ਚਮਕ ਹੈ ਮੇਹਰ ਕੀ ਚਮਕੌਰ ਤੇਰੇ ਜ਼ੱਰੋਂ ਮੇਂ...
ਫਰਾਂਸ ਦਾ ਉੱਘਾ ਲੇਖਕ ਸ਼ੈਟੋਬ੍ਰੀਔਨ ਵਿਸ਼ਵ ਕੌਮਾਂ ਦੇ ਇਤਿਹਾਸ ਬਾਰੇ ਕੁੰਜੀਵਤ ਟਿੱਪਣੀ ਵਿੱਚ ਲਿਖਦਾ ਹੈ: ‘ਯੂਨਾਨ ਦਾ ਇਤਿਹਾਸ ਇੱਕ ਕਵਿਤਾ ਵਾਂਗ ਹੈ, ਲਾਤੀਨੀ ਇਤਿਹਾਸ ਤਸਵੀਰ ਵਰਗਾ ਲੱਗਦਾ ਹੈ ਜਦੋਂਕਿ ਆਧੁਨਿਕ ਇਤਿਹਾਸ ਘਟਨਾਵਾਂ ਦੀ ਤਫ਼ਸੀਲ ਹੈ।’ ਕਿਸੇ ਵਿਦਵਾਨ ਨੇ ਬੜਾ ਸਹੀ...
ਫਰਾਂਸ ਦਾ ਉੱਘਾ ਲੇਖਕ ਸ਼ੈਟੋਬ੍ਰੀਔਨ ਵਿਸ਼ਵ ਕੌਮਾਂ ਦੇ ਇਤਿਹਾਸ ਬਾਰੇ ਕੁੰਜੀਵਤ ਟਿੱਪਣੀ ਵਿੱਚ ਲਿਖਦਾ ਹੈ: ‘ਯੂਨਾਨ ਦਾ ਇਤਿਹਾਸ ਇੱਕ ਕਵਿਤਾ ਵਾਂਗ ਹੈ, ਲਾਤੀਨੀ ਇਤਿਹਾਸ ਤਸਵੀਰ ਵਰਗਾ ਲੱਗਦਾ ਹੈ ਜਦੋਂਕਿ ਆਧੁਨਿਕ ਇਤਿਹਾਸ ਘਟਨਾਵਾਂ ਦੀ ਤਫ਼ਸੀਲ ਹੈ।’ ਕਿਸੇ ਵਿਦਵਾਨ ਨੇ ਬੜਾ ਸਹੀ ਲਿਖਿਆ ਹੈ ਕਿ ਸਿੱਖ ਇਤਿਹਾਸ ਵਿੱਚ ਚਮਕੌਰ ਦੀ ਜੰਗ ਦੌਰਾਨ ਉਪਰੋਕਤ ਤਿੰਨੋਂ ਗੱਲਾਂ ਇੱਕੋ ਵੇਲੇ ਵਾਪਰੀਆਂ ਹਨ। ਸੱਚਮੁੱਚ ਚਮਕੌਰ ਦੀ ਜੰਗ ਦੁਨੀਆ ਦੀ ਸਭ ਤੋਂ ਵੱਧ ਅਸਾਵੀਂ ਜੰਗ ਸੀ, ਜਿੱਥੇ ਗੁਰੂ ਪ੍ਰੇਮ ਵਿੱਚ ਭਿੱਜੇ ਸਿਦਕ ਤੇ ਸਬਰ ਦੇ ਮੁਜੱਸਮੇ ਚਾਲੀ ਸਿੰਘਾਂ ਨੇ ਦਸ ਲੱਖ ਮੁਗ਼ਲ ਫ਼ੌਜਾਂ ਦਾ ਮੁਕਾਬਲਾ ਕਰਦਿਆਂ ਕਿਸੇ ਜਿੱਤ-ਹਾਰ ਲਈ ਨਹੀਂ ਸਗੋਂ ਜਬਰ-ਜ਼ੁਲਮ ਵਿਰੁੱਧ ਜੰਗ ਦੇ ਮੈਦਾਨ ਅੰਦਰ ਜੂਝਦਿਆਂ ਸ਼ਹਾਦਤਾਂ ਪਾਈਆਂ।
ਬਾਈਧਾਰ ਦੇ ਸੱਤ ਪਹਾੜੀ ਰਾਜਿਆਂ ਅਤੇ ਮੁਗ਼ਲਾਂ ਦੁਆਰਾ ਖਾਧੀਆਂ ਕਸਮਾਂ ਦਾ ਯਕੀਨ ਕਰਕੇ 6-7 ਪੋਹ 1761 (20-21 ਦਸੰਬਰ 1704 ਈਸਵੀ) ਦੀ ਦਰਮਿਆਨੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਦੁਸ਼ਮਣ ਫ਼ੌਜਾਂ ਨੇ ਆਪਣੀਆਂ ਕਸਮਾਂ ਨੂੰ ਛਿੱਕੇ ਟੰਗ ਕੇ ਸਿੰਘਾਂ ਦਾ ਪਿੱਛਾ ਸ਼ੁਰੂ ਕਰ ਦਿੱਤਾ। ਸਰਸਾ ਨਦੀ ਪਾਰ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ। ਮਾਤਾ ਗੁਜਰੀ ਜੀ ਸਮੇਤ ਛੋਟੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਨੂੰ ਗੰਗੂ ਰਸੋਈਆ ਆਪਣੇ ਪਿੰਡ ਖੇੜੀ ਲੈ ਗਿਆ। ਦਸਮੇਸ਼ ਪਿਤਾ ਸਿੰਘਾਂ ਦੇ ਕਾਫ਼ਲੇ ਨਾਲ ਰੋਪੜ ਤੋਂ ਹੁੰਦੇ ਹੋਏ 7 ਪੋਹ (21 ਦਸੰਬਰ) ਦੀ ਰਾਤ ਨੂੰ ਚਮਕੌਰ ਵਿਖੇ ਬੁੱਧੀ ਚੰਦ ਦੀ ਕੱਚੀ ਗੜ੍ਹੀ (ਹਵੇਲੀ) ਵਿੱਚ ਪੁੱਜੇ। ਉਨ੍ਹਾਂ ਨਾਲ 40 ਸਿੰਘ ਅਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਸਨ। ਉੱਧਰ ਨਵਾਬ ਵਜ਼ੀਰ ਖ਼ਾਨ ਨੇ 10 ਲੱਖ ਦਾ ਲਸ਼ਕਰ ਲੈ ਕੇ ਚਮਕੌਰ ਦੀ ਕੱਚੀ ਗੜ੍ਹੀ ਨੂੰ ਆਣ ਘੇਰਾ ਪਾਇਆ। ਇਹ ਵੇਖਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਖ਼ਾਲਸਾ ਜੀ! ਅੱਜ ਸਿੱਖੀ ਦਾ ਇਮਤਿਹਾਨ ਹੋਣਾ ਹੈ। ਦੁਨੀਆ ’ਤੇ ਕਈ ਕੌਮਾਂ ਪੈਦਾ ਹੋਈਆਂ ਤੇ ਮਿਟ ਗਈਆਂ ਹਨ। ਮੈਂ ਅਕਾਲ ਪੁਰਖ ਦੇ ਹੁਕਮ ਨਾਲ ਸਦਾ ਅਟੱਲ ਰਹਿਣ ਵਾਲਾ ਪੰਥ ਸਿਰਜਿਆ ਹੈ। ਅੱਜ ਦਸ ਪੀੜ੍ਹੀਆਂ ਦੇ ਕੀਤੇ ਹੋਏ ਕੰਮ ਦੀ ਪਰਖ ਹੋਣੀ ਹੈ। ਚਾਲੀਆਂ ਨੇ ਦਸ ਲੱਖ ਨਹੀਂ, ਇਕੱਲੇ-ਇਕੱਲੇ ਨੇ ਲੱਖਾਂ ਨਾਲ ਟਾਕਰਾ ਕਰਨਾ ਹੈ।’’
ਦਸਮੇਸ਼ ਪਿਤਾ ਵੈਰੀ ਦੇ ਟਾਕਰੇ ਵਾਸਤੇ ਗੜ੍ਹੀ ਦੀ ਤਕੜਾਈ ਕਰਨ ਲੱਗ ਪਏ। ਅੱਠ-ਅੱਠ ਸਿੰਘ ਚਹੁੰਆਂ ਬਾਹੀਆਂ ’ਤੇ ਮੋਰਚੇ ਬਣਾ ਕੇ ਬਿਠਾ ਦਿੱਤੇ ਅਤੇ ਦੋ ਸਿੰਘ ਬੂਹੇ ਦੀ ਰਾਖੀ ਵਾਸਤੇ ਖੜ੍ਹੇ ਕਰ ਦਿੱਤੇ। ਦੋ ਹਵੇਲੀ ਵਿੱਚ ਚੱਕਰ ਲਾ ਕੇ ਪਹਿਰਾ ਦੇਣ ਵਾਸਤੇ ਨਿਯਤ ਕਰ ਦਿੱਤੇ ਤੇ ਬਾਕੀ ਸਿੰਘਾਂ ਤੇ ਸਾਹਿਬਜ਼ਾਦਿਆਂ ਸਣੇ ਆਪ ਉਪਰਲੀ ਛੱਤ ’ਤੇ ਡਟ ਗਏ।
ਦੁਸ਼ਮਣ ਫ਼ੌਜ ਦੀ ਅਗਵਾਈ ਸਰਹਿੰਦ ਦਾ ਸੂਬੇਦਾਰ ਵਜ਼ੀਰ ਖ਼ਾਨ, ਨਾਹਰ ਖ਼ਾਨ, ਹੈਬਤ ਖ਼ਾਨ, ਇਸਮਾਈਲ ਖ਼ਾਨ, ਉਸਮਾਨ ਖ਼ਾਨ, ਸੁਲਤਾਨ ਖ਼ਾਨ, ਖ਼ਵਾਜਾ ਖ਼ਿਜ਼ਰ ਖ਼ਾਨ, ਮੀਆਂ ਖ਼ਾਨ, ਦਿਲਾਵਰ ਖ਼ਾਨ ਅਤੇ ਜ਼ਬਰਦਸਤ ਖ਼ਾਨ ਆਦਿ ਮੁਗ਼ਲਾਂ ਦੇ ਸਿਰਕੱਢ ਜਰਨੈਲ ਕਰ ਰਹੇ ਸਨ। ਉਨ੍ਹਾਂ ਹਵੇਲੀ ਦੁਆਲੇ ਘੇਰਾ ਪਾ ਲਿਆ।
ਓਧਰ ਗੁਰੂ ਗੋਬਿੰਦ ਸਿੰਘ ਜੀ ਚਾਲੀ ਸਿੰਘਾਂ ਨੂੰ ਸੰਬੋਧਨ ਕਰਨ ਲੱਗੇ, ਇਸ ਬਾਰੇ ਕਵੀ ਇਉਂ ਲਿਖਦਾ ਹੈ:
ਬੋਲੇ ਫਿਰ ਦਸਮੇਸ਼ ਜੀ ਖੰਡਾ ਲਿਸ਼ਕਾ ਕੇ।
ਦਸ ਲੱਖ ਵੈਰੀ ਪਾ ਲਿਆ ਹੈ ਘੇਰਾ ਆ ਕੇ।
ਮੈਂ ਤੱਕਣਾ ਹੈ ਬਲ ਤੁਸਾਂ ਦਾ ਅੱਜ ਇਉਂ ਅਜ਼ਮਾ ਕੇ।
ਕਿ ਰਜਦਾ ਖੰਡਾ ਕਿਸੇ ਦਾ, ਸਿਰ ਕਿਤਨੇ ਲਾਹ ਕੇ।
ਮੈਂ ਸਮਝਾਂਗਾ ਸਿੱਖ ਓਸ ਨੂੰ, ਜੋ ਰਣ ਵਿੱਚ ਜਾ ਕੇ।
ਅੱਜ ਸਵਾ ਲੱਖ ਨਾਲ ਲੜੇਗਾ ’ਕੱਲਾ ਹਿੱਕ ਡਾਹ ਕੇ।
ਜੋ ਰਾਹ ਆਪਣੇ ਵਿੱਚ ਢੇਰੀਆਂ, ਲੋਥਾਂ ਦੀਆਂ ਲਾ ਕੇ।
ਫਿਰ ਡਿੱਗੂ ਦੁਸ਼ਮਣ ਦਲਾਂ ਵਿੱਚ ਸੌ ਕਾਨੀ ਖਾ ਕੇ।
ਮੈਂ ਆਇਆ ਪੁਰਖ ਅਕਾਲ ਤੋਂ ਇਹ ਆਗਿਆ ਪਾ ਕੇ।
ਹੈ ਜ਼ਿੰਦਾ ਰੱਖਣਾ ਪੰਥ ਨੂੰ ਪੁੱਤ ਭੇਟ ਚੜ੍ਹਾ ਕੇ।
ਜੈਕਾਰਿਆਂ ਨੇ ਧਰਤੀ ਕੰਬਾ ਦਿੱਤੀ। ਯੋਧਿਆਂ ਦੇ ਹੱਥ ਕਿਰਪਾਨਾਂ ਦੀਆਂ ਮੁੱਠਾਂ ’ਤੇ ਚਲੇ ਗਏ। ਹਜ਼ੂਰ ਦੇ ਸਾਹਮਣੇ ਸਿਰ ਝੁਕਾ ਕੇ ਬੀਰ ਰਸ ਵਿੱਚ ਰੱਤੇ ਹੋਏ ਸਿੰਘ ਤਿਆਰ-ਬਰ-ਤਿਆਰ ਸਨ।
ਗੜ੍ਹੀ ਦੇ ਦੁਆਲੇ ਜਿੱਥੋਂ ਤੱਕ ਨਿਗ੍ਹਾ ਜਾਂਦੀ ਸੀ, ਮੁਗ਼ਲ ਫ਼ੌਜਾਂ ਹੀ ਦਿਸ ਰਹੀਆਂ ਸਨ। ਮੁਗ਼ਲਾਂ ਦਾ ਖ਼ਿਆਲ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਾਰੀ ਫ਼ੌਜ ਸਰਸਾ ਕੰਢੇ ਸ਼ਹੀਦ ਹੋ ਗਈ ਹੈ। ਹੁਣ ਦਸਮੇਸ਼ ਪਿਤਾ ਦੇ ਨਾਲ ਪੰਜ-ਸੱਤ ਸਿੰਘਾਂ ਤੋਂ ਵੱਧ ਨਹੀਂ ਹੋਣਗੇ। ਇਸ ਭੁਲੇਖੇ ਵਿੱਚ ਮੁਗ਼ਲਾਂ ਨੂੰ ਹੌਸਲਾ ਸੀ ਕਿ ਗੁਰੂ ਜੀ ਸੌਖੇ ਹੀ ਕਾਬੂ ਆ ਜਾਣਗੇ।
ਰਾਤ ਭਰ ਦੁਵੱਲੀਆਂ ਜੰਗੀ ਤਿਆਰੀਆਂ ਤੋਂ ਬਾਅਦ 8 ਪੋਹ (22 ਦਸੰਬਰ) ਦਾ ਦਿਨ ਚੜ੍ਹਦੇ ਹੀ ਵਜ਼ੀਰ ਖ਼ਾਨ ਨੇ ਬੜੇ ਜ਼ੋਰ ਨਾਲ ਗੜ੍ਹੀ ’ਤੇ ਹੱਲਾ ਬੋਲ ਦਿੱਤਾ। ਜਿਸ ਵੇਲੇ ਵੈਰੀ ਦੀਆਂ ਫ਼ੌਜਾਂ ਨੇੜੇ ਢੁਕੀਆਂ, ਗੜ੍ਹੀ ਵਿੱਚੋਂ ਇੱਕੋ ਵਾਰ ਸਿੰਘਾਂ ਨੇ ਗੋਲੀਆਂ ਚਲਾਈਆਂ। ਭਰੀਆਂ ਹੋਈਆਂ ਬੰਦੂਕਾਂ ਖਾਲੀ ਕਰਕੇ ਫੇਰ ਤੀਰਾਂ ਦੀ ਵਾਛੜ ਕੀਤੀ। ਵੈਰੀ ਦੀਆਂ ਮੂਹਰਲੀਆਂ ਪਾਲਾਂ ਵਿੱਚੋਂ ਕਈ ਢੇਰ ਹੋ ਗਏ। ਇੱਕ-ਇੱਕ ਗੋਲੀ ਤੇ ਤੀਰ ਕਈਆਂ-ਕਈਆਂ ਵਿਚਦੀ ਲੰਘ ਗਏ। ਜਿੰਨੇ ਵਾਰ ਹੋਏ, ਉਸ ਨਾਲੋਂ ਚਾਰ ਪੰਜ ਗੁਣਾ ਲੋਥਾਂ ਧਰਤੀ ’ਤੇ ਢਹਿ ਪਈਆਂ। ਮੁਗ਼ਲ ਜਰਨੈਲਾਂ ਦਾ ਇਹ ਭੁਲੇਖਾ ਦੂਰ ਹੋ ਗਿਆ ਕਿ ਗੁਰੂ ਜੀ ਨਾਲ ਸਿੰਘ ਥੋੜ੍ਹੇ ਹੀ ਹਨ।
ਹੁਣ ਮੁਗ਼ਲਾਂ ਦਾ ਜਰਨੈਲ ਨਾਹਰ ਖ਼ਾਨ ਅੱਗੇ ਵਧਿਆ ਤਾਂ ਗ਼ਨੀ ਖ਼ਾਨ ਤੇ ਖ਼ਵਾਜਾ ਮਹਿਮੂਦ ਅਲੀ ਖ਼ਾਨ (ਖ਼ਵਾਜਾ ਖ਼ਿਜ਼ਰ ਖ਼ਾਨ) ਵੀ ਉਸ ਦੇ ਮਗਰ ਲੱਗ ਤੁਰੇ। ਉਹ ਕਈ ਥਾਈਂ ਪੌੜੀਆਂ ਲਾ ਕੇ ਗੜ੍ਹੀ ਦੀ ਕੰਧ ’ਤੇ ਚੜ੍ਹਨ ਲੱਗੇ। ਜਿੰਨੇ ਕੁ ਕੰਧੋਂ ਉੱਚੇ ਹੁੰਦੇ, ਸਿੰਘ ਓਨਿਆਂ ਕੁ ਨੂੰ ਤੀਰਾਂ ਨਾਲ ਵਿੰਨ੍ਹ ਕੇ ਥੱਲੇ ਸੁੱਟ ਦਿੰਦੇ। ਨਾਹਰ ਖ਼ਾਨ ਗੁਰੂ ਜੀ ਦੇ ਤੀਰ ਵਿੱਚ ਪਰੁੱਚ ਕੇ ਧਰਤੀ ’ਤੇ ਆ ਡਿੱਗਾ। ਦੂਜਾ ਤੀਰ ਗ਼ਨੀ ਖ਼ਾਨ ਨੂੰ ਲੱਗਾ। ਉਨ੍ਹਾਂ ਦੋਹਾਂ ਨੂੰ ਡਿੱਗਦੇ ਵੇਖ ਕੇ ਖ਼ਵਾਜਾ ਮਹਿਮੂਦ ਅਲੀ (ਖ਼ਿਜ਼ਰ ਖ਼ਾਨ) ਦਾ ਹੌਸਲਾ ਟੁੱਟ ਗਿਆ। ਉਸ ਨੇ ਕਾਇਰਾਂ ਵਾਂਗ ਭੱਜ ਕੇ ਜਾਨ ਬਚਾਈ।
ਹੁਣ ਮੁਗ਼ਲ ਫ਼ੌਜਾਂ ਚਮਕੌਰ ਦੀ ਗੜ੍ਹੀ ਦਾ ਦਰਵਾਜ਼ਾ ਤੋੜਨ ਵਾਸਤੇ ਵਧੀਆਂ। ਇਹ ਪਹਿਲੇ ਨਾਲੋਂ ਵੀ ਮਾਰੂ ਹੱਲਾ ਸੀ। ਇਹ ਵੇਖ ਕੇ ਭਾਈ ਹਿੰਮਤ ਸਿੰਘ ਜੀ ਦਸਮੇਸ਼ ਪਿਤਾ ਦੀ ਆਗਿਆ ਨਾਲ ਚਾਰ ਸਿੰਘਾਂ ਸਮੇਤ ਹੱਥਾਂ ਵਿੱਚ ਸ਼ਸਤਰ ਲੈ ਕੇ ਗੜ੍ਹੀ ਤੋਂ ਬਾਹਰ ਨਿਕਲੇ। ਸੈਂਕੜੇ ਵੈਰੀਆਂ ਨੂੰ ਮਾਰ ਕੇ ਸਾਰੇ ਸਿੰਘ ਸ਼ਹੀਦ ਹੋ ਗਏ। ਵੈਰੀ ਫਿਰ ਗੜ੍ਹੀ ’ਤੇ ਹਮਲਾ ਕਰਨ ਦੀ ਤਿਆਰੀ ਕਰਨ ਲੱਗੇ। ਫਿਰ ਛੇ-ਛੇ ਸਿੰਘਾਂ ਦੇ ਦੋ ਹੋਰ ਜਥੇ ਬਾਹਰ ਨਿਕਲ ਕੇ ਸ਼ਹੀਦ ਹੋ ਗਏ। ਇਹ ਵੇਖ ਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਗੁਰੂ ਪਿਤਾ ਕੋਲੋਂ ਜੰਗ ਵਿੱਚ ਜਾਣ ਦੀ ਆਗਿਆ ਮੰਗੀ। ਦਸਮੇਸ਼ ਪਿਤਾ ਜੀ ਨੇ ਜੰਞ ਚਾੜ੍ਹਨ ਵਰਗੀ ਖ਼ੁਸ਼ੀ ਵਿੱਚ ਆਪਣੇ 18 ਕੁ ਸਾਲਾਂ ਦੇ ਵੱਡੇ ਪੁੱਤਰ ਨੂੰ ਅੱਠ ਸਿੰਘਾਂ ਦੇ ਜਥੇ ਨਾਲ ਜੰਗ ਦੇ ਮੈਦਾਨ ਵਿੱਚ ਤੋਰਿਆ:
ਚੜ੍ਹ ਪਿਆ ਸਾਹਿਬ ਅਜੀਤ ਸਿੰਘ ਹੱਥ ਪਕੜ ਭਵਾਨੀ।
ਉਹਦੇ ਮੱਥੇ ਲਾਲੀ ਡਲ੍ਹਕਦੀ ਡੁੱਲ੍ਹ ਰਹੀ ਜੁਆਨੀ।
ਉਹਦੇ ਰੱਤ ਪਲੱਟਣ ਨੈਣ ਪਏ ਅੱਗ ਬਾਲੇ ਕਾਨੀ।
ਉਸ ਧਾਰਿਆ ਰੂਪ ਵੈਰਾਟ ਦਾ, ਜੱਗ ਜਾਪੇ ਫਾਨੀ।
ਉਹ ਕੀਤੀ ਚਾਹੁੰਦਾ ਮੌਤ ਦੀ ਰੱਜਵੀਂ ਮਹਿਮਾਨੀ।
ਉਹਦੀ ਤੇਗ਼ ਮੋਹੇ ਦਿਲ ਬਾਂਕਿਆਂ ਜਿੰਦ ਲਵੇ ਨਸ਼ਾਨੀ।
ਉਹ ਚੁਣ ਚੁਣ ਮਾਰੇ ਸੂਰਮੇ ਡਾਢੇ ਅਭਿਮਾਨੀ।
‘ਅੱਜ ਜਿਉਂਦਾ ਇੱਕ ਨਾ ਛੱਡਣਾ’ ਉਸ ਦਿਲ ਵਿੱਚ ਠਾਨੀ।
ਫਿਰ ਸੋਚੇ, ਸਾਰੇ ਮਾਰ ਕੇ ਰਖ ਲਈ ਜ਼ਿੰਦਗਾਨੀ।
ਤਾਂ ਕਿਸੇ ਨਹੀਂ ਕਹਿਣਾ ਗੁਰਾਂ ਨੂੰ ਪੁੱਤਰਾਂ ਦਾ ਦਾਨੀ।
ਇਹ ਧਾਰ ਸ਼ਹੀਦੀ ਪਾ ਗਿਆ, ਖਾ ਪੰਜ ਸੌ ਕਾਨੀ।
ਰਹੂ ‘ਸੀਤਲ’ ਵਿੱਚ ਇਤਿਹਾਸ ਦੇ ਜ਼ਿੰਦਾ ਕੁਰਬਾਨੀ।
ਹਜ਼ਾਰਾਂ ਵੈਰੀਆਂ ਦਾ ਖ਼ਾਤਮਾ ਕਰਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸ਼ਹੀਦੀ ਪਾ ਗਏ। ਇਤਿਹਾਸਕਾਰਾਂ ਮੁਤਾਬਿਕ ਉਨ੍ਹਾਂ ਦੇ ਸਰੀਰ ’ਤੇ 400 ਦੇ ਲਗਪਗ ਫੱਟ ਸਨ। ਸਾਰਾ ਸਰੀਰ ਤੀਰਾਂ ਨਾਲ ਛਲਣੀ ਹੋਇਆ ਪਿਆ ਸੀ। ਇਧਰ ਦਸਮੇਸ਼ ਪਿਤਾ ਆਪਣੇ ਲਾਲ ਦੀ ਬਹਾਦਰੀ ਵੇਖ ਕੇ ਖ਼ੁਸ਼ੀ ਵਿੱਚ ਕਹਿ ਰਹੇ ਸਨ, ‘‘ਲਾਲ ਅਜੀਤ ਸਿੰਘ! ਤੇਰਾ ਪਿਤਾ ਬਣ ਕੇ ਮੈਂ ਭਾਗਾਂ ਵਾਲਾ ਹੋਇਆ ਹਾਂ।’’
ਦੂਜੇ ਪਾਸੇ ਪੌਣੇ ਪੰਦਰਾਂ ਕੁ ਸਾਲਾਂ ਦੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਨੂੰ ਵੀ ਆਪਣੇ ਵੱਡੇ ਵੀਰ ਵਾਂਗ ਸੂਰਮਗਤੀ ਨਾਲ ਜੂਝ ਕੇ ਸ਼ਹੀਦ ਹੋਣ ਦਾ ਚਾਅ ਚੜ੍ਹ ਗਿਆ। ਗੁਰੂ ਜੀ ਨੇ ਅਸੀਸ ਦੇ ਕੇ ਪੰਜ ਸਿੰਘਾਂ ਦੇ ਨਾਲ ਉਨ੍ਹਾਂ ਨੂੰ ਵੀ ਮੈਦਾਨ-ਏ-ਜੰਗ ਵੱਲ ਤੋਰ ਦਿੱਤਾ।
ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੇ ਜੰਗ ਦੇ ਮੈਦਾਨ ਵਿੱਚ ਪੁੱਜਦਿਆਂ ਹੀ ਜੰਗ ਫੇਰ ਭਖ ਗਈ। ਲੋਥਾਂ ’ਤੇ ਲੋਥਾਂ ਡਿੱਗਣ ਲੱਗ ਪਈਆਂ। ਮੁਗ਼ਲਾਂ ਨੇ ਮੌਕਾ ਪਾ ਕੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਅਤੇ ਪੰਜ ਸਿੰਘਾਂ ਨੂੰ ਪੂਰੀ ਤਰ੍ਹਾਂ ਘੇਰ ਲਿਆ। ਬਹਾਦਰ ਸਪੂਤ ਨੇ ਨੇਜ਼ਾ ਸੰਭਾਲ ਲਿਆ ਅਤੇ ਵੈਰੀਆਂ ਦੇ ਸੀਨੇ ਪਾੜਦਾ ਗਿਆ। ਮੁਗ਼ਲ ਫ਼ੌਜ ਦੇ ਇੱਕ ਹੋਰ ਦਸਤੇ ਨੇ ਬਾਬਾ ਜੁਝਾਰ ਸਿੰਘ ਜੀ ਨੂੰ ਪੂਰੀ ਤਰ੍ਹਾਂ ਘੇਰਾ ਪਾ ਲਿਆ। ਕਈਆਂ ਨੂੰ ਪਾਰ ਬੁਲਾ ਕੇ ਅੰਤ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਵੀ ਸ਼ਹੀਦ ਹੋ ਗਏ।
ਪੰਥ ਦੇ ਸਿਰਮੌਰ ਢਾਡੀ ਸੋਹਣ ਸਿੰਘ ਸੀਤਲ ਨੇ ਲਿਖਿਆ ਹੈ:
ਹੱਸ ਸ਼ਹੀਦੀ ਪਾ ਗਿਆ ਜਦ ਇਹ ਲਾਲ ਛੁਟੇਰਾ।
ਅੱਖਾਂ ਸਾਹਵੇਂ ਹੋ ਗਿਆ ਉਹ ਬੇਰਾ ਬੇਰਾ।
ਉਂਗਲ ਲਾ ਕੇ ਲੈ ਗਿਆ, ਉਹਨੂੰ ਵੀਰ ਵਡੇਰਾ।
ਹੱਥ ਬੰਨ੍ਹ ਬੋਲੇ ਸਤਿਗੁਰ ‘‘ਵਾਹ ਭਾਣਾ ਤੇਰਾ’’।
‘ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ’।
‘ਹੁਕਮ ਰਜਾਈ ਚਲਣਾ’ ਜੋ ਕਰੇਂ ਚੰਗੇਰਾ।
ਪੰਥ ਵੱਸੇ, ਮੈਂ ਉੱਜੜਾਂ, ਮਨ ਚਾਉ ਘਨੇਰਾ।
ਹੋਵਾਂ ਤੈਥੋਂ ਸੁਰਖ਼ਰੂ ਪ੍ਰਣ ਪਾਲ ਉਚੇਰਾ।
ਵਾਹੁ ਵਾਹੁ ਗੋਬਿੰਦ ਸਿੰਘ! ਧੰਨ ਤੇਰਾ ਜੇਰਾ।
ਏਨੇ ਨੂੰ 8 ਪੋਹ ਵਾਲੇ ਦਿਨ ਦਾ ਸੂਰਜ ਵੀ ਅਸਤ ਹੋ ਗਿਆ। ਦੋਵੇਂ ਸਾਹਿਬਜ਼ਾਦੇ ਸ਼ਹੀਦ ਹੋਣ ਕਰਕੇ ਵੈਰੀ ਸਮਝਦੇ ਸਨ ਕਿ ਹੁਣ ਅੰਦਰ ਦਸਮੇਸ਼ ਗੁਰੂ ਇਕੱਲੇ ਹੀ ਰਹਿ ਗਏ ਹਨ। ਵਜ਼ੀਰ ਖ਼ਾਨ ਨੇ ਫਿਰ ਆਖ਼ਰੀ ਹੱਲਾ ਕਰਵਾਇਆ। ਅੱਗੋਂ ਗੁਰੂ ਮਹਾਰਾਜ ਅਤੇ ਬਾਕੀ ਸਿੰਘਾਂ ਨੇ ਏਨੇ ਜੋਸ਼ ਵਿੱਚ ਤੀਰਾਂ ਦੀ ਬੁਛਾੜ ਕੀਤੀ ਕਿ ਬਾਹਰ ਵੈਰੀਆਂ ਦੇ ਆਹੂ ਲਾਹ ਦਿੱਤੇ। ਕਈ ਚੋਣਵੇਂ ਜਰਨੈਲ ਮਾਰੇ ਗਏ। ਨੁਕਸਾਨ ਹੁੰਦਾ ਵੇਖ ਕੇ ਵਜ਼ੀਰ ਖ਼ਾਨ ਨੇ ਫ਼ੌਜ ਨੂੰ ਪਿੱਛੇ ਹਟਾ ਕੇ ਹੁਕਮ ਦਿੱਤਾ ਕਿ ਗੜ੍ਹੀ ਦੁਆਲੇ ਸਖ਼ਤ ਪਹਿਰਾ ਰੱਖਿਆ ਜਾਵੇ, ਸਵੇਰੇ ਗੁਰੂ ਜੀ ਨੂੰ ਕੈਦ ਕਰ ਲਿਆ ਜਾਵੇਗਾ। ਇਸ ਕਾਰਨ ਲੜਾਈ ਬੰਦ ਹੋ ਗਈ।
ਗੜ੍ਹੀ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਇਲਾਵਾ ਦਸ ਕੁ ਸਿੰਘ ਹੀ ਰਹਿ ਗਏ ਸਨ। ਸਿੰਘਾਂ ਨੇ ਗੁਰੂ ਜੀ ਦੇ ਚਰਨਾਂ ਵਿੱਚ ਪੰਥ ਦੀ ਅਗਵਾਈ ਖ਼ਾਤਰ ਗੜ੍ਹੀ ਵਿੱਚੋਂ ਚਲੇ ਜਾਣ ਦੀ ਬੇਨਤੀ ਕੀਤੀ ਪਰ ਗੁਰੂ ਜੀ ਨਹੀਂ ਮੰਨੇ। ਫਿਰ ਭਾਈ ਦਇਆ ਸਿੰਘ ਜੀ ਦੀ ਅਗਵਾਈ ਵਿੱਚ ਪੰਜ ਸਿੰਘਾਂ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਗੜ੍ਹੀ ਵਿੱਚੋਂ ਚਲੇ ਜਾਣ ਦਾ ਦਸਮੇਸ਼ ਪਿਤਾ ਨੂੰ ਹੁਕਮ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦਾ ਹੁਕਮ ਮੰਨਦਿਆਂ ਆਪਣੇ ਨਾਲ ਤਿੰਨ ਸਿੰਘਾਂ: ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਨੂੰ ਲੈ ਕੇ ਜਾਣ ਦਾ ਫ਼ੈਸਲਾ ਕੀਤਾ। ਆਪਣੇ ਮੁਹਾਂਦਰੇ ਨਾਲ ਮਿਲਦੇ ਭਾਈ ਸੰਗਤ ਸਿੰਘ ਨੂੰ ਕਲਗੀ ਲਗਾ ਕੇ ਆਪਣਾ ਪੁਸ਼ਾਕਾ ਪਹਿਨਾ ਕੇ ਗੜ੍ਹੀ ਦੀ ਉੱਚੀ ਮਮਟੀ ’ਤੇ ਬਿਠਾ ਦਿੱਤਾ।
ਅੱਧੀ ਰਾਤ ਮਗਰੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਕੱਚੀ ਗੜ੍ਹੀ ਦੇ ਬੁਰਜ ਉੱਪਰ ਖਲੋ ਕੇ ਆਪ ਨਰਸਿੰਙਾ ਵਜਾਇਆ ਅਤੇ ਹਵੇਲੀ ਤੋਂ ਬਾਹਰ ਨਿਕਲ ਕੇ ਇੱਕ ਉੱਚੀ ਟਿੱਬੀ ’ਤੇ ਚੜ੍ਹ ਕੇ ਤਿੰਨ ਵਾਰ ਕਿਹਾ:
‘‘ਪੀਰੇ ਹਿੰਦ ਮੇ ਰਵੱਦ।’’
ਭਾਵ ਹਿੰਦ ਦਾ ਪੀਰ ਜਾ ਰਿਹਾ ਹੈ। ਕਿਸੇ ਵਿੱਚ ਹਿੰਮਤ ਹੈ ਤਾਂ ਰੋਕ ਲਵੇ।
ਇਹ ਸੁਣ ਕੇ ਮੁਗ਼ਲ ਫ਼ੌਜਾਂ ਵਿੱਚ ਖਲਬਲੀ ਮਚ ਗਈ। ਸਾਰੇ ਪਾਸੇ ਦੁਹਾਈ ਮੱਚ ਉੱਠੀ, ‘‘ਸਿੱਖ ਆ ਪਏ, ਸਿੱਖਾਂ ਦਾ ਗੁਰੂ ਆ ਪਿਆ, ਫੜ ਲਵੋ, ਨਿਕਲ ਨਾ ਜਾਏ, ਬਚ ਜਾਓ, ਕਾਲ ਆਇਆ ਜੇ।’’
ਦੁਸ਼ਮਣ ਦਲਾਂ ਵਿੱਚ ਚਾਨਣ ਹੁੰਦੇ ਤੱਕ ਵੱਢ-ਟੁੱਕ ਹੁੰਦੀ ਰਹੀ। ਇਸ ਰਾਤ ਦੇ ਦੋ ਪਹਿਰਾਂ ਵਿੱਚ ਉਨ੍ਹਾਂ ਦਾ ਏਨਾ ਨੁਕਸਾਨ ਹੋਇਆ, ਜਿੰਨਾ ਪਹਿਲੇ ਸਾਰੇ
ਦਿਨ ਵਿੱਚ ਨਹੀਂ ਸੀ ਹੋਇਆ। 9 ਪੋਹ (23 ਦਸੰਬਰ) ਦੀ ਸਵੇਰ ਹੁੰਦਿਆਂ ਹੀ ਉਨ੍ਹਾਂ ਬੜੇ ਗੁੱਸੇ ਨਾਲ ਗੜ੍ਹੀ ਉੱਤੇ ਹੱਲਾ ਬੋਲਿਆ। ਇਸ ਤਰ੍ਹਾਂ ਸੰਸਾਰ ਦੀ ਬੇਜੋੜ ਤੇ ਅਸਾਵੀਂ ਜੰਗ ਵਿੱਚ ਜੂਝਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ਦੇ ਬਾਕੀ ਸੱਤ ਸਿੰਘ ਵੀ ਸੈਂਕੜਿਆਂ ਨੂੰ ਮਾਰ ਕੇ ਸ਼ਹੀਦੀ ਪਾ ਗਏ। ਇਨ੍ਹਾਂ ਵਿੱਚ ਗੁਰੂ ਜੀ ਦੀ ਪੁਸ਼ਾਕ ਅਤੇ ਕਲਗੀ ਵਿੱਚ ਭਾਈ ਸੰਗਤ ਸਿੰਘ ਜੀ ਨੂੰ ਵੀ ਵੇਖ ਕੇ ਮੁਗ਼ਲਾਂ ਨੂੰ ਲੱਗਿਆ ਕਿ ਸਿੱਖਾਂ ਦਾ
ਗੁਰੂ ਵੀ ਸ਼ਹੀਦ ਹੋ ਗਿਆ ਹੈ, ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਉਨ੍ਹਾਂ ਦੀ ਪਹੁੰਚ ਤੋਂ ਬੜੀ ਦੂਰ ਜੰਗਲਾਂ-ਜੂਹਾਂ ਵਿੱਚੋਂ ਲੰਘਦੇ ਰਾਤ ਨੂੰ ਮਾਛੀਵਾੜੇ ਦੇ ਜੰਗਲ ਵਿੱਚ ਜਾ ਪੁੱਜੇ ਸਨ।
ਇਸ ਤਰ੍ਹਾਂ ਚਮਕੌਰ ਦਾ ਯੁੱਧ 22 ਦਸੰਬਰ 1704
ਨੂੰ ਹੋਇਆ। ਇਸ ਯੁੱਧ ਵਿੱਚ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ, ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਅਤੇ ਹੋਰ 35 ਸਿੰਘ ਸ਼ਹੀਦ ਹੋਏ।
ਇਸਲਾਮ ਵਿੱਚ ‘ਕਰਬਲਾ’ ਦੀ ਜੰਗ ਨੂੰ ਹੰਝੂਆਂ ਦੀ ਪਵਿੱਤਰ ਦਾਸਤਾਨ ਮੰਨਿਆ ਜਾਂਦਾ ਹੈ। ਚਮਕੌਰ ਦੀ ਜੰਗ ਵਿਸ਼ਵ ਇਤਿਹਾਸ ਦਾ ਇੱਕੋ ਇੱਕ ਪਵਿੱਤਰ ਧਰਮ ਯੁੱਧ ਹੈ, ਜਿੱਥੇ ਸਿੱਖਾਂ ਦੇ ਦਸਵੇਂ ਗੁਰੂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਸਾਹਿਬਜ਼ਾਦਿਆਂ ਨੂੰ ਖ਼ੁਦ ਚਾਈਂ-ਚਾਈਂ ਮੈਦਾਨ-ਏ-ਜੰਗ ਵੱਲ ਤੋਰਦੇ ਹਨ ਅਤੇ ਗੁਰੂ ਪਿਤਾ ਦੀਆਂ ਅੱਖਾਂ ਸਾਹਮਣੇ ਦੋਵੇਂ ਸਾਹਿਬਜ਼ਾਦੇ ਅਦੁੱਤੀ ਸ਼ਹਾਦਤ ਦਾ ਜਾਮ ਪੀਂਦੇ ਹਨ। ਇਸੇ ਕਰਕੇ ਜੋਗੀ ਅੱਲ੍ਹਾ ਯਾਰ ਖ਼ਾਨ ਨੇ ਲਿਖਿਆ ਹੈ:
ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ।
ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਏ।
ਚਮਕ ਹੈ ਮੇਹਰ ਕੀ ਚਮਕੌਰ ਤੇਰੇ ਜ਼ੱਰੋਂ ਮੇਂ,
ਯਹੀਂ ਸੇ ਬਨ ਕੇ ਸਿਤਾਰੇ ਗਏ ਸ਼ਮ੍ਹਾਂ ਕੇ ਲੀਏ।
ਸੰਪਰਕ: 98780-70008

