਹਣਾ, ਸੋਚ ਜਗਾਉਣਾ ਤੇ ਅਨੁਭਵ ਪੈਦਾ ਕਰਨਾ। ਆਧੁਨਿਕ ਕਲਾ ਵਿੱਚ ਰੰਗਾਂ ਦੀ ਬੋਲੀ ਹੋਰ ਵੀ ਵਿਆਪਕ ਹੋ ਗਈ ਹੈ। ਐਬਸਟਰੈਕਟ ਆਰਟ ਵਿੱਚ ਰੰਗ ਹੀ ਮੁੱਖ ਭੂਮਿਕਾ ਨਿਭਾਉਂਦੇ ਹਨ। ਇੱਥੇ ਰੰਗ ਕਿਸੇ ਰੂਪ ਨੂੰ ਦਰਸਾਉਂਦੇ ਨਹੀਂ, ਸਗੋਂ ਸਿੱਧੇ ਭਾਵਨਾ ਪ੍ਰਗਟ ਕਰਦੇ ਹਨ। ਇੱਕ ਨੀਲੇ ਤੇ ਕਾਲੇ ਰੰਗ ਦਾ ਕੈਨਵਸ ਉਦਾਸੀ ਤੇ ਚਿੰਤਨ ਦੀ ਅਵਸਥਾ ਪੈਦਾ ਕਰ ਸਕਦਾ ਹੈ, ਜਦੋਂਕਿ ਸ਼ੋਖ ਰੰਗਾਂ ਦੀ ਵਰਤੋਂ ਉਤਸ਼ਾਹ ਤੇ ਖ਼ੁਸ਼ੀ ਦਾ ਅਹਿਸਾਸ ਦਿਵਾ ਸਕਦੀ ਹੈ।

ਇਸ ਸਭ ਦੇ ਬਾਵਜੂਦ ਰੰਗਾਂ ਦੀ ਅਸਲ ਖ਼ੂਬੀ ਇਹ ਹੈ ਕਿ ਉਹ ਵਿਅਕਤੀਗਤ ਅਨੁਭਵਾਂ ਨਾਲ ਜੁੜੇ ਹੁੰਦੇ ਹਨ। ਇੱਕੋ ਰੰਗ ਵੱਖ-ਵੱਖ ਲੋਕਾਂ ਲਈ ਵੱਖਰੇ ਅਰਥ ਰੱਖ ਸਕਦਾ ਹੈ। ਕਿਸੇ ਲਈ ਕਾਲਾ ਦੁੱਖ ਦਾ ਪ੍ਰਤੀਕ ਹੋ ਸਕਦਾ ਹੈ ਤੇ ਕਿਸੇ ਹੋਰ ਲਈ ਸ਼ਾਨ ਤੇ ਗਹਿਰਾਈ ਦਾ। ਕਲਾ ਦੀ ਇਹੀ ਖਾਸੀਅਤ ਹੈ ਕਿ ਰੰਗਾਂ ਦੀ ਬੋਲੀ ਸਭ ਲਈ ਖੁੱਲ੍ਹੀ ਹੈ। ਹਰ ਕੋਈ ਇਸ ਨੂੰ ਆਪਣੇ ਅਨੁਭਵ ਅਨੁਸਾਰ ਸਮਝ ਸਕਦਾ ਹੈ। ਅੰਤ ਵਿੱਚ ਕਹਿ ਸਕਦੇ ਹਾਂ ਕਿ ਰੰਗ ਕਲਾ ਦੀ ਰੂਹ ਹਨ। ਇਹ ਬਿਨਾਂ ਸ਼ਬਦਾਂ ਤੋਂ ਬੋਲਦੇ, ਬਿਨਾਂ ਆਵਾਜ਼ ਤੋਂ ਭਾਵਨਾ ਜਗਾਉਂਦੇ ਅਤੇ ਬਿਨਾਂ ਲਿਖਤ ਤੋਂ ਕਹਾਣੀਆਂ ਸੁਣਾਉਂਦੇ ਹਨ। ਰੰਗਾਂ ਦੀ ਇਹ ਅਣਕਹੀ ਭਾਸ਼ਾ ਮਨੁੱਖੀ ਦਿਲ ਦੀ ਭਾਸ਼ਾ ਹੈ, ਜਿਸ ਨੂੰ ਸਮਝਣ ਲਈ ਕਿਸੇ ਸ਼ਬਦਕੋਸ਼ ਦੀ ਨਹੀਂ, ਸਗੋਂ ਸਿਰਫ਼ ਸੰਵੇਦਨਸ਼ੀਲ ਦਿਲ ਦੀ ਲੋੜ ਹੁੰਦੀ ਹੈ। ਕਲਾ ਦੇ ਹਰ ਰੂਪ ਵਿੱਚ ਰੰਗ ਸਿਰਫ਼ ਖ਼ੂਬਸੂਰਤੀ ’ਚ ਹੀ ਵਾਧਾ ਨਹੀਂ ਕਰਦੇ, ਸਗੋਂ ਜੀਵਨ ਨੂੰ ਅਰਥ ਤੇ ਆਤਮਿਕਤਾ ਨਾਲ ਭਰ ਦਿੰਦੇ ਹਨ।

ਸੰਪਰਕ: 94178-90707

Advertisement
×