DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਨ ’ਚ ਵਸਿਆ ਕਿਲ੍ਹਾ ਰਾਏਪੁਰ ਦਾ ਖੇਡ ਮੇਲਾ

ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੌਰਾਨ ਬਾਬਿਆਂ ਦੀ ਦੌੜ ਵਿੱਚ ਹਿੱਸਾ ਲੈਂਦੇ ਹੋਏ ‘ਨੌਜਵਾਨ ਬਜ਼ੁਰਗ’। ਜਦੋਂ ਵੀ ਕਿਲ੍ਹਾ ਰਾਏਪੁਰ ਦਾ ਖੇਡ ਮੇਲਾ ਆਉਂਦਾ ਹੈ ਤਾਂ ਮੇਰੇ ਮਨ ’ਚ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। ਮੈਂ ਉਹ ਖੇਡ ਮੇਲਾ ਦੇਖਦਾ ਵੱਡਾ ਹੋਇਆ ਹਾਂ। ਮੈਂ ਸਮਝਦਾ...

  • fb
  • twitter
  • whatsapp
  • whatsapp
featured-img featured-img
ਕਿਲ੍ਹਾ ਰਾਏਪੁਰ ਦੀਆਂ ਪ੍ਰਸਿੱਧ ਬੈਲਗੱਡੀਆਂ ਦੀਆਂ ਦੌੜਾਂ ਦੀ ਇੱਕ ਝਲਕ।
Advertisement
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੌਰਾਨ ਬਾਬਿਆਂ ਦੀ ਦੌੜ ਵਿੱਚ ਹਿੱਸਾ ਲੈਂਦੇ ਹੋਏ ‘ਨੌਜਵਾਨ ਬਜ਼ੁਰਗ’।
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੌਰਾਨ ਬਾਬਿਆਂ ਦੀ ਦੌੜ ਵਿੱਚ ਹਿੱਸਾ ਲੈਂਦੇ ਹੋਏ ‘ਨੌਜਵਾਨ ਬਜ਼ੁਰਗ’।

ਜਦੋਂ ਵੀ ਕਿਲ੍ਹਾ ਰਾਏਪੁਰ ਦਾ ਖੇਡ ਮੇਲਾ ਆਉਂਦਾ ਹੈ ਤਾਂ ਮੇਰੇ ਮਨ ’ਚ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। ਮੈਂ ਉਹ ਖੇਡ ਮੇਲਾ ਦੇਖਦਾ ਵੱਡਾ ਹੋਇਆ ਹਾਂ। ਮੈਂ ਸਮਝਦਾ ਹਾਂ ਕਿ ਮੈਨੂੰ ਖੇਡ ਲੇਖਕ ਬਣਾਉਣ ’ਚ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਵੀ ਯੋਗਦਾਨ ਹੈ। ਉੱਥੇ ਖੇਡ ਮੇਲੇ ਦੀ ਕੁਮੈਂਟਰੀ ਕਰਦੇ ਪੀ ਟੀ ਜੋਗਿੰਦਰ ਸਿੰਘ ਤੋਂ ਮੈਨੂੰ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਤੇ ਕਬੱਡੀ ਦੀ ਕੁਮੈਂਟਰੀ ਕਰਨ ਦੀ ਚੇਟਕ ਲੱਗੀ ਸੀ। ਜੋਗਿੰਦਰ ਸਿੰਘ ਧੂੜਾਂ ਉਡਾਉਂਦੀਆਂ ਬੈਲ ਗੱਡੀਆਂ, ਕਬੱਡੀਆਂ ਪਾਉਂਦੇ ਜੁਆਨਾਂ, ਰੱਸਾ ਖਿੱਚਦੇ ਬਾਬਿਆਂ, ਟਰੈਕ ’ਚ ਦੌੜਦੇ ਦੌੜਾਕਾਂ, ਘੁਕਾਟ ਪਾਉਂਦੇ ਸਾਈਕਲ ਸਵਾਰਾਂ ਤੇ ਬਾਜ਼ੀਗਰਾਂ ਦੇ ਕਰਤੱਬਾਂ ਨੂੰ ਕਮਾਲ ਦੀ ਸ਼ਬਦਾਵਲੀ ’ਚ ਪੇਸ਼ ਕਰਦਾ ਸੀ। ਹੁਣ ਇਸ ਉਮਰੇ ਉਸ ਖੇਡ ਮੇਲੇ ਦੀਆਂ ਕੁਝ ਗੱਲਾਂ ਮੁੜ ਕਰਨ ਨੂੰ ਦਿਲ ਕਰ ਆਇਆ ਹੈ।

ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਨੂੰ ਪੇਂਡੂ ਓਲੰਪਿਕਸ ਕਿਹਾ ਜਾਂਦਾ ਹੈ। ਇਹਦੀ ਮਸ਼ਹੂਰੀ ਦਾ ਹਾਲ ਇਹ ਸੀ ਕਿ 1970 ਵਿੱਚ ਇਸ ਦੀਆਂ ਫਿਲਮਾਂ ਜਰਮਨੀ ਤੇ ਇੰਗਲੈਂਡ ਜਾ ਪੁੱਜੀਆਂ ਸਨ। ਉਦੋਂ ਬੀ ਬੀ ਸੀ ਨੇ ਆਪਣੇ ਇੱਕ ਪ੍ਰੋਗਰਾਮ ’ਚ ਇਸ ਦਾ ਉਚੇਚਾ ਜ਼ਿਕਰ ਕੀਤਾ ਸੀ ਤੇ ਪੰਜ ਮਿੰਟ ਦੀ ਫਿਲਮ ਦਿਖਾਈ ਸੀ। ‘ਅਜੀਤ’ ਅਖ਼ਬਾਰ ਦੇ ਬਾਨੀ ਸਾਧੂ ਸਿੰਘ ਹਮਦਰਦ, ‘ਅਕਾਲੀ ਪੱਤ੍ਰਿਕਾ’ ਦੇ ਅਮਰ ਸਿੰਘ ਦੁਸਾਂਝ ਤੇ ‘ਦਿ ਟ੍ਰਿਬਿਊਨ’ ਦੇ ਐੱਮ.ਐੱਲ. ਕਪੂਰ ਵਰਗੇ ਮੰਨੇ-ਪ੍ਰਮੰਨੇ ਪੱਤਰਕਾਰ ਖੇਡ ਮੈਦਾਨ ’ਚ ਇਹ ਖੇਡਾਂ ਦੇਖਿਆ ਕਰਦੇ ਸਨ ਤੇ ਆਪੋ ਆਪਣੇ ਅਖ਼ਬਾਰਾਂ ਵਿੱਚ ਖੇਡਾਂ ਦੀਆਂ ਗੱਲਾਂ ਦਿਲਚਸਪ ਢੰਗ ਨਾਲ ਪ੍ਰਕਾਸ਼ਿਤ ਕਰਦੇ ਸਨ। ਇੱਥੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਵਰਗੇ ਲੇਖਕ, ਜਸਵੰਤ ਸਿੰਘ ਕੰਵਲ ਵਰਗੇ ਨਾਵਲਕਾਰ ਤੇ ਸ਼ਿਵ ਕੁਮਾਰ ਬਟਾਲਵੀ ਵਰਗੇ ਕਵੀ ਆਉਂਦੇ ਰਹੇ। ਗੁਰਬਖ਼ਸ਼ ਸਿੰਘ ਨੇ ਤਾਂ ਇਨ੍ਹਾਂ ਖੇਡਾਂ ਬਾਰੇ ਇੱਕ ਪ੍ਰਸ਼ੰਸਾਮਈ ਲੇਖ ਵੀ ‘ਪ੍ਰੀਤਲੜੀ’ ਵਿੱਚ ਛਾਪਿਆ ਸੀ। ਉਦੋਂ ਮੈਂ ਵੀ ‘ਆਰਸੀ’ ਵਿੱਚ ਲੇਖ ਲਿਖਿਆ ਸੀ:

Advertisement

ਕਿਲ੍ਹਾ ਰਾਏਪੁਰ ਦਾ ਪੇਂਡੂ ਖੇਡ ਮੇਲਾ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹੁੰਦਾ ਹੈ ਜਿੱਥੇ ਖੇਡਦੇ ਮੱਲ੍ਹਦੇ, ਨੱਚਦੇ ਟੱਪਦੇ ਤੇ ਹੱਸਦੇ ਗਾਉਂਦੇ ਪੰਜਾਬ ਦੇ ਖੁੱਲ੍ਹੇ ਦਰਸ਼ਨ ਹੁੰਦੇ ਹਨ। ਉੱਥੇ ਬੈਲ ਗੱਡੀਆਂ ਦੀ ਦੌੜ ਤੋਂ ਲੈ ਕੇ ਗਿੱਧੇ, ਗਤਕੇ ਤੇ ਤਲੇ ਜਾਂਦੇ ਸਲੂਣੇ ਪਕੌੜਿਆਂ ਦੀ ਕਰਾਰੀ ਮਹਿਕ ਤੱਕ ਸਭ ਕੁਝ ਹੁੰਦਾ ਹੈ। ਉੱਥੇ ਧੂੜਾਂ ਉੱਡਦੀਆਂ ਹਨ, ਝੰਡੇ ਝੂਲਦੇ ਤੇ ਮੇਲੀ ਗੇਲੀ ਚਾਅ ’ਚ ਮੇਲ੍ਹਦੇ ਮਿਲਦੇ-ਗਿਲਦੇ ਹਨ। ਮੁੜ੍ਹਕੋ-ਮੁੜ੍ਹਕੀ ਹੋਏ ਖਿਡਾਰੀਆਂ ਦੇ ਲਿਸ਼ਕਦੇ ਜੁੱਸੇ, ਗਿੱਧਾ ਪਾਉਂਦੀਆਂ ਮੁਟਿਆਰਾਂ ਦੇ ਹਾਰ ਸ਼ਿੰਗਾਰ, ਭੰਗੜੇ ਪਾਉਂਦੇ ਨੌਜੁਆਨਾਂ ਦੇ ਕੈਂਠੇ ਤੇ ਚਾਦਰੇ ਅਤੇ ਦਰਸ਼ਕ ਬਣੇ ਬਜ਼ੁਰਗਾਂ ਦੀਆਂ ਬੀਬੀਆਂ ਦਾੜ੍ਹੀਆਂ ਤੇ ਮਾਈਆਂ ਬੀਬੀਆਂ ਦੀਆਂ ਚੁੰਨੀਆਂ ਲਹਿਰਾਉਂਦੀਆਂ ਦਿਸਦੀਆਂ ਹਨ। ਉੱਥੇ ਰੰਗਲਾ ਪੰਜਾਬ ਸਤਰੰਗੀ ਪੀਂਘ ਵਾਂਗ ਛਾਇਆ ਨਜ਼ਰੀਂ ਪੈਂਦਾ ਹੈ।

Advertisement

ਜੀਹਨੇ ਪੰਜਾਬ ਦੀ ਰੂਹ ਦੇ ਦਰਸ਼ਨ ਕਰਨੇ ਹੋਣ ਉਹ ਕਿਲ੍ਹਾ ਰਾਏਪੁਰ ਦਾ ਖੇਡ ਮੇਲਾ ਦੇਖ ਲਵੇ। ਕਿਧਰੇ ਕਬੱਡੀ ਹੁੰਦੀ ਹੈ, ਕਿਧਰੇ ਨੇਜ਼ਾਬਾਜ਼ੀ, ਕਿਧਰੇ ਬਾਜ਼ੀਗਰਾਂ ਦੇ ਕਰਤੱਬ ਤੇ ਕੁੜੀਆਂ ਮੁੰਡਿਆਂ ਦੀ ਹਾਕੀ। ਵਿੱਚੇ ਭੰਗੜੇ ਪਈ ਜਾਂਦੇ ਹਨ, ਵਿੱਚੇ ਧਮਾਲਾਂ ਤੇ ਵਿੱਚੇ ਊਠਾਂ ਘੋੜਿਆਂ ਦੀ ਦੌੜ ਹੋਈ ਜਾਂਦੀ ਹੈ। ਕਿਧਰੇ ਸਾਨ੍ਹ ਤੇ ਬੰਦੇ ਦਾ ਭੇੜ ਹੁੰਦਾ ਹੈ ਤੇ ਸਿਖਾਏ ਸਿਧਾਏ ਵਹਿੜੇ ਮੰਜੀਆਂ ਟੱਪਦੇ ਹਨ। ਕੋਈ ਜੁਆਨ ਬੋਰੀ ਚੁੱਕਦਾ ਹੈ, ਕੋਈ ਮੁਗਦਰ ਤੇ ਕੋਈ ਬਾਬਾ ਮੂੰਗਲੀਆਂ ਹੀ ਫੇਰੀ ਜਾਂਦਾ ਹੈ। ਉੱਥੇ ਤੇਜ਼-ਤਰਾਰ ਤੇ ਲੰਮੀਆਂ ਦੌੜਾਂ ਲਾਉਣ ਵਾਲੇ ਐਥਲੀਟ ਟਰੈਕ ਨੂੰ ਸਾਹ ਨਹੀਂ ਲੈਣ ਦਿੰਦੇ। ਖੱਚਰ ਰੇਹੜੇ ਦੌੜਦੇ ਤੇ ਸੁਹਾਗਾ ਦੌੜਾਂ ਲੱਗਦੀਆਂ ਹਨ। ਕਿਧਰੇ ਊਠ ’ਤੇ ਖੜ੍ਹਾ ਸਵਾਰ ਪਾਣੀ ਦਾ ਛੰਨਾ ਹਥੇਲੀ ’ਤੇ ਟਿਕਾਈ ਜਾਂਦਾ ਦਿਸਦਾ ਹੈ ਤੇ ਕਿਧਰੇ ਕੋਈ ਨਿਹੰਗ ਸਿੰਘ ਦੋ ਘੋੜਿਆਂ ਉੱਤੇ ਚੜ੍ਹਿਆ ਘੋੜਿਆਂ ਦੀ ਜੋੜੀ ਨੂੰ ਬਰਾਬਰ ਉਡਾਈ ਜਾਂਦਾ ਜੈਕਾਰੇ ਛੱਡੀ ਜਾਂਦਾ ਹੈ। ਕੋਈ ਗੋਲ ਕੁੰਡਲ ਦੀਆਂ ਬਲਦੀਆਂ ਲਾਟਾਂ ਵਿਚਦੀ ਲੰਘਦਾ ਹੈ ਤੇ ਕਿਧਰੇ ਛੱਤਰਿਆਂ ਦਾ ਭੇੜ ਹੁੰਦਾ ਹੈ। ਕਿਸੇ ਪਾਸੇ ਬੱਗੀਆਂ ਦਾੜ੍ਹੀਆਂ ਵਾਲੇ ਬਾਬੇ ਰੱਸਾਕਸ਼ੀ ਕਰਦਿਆਂ ਹੌਂਕ ਰਹੇ ਹੁੰਦੇ ਹਨ। ਨਾਲ ਦੀ ਨਾਲ ਕੁਮੈਂਟਰੀ ਗੂੰਜਦੀ ਰਹਿੰਦੀ ਹੈ:

- ਲੈ ਬਈ ਮੁੰਡਿਆ ਲਾ ਛਾਲ ਕਿ ਤੈਨੂੰ ਵੀ ਕੋਈ ਢੋਲ-ਢੂਲ ਆਲਾ ਚਾਹੀਦੈ?

- ਹੁਣ ਗਾਉਣ ਵਾਲੇ ਵੀ ਸਟਾਰਟਿੰਗ ਲਾਈਨ ’ਤੇ ਆ ਜਾਣ।

- ਬੀਂਡੀ ਜੁੜਿਆ ਬਾਬਾ ਗੱਡੀ ਖੜ੍ਹਾ ਪੈਰ। ਲੈ ਇਹ ਨ੍ਹੀਂ ਹਿੱਲਦਾ ਹੁਣ।

- ਔਹ ਡਿੱਗ-ਪੀ ਝੰਡੀ। ਆਉਂਦੇ ਆ ਵਹਿੜੇ ’ਵਾ ਨੂੰ ਗੰਢਾਂ ਦਿੰਦੇ। ਪਰ੍ਹੇ-ਪਰ੍ਹੇ ਹੋ-ਜੋ, ਹੋਰ ਨਾ ਕਿਸੇ ਦੀ ਜਾਹ ਜਾਂਦੀ ਹੋ-ਜੇ। ਗੱਡੀਆਂ ਵਾਲਿਆਂ ਦੇ ਬਰੇਕ ਨ੍ਹੀਂ ਹੁੰਦੇ।

- ਆਹ ਜੀਹਦਾ ਨਿਆਣਾ ਗੁਆਚਿਆ, ਆ ਕੇ ਸਟੇਜ ’ਤੋਂ ਲੈ ਜੇ।

- ਲੰਗਰ ਵੀ ਚੱਲ ਰਿਹੈ, ਜੀਹਨੇ ਪਰਸ਼ਾਦਾ ਛਕਣਾ ਛਕ ਲੇ।

- ਗਤਕੇ ਦੇ ਜੌਹਰ ਵਿਖਾਉਣ ਵਾਲੇ ਵੀ ਮੈਦਾਨ ’ਚ ਆ ਜਾਣ।

ਉੱਥੇ ਝੰਡੇ ਝੂਲਦੇ, ਬੈਂਡ ਵੱਜਦੇ ਤੇ ਗਾਇਕ ਪਾਰਟੀਆਂ ਦਾ ਗੀਤ ਸੰਗੀਤ ਹੁੰਦਾ ਹੈ। ਜਿਮਨਾਸਟ ਆਪਣੀਆਂ ਕਲਾਬਾਜ਼ੀਆਂ ਵਿਖਾਉਂਦੇ ਤੇ ਪੈਰਾਸ਼ੂਟਰ ਆਸਮਾਨ ’ਚ ਤੈਰਦੇ ਹਨ। ਨਿਸ਼ਾਨਚੀ ਅੱਖਾਂ ਬੰਨ੍ਹਾ ਕੇ ਤੀਰ ਚਲਾਉਂਦੇ ਤੇ ਨਿਸ਼ਾਨੇ ਲਾਉਂਦੇ ਹਨ। ਦੂਰ-ਦੂਰ ਤੱਕ ਹਰਿਆਵਲੀਆਂ ਕਣਕਾਂ ਵਿਚਾਲੇ ਖੁੱਲ੍ਹੇ ਸਟੇਡੀਅਮ ’ਚ ਅਸਚਰਜ ਤਮਾਸ਼ੇ ਤੇ ਖੇਡ ਮੁਕਾਬਲੇ ਹੁੰਦੇ ਹਨ। ਮੇਲੀਆਂ ਦੀਆਂ ਰੰਗ ਬਿਰੰਗੀਆਂ ਪੱਗਾਂ ਨਾਲ ਗੁਲਜ਼ਾਰ ਖਿੜ ਉੱਠਦੀ ਹੈ। ਆਏ ਸਾਲ ਰੰਗਾਂ ਦੀ ਅਜਿਹੀ ਲੀਲ੍ਹਾ ਰਚੀ ਜਾਂਦੀ ਹੈ ਜੀਹਦਾ ਨਜ਼ਾਰਾ ਫੇਰ ਸਾਲ ਭਰ ਨਹੀਂ ਭੁੱਲਦਾ।

ਇਸ ਖੇਡ ਮੇਲੇ ਦੀ ਸ਼ੁਰੂਆਤ 1934 ’ਚ ਹੋਈ ਸੀ। ਪੜ੍ਹੇ ਲਿਖੇ ਗਰੇਵਾਲਾਂ ਨੇ ਦੂਰ ਦੀ ਸੋਚ ਕੇ ਆਪਣੇ ਬੱਚਿਆਂ ਨੂੰ ਸਿਹਤਮੰਦ ਬਣਾਉਣ ਲਈ ਇਹ ਖੇਡ ਮੇਲਾ ਸ਼ੁਰੂ ਕੀਤਾ ਸੀ। ਪਹਿਲੇ ਸਾਲ ਹਾਕੀ ਦਾ ਹੀ ਟੂਰਨਾਮੈਂਟ ਹੋਇਆ ਸੀ, ਜਿਸ ਲਈ ਛੋਟਾ ਜਿਹਾ ਜਿਸਤੀ ਕੱਪ ਇਨਾਮ ਰੱਖਿਆ ਗਿਆ ਸੀ। ਉਹ ਕੱਪ ਹੁਣ ਘਸਮੈਲਾ ਜਿਹਾ ਹੋਇਆ ਪਿਐ, ਪਰ ਉਸ ਨੂੰ ਅਮੁੱਲ ਵਸਤੂ ਸਮਝ ਕੇ ਗਰੇਵਾਲ ਸਪੋਰਟਸ ਐਸੋਸੀਏਸ਼ਨ ਨੇ ਅੱਜ ਤੱਕ ਸੰਭਾਲਿਆ ਹੋਇਐ। ਉਸ ਵਿੱਚ ਇੱਕ ਨਿੱਕਾ ਜਿਹਾ ਮੇਰੂ ਪੈ ਗਿਆ ਸੀ, ਜਿਸ ਨੂੰ ਟਾਂਕਾ ਲੁਆ ਕੇ ਬੈਂਕ ਲਾਕਰ ਵਿੱਚ ਰੱਖਿਆ ਹੋਇਐ। ਸਾਲਾਨਾ ਖੇਡਾਂ ਸਮੇਂ ਉਸ ਕੱਪ ਦੇ ਦਰਸ਼ਨ ਕਰਵਾਏ ਜਾਂਦੇ ਹਨ। ਨਾਰੰਗਵਾਲ ਦੇ ਸ. ਪ੍ਰਹਿਲਾਦ ਸਿੰਘ ਗਰੇਵਾਲ ਦਾ ਪੁੱਤਰ ਅਫਰੀਕਾ ਵਿੱਚ ਡੁੱਬ ਕੇ ਗੁਜ਼ਰ ਗਿਆ ਸੀ। ਉਸ ਨੇ ਪੁੱਤਰ ਦੀ ਯਾਦ ਵਿੱਚ 100 ਤੋਲੇ ਸ਼ੁੱਧ ਸੋਨੇ ਦਾ ਭਗਵੰਤ ਮੈਮੋਰੀਅਲ ਕੱਪ ਗਰੇਵਾਲ ਸਪੋਰਟਸ ਐਸੋਸੀਏਸ਼ਨ ਨੂੰ ਭੇਟ ਕੀਤਾ ਸੀ। ਉਹ ਕੱਪ ਹਾਕੀ ਦੀ ਸਰਦਾਰੀ ਦਾ ਚਿੰਨ੍ਹ ਹੈ, ਜਿਸ ਨੂੰ ਜਿੱਤਣ ਲਈ ਹਾਕੀ ਦੀਆਂ ਬਿਹਤਰੀਨ ਟੀਮਾਂ ਜੂਝਦੀਆਂ ਹਨ। ਹਾਕੀ ਦੀ ਖੇਡ ਲਈ ਏਡਾ ਵੱਡਾ ਖਾਲਸ ਸੋਨੇ ਦਾ ਕੱਪ ਭਾਰਤ ਵਿੱਚ ਸ਼ਾਇਦ ਹੀ ਕੋਈ ਹੋਰ ਹੋਵੇ।

ਜਿਵੇਂ ਹਰਗੋਬਿੰਦ ਖੁਰਾਣਾ ਨੇ ਅਮਰੀਕਾ ਜਾ ਕੇ ਨੋਬੇਲ ਪੁਰਸਕਾਰ ਜਿੱਤਿਆ ਉਵੇਂ ਨਾਰੰਗਵਾਲ ਦੇ ਅਲੈਕਸੀ ਸਿੰਘ ਗਰੇਵਾਲ ਨੇ ਲਾਸ ਏਂਜਲਸ 1984 ਦੀਆਂ ਓਲੰਪਿਕ ਖੇਡਾਂ ਵਿੱਚ ਸਾਈਕਲ ਦੌੜ ’ਚ ਸੋਨੇ ਦਾ ਤਗ਼ਮਾ ਜਿੱਤਿਆ। ਅਲੈਕਸੀ ਦੀ ਮਾਂ ਜਰਮਨ ਮੂਲ ਦੀ ਸੀ ਤੇ ਪਿਤਾ ਪੰਜਾਬ ਦਾ ਸਿੰਘ ਸਰਦਾਰ। ਗਰੇਵਾਲ ਸਪੋਰਟਸ ਐਸੋਸੀਏਸ਼ਨ ਨੇ ਅਲੈਕਸੀ ਸਿੰਘ ਗਰੇਵਾਲ ਨੂੰ ਆਪਣੇ ਖੇਡ ਮੇਲੇ ਉੱਤੇ ਪਧਾਰਨ ਲਈ ਸੱਦਾ ਪੱਤਰ ਭੇਜਿਆ ਤਾਂ ਸਿਖਲਾਈ ਦੌਰਾਨ ਉਹ ਆ ਨਾ ਸਕਿਆ। ਆਖ਼ਰ ਅਲੈਕਸੀ ਸਿੰਘ ਗਰੇਵਾਲ ਨੇ 4 ਫਰਵਰੀ 2018 ਨੂੰ ਕਿਲ੍ਹਾ ਰਾਏਪੁਰ ਦੇ 82ਵੇਂ ਖੇਡ ਮੇਲੇ ’ਚ ਸ਼ਮੂਲੀਅਤ ਕਰ ਹੀ ਲਈ, ਜਿੱਥੇ ਮੇਰੀ ਵੀ ਉਸ ਨਾਲ ਮੁਲਾਕਾਤ ਹੋਈ।

1935 ਤੋਂ ਮੇਲੇ ’ਚ ਬੈਲਗੱਡੀਆਂ ਦੀ ਦੌੜ ਵੀ ਸ਼ਾਮਿਲ ਕੀਤੀ ਗਈ, ਜਿਸ ਨੇ ਪੇਂਡੂ ਲੋਕਾਂ ਦੀ ਕਲਪਨਾ ਨੂੰ ਅਜਿਹਾ ਟੁੰਬਿਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵੱਲ ਖਿੱਚੇ ਜਾਣ ਲੱਗੇ। ਇਲਾਕੇ ਦੇ ਲੋਕ ਖੇਡਾਂ ਨੂੰ ਖੇਲ੍ਹਾਂ ਕਹਿੰਦੇ ਸਨ, ਇਸ ਲਈ ਖੇਡਾਂ ਦੀ ਥਾਂ ਖੇਲ੍ਹਾਂ ਨਾਂਅ ਮਸ਼ਹੂਰ ਹੋ ਗਿਆ। ਬੈਲਗੱਡੀਆਂ ਦੀ ਦੌੜ ਇਨ੍ਹਾਂ ਖੇਲ੍ਹਾਂ ਦੀ ਵਿਸ਼ੇਸ਼ ਖਿੱਚ ਬਣ ਗਈ। ਬੈਲਗੱਡੀਆਂ ਦੀ ਦੌੜ ਦਾ ਮੋਹਰੀ ਬਖਸ਼ੀਸ ਸਿੰਘ ਸੀ, ਜੀਹਦੇ ਬਾਰੇ ਇਹ ਟੱਪਾ ਪ੍ਰਚੱਲਿਤ ਹੋਇਆ:

ਬਖਸ਼ੀ ਚਾਲਕ ਨੀ ਕਿਸੇ ਬਣ ਜਾਣਾ ਘਰ-ਘਰ ਪੁੱਤ ਜੰਮਦੇ। ਉਹ ਪਤਲੇ ਜੁੱਸੇ ਦਾ ਮਾਲਕ ਇੰਜ ਲੱਗਦਾ ਜਿਵੇਂ ਗੱਡੀ ਉੱਤੇ ਭਾਰ ਪਾਏ ਬਿਨਾਂ ਹੀ ਹਵਾ ਨਾਲ ਗੱਲਾਂ ਕਰਦਾ ਜਾਂਦਾ ਹੋਵੇ। ਬੰਦੇ ਤਾਂ ਕੀ, ਇਲਾਕੇ ਦੇ ਰੁੱਖ-ਝਾੜ ਵੀ ਉਹਦੇ ਵਧੀਆ ਗੱਡੀ ਚਾਲਕ ਹੋਣ ਦੀਆਂ ਗਵਾਹੀਆਂ ਦਿੰਦੇ ਸਨ। ਫਿਰ ਖੇੜੀ ਦਾ ਪ੍ਰੀਤਮ ਸਿੰਘ ਸ਼ਾਹਸਵਾਰ ਬਣਿਆ। ਉਸ ਮਾਈ ਦੇ ਲਾਲ ਨੇ ਕਦੇ ਬੈਲਾਂ ਨੂੰ ਆਰ ਨਾ ਲਾਈ ਤੇ ਉਹਦੀਆਂ ਅੱਜ ਤੱਕ ਗੱਲਾਂ ਹੁੰਦੀਆਂ ਹਨ। ਸੁਹਾਗਾ ਦੌੜ ਦਾ ਮੋਹਰੀ ਨਿਰਮਲ ਸਿੰਘ ਸੀ। ਸੁਹਾਗੇ ਤੇ ਬੈਲਗੱਡੀਆਂ ਦੀ ਦੌੜ ਨੇ ਮੇਲੀਆਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਉਨ੍ਹਾਂ ਵਿੱਚ ਚੰਗੇ ਵਹਿੜੇ ਪਾਲਣ ਦੀ ਚੇਟਕ ਵੀ ਲਾਈ, ਜਿਨ੍ਹਾਂ ਨੇ ਬਾਅਦ ਵਿੱਚ ਵਧੀਆ ਬਲਦ ਬਣ ਕੇ ਹਰੇ ਇਨਕਲਾਬ ਨੂੰ ਹੁੰਗਾਰਾ ਦਿੱਤਾ। 1935 ਵਿੱਚ ਚੋਟੀ ਦਾ ਵਹਿੜਾ ਤਿੰਨ ਸੌ ਨੂੰ ਵਿਕਿਆ ਸੀ। ਬੈਲਗੱਡੀਆਂ ਦੇ ਸ਼ੌਕ ਦੀ ਚੜ੍ਹਤ ਦੇਖੋ ਕਿ ਬਾਅਦ ਵਿੱਚ ਤੇਜ਼ ਦੌੜਨ ਵਾਲਾ ਬੈਲ ਲੱਖਾਂ ਰੁਪਈਆਂ ’ਚ ਵਿਕਦਾ ਰਿਹਾ।

1943 ਵਿੱਚ ਕਿਲ੍ਹਾ ਰਾਏਪੁਰ ਦਾ ਇੱਕ ਸੇਵਾਮੁਕਤ ਫ਼ੌਜੀ ਦਲੀਪ ਸਿੰਘ ਮੇਲੇ ’ਚ ਆਇਆ। ਕਲਕੱਤੇ ਉਹਦਾ ਟਰਾਂਸਪੋਰਟ ਦਾ ਤਕੜਾ ਕਾਰੋਬਾਰ ਸੀ। ਉਹ ਖਿਡਾਰੀਆਂ ਉਤੋਂ ਦੀ ਰੁਪੱਈਆਂ ਦਾ ਮੀਂਹ ਵਰ੍ਹਾਉਣ ਲੱਗਾ। ਉਨ੍ਹੀਂ ਦਿਨੀਂ ਜਦੋਂ ਕਈ ਪੇਂਡੂਆਂ ਨੇ ਸੌ ਦਾ ਨੋਟ ਵੇਖਿਆ ਵੀ ਨਹੀਂ ਸੀ, ਉਹ ਕਬੱਡੀ ਦੇ ਇੱਕ ਪੁਆਇੰਟ ਉੱਤੇ ਸੌ ਦਾ ਨੋਟ ਇਨਾਮ ਦੇਣ ਲੱਗਾ। ਸੌ ਦਾ ਪਹਿਲਾ ਨੋਟ ਕਬੱਡੀ ਦੇ ਜਾਫੀ ਬਿੱਲੂ ਰਾਜੇਆਣੀਏ ਨੂੰ ਮਿਲਿਆ ਜਦੋਂ ਉਸ ਨੇ ਧਾਵੀ ਨੂੰ ਗੁੱਟੋਂ ਫੜ ਕੇ ਹੀ ਡੱਕ ਲਿਆ। ਉਦੋਂ ਜੋਗਿੰਦਰ ਸਿੰਘ ਪੀ ਟੀ ਖੇਡ ਮੁਕਾਬਲਿਆਂ ਦੀ ਕੁਮੈਂਟਰੀ ਕਰਦਾ ਹੁੰਦਾ ਸੀ। ਉਹਦੀਆਂ ਟਿੱਪਣੀਆਂ ਤੇ ਹਾਸਰਸੀ ਟੋਟਕੇ ਰੰਗ ਬੰਨ੍ਹੀ ਰੱਖਦੇ ਸਨ। ਜਦੋਂ ਬਿੱਲੂ ਨੇ ਗੁੱਟ ਫੜਨਾ ਤਾਂ ਪੀ ਟੀ ਨੇ ਕਹਿਣਾ, ‘‘ਲੈ ਆ-ਗੀ ਘੁਲਾੜੀ ’ਚ ਬਾਂਹ। ਲੱਗਗੇ ਜਿੰਦੇ। ਭਲਾ ਘੁਲਾੜੀ ’ਚੋਂ ਬਾਂਹ ਵੀ ਕਦੇ ਨਿਕਲੀ ਐ?’’

ਮੰਦੇ ਦੇ ਉਨ੍ਹੀਂ ਦਿਨੀਂ ਕਈ ਖਿਡਾਰੀਆਂ ਨੇ ਉੱਥੋਂ ਹਜ਼ਾਰ-ਹਜ਼ਾਰ ਦੇ ਇਨਾਮ ਹਾਸਲ ਕੀਤੇ। ਕਬੱਡੀ ਦੀ ਕੁਮੈਂਟਰੀ ਕਿਲ੍ਹਾ ਰਾਏਪੁਰ ਦੀਆਂ ਖੇਡਾਂ ’ਚੋਂ ਜਨਮੀ ਹੈ। ਪੀ ਟੀ ਜੋਗਿੰਦਰ ਸਿੰਘ ਇਸ ਦਾ ਜਨਮਦਾਤਾ ਹੈ। ਉਹ ਕੁਮੈਂਟਰੀ ਕਰਦਿਆਂ ਲੋਕ ਗੀਤ, ਲਤੀਫ਼ੇ ਤੇ ਨਿੱਕੇ-ਨਿੱਕੇ ਪ੍ਰਸੰਗ ਸੁਣਾਉਂਦਾ ਲੋਕਾਂ ਦਾ ਮਨੋਰੰਜਨ ਕਰੀ ਜਾਂਦਾ ਸੀ ਤੇ ਵਿੱਚੇ ਗਰੇਵਾਲਾਂ ਨੂੰ ਵਡਿਆਈ ਜਾਂਦਾ ਸੀ। ਮੇਲੀ-ਗੇਲੀ ਉਹਦੀਆਂ ਗੱਲਾਂ ਵੱਲ ਕੰਨ ਰੱਖਦੇ ਸਨ। ਉਹਦੇ ਅਨੇਕਾਂ ਲੋਕ ਗੀਤ ਕੰਠ ਸਨ, ਜਿਨ੍ਹਾਂ ਦੀ ਉਹ ਕੁਮੈਂਟਰੀ ’ਚ ਵਰਤੋਂ ਕਰਦਾ ਰਹਿੰਦਾ। 1970ਵਿਆਂ ’ਚ ਜਦੋਂ ਕੁਝ ਸਾਲਾਂ ਲਈ ਖੇਡਾਂ ਦੀ ਕਮੇਟੀ ਵਿੱਚ ਪਾਟਕ ਪਿਆ ਤੇ ਦੋ ਮੇਲੇ ਲੱਗਣ ਲੱਗੇ ਤਾਂ ਖੇਡਾਂ ਨੂੰ ਅਸਲੀ ਤੇ ਨਕਲੀ ਦੇ ਨਾਂਅ ਦਿੱਤੇ ਜਾਣ ਲੱਗੇ। ਆਮ ਲੋਕ ਕਹਿੰਦੇ, ‘‘ਜੇ ਤਾਂ ਬਈ ਉਹ ਪੀ ਟੀ ਓਥੇ ਓਵੇਂ ਈ ਟੋਟਕੇ ਸੁਣਾਉਂਦੈ ਤਾਂ ਖੇਲ੍ਹਾਂ ਅਸਲੀ ਆ, ਨਹੀਂ ਤਾਂ ਨਕਲੀ।’’

ਪੀ ਟੀ ਬੈਲਗੱਡੀਆਂ ਦੀ ਦੌੜ ਸਮੇਂ ਲੋਕ ਗੀਤਾਂ ਦੇ ਟੱਪੇ ਸੁਣਾ ਕੇ ਮੇਲੇ ਨੂੰ ਨਿਹਾਲ ਕਰਦਾ ਰਹਿੰਦਾ ਸੀ:

- ਗੱਡੀ ਚੜ੍ਹਦੀ ਨੇ ਪਿੰਜਣੀ ਤੋੜੀ ਚਾਅ ਮੁਕਲਾਵੇ ਦਾ।

- ਤੈਨੂੰ ਕੀ ਮੁਕਲਾਵਾ ਤਾਰੂ ਰੋਂਦੇ ਯਾਰ ਛੱਡ ਗਈ।

- ਗੱਡੀ ਵਿੱਚ ਮੈਂ ਰੋਵਾਂ ਮੇਰੀ ਕੱਤਣੀ ’ਚ ਰੋਣ ਗਲੋਟੇ।

ਇਕੇਰਾਂ ਬੈਲਗੱਡੀਆਂ ਦੀ ਦੌੜ ’ਚ ਗੱਡੀਆਂ ਭਿੜ ਗਈਆਂ ਤੇ ਇੱਕ ਬਲਦ ਦੀ ਮੌਤ ਹੋ ਗਈ। ਕਿਲਕਾਰੀਆਂ ਮਾਰਦਾ ਮੇਲਾ ਅਫ਼ਸੋਸ ’ਚ ਡੁੱਬ ਗਿਆ। ਪੀ ਟੀ ਨੇ ਜਜ਼ਬਾਤੀ ਰੌਂਅ ’ਚ ਕਿਹਾ, ‘‘ਲੋਕੋ ਇਹ ਬਲਦ ਨ੍ਹੀਂ ਮਰਿਆ, ਮੈਦਾਨੇ-ਜੰਗ ’ਚ ਲੜਦਾ ਸਿਪਾਹੀ ਸ਼ਹੀਦ ਹੋਇਐ। ਵੇਖਿਓ ਗੱਡੀਆਂ ਵਾਲਿਓ ਕਿਤੇ ਦਿਲ ਨਾ ਛੱਡ ਦਿਓ। ਇੱਕ ਜਹਾਜ਼ ਦਾ ਕਪਤਾਨ ਸਮੁੰਦਰੀ ਤੂਫ਼ਾਨ ’ਚ ਮਰ ਗਿਆ। ਮਗਰੋਂ ਉਹਦਾ ਪੁੱਤ ਕਪਤਾਨ ਬਣਿਆ ਤੇ ਉਹਦੀ ਮੌਤ ਵੀ ਸਮੁੰਦਰੀ ਤੂਫ਼ਾਨ ’ਚ ਹੋਈ। ਪਿੱਛੋਂ ਜਦੋਂ ਉਹਦਾ ਪੋਤਾ ਜਹਾਜ਼ ਦਾ ਕਪਤਾਨ ਬਣਿਆ ਤਾਂ ਇੱਕ ਬੰਦੇ ਨੇ ਆਖਿਆ, ਤੂੰ ਜਹਾਜ਼ ਨਾ ਚਲਾ, ਤੇਰਾ ਪਿਓ ਤੇ ਦਾਦਾ ਜਹਾਜ਼ ’ਚ ਮਰੇ ਨੇ। ਪੋਤਾ ਪੁੱਛਣ ਲੱਗਾ, ‘ਤੇਰਾ ਪਿਓ ਕਿੱਥੇ ਮਰਿਆ ਸੀ?’ ਜਵਾਬ ਮਿਲਿਆ, ‘ਮੰਜੇ ਉੱਤੇ।’ ‘ਤੇ ਦਾਦਾ?’ ਜਵਾਬ ਫੇਰ ਉਹੀ ਸੀ ਅਖੇ ‘ਮੰਜੇ ਉੱਤੇ।’ ਜਹਾਜ਼ੀ ਕਪਤਾਨ ਕਹਿਣ ਲੱਗਾ, ‘ਫਿਰ ਤੁਸੀਂ ਮੰਜੇ ਕਿਉਂ ਨਹੀਂ ਛੱਡ ਦਿੰਦੇ?’ ਬਲਦ ਖੁਰਲੀ ’ਤੇ ਖੜ੍ਹਾ ਵੀ ਮਰ ਸਕਦਾ ਸੀ, ਪਰ ਉਹਦੀਆਂ ਗੱਲਾਂ ਕਿਸੇ ਨਹੀਂ ਸੀ ਕਰਨੀਆਂ ਤੇ ਨਾ ਉਹਦੇ ਮਾਲਕ ਦਾ ਨਾਂਅ ਲੈਣਾ ਸੀ। ਆਓ ਆਪਾਂ ਇਸ ਬਲਦ ਦੇ ਮਾਲਕ ਦਾ ਦੁੱਖ ਵੰਡਾਈਏ।’’

ਉਸੇ ਵੇਲੇ ਮੇਲੇ ’ਚੋਂ ਏਨੇ ਪੈਸੇ ਇਕੱਠੇ ਹੋ ਗਏ, ਜਿਸ ਨਾਲ ਇੱਕ ਦੀ ਥਾਂ ਬਲਦਾਂ ਦੀ ਜੋੜੀ ਖਰੀਦੀ ਜਾ ਸਕਦੀ ਸੀ। ਉਸ ਪਿੱਛੋਂ ਬੈਲਗੱਡੀਆਂ ਵਾਲੇ ਹੋਰ ਵੀ ਸ਼ਿੱਦਤ ਨਾਲ ਮੇਲੇ ’ਚ ਢੁੱਕਣ ਲੱਗੇ। ਇੱਕ ਵਾਰ ਕਬੱਡੀ ਦੇ ਮੈਚ ਵਿੱਚ ਇੱਕ ਖਿਡਾਰੀ ਦੀ ਲੱਤ ਟੁੱਟ ਗਈ। ਸਬੱਬੀਂ ਹੱਡੀਆਂ ਦਾ ਪ੍ਰਸਿੱਧ ਡਾਕਟਰ ਕਰਮ ਸਿੰਘ ਗਰੇਵਾਲ ਮੇਲਾ ਵੇਖ ਰਿਹਾ ਸੀ। ਡਾ. ਗਰੇਵਾਲ ਖਿਡਾਰੀ ਦੀ ਮਦਦ ਲਈ ਮੈਦਾਨ ਵੱਲ ਵਧਿਆ ਤਾਂ ਸਟੇਜ ਤੋਂ ਆਵਾਜ਼ ਆਈ, ‘‘ਬਾਕੀ ਸਾਰੇ ਪਾਸੇ ਹੋ-ਜੋ, ਸਾਡੇ ਕੋਲ ਹੱਡੀਆਂ ਦਾ ਇਲਾਜ ਕਰਨ ਵਾਲਾ ਰੱਬ ਆਪ ਆ ਗਿਆ।’’ ਤੇ ਉਸ ਜੁਆਨ ਦਾ ਪੂਰਾ ਇਲਾਜ ਕਰਵਾ ਕੇ ਉਹਨੂੰ ਹੱਸਦਾ ਖੇਡਦਾ ਘਰ ਭੇਜਿਆ ਗਿਆ।

ਇਹ ਖੇਡ ਮੇਲਾ ਆਪਣੀਆਂ ਸਿਲਵਰ, ਗੋਲਡਨ ਤੇ ਡਾਇਮੰਡ ਜੁਬਲੀਆਂ ਮਨਾ ਚੁੱਕਾ ਹੈ। ਇਹਦੇ ਵਿੱਚ ਹਾਕੀ ਦੇ ਜਾਦੂਗਰ ਧਿਆਨ ਚੰਦ, ਬਲਬੀਰ ਸਿੰਘ, ਊਧਮ ਸਿੰਘ, ਪ੍ਰਿਥੀਪਾਲ ਸਿੰਘ, ਅਜੀਤਪਾਲ ਤੇ ਸੁਰਜੀਤ ਸਿੰਘ ਵਰਗੇ ਆਲਮੀ ਪ੍ਰਸਿੱਧੀ ਵਾਲੇ ਖਿਡਾਰੀ ਆਪਣੀ ਖੇਡ ਦੇ ਜੌਹਰ ਦਿਖਾਉਂਦੇ ਰਹੇ ਹਨ। ਓਲੰਪੀਅਨ ਕਰਨਲ ਗੁਰਚਰਨ ਸਿੰਘ ਤਾਂ ਸੀ ਹੀ ਕਿਲ੍ਹਾ ਰਾਏਪੁਰ ਦਾ। ਉਹਦੇ ਭਰਾ ਮਿਹਰ ਸਿੰਘ ਗਰੇਵਾਲ ਨੇ ਵੀ ਚੰਗੀ ਹਾਕੀ ਖੇਡੀ ਤੇ ਮੇਲੇ ਦੀ ਸ਼ਾਨ ਚਮਕਾਈ। ਦੇਸ਼ ਭਰ ’ਚੋਂ ਚੋਟੀ ਦੇ ਐਥਲੀਟ ਇਹਦੇ ਟਰੈਕ ਵਿੱਚ ਦੌੜਦੇ ਰਹੇ ਨੇ। ਇੱਥੇ ਗੋਲੇ ਦਾ ਸੁਟਾਵਾ ਪ੍ਰਦੁੱਮਣ ਸਿੰਘ ਵੀ ਆਇਆ, ਡਿਸਕਸ ਵਾਲਾ ਬਲਕਾਰ ਸਿੰਘ ਵੀ ਤੇ ਹੈਮਰ ਵਾਲਾ ਪਰਵੀਨ ਕੁਮਾਰ ਵੀ। ਇੱਥੇ ਦਾਰਾ ਸਿੰਘ ਤੋਂ ਲੈ ਕੇ ਕਰਤਾਰ ਸਿੰਘ ਤੱਕ ਪਹਿਲਵਾਨ ਦਰਸ਼ਨ ਦਿੰਦੇ ਰਹੇ ਨੇ।

1953 ’ਚ ਪਾਕਿਸਤਾਨ ਤੋਂ ਪੰਜਾਬ ਦੀ ਕਬੱਡੀ ਟੀਮ ਇੱਥੇ ਆਈ ਸੀ। ਉਦੋਂ ਬਿੱਲੂ, ਕਿਰਪਾਲ ਸਾਧ, ਮਾਲੜੀ ਤੇ ਤੋਖੀ ਹੋਰਾਂ ਦੀਆਂ ਚੜ੍ਹ ਮੱਚੀਆਂ ਸਨ। ਤੋਖੀ ਮੋਟਰਸਾਈਕਲ ਵਾਂਗ ਦੌੜਦਾ ਸੀ। 1970ਵਿਆਂ ’ਚ ਇੰਗਲੈਂਡ ਦੀ ਕਬੱਡੀ ਟੀਮ ਵੀ ਇੱਥੇ ਢੁੱਕੀ। ਉਦੋਂ ਡੇਹਲੋਂ ਤੋਂ ਨਾਰੰਗਵਾਲ ਗੁੱਜਰਵਾਲ ਤੱਕ ਚਾਰ ਚੁਫ਼ੇਰੇ ਰਾਹ ਅੱਟੇ ਗਏ ਸਨ। ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਨੇ ਪੰਜਾਬ ਦੇ ਪਿੰਡਾਂ ’ਚ ਖੇਡ ਮੇਲਿਆਂ ਦੀ ਅਜਿਹੀ ਜਾਗ ਲਾਈ ਹੈ ਕਿ ਹੁਣ ਕੋਈ ਦਿਨ ਖਾਲੀ ਨਹੀਂ ਜਾਂਦਾ ਜਦੋਂ ਕਿਸੇ ਪਿੰਡ ਖੇਡਾਂ ਨਾ ਹੋ ਰਹੀਆਂ ਹੋਣ। ਖੇਡਾਂ ਦੇ ਨਾਲ ਇਸ ਨੇ ਪੰਜਾਬ ਦੇ ਪ੍ਰਸਿੱਧ ਨਾਚ ਭੰਗੜੇ ਨੂੰ ਵੀ ਤਕੜਾ ਹੁਲਾਰਾ ਦਿੱਤਾ। ਮਾਡਰਨ ਭੰਗੜੇ ਦਾ ਬਾਨੀ ਮਨੋਹਰ ਦੀਪਕ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿੱਚ ਭੰਗੜਾ ਪਾਉਂਦਾ ਸਿਨਮੇ ਵਾਲਿਆਂ ਦੀਆਂ ਨਜ਼ਰਾਂ ’ਚ ਚੜਿ੍ਹਆ ਸੀ।

ਇੱਥੇ ਗੁੱਜਰਵਾਲੀਆ ਤੇਜਾ ਸਿੰਘ ਆਪਣੇ ਊਠ ਉੱਤੇ ਖੜ੍ਹ ਜਾਂਦਾ। ਕਦੇ ਉਹ ਸਿਰ ’ਤੇ ਘੜਾ ਰੱਖ ਲੈਂਦਾ ਤੇ ਕਦੇ ਹਥੇਲੀ ਉਤੇ ਪਾਣੀ ਦਾ ਛੰਨਾ। ਭੱਜੇ ਜਾਂਦੇ ਊਠ ਉੱਤੋਂ ਮਜਾਲ ਕੀ ਪਾਣੀ ਦੀ ਬੂੰਦ ਵੀ ਛਲਕ ਜਾਵੇ। ਮਗਰੋਂ ਕਿਲ੍ਹਾ ਰਾਏਪੁਰ ਦੇ ਸਿਕੰਦਰ ਸਿੰਘ ਤੇ ਪ੍ਰੀਤਮ ਸਿੰਘ ਵੀ ਤੇਜਾ ਸਿੰਘ ਦੀਆਂ ਰੀਸਾਂ ਕਰਦੇ ਰਹੇ।

ਮੈਂ ਅਕਸਰ ਕਹਿੰਦਾ ਹਾਂ ਕਿ ਜੀਹਨੇ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਨਹੀਂ ਦੇਖੀਆਂ ਉਹਨੇ ਅਜੇ ਖੇਡਾਂ ਦੇਖੀਆਂ ਹੀ ਨਹੀਂ। ਇਨ੍ਹਾਂ ਖੇਡਾਂ ਨੇ ਹੀ ਪੰਜਾਬ ਵਿੱਚ ਖੇਡ ਮੇਲਿਆਂ ਦੀ ਜਾਗ ਲਾਈ ਹੈ। ਜਿਵੇਂ ਕਬੱਡੀ ਨੂੰ ਪੰਜਾਬੀਆਂ ਦੀ ਮਾਂ ਖੇਡ ਕਿਹਾ ਜਾਂਦੈ ਉਵੇਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਨੂੰ ਪੰਜਾਬ ਦੇ ਖੇਡ ਮੇਲਿਆਂ ਦੀ ਮਾਂ ਕਿਹਾ ਜਾ ਸਕਦਾ ਹੈ।

ਮੇਲਾ ਸ਼ੁਰੂ ਕਰਨ ਵਾਲੇ ਸੱਜਣ ਇਸ ਦੁਨੀਆ ਤੋਂ ਕੂਚ ਕਰ ਗਏ ਹਨ। ਦੂਜੀ ਪੀੜ੍ਹੀ ’ਚੋਂ ਵੀ ਕੋਈ ਹੀ ਜਿਊਂਦਾ ਹੈ। ਤੀਜੀ ਪੀੜ੍ਹੀ ਵੀ ਰਿਟਾਇਰ ਹੋ ਚੁੱਕੀ ਹੈ। ਇਸ ਖੇਡ ਮੇਲੇ ਦੀਆਂ ਲਗਾਮਾਂ ਹੁਣ ਚੌਥੀ ਪੀੜ੍ਹੀ ਦੇ ਹੱਥ ਹਨ। ਵੇਖਦੇ ਹਾਂ ਨਵੀਂ ਪੀੜ੍ਹੀ ਦੇ ਪੜ੍ਹੇ-ਲਿਖੇ ਨੌਜਵਾਨ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਨੂੰ ਕਿੱਥੋਂ ਤੱਕ ਲਿਜਾਂਦੇ ਹਨ?

ਈ-ਮੇਲ: principalsarwansingh@gmail.com

Advertisement
×