DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੋਡੇ ਕਾਲਜ ਦੇ ਸੁਨਹਿਰੀ ਦਿਨ...

ਮੇਰੇ ਰੋਡੇ ਪੌਲੀਟੈਕਨਿਕ ਦੇ ਮਿੱਤਰ ਅਤੇ ਜਮਾਤੀ ਰਹੇ ਮੱਖਣ ਸਿੰਘ ਸਿੱਧੂ ਭਗਤੇ ਵਾਲੇ, ਜੋ ਅੱਜਕੱਲ੍ਹ ਬਠਿੰਡੇ ਰਹਿੰਦੇ ਹਨ, ਨੇ ਮੈਨੂੰ ਸਾਡੇ ਕੋਰਸ ਦੇ ਅਖੀਰਲੇ ਸਾਲ ਦੀ ਵਿਦਾਇਗੀ ਪਾਰਟੀ ਸਮੇਂ ਖਿੱਚੀ ਗਰੁੱਪ ਫੋਟੋ ਭੇਜੀ, ਜਿਸ ਨੂੰ ਦੇਖ ਕੇ ਉਸ ਸਮੇਂ ਦੀਆਂ...

  • fb
  • twitter
  • whatsapp
  • whatsapp
Advertisement

ਮੇਰੇ ਰੋਡੇ ਪੌਲੀਟੈਕਨਿਕ ਦੇ ਮਿੱਤਰ ਅਤੇ ਜਮਾਤੀ ਰਹੇ ਮੱਖਣ ਸਿੰਘ ਸਿੱਧੂ ਭਗਤੇ ਵਾਲੇ, ਜੋ ਅੱਜਕੱਲ੍ਹ ਬਠਿੰਡੇ ਰਹਿੰਦੇ ਹਨ, ਨੇ ਮੈਨੂੰ ਸਾਡੇ ਕੋਰਸ ਦੇ ਅਖੀਰਲੇ ਸਾਲ ਦੀ ਵਿਦਾਇਗੀ ਪਾਰਟੀ ਸਮੇਂ ਖਿੱਚੀ ਗਰੁੱਪ ਫੋਟੋ ਭੇਜੀ, ਜਿਸ ਨੂੰ ਦੇਖ ਕੇ ਉਸ ਸਮੇਂ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ। ਉਨ੍ਹਾਂ ਸਮਿਆਂ ਵਿੱਚ ਰੋਡੇ ਪੌਲੀਟੈਕਨਿਕ ਦੀ ਪੂਰੀ ਚੜ੍ਹਤ ਹੁੰਦੀ ਸੀ। ਮੋਗਾ ਅਤੇ ਕੋਟਕਪੂਰਾ ਦੋਹਾਂ ਸ਼ਹਿਰਾਂ ਦੇ ਐਨ ਅੱਧ ਵਿਚਾਲੇ ਕਈ ਪਿੰਡਾਂ ਨੇੜੇ ਸਥਿਤ ਇਸ ਪੌਲੀਟੈਕਨਿਕ ਕਾਲਜ ਲਾਗੇ ਇੱਕ ਆਰਟਸ ਕਾਲਜ ਅਤੇ ਇੱਕ ਸਰਕਾਰੀ ਸਕੂਲ ਹੋਣ ਕਾਰਨ ਇੱਥੋਂ ਦੇ ਬੱਸ ਅੱਡੇ ’ਤੇ ਹਰ ਵੇਲੇ ਰੌਣਕ ਰਹਿੰਦੀ ਸੀ। ਉਦੋਂ ਸਮੁੱਚੇ ਪੰਜਾਬ ਵਿੱਚ ਦੋ ਹੀ ਇੰਜਨੀਅਰਿੰਗ ਕਾਲਜ ਪਟਿਆਲਾ ਅਤੇ ਲੁਧਿਆਣਾ ਅਤੇ ਸਾਰੇ ਪੰਜਾਬ ਵਿੱਚ ਸਿਰਫ਼ ਅੱਠ ਪੌਲੀਟੈਕਨਿਕ ਹੁੰਦੇ ਸਨ, ਚਾਰ ਸਰਕਾਰੀ (ਰੋਡੇ, ਅੰਮ੍ਰਿਤਸਰ, ਬਟਾਲਾ, ਹੁਸ਼ਿਆਰਪੁਰ) ਅਤੇ ਚਾਰ ਪ੍ਰਾਈਵੇਟ (ਲੁਧਿਆਣਾ , ਪਟਿਆਲਾ, ਜਲੰਧਰ, ਅਤੇ ਫਗਵਾੜਾ) ਹੁੰਦੇ ਸਨ। ਮਾਲਵੇ ਦੇ ਹੁਣ ਵਾਲੇ ਅੱਠ-ਨੌਂ ਜ਼ਿਲ੍ਹਿਆਂ ਵਿੱਚ ਸਿਰਫ ਇੱਕ ਹੀ ਇਹ ਪੌਲੀਟੈਕਨਿਕ ਕਾਲਜ ਰੋਡੇ ਸੀ। ਉਦੋਂ ਇਲਾਕੇ ਵਿੱਚ ਇਹ ਗੱਲ ਆਮ ਸੁਣਦੇ ਹੁੰਦੇ ਸਾਂ ਕਿ ਇਸ ਪੌਲੀਟੈਕਨਿਕ ਕਾਲਜ ਨੂੰ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਇਥੋਂ ਦੇ ਨੇੜਲੇ ਪਿੰਡ ਦੇ ਆਪਣੇ ਰਿਸ਼ਤੇਦਾਰਾਂ ਦੇ ਕਹਿਣ ’ਤੇ ਬਣਵਾਇਆ ਸੀ।

ਹੁਣ ਪੌਲੀਟੈਕਨਿਕ ਕਾਲਜਾਂ ਵਿੱਚ ਬਹੁਤ ਕਿਸਮ ਦੇ ਕੋਰਸ ਚੱਲ ਰਹੇ ਹਨ , ਉਦੋਂ ਸਿਰਫ ਤਿੰਨ ਹੀ ਕੋਰਸ ਸਿਵਿਲ, ਇਲੈਕਟਰੀਕਲ ਅਤੇ ਮਕੈਨੀਕਲ ਇੰਜਨੀਅਰਿੰਗ ਹੁੰਦੇ ਸਨ। ਦਾਖ਼ਲੇ ਲਈ ਮੈਰਿਟ ਬਹੁਤ ਉੱਚੀ ਜਾਂਦੀ ਸੀ ਤੇ ਤਕਰੀਬਨ ਉਨ੍ਹਾਂ ਸਮਿਆਂ ਵਿੱਚ ਦਸਵੀਂ ਵਿਚੋਂ ਫਸਟ ਡਿਵੀਜ਼ਨ ਵਿੱਚ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਹੀ ਦਾਖ਼ਲਾ ਮਿਲਦਾ ਸੀ। ਸਰਕਾਰੀ ਕਾਲਜਾਂ ਦੀਆਂ ਫੀਸਾਂ ਵੀ ਬਹੁਤ ਨਿਗੂਣੀਆਂ ਹੁੰਦੀਆਂ ਸਨ।

Advertisement

ਤਸਵੀਰ ਵਿੱਚ ਸ਼ਾਮਿਲ ਸਾਥੀਆਂ ਦੀਆਂ ਤਸਵੀਰਾਂ ਅਤੇ ਚਿਹਰੇ ਨਿਹਾਰਦਿਆਂ ਮਨ ਵਿੱਚ ਆਪ ਮੁਹਾਰੇ ਛਿਆਲੀ-ਸੰਤਾਲੀ ਸਾਲ ਪਹਿਲਾਂ ਦੇ ਦਿਨਾਂ ਦੀਆਂ ਯਾਦਾਂ ਘੁੰਮ ਗਈਆਂ। ਇਨਸਾਨ ਜ਼ਿੰਦਗੀ ਵਿੱਚ ਪੜ੍ਹਦਿਆਂ, ਨੌਕਰੀ ਕਰਦਿਆਂ, ਕਾਰੋਬਾਰ ਕਰਦਿਆਂ, ਵਿਚਰਦਿਆਂ ਬੜੇ ਲੋਕਾਂ ਨਾਲ ਮਿਲਦਾ ਹੈ, ਕੁਝ ਯਾਦ ਰਹਿ ਜਾਂਦੇ ਹਨ, ਕੁਝ ਭੁੱਲ ਜਾਂਦੇ ਹਨ ਪਰ ਸਕੂਲ ਤੇ ਕਾਲਜ ਵਾਲੇ ਮਿੱਤਰ ਕਦੇ ਮਨ ’ਚੋਂ ਨਹੀਂ ਵਿਸਰਦੇ। ਤਸਵੀਰਾਂ ਦੇਖਦਿਆਂ ਸਾਰਿਆਂ ਦੇ ਨਾਮ, ਪਿੰਡ, ਸੁਭਾਅ, ਯਾਦਾਂ ਅਤੇ ਹੋਰ ਗੱਲਾਂ-ਬਾਤਾਂ ਕੱਲ੍ਹ ਦੇ ਦਿਨਾਂ ਵਾਂਗ ਜਾਪ ਰਹੀਆਂ ਸਨ।

Advertisement

ਉਦੋਂ ਕਾਲਜ ਦੀ ਬਣੀ ਇਮਾਰਤ ਨੂੰ ਥੋੜ੍ਹੇ ਸਾਲ ਹੀ ਹੋਏ ਸਨ, ਬਹੁਤ ਸ਼ਾਨਦਾਰ ਇਮਾਰਤ ਅਤੇ ਸੋਹਣਾ ਤਿੰਨ ਮੰਜ਼ਿਲਾ ਹੋਸਟਲ ਸੀ ਜਿਸ ਦੇ ਦੋ ਵਿੰਗ ਸਨ ਅਤੇ ਸੱਠ ਕਮਰਿਆਂ ਵਿੱਚ ਇਕ ਸੌ ਅੱਸੀ ਵਿਦਿਆਰਥੀ ਰਹਿ ਸਕਦੇ ਸਨ। ਹੋਸਟਲ ਵਿੱਚ ਰਹਿਣ ਵਾਲਿਆਂ ਦੀ ਵੱਖਰੀ ਹੀ ਜ਼ਿੰਦਗੀ ਹੁੰਦੀ ਸੀ। ਅੱਧੀ ਰਾਤ ਤੱਕ ਕੋਈ ਪੜ੍ਹ ਰਿਹਾ ਹੁੰਦਾ ਸੀ, ਕੋਈ ਗਾ ਰਿਹਾ ਹੁੰਦਾ, ਕੋਈ ਨੱਚ ਰਿਹਾ ਹੁੰਦਾ ਸੀ। ਖਾਣੇ ਦੇ ਸਮੇਂ ਮੈੱਸ ਵਿੱਚ ਵੱਜਦੇ ਪੰਜਾਬੀ ਗਾਣੇ ਮਾਹੌਲ ਨੂੰ ਸੰਗੀਤਕ ਬਣਾ ਦਿੰਦੇ ਸਨ। ਮੈੱਸ ਨੂੰ ਵਿਦਿਆਰਥੀਆਂ ਦੀ ਚੁਣੀ ਕਮੇਟੀ ਚਲਾਉਂਦੀ ਸੀ। ਮੈੱਸ ਦੇ ਮੈਨੇਜਰ ਓਮ ਪ੍ਰਕਾਸ਼ ਦਾ ਸੁਭਾਅ ਬੜਾ ਨਰਮ, ਨਿੱਘਾ ਅਤੇ ਮਿਲਾਪੜਾ ਸੀ। ਸਾਰੇ ਪੰਜਾਬ ’ਚੋਂ ਆਉਂਦੇ ਵਿਦਿਆਰਥੀਆਂ ਕਾਰਨ ਸਾਰੇ ਕਮਰੇ ਭਰੇ ਰਹਿੰਦੇ ਸਨ ਅਤੇ ਕੁਝ ਵਿਦਿਆਰਥੀ ਨੇੜਲੇ ਪਿੰਡਾਂ ਸਮਾਲਸਰ, ਰਾਜੇਆਣਾ, ਬਾਘਾ ਪੁਰਾਣਾ ਵੀ ਰਹਿੰਦੇ ਸਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ, ਸ਼ਹਿਰਾਂ ਤੋਂ ਦਾਖ਼ਲ ਹੋਏ ਮਿੱਤਰਾਂ ਕਾਰਨ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਗ਼ਮੀਆਂ ਦੇ ਬਹਾਨੇ ਆਉਣ-ਜਾਣ ਬਣਿਆ ਰਹਿੰਦਾ ਸੀ ਅਤੇ ਛੋਟੀ ਉਮਰ ਹੋਣ ਕਰਕੇ ਇਸ ਮਿੱਤਰਤਾ ਦੇ ਵਿਸ਼ਾਲ ਘੇਰੇ ’ਤੇ ਬੜਾ ਮਾਣ ਹੁੰਦਾ ਸੀ। ਹਮਜਮਾਤੀ ਵਿਦਿਆਰਥੀਆਂ ਦੀਆਂ ਯਾਦਾਂ ਵਾਂਗ ਪੜ੍ਹਾਉਣ ਵਾਲੇ ਪ੍ਰੋਫੈਸਰਾਂ, ਵਰਕਸ਼ਾਪਾਂ ਦੇ ਇੰਸਟਰੱਕਟਰਾਂ ਅਤੇ ਦੂਜੇ ਸਹਾਇਕ ਸਟਾਫ ਦੇ ਚਿਹਰੇ ਮੋਹਰੇ ਅਤੇ ਯਾਦਾਂ ਅੱਜ ਵੀ ਮਨਾਂ ’ਚੋਂ ਮਨਫੀ ਨਹੀਂ ਹੋਈਆਂ ਹਨ। ਸਮੇਂ-ਸਮੇਂ ਸਿਰ ਰਹੇ ਪ੍ਰਿੰਸੀਪਲ ਬਸੂਰ ਸਾਹਬ, ਸ਼ਰਮਾ ਜੀ, ਸਿਵਲ ਦੇ ਮੁਖੀ ਗੁਰਚਰਨ ਸਿੰਘ ਤੂਰ, ਅਮਰਜੀਤ ਅਗਰਵਾਲ, ਸੂਦ ਸਾਹਬ, ਬਰਾੜ ਸਾਹਬ, ਰੇਹਾਨੂ ਸਾਹਬ, ਨਿਰਮਲ ਕੁਮਾਰ ਅਤੇ ਹੋਸਟਲ ਵਾਰਡਨ ਮਾਦੁਰਾ ਸਾਹਬ ਦੇ ਸਖ਼ਤ ਪਰ ਸੰਜੀਦਾ ਸੁਭਾਅ ਅਤੇ ਉਨ੍ਹਾਂ ਦੀਆਂ ਕਰਵਾਈਆਂ ਮਿਹਨਤਾਂ ਅਤੇ ਦਿੱਤੀਆਂ ਸਿੱਖਿਆਵਾਂ ਅੱਜ ਵੀ ਯਾਦ ਹਨ। ਕੰਟੀਨ ਵਾਲੇ ਤਾਏ ਭਗਵਾਨ ਦਾਸ ਅਤੇ ਉਸ ਤੋਂ ਬਾਅਦ ਖੁਸ਼ੀ ਅਤੇ ਮੰਗੀ ਰੋਡਿਆਂ ਵਾਲੇ ਭਰਾਵਾਂ ਅਤੇ ਕਿਤਾਬਾਂ ਦੀ ਦੁਕਾਨ ਵਾਲੇ ਕਰਮ ਚੰਦ ਤੇ ਮੋਲ੍ਹੀ ਹੋਰਾਂ ਨਾਲ ਅਤੇ ਅੱਡੇ ’ਤੇ ਚਾਹ ਦੀ ਦੁਕਾਨ ਕਰਨ ਵਾਲੇ ਫੌਜੀ ਨਾਲ ਤਾਂ ਸਾਰਿਆਂ ਦਾ ਪਰਿਵਾਰਕ ਰਿਸ਼ਤਾ ਹੀ ਹੁੰਦਾ ਸੀ।

ਉਦੋਂ ਉਮਰ ਹੀ ਅਜਿਹੀ ਸੀ ਕਿ ਹੋਸਟਲ ਰਹਿੰਦਿਆਂ ਲੜਾਈਆਂ ਵੀ ਹੁੰਦੀਆਂ ਰਹਿੰਦੀਆਂ ਸਨ, ਵਿਦਿਆਰਥੀ ਜਥੇਬੰਦੀਆਂ ਦਾ ਵੀ ਜ਼ੋਰ ਹੁੰਦਾ ਸੀ। ਇਸ ਦੇ ਨਾਲ-ਨਾਲ ਚੰਗੇ ਨੰਬਰਾਂ ਨਾਲ ਹੋਏ ਦਾਖ਼ਲੇ ਕਾਰਨ ਪੜ੍ਹਾਈ ਵਿੱਚ ਵੀ ਇਹ ਕਾਲਜ ਪੰਜਾਬ ਦੇ ਦੂਜੇ ਕਾਲਜਾਂ ਨਾਲੋਂ ਮੋਹਰੀ ਰਹਿੰਦਾ ਸੀ। ਸਾਦ ਮੁਰਾਦੀ ਜ਼ਿੰਦਗੀ ਤੇ ਸਸਤੇ ਸਮਿਆਂ ਦੀਆਂ ਗੱਲਾਂ ਸਨ। ਬਿਨਾਂ ਪੈਸੇ ਧੇਲੇ ਤੋਂ ਵੀ ਮੈੱਸ ਤੋਂ ਰੋਟੀਆਂ ਖਾ ਕੇ ਅਤੇ ਕੰਟੀਨ ਤੋਂ ਚਾਹ-ਪਾਣੀ ਪੀ ਕੇ ਕਈ-ਕਈ ਦਿਨ ਲੰਘਾ ਲਈਦੇ ਸਨ। ਹੁਣ ਛੋਟੀਆਂ ਜਮਾਤਾਂ ਵਾਲੇ ਬੱਚੇ ਵੀ ਸਕੂਟਰਾਂ ਕਾਰਾਂ ’ਤੇ ਜਾਂਦੇ ਹਨ, ਉਦੋਂ ਨੇੜੇ ਪਿੰਡਾਂ ਵਾਲੇ ਵਿਦਿਆਰਥੀ ਸਾਈਕਲਾਂ ’ਤੇ ਹੀ ਆਉਂਦੇ ਸਨ।

ਸਾਡਾ ਸਿਵਿਲ ਇੰਜਨੀਅਰਿੰਗ ਵਾਲਿਆਂ ਦਾ ਤੀਹ ਵਿਦਿਆਰਥੀਆਂ ਦਾ ਗਰੁੱਪ ਹੁੰਦਾ ਸੀ, ਸਾਰੇ ਹੀ ਹੁਸ਼ਿਆਰ ਸਨ। ਉਦੋਂ ਕਾਲਜ ਘੱਟ ਹੋਣ ਕਾਰਨ ਬੇਰੁਜ਼ਗਾਰੀ ਨਹੀਂ ਸੀ। ਸਾਰੇ ਇੱਥੋਂ ਕੋਰਸ ਕਰਕੇ ਆਪੋ ਆਪਣੀ ਜ਼ਿੰਦਗੀ ਦੇ ਨਵੇਂ ਰਾਹਾਂ ’ਤੇ ਪੈ ਗਏ। ਸਾਰਿਆਂ ਨੂੰ ਵੱਖ-ਵੱਖ ਸ਼ਹਿਰਾਂ ਵਿੱਚ, ਵੱਖ-ਵੱਖ ਵਿਭਾਗਾਂ ਵਿੱਚ ਸਰਕਾਰੀ ਨੌਕਰੀਆਂ ਮਿਲ ਗਈਆਂ। ਤਕਰੀਬਨ ਸਾਰੇ ਹੀ ਜੇ ਈ ਲੱਗਣ ਤੋਂ ਬਾਅਦ ਤਰੱਕੀਆਂ ਕਰ ਕੇ ਐੱਸ ਡੀ ਓ, ਐਕਸੀਅਨ ਅਤੇ ਕਈ ਐੱਸ ਈ ਦੇ ਮਾਣਮੱਤੇ ਰੁਤਬਿਆਂ ਤੋਂ ਸੇਵਾਮੁਕਤ ਹੋਏ। ਕੁਝ ਮਿੱਤਰ ਜਸਕਰਨ ਭੁੱਲਰ ਬੋਦੀਵਾਲਾ, ਅਮਰਜੀਤ ਮਾਨਸਾ, ਸੁਖਦੇਵ ਫੌਜੀ, ਜਸਪ੍ਰੀਤ, ਵਿਜੈ ਕੁਮਾਰ, ਜਗਦੀਸ਼ ਰਾਏ, ਗੁਰਦੇਵ ਸਿੰਘ ਰੱਥੜੀਆਂ ਚਾਹੇ ਉਮਰ ਤੋਂ ਪਹਿਲਾਂ ਹੀ ਇਹ ਸੰਸਾਰ ਤੋਂ ਚਲੇ ਗਏ ਹਨ ਪਰ ਉਨ੍ਹਾਂ ਦੀਆਂ ਯਾਦਾਂ ਵੀ ਸਦਾ ਅੰਗ-ਸੰਗ ਰਹਿੰਦੀਆਂ ਹਨ। ਹੋਸਟਲ ਰਹਿੰਦੇ ਹੋਣ ਕਾਰਨ ਦੂਜੀਆਂ ਜਮਾਤਾਂ ਵਾਲੇ ਵਿਦਿਆਰਥੀਆਂ ਨਾਲ ਵੀ ਦਿਲੀਂ ਮੋਹ-ਮੁਹੱਬਤ ਵਾਲਾ ਮੇਲ ਜੋਲ ਰਹਿੰਦਾ ਸੀ।

ਸਾਰੇ ਮਿੱਤਰਾਂ ਦੀ ਸਾਂਝੀ ਤਸਵੀਰ ਦੇਖ ਕੇ ਮਨ-ਮਸਤਕ ਨੇ ਉਨ੍ਹਾਂ ਪੁਰਾਣੇ ਰੰਗੀਨ ਤੇ ਮੇਲਿਆਂ ਵਰਗੇ ਦਿਨਾਂ ਦੀ ਪਰਿਕਰਮਾ ਕੀਤੀ ਹੈ। ਹਰੇਕ ਮਿੱਤਰ ਦੀ ਤਸਵੀਰ ਨੂੰ ਨਿਹਾਰਦਿਆਂ ਇਉਂ ਲੱਗ ਰਿਹਾ ਸੀ ਜਿਵੇਂ ਕਿਸੇ ਰੌਣਕਮਈ ਮਹਿਫ਼ਿਲ ਵਿੱਚ ਇਕੱਠੇ ਬੈਠ ਕੇ ਸਾਰੇ ਮਿੱਤਰ ਪੁਰਾਣੀਆਂ ਗੱਲਾਂ ਕਰ ਰਹੇ ਹੋਈਏ। ਯਾਦਾਂ ਜ਼ਿੰਦਗੀ ਦਾ ਸਰਮਾਇਆ ਹੁੰਦੀਆਂ ਹਨ, ਹਰ ਇਨਸਾਨ ਦੀ ਜ਼ਿੰਦਗੀ ਦਾ ਇਤਿਹਾਸ ਹੁੰਦੀਆਂ ਹਨ। ਬੀਤ ਗਏ ਸਮਿਆਂ ਦੀਆਂ ਚਾਹੇ ਕੁਝ ਕੌੜੀਆਂ ਯਾਦਾਂ ਵੀ ਹੋਣ, ਉਨ੍ਹਾਂ ਦਿਨਾਂ ਨੂੰ ਚੇਤੇ ਕਰਦਿਆਂ ਉਹ ਦਿਨ ਵੀ ਸੋਹਣੇ ਤੇ ਪਿਆਰੇ ਲੱਗਦੇ ਹਨ। ਅੱਜ ਵੀ ਜਦੋਂ ਰੋਡੇ ਕੋਲੋਂ ਦੀ ਲੰਘੀਦਾ ਹੈ ਤਾਂ ਉਸ ਧਰਤੀ ਨੂੰ ਸਲਾਮ ਕਰੀਦਾ ਹੈ, ਸਿਜਦਾ ਕਰੀਦਾ ਹੈ ਜਿੱਥੋਂ ਮਿਲੇ ਅੱਖਰਾਂ ਦੇ ਗਿਆਨ ਕਰਕੇ ਜ਼ਿੰਦਗੀ ਸੋਹਣੀ ਸੁਖਮਈ ਤੇ ਖੁਸ਼ਮਈ ਬੀਤੀ ਤੇ ਲੋਕਾਂ ਕੋਲੋਂ ਮਾਣ ਮਿਲਿਆ।

ਰੋਡੇ ਕਾਲਜ ਸਦਾ ਸਾਡੇ ਦਿਲਾਂ ਵਿੱਚ ਵਸਦਾ ਰਹੇਗਾ। ਵਕਤ, ਉਮਰ ਅਤੇ ਪਾਣੀ ਚਾਹੇ ਕਦੇ ਪਿੱਛੇ ਨਹੀਂ ਮੁੜਦੇ ਪਰ ਬੀਤੇ ਸਮਿਆਂ ਦੀਆਂ ਯਾਦਾਂ, ਹਾਸਿਆਂ, ਖੁਸ਼ੀਆਂ, ਪ੍ਰਾਪਤੀਆਂ ਤੇ ਸੱਜਣਤਾਈਆਂ ਦੇ ਅਹਿਸਾਸ ਇਨਸਾਨ ਦੇ ਮਨ ਨੂੰ ਸਕੂਨ ਦਿੰਦੇ ਰਹਿੰਦੇ ਹਨ ਅਤੇ ਰੂਹ ਨੂੰ ਸ਼ਰਸ਼ਾਰ ਕਰਦੇ ਰਹਿੰਦੇ ਹਨ।

ਰੋਡੇ ਪੌਲੀਟੈਕਨਿਕ ਕਾਲਜ ਦੇ ਉਹ ਰੰਗਲੇ ਅਤੇ ਮੇਲਿਆਂ ਵਰਗੇ ਦਿਨ ਕਦੇ ਨਹੀਂ ਭੁੱਲਣਗੇ।

ਸੰਪਰਕ: 94171-04961 ਵਟਸਐਪ ਕਾਲ

Advertisement
×