DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗ਼ਦਰੀਆਂ ਦੇ ਮੁਨਸ਼ੀ ਦਾ ਸਦੀਵੀ ਵਿਛੋੜਾ

ਮਨੁੱਖੀ ਫਿਤਰਤ ਹੈ ਕਿ ਇਨਸਾਨ ਆਪਣੇ ਆਪ ਨੂੰ ਵੱਡਾ ਵਿਖਾਉਣ ਵਾਸਤੇ ਆਪਣੇ ਨਾਂ ਨਾਲ ਵੱਡੇ ਤੋਂ ਵੱਡਾ ਵਿਸ਼ੇਸ਼ਣ ਲਾਉਂਦਾ ਹੈ, ਜਿਸ ਤੋਂ ਉਸ ਦੀ ਪਦਵੀ, ਸਮਾਜਿਕ ਹੈਸੀਅਤ ਤੇ ਸਿਆਸੀ ਪਹੁੰਚ ਆਦਿ ਦਾ ਦਿਖਾਵਾ ਹੋ ਸਕੇ, ਪਰ ਪ੍ਰੋਫੈਸਰ ਮਲਵਿੰਦਰਜੀਤ ਸਿੰਘ ਵੜੈਚ...

  • fb
  • twitter
  • whatsapp
  • whatsapp
Advertisement

ਮਨੁੱਖੀ ਫਿਤਰਤ ਹੈ ਕਿ ਇਨਸਾਨ ਆਪਣੇ ਆਪ ਨੂੰ ਵੱਡਾ ਵਿਖਾਉਣ ਵਾਸਤੇ ਆਪਣੇ ਨਾਂ ਨਾਲ ਵੱਡੇ ਤੋਂ ਵੱਡਾ ਵਿਸ਼ੇਸ਼ਣ ਲਾਉਂਦਾ ਹੈ, ਜਿਸ ਤੋਂ ਉਸ ਦੀ ਪਦਵੀ, ਸਮਾਜਿਕ ਹੈਸੀਅਤ ਤੇ ਸਿਆਸੀ ਪਹੁੰਚ ਆਦਿ ਦਾ ਦਿਖਾਵਾ ਹੋ ਸਕੇ, ਪਰ ਪ੍ਰੋਫੈਸਰ ਮਲਵਿੰਦਰਜੀਤ ਸਿੰਘ ਵੜੈਚ ਅਜਿਹੀ ਇੱਛਾ ਤੋਂ ਮੁਕਤ ਸਨ। ਪੰਜਾਬ ਦੇ ਵਿਦਿਅਕ ਹਲਕਿਆਂ ਵਿੱਚ ਸਾਰੇ ਜਾਣਦੇ ਹਨ ਕਿ ਉਨ੍ਹਾਂ ਨੇ ਜਿੰਨਾ ਖੋਜ ਕਾਰਜ ਗ਼ਦਰ ਪਾਰਟੀ ਵਾਸਤੇ ਕੀਤਾ ਹੈ, ਕਿਸੇ ਹੋਰ ਇਤਿਹਾਸਕਾਰ ਨੇ ਤਾਂ ਕੀ ਕਰਨਾ ਸੀ, ਪੰਜਾਬ ਦੀ ਕਿਸੇ ਯੂਨੀਵਰਸਿਟੀ ਜਾਂ ਹੋਰ ਕਿਸੇ ਸੰਸਥਾ ਨੇ ਵੀ ਨਹੀਂ ਕੀਤਾ। ਪ੍ਰੋਫੈਸਰ ਵੜੈਚ ਇਸ ਤੱਥ ਤੋਂ ਭਲੀ-ਭਾਂਤ ਜਾਣੂੰ ਸਨ, ਪਰ ਉਨ੍ਹਾਂ ਨੂੰ ਇਸ ਦਾ ਰੱਤੀ ਭਰ ਵੀ ਗੁਮਾਨ ਨਹੀਂ ਸੀ। ਉਹ ਆਪਣੀ ਪਛਾਣ ‘ਗ਼ਦਰੀਆਂ ਦਾ ਮੁਨਸ਼ੀ’ ਕਹਿ ਕੇ ਕਰਵਾਉਣ ਵਿੱਚ ਫਖ਼ਰ ਮਹਿਸੂਸ ਕਰਦੇ ਸਨ।

ਇੱਕੀ ਨਵੰਬਰ 1929 ਨੂੰ ਲੱਧੇਵਾਲਾ ਵੜੈਚ, ਜ਼ਿਲਾ ਗੁੱਜਰਾਂਵਾਲਾ (ਹੁਣ ਪਾਕਿਸਤਾਨ) ਵਿੱਚ ਜਨਮੇ ਮਲਵਿੰਦਰਜੀਤ ਸਿੰਘ ਵੜੈਚ ਨੂੰ ਦੇਸ਼ ਵੰਡ ਕਾਰਨ ਚੜ੍ਹਦੀ ਜਵਾਨੀ ਵਿੱਚ ਉਜਾੜੇ ਦਾ ਸੰਤਾਪ ਝੱਲਣਾ ਪਿਆ, ਪਰ ਉਨ੍ਹਾਂ ਇਸ ਸੰਤਾਪੇ ਸਮੇਂ ਦੌਰਾਨ ਵੀ ਪੜ੍ਹਾਈ ਜਾਰੀ ਰੱਖੀ। ਅੰਗਰੇਜ਼ੀ, ਰਾਜਨੀਤੀ ਸ਼ਾਸਤਰ, ਅਰਥ ਸ਼ਾਸਤਰ, ਇਤਿਹਾਸ ਅਤੇ ਸਮਾਜ-ਵਿਗਿਆਨ ਸਮੇਤ ਪੰਜ ਵਿਸ਼ਿਆਂ ਵਿੱਚ ਐਮ.ਏ. ਕਰਨ ਸਦਕਾ ਉਨ੍ਹਾਂ ਦੀ ਸਿੱਖਿਆ ਬਹੁ-ਅਨੁਸ਼ਾਸਨੀ ਸੀ, ਜਿਸ ਦੇ ਆਧਾਰ ’ਤੇ ਉਹ 1960 ਵਿੱਚ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿੱਚ ਲੈਕਚਰਾਰ ਨਿਯੁਕਤ ਹੋਏ। ਉਨ੍ਹਾਂ ਦਾ ਯਤਨ ਸੀ ਕਿ ਵਿਦਿਅਕ ਪਿਛੋਕੜ ਸਾਇੰਸ ਦਾ ਹੋਣ ਕਾਰਨ ਸਮਾਜਿਕ ਸਰੋਕਾਰਾਂ ਤੋਂ ਅਕਸਰ ਅਣਭਿੱਜ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਦੇਸ਼ਭਗਤੀ ਵਾਲੇ ਵਿਰਸੇ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਸੁਚੇਤ ਹੋਣ। ਪੜ੍ਹਾਈ ਦੇ ਕਮਰੇ ਤੋਂ ਬਾਹਰ ਚਾਹੇ ਖੇਡ ਮੈਦਾਨ ਹੋਵੇ, ਚਾਹੇ ਕਾਲਜ ਦਾ ਗੁਰਦੁਆਰਾ, ਹਰ ਥਾਂ ਵਿਦਿਆਰਥੀਆਂ ਦੇ ਵਿਚਕਾਰ ਹਾਜ਼ਰ ਰਹਿਣ ਕਾਰਨ ਪ੍ਰੋਫੈਸਰ ਵੜੈਚ ਨੂੰ ਵਿਦਿਆਰਥੀ ਆਪਣੇ ਅਧਿਆਪਕ ਨਾਲੋਂ ਵੱਧ ਦੁੱਖ-ਸੁਖ ਦਾ ਭਾਈਵਾਲ ਮੰਨਦੇ ਸਨ। ਇਨ੍ਹਾਂ ਸਰਗਰਮੀਆਂ ਦੇ ਚੱਲਦਿਆਂ 1966 ਦਾ ਸਾਲ ਪ੍ਰੋਫੈਸਰ ਵੜੈਚ ਦੀ ਜੀਵਨ ਜਾਚ ਨੂੰ ਨਵੀਂ ਦਿਸ਼ਾ ਦੇਣ ਦਾ ਕਾਰਨ ਬਣਿਆ। ਉਸ ਸਾਲ ਸ਼ਹੀਦ ਭਗਤ ਸਿੰਘ ਦਾ ਭਾਣਜਾ ਜਗਮੋਹਨ ਸਿੰਘ ਕਾਲਜ ਵਿੱਚ ਦਾਖਲ ਹੋਇਆ। ਪ੍ਰੋਫੈਸਰ ਵੜੈਚ ਦੀ ਕਾਰਜ-ਸ਼ੈਲੀ ਤੋਂ ਪ੍ਰਭਾਵਿਤ ਜਗਮੋਹਨ ਸਿੰਘ ਉਨ੍ਹਾਂ ਦੇ ਨੇੜਲੇ ਵਿਦਿਆਰਥੀਆਂ ਦੀ ਮੰਡਲੀ ਵਿੱਚ ਸ਼ਾਮਿਲ ਹੋ ਗਿਆ। ਉਸ ਦੇ ਪਰਿਵਾਰਕ ਪਿਛੋਕੜ ਬਾਰੇ ਜਾਣਕਾਰੀ ਮਿਲਣ ਉੱਤੇ ਪ੍ਰੋਫੈਸਰ ਵੜੈਚ ਨੂੰ ਭਗਤ ਸਿੰਘ ਬਾਰੇ ਹੋਰ ਜਾਣਨ ਦੀ ਉਤਸੁਕਤਾ ਹੋਈ ਤਾਂ ਉਨ੍ਹਾਂ ਜਗਮੋਹਨ ਸਿੰਘ ਦੇ ਨਾਲ ਜਾ ਕੇ ਉਸ ਦੀ ਨਾਨੀ ਮਾਤਾ ਵਿਦਿਆਵਤੀ ਦੇ ਚਰਨੀਂ ਹੱਥ ਜਾ ਲਾਇਆ ਅਤੇ ਫਿਰ ਇਸ ਸਾਂਝ ਨੂੰ ਮਾਤਾ ਜੀ ਦੇ ਅੰਤਲੇ ਸਵਾਸਾਂ ਤੱਕ ਨਿਭਾਇਆ। ਇੱਥੋਂ ਹੀ ਉਹ ਗ਼ਦਰੀਆਂ ਵੱਲ ਮੁੜੇ। ਉਨ੍ਹਾਂ ਨੇ ਗ਼ਦਰੀ ਦੇਸ਼ਭਗਤਾਂ ਵਿੱਚੋਂ ਸਭ ਤੋਂ ਪਹਿਲਾਂ ਬਾਬਾ ਸੋਹਨ ਸਿੰਘ ਭਕਨਾ ਦੇ ਦਰਸ਼ਨ ਕੀਤੇ। ਆਪਸੀ ਮੁਲਾਕਾਤਾਂ ਅਤੇ ਵਾਰਤਾਲਾਪ ਤੋਂ ਬਾਬਾ ਭਕਨਾ ਨੂੰ ਪ੍ਰੋਫੈਸਰ ਵੜੈਚ ਦੀ ਸੁਹਿਰਦਤਾ ਉੱਤੇ ਵਿਸ਼ਵਾਸ ਹੋ ਗਿਆ। ਉਨ੍ਹਾਂ ਉਰਦੂ ਵਿੱਚ ਲਿਖੀ ਆਪਣੀ ਸਵੈ-ਜੀਵਨੀ ਉਨ੍ਹਾਂ ਨੂੰ ਸੌਂਪ ਦਿੱਤੀ, ਜਿਸ ਨੂੰ ਪ੍ਰੋਫੈਸਰ ਵੜੈਚ ਨੇ ਗੁਰਮੁਖੀ ਵਿੱਚ ਲਿਪੀਅੰਤਰ ਕਰਕੇ ‘ਜੀਵਨ ਸੰਗਰਾਮ’ ਨਾਂ ਹੇਠ ਪ੍ਰਕਾਸ਼ਿਤ ਕਰਵਾਇਆ। ਉਦੋਂ ਤੱਕ ਇਨਕਲਾਬੀ ਸੋਚ ਵਾਲੇ ਨੌਜਵਾਨਾਂ ਦੀ ਵੱਡੀ ਗਿਣਤੀ ਪ੍ਰੋਫੈਸਰ ਵੜੈਚ ਨਾਲ ਜੁੜ ਚੁੱਕੀ ਸੀ, ਜਿਨ੍ਹਾਂ ਨਾਲ ਰਲ ਕੇ ਉਹ ਪੰਜਾਬੀਆਂ ਨੂੰ ਰਾਜਸੀ ਵਿਚਾਰਧਾਰਕ ਪੱਖੋਂ ਸੁਚੇਤ ਕਰਨ ਵਾਸਤੇ ‘ਯੁਵਕ ਕੇਂਦਰ’ ਨਾਂ ਦੀ ਸੰਸਥਾ ਬਣਾ ਕੇ ਸਰਗਰਮੀ ਨਾਲ ਡਟੇ ਹੋਏ ਸਨ। ‘ਯੁਵਕ ਕੇਂਦਰ’ ਵਿੱਚ ਉਨ੍ਹਾਂ ਦੀ ਅਗਵਾਈ ਹੇਠ ਸਰਗਰਮ ਰਹੇ ਨੌਜਵਾਨ ਅੱਜ ਵਿਸ਼ਵ ਭਰ ਵਿੱਚ ਉਸ ਸੋਚ ਨੂੰ ਫੈਲਾਅ ਰਹੇ ਹਨ। ਪ੍ਰੋਫੈਸਰ ਵੜੈਚ ਗ਼ਦਰੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਸਨ। ਇਸੇ ਲਈ ਉਨ੍ਹਾਂ ਉਸ ਵੇਲੇ ਜਿਊਂਦੇ ਗ਼ਦਰੀਆਂ ਤੋਂ ਜ਼ਬਾਨੀ ਜਾਂ ਲਿਖਤੀ ਰੂਪ ਵਿੱਚ ਮਿਲ ਸਕਦੀ ਸਭ ਤਰ੍ਹਾਂ ਦੀ ਜਾਣਕਾਰੀ ਨੂੰ ਸੰਭਾਲਣਾ ਆਪਣੇ ਜ਼ਿੰਮੇ ਲੈ ਲਿਆ ਅਤੇ ਇਸ ਬਾਰੇ ਨਿੱਠ ਕੇ ਕੰਮ ਕੀਤਾ। ਉਨ੍ਹਾਂ ਦੇ ਇਸ ਖੋਜ ਕਾਰਜ ਦਾ ਮਹੱਤਵ ਇੱਥੋਂ ਪਤਾ ਲੱਗਦਾ ਹੈ ਕਿ ਜਦੋਂ ਪ੍ਰੋਫੈਸਰ ਵੜੈਚ ਗ਼ਦਰੀਆਂ ਅਤੇ ਉਨ੍ਹਾਂ ਦੀ ਵਿਚਾਰਧਾਰਾ ਦੇ ਪ੍ਰਚਾਰ-ਪਸਾਰ ਵਿੱਚ ਲੱਗੇ ਹੋਏ ਸਨ ਉਦੋਂ ਹਾਲੇ ਦੇਸ਼ਭਗਤ ਯਾਦਗਾਰ ਮੁੱਢਲੇ ਪੜਾਅ ਉੱਤੇ ਹੀ ਸੀ। ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੇ ਜਿਊਂਦੇ ਸੰਗੀ-ਸਾਥੀਆਂ ਨਾਲ ਸੰਪਰਕ ਸਾਧਣ ਵਿੱਚ ਕੋਈ ਕਸਰ ਨਹੀਂ ਛੱਡੀ। ਵਡਿਆਈ ਦੀ ਗੱਲ ਇਹ ਹੈ ਕਿ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੇ ਗ਼ੈਰ-ਪੰਜਾਬੀ ਸਾਥੀਆਂ ਨੂੰ ਵੀ ਅਣਗੌਲਿਆਂ ਨਹੀਂ ਕੀਤਾ। ਆਜ਼ਾਦੀ ਸੰਗਰਾਮ, ਖ਼ਾਸਕਰ ਗ਼ਦਰ ਪਾਰਟੀ ਲਹਿਰ ਅਤੇ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਬਾਰੇ ਜਾਣਕਾਰੀ ਦਾ ਉਨ੍ਹਾਂ ਕੋਲ ਅਥਾਹ ਭੰਡਾਰ ਸੀ। ਉਨ੍ਹਾਂ ਦੀ ਯਾਦ-ਸ਼ਕਤੀ ਦਾ ਕਮਾਲ ਸੀ ਕਿ ਉਹ ਇਨ੍ਹਾਂ ਬਾਰੇ ਘੰਟਿਆਂਬੱਧੀ ਚਰਚਾ ਕਰ ਸਕਦੇ ਸਨ।

Advertisement

ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿੱਚੋਂ ਸੇਵਾਮੁਕਤੀ ਪਿੱਛੋਂ ਪ੍ਰੋਫੈਸਰ ਵੜੈਚ ਨੇ ਚੰਡੀਗੜ੍ਹ ਦੇ ਵਾਸੀ ਬਣ ਕੇ ਕਾਨੂੰਨ ਦੀ ਪੜ੍ਹਾਈ ਕੀਤੀ। ਉਨ੍ਹਾਂ ਵੱਲੋਂ ਇੱਕ ਵਕੀਲ ਵਜੋਂ ਦੇਸ਼ਭਗਤਾਂ ਦੇ ਹਿੱਤਾਂ ਦੀ ਰੱਖਿਆ ਲਈ ਕੀਤੀਆਂ ਅਦਾਲਤੀ ਕਾਰਵਾਈਆਂ ਤੋਂ ਜਾਪਦਾ ਹੈ ਕਿ ਉਨ੍ਹਾਂ ਨੇ ਅਜਿਹਾ ਸੋਚੀ ਸਮਝੀ ਵਿਉਂਤ ਅਨੁਸਾਰ ਕੀਤਾ ਸੀ। ਪੜ੍ਹਾਈ ਮੁਕੰਮਲ ਕਰਨ ਪਿੱਛੋਂ ਉਨ੍ਹਾਂ ਆਪਣੇ ਵਕੀਲ ਭਾਣਜੇ ਰਾਜਿੰਦਰ ਸਿੰਘ ਚੀਮਾ ਦੇ ਸਹਾਇਕ ਵਜੋਂ ਕੰਮ ਕੀਤਾ। ਪ੍ਰੋਫੈਸਰ ਵੜੈਚ ਦੱਸਦੇ ਸਨ ਕਿ ਉਨ੍ਹਾਂ ਕੋਲ ਫ਼ੌਜਦਾਰੀ ਮਾਮਲਿਆਂ ਦਾ ਕੰਮ ਸੀ, ਜਿਨ੍ਹਾਂ ਵਿੱਚ ਮੁਕੱਦਮੇ ਦੀ ਨਿਰਭਰਤਾ ਬਹੁਤ ਹੱਦ ਤੱਕ ਪੁਲੀਸ ਰਿਪੋਰਟ ਉੱਤੇ ਹੁੰਦੀ ਹੈ। ਇਨ੍ਹਾਂ ਰਿਪੋਰਟਾਂ ਦੇ ਵਿਸ਼ਲੇਸ਼ਣ ਤੋਂ ਉਨ੍ਹਾਂ ਨੂੰ ਬਰਤਾਨਵੀ ਸ਼ਾਸਨ ਦੌਰਾਨ ਦੇਸ਼ਭਗਤਾਂ ਦੇ ਮੁਕੱਦਮਿਆਂ ਵਿੱਚ ਪੁਲੀਸ ਦੁਆਰਾ ਪੇਸ਼ ਕੀਤੀਆਂ ਰਿਪੋਰਟਾਂ ਦੀ ਅਸਲੀਅਤ ਤੱਕ ਪਹੁੰਚਣ ਵਿੱਚ ਮਦਦ ਮਿਲੀ। ਉਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਆਜ਼ਾਦੀ ਘੁਲਾਟੀਆਂ ਨੂੰ ਪੈਨਸ਼ਨ ਦੇਣ ਵਾਸਤੇ ਆਜ਼ਾਦੀ ਘੁਲਾਟੀਆਂ ਦੀ ਬਣਾਈ ਸੂਚੀ ਵਿੱਚ ਗ਼ਦਰ ਪਾਰਟੀ ਦੇ ਗ਼ਲਤ ਲਿਖੇ ਨਾਂ ਨੂੰ ਦਰੁਸਤ ਕਰਵਾਉਣ ਅਤੇ ਕੌਮਾ ਗਾਟਾਮਾਰੂ ਜਹਾਜ਼ ਦੀ ਘਟਨਾ ਨੂੰ ਆਜ਼ਾਦੀ ਲਹਿਰ ਦਾ ਹਿੱਸਾ ਮੰਨੇ ਜਾਣ ਵਾਸਤੇ ਭਾਰਤ ਸਰਕਾਰ ਨਾਲ ਖ਼ਤੋ-ਕਿਤਾਬਤ ਕੀਤੀ, ਪਰ ਸਰਕਾਰ ਨੇ ਉਨ੍ਹਾਂ ਦੀ ਗੱਲ ਵੱਲ ਬੇਧਿਆਨੀ ਵਿਖਾਈ। ਇਸ ਦੇ ਫਲਸਰੂਪ ਪ੍ਰੋਫੈਸਰ ਵੜੈਚ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾਉਣੀ ਪਈ। ਉਨ੍ਹਾਂ ਵੱਲੋਂ ਅਦਾਲਤ ਵਿੱਚ ਪੇਸ਼ ਸਬੂਤਾਂ ਅਤੇ ਦਲੀਲਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਨੂੰ ਆਪਣਾ ਰਵੱਈਆ ਬਦਲਣਾ ਪਿਆ।

Advertisement

ਪ੍ਰੋਫੈਸਰ ਵੜੈਚ ਨਾਲ ਮੇਰਾ ਸੰਪਰਕ ਇਸ ਸਦੀ ਦੇ ਚੜ੍ਹਦੇ ਵਰ੍ਹਿਆਂ ਦੌਰਾਨ ‘ਪੰਜਾਬੀ ਟ੍ਰਿਬਿਊਨ’ ਵਿੱਚ ਪ੍ਰਕਾਸ਼ਿਤ ਇੱਕ ਲੇਖ ਰਾਹੀਂ ਬਣਿਆ। ਇਸ ਲੇਖ ਵਿੱਚ ਮੈਂ ਉਨ੍ਹਾਂ ਦੇ ਇਸੇ ਅਖ਼ਬਾਰ ਵਿੱਚ ਸ਼ਹੀਦ ਭਗਤ ਸਿੰਘ ਬਾਰੇ ਛਪੇ ਲੇਖ ਨੂੰ ਹੋਰ ਵਿਸਥਾਰ ਦਿੱਤਾ ਸੀ। ਪ੍ਰੋਫੈਸਰ ਵੜੈਚ ਇਹ ਲੇਖ ਪੜ੍ਹ ਕੇ ਖ਼ੁਸ਼ ਹੋਏ ਅਤੇ ਉਨ੍ਹਾਂ ਟੈਲੀਫੋਨ ਕਰਕੇ ਆਪਣੀ ਖ਼ੁਸ਼ੀ ਮੇਰੇ ਨਾਲ ਸਾਂਝੀ ਕੀਤੀ। ਇਸ ਪਿੱਛੋਂ ਸਾਡੀ ਸਾਂਝ ਵਧਦੀ ਗਈ। ਮੈਨੂੰ ਇਸ ਗੱਲ ਦਾ ਫਖ਼ਰ ਹੈ ਕਿ ਇਤਿਹਾਸ ਲੇਖਣ ਵਿੱਚ ਮੈਨੂੰ ਉਨ੍ਹਾਂ ਦੀ ਸਰਪ੍ਰਸਤੀ ਮਿਲੀ ਅਤੇ ਅਸੀਂ ਰਲ ਕੇ ਕੌਮਾ ਗਾਟਾਮਾਰੂ ਘਟਨਾ ਨਾਲ ਸਬੰਧਿਤ ਸਰਕਾਰੀ ਗੁਪਤ ਅਤੇ ਹੋਰ ਦਸਤਾਵੇਜ਼ਾਂ ਦਾ ਸੰਗ੍ਰਹਿ, ਲਾਹੌਰ ਸਾਜ਼ਿਸ਼ ਅਤੇ ਬੱਬਰ ਅਕਾਲੀਆਂ ਦੇ ਮੁਕੱਦਮਿਆਂ ਦੇ ਅਦਾਲਤੀ ਫ਼ੈਸਲਿਆਂ ਦਾ ਸੰਪਾਦਨ ਕੀਤਾ। ਇਸ ਤੋਂ ਬਿਨਾਂ ਕੌਮਾਗਾਟਾ ਮਾਰੂ ਬਾਰੇ ਨੈਸ਼ਨਲ ਬੁੱਕ ਟਰੱਸਟ ਲਈ ਪੁਸਤਕ ਲਿਖੀ।ਪ੍ਰੋ. ਮਲਵਿੰਦਰਜੀਤ ਸਿੰਘ ਦੇ ਸੁਭਾਅ ਵਿੱਚੋਂ ਪੰਜਾਬੀ ਕਹਾਵਤ ‘ਜੋਗੀ ਚੱਲਦੇ ਭਲੇ, ਦੇਸ ਵਸਦਾ ਭਲਾ’ ਦੀ ਝਲਕ ਮਿਲਦੀ ਸੀ। ਉਨ੍ਹਾਂ ਮੇਰੇ ਨਾਲੋਂ ਪਹਿਲਾਂ ਸ. ਜਗਜੀਤ ਸਿੰਘ ਅਤੇ ਪਿੱਛੋਂ ਹਰੀਸ਼ ਜੈਨ, ਚਰੰਜੀ ਲਾਲ ਕੰਗਣੀਵਾਲ, ਸੀਤਾ ਰਾਮ ਬਾਂਸਲ ਆਦਿ ਨਾਲ ਰਲ ਕੇ ਖੋਜ ਕਾਰਜ ਕੀਤਾ।

ਕੁਝ ਇਤਿਹਾਸਕਾਰਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਪਣੀ ਜਾਣਕਾਰੀ ਜਿੰਨੀ ਦੇਰ ਪ੍ਰਕਾਸ਼ਿਤ ਨਹੀਂ ਹੋ ਜਾਂਦੀ, ਕਿਸੇ ਹੋਰ ਨਾਲ ਸਾਂਝੀ ਕਰਨ ਤੋਂ ਟਾਲਾ ਵੱਟਦੇ ਹਨ। ਪ੍ਰੋਫੈਸਰ ਵੜੈਚ ਦਾ ਸੁਭਾਅ ਇਸ ਤੋਂ ਬਿਲਕੁਲ ਉਲਟ ਸੀ। ਉਨ੍ਹਾਂ ਨੂੰ ਆਪਣਾ ਗਿਆਨ ਭੰਡਾਰ ਹੋਰ ਜਗਿਆਸੂਆਂ ਨਾਲ ਸਾਂਝਾ ਕਰਕੇ ਖ਼ੁਸ਼ੀ ਹੁੰਦੀ ਸੀ। ਇਹੋ ਕਾਰਨ ਹੈ ਕਿ ਦੁਨੀਆ ਭਰ ਵਿੱਚ ਭਾਰਤ ਦੇ ਆਜ਼ਾਦੀ ਸੰਗਰਾਮ ਬਾਰੇ ਕੰਮ ਕਰਨ ਵਾਲੇ ਵਿਦਵਾਨ ਉਨ੍ਹਾਂ ਨੂੰ ਟੈਲੀਫੋਨ ਕਰਕੇ ਪੁੱਛਦੇ ਰਹਿੰਦੇ ਸਨ ਅਤੇ ਉਹ ਕਿਸੇ ਨੂੰ ਵੀ ਨਿਰਾਸ਼ ਨਹੀਂ ਸਨ ਕਰਦੇ। ਜੇ ਕੋਈ ਖੋਜਕਾਰ ਉਨ੍ਹਾਂ ਨਾਲ ਗੱਲ ਕਰਦਿਆਂ ਉਨ੍ਹਾਂ ਦੀ ਜਾਂ ਕਿਸੇ ਹੋਰ ਇਤਿਹਾਸਕਾਰ ਦੀ ਕੋਈ ਪੁਸਤਕ ਪੜ੍ਹਨ ਵਿੱਚ ਦਿਲਚਸਪੀ ਵਿਖਾਉਂਦਾ ਤਾਂ ਉਹ ਸਮੇਂ ਅਤੇ ਖਰਚੇ ਤੋਂ ਬੇਪ੍ਰਵਾਹ ਉਹ ਪੁਸਤਕ ਜਾਂ ਉਸ ਦੀ ਫੋਟੋ ਕਾਪੀ ਉਸ ਤੱਕ ਪੁੱਜਦੀ ਕਰਨ ਵਿੱਚ ਇੱਕ ਪਲ ਵੀ ਨਾ ਲਾਉਂਦੇ।

ਚੰਡੀਗੜ੍ਹ ਘੁੰਮਣ ਫਿਰਨ ਲਈ ਆਉਣ ਵਾਲੇ ਗ਼ੈਰ-ਪੰਜਾਬੀਆਂ ਵਾਸਤੇ ਇੱਕ ਦੇਖਣਯੋਗ ਸਥਾਨ ਹੈ ਗੌਰਮਿੰਟ ਮਿਊਜ਼ੀਅਮ ਐਂਡ ਆਰਟ ਗੈਲਰੀ ਵਿਚਲੀ ‘ਨੈਸ਼ਨਲ ਗੈਲਰੀ ਆਫ ਪੋਰਟਰੇਟਸ 1857-1947’। ਇਸ ਦੀ ਸਥਾਪਨਾ ਦਾ ਸੁਝਾਅ ਦੇਣ ਵਾਲਿਆਂ ਵਿੱਚ ਪ੍ਰੋਫੈਸਰ ਵੜੈਚ ਵੀ ਸ਼ਾਮਿਲ ਸਨ, ਜਿਨ੍ਹਾਂ ਨੇ ਆਪਣੇ ਭੰਡਾਰ ਵਿੱਚੋਂ ਦੁਰਲੱਭ ਤਸਵੀਰਾਂ ਅਤੇ ਦਸਤਾਵੇਜ਼ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਸ ਲਈ ਪ੍ਰਸ਼ਾਸਨ ਵੱਲੋਂ ਇਹ ਸੁਝਾਅ ਪ੍ਰਵਾਨ ਕਰਨ ਉੱਤੇ ਪ੍ਰੋਫੈਸਰ ਵੜੈਚ ਨੂੰ ਵੀ ਖ਼ੁਸ਼ੀ ਹੋਈ। ਇਸ ਕਾਰਜ ਨੂੰ ਜੂੰ ਦੀ ਤੋਰ ਚੱਲਦਿਆਂ ਵੇਖ ਕੇ ਉਨ੍ਹਾਂ ਨੂੰ ਅਫ਼ਸੋਸ ਹੋਇਆ, ਨਤੀਜਨ ਇਸ ਕੰਮ ਨੂੰ ਉਨ੍ਹਾਂ ਆਪਣੇ ਜ਼ਿੰਮੇ ਲੈ ਲਿਆ। ਉਹ ਦਿਨ ਦਾ ਸਾਰਾ ਸਮਾਂ ਇੱਥੇ ਗੁਜ਼ਾਰਨ ਲੱਗੇ ਅਤੇ ਇੱਕ ਇੱਕ ਪੈਨਲ ਆਪਣੀ ਨਿਗਰਾਨੀ ਹੇਠ ਤਿਆਰ ਕਰਵਾਇਆ। ਇਉਂ ਹੀ ਉਨ੍ਹਾਂ ਨੈਸ਼ਨਲ ਆਰਕਾਈਵਜ਼ ਨੂੰ ਵੀ ਬਹੁਮੁੱਲੇ ਦਸਤਾਵੇਜ਼ ਦੇ ਕੇ ਇਸ ਕੌਮੀ ਸੰਸਥਾ ਦੇ ਭੰਡਾਰ ਵਿੱਚ ਵਾਧਾ ਕੀਤਾ।

ਬੇਸ਼ੱਕ ਪ੍ਰੋਫੈਸਰ ਵੜੈਚ ਸਰੀਰਕ ਰੂਪ ਵਿੱਚ ਸਾਡੇ ਵਿਚਕਾਰ ਨਹੀਂ ਰਹੇ, ਪਰ ਆਪਣੀਆਂ ਲਿਖਤਾਂ ਰਾਹੀਂ ਉਹ ਹਮੇਸ਼ਾ ਪੰਜਾਬੀਆਂ ਦੇ ਮਨਾਂ ਵਿੱਚ ਵਸੇ ਰਹਿਣਗੇ।

ਸੰਪਰਕ: 94170-49417

Advertisement
×