ਫੁਟਬਾਲ ਦੇ ਮਹਾਂਕੁੰਭ ਦਾ ਫਾਈਨਲ
ਫੁਟਬਾਲ ਦਾ ਮਹਾਂਕੁੰਭ ਫੀਫਾ ਵਿਸ਼ਵ ਕੱਪ 2026 ਹੁਣ ਅੰਤਿਮ ਪੜਾਅ ਉੱਤੇ ਹੈ। 48 ਟੀਮਾਂ ਵਿੱਚੋਂ ਦੋ ਟੀਮਾਂ ਅਰਜਨਟੀਨਾ ਤੇ ਸਪੇਨ ਫਾਈਨਲ ਵਿੱਚ ਆਹਮੋ-ਸਾਹਮਣੇ ਹਨ। 19-20 ਜੁਲਾਈ ਦੀ ਅੱਧੀ ਰਾਤ ਸਾਢੇ ਬਾਰਾਂ ਵਜੇ ਨਿਊ ਜਰਸੀ ਦੇ ਮੈਟਲਾਈਫ ਸਟੇਡੀਅਮ ਵਿੱਚ ਦੋਵੇਂ ਟੀਮਾਂ...
ਫੁਟਬਾਲ ਦਾ ਮਹਾਂਕੁੰਭ ਫੀਫਾ ਵਿਸ਼ਵ ਕੱਪ 2026 ਹੁਣ ਅੰਤਿਮ ਪੜਾਅ ਉੱਤੇ ਹੈ। 48 ਟੀਮਾਂ ਵਿੱਚੋਂ ਦੋ ਟੀਮਾਂ ਅਰਜਨਟੀਨਾ ਤੇ ਸਪੇਨ ਫਾਈਨਲ ਵਿੱਚ ਆਹਮੋ-ਸਾਹਮਣੇ ਹਨ। 19-20 ਜੁਲਾਈ ਦੀ ਅੱਧੀ ਰਾਤ ਸਾਢੇ ਬਾਰਾਂ ਵਜੇ ਨਿਊ ਜਰਸੀ ਦੇ ਮੈਟਲਾਈਫ ਸਟੇਡੀਅਮ ਵਿੱਚ ਦੋਵੇਂ ਟੀਮਾਂ ਵਿਚਾਲੇ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ ਅਤੇ ਫੁਟਬਾਲ ਨੂੰ ਅਗਲੇ ਚਾਰ ਸਾਲ ਲਈ ਨਵਾਂ ਚੈਂਪੀਅਨ ਮਿਲੇਗਾ। ਮੌਜੂਦਾ ਵਿਸ਼ਵ ਚੈਂਪੀਅਨ ਅਰਜਨਟੀਨਾ ਲਗਾਤਾਰ ਦੂਜੀ ਵਾਰ ਫਾਈਨਲ ਖੇਡੇਗਾ ਜਦੋਂਕਿ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਉਹ ਸੱਤਵੀਂ ਵਾਰ ਫਾਈਨਲ ਖੇਡੇਗਾ। ਦੂਜੇ ਪਾਸੇ ਸਪੇਨ ਦੂਜੀ ਵਾਰ ਫਾਈਨਲ ਖੇਡੇਗਾ। ਅਰਜਨਟੀਨਾ ਨੇ ਇਸ ਤੋਂ ਪਹਿਲਾਂ ਖੇਡੇ ਛੇ ਫਾਈਨਲ ਮੁਕਾਬਲਿਆਂ ’ਚੋਂ ਤਿੰਨ ਜਿੱਤੇ ਅਤੇ ਤਿੰਨ ਹਾਰੇ। ਸਪੇਨ ਨੇ 2010 ਵਿੱਚ ਖੇਡਿਆ ਇਕਲੌਤਾ ਵਿਸ਼ਵ ਕੱਪ ਫਾਈਨਲ ਜਿੱਤਿਆ ਸੀ। ਅਰਜਨਟੀਨਾ ਦੀ ਟੀਮ ਨੇ ਐਤਵਾਰ ਦੀ ਰਾਤ ਬ੍ਰਾਜ਼ੀਲ ਦੀ ਸੱਤ ਫਾਈਨਲ ਖੇਡਣ ਦੀ ਬਰਾਬਰੀ ਕਰ ਲੈਣੀ ਹੈ ਜਦੋਂਕਿ ਸਭ ਤੋਂ ਵੱਧ ਜਰਮਨੀ ਨੇ ਅੱਠ ਫਾਈਨਲ ਮੁਕਾਬਲੇ ਖੇਡੇ ਹਨ। ਜੇ ਮਹਾਂਦੀਪਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਸਿਰਫ਼ ਦੋ ਮਹਾਂਦੀਪਾਂ ਯੂਰੋਪ ਤੇ ਦੱਖਣੀ ਅਮਰੀਕਾ ਦੇ ਹੀ ਮੁਲਕਾਂ ਨੇ ਫਾਈਨਲ ਖੇਡੇ ਹਨ ਜਦੋਂਕਿ ਬਾਕੀ ਕਿਸੇ ਵੀ ਮਹਾਂਦੀਪ ਦਾ ਮੁਲਕ ਸੈਮੀਫਾਈਨਲ ਤੋਂ ਅੱਗੇ ਨਹੀਂ ਵਧਿਆ।
ਇਸ ਵਿਸ਼ਵ ਕੱਪ ਵਿੱਚ ਸੈਮੀਫਾਈਨਲ ਵਿੱਚ ਪੁੱਜੀਆਂ ਚਾਰੇ ਟੀਮਾਂ ਅਰਜਨਟੀਨਾ, ਸਪੇਨ, ਫਰਾਂਸ ਤੇ ਇੰਗਲੈਂਡ ਫੀਫਾ ਦੇ ਪਹਿਲੇ ਚਾਰੇ ਰੈਂਕ ਦੀਆਂ ਟੀਮਾਂ ਸਨ, ਜਿਸ ਲਿਹਾਜ਼ ਨਾਲ ਇਸ ਵਾਰ ਸੈਮੀਫਾਈਨਲ ਲਈ ਕੋਈ ਉਲਟ ਫੇਰ ਨਹੀਂ ਹੋਇਆ ਜਿਵੇਂ ਪਿਛਲੀ ਵਾਰ ਮੋਰਾਕੋ ਆਖ਼ਰੀ ਚਾਰਾਂ ਵਿੱਚ ਪੁੱਜਾ ਸੀ। ਵਿਸ਼ਵ ਕੱਪ ਵਿੱਚ ਸਪੇਨ ਤੇ ਅਰਜਨਟੀਨਾ ਚੈਂਪੀਅਨਾਂ ਵਾਂਗ ਖੇਡਦੇ ਹੋਏ ਫਾਈਨਲ ਵਿੱਚ ਪੁੱਜੇ ਹਨ। ਸੈਮੀਫਾਈਨਲ ਤੱਕ ਫਰਾਂਸ ਅਜਿੱਤ ਜਾਪ ਰਿਹਾ ਸੀ ਜਿਸ ਦੇ ਜੇਤੂ ਰੱਥ ਨੂੰ ਸਪੇਨ ਨੇ ਰੋਕਿਆ ਜਦੋਂਕਿ ਅਰਜਨਟੀਨਾ ਨੇ ਵਿਸ਼ਵ ਕੱਪ ਵਿੱਚ ਪਹਿਲਾ ਗੋਲ ਕਰਵਾਉਣ ਤੋਂ ਬਾਅਦ ਕਈ ਮੌਕਿਆਂ ਉੱਤੇ ਵਾਪਸੀ ਕਰਕੇ ਆਪਣੀ ਜੁਝਾਰੂ ਖੇਡ ਦਾ ਪ੍ਰਦਰਸ਼ਨ ਕੀਤਾ।
ਫਾਈਨਲ ਖੇਡਣ ਜਾ ਰਹੇ ਅਰਜਨਟੀਨਾ ਤੇ ਸਪੇਨ ਨੂੰ ਸਭ ਤੋਂ ਵੱਧ ਮੁਸ਼ੱਕਤ ਪਹਿਲੀ ਵਾਰ ਖੇਡਣ ਆਈ ਪੰਜ ਲੱਖ ਵਸੋਂ ਵਾਲੇ ਮੁਲਕ ਕੇਪ ਵਰਡੇ ਦੀ ਟੀਮ ਖ਼ਿਲਾਫ਼ ਆਈ। ਸਪੇਨ ਨੇ ਪਹਿਲਾ ਹੀ ਲੀਗ ਮੈਚ ਕੇਪ ਵਰਡੇ ਖ਼ਿਲਾਫ਼ ਗੋਲ ਰਹਿਤ ਬਰਾਬਰ ਖੇਡਿਆ। ਦੂਜੇ ਪਾਸੇ ਰਾਊਂਡ 32 ਦੇ ਮੈਚ ਵਿੱਚ ਅਰਜਨਟੀਨਾ ਨੇ ਕੇਪ ਵਰਡੇ ਨੂੰ ਵਾਧੂ ਸਮੇਂ ਵਿੱਚ ਕਰੜੀ ਮੁਸ਼ੱਕਤ ਬਾਅਦ 3-2 ਨਾਲ ਹਰਾਇਆ। ਇਸ ਵਿਸ਼ਵ ਕੱਪ ਵਿੱਚ ਅਰਜਨਟੀਨਾ ਆਪਣੀ ਫਾਰਵਰਡ ਲਾਈਨ ਦੇ ਬਲਬੂਤੇ ਅਤੇ ਸਪੇਨ ਆਪਣੀ ਡਿਫੈਂਸ ਲਾਈਨ ਸਦਕਾ ਫਾਈਨਲ ਵਿੱਚ ਪੁੱਜਿਆ ਹੈ। ਅਰਜਨਟੀਨਾ ਨੇ ਹੁਣ ਤੱਕ ਖੇਡੇ 8 ਮੈਚਾਂ ਵਿੱਚ 19 ਗੋਲ ਕੀਤੇ ਅਤੇ ਸੱਤ ਕਰਵਾਏ ਹਨ। ਇਸ ਨੇ ਕੇਪ ਵਰਡੇ ਤੇ ਸਵਿਟਜ਼ਰਲੈਂਡ ਖ਼ਿਲਾਫ਼ ਵਾਧੂ ਸਮੇਂ ਵਿੱਚ ਮੈਚ ਜਿੱਤਿਆ ਜਦੋਂਕਿ ਮਿਸਰ ਤੇ ਇੰਗਲੈਂਡ ਖ਼ਿਲਾਫ਼ 90 ਮਿੰਟ ਤੋਂ ਬਾਅਦ ਇੰਜਰੀ ਸਮੇਂ ਵਿੱਚ ਮੈਚ ਜਿੱਤਿਆ। ਆਖ਼ਰੀ ਪਲਾਂ ਵਿੱਚ ਅਰਜਨਟੀਨਾ ਗੋਲ ਕਰਨ ਦੀ ਕਾਬਲੀਅਤ ਰੱਖਦਾ ਹੈ। ਦੂਜੇ ਪਾਸੇ ਸਪੇਨ ਨੇ ਭਾਵੇਂ 13 ਹੀ ਗੋਲ ਕੀਤੇ ਹਨ ਪਰ ਆਪਣੇ ਸਿਰ ਸਿਰਫ਼ ਇੱਕ ਗੋਲ ਹੀ ਕਰਵਾਇਆ ਹੈ ਜੋ ਕਿ ਬੈਲਜੀਅਮ ਖ਼ਿਲਾਫ਼ ਮੈਚ ਵਿੱਚ ਹੋਇਆ ਸੀ। ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਨੂੰ ਗੋਲਡਨ ਬੂਟ ਦਾ ਐਵਾਰਡ ਮਿਲਦਾ ਹੈ ਜਿਸ ਦੀ ਦੌੜ ਵਿੱਚ ਲਿਓਨਲ ਮੈਸੀ ਤੇ ਕਿਲੀਅਨ ਐਮਬਾਪੇ 8-8 ਗੋਲਾਂ ਨਾਲ ਸਭ ਤੋਂ ਅੱਗੇ ਚੱਲ ਰਹੇ ਹਨ। ਇਸ ਤੋਂ ਬਾਅਦ ਇਰਲਿੰਗ ਹਾਲੈਂਡ ਦੇ ਸੱਤ ਗੋਲ ਅਤੇ ਜੂਡ ਬੈਲਿੰਗਮ ਤੇ ਹੈਰੀ ਕੇਨ ਦੇ ਛੇ-ਛੇ ਗੋਲ ਹਨ। ਡੈਮਬਲੇ ਤੇ ਓਯਾਰਬਾਜ਼ੇਲ ਦੇ ਪੰਜ-ਪੰਜ ਗੋਲ ਹਨ।
ਵਿਸ਼ਵ ਕੱਪ ਦੇ ਫਾਈਨਲ ਵਿੱਚ ਜਿੱਥੇ ਅਰਜਨਟੀਨਾ ਤੇ ਸਪੇਨ ਵਿਸ਼ਵ ਕੱਪ ਜਿੱਤਣ ਲਈ ਆਪਣੀ ਪੂਰੀ ਵਾਹ ਲਾਉਣਗੇ ਉੱਥੇ ਖਿਡਾਰੀ ਨਿੱਜੀ ਰਿਕਾਰਡਾਂ ਲਈ ਵੀ ਜ਼ੋਰ ਲਾਉਣਗੇ। ਅਰਜਨਟੀਨਾ ਚੌਥਾ ਤੇ ਸਪੇਨ ਦੂਜਾ ਖ਼ਿਤਾਬ ਜਿੱਤਣ ਲਈ ਮੈਦਾਨ ਵਿੱਚ ਨਿੱਤਰਨਗੇ। ਦੋ ਵਾਰ ਦਾ ਗੋਲਡਨ ਬਾਲ ਜੇਤੂ ਮੈਸੀ ਤੀਜੀ ਵਾਰ ਇਹ ਖ਼ਿਤਾਬ ਜਿੱਤਣ ਦਾ ਮਜ਼ਬੂਤ ਦਾਅਵੇਦਾਰ ਹੈ। ਹੁਣ ਤੱਕ ਸਭ ਤੋਂ ਵੱਧ ਬ੍ਰਾਜ਼ੀਲ ਨੇ ਪੰਜ ਵਾਰ ਵਿਸ਼ਵ ਕੱਪ ਜਿੱਤਿਆ ਹੈ ਅਤੇ ਇਸ ਤੋਂ ਬਾਅਦ ਜਰਮਨੀ ਤੇ ਇਟਲੀ ਨੇ ਚਾਰ-ਚਾਰ ਅਤੇ ਅਰਜਨਟੀਨਾ ਨੇ ਤਿੰਨ ਵਾਰ ਜਿੱਤਿਆ ਹੈ। ਅਰਜਨਟੀਨਾ ਕੋਲ ਇਸ ਵਾਰ ਜਰਮਨੀ ਤੇ ਇਟਲੀ ਦੀ ਬਰਾਬਰੀ ਕਰਨ ਦਾ ਮੌਕਾ ਹੈ ਜਦੋਂਕਿ ਸਪੈਨਿਸ਼ ਟੀਮ ਕੋਲ ਫਰਾਂਸ ਤੇ ਉਰੂਗੁਏ ਦੀ ਦੋ-ਦੋ ਵਿਸ਼ਵ ਕੱਪ ਜਿੱਤਣ ਦੀ ਬਰਾਬਰੀ ਕਰਨ ਦਾ ਮੌਕਾ ਹੈ। ਅਰਜਨਟੀਨਾ ਇੱਕ ਹੋਰ ਰਿਕਾਰਡ ਬਣਾਉਣ ਦੀ ਦਹਿਲੀਜ਼ ਉੱਤੇ ਹੈ। ਉਸ ਕੋਲ ਲਗਾਤਾਰ ਦੋ ਵਿਸ਼ਵ ਕੱਪ ਜਿੱਤਣ ਦਾ ਮੌਕਾ ਹੈ। ਇਸ ਤੋਂ ਪਹਿਲਾਂ ਸਿਰਫ਼ ਇਟਲੀ (1930 ਤੇ 1934) ਅਤੇ ਬ੍ਰਾਜ਼ੀਲ (1958 ਤੇ 1962) ਨੇ ਲਗਾਤਾਰ ਦੋ ਵਾਰ ਵਿਸ਼ਵ ਕੱਪ ਜਿੱਤਿਆ ਹੈ। ਇਸ ਤੋਂ ਇਲਾਵਾ ਬ੍ਰਾਜ਼ੀਲ ਤੋਂ ਬਾਅਦ ਅਰਜਨਟੀਨਾ ਦੂਜੀ ਅਜਿਹੀ ਟੀਮ ਬਣ ਗਿਆ ਜੋ ਲਗਾਤਾਰ ਦੋ ਵਿਸ਼ਵ ਕੱਪ ਫਾਈਨਲ ਖੇਡ ਰਿਹਾ ਹੈ। ਇਸ ਤੋਂ ਪਹਿਲਾਂ ਅਰਜਨਟੀਨਾ ਨੇ 1986 ਤੇ 1990 ਵਿੱਚ ਲਗਾਤਾਰ ਦੋ ਫਾਈਨਲ ਖੇਡੇ ਸਨ। ਅਰਜਨਟੀਨਾ 1930 ਵਿੱਚ ਪਹਿਲੇ ਵਿਸ਼ਵ ਕੱਪ ਵਿੱਚ ਉਪ ਜੇਤੂ ਰਿਹਾ ਸੀ। ਉਸ ਤੋਂ ਬਾਅਦ 1978 ਤੇ 1986 ਵਿੱਚ ਵਿਸ਼ਵ ਕੱਪ ਜਿੱਤਿਆ ਅਤੇ ਫੇਰ 1990 ਤੇ 2014 ਵਿੱਚ ਫੇਰ ਉਪ ਜੇਤੂ ਰਿਹਾ। 2022 ਵਿੱਚ ਤੀਜੀ ਵਾਰ ਵਿਸ਼ਵ ਕੱਪ ਜਿੱਤਿਆ। ਹੁਣ 2026 ਵਿੱਚ ਅਰਜਨਟੀਨਾ ਸੱਤਵੀਂ ਵਾਰ ਫਾਈਨਲ ਖੇਡਣ ਜਾ ਰਿਹਾ ਹੈ।
2026 ਦੇ ਫਾਈਨਲ ਸਮੇਤ ਵਿਸ਼ਵ ਕੱਪ ਦੇ ਕੁੱਲ 23 ਫਾਈਨਲ ਮੈਚਾਂ ਦਾ ਲੇਖਾ-ਜੋਖਾ ਕਰੀਏ ਤਾਂ 46 ਟੀਮਾਂ ਵਿੱਚੋਂ 30 ਯੂਰੋਪੀਅਨ ਟੀਮਾਂ ਅਤੇ 16 ਲਾਤੀਨੀ ਅਮਰੀਕੀ ਟੀਮਾਂ ਨੇ ਫ਼ਾਈਨਲ ਮੈਚ ਖੇਡੇ ਹਨ। ਇਨ੍ਹਾਂ ਵਿੱਚੋਂ ਜਰਮਨੀ ਨੇ ਅੱਠ, ਬ੍ਰਾਜ਼ੀਲ ਤੇ ਅਰਜਨਟੀਨਾ ਦੇ ਸੱਤ-ਸੱਤ ਅਤੇ ਇਟਲੀ ਦੇ ਛੇ ਫ਼ਾਈਨਲ ਹਨ। ਕੁੱਲ 23 ਮੌਕਿਆਂ ’ਚੋਂ 9 ਵਾਰ ਦੋਵੇਂ ਟੀਮਾਂ ਯੂਰੋਪੀਅਨ ਅਤੇ ਦੋ ਵਾਰ ਦੋਵੇਂ ਟੀਮਾਂ ਲਾਤੀਨੀ ਅਮਰੀਕੀ, ਅਮਰੀਕਾ ਤੋਂ ਸਨ ਅਤੇ ਬਾਕੀ 12 ਮੌਕਿਆਂ ਉੱਤੇ ਇੱਕ ਟੀਮ ਯੂਰੋਪੀਅਨ ਅਤੇ ਇਕ ਲਾਤੀਨੀ ਅਮਰੀਕਾ ਟੀਮ ਵਿਚਾਲੇ ਫ਼ਾਈਨਲ ਖੇਡਿਆ ਗਿਆ ਹੈ। ਹੁਣ ਤੱਕ ਖੇਡੇ 22 ਵਿਸ਼ਵ ਕੱਪ ਮੁਕਾਬਲਿਆਂ ਵਿੱਚੋਂ 12 ਵਾਰ ਯੂਰੋਪੀਅਨ ਮੁਲਕਾਂ ਨੇ ਵਿਸ਼ਵ ਕੱਪ ਜਿੱਤਿਆ ਹੈ ਅਤੇ 10 ਵਾਰ ਲਾਤੀਨੀ ਅਮਰੀਕੀ ਮੁਲਕਾਂ ਨੇ ਵਿਸ਼ਵ ਕੱਪ ਜਿੱਤਿਆ ਹੈ। ਹੁਣ ਦੇਖੋ 23ਵੀਂ ਵਾਰ ਦੋਵੇਂ ਮਹਾਂਦੀਪਾਂ ਵਿੱਚੋਂ ਕਿਹੜਾ ਵਿਸ਼ਵ ਕੱਪ ਜਿੱਤ ਕੇ ਆਪਣਾ ਰਿਕਾਰਡ ਸੁਧਾਰਦਾ ਹੈ।
ਇਸ ਵਾਰ ਦੇ ਫਾਈਨਲ ਸਮੇਤ ਹੁਣ ਤੱਕ 13 ਮੁਲਕਾਂ ਨੇ ਫੀਫਾ ਵਿਸ਼ਵ ਕੱਪ ਦਾ ਫਾਈਨਲ ਖੇਡਿਆ ਹੈ ਜਿਨ੍ਹਾਂ ਵਿੱਚੋਂ ਅੱਠ ਮੁਲਕਾਂ ਨੂੰ ਚੈਂਪੀਅਨ ਬਣਨ ਦਾ ਮਾਣ ਹਾਸਲ ਹੋਇਆ ਹੈ ਜਦੋਂਕਿ ਪੰਜ ਮੁਲਕ ਉਪ ਜੇਤੂ ਤੋਂ ਅੱਗੇ ਨਾ ਵਧ ਸਕੇ। ਹਾਲੈਂਡ, ਚੈਕੋਸਲੋਵਾਕੀਆ, ਸਵੀਡਨ ਤੇ ਕ੍ਰੋਏਸ਼ੀਆ ਅਜਿਹੇ ਮੁਲਕ ਹਨ ਜੋ ਫਾਈਨਲ ਖੇਡਣ ਦੇ ਬਾਵਜੂਦ ਪਹਿਲੇ ਵਿਸ਼ਵ ਕੱਪ ਖ਼ਿਤਾਬ ਤੋਂ ਵਾਂਝੇ ਹਨ।
ਮੈਸੀ ਦਾ ਮੈਜਿਕ: ਲਿਓਨਲ ਮੈਸੀ ਲਗਾਤਾਰ ਰਿਕਾਰਡ ਉੱਤੇ ਰਿਕਾਰਡ ਬਣਾ ਰਿਹਾ ਹੈ। ਉਹ ਵਿਸ਼ਵ ਕੱਪ ਇਤਿਹਾਸ ਵਿੱਚ ਸਭ ਤੋਂ ਵੱਧ 21 ਗੋਲ ਕਰਨ ਵਾਲਾ ਖਿਡਾਰੀ ਹੈ ਅਤੇ ਸਭ ਤੋਂ ਵੱਧ 12 ਅਸਿਸਟ (ਗੋਲ ਲਈ ਮੌਕਾ ਬਣਾਉਣ ਵਾਲਾ) ਕਰਨ ਵਾਲਾ ਖਿਡਾਰੀ ਹੈ। ਮੈਸੀ ਨੇ ਸਭ ਤੋਂ ਵੱਧ ਛੇ ਵਿਸ਼ਵ ਕੱਪ ਖੇਡਣ ਦਾ ਰਿਕਾਰਡ ਬਣਾਇਆ। ਫਾਈਨਲ ਖੇਡਣ ਦੇ ਨਾਲ ਉਹ ਤਿੰਨ ਫਾਈਨਲ ਖੇਡਣ ਦੇ ਰਿਕਾਰਡ ਦੀ ਬਰਾਬਰੀ ਕਰੇਗਾ। ਮੈਸੀ ਨੇ ਸਭ ਤੋਂ ਵੱਧ 30 ਵਿਸ਼ਵ ਕੱਪ ਮੈਚ ਖੇਡੇ ਹਨ। ਸਭ ਤੋਂ ਵੱਧ 21 ਮੈਚਾਂ ਵਿੱਚ ਜਿੱਤ ਪ੍ਰਾਪਤ ਕਰਨ ਅਤੇ ਸਭ ਤੋਂ ਵੱਧ 23 ਮੈਚਾਂ ਵਿੱਚ ਕਪਤਾਨੀ ਕਰਨ ਦਾ ਰਿਕਾਰਡ ਵੀ ਦਰਜ ਹੈ। ਮੈਸੀ ਸਭ ਤੋਂ ਵੱਧ 2644 ਮਿੰਟ ਵਿਸ਼ਵ ਕੱਪ ਦੇ ਮੈਚ ਖੇਡਿਆ ਹੈ।
ਡੀਏਗੋ ਮੈਰਾਡੋਨਾ ਦੇ ਦਮ ਉੱਤੇ ਅਰਜਨਟੀਨਾ ਨੇ 29 ਜੂਨ 1986 ਨੂੰ ਵਿਸ਼ਵ ਕੱਪ ਜਿੱਤਿਆ ਸੀ। ਇੱਕ ਸਾਲ ਬਾਅਦ 24 ਜੂਨ 1987 ਨੂੰ ਅਰਜਨਟੀਨਾ ਵਿੱਚ ਲਿਓਨਲ ਮੈਸੀ ਨਾਂ ਦੇ ਇੱਕ ਬੱਚੇ ਦਾ ਜਨਮ ਹੋਇਆ ਜੋ ਬਾਅਦ ਵਿੱਚ ਵਿਸ਼ਵ ਦਾ ਮਹਾਨ ਫੁਟਬਾਲਰ ਬਣਿਆ। 1990 ਵਿੱਚ ਮੈਰਾਡੋਨਾ ਦੇ ਦਮ ਉੱਤੇ ਅਰਜਨਟੀਨਾ ਫੇਰ ਫਾਈਨਲ ਵਿੱਚ ਪੁੱਜਿਆ ਪਰ ਪੱਛਮੀ ਜਰਮਨੀ ਹੱਥੋਂ ਹਾਰ ਗਿਆ। ਉਸ ਤੋਂ ਬਾਅਦ ਅਰਜਨਟੀਨਾ ਲਈ ਵਿਸ਼ਵ ਕੱਪ ਜਿੱਤਣਾ ਖ਼ੁਆਬ ਹੀ ਬਣ ਗਿਆ ਸੀ। ਮੈਰਾਡੋਨਾ ਦੇ ਯੁੱਗ ਦਾ ਅੰਤ ਹੋਣ ਤੋਂ ਗੈਬਰੀਅਲ ਬੈਟੀਸਟੂਟਾ ਆਇਆ ਪਰ ਕਹਾਣੀ ਉਹੀ ਰਹੀ। 2006 ਵਿੱਚ 19 ਵਰ੍ਹਿਆਂ ਦੇ ਮੈਸੀ ਨੇ ਆਪਣਾ ਪਹਿਲਾ ਵਿਸ਼ਵ ਕੱਪ ਖੇਡਿਆ। 2008 ਦੀਆਂ ਪੇਈਚਿੰਗ ਓਲੰਪਿਕ ਖੇਡਾਂ ਵਿੱਚ ਮੈਸੀ ਨੇ ਮੈਰਾਡੋਨਾ ਦੀ ਹਾਜ਼ਰੀ ਵਿੱਚ ਓਲੰਪਿਕ ਖੇਡਾਂ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਪਰ ਵਿਸ਼ਵ ਕੱਪ ਜਿੱਤਣਾ ਹਾਲੇ ਬਾਕੀ ਸੀ। 2014 ਵਿੱਚ ਮੈਸੀ ਆਪਣੀ ਖੇਡ ਦੀ ਸਿਖ਼ਰ ਉੱਤੇ ਸੀ ਅਤੇ ਮੈਰਾਡੋਨਾ ਵਾਂਗ ਆਪਣੇ ਦਮ ਉੱਤੇ ਅਰਜਨਟੀਨਾ ਨੂੰ ਫਾਈਨਲ ਤੱਕ ਪਹੁੰਚਾਇਆ ਪਰ 1990 ਵਾਲੀ ਕਹਾਣੀ ਫੇਰ ਵਾਪਰੀ ਅਤੇ ਅਰਜਨਟੀਨਾ ਦੀ ਟੀਮ ਜਰਮਨੀ ਤੋਂ ਇੱਕ ਗੋਲ ਨਾਲ ਹਾਰ ਗਈ। 2018 ਦਾ ਵਿਸ਼ਵ ਕੱਪ ਵੀ ਬੀਤ ਗਿਆ।
ਕਤਰ ਵਿੱਚ ਖੇਡੇ ਗਏ ਵਿਸ਼ਵ ਕੱਪ ਵਿੱਚ ਮੈਸੀ ਰਿਕਾਰਡ ਪੰਜਵੀਂ ਵਾਰ ਉਤਰਿਆ ਅਤੇ ਅਰਜਨਟੀਨਾ ਨੂੰ 36 ਵਰ੍ਹਿਆਂ ਬਾਅਦ ਵਿਸ਼ਵ ਚੈਂਪੀਅਨ ਬਣਾਇਆ। ਹੁਣ 2026 ਵਿੱਚ ਮੈਸੀ ਦੇ ਮੈਜਿਕ ਨਾਲ ਅਰਜਨਟੀਨਾ ਰਿਕਾਰਡ ਸੱਤਵੀਂ ਵਾਰ ਫਾਈਨਲ ਵਿੱਚ ਪੁੱਜਿਆ ਹੈ ਅਤੇ ਮੈਸੀ ਆਪਣਾ ਤੀਜਾ ਵਿਸ਼ਵ ਕੱਪ ਫਾਈਨਲ ਖੇਡੇਗਾ। ਇਸ ਦੇ ਨਾਲ ਹੀ ਉਹ ਬ੍ਰਾਜ਼ੀਲ ਦੇ ਵਿਸ਼ਵ ਚੈਂਪੀਅਨ ਕਪਤਾਨ ਕੈਫ਼ੋ ਦੇ ਤਿੰਨ ਵਿਸ਼ਵ ਕੱਪ ਫਾਈਨਲ ਖੇਡਣ ਦੀ ਬਰਾਬਰੀ ਕਰ ਲਵੇਗਾ। ਦੋਵਾਂ ਤੋਂ ਬਾਅਦ ਅੱਠ ਖਿਡਾਰੀ ਕਿਲੀਅਨ ਐਮਬਾਪੇ, ਲੌਥਰ ਮੈਥਿਊਜ਼, ਰੋਨਾਲਡੋ, ਡੁੰਗਾ, ਰੋਬਾਰਟੋ ਕਾਰਲਸ, ਬੈਕਨਬਿਊਰ ਤੇ ਮਾਰਕੋਸ ਅਜਿਹੇ ਹਨ, ਜਿਨ੍ਹਾਂ ਨੇ ਦੋ-ਦੋ ਫਾਈਨਲ ਖੇਡੇ ਹਨ। ਅਰਜਨਟੀਨਾ ਲਈ ਛੇ ਵਿਸ਼ਵ ਕੱਪ ਖੇਡਣ ਵਾਲਾ ਮੌਜੂਦਾ ਦੌਰ ਦਾ ਸਭ ਤੋਂ ਮਹਾਨ ਖਿਡਾਰੀ ਲਿਓਨਲ ਮੈਸੀ ਪਹਿਲੀ ਵਾਰ ਆਪਣੇ ਕੌਮਾਂਤਰੀ ਕਰੀਅਰ ਵਿੱਚ ਇੰਗਲੈਂਡ ਖ਼ਿਲਾਫ਼ ਮੈਚ ਖੇਡਿਆ।
ਸੰਪਰਕ: 97800-36216

