ਸਾਡੇ ਪੱਲੇ ਦਰਦ ਵਿਛੋੜਾ...
ਲਾਹੌਰ ਦੇ ਕੇਂਦਰੀ ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਸਥਿਤ ਗੁਰਦੁਆਰਾ ਸਿੰਘ ਸਿੰਘਣੀਆਂ ਵਿੱਚ ਮੈਂ ਠਹਿਰਿਆ ਹੋਇਆ ਸਾਂ। ਗੁਰਦੁਆਰੇ ਦੀ ਬਹੁਤ ਖ਼ੂਬਸੂਰਤ ਇਮਾਰਤ ਵਿੱਚ ਇੱਕ ਗੈਸਟ ਹਾਊਸ ਬਣਿਆ ਹੋਇਆ ਹੈ, ਜਿਸ ਨੂੰ ਵਿਦੇਸ਼ੀ ਸਿੱਖਾਂ, ਖ਼ਾਸਕਰ ਇੰਗਲੈਂਡ ਦੇ ਸਿੱਖਾਂ ਨੇ ਯਾਤਰੀਆਂ ਲਈ...
ਲਾਹੌਰ ਦੇ ਕੇਂਦਰੀ ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਸਥਿਤ ਗੁਰਦੁਆਰਾ ਸਿੰਘ ਸਿੰਘਣੀਆਂ ਵਿੱਚ ਮੈਂ ਠਹਿਰਿਆ ਹੋਇਆ ਸਾਂ। ਗੁਰਦੁਆਰੇ ਦੀ ਬਹੁਤ ਖ਼ੂਬਸੂਰਤ ਇਮਾਰਤ ਵਿੱਚ ਇੱਕ ਗੈਸਟ ਹਾਊਸ ਬਣਿਆ ਹੋਇਆ ਹੈ, ਜਿਸ ਨੂੰ ਵਿਦੇਸ਼ੀ ਸਿੱਖਾਂ, ਖ਼ਾਸਕਰ ਇੰਗਲੈਂਡ ਦੇ ਸਿੱਖਾਂ ਨੇ ਯਾਤਰੀਆਂ ਲਈ ਬਣਵਾਇਆ ਹੈ। ਦੱਸਿਆ ਜਾਂਦਾ ਹੈ ਕਿ ਇਸ ਇਤਿਹਾਸਕ ਜਗ੍ਹਾ ਨੂੰ ਪਾਕਿਸਤਾਨ ਵਿੱਚ ਰਹਿੰਦੇ ਸਿੱਖਾਂ ਨੇ ਇੱਕ ਮੁਕੱਦਮੇ ਵਿੱਚ ਆਪਣਾ ਹੱਕ ਜਤਾ ਕੇ ਲਿਆ ਸੀ। ਉਸ ਸਮੇਂ ਮੇਰੇ ਨਾਲ ਅੰਮ੍ਰਿਤਸਰ ਤੋਂ ਹੀ ਦੋ ਹੋਰ ਪਰਿਵਾਰ ਵੀ ਇਸ ਗੁਰਦੁਆਰੇ ਵਿੱਚ ਠਹਿਰੇ ਹੋਏ ਸਨ। ਸਾਡੇ ਕੋਲ ਵਾਪਸੀ ’ਤੇ ਆਉਣ ਲਈ ਸਿਰਫ਼ ਰੇਲਗੱਡੀ ਦਾ ਹੀ ਸਾਧਨ ਸੀ। ਅਸੀਂ ਵਾਹਗੇ ਤੋਂ ਪੈਦਲ ਆ ਕੇ ਬਾਰਡਰ ਪਾਰ ਨਹੀਂ ਸਾਂ ਕਰ ਸਕਦੇ ਕਿਉਂ ਜੋ ਪੈਦਲ ਲੰਘਣ ਲਈ ਇੱਕ ਵੱਖਰੀ ਇਜਾਜ਼ਤ ਚਾਹੀਦੀ ਸੀ, ਜੋ ਸਾਡੇ ਕੋਲ ਨਹੀਂ ਸੀ। ਅੱਜ ਤੋਂ ਬਾਅਦ ਜਦ ਫਿਰ ਗੱਡੀ ਆਉਣੀ ਤੇ ਜਾਣੀ ਸੀ ਉਸ ਦਿਨ ਤੱਕ ਸਾਡਾ ਵੀਜ਼ਾ ਖ਼ਤਮ ਹੋ ਜਾਣਾ ਸੀ, ਜਿਸ ਕਰਕੇ ਸਾਨੂੰ ਹੋਰ ਉਲਝਣਾਂ ਵਿੱਚੋਂ ਲੰਘਣਾ ਪੈਣਾ ਸੀ। ਇਸ ਲਈ ਜਿਸ ਦਿਨ ਸਵੇਰੇ ਮੈਂ ਵਾਪਸ ਅੰਮ੍ਰਿਤਸਰ ਆਉਣਾ ਸੀ, ਮੈਂ ਰਾਤ ਨੂੰ ਹੀ ਇਸ ਬਾਰੇ ਬਹੁਤ ਸੁਚੇਤ ਸਾਂ ਕਿ ਗੱਡੀ ਨਾ ਲੰਘ ਜਾਵੇ। ਸ਼ਾਮ ਨੂੰ ਮੇਰੇ ਕੋਲ ਇੱਕ ਵਿਅਕਤੀ ਆਇਆ, ਜੋ ਅੰਮ੍ਰਿਤਸਰ ਯੂਨੀਵਰਸਿਟੀ ਦੀ ਕਿਸੇ ਮਹਿਲਾ ਪ੍ਰੋਫੈਸਰ ਦਾ ਵਾਕਫ਼ ਸੀ ਅਤੇ ਉਸ ਨੇ ਮੈਨੂੰ ਦੋ ਵੱਡੇ-ਵੱਡੇ ਪੈਕੇਟ ਦਿੱਤੇ, ਜਿਨ੍ਹਾਂ ਵਿੱਚੋਂ ਇੱਕ ਉਸ ਪ੍ਰੋਫੈਸਰ ਨੂੰ ਦੇਣਾ ਸੀ ਅਤੇ ਇੱਕ ਮੇਰੇ ਲਈ ਸੀ। ਜਦੋਂ ਉਸ ਨੇ ਇਹ ਦੱਸਿਆ ਕਿ ਇਹ ਦੋ ਕੇਕ ਹਨ ਤਾਂ ਮੈਨੂੰ ਆਪਣੀ ਪੜ੍ਹੀ ਲਿਖੀ ਜਮਾਤ ਦੀ ਸਿਆਣਪ ਅਤੇ ਵਾਹਗੇ ਵਾਲੀ ਲਕੀਰ ਨੂੰ ਪਾਰ ਕਰਨ ਲਈ ਸਾਮਾਨ ਦੀ ਚੋਣ ਸਬੰਧੀ ਸੋਚ ’ਤੇ ਕਈ ਸ਼ੰਕੇ ਪੈਦਾ ਹੋਏ। ਉਹ ਦੋਵੇਂ ਕੇਕ ਮੈਂ ਰੱਖ ਤਾਂ ਲਏ, ਪਰ ਬਾਅਦ ਵਿੱਚ ਰੇਲਵੇ ਸਟੇਸ਼ਨ ’ਤੇ ਪਹੁੰਚਣ ਤੱਕ ਕਈ ਵਾਰ ਉਨ੍ਹਾਂ ਨੂੰ ਨਾਲ ਲਿਆਉਣ ਜਾਂ ਉੱਥੇ ਹੀ ਛੱਡ ਆਉਣ ਦੀ ਦੁਚਿੱਤੀ ਵਿੱਚ ਰਿਹਾ ਕਿਉਂ ਜੋ ਜਿੰਨਾ ਆਕਾਰ ਮੇਰੇ ਬਰੀਫਕੇਸ ਦਾ ਸੀ ਓਨਾ ਹੀ ਇਨ੍ਹਾਂ ਦੋ ਕੇਕਾਂ ਦਾ ਸੀ, ਜਿਸ ਨੂੰ ਉਹ ਅੰਮ੍ਰਿਤਸਰ ਦੇ ਪ੍ਰੋਫੈਸਰ ਲਈ ਤੋਹਫ਼ੇ ਦੇ ਤੌਰ ’ਤੇ ਭੇਜ ਰਿਹਾ ਸੀ।
ਮੈਂ ਸਵੇਰੇ ਪੈਦਲ ਹੀ ਸਟੇਸ਼ਨ ’ਤੇ ਪਹੁੰਚ ਗਿਆ ਅਤੇ ਅਟਾਰੀ ਦੀ ਟਿਕਟ ਲੈ ਕੇ ਸੱਜੇ ਹੱਥ ਵਾਲੇ ਪਲੈਟਫਾਰਮ ਵੱਲ ਆ ਗਿਆ। ਅਜੇ ਬਹੁਤ ਹੀ ਥੋੜ੍ਹੇ ਜਿਹੇ ਲੋਕ ਆਏ ਸਨ। ਗੱਡੀ ਪਲੈਟਫਾਰਮ ’ਤੇ ਲੱਗੀ ਹੋਈ ਸੀ। ਮੈਂ ਆਪਣਾ ਸਾਮਾਨ ਗੱਡੀ ਦੀ ਸੀਟ ’ਤੇ ਰੱਖ ਕੇ ਪਲੈਟਫਾਰਮ ਦੀ ਰੌਣਕ ਅਤੇ ਜਾਣ ਵਾਲੇ ਵਿਅਕਤੀਆਂ ਨੂੰ ਦੇਖਣ ਲਈ ਬਾਹਰ ਆ ਕੇ ਖੜ੍ਹ ਗਿਆ। ਕੁਝ ਚਿਰ ਬਾਅਦ ਹੀ ਮੇਰੇ ਨਾਲ ਗੁਰਦੁਆਰੇ ਵਿੱਚ ਰਹਿ ਰਿਹਾ ਪਰਿਵਾਰ ਵੀ ਆ ਕੇ ਇੱਕ ਡੱਬੇ ਵਿੱਚ ਵੜ ਗਿਆ। ਜ਼ਿਆਦਾਤਰ ਯਾਤਰੀ ਪਾਕਿਸਤਾਨ ਤੋਂ ਭਾਰਤ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਾ ਰਹੇ ਸਨ ਜਾਂ ਪਹਿਲਾਂ ਭਾਰਤ ਤੋਂ ਪਾਕਿਸਤਾਨ ਵਿੱਚ ਰਹਿ ਰਹੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਲੇ ਜਾਪਦੇ ਸਨ। ਹੌਲੀ-ਹੌਲੀ ਸਟੇਸ਼ਨ ’ਤੇ ਕਾਫ਼ੀ ਭੀੜ ਹੋ ਗਈ ਸੀ।
ਫਿਰ ਔਰਤਾਂ, ਮਰਦਾਂ ਅਤੇ ਬੱਚਿਆਂ ਦਾ ਇੱਕ ਵੱਡਾ ਗਰੁੱਪ ਆਇਆ। ਉਨ੍ਹਾਂ ਨੇ ਬੜੇ ਸਾਧਾਰਨ ਜਿਹੇ ਕੱਪੜੇ ਪਾਏ ਹੋਏ ਸਨ ਅਤੇ ਉਨ੍ਹਾਂ ਵਿੱਚ ਇੱਕ ਸਿੱਖ ਸਰਦਾਰ ਹੱਥ ਵਿੱਚ ਕੱਪੜੇ ਦਾ ਵੱਡਾ ਸਾਰਾ ਥੈਲਾ ਲੈ ਕੇ ਆ ਰਿਹਾ ਸੀ। ਕੱਦ ਕੋਈ ਛੇ ਕੁ ਫੁੱਟ, ਸਿਹਤ ਕਾਫ਼ੀ ਚੰਗੀ ਤੇ ਉਮਰ ਕੋਈ 70 ਕੁ ਸਾਲ। ਉਨ੍ਹਾਂ ਵਿੱਚੋਂ ਇੱਕ ਬਜ਼ੁਰਗ ਮਾਤਾ ਨੇ ਮੇਰੇ ਕੋਲ ਆ ਕੇ ਮੈਨੂੰ ਜੱਫੀ ਪਾ ਲਈ ਅਤੇ ਬੜੀ ਅਪਣੱਤ ਨਾਲ ਕਹਿਣ ਲੱਗੀ, “ਇਸ ਆਪਣੇ ਵੀਰ ਨੂੰ ਵੀ ਨਾਲ ਲੈ ਜਾ, ਰਸਤੇ ਵਿੱਚ ਇਸ ਦਾ ਖ਼ਿਆਲ ਰੱਖੀਂ।” ਉਸ ਦੇ ਕਹਿਣ ਦਾ ਢੰਗ ਇਸ ਤਰ੍ਹਾਂ ਸੀ ਜਿਵੇਂ ਉਹ ਮੈਨੂੰ ਸਦੀਆਂ ਤੋਂ ਜਾਣਦੀ ਹੋਵੇ ਪਰ ਮੈਂ ਅਜੇ ਉਦੋਂ ਤੱਕ ਉਨ੍ਹਾਂ ਬਾਰੇ ਕੁਝ ਵੀ ਨਹੀਂ ਸਾਂ ਸਮਝ ਸਕਿਆ। ਇਸ ਦੇ ਨਾਲ ਉਨ੍ਹਾਂ ਰੁਖ਼ਸਤ ਕਰਨ ਵਾਲਿਆਂ ਵਿੱਚੋਂ ਮਰਦਾਂ ਅਤੇ ਲੜਕਿਆਂ ਨੇ ਮੇਰੇ ਨਾਲ ਹੱਥ ਮਿਲਾਏ ਅਤੇ ਉਹ ਸਿੱਖ ਸਰਦਾਰ ਵੀ ਆ ਕੇ ਮਿਲਿਆ।
“ਕਿੱਥੇ ਜਾਣਾ ਹੈ ਤੁਸਾਂ?” “ਅੰਮ੍ਰਿਤਸਰ,” ਮੈਂ ਜਵਾਬ ਦਿੱਤਾ ਅਤੇ ਨਾਲ ਹੀ ਬੜੀ ਉਤਸੁਕਤਾ ਨਾਲ ਪੁੱਛਣ ਲੱਗ ਪਿਆ ਕਿ ਤੁਸੀਂ ਕਦੋਂ ਇੱਥੇ ਆਏ ਸੀ? ਕਿੱਥੋਂ ਆਏ ਹੋ ਅਤੇ ਇਹ ਸਭ ਲੋਕ ਕੌਣ ਹਨ?
“ਮੈਂ ਮੋਗੇ ਦੇ ਲਾਗੇ ਪੈਂਦੇ ਇੱਕ ਪਿੰਡ ਤੋਂ ਹਾਂ। ਇਹ ਮੇਰੀ ਭੂਆ ਅਤੇ ਉਹ ਦੋਵੇਂ ਮੇਰੀਆਂ ਸਕੀਆਂ ਭੈਣਾਂ ਹਨ। ਉਹ ਮੇਰਾ ਭਣਵੱਈਆ ਹੈ, ਇਹ ਲੜਕੇ ਮੇਰੇ ਭਣੇਵੇਂ ਹਨ, ਇਹ ਮੇਰੀਆਂ ਭੈਣਾਂ ਹਨ, ਇਹ ਮੇਰੀਆਂ ਭਣੇਵੀਆਂ ਹਨ ਅਤੇ ਇਹ ਮੇਰੀ ਭਣੇਵੀਂ ਦਾ ਪਤੀ ਹੈ ਅਤੇ ਉਹ ਦੂਰ ਖੜ੍ਹੇ ਮੇਰੀ ਭੂਆ ਦੇ ਜਵਾਈ, ਮੇਰੇ ਭਣਵੱਈਏ ਹਨ।”
ਇੰਨੇ ਨੂੰ ਉਹ ਦੂਰ ਖੜੋਤੇ ਉਸ ਦੀ ਭੂਆ ਦੇ ਜਵਾਈ ਵੀ ਮੇਰੇ ਕੋਲ ਆ ਕੇ ਮੈਨੂੰ ਮਿਲੇ। ਮੈਨੂੰ ਇਹ ਸਭ ਕੁਝ ਜਾਣਨ ਦੀ ਉਤਸੁਕਤਾ ਵਧਦੀ ਗਈ, ਪਰ ਮੈਨੂੰ ਉਸ ਵੇਲੇ ਕੋਈ ਗੱਲ ਕਰਨੀ ਮੁਨਾਸਬ ਨਾ ਲੱਗੀ। ਮੈਨੂੰ ਇੰਨੀ ਕੁ ਸਮਝ ਤਾਂ ਲੱਗ ਗਈ ਸੀ ਕਿ ਇਹ ਇੱਕ ਵਿਛੜਿਆ ਪਰਿਵਾਰ ਹੈ। ਫਿਰ ਉਹ ਸਰਦਾਰ ਦਲੀਪ ਸਿੰਘ ਆਪ ਹੀ ਦੱਸਣ ਲੱਗ ਪਿਆ, ‘‘ਮੈਂ ਆਪਣੀ ਭੂਆ ਅਤੇ ਭੈਣ ਨੂੰ 59 ਸਾਲਾਂ ਬਾਅਦ ਮਿਲਿਆ ਹਾਂ। ਇਸ ਮੁਲਾਕਾਤ ਲਈ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਹਨ, ਇਹ ਮੈਂ ਹੀ ਜਾਣਦਾ ਹਾਂ ਅਤੇ ਹੁਣ ਅੱਗੋਂ ਕਿੱਥੇ ਮਿਲਣਾ ਹੈ...!”
ਉਸ ਦੀ ਭੂਆ ਵਾਰ-ਵਾਰ ਉਸ ਨੂੰ ਜੱਫੀਆਂ ਪਾਉਂਦਿਆਂ ਕਹਿ ਰਹੀ ਸੀ, “ਮੇਰੇ ਪੇਕਿਆਂ ਦੀ ਨਿਸ਼ਾਨੀ, ... ਪਰ ਹੁਣ ਕਦੋਂ ਮਿਲਾਂਗੇ?” ਉਸ ਦੀਆਂ ਦੋਵੇਂ ਛੋਟੀਆਂ ਭੈਣਾਂ ਵੀ ਉਸ ਨੂੰ ਵਾਰ-ਵਾਰ ਮਿਲ ਰਹੀਆਂ ਸਨ, “ਭਾ’ਜੀ ਆਪਣੇ ਪੋਤਰੇ ਦੇ ਵਿਆਹ ਦਾ ਕਾਰਡ ਭੇਜ ਦੇਣਾ। ਅਸੀਂ ਵੀਜ਼ਾ ਲੈ ਕੇ ਜ਼ਰੂਰ ਆਵਾਂਗੀਆਂ। ਵਿਆਹ ਤੋਂ ਬਹੁਤ ਦਿਨ ਪਹਿਲਾਂ ਕਾਰਡ ਭੇਜਣਾ ਕਿਉਂਕਿ ਬਹੁਤ ਸਮਾਂ ਲੱਗ ਜਾਂਦਾ ਹੈ ਵੀਜ਼ਾ ਲੈਣ ਲਈ। ਇਸਲਾਮਾਬਾਦ ਤੋਂ ਵੀਜ਼ਾ ਮਿਲਦਾ ਹੈ। ਬੜੀ ਕੋਸ਼ਿਸ਼ ਕਰਨੀ ਪੈਂਦੀ ਹੈ।”
“ਤੁਸੀਂ ਕਦੋਂ ਆਏ ਸੀ?” “ਤਿੰਨ ਚਾਰ ਦਿਨ ਹੋਏ ਹਨ।” “ਕਿਸ ਜਗ੍ਹਾ ਤੋਂ ਆਏ ਹੋ?” ਦੂਸਰਾ ਪੁੱਛ ਰਿਹਾ ਸੀ, “ਕਿੰਨੀ ਦੂਰ ਹੈ ਅੰਮ੍ਰਿਤਸਰ, ਲਾਹੌਰ ਤੋਂ, ਕਦੋਂ ਪਹੁੰਚ ਜਾਉਗੇ?” ਉਹ ਸਵਾਲ ਜ਼ਿਆਦਾ ਪੁੱਛ ਰਹੇ ਸਨ ਅਤੇ ਮੇਰੇ ਜਵਾਬ ਦੇਣ ਤੋਂ ਪਹਿਲਾਂ ਜਾਂ ਮੇਰੇ ਵੱਲੋਂ ਕੁਝ ਪੁੱਛਣ ਤੋਂ ਪਹਿਲਾਂ ਹੀ ਉਹ ਹੋਰ ਸਵਾਲ ਕਰ ਦਿੰਦੇ ਸਨ, ਪਰ ਮੈਂ ਉਨ੍ਹਾਂ ਕੋਲੋਂ ਬਹੁਤ ਕੁਝ ਪੁੱਛਣਾ ਚਾਹੁੰਦਾ ਸਾਂ।
“ਕਿਹੜੀ ਜਗ੍ਹਾ ਤੋਂ ਆਏ ਹੋ?” “ਵੱਖ-ਵੱਖ ਪਿੰਡਾਂ ਤੋਂ।” ਸਾਰੇ ਹੀ ਰਿਸ਼ਤੇਦਾਰ ਵੱਖ-ਵੱਖ ਪਿੰਡਾਂ ਵਿੱਚ ਰਹਿੰਦੇ ਸਨ ਅਤੇ ਛੋਟੀ ਕਿਸਾਨੀ ਨਾਲ ਸਬੰਧਿਤ ਸਨ। ਦਲੀਪ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਉਨ੍ਹਾਂ ਦੇ ਭਣਵੱਈਏ ਬਹੁਤ ਕੁਝ ਸੁਣਦੇ ਤਾਂ ਰਹੇ ਸਨ, ਪਰ ਮਿਲੇ ਪਹਿਲੀ ਵਾਰ ਸਨ। “ਸਾਡਾ ਪ੍ਰਾਹੁਣਾ (ਦਲੀਪ ਸਿੰਘ) ਸ਼ਰਾਬ ਦਾ ਬਹੁਤ ਸ਼ੌਕੀਨ ਸੀ। ਸਾਡੇ ਵਿੱਚੋਂ ਕੋਈ ਵੀ ਨਹੀਂ ਪੀਂਦਾ, ਪਰ ਅਸੀਂ ਰੋਜ਼ਾਨਾ ਹੀ ਇਸ ਲਈ ਇੰਤਜ਼ਾਮ ਕਰਦੇ ਰਹੇ ਹਾਂ। ਇੱਥੇ ਇਸ ਦਾ ਇੰਤਜ਼ਾਮ ਕਰਨਾ ਪੈਂਦਾ ਹੈ, ਖੁੱਲ੍ਹੀ ਨਹੀਂ ਮਿਲਦੀ। ਹਰ ਘਰ ਵਿੱਚ ਇਸ ਦਾ ਸੁਆਗਤ ਹੁੰਦਾ ਰਿਹਾ ਹੈ। ਪਤਾ ਹੀ ਨਹੀਂ ਲੱਗਾ ਕਿ ਇਹ 13 ਦਿਨ ਕਿਵੇਂ ਨਿਕਲ ਗਏ ਹਨ, ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੱਲ੍ਹ ਇਸ ਨੂੰ ਲਾਹੌਰੋਂ ਲੈ ਕੇ ਗਏ ਸਾਂ ਅਤੇ ਅੱਜ ਛੱਡਣ ਵੀ ਆ ਗਏ ਹਾਂ। ਅਜੇ ਤਾਂ ਅਸੀਂ ਇਸ ਦੇ ਪੂਰੇ ਪਰਿਵਾਰ ਬਾਰੇ ਵਾਕਫ਼ੀ ਵੀ ਨਹੀਂ ਕਰ ਸਕੇ।
ਇਸ ਨੂੰ ਪਹਿਲੀ ਵਾਰ ਮਿਲੇ ਹਾਂ। ਇਨ੍ਹਾਂ ਦੇ ਲੜਕੇ, ਲੜਕੀਆਂ, ਪੋਤਰੇ, ਪੋਤਰੀਆਂ, ਨੂੰਹਾਂ ਕਿਸੇ ਬਾਰੇ ਵੀ ਕੁਝ ਵੀ ਨਹੀਂ ਪੁੱਛਿਆ। ਉਹ ਤਾਂ ਇਧਰ ਆ ਵੀ ਨਹੀਂ ਸਕਦੇ, ਵੀਜ਼ਾ ਮਿਲਣਾ ਇੱਕ ਵੱਡੀ ਮੁਸ਼ਕਿਲ ਹੈ। ਖ਼ੂਨ ਦੇ ਰਿਸ਼ਤੇ ਵੀ ਮਿਲਣ ਲਈ 59 ਸਾਲ ਉਡੀਕਦੇ ਰਹੇ।”
ਉਨ੍ਹਾਂ ਦੀਆਂ ਗੱਲਾਂ ਭਾਵੇਂ ਬਹੁਤ ਕੁਝ ਆਪਣੇ ਆਪ ਦੱਸ ਰਹੀਆਂ ਸਨ, ਪਰ ਮੈਨੂੰ ਅਜੇ ਵੀ ਕੁਝ ਪਤਾ ਨਹੀਂ ਸੀ ਲੱਗ ਰਿਹਾ ਅਤੇ ਮੈਂ ਬੜੀ ਉਤਸੁਕਤਾ ਨਾਲ ਇਸ ਬਾਰੇ ਜਾਣਨਾ ਚਾਹੁੰਦਾ ਸਾਂ। ਇੰਨੇ ਨੂੰ ਗੱਡੀ ਦੀ ਪਹਿਲੀ ਸੀਟੀ ਵੱਜ ਗਈ। ਦਲੀਪ ਸਿੰਘ ਸਾਰਿਆਂ ਨੂੰ ਵਾਰੋ-ਵਾਰੀ ਮਿਲਣ ਲੱਗਾ। ਹਰੇਕ ਦੀਆਂ ਅੱਖਾਂ ਵਿੱਚੋਂ ਅੱਥਰੂ ਵਗ ਰਹੇ ਸਨ, ਕੋਈ ਵੀ ਬੋਲ ਨਹੀਂ ਸੀ ਰਿਹਾ। ਗੱਡੀ ਦੀ ਦੂਜੀ ਸੀਟੀ ਵੱਜੀ ਤਾਂ ਉਸ ਦੀ ਭੂਆ ਫਿਰ ਆ ਕੇ ਉਸ ਨੂੰ ਮਿਲੀ ਅਤੇ ਹੱਥ ਫੜ ਕੇ ਡੱਬੇ ਦੇ ਕੋਲ ਲੈ ਆਈ। ਮੈਨੂੰ ਸੰਬੋਧਨ ਕਰ ਕੇ ਫਿਰ ਕਹਿਣ ਲੱਗੀ, “ਵੀਰ ਦਾ ਖ਼ਿਆਲ ਰੱਖੀਂ।”
ਮੈਨੂੰ ਦਲੀਪ ਸਿੰਘ ਤੋਂ ਉਸ ਦੀ ਸਾਰੀ ਕਹਾਣੀ ਸੁਣਨ ਦੀ ਕਾਹਲੀ ਸੀ। ਮੈਨੂੰ ਉਸ ਨਾਲ ਹਮਦਰਦੀ ਹੋ ਰਹੀ ਸੀ। ਅਸੀਂ ਦੋਵੇਂ ਰੇਲ ਗੱਡੀ ਵਿੱਚ ਇਕੱਠੇ ਬੈਠ ਗਏ। ਮੇਰੇ ਪੁੱਛਣ ਤੋਂ ਪਹਿਲਾਂ ਹੀ ਦਲੀਪ ਸਿੰਘ ਦੱਸਣ ਲੱਗ ਪਿਆ, “ਜਦੋਂ ਪਾਕਿਸਤਾਨ ਬਣਿਆ ਮੈਂ 11 ਕੁ ਸਾਲ ਦਾ ਸਾਂ। ਮੈਨੂੰ ਪੂਰੀ ਹੋਸ਼ ਹੈ। ਕਈ ਦਿਨ ਚਰਚਾ ਚੱਲਦੀ ਰਹੀ ਕਿ ਸਾਡਾ ਪਿੰਡ ਪਾਕਿਸਤਾਨ ਵਿੱਚ ਨਹੀਂ ਜਾਵੇਗਾ। ਮੈਨੂੰ ਅਜੇ ਵੀ ਯਾਦ ਹੈ ਪਿੰਡ ਦੇ ਮੁਸਲਮਾਨ ਅਤੇ ਸਿੱਖ ਵੱਖ-ਵੱਖ ਥਾਵਾਂ ’ਤੇ ਰੋਜ਼ ਇਕੱਠੇ ਹੁੰਦੇ ਸਨ। ਉਹ ਕਈ ਮਤੇ ਪਕਾਉਂਦੇ ਸਨ ਅਤੇ ਗੁਪਤ ਤੌਰ ’ਤੇ ਹਥਿਆਰ ਵੀ ਇਕੱਠੇ ਕਰਦੇ ਰਹਿੰਦੇ ਸਨ। ਪਰ ਪਿੰਡ ਦੇ ਮੁਸਲਮਾਨ ਅਤੇ ਸਿੱਖ ਇੱਕ-ਦੂਜੇ ਦੀ ਮਦਦ ਵੀ ਕਰਦੇ ਸਨ। ਉਨ੍ਹਾਂ ਨੇ ਇੱਕ-ਦੂਜੇ ਦੀ ਮਦਦ ਕੀਤੀ ਵੀ।
ਜਦੋਂ ਇਹ ਤੈਅ ਹੋ ਗਿਆ ਕਿ ਸਾਡਾ ਪਿੰਡ ਹੁਣ ਪਾਕਿਸਤਾਨ ਵਿੱਚ ਆਉਣਾ ਹੈ ਤਾਂ ਪਿੰਡ ਦੇ ਸਿੱਖ ਤੇ ਹਿੰਦੂ ਉੱਥੋਂ ਜਾਣ ਲਈ ਤਿਆਰ ਹੋਣ ਲੱਗ ਪਏ। ਪਿੰਡ ਦੇ ਮੁਸਲਮਾਨ ਉਨ੍ਹਾਂ ਨੂੰ ਕੈਂਪ ਵਿੱਚ ਛੱਡਣ ਲਈ ਜਾਂਦੇ ਸਨ। ਜਿਸ ਦਿਨ ਅਸੀਂ ਆਏ ਕਈ ਮੁਸਲਮਾਨ ਛੱਡਣ ਆ ਰਹੇ ਸਨ, ਉਨ੍ਹਾਂ ਨੇ ਸਾਡਾ ਸਾਮਾਨ ਚੁੱਕਿਆ ਹੋਇਆ ਸੀ, ਪਰ ਰਸਤੇ ਵਿੱਚ ਹੋਰ ਪਿੰਡਾਂ ਦੇ ਗੁੰਡਿਆਂ ਨੇ ਸਾਡੇ ’ਤੇ ਹਮਲਾ ਕਰ ਦਿੱਤਾ। ਮੇਰਾ ਪਿਤਾ ਤੇ ਦੋ ਭਰਾ ਮਾਰੇ ਗਏ। ਮੇਰੀ ਮਾਂ ਜਦੋਂ ਅੱਗੇ ਹੋ ਕੇ ਸਾਨੂੰ ਭੈਣ ਭਰਾਵਾਂ ਨੂੰ ਬਚਾਉਣ ਲੱਗੀ ਤਾਂ ਉਸ ਦੀ ਵੱਖੀ ਵਿੱਚ ਵੀ ਬਰਛੀ ਵੱਜੀ, ਉਹ ਲਹੂ-ਲੁਹਾਣ ਹੋ ਗਈ। ਉਸ ਨੇ ਮੈਨੂੰ ਇੰਨਾ ਹੀ ਕਿਹਾ ਕਿ ਭੱਜ ਜਾ। ... ਤੇ ਫਿਰ ਉਸ ਨੇ ਦਮ ਤੋੜ ਦਿੱਤਾ। ਉਨ੍ਹਾਂ ਗੁੰਡਿਆਂ ਨੇ ਮੇਰੀ ਭੂਆ ਅਤੇ ਭੈਣਾਂ ਨੂੰ ਘੋੜੀਆਂ ’ਤੇ ਬਿਠਾ ਲਿਆ। ਸਾਡੇ ਪਿੰਡ ਦੇ ਮੁਸਲਮਾਨ ਲੜਕਿਆਂ ਨੇ ਸਾਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਫਿਰ ਵੀ ਚਾਰ ਲੜਕੇ ਸਾਡੀ ਮਦਦ ਕਰਦੇ ਮਾਰੇ ਗਏ।” ਉਸ ਨੇ ਇੱਕੋ ਸਾਹੇ ਇੰਨਾ ਕੁਝ ਦੱਸ ਦਿੱਤਾ।
“ਤੁਸੀਂ ਕਿੰਨੇ ਆਦਮੀ ਬਚ ਗਏ ਸੀ?” ਮੈਂ ਪੁੱਛਿਆ।
ਉਹ ਦੱਸਣ ਲੱਗਿਆ, ‘‘ਸਾਡੇ ਪਰਿਵਾਰ ਵਿੱਚੋਂ ਸਿਰਫ਼ ਮੈਂ ਅਤੇ ਮੇਰਾ ਚਾਚਾ। ਅਸੀਂ ਤਾਂ ਆਪਣੇ ਜੀਆਂ ਦੀਆਂ ਲਾਸ਼ਾਂ ਦਾ ਸਸਕਾਰ ਵੀ ਨਹੀਂ ਸੀ ਕਰ ਸਕੇ। ਫ਼ੌਜ ਵਾਲਿਆਂ ਨੂੰ ਸਾਨੂੰ ਸੁਰੱਖਿਅਤ ਜਗ੍ਹਾ ਪਹੁੰਚਾਉਣ ਦੀ ਕਾਹਲੀ ਪਾਈ ਹੋਈ ਸੀ। ਪਤਾ ਨਹੀਂ ਉਸ ਹਮਲੇ ਵਿੱਚ ਮਾਰੇ ਗਏ 25-30 ਮਰਦਾਂ ਔਰਤਾਂ ਦਾ ਸਸਕਾਰ ਕਿਸ ਨੇ ਕੀਤਾ, ਕੀਤਾ ਵੀ ਕਿ ਨਹੀਂ ਕੀਤਾ, ਮੈਨੂੰ ਅੱਜ ਤੱਕ ਵੀ ਉਹ ਦ੍ਰਿਸ਼ ਨਹੀਂ ਭੁੱਲਿਆ। ਮੇਰੀ ਭੂਆ ਅਤੇ ਭੈਣਾਂ ਨੇ ਬੜੇ ਦੁੱਖ ਵੇਖੇ। ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ। ਫਿਰ ਇੱਕ ਮੁਸਲਮਾਨ ਚੌਧਰੀ ਨੇ ਇਨ੍ਹਾਂ ਦੇ ਵਿਆਹ ਕਰਵਾ ਦਿੱਤੇ। ਜਦੋਂ ਸਰਕਾਰ ਵੱਲੋਂ ਇਸ ਤਰ੍ਹਾਂ ਦੀਆਂ ਔਰਤਾਂ ਨੂੰ ਵਾਪਸ ਭੇਜਣ ਦੇ ਯਤਨ ਹੋ ਰਹੇ ਸਨ ਤਾਂ ਚਾਚੇ ਨੇ ਕੋਸ਼ਿਸ਼ ਤਾਂ ਕੀਤੀ ਪਰ ਅੱਧੇ ਜਿਹੇ ਮਨ ਨਾਲ। ਉਹ ਜ਼ਿਆਦਾ ਹੀ ਨਿਰਾਸ਼ਾ ’ਚ ਡੁੱਬਿਆ ਹੋਇਆ ਸੀ।
ਮੈਂ ਛੋਟਾ ਸਾਂ। ਕੋਈ ਪੰਜ ਸਾਲ ਪਹਿਲਾਂ ਮੇਰੀ ਭੂਆ ਅਤੇ ਭੈਣਾਂ ਬਾਰੇ ਮੈਨੂੰ ਪਤਾ ਲੱਗਾ ਅਤੇ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਮੈਂ ਪਹਿਲੀ ਵਾਰ ਉਨ੍ਹਾਂ ਨੂੰ ਮਿਲਣ ਆਇਆ ਸਾਂ। ਮੈਂ ਤਾਂ ਭੂਆ ਨੂੰ ਪਛਾਣ ਲਿਆ ਪਰ ਉਨ੍ਹਾਂ ਦੇ ਬੱਚਿਆਂ ਨੂੰ ਮੈਂ ਪਹਿਲੀ ਵਾਰ ਮਿਲਿਆ। ਫਿਰ ਵੀ ਉਨ੍ਹਾਂ ਨੂੰ ਮਿਲ ਕੇ ਇਉਂ ਜਾਪਦਾ ਸੀ ਜਿਵੇਂ ਕਈ ਸਦੀਆਂ ਤੋਂ ਵਾਕਿਫ਼ ਹੋਣ। ਵਾਰ-ਵਾਰ ਕਹਿੰਦੇ ਸਨ, ‘ਮਾਮਾ ਇੱਥੇ ਹੀ ਰਹੋ।’ ਰੋਜ਼ਾਨਾ ਵੱਖ-ਵੱਖ ਘਰਾਂ ਵਿੱਚ ਬੁਲਾਉਂਦੇ, ਪਰ ਸਾਰੇ ਰਿਸ਼ਤੇਦਾਰ ਸ਼ਾਮ ਨੂੰ ਇਕੱਠੇ ਹੋ ਜਾਂਦੇ ਸਨ, ਦੂਸਰੇ ਪਿੰਡਾਂ ਤੋਂ ਵੀ ਆ ਜਾਂਦੇ ਸਨ। ਰਾਤ ਨੂੰ ਤਕਰੀਬਨ ਇੱਕ-ਦੋ ਵੱਜ ਜਾਂਦੇ ਸਨ, ਗੱਲਾਂ ਹੀ ਨਹੀਂ ਸਨ ਮੁੱਕਦੀਆਂ।”
ਫਿਰ ਉਸ ਨੇ ਸਾਮਾਨ ਵੱਲ ਉਂਗਲ ਕਰ ਕੇ ਦੱਸਿਆ, “ਇਹ ਜਿਹੜਾ ਸਾਮਾਨ ਪਿਆ ਹੈ, ਇਸ ਤੋਂ ਦੁੱਗਣਾ ਮੈਂ ਛੱਡ ਕੇ ਆਇਆ ਹਾਂ। ਏਨਾ ਤਾਂ ਮੈਂ ਲਿਜਾ ਵੀ ਨਹੀਂ ਸਾਂ ਸਕਦਾ।” ਸਾਮਾਨ ਵਿੱਚ ਕੱਪੜੇ, ਭਾਂਡੇ, ਖਾਣ ਦੀਆਂ ਚੀਜਾਂ, ਖੋਏ ਦੀਆਂ ਪਿੰਨੀਆਂ, ਗੁੜ ਆਦਿ ਬਹੁਤ ਕੁਝ ਸੀ।
“ਮੈਂ ਬਹੁਤ ਮਨ੍ਹਾਂ ਕੀਤਾ ਪਰ ਉਨ੍ਹਾਂ ਨੇ ਬਦੋਬਦੀ ਇਹ ਸਾਮਾਨ ਨਾਲ ਦੇਣ ਦੀ ਜ਼ਿੱਦ ਕੀਤੀ। ਮੈਂ ਨਾਂਹ ਨਹੀਂ ਕਰ ਸਕਿਆ, ਜਿਸ ਪਿਆਰ ਨਾਲ ਉਹ ਸਾਮਾਨ ਲੈ ਕੇ ਆਈਆਂ ਸਨ ਜੇ ਮੈਂ ਨਾਲ ਨਾ ਲਿਆਉਂਦਾ ਤਾਂ ਚੰਗਾ ਨਾ ਲੱਗਦਾ।” ਉਸ ਵਕਤ ਮੈਂ ਉਸ ਗੁੜ ਦਾ ਆਪਣੇ ਕੋਲ ਪਏ ਕੇਕਾਂ ਨਾਲ ਮੁਕਾਬਲਾ ਕਰ ਰਿਹਾ ਸਾਂ ਅਤੇ ਮੈਨੂੰ ਉਨ੍ਹਾਂ ਦਾ ਭਾਰ ਇਸ ਸਾਮਾਨ ਦੇ ਭਾਰ ਤੋਂ ਕਿਤੇ ਜ਼ਿਆਦਾ ਲੱਗ ਰਿਹਾ ਸੀ। ਇਨ੍ਹਾਂ ਮਗਰ ਲੁਕੇ ਜਜ਼ਬਾਤ ਵਿੱਚ ਜ਼ਮੀਨ-ਆਸਮਾਨ ਦਾ ਫ਼ਰਕ ਸੀ। ਪਤਾ ਹੀ ਨਹੀਂ ਲੱਗਾ ਜਦੋਂ ਗੱਡੀ ਆ ਕੇ ਵਾਹਗਾ ਦੇ ਸਟੇਸ਼ਨ ’ਤੇ ਖੜੋ ਗਈ। ਉਸ ਨੇ ਦੋਹਾਂ ਹੱਥਾਂ ਵਿੱਚ ਕੁਝ ਸਾਮਾਨ ਵਾਲੇ ਕੱਪੜੇ ਦੇ ਝੋਲੇ ਫੜ ਲਏ ਅਤੇ ਇੱਕ ਤੋੜਾ ਸਿਰ ’ਤੇ ਚੁੱਕ ਲਿਆ। ਜਦੋਂ ਅਸੀਂ ਪਾਸਪੋਰਟ ਚੈੱਕ ਕਰਵਾ ਕੇ ਸਾਮਾਨ ਨੂੰ ਐਕਸਰੇਅ ਵਾਲੀ ਮਸ਼ੀਨ ’ਤੇ ਰੱਖਿਆ ਅਤੇ ਦੂਜੀ ਤਰਫ਼ ਸਾਮਾਨ ਲੈਣ ਲੱਗੇ ਤਾਂ ਐਕਸਰੇਅ ਨੂੰ ਵੇਖ ਰਿਹਾ ਕਰਮਚਾਰੀ ਦਲੀਪ ਸਿੰਘ ਨੂੰ ਸੰਬੋਧਿਤ ਹੋ ਕੇ ਕਹਿਣ ਲੱਗਾ, ‘‘ਸਰਦਾਰ ਜੀ, ਇਹ ਗੁੜ, ਤਿਲ ਭਾਰਤ ਵਿਚ ਨਹੀਂ ਮਿਲਦੇ?’’
‘‘ਸਭ ਕੁਝ ਹੀ ਮਿਲਦਾ ਹੈ ਭਾਰਤ ਵਿੱਚ, ਪਰ ਭੈਣਾਂ ਅਤੇ ਭੂਆ ਵੱਲੋਂ ਦਿੱਤਾ ਇਹ ਗੁੜ ਅਤੇ ਤਿਲ ਨਹੀਂ ਮਿਲਦੇ।’’ ਨਾਲ ਖੜ੍ਹੇ ਕਰਮਚਾਰੀ ਨੇ ਦਲੀਪ ਸਿੰਘ ਵੱਲ ਇਸ ਤਰ੍ਹਾਂ ਵੇਖਿਆ, ਜਿਵੇਂ ਉਸ ਨੂੰ ਸ਼ੱਕ ਹੋਵੇ ਕਿ ਇਸ ਸਰਦਾਰ ਦੀਆਂ ਭੈਣਾਂ ਅਤੇ ਭੂਆ ਪਾਕਿਸਤਾਨ ਵਿੱਚ ਹੋ ਸਕਦੀਆਂ ਹਨ। ਮੈਨੂੰ ਜਾਪਿਆ ਜਿਵੇਂ ਦਲੀਪ ਸਿੰਘ ਦੀਆਂ ਅੱਖਾਂ ਵਿੱਚ ਇਸ ਦੁਖਾਂਤ ਦਾ ਵੱਡਾ ਇਤਿਹਾਸ ਲੁਕਿਆ ਹੋਵੇ।
ਈ-ਮੇਲ: sarbjitchhina@yahoo.co.in

