ਉਦਾਸ ਸੰਤਰਿਆਂ ਦੀ ਧਰਤੀ
ਜਦ ਅਸੀਂ ਜਾਫ਼ਾ ਤੋਂ ਅਕਾ ਲਈ ਰਵਾਨਾ ਹੋਏ ਸੀ ਤਾਂ ਇਸ ਵਿੱਚ ਤ੍ਰਾਸਦੀ ਵਰਗੀ ਕੋਈ ਗੱਲ ਨਹੀਂ ਸੀ। ਹਰ ਸਾਲ ਵਾਂਗ ਇਸ ਸਾਲ ਵੀ ਤਿਓਹਾਰ ਦੇ ਦਿਨ ਕਿਸੇ ਦੂਜੇ ਸ਼ਹਿਰ ਵਿੱਚ ਗੁਜ਼ਾਰਨ ਦਾ ਇਰਾਦਾ ਸੀ। ਅਕਾ ਵਿੱਚ ਸਾਡੇ ਦਿਨ ਅਤੇ...
ਜਦ ਅਸੀਂ ਜਾਫ਼ਾ ਤੋਂ ਅਕਾ ਲਈ ਰਵਾਨਾ ਹੋਏ ਸੀ ਤਾਂ ਇਸ ਵਿੱਚ ਤ੍ਰਾਸਦੀ ਵਰਗੀ ਕੋਈ ਗੱਲ ਨਹੀਂ ਸੀ। ਹਰ ਸਾਲ ਵਾਂਗ ਇਸ ਸਾਲ ਵੀ ਤਿਓਹਾਰ ਦੇ ਦਿਨ ਕਿਸੇ ਦੂਜੇ ਸ਼ਹਿਰ ਵਿੱਚ ਗੁਜ਼ਾਰਨ ਦਾ ਇਰਾਦਾ ਸੀ। ਅਕਾ ਵਿੱਚ ਸਾਡੇ ਦਿਨ ਅਤੇ ਰਾਤਾਂ ਆਮ ਵਾਂਗ ਹੀ ਗੁਜ਼ਰ ਰਹੇ ਸਨ। ਬਚਪਨ ਦਾ ਜ਼ਮਾਨਾ ਸੀ, ਇਸ ਲਈ ਮੈਂ ਕੁਝ ਜ਼ਿਆਦਾ ਹੀ ਮਜ਼ੇ ਲੈ ਰਿਹਾ ਸਾਂ। ਸਕੂਲ ਵੀ ਤਾਂ ਜਾਣਾ ਨਹੀਂ ਸੀ ਪੈਂਦਾ। ਜਿਵੇਂ ਵੀ ਸੀ ਰਾਤ ਵੇਲ਼ੇ ਅਕਾ ’ਤੇ ਵੱਡੇ ਹਮਲੇ ਦੀ ਤਸਵੀਰ ਸਪੱਸ਼ਟ ਤੋਂ ਸਪੱਸ਼ਟ ਹੁੰਦੀ ਚਲੀ ਗਈ। ਉਹ ਬਹੁਤ ਦਰਦਨਾਕ ਰਾਤ ਬਣ ਗਈ ਸੀ। ਮਰਦਾਂ ਦੇ ਚਿਹਰਿਆਂ ’ਤੇ ਹਨੇਰ ਪੱਸਰਿਆ ਸੀ ਤੇ ਔਰਤਾਂ ਦੀ ਜ਼ੁਬਾਨ ’ਤੇ ਦੁਆਵਾਂ ਦਾ ਪਹਿਰਾ। ਮੈਂ, ਤੂੰ ਅਤੇ ਸਾਡੇ ਖਾਨਦਾਨ ਦੇ ਨਿੱਕੇ ਬੱਚੇ ਸਾਰਾ ਮਾਮਲਾ ਸਮਝਣ ਤੋਂ ਅਸਮਰੱਥ ਸਨ। ਪਰ ਉਹ ਰਾਤ ਐਨੀ ਦਰਦਨਾਕ ਸੀ ਕਿ ਮੇਰੇ ਵਰਗੇ ਛੋਟੇ ਬੱਚਿਆਂ ਨੂੰ ਵੀ ਕੁਝ ਨਾ ਕੁਝ ਸਮਝ ਲੱਗ ਹੀ ਗਈ। ਸਵੇਰ ਹੋਣ ਤੱਕ ਯਹੂਦੀ ਧਮਕੀ ਦੇ ਕੇ ਵਾਪਸ ਚਲੇ ਗਏ। ਸਾਡੇ ਘਰ ਦੇ ਦਰਵਾਜ਼ੇ ’ਤੇ ਇੱਕ ਟਰੱਕ ਖੜ੍ਹਾ ਸੀ। ਲੋਕ ਕਾਹਲੀ-ਕਾਹਲੀ ਬੁਖ਼ਲਾਹਟ ਭਰੇ ਅੰਦਾਜ਼ ਵਿੱਚ ਨਿੱਤ ਵਰਤੋਂ ਦਾ ਮਾਮੂਲੀ ਸਾਮਾਨ ਇੱਧਰੋਂ-ਉੱਧਰੋਂ ਟਰੱਕ ਵਿੱਚ ਸੁੱਟ ਰਹੇ ਸਨ। ਮੈਂ ਪੁਰਾਣੇ ਘਰ ਦੀ ਕੰਧ ਨਾਲ ਢੋਅ ਲਾਈ ਖੜ੍ਹਾ ਸਾਂ। ਮੈਂ ਦੇਖਿਆ ਕਿ ਲੋਕ ਟਰੱਕ ਵਿੱਚ ਚੜ੍ਹ ਰਹੇ ਸਨ।
ਸਭ ਤੋਂ ਪਹਿਲਾਂ ਤੇਰੀ ਮਾਂ ਚੜ੍ਹੀ, ਫਿਰ ਤੇਰੀ ਭੂਆ ਤੇ ਛੋਟੇ ਬੱਚੇ। ਤੇਰੇ ਪਿਓ ਨੇ ਤੈਨੂੰ ਤੇ ਤੇਰੇ ਭਾਈਆਂ ਨੂੰ ਉਠਾਇਆ ਅਤੇ ਟਰੱਕ ’ਚ ਲੱਦੇ ਸਾਮਾਨ ਉੱਤੇ ਸੁੱਟ ਦਿੱਤਾ। ਫਿਰ ਮੈਨੂੰ ਮੇਰੀਆਂ ਬਾਹਾਂ ਫੜ ਕੇ ਚੁੱਕਿਆ ਅਤੇ ਡਰਾਈਵਰ ਦੇ ਕੈਬਿਨ ਉੱਤੇ ਲੋਹੇ ਦੇ ਪਿੰਜਰੇ ਵਿੱਚ ਧੱਕ ਦਿੱਤਾ। ਮੇਰਾ ਭਾਈ ਰਿਆਜ਼ ਵੀ ਉੱਥੇ ਹੀ ਸਾਹ ਰੋਕੀ ਪਿਆ ਸੀ। ਅਜੇ ਮੈਂ ਖ਼ੁਦ ਨੂੰ ਸੰਭਾਲ਼ ਵੀ ਨਹੀਂ ਸੀ ਸਕਿਆ ਕਿ ਟਰੱਕ ਚੱਲ ਪਿਆ। ਸਾਡਾ ਸਾਰਿਆਂ ਦਾ ਮਹਿਬੂਬ ਸ਼ਹਿਰ ਅਕਾ ਹੌਲੀ-ਹੌਲੀ ਅੱਖਾਂ ਤੋਂ ਓਹਲੇ ਹੋ ਰਿਹਾ ਸੀ। ਸ਼ਹਿਰ ਰਾਸ ਅਲਨਾਕੂਰਾ ਦੀ ਦਿਸ਼ਾ ਵੱਲ ਜਾਣ ਵਾਲੇ ਰਾਹ ਦੇ ਮੋੜ-ਘੋੜ ਸਾਡੇ ਸ਼ਹਿਰ ਨੂੰ ਸਾਡੇ ਕੋਲ਼ੋਂ ਦੂਰ ਲਿਜਾ ਰਹੇ ਸਨ।
ਚੜ੍ਹ ਆਏ ਕਾਲ਼ੇ ਬੱਦਲਾਂ ਨੇ ਮੌਸਮ ਵਿੱਚ ਇਕਦਮ ਤਬਦੀਲੀ ਲਿਆ ਦਿੱਤੀ ਸੀ। ਇੱਕ ਠੰਢਾ ਅਹਿਸਾਸ ਮੇਰੇ ਸਰੀਰ, ਮੇਰੀ ਜਾਨ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਸੀ। ਰਿਆਜ਼ ਦੇ ਪੂਰੇ ਵਜੂਦ ਉੱਤੇ ਖ਼ਾਮੋਸ਼ੀ ਅਤੇ ਠਹਿਰਾਅ ਦਾ ਪਹਿਰਾ ਸੀ। ਉਸ ਨੇ ਆਪਣੀਆਂ ਦੋਵੇਂ ਲੱਤਾਂ ਉੱਤੇ ਚੁੱਕ ਕੇ ਆਪਣੇ ਪੈਰ ਪਿੰਜਰੇ ਦੇ ਉੱਪਰਲੇ ਹਿੱਸੇ ’ਤੇ ਟਿਕਾਏ ਹੋਏ ਸਨ। ਉਸ ਦੀ ਪਿੱਠ ਪਿੱਛੇ ਪਏ ਸਾਮਾਨ ਨਾਲ ਜੁੜੀ ਹੋਈ ਸੀ ਅਤੇ ਨਜ਼ਰਾਂ ਆਸਮਾਨ ਵੱਲ ਘੂਰ ਰਹੀਆਂ ਸਨ। ਮੈਂ ਆਪਣੀ ਠੋਡੀ ਜੁੜੇ ਗੋਡਿਆਂ ’ਤੇ ਰੱਖੀ ਕੁੰਡਲ਼ੀ ਮਾਰ ਕੇ ਸੁੰਗੜਿਆ ਬੈਠਾ ਸੀ। ਸੰਤਰਿਆਂ ਦੇ ਬਾਗ਼ ਪਿੱਛੇ ਵੱਲ ਦੌੜ ਰਹੇ ਸਨ। ਖ਼ੌਫ਼ ਦੀ ਨਾਗਣ ਸਾਨੂੰ ਸਾਰਿਆਂ ਨੂੰ ਡੱਸ ਰਹੀ ਸੀ। ਰਾਹ ਦੀ ਗਿੱਲੀ ਮਿੱਟੀ ਵਿੱਚ ਧਸਦਾ ਟਰੱਕ ਹਫ਼ ਰਿਹਾ ਸੀ। ਉਸਦੇ ਪਹੀਆਂ ਵਿੱਚੋਂ ਨਿਕਲਦੀ ਤੜ੍ਹ-ਤੜ੍ਹ ਦੀ ਗਰਜ ਜਿਵੇਂ ਫ਼ਲਸਤੀਨ ਦੀ ਧਰਤੀ ਨੂੰ ਸਲਾਮ ਪੇਸ਼ ਕਰ ਰਹੀ ਸੀ, ਆਖ਼ਰੀ ਸਲਾਮ...!
ਰਾਸ ਅਲਨਾਕੂਰਾ ਕੁਝ ਹੀ ਫ਼ਾਸਲੇ ’ਤੇ ਰਹਿ ਗਿਆ ਸੀ। ਨੀਲੇ ਆਸਮਾਨ ’ਚ ਫੈਲੇ ਹੋਏ ਕੁਝ ਕੁ ਬੱਦਲਾਂ ਦੇ ਪਿੱਛੇ ਸ਼ਹਿਰ ਦੀ ਆਭਾਸੀ ਸ਼ਕਲ ਦੂਰ ਤੋਂ ਦਿਖਾਈ ਦੇ ਰਹੀ ਸੀ। ਟਰੱਕ ਉੱਥੇ ਹੀ ਰੁਕ ਗਿਆ। ਔਰਤਾਂ ਟਰੱਕ ਵਿੱਚ ਰੱਖੇ ਸਾਮਾਨ ਉੱਤੋਂ ਉੱਠ ਕੇ ਉਸ ਕਿਸਾਨ ਕੋਲ ਗਈਆਂ, ਜੋ ਜ਼ਮੀਨ ’ਤੇ ਪੈਰਾਂ ਭਾਰ ਬੈਠਾ ਸੀ। ਉਸ ਨੇ ਆਪਣੇ ਅੱਗੇ ਸੰਤਰਿਆਂ ਨਾਲ ਭਰੀ ਟੋਕਰੀ ਰੱਖੀ ਹੋਈ ਸੀ। ਔਰਤਾਂ ਨੇ ਉਸ ਟੋਕਰੀ ਵਿੱਚੋਂ ਕੁਝ ਸੰਤਰੇ ਕੱਢੇ ਤੇ ਵਿਰਲਾਪ ਕਰਦੀਆਂ ਫੁੱਟ-ਫੁੱਟ ਕੇ ਰੋਣ ਲੱਗ ਪਈਆਂ। ਉਸ ਸਮੇਂ ਮੈਨੂੰ ਮਹਿਸੂਸ ਹੋਇਆ ਜਿਵੇਂ ਸੰਤਰਾ ਕੋਈ ਮਹਿਬੂਬ ਸ਼ੈਅ ਹੈ ਅਤੇ ਉਹ ਬੜੇ-ਬੜੇ, ਸਾਫ਼-ਸੁਥਰੇ ਨਗ ਸਾਡੇ ਦਿਲਾਂ ਦੇ ਨਜ਼ਦੀਕ ਹਨ। ਔਰਤਾਂ ਨੇ ਕੁਝ ਸੰਤਰੇ ਖਰੀਦੇ ਅਤੇ ਟਰੱਕ ਵੱਲ ਵਾਪਸ ਆਉਣ ਲੱਗੀਆਂ। ਤੇਰਾ ਪਿਓ ਡਰਾਈਵਰ ਦੇ ਨਾਲ ਵਾਲੀ ਸੀਟ ਤੋਂ ਹੇਠਾਂ ਉਤਰਿਆ ਤੇ ਅੱਗੇ ਵਧ ਕੇ ਇੱਕ ਸੰਤਰਾ ਚੁੱਕ ਲਿਆ। ਕੁਝ ਚਿਰ ਨੀਝ ਲਾ ਕੇ ਸੰਤਰੇ ਵੱਲ ਦੇਖਦਾ ਰਿਹਾ, ਫਿਰ ਕਿਸੇ ਮੁਸੀਬਤ ਵਿੱਚ ਫਸੇ ਬੱਚੇ ਵਾਂਗ ਫੁੱਟ-ਫੁੱਟ ਕੇ ਰੋਣ ਲੱਗਾ।
ਰਾਸ ਅਲਨਾਕੂਰਾ ਪਹੁੰਚ ਕੇ ਦੂਜੇ ਟਰੱਕਾਂ-ਗੱਡੀਆਂ ਲਾਗੇ ਸਾਡਾ ਟਰੱਕ ਵੀ ਰੁਕ ਗਿਆ। ਲੋਕ ਆਪੋ-ਆਪਣੇ ਹਥਿਆਰ ਪੁਲੀਸ ਵਾਲਿਆਂ ਦੇ ਹਵਾਲੇ ਕਰਨ ਲੱਗੇ। ਪੁਲੀਸ ਵਾਲੇ ਖ਼ਾਸ ਤੌਰ ’ਤੇ ਇਸੇ ਮਕਸਦ ਲਈ ਤਾਇਨਾਤ ਕੀਤੇ ਗਏ ਸਨ। ਸਾਡੀ ਵਾਰੀ ਵੀ ਆਈ। ਮੈਂ ਦੇਖਿਆ ਬੰਦੂਕਾਂ ਅਤੇ ਗੋਲ਼ੀਆਂ ਉੱਥੇ ਡਾਹੇ ਮੇਜ਼ਾਂ ਉੱਤੇ ਪਈਆਂ ਸਨ। ਸੰਤਰਿਆਂ ਦੀ ਜ਼ਮੀਨ ਤੋਂ ਦੂਰ ਹੁੰਦੀਆਂ ਹੋਈਆਂ ਗੱਡੀਆਂ ਰਾਹਾਂ ਨੂੰ ਚੀਰਦੀਆਂ ਕਤਾਰਾਂ ਬੰਨ੍ਹ-ਬੰਨ੍ਹ ਲਿਬਨਾਨ ਵਿੱਚ ਦਾਖ਼ਲ ਹੋ ਰਹੀਆਂ ਸਨ। ਰੁਆ ਦੇਣ ਵਾਲਾ ਦ੍ਰਿਸ਼ ਸੀ। ਮੈਂ ਫੁੱਟ-ਫੁੱਟ ਕੇ ਰੋਣ ਲੱਗ ਪਿਆ। ਤੇਰੀ ਮਾਂ ਅਜੇ ਵੀ ਖ਼ਾਮੋਸ਼ ਖਾਲੀ ਨਜ਼ਰਾਂ ਨਾਲ ਸੰਤਰਿਆਂ ਵੱਲ ਦੇਖ ਰਹੀ ਸੀ। ਸਾਰੇ ਬੂਟੇ ਚਮਕ ਰਹੇ ਸਨ, ਜਿਨ੍ਹਾਂ ਨੂੰ ਉਹ ਯਹੂਦੀਆਂ ਲਈ ਛੱਡ ਆਏ ਸਨ, ਸੰਤਰਿਆਂ ਦੇ ਉਹ ਸਾਰੇ ਦੇ ਸਾਰੇ ਸਾਫ਼-ਸੁਥਰੇ ਖ਼ੂਬਸੂਰਤ ਬੂਟੇ ਜਿਹੜੇ ਉਨ੍ਹਾਂ ਨੇ ਇੱਕ-ਇੱਕ ਕਰ ਕੇ ਖਰੀਦੇ ਸਨ। ਸਾਰੇ ਬੂਟੇ ਉਨ੍ਹਾਂ ਦੀਆਂ ਅੱਖਾਂ ਵਿੱਚ ਜਿਊਂਦੇ ਸਨ। ਚੈੱਕ ਪੋਸਟ ਅਫਸਰ ਦੇ ਸਾਹਮਣੇ ਪੁੱਜ ਕੇ ਉਹ ਆਪਣੇ ਹੰਝੂਆਂ ’ਤੇ ਕਾਬੂ ਨਾ ਰੱਖ ਸਕੇ। ਹੰਝੂਆਂ ਦੀਆਂ ਉਨ੍ਹਾਂ ਬੇਸ਼ੁਮਾਰ ਬੂੰਦਾਂ ਵਿੱਚ ਬੂਟੇ ਹੀ ਬੂਟੇ ਝਲਕ ਰਹੇ ਸਨ। ਦਿਨ ਦੇ ਤੀਜੇ ਪਹਿਰ ਤੱਕ ਅਸੀਂ ਸੈਦਾ ਪਹੁੰਚ ਗਏ। ਇੱਥੇ ਪਹੁੰਚ ਕੇ ਅਸੀਂ ਸ਼ਰਨਾਰਥੀ ਬਣ ਚੁੱਕੇ ਸਾਂ। ਰਸਤੇ ਨੇ ਦੂਜੇ ਲੋਕਾਂ ਦੇ ਨਾਲ ਸਾਨੂੰ ਵੀ ਆਪਣੇ ਦਾਮਨ ਵਿੱਚ ਸਮੇਟ ਲਿਆ।
ਤੇਰਾ ਪਿਓ ਪਹਿਲਾਂ ਹੀ ਕਾਫ਼ੀ ਬਿਰਧ ਹੋ ਗਿਆ ਸੀ। ਮੁਸੀਬਤਾਂ ਦੇ ਇਸ ਸੰਘਰਸ਼ ਨੇ ਉਸ ਦੀ ਹਾਲਤ ਜ਼ਿਆਦਾ ਖ਼ਰਾਬ ਕਰ ਦਿੱਤੀ ਸੀ। ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਲੰਮੇ ਸਮੇਂ ਤੋਂ ਉਸ ਦੀਆਂ ਅੱਖਾਂ ਨੂੰ ਨੀਂਦ ਨਸੀਬ ਨਾ ਹੋਈ ਹੋਵੇ। ਉਹ ਸੜਕ ’ਤੇ ਪਏ ਸਾਮਾਨ ਦੇ ਸਾਹਮਣੇ ਹੀ ਖੜ੍ਹਾ ਸੀ। ਮੈਨੂੰ ਪੂਰਾ ਯਕੀਨ ਸੀ ਕਿ ਜੇ ਮੈਂ ਕੁਝ ਵੀ ਕਹਿਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੇਰੇ ’ਤੇ ਝਪਟ ਪਵੇਗਾ। ਕੱਢਿਆ-ਵੱਢਿਆ, ਬੇਆਬਰੂ ਬੰਦਾ ਵਰਗੇ ਸ਼ਬਦ ਉਸ ਦੀ ਜੀਭ ’ਤੇ ਸਨ। ਮੇਰੇ ਵੀ ਹੋਸ਼ ਉੱਡੇ ਹੋਏ ਸਨ। ਮੇਰੀ ਸਾਰੀ ਦੀ ਸਾਰੀ ਪੜ੍ਹਾਈ ਇਸਲਾਮਿਕ ਸੋਚ ਅਤੇ ਸਿਧਾਤਾਂ ਵਾਲੇ ਮਦਰੱਸੇ ਵਿੱਚ ਹੋਈ ਸੀ, ਪਰ ਉਸ ਘੜੀ ਮੇਰਾ ਈਮਾਨ ਵੀ ਡਗਮਗਾਉਣ ਲੱਗਾ ਸੀ। ਸ਼ੱਕ ਮੇਰੇ ਅੰਦਰ ਗੂੰਜ ਰਿਹਾ ਸੀ: ਕੀ ਇਹ ਅੱਲ੍ਹਾ ਸੱਚਮੁੱਚ ਇਨਸਾਨਾਂ ਨੂੰ ਖ਼ੁਸ਼ ਦੇਖਣਾ ਚਾਹੁੰਦਾ ਹੈ? ਕੀ ਇਹ ਅੱਲ੍ਹਾ ਹਰ ਚੀਜ਼ ਦੇਖਦਾ ਸੁਣਦਾ ਹੈ? ਸਕੂਲ, ਚਰਚ ਵਿੱਚ ਸਾਨੂੰ ਰੰਗੀਨ ਤਸਵੀਰਾਂ ਦਿੱਤੀਆਂ ਜਾਂਦੀਆਂ ਸਨ। ਇਨ੍ਹਾਂ ਤਸਵੀਰਾਂ ਵਿੱਚ ਖ਼ੁਦਾ ਨੂੰ ਬੱਚਿਆਂ ਨਾਲ ਪਿਆਰ ਕਰਦੇ ਅਤੇ ਮੁਸਕਰਾਉਂਦੇ ਹੋਏ ਦਿਖਾਇਆ ਜਾਂਦਾ ਸੀ। ਮੈਨੂੰ ਲੱਗ ਰਿਹਾ ਸੀ ਕਿ ਉਹ ਤਸਵੀਰਾਂ ਉਸ ਝੂਠ ਦੇ ਪੁਲੰਦੇ ਦਾ ਇੱਕ ਹਿੱਸਾ ਹਨ, ਜਿਨ੍ਹਾਂ ਦਾ ਸਹਾਰਾ ਲੈ ਕੇ ਟਰੈਡੀਸ਼ਨਲ ਸਕੂਲ ਖੋਲ੍ਹਣ ਵਾਲੇ ਮੋਟੀਆਂ ਰਕਮਾਂ ਇਕੱਠੀਆਂ ਕਰਦੇ ਸਨ। ਮੈਨੂੰ ਯਕੀਨ ਹੋਣ ਲੱਗਾ ਸੀ ਕਿ ਫ਼ਲਸਤੀਨ ਵਿੱਚ ਅਸੀਂ ਜਿਸ ਅੱਲ੍ਹਾ ਨੂੰ ਜਾਣਦੇ ਸੀ, ਉਹ ਵੀ ਉੱਥੋਂ ਕੂਚ ਕਰ ਚੁੱਕਾ ਹੈ, ਕਿਸੇ ਅਗਿਆਤ ਥਾਂ ’ਤੇ ਸ਼ਰਨਾਰਥੀਆਂ ਵਾਲਾ ਜੀਵਨ ਬਸਰ ਕਰ ਰਿਹਾ ਹੈ ਅਤੇ ਆਪਣੇ ਖ਼ੁਦ ਦੇ ਮਸਲਿਆਂ ਨਾਲ ਜੂਝ ਰਿਹਾ ਹੈ। ਅਜਿਹੇ ਹਾਲਾਤ ਵਿੱਚ ਸਾਨੂੰ ਸ਼ਰਨਾਰਥੀਆਂ ਨੂੰ ਪਲੈਟਫਾਰਮ ’ਤੇ ਬੈਠ ਕੇ ਕਿਸੇ ਖ਼ੁਦਾਈ ਮੱਦਦ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ। ਰਾਤ ਗੁਜ਼ਾਰਨ ਲਈ ਸਾਨੂੰ ਆਪਣੀ ਛੱਤ ਆਪ ਤਲਾਸ਼ ਕਰਨੀ ਪਵੇਗੀ। ਦੁੱਖ ਅਤੇ ਉਦਾਸੀ ਇੱਕ ਨੰਨ੍ਹੇ-ਮੁੰਨ੍ਹੇ ਬੱਚੇ ਨੂੰ ਬੁੱਢਾ ਬਣਾ ਰਹੇ ਸਨ।
ਰਾਤ ਤਾਂ ਥੋੜ੍ਹੀ-ਬਹੁਤ ਖ਼ੌਫ਼ਨਾਕ ਹੁੰਦੀ ਹੀ ਹੈ, ਉਸ ’ਤੇ ਆਫ਼ਤ ਇਹ ਕਿ ਹੌਲ਼ੀ-ਹੌਲ਼ੀ ਹਨੇਰੇ ਵਿੱਚ ਵਾਧਾ ਹੁੰਦਾ ਜਾ ਰਿਹਾ ਸੀ। ਮੇਰਾ ਦਿਲ ਖ਼ੌਫ਼ ਦੀ ਲੁਕਣਗਾਹ ਬਣਦਾ ਜਾ ਰਿਹਾ ਸੀ। ਇਹ ਸੋਚ ਕੇ ਮੇਰੇ ਰੌਂਗਟੇ ਖੜ੍ਹੇ ਹੋ ਰਹੇ ਸਨ ਕਿ ਰਾਤ ਪਲੈਟਫਾਰਮ ’ਤੇ ਗੁਜ਼ਾਰਨੀ ਪਵੇਗੀ ਪਰ ਮੇਰਾ ਡਰ ਫਜ਼ੂਲ ਅਤੇ ਬੇਲੋੜਾ ਸੀ। ਕੋਈ ਵੀ ਮੇਰਾ ਹਾਲ ਪੁੱਛਣ ਵਾਲਾ ਨਹੀਂ ਸੀ ਅਤੇ ਨਾ ਕੋਈ ਇਨਸਾਨ ਮੈਨੂੰ ਦਿਲਾਸਾ ਤੇ ਨਸੀਹਤ ਦੇਣ ਵਾਲਾ ਉੱਥੇ ਸੀ। ਤੇਰੇ ਪਿਓ ਦੀਆਂ ਖ਼ਾਮੋਸ਼ ਨਜ਼ਰਾਂ ਮੇਰੇ ਸੀਨੇ ਵਿੱਚ ਖ਼ੌਫ਼ ਅਤੇ ਸੰਸੇ ਦੀਆਂ ਨਵੀਆਂ ਲਾਟਾਂ ਪੈਦਾ ਕਰ ਰਹੀਆਂ ਸਨ। ਤੇਰੀ ਮਾਂ ਦੇ ਹੱਥ ਵਿੱਚ ਫੜਿਆ ਸੰਤਰਾ ਮੈਨੂੰ ਅਜੇ ਵੀ ਘੂਰ ਰਿਹਾ ਸੀ। ਮੇਰਾ ਜ਼ਿਹਨ ਜਿਵੇਂ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਹੋਇਆ ਸੀ। ਸਾਰੇ ਲੋਕ ਖ਼ਾਮੋਸ਼ ਨਜ਼ਰਾਂ ਨਾਲ ਹਨੇਰੇ ਰਸਤੇ ਵੱਲ ਟਿਕਟਿਕੀ ਲਾ ਕੇ ਦੇਖ ਰਹੇ ਸਨ। ਇਨ੍ਹਾਂ ਸਾਰਿਆਂ ਦੀ ਸੱਧਰ ਸੀ ਕਿ ਅਚਾਨਕ ਹੀ ਕੋਈ ਦੈਵੀ ਮੱਦਦ ਪ੍ਰਗਟ ਹੋਵੇ ਤੇ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਕਾਫ਼ੂਰ ਹੋ ਜਾਣ। ਸਾਰੀਆਂ ਨਾ ਸਹੀ, ਰਾਤ ਕੱਟਣ ਲਈ ਇੱਕ ਛੱਤ ਤਾਂ ਮਿਲ ਜਾਵੇ। ਦੈਵੀ ਮੱਦਦ ਅਚਾਨਕ ਆ ਗਈ। ਤੇਰਾ ਚਾਚਾ ਪਹਿਲਾਂ ਹੀ ਸ਼ਹਿਰ ਪੁੱਜ ਚੁੱਕਾ ਸੀ। ਉਹੀ ਸਾਡੇ ਲਈ ਦੈਵੀ ਮੱਦਦ ਸੀ।
ਤੇਰਾ ਚਾਚਾ ਪਹਿਲਾਂ ਹੀ ਨੈਤਿਕਤਾ ਵਿੱਚ ਬਹੁਤਾ ਯਕੀਨ ਰੱਖਣ ਵਾਲਾ ਬੰਦਾ ਨਹੀਂ ਸੀ ਪਰ ਜਦੋਂ ਸਾਡੇ ਵਾਂਗ ਪਲੈਟਫਾਰਮ ’ਤੇ ਰਾਤ ਕੱਟਣੀ ਪਈ ਤਾਂ ਰਹਿੰਦੀ-ਖੂੰਹਦੀ ਨੈਤਿਕਤਾ ਤੋਂ ਵੀ ਹੱਥ ਧੋ ਬੈਠਾ। ਉਹ ਸਿੱਧਾ ਇੱਕ ਯਹੂਦੀ ਦੇ ਘਰ ਗਿਆ। ਦਰਵਾਜ਼ਾ ਖੋਲ੍ਹਿਆ ਤੇ ਆਪਣਾ ਸਾਮਾਨ ਅੰਦਰ ਰੱਖ ਦਿੱਤਾ। ਫਿਰ ਹੱਥਾਂ ਨਾਲ ਇਸ਼ਾਰੇ ਕਰ ਕੇ ਸਾਫ਼ ਅੰਦਾਜ਼ ਵਿੱਚ ਉਸ ਨੂੰ ਕਿਹਾ, “ਤੁਸੀਂ ਐਥੋਂ ਦਫ਼ਾ ਹੋ ਜਾਓ। ਜਾਓ ਫ਼ਲਸਤੀਨ ਚਲੇ ਜਾਓ।”
ਯਕੀਨਨ ਉਹ ਫ਼ਲਸਤੀਨ ਤਾਂ ਨਾ ਗਏ, ਪਰ ਚਾਚੇ ਦਾ ਧਮਕੀ ਭਰਿਆ ਲਹਿਜਾ ਉਨ੍ਹਾਂ ਨੂੰ ਡਰਾਉਣ ਲਈ ਕਾਫ਼ੀ ਸੀ। ਯਹੂਦੀ ਪਰਿਵਾਰ ਉਸ ਨੂੰ ਛੱਤ ਅਤੇ ਫ਼ਰਸ਼ ਦਾ ਆਨੰਦ ਲੈਣ ਲਈ ਛੱਡ ਕੇ ਲਾਗੇ ਹੀ ਕਿਸੇ ਹੋਰ ਮਕਾਨ ਵਿੱਚ ਚਲਾ ਗਿਆ। ਤੇਰਾ ਚਾਚਾ ਸਾਨੂੰ ਵੀ ਉਸੇ ਕਮਰੇ ਵਿੱਚ ਲੈ ਗਿਆ। ਸਾਮਾਨ ਸਮੇਤ ਸਭ ਬੀਵੀ-ਬੱਚਿਆਂ ਨੂੰ ਉਸੇ ਕਮਰੇ ਵਿੱਚ ਧੱਕ ਦਿੱਤਾ। ਕਮਰਾ ਏਨਾ ਛੋਟਾ ਸੀ ਕਿ ਜਦੋਂ ਅਸੀਂ ਸਾਰੇ ਫ਼ਰਸ਼ ’ਤੇ ਲੇਟੇ ਤਾਂ ਸਾਡੇ ਛੋਟੇ ਬੱਚਿਆਂ ਨਾਲ ਹੀ ਕਮਰਾ ਪੂਰਾ ਭਰ ਗਿਆ। ਉੱਪਰ ਲੈਣ ਲਈ ਮਰਦਾਂ ਦੇ ਕੋਟ ਮਿਲ ਗਏ, ਜਿਨ੍ਹਾਂ ਵਿੱਚ ਲਿਪਟ ਕੇ ਅਸੀਂ ਸੌਂ ਗਏ। ਜਦੋਂ ਅਸੀਂ ਸਵੇਰੇ ਉੱਠੇ ਤਾਂ ਪਤਾ ਲੱਗਾ ਕਿ ਮਰਦਾਂ ਨੇ ਕੁਰਸੀਆਂ ਉੱਤੇ ਬੈਠ ਕੇ ਹੀ ਸਾਰੀ ਰਾਤ ਬਿਤਾ ਦਿੱਤੀ ਸੀ। ਹਾਦਸੇ ਦਾ ਪ੍ਰੇਤ ਸਾਡੇ ਵਜੂਦ ਦੇ ਕਣ-ਕਣ ਵਿੱਚ ਫੈਲ ਚੁੱਕਾ ਸੀ। ਸੈਦਾ ਵਿੱਚ ਅਸੀਂ ਜ਼ਿਆਦਾ ਦਿਨਾਂ ਤੱਕ ਨਾ ਠਹਿਰ ਸਕੇ। ਤੇਰੇ ਚਾਚੇ ਦਾ ਕਮਰਾ ਸਾਡੇ ਅੱਧੇ ਬੰਦਿਆਂ ਲਈ ਵੀ ਨਾਕਾਫ਼ੀ ਸੀ। ਫਿਰ ਵੀ ਅਸੀਂ ਉਸ ਕਮਰੇ ਵਿੱਚ ਤਿੰਨ ਰਾਤਾਂ ਗੁਜ਼ਾਰੀਆਂ। ਇਸੇ ਦੌਰਾਨ ਤੇਰੀ ਮਾਂ ਕੋਈ ਕੰਮ ਤਲਾਸ਼ ਕਰਨ ਜਾਂ ਫਿਰ ਫ਼ਲਸਤੀਨ ਵਾਪਸ ਜਾਣ ਦਾ ਮਸ਼ਵਰਾ ਦੇ ਬੈਠੀ। ਬੱਸ ਫਿਰ ਕੀ ਸੀ। ਤੇਰਾ ਪਿਓ ਕੱਪੜਿਆਂ ਤੋਂ ਬਾਹਰ ਹੋ ਗਿਆ। ਬੇਹੱਦ ਗ਼ੁੱਸੇ ਨਾਲ ਉਸ ਦੀ ਆਵਾਜ਼ ਕੰਬ ਰਹੀ ਸੀ। ਤੇਰੀ ਮਾਂ ਦੇ ਬੁੱਲ੍ਹਾਂ ’ਤੇ ਤਾਲ਼ੇ ਲੱਗ ਗਏ। ਇਹ ਸਾਡੇ ਖ਼ਾਨਦਾਨੀ ਮਸਲਿਆਂ ਦੀ ਸ਼ੁਰੂਆਤ ਸੀ। ਪਹਿਲਾਂ ਵਾਲਾ ਖ਼ੁਸ਼ ਅਤੇ ਖੁਸ਼ਹਾਲ ਖਾਨਦਾਨ ਫ਼ਲਸਤੀਨ ਵਿੱਚ ਹੀ ਜਾਇਦਾਦ, ਮਕਾਨ ਅਤੇ ਮਾਰੇ ਜਾ ਚੁੱਕੇ ਆਪਣੇ ਲੋਕਾਂ (ਸ਼ਹੀਦਾਂ) ਸਮੇਤ ਰਹਿ ਗਿਆ ਸੀ।
ਪਤਾ ਨਰੀਂ ਤੇਰਾ ਪਿਓ ਕਿੱਥੋਂ ਪੈਸਿਆਂ ਦਾ ਜੁਗਾੜ ਕਰ ਲਿਆਇਆ। ਮੈਨੂੰ ਪਤਾ ਸੀ ਕਿ ਤੇਰੀ ਮਾਂ ਦੇ ਗਹਿਣੇ ਤਾਂ ਉਹ ਪਹਿਲਾਂ ਹੀ ਵੇਚ ਚੁੱਕਾ ਸੀ। ਉਹ ਗਹਿਣੇ ਉਨ੍ਹਾਂ ਦਿਨਾਂ ਦੀ ਯਾਦਗਾਰ ਸਨ ਜਦੋਂ ਮੁਹੱਬਤ ਵਿੱਚ ਡੁੱਬਿਆ ਹੋਇਆ ਇੱਕ ਪਤੀ ਆਪਣੀ ਮਹਿਬੂਬ ਬੀਵੀ ਲਈ ਸੌਗਾਤਾਂ ਲਿਆਇਆ ਕਰਦਾ ਸੀ ਤਾਂ ਕਿ ਉਹ ਖ਼ੁਸ਼ ਰਹੇ ਅਤੇ ਆਪਣੇ ਪਤੀ ’ਤੇ ਮਾਣ ਕਰੇ। ਸੋਨੇ ਦੇ ਇਨ੍ਹਾਂ ਗਹਿਣਿਆਂ ਨੂੰ ਵੇਚਣ ਮਗਰੋਂ ਵੀ ਸਾਡੀਆਂ ਮੁਸ਼ਕਲਾਂ ਵਿੱਚ ਕੋਈ ਕਮੀ ਨਹੀਂ ਆਈ ਸੀ।
ਤੇ ਹੁਣ ਇਹ ਪੈਸੇ ਕਿੱਥੋਂ ਆਏ? ਕੋਈ ਦੂਜਾ ਰਸਤਾ ਜ਼ਰੂਰ ਹੋਵੇਗਾ। ਕਿਸੇ ਕੋਲ਼ੋਂ ਕਰਜ਼ਾ ਚੁੱਕਿਆ ਹੈ, ਜਾਂ ਸਭਨਾ ਤੋਂ ਬਚਾ ਕੇ ਕੁਝ ਜੋੜ ਰੱਖਿਆ ਸੀ, ਜਿਸ ਨੂੰ ਹੁਣ ਵੇਚ ਦਿੱਤਾ ਸੀ।
ਮੈਨੂੰ ਕੋਈ ਪਤਾ ਨਹੀਂ। ਹਾਂ, ਇੰਨਾ ਕੁ ਯਾਦ ਹੈ, ਉਸ ਮਗਰੋਂ ਅਸੀਂ ਸੈਦਾ ਸ਼ਹਿਰ ਦੇ ਇੱਕ ਪਿੰਡ ਵਿੱਚ ਚਲੇ ਗਏ। ਉੱਥੇ ਪਹੁੰਚ ਕੇ ਤੇਰੇ ਪਿਓ ਦੇ ਚਿਹਰੇ ’ਤੇ ਪਹਿਲੀ ਵਾਰ ਮਾਣ-ਇੱਜ਼ਤ ਵਾਲੀਆਂ ਮੁਸਕੁਰਾਹਟਾਂ ਦਿਖਾਈ ਦਿੱਤੀਆਂ। ਉਹ ਇੱਕ ਪਹਾੜੀ ਚੌਂਤਰੇ ’ਤੇ ਬੈਠ ਮੁਸਕਰਾ ਰਿਹਾ ਸੀ।
ਉਸ ਨੂੰ 15 ਮਈ ਦੇ ਦਿਨ ਦੀ ਉਡੀਕ ਸੀ ਜਦੋਂ ਉਹ ਜੇਤੂ ਫ਼ੌਜਾਂ ਦੇ ਪਿੱਛੇ -ਪਿੱਛੇ ਚੱਲਦਿਆਂ ਆਪਣੇ ਘਰ ਪੁੱਜਣਗੇ। ਕਠਿਨ ਸਬਰ ਮਗਰੋਂ 15 ਮਈ ਦਾ ਦਿਨ ਆ ਗਿਆ। ਠੀਕ ਬਾਰਾਂ ਵਜੇ ਜਦੋਂ ਮੈਂ ਗੂੜ੍ਹੀ ਨੀਂਦ ਦਾ ਆਨੰਦ ਮਾਣ ਰਿਹਾ ਸੀ, ਤੇਰਾ ਪਿਓ ਮੈਨੂੰ ਆਪਣੇ ਪੈਰ ਨਾਲ ਹਲਕਾ ਜਿਹਾ ਠੁੱਡਾ ਮਾਰ ਕੇ ਬੋਲਿਆ, “ਉੱਠ, ਚੱਲ ਕੇ ਦੇਖ ਅਰਬ ਫ਼ੌਜਾਂ ਫ਼ਲਸਤੀਨ ਵਿੱਚ ਦਾਖ਼ਲ ਹੋ ਰਹੀਆਂ ਹਨ।”
ਮੈਂ ਘਬਰਾ ਕੇ ਉੱਠ ਖੜ੍ਹਾ ਹੋਇਆ। ਅੱਧੀ ਰਾਤ ਨੂੰ ਨੰਗੇ ਪੈਰ ਪਹਾੜੀਆਂ ਤੋਂ ਉਤਰ ਕੇ ਵੱਡੀ ਸੜਕ ਉੱਤੇ ਪਹੁੰਚ ਗਏ। ਇਹ ਸੜਕ ਪਿੰਡ ਤੋਂ ਇੱਕ ਕਿਲੋਮੀਟਰ ਦੂਰ ਸੀ। ਵੱਡੇ-ਛੋਟੇ ਸਭ ਪਾਗਲਾਂ ਵਾਂਗ ਦੌੜਦੇ ਹੋਏ ਕੰਬ ਰਹੇ ਸਨ। ਗੱਡੀਆਂ ਦੀ ਰੋਸ਼ਨੀ ਦੂਰੋਂ ਆਉਂਦੀ ਮਹਿਸੂਸ ਹੋ ਰਹੀ ਸੀ। ਇਹ ਗੱਡੀਆਂ ਰਾਸ ਅਲਨਾਕੂਰਾ ਵੱਲ ਜਾ ਰਹੀਆਂ ਸਨ। ਸੜਕ ’ਤੇ ਪੁੱਜ ਕੇ ਸਾਨੂੰ ਠੰਢ ਮਹਿਸੂਸ ਹੋਣ ਲੱਗੀ, ਪਰ ਤੇਰੇ ਪਿਓ ਦਾ ਚੀਕ-ਚਿਹਾੜਾ ਸਾਡੇ ਵਜੂਦ ’ਤੇ ਛਾਇਆ ਹੋਇਆ ਸੀ। ਉਹ ਕਿਸੇ ਛੋਟੇ ਬੱਚੇ ਵਾਂਗ ਗੱਡੀਆਂ ਦੇ ਮਗਰ ਦੌੜ ਰਿਹਾ ਸੀ। ਅਸੀਂ ਵੀ ਉਸ ਦੀ ਨਕਲ ਕਰਦੇ ਚੀਕਾਂ ਮਾਰਦੇ ਦੌੜ ਰਹੇ ਸਾਂ। ਗੱਡੀਆਂ ਵਿੱਚੋਂ ਨੇਕਦਿਲ ਫ਼ੌਜੀ ਸਹਿਮੇ ਹੋਏ ਖ਼ਾਮੋਸ਼ ਨਜ਼ਰਾਂ ਨਾਲ ਦੇਖ ਰਹੇ ਸਨ। ਸਾਡਾ ਸਭ ਦਾ ਸਾਹ ਚੜ੍ਹ ਗਿਆ ਸੀ ਪਰ ਤੇਰਾ ਪਿਓ ਦੌੜ-ਦੌੜ ਕੇ ਤਮਾਕੂ ਦੀਆਂ ਥੈਲੀਆਂ ਉਨ੍ਹਾਂ ਵੱਲ ਸੁੱਟ ਰਿਹਾ ਸੀ। ਉਹ ਨਾਅਰੇ ਮਾਰਦਾ ਦੌੜਿਆ ਜਾ ਰਿਹਾ ਸੀ ਤੇ ਅਸੀਂ ਵੀ ਬੱਕਰੀਆਂ ਦੇ ਛੋਟੇ ਜਿਹੇ ਇੱਜੜ ਵਾਂਗ ਉਸ ਦਾ ਸਾਥ ਦੇ ਰਹੇ ਸੀ।
ਅਚਾਨਕ ਗੱਡੀਆਂ ਆਉਣੀਆਂ ਬੰਦ ਹੋ ਗਈਆਂ। ਥੱਕ-ਹਾਰ ਕੇ ਜਦੋਂ ਅਸੀਂ ਵਾਪਸ ਘਰ ਆਏ ਤਾਂ ਸਾਰੇ ਹੌਲ਼ੀ-ਹੌਲ਼ੀ ਕਰਾਹ ਰਹੇ ਸਨ। ਤੇਰੇ ਪਿਓ ਦੇ ਬੁੱਲ੍ਹਾਂ ’ਤੇ ਖ਼ਮੋਸ਼ੀ ਤਾਰੀ ਸੀ। ਸਾਡੇ ਵਿੱਚ ਵੀ ਬੋਲਣ ਦੀ ਸ਼ਕਤੀ ਨਹੀਂ ਸੀ ਰਹੀ। ਸਾਡੇ ਕੋਲੋਂ ਲੰਘਦੀ ਇੱਕ ਗੱਡੀ ਦੀ ਲਾਈਟ ਤੇਰੇ ਪਿਓ ਦੇ ਚਿਹਰੇ ’ਤੇ ਪਈ। ਉਸ ਦੀਆਂ ਗੱਲ੍ਹਾਂ ’ਤੇ ਹੰਝੂ ਵਹਿ ਰਹੇ ਸਨ।
ਸਮਾਂ ਜਿਵੇਂ ਰੁਕ ਕੇ ਰਹਿ ਗਿਆ ਸੀ। ਖ਼ਬਰਾਂ ਨੇ ਸਾਨੂੰ ਧੋਖੇ ਵਿੱਚ ਰੱਖਿਆ। ਫਿਰ ਹਕੀਕਤ ਨੇ ਆਪਣੀਆਂ ਸਾਰੀਆਂ ਕੁੜੱਤਣਾਂ ਨਾਲ ਸਾਨੂੰ ਸਦਮੇ ਨਾਲ ਦੋ-ਚਾਰ ਕੀਤਾ। ਚਿਹਰੇ ਫਿਰ ਤੋਂ ਹਨੇਰੇ ਵਿੱਚ ਡੁੱਬਣ ਲੱਗੇ। ਤੇਰੇ ਪਿਓ ਲਈ ਫ਼ਲਸਤੀਨ ਅਤੇ ਉੱਥੋਂ ਦੇ ਖੇਤ-ਖਲਿਹਾਣਾਂ ਵਿੱਚ ਗੁਜ਼ਾਰੇ ਚੰਗੇ ਦਿਨਾਂ ਬਾਰੇ ਗੱਲ ਕਰਨਾ ਰੂਹ ਨੂੰ ਝੰਜੋੜ ਦੇਣ ਵਾਲਾ ਪਲ ਬਣਦਾ ਜਾ ਰਿਹਾ ਸੀ। ਸਾਡੀ ਮੌਜੂਦਗੀ ਉਸ ਦੀ ਨਵੀਂ ਜ਼ਿੰਦਗੀ ਨੂੰ ਜ਼ਿਆਦਾ ਮੁਸ਼ਕਲ ਬਣਾ ਰਹੀ ਸੀ। ਸਾਡੀ ਹੈਸੀਅਤ ਅਛੂਤਾਂ ਵਰਗੀ ਸੀ। ਅਸੀਂ ਚੰਗੀ ਤਰ੍ਹਾਂ ਸਮਝਦੇ ਸੀ ਕਿ ਤੇਰੇ ਪਿਓ ਦਾ ਸਾਨੂੰ ਤੜਕਸਾਰ ਹਨੇਰੇ ਵਿੱਚ ਹੀ ਪਹਾੜ ’ਤੇ ਚੜ੍ਹਨ ਦਾ ਹੁਕਮ ਹਵਾਖੋਰੀ ਲਈ ਹੀ ਸੀ, ਕਿਤੇ ਅਸੀਂ ਨਾਸ਼ਤਾ ਹੀ ਨਾ ਮੰਗ ਲਈਏ।
ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਸਨ। ਤੇਰਾ ਪਿਓ ਛੋਟੀ ਤੋਂ ਛੋਟੀ ਗੱਲ ’ਤੇ ਵੀ ਵੱਢ ਖਾਣ ਨੂੰ ਆਉਂਦਾ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਇੱਕ ਦਿਨ ਕਿਸੇ ਨੇ ਉਸ ਤੋਂ ਕੁਝ ਮੰਗ ਲਿਆ। ਮੈਨੂੰ ਨਹੀਂ ਪਤਾ ਕੀ ਮੰਗਿਆ ਸੀ? ਇਸ ’ਤੇ ਉਹ ਗੁੱਸੇ ਵਿੱਚ ਆਪੇ ਤੋਂ ਬਾਹਰ ਹੋ ਗਿਆ। ਫਿਰ ਬਿਜਲੀ ਦਾ ਕਰੰਟ ਲੱਗਣ ਵਾਲੇ ਸ਼ਖ਼ਸ ਵਾਂਗ ਕੰਬਣ ਲੱਗ ਪਿਆ। ਉਸ ਦੀ ਚੰਗਿਆੜੇ ਛੱਡਦੀ ਨਜ਼ਰ ਨੇ ਸਾਡਾ ਸਾਰਿਆਂ ਦਾ ਜਾਇਜ਼ਾ ਲਿਆ। ਉਸ ਦੇ ਜ਼ਿਹਨ ਵਿੱਚ ਕੋਈ ਭਿਆਨਕ ਖ਼ਿਆਲ ਆ ਗਿਆ ਸੀ। ਫਿਰ ਜਿਵੇਂ ਆਪਣੇ ਖ਼ਿਆਲ ਨੂੰ ਅਮਲੀ ਜਾਮਾ ਪਹਿਨਾਉਣ ਲਈ ਉਹ ਕੁੱਦ ਕੇ ਉੱਠ ਖੜ੍ਹਾ ਹੋਇਆ। ਨਾਲ ਦੀ ਨਾਲ ਬੁੜ-ਬੁੜ ਵੀ ਕਰਦਾ ਰਿਹਾ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸ ਨੂੰ ਆਪਣੇ ਸਾਰੇ ਮਸਲਿਆਂ ਤੋਂ ਖਹਿੜਾ ਛੁਡਾਉਣ ਲਈ ਕੋਈ ਬਹੁਤ ਖ਼ਤਰਨਾਕ ਤਰੀਕਾ ਲੱਭ ਪਿਆ ਸੀ। ਉਹ ਚਾਰੋਂ ਪਾਸੇ ਘੁੰਮਦਾ ਫਿਰਦਾ ਕੁਝ ਤਲਾਸ਼ ਕਰਨ ਲੱਗਾ। ਫਿਰ ਅਕਾ ਤੋਂ ਨਾਲ ਲਿਆਂਦੇ ਆਪਣੇ ਸੰਦੂਕ ’ਤੇ ਟੁੱਟ ਪਿਆ ਤੇ ਉਸ ਵਿੱਚ ਪਏ ਸਾਮਾਨ ਨੂੰ ਕੱਢ-ਕੱਢ ਇੱਧਰ ਉੱਧਰ ਸੁੱਟਣ ਲੱਗਾ।
ਪਲ ਵਿੱਚ ਹੀ ਤੇਰੀ ਮਾਂ ਸਭ ਕੁਝ ਸਮਝ ਗਈ ਸੀ। ਮਾਂ ਸੀ, ਆਪਣੇ ਬੱਚਿਆਂ ਨੂੰ ਖ਼ਤਰੇ ਵਿੱਚ ਦੇਖ ਕੇ ਬੇਕਰਾਰ ਹੋ ਉੱਠੀ। ਉਹ ਸਾਨੂੰ ਤੇਜ਼ੀ ਨਾਲ ਕਮਰੇ ਵਿੱਚੋਂ ਬਾਹਰ ਕੱਢਣ ਲੱਗੀ ਤੇ ਦੌੜ ਕੇ ਪਹਾੜ ’ਤੇ ਚਲੇ ਜਾਣ ਲਈ ਕਿਹਾ ਪਰ ਅਸੀਂ ਖਿੜਕੀ ਨਾਲ ਕੰਨ ਲਾ ਕੇ ਖੜ੍ਹੇ ਰਹੇ। ਤੇਰੇ ਪਿਓ ਦੀ ਆਵਾਜ਼ ਸਾਡੇ ਰੌਂਗਟੇ ਖੜ੍ਹੇ ਕਰ ਰਹੀ ਸੀ। ਉਹ ਕਹਿ ਰਿਹਾ ਸੀ, ‘‘ਮੈਂ ਇਨ੍ਹਾਂ ਸਾਰਿਆਂ ਨੂੰ ਮਾਰ ਦੇਣਾ ਚਾਹੁੰਦਾ ਹਾਂ ਤੇ ਫਿਰ ਆਪ ਵੀ ਖ਼ਤਮ ਹੋ ਜਾਣਾ ਚਾਹੁੰਦਾ ਹਾਂ...’’ ਤੇਰੇ ਪਿਓ ਦੀ ਆਵਾਜ਼ ਆਉਣੀ ਬੰਦ ਹੋ ਗਈ। ਅਸੀਂ ਦਰਵਾਜ਼ੇ ਦੀ ਝੀਥ ਵਿੱਚੋਂ ਕਮਰੇ ਅੰਦਰ ਝਾਕ ਕੇ ਦੇਖਿਆ। ਤੇਰਾ ਪਿਓ ਜ਼ਮੀਨ ’ਤੇ ਡਿੱਗਿਆ ਕਰਾਹ ਰਿਹਾ ਸੀ ਤੇ ਦੰਦ ਪੀਂਹਦਾ ਰੋ ਰਿਹਾ ਸੀ। ਤੇਰੀ ਮਾਂ ਇੱਕ ਕੋਨੇ ਵਿੱਚ ਬੈਠੀ ਆਪਣੇ ਖਾਵੰਦ ਵੱਲ ਪ੍ਰੇਸ਼ਾਨ ਨਜ਼ਰਾਂ ਨਾਲ ਦੇਖ ਰਹੀ ਸੀ। ਅਸੀਂ ਕੁਝ ਜ਼ਿਆਦਾ ਸਮਝ ਨਾ ਸਕੇ। ਪਰ ਮੈਨੂੰ ਯਾਦ ਹੈ ਕਿ ਜਦੋਂ ਮੈਂ ਤੇਰੇ ਪਿਓ ਦੇ ਲਾਗੇ ਜ਼ਮੀਨ ’ਤੇ ਪਏ ਕਾਲ਼ੇ ਰੰਗ ਦੇ ਪਿਸਤੌਲ ਵੱਲ ਦੇਖਿਆ, ਮੈਂ ਸਭ ਕੁਝ ਸਮਝ ਗਿਆ ... ਮੈਂ ਥੋੜ੍ਹਾ ਡਰ ਗਿਆ। ਮੇਰੀ ਹਾਲਤ ਉਸ ਬੱਚੇ ਵਰਗੀ ਸੀ, ਜਿਸ ਨੇ ਅਚਾਨਕ ਭੂਤ ਦੇਖ ਲਿਆ ਹੋਵੇ। ਮੈਂ ਸਿਰ ’ਤੇ ਪੈਰ ਰੱਖ ਕੇ ਪਹਾੜ ਵੱਲ ਨੂੰ ਦੌੜ ਲਿਆ। ਮੈਂ ਘਰੋਂ ਬਹੁਤ ਦੂਰ ਚਲਾ ਜਾਣਾ ਚਾਹੁੰਦਾ ਸੀ। ਮੈਂ ਘਰੋਂ ਦੂਰ ਹੋਣ ਦੇ ਨਾਲ-ਨਾਲ ਆਪਣੇ ਬਚਪਨ ਤੋਂ ਵੀ ਦੂਰ ਹੁੰਦਾ ਜਾ ਰਿਹਾ ਸਾਂ। ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਹੁਣ ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ ਰਹਿ ਗਈ ਸੀ। ਨੌਬਤ ਇੱਥੋਂ ਤੱਕ ਆ ਗਈ ਸੀ ਕਿ ਸਾਡੇ ਸਾਰਿਆਂ ਦੀਆਂ ਖੋਪੜੀਆਂ ਵਿੱਚ ਇੱਕ-ਇੱਕ ਗੋਲ਼ੀ ਉਤਾਰ ਦੇਣ ਨਾਲ ਹੀ ਮਸਲਿਆਂ ਦਾ ਖ਼ਾਤਮਾ ਹੋ ਸਕਦਾ ਸੀ। ਇਸ ਲਈ ਹੁਣ ਸਾਨੂੰ ਸ਼ਰੀਫ਼ ਬੱਚਿਆਂ ਵਾਂਗ ਰਹਿਣਾ ਚਾਹੀਦਾ ਹੈ। ਸਾਨੂੰ ਭੁੱਖ ਲੱਗੀ ਹੋਵੇ ਤਾਂ ਵੀ ਖਾਣਾ ਨਹੀਂ ਮੰਗਣਾ ਚਾਹੀਦਾ। ਜਦੋਂ ਪਿਓ ਆਪਣੀਆਂ ਮੁਸ਼ਕਲਾਂ ਦਾ ਜ਼ਿਕਰ ਕਰੇ ਤਾਂ ਸਾਨੂੰ ਖ਼ਾਮੋਸ਼ੀ ਨਾਲ਼ ਸੁਣਨਾ ਚਾਹੀਦਾ ਹੈ। ਜੇ ਉਹ ਸਾਨੂੰ ਕਹੇ ਕਿ ਪਹਾੜ ’ਤੇ ਘੁੰਮਣ ਚਲੇ ਜਾਓ ਤੇ ਹਾਂ, ਦੁਪਹਿਰ ਤੱਕ ਵਾਪਸ ਨਹੀਂ ਆਉਣਾ ਤਾਂ ਸਾਨੂੰ ਮੁਸਕੁਰਾ-ਮੁਸਕੁਰਾ ਕੇ ਆਪਣਾ ਸਿਰ ਹਾਂ ਵਿੱਚ ਹਿਲਾਉਣਾ ਚਾਹੀਦਾ ਹੈ।
ਸ਼ਾਮ ਵੇਲ਼ੇ ਜਦੋਂ ਹਨੇਰਾ ਫੈਲਣ ਲੱਗਾ ਤਾਂ ਮੈਂ ਘਰ ਵਾਪਸ ਆ ਗਿਆ। ਤੇਰਾ ਪਿਓ ਅਜੇ ਵੀ ਬਿਮਾਰ ਸੀ। ਤੇਰੀ ਮਾਂ ਉਸ ਲਾਗੇ ਬੈਠੀ ਹੋਈ ਸੀ। ਤੁਹਾਡੀਆਂ ਸਾਰਿਆਂ ਦੀਆਂ ਅੱਖਾਂ ਬਿੱਲੀਆਂ ਵਾਂਗ ਚਮਕ ਰਹੀਆਂ ਸਨ ਤੇ ਬੁੱਲ੍ਹ ਇੰਝ ਬੰਦ ਸਨ, ਜਿਵੇਂ ਕਦੇ ਖੁੱਲ੍ਹੇ ਹੀ ਨਾ ਹੋਣ, ਕਿਸੇ ਪੁਰਾਣੇ ਜ਼ਖ਼ਮ ਵਾਂਗ ਜੋ ਅਜੇ ਪੂਰੀ ਤਰ੍ਹਾਂ ਭਰਿਆ ਨਾ ਹੋਵੇ।
ਤੁਸੀਂ ਲੋਕ ਉੱਥੇ ਗਠੜੀਆਂ ਵਾਂਗ ਪਏ ਸੀ। ਸੰਤਰਿਆਂ ਦੀ ਜ਼ਮੀਨ ਤੋਂ ਤਾਂ ਦੂਰ ਸੀ ਹੀ, ਬਚਪਨ ਤੋਂ ਵੀ ਹੱਥ ਧੋ ਬੈਠੇ ਸੀ। ਇੱਕ ਵਾਰੀ ਇੱਕ ਕਿਸਾਨ ਨੇ ਦੱਸਿਆ ਸੀ ਕਿ ਸੰਤਰਾ ਅਜਿਹਾ ਫਲ਼ ਹੈ, ਜੋ ਉਸੇ ਵੇਲ਼ੇ ਮੁਰਝਾ ਜਾਂਦਾ ਹੈ, ਜਿਸ ਵੇਲ਼ੇ ਉਸ ਨੂੰ ਪਾਣੀ ਦੇਣ ਵਾਲੇ ਹੱਥ ਬਦਲ ਜਾਂਦੇ ਹਨ। ਤੇਰਾ ਪਿਓ ਬਿਮਾਰ ਹੋ ਕੇ ਮੰਜੇ ਨਾਲ ਜੁੜ ਚੁੱਕਾ ਸੀ ਅਤੇ ਤੇਰੀ ਮਾਂ ਦੀਆਂ ਅੱਖਾਂ ਨਾਲ ਉਹ ਹੰਝੂ ਚਿਪਕੇ ਹੋਏ ਹਨ।
ਮੈਂ ਨਜ਼ਰਾਂ ਬਚਾ ਕੇ ਕਮਰੇ ਵਿੱਚ ਕਿਸੇ ਅਛੂਤ ਵਾਂਗ ਦਾਖ਼ਲ ਹੋਇਆ। ਤੇਰੇ ਪਿਓ ਦੇ ਚਿਹਰੇ ’ਤੇ ਨਜ਼ਰ ਗਈ। ਉਸ ਦਾ ਚਿਹਰਾ ਗੁੱਸੇ ਦੀ ਸ਼ਿੱਦਤ ਨਾਲ ਕੰਬ ਰਿਹਾ ਸੀ। ਮੈਂ ਦੇਖਿਆ ਛੋਟੇ ਮੇਜ਼ ’ਤੇ ਉਹੀ ਕਾਲ਼ੇ ਰੰਗ ਦਾ ਪਿਸਤੌਲ ਪਿਆ ਸੀ। ਉਸ ਦੇ ਨਾਲ ਹੀ ਇੱਕ ਸੰਤਰਾ ਪਿਆ ਸੀ।
(ਜਨਚੇਤਨਾ ਦੇ ਪ੍ਰਗਤੀਸ਼ੀਲ ਕਥਾ-ਮਾਸਿਕ ਹਿੰਦੀ ਮੈਗਜ਼ੀਨ ‘ਹੰਸ, ਫਰਵਰੀ 2024’ ਤੋਂ ਧੰਨਵਾਦ ਸਹਿਤ)
ਇਹ ਫ਼ਲਸਤੀਨੀ ਕਹਾਣੀ ਉੱਘੇ ਕਹਾਣੀਕਾਰ ਗੱਸਾਨ ਕਨਫ਼ਾਨੀ ਦੀ ਲਿਖੀ ਹੋਈ ਹੈ, ਜਿਸ ਵਿੱਚ ਜੰਗ ਦੇ ਝੰਬੇ ਫ਼ਲਸਤੀਨੀ ਲੋਕ ਆਪਣੇ ਸ਼ਹਿਰ ਤੋਂ ਦੂਰ ਹਿਜਰਤ ਕਰਨ ਲਈ ਮਜਬੂਰ ਹਨ। ਸੰਤਰਿਆਂ ਦੇ ਬਾਗਾਂ ਦੇ ਹਵਾਲੇ ਨਾਲ ਉਨ੍ਹਾਂ ਦੇ ਮਨੋਭਾਵਾਂ ਨੂੰ ਬਹੁਤ ਬਾਰੀਕੀ ਨਾਲ ਚਿਤਰਿਆ ਗਿਆ ਹੈ। ਇਸ ਕਹਾਣੀ ਨੂੰ ਪੰਜਾਬੀ ਰੂਪ ਗੁਰਦਿਆਲ ਦਲਾਲ (ਸੰਪਰਕ: 98141-85363) ਨੇ ਦਿੱਤਾ ਹੈ।

