DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਦਾ ਵਿਕਾਸ ਪੁਰਸ਼ ਪ੍ਰਤਾਪ ਸਿੰਘ ਕੈਰੋਂ

6 ਫਰਵਰੀ 1956 ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ (ਸੱਜਿਓਂ) ਤਤਕਾਲੀ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ, ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ, ਗੋਵਿੰਦ ਵੱਲਭ ਪੰਤ ਅਤੇ ਗੁਰਮੁਖ ਸਿੰਘ ਮੁਸਾਫਿਰ ਨਾਲ ਖੜ੍ਹੇ ਹੋਏ ਪ੍ਰਤਾਪ ਸਿੰਘ ਕੈਰੋਂ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੂੰ...

  • fb
  • twitter
  • whatsapp
  • whatsapp
featured-img featured-img
ਪ੍ਰਤਾਪ ਸਿੰਘ ਕੈਰੋਂ
Advertisement
6 ਫਰਵਰੀ 1956 ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ (ਸੱਜਿਓਂ) ਤਤਕਾਲੀ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ, ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ, ਗੋਵਿੰਦ ਵੱਲਭ ਪੰਤ ਅਤੇ ਗੁਰਮੁਖ ਸਿੰਘ ਮੁਸਾਫਿਰ ਨਾਲ ਖੜ੍ਹੇ ਹੋਏ ਪ੍ਰਤਾਪ ਸਿੰਘ ਕੈਰੋਂ।
6 ਫਰਵਰੀ 1956 ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ (ਸੱਜਿਓਂ) ਤਤਕਾਲੀ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ, ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ, ਗੋਵਿੰਦ ਵੱਲਭ ਪੰਤ ਅਤੇ ਗੁਰਮੁਖ ਸਿੰਘ ਮੁਸਾਫਿਰ ਨਾਲ ਖੜ੍ਹੇ ਹੋਏ ਪ੍ਰਤਾਪ ਸਿੰਘ ਕੈਰੋਂ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੂੰ ਪੰਜਾਬ ਦੇ ਵਿਕਾਸ ਪੁਰਸ਼ ਵਜੋਂ ਯਾਦ ਕੀਤਾ ਜਾਂਦਾ ਹੈ। ਪ੍ਰਤਾਪ ਸਿੰਘ ਕੈਰੋਂ ਦਾ ਜਨਮ ਪਹਿਲੀ ਅਕਤੂਬਰ 1901 ਨੂੰ ਪਿੰਡ ਕੈਰੋਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਇਕ ਦਰਮਿਆਨੇ ਕਿਸਾਨ ਸ੍ਰੀ ਨਿਹਾਲ ਸਿੰਘ ਦੇ ਘਰ ਹੋਇਆ ਸੀ। ਨਿਹਾਲ ਸਿੰਘ, ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚੋਂ ਇੱਕ ਸਨ ਅਤੇ ਉਹ ਉਨ੍ਹਾਂ ਸਮਿਆਂ ਵਿੱਚ ਪਿੰਡਾਂ ਦੀਆਂ ਲੜਕੀਆਂ ਨੂੰ ਸਿੱਖਿਆ ਦੇਣ ਦੇ ਹਾਮੀ ਸਨ। ਇਸੇ ਤਹਿਤ ਉਨ੍ਹਾਂ ਪਿੰਡ ਕੈਰੋਂ ਵਿੱਚ ਲੜਕੀਆਂ ਲਈ ਸਕੂਲ ਵੀ ਸਥਾਪਤ ਕੀਤਾ। ਪ੍ਰਤਾਪ ਸਿੰਘ ਕੈਰੋਂ ਨੇ ਮੁਢਲੀ ਸਿੱਖਿਆ ਆਪਣੇ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਗਰੈਜੂਏਸ਼ਨ ਪ੍ਰਾਪਤ ਕੀਤੀ। ਉੱਚ ਸਿੱਖਿਆ ਲਈ ਉਹ ਅਮਰੀਕਾ ਚਲੇ ਗਏ ਜਿੱਥੇ ਉਨ੍ਹਾਂ ਨੇ ਯੂਨੀਵਰਸਿਟੀ ਆਫ ਮਿਸ਼ੀਗਨ ਵਿੱਚ ਐੱਮ ਏ ਰਾਜਨੀਤੀ ਸ਼ਾਸਤਰ ਵਿੱਚ ਦਾਖਲਾ ਲੈ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਐੱਮ ਏ ਅਰਥ ਸ਼ਾਸਤਰ ਵਿੱਚ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਵਿੱਚ ਦਾਖਲਾ ਲਿਆ।

ਉਹ ਪੜ੍ਹਾਈ ਦੌਰਾਨ ਵਿਹਲੇ ਸਮੇਂ ਵਿੱਚ ਉਦੋਂ ਦੇ ਕਾਨੂੰਨ ਮੁਤਾਬਕ ਪਾਰਟ ਟਾਈਮ ਕੰਮ ਕਰਕੇ ਆਪਣੀ ਪੜ੍ਹਾਈ ਦਾ ਖਰਚਾ ਖੁਦ ਚੁੱਕਦੇ ਰਹੇ। ਸ੍ਰੀ ਕੈਰੋਂ ਅਮਰੀਕਾ ਵਿੱਚ ਖੇਤੀਬਾੜੀ, ਫਾਰਮਾ ਅਤੇ ਫੈਕਟਰੀਆਂ ਵਿੱਚ ਵੀ ਕੰਮ ਕਰਦੇ ਰਹੇ ਅਤੇ ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਫਲਾਂ ਦੀ ਖੇਤੀ ਤੋਂ ਬਹੁਤ ਪ੍ਰਭਾਵਿਤ ਸਨ। ਇਸ ਮਗਰੋਂ ਫਲਾਂ ਦੀ ਖੇਤੀਬਾੜੀ ਬਾਰੇ ਉਨ੍ਹਾਂ ਨੇ ਡੂੰਘਾਈ ਨਾਲ ਜਾਣਕਾਰੀ ਪ੍ਰਾਪਤ ਕੀਤੀ। ਉਥੇ ਹੀ ਉਨ੍ਹਾਂ ਨੇ ਮਨ ਬਣਾ ਲਿਆ ਕਿ ਪੰਜਾਬ ਵਾਪਸ ਜਾ ਕੇ ਖੇਤੀਬਾੜੀ ਨੂੰ ਵਿਗਿਆਨਕ ਢੰਗ ਨਾਲ ਵਿਕਸਤ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਹਾਲਤ ’ਚ ਸੁਧਾਰ ਹੋ ਸਕੇ। 1929 ਵਿੱਚ ਪ੍ਰਤਾਪ ਸਿੰਘ ਕੈਰੋਂ ਵਾਪਸ ਭਾਰਤ ਆ ਕੇ ਸ਼੍ਰੋਮਣੀ ਅਕਾਲੀ ਵਿੱਚ ਸ਼ਾਮਲ ਹੋ ਗਏ ਪਰ ਅਕਾਲੀ ਦਲ ਬਹੁਤੀ ਦੇਰ ਉਨ੍ਹਾਂ ਨੂੰ ਰਾਸ ਨਹੀਂ ਆਇਆ। 1930 ਵਿੱਚ ਉਹ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ, ਜਿਸ ਮਗਰੋਂ ਉਨ੍ਹਾਂ ਕਦੇ ਮੁੜ ਕੇ ਪਿੱਛੇ ਨਹੀਂ ਸੀ ਵੇਖਿਆ। ਇਸ ਦੇ ਨਾਲ ਹੀ ਉਨ੍ਹਾਂ ਆਜ਼ਾਦੀ ਦੇ ਸੰਗਰਾਮ ਵਿੱਚ ਵੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਉਨ੍ਹਾਂ 1932 ਵਿੱਚ ਵਿਸਾਖੀ ਵਾਲੇ ਦਿਨ 13 ਅਪਰੈਲ ਨੂੰ ਵਿਸਾਖੀ ਦਾ ਹਫ਼ਤਾਵਾਰੀ ਅਖ਼ਬਾਰ ‘ਨਿਊ ਇਰਾ ਇਨ ਅੰਮ੍ਰਿਤਸਰ’ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ। ਇਸ ਸਮੇਂ ਦੌਰਾਨ ਕੈਰੋਂ ਸਿਆਸਤ ਵਿੱਚ ਜ਼ਿਆਦਾ ਸਰਗਰਮੀ ਨਾਲ ਹਿੱਸਾ ਲੈਣ ਲੱਗੇ ਜਿਸ ਕਰਕੇ ਇਹ ਅਖ਼ਬਾਰ ਬਹੁਤੀ ਦੇਰ ਨਾ ਚੱਲ ਸਕਿਆ। ਪ੍ਰਤਾਪ ਸਿੰਘ ਕੈਰੋਂ ਕੁਝ ਸਮਾਂ ਅਖ਼ਬਾਰ ‘ਅਕਾਲੀ ਪੱਤ੍ਰਿਕਾ’ ਦੇ ਸੰਪਾਦਕ ਵੀ ਰਹੇ। 1932 ਵਿੱਚ ਜਦੋਂ ਸਿਵਲ ਨਾਫੁਰਮਾਨੀ ਲਹਿਰ ਸ਼ੁਰੂ ਹੋਈ ਤਾਂ ਉਨ੍ਹਾਂ ਮੋਹਰੀ ਹੋ ਕੇ ਇਸ ਲਹਿਰ ਵਿੱਚ ਹਿੱਸਾ ਲਿਆ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੰਜ ਸਾਲ ਦੀ ਸਜ਼ਾ ਹੋਈ।

Advertisement

ਆਪਣੇ ਸਿਆਸੀ ਕਰੀਅਰ ਵਿੱਚ 1937 ਵਿੱਚ ਪਹਿਲੀ ਵਾਰ ਉਨ੍ਹਾਂ 36 ਸਾਲ ਦੀ ਉਮਰ ਵਿੱਚ ਅੰਮ੍ਰਿਤਸਰ ਤੋਂ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜੀ ਅਤੇ ਕਾਂਗਰਸੀ ਉਮੀਦਵਾਰ ਗੁਰਦਿਤ ਸਿੰਘ ਸਰਹਾਲੀ ਨੂੰ ਹਰਾ ਕੇ ਐੱਮ ਐੱਲ ਏ ਬਣੇ। ਇਸ ਮਗਰੋਂ ਉਹ ਕਾਂਗਰਸ ਪਾਰਟੀ ਵਿੱਚ ਚਲੇ ਗਏ ਤੇ 1941 ਤੋਂ 1946 ਤੱਕ ਉਹ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਹੇ। ਇਸ ਤੋਂ ਬਾਅਦ 1942 ਵਿੱਚ ‘ਭਾਰਤ ਛੱਡੋ ਅੰਦੋਲਨ’ ਵਿੱਚ ਵੀ ਉਨ੍ਹਾਂ ਨੇ ਹਿੱਸਾ ਲਿਆ, ਜਿਸ ਕਰ ਕੇ ਉਨ੍ਹਾਂ ਨੂੰ ਫਿਰ ਪੰਜ ਸਾਲ ਦੀ ਸਜ਼ਾ ਹੋਈ। 1946 ਵਿੱਚ ਉਹ ਵਿਧਾਨ ਸਭਾ ਪੱਟੀ ਹਲਕੇ ਤੋਂ ਚੁਣੇ ਗਏ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਉਹ 1947 ਤੋਂ 1949 ਤੱਕ ਪੰਜਾਬ ਦੇ ਵਿਕਾਸ ਤੇ ਮੁੜ ਵਸੇਬਾ ਮੰਤਰੀ ਰਹੇ। ਇਸ ਸਮੇਂ ਦੌਰਾਨ ਉਨ੍ਹਾਂ ਨੇ ਬੜੀ ਸਖ਼ਤ ਮਿਹਨਤ ਕਰਕੇ ਮੁੜ ਵਸੇਬਾ ਮੰਤਰੀ ਹੁੰਦਿਆਂ ਲਹਿੰਦੇ ਪੰਜਾਬ ਵਿਚੋਂ ਆਏ 30 ਲੱਖ ਦੇ ਕਰੀਬ ਲੋਕਾਂ ਨੂੰ ਮੁੜ ਵਸਾਇਆ ਅਤੇ ਉਨ੍ਹਾਂ ਨੂੰ ਜ਼ਮੀਨਾਂ ਅਤੇ ਘਰ ਅਲਾਟ ਕੀਤੇ। ਉਨ੍ਹਾਂ ਨੇ ਲੋਕਾਂ ਨੂੰ ਰੁਜ਼ਗਾਰ ਵੀ ਦਿਵਾਇਆ। ਉਹ 1950 ਤੋਂ 1952 ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ ਅਤੇ ਸਰਬ ਭਾਰਤੀ ਕਾਂਗਰਸ ਦੀ ਵਰਕਿੰਗ ਕਮੇਟੀ ਦੇ ਮੈਂਬਰ ਵੀ ਰਹੇ। ਸ੍ਰੀ ਕੈਰੋਂ 1952 ਤੋਂ 1957 ਅਤੇ 1957 ਤੋਂ 1962 ਤੱਕ ਸਰਹਾਲੀ ਹਲਕੇ ਤੋਂ ਐੱਮ ਐੱਲ ਏ ਰਹੇ। 1962 ਤੋਂ ਬਾਅਦ ਆਪਣੀ ਮੌਤ ਤੱਕ ਵੀ ਸਰਹਾਲੀ ਤੋਂ ਹੀ ਐੱਮ ਐੱਲ ਰਹੇ। ਉਹ ਦੋ ਵਾਰ 9 ਅਪਰੈਲ 1957 ਤੋਂ 11 ਮਾਰਚ 1962 ਅਤੇ 11 ਮਾਰਚ 1962 ਤੋਂ 21 ਜੂਨ 1964 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਉਸ ਸਮੇਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵੀ ਪੰਜਾਬ ਵਿੱਚ ਹੀ ਸਨ। ਮੁੱਖ ਮੰਤਰੀ ਹੁੰਦਿਆਂ ਉਨ੍ਹਾਂ ਨੇ ਜ਼ਮੀਨੀ ਸੁਧਾਰਾਂ ਦਾ ਬੀੜਾ ਚੁੱਕ ਕੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਮੁਰੱਬੇਬੰਦੀ ਕਰਵਾਈ। ਇਸ ਤੋਂ ਇਲਾਵਾ ਸਿੰਜਾਈ ਦੇ ਪ੍ਰਬੰਧ ਵੀ ਕੀਤੇ ਗਏ। ਭਾਖੜਾ ਡੈਮ ਦੀ ਸਥਾਪਨਾ ਵਿੱਚ ਵੀ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਬਿਜਲੀ ਅਤੇ ਪਾਣੀ ਤੋਂ ਬਿਨਾਂ ਪੰਜਾਬ ਦਾ ਕਿਸਾਨ ਅਤੇ ਸਨਅਤ ਤਰੱਕੀ ਨਹੀਂ ਕਰ ਸਕਦੀ।

Advertisement

ਸ੍ਰੀ ਕੈਰੋਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਕੋਲੋਂ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਬਣਾਉਣ ਦੀ ਇਜਾਜ਼ਤ ਲਈ ਤਾਂ ਜੋ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ’ਤੇ ਤੋਰਿਆ ਜਾ ਸਕੇ। ਇਸ ਮਗਰੋਂ ਚੰਡੀਗੜ੍ਹ ਦੀ ਸਥਾਪਨਾ ਹੋਈ। ਉਸ ਵੇਲੇ ਕੇਂਦਰ ਸਰਕਾਰ ਨੇ ਵੀ ਖੁੱਲ੍ਹਦਿਲੀ ਨਾਲ ਪੰਜਾਬ ਦੀ ਆਰਥਿਕ ਮਦਦ ਕੀਤੀ ਸੀ। ਉਨ੍ਹਾਂ ਵੱਲੋਂ ਚੰਡੀਗੜ੍ਹ ਨੂੰ ਵਸਾਉਣ ਲਈ ਪਲਾਟ ਖਰੀਦਣ ਅਤੇ ਫਿਰ ਉਨ੍ਹਾਂ ’ਤੇ ਉਸਾਰੀ ਕਰਨ ਲਈ ਸਸਤੀਆਂ ਦਰਾਂ ’ਤੇ ਕਰਜ਼ੇ ਮੁਹੱਈਆ ਕਰਵਾਏ ਗਏ।

ਪ੍ਰਤਾਪ ਸਿੰਘ ਕੈਰੋਂ ਨੇ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਪੰਜਾਬ ਦਾ ਸਮੁੱਚੇ ਤੌਰ ’ਤੇ ਸਰਬਪੱਖੀ ਵਿਕਾਸ ਕੀਤਾ ਤੇ ਉਹ ਪੰਜਾਬ ਨੂੰ ਦੇਸ਼ ਦੇ ਖੇਤੀਬਾੜੀ ਦੇ ਨਕਸ਼ੇ ’ਤੇ ਲੈ ਕੇ ਆਏ। ਇਸੇ ਕਰਕੇ ਉਨ੍ਹਾਂ ਨੂੰ ‘ਫਾਦਰ ਆਫ ਮਾਡਰਨ ਪੰਜਾਬ ਪੌਲੀਟਿਕਸ’ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਪੰਜਾਬ ਵਿੱਚ ਪ੍ਰਾਇਮਰੀ ਅਤੇ ਮਿਡਲ ਤੱਕ ਦੀ ਸਿੱਖਿਆ ਜ਼ਰੂਰੀ ਅਤੇ ਸਰਕਾਰੀ ਸਕੂਲਾਂ ਵਿੱਚ ਮੁਫ਼ਤ ਕੀਤੀ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਤਿੰਨ-ਤਿੰਨ ਇੰਜੀਨੀਅਰਿੰਗ ਕਾਲਜ, ਆਈ.ਟੀ. ਆਈਜ਼ ਅਤੇ ਪੋਲੀਟੈਕਨੀਕਲ ਕਾਲਜ ਸਥਾਪਤ ਕੀਤੇ। ਪੰਜਾਬ ਕਿਉਂਕਿ ਖੇਤੀਬਾੜੀ ਪ੍ਰਧਾਨ ਸੂਬਾ ਸੀ ਇਸ ਲਈ ਪ੍ਰਤਾਪ ਸਿੰਘ ਕੈਰੋਂ ਨੇ ਲੁਧਿਆਣਾ ਵਿੱਚ ਖੇਤੀਬਾੜੀ ਯੂਨੀਵਰਸਿਟੀ ਸਥਾਪਤ ਕੀਤੀ ਤਾਂ ਜੋ ਖੇਤੀਬਾੜੀ ਦੇ ਵਿਕਾਸ ਲਈ ਨਵੀਆਂ ਵਿਗਿਆਨਕ ਖੋਜਾਂ ਕੀਤੀਆਂ ਜਾ ਸਕਣ। ਪੰਜਾਬ ਵਿੱਚ ਹਰਾ ਇਨਕਲਾਬ ਲਿਆਉਣ ਵਿੱਚ ਇਸ ਖੇਤੀਬਾੜੀ ਯੂਨੀਵਰਸਿਟੀ ਦਾ ਬਹੁਤ ਮਹੱਤਵਪੂਰਨ ਯੋਗਦਾਨ ਰਿਹਾ ਹੈ ਜਿਸ ਕਰਕੇ ਪੰਜਾਬ ਅਨਾਜ ਦੇ ਖੇਤਰ ਵਿੱਚ ਆਤਮ-ਨਿਰਭਰ ਹੋਇਆ।

ਪ੍ਰਤਾਪ ਸਿੰਘ ਕੈਰੋਂ ਦੀ ਇਕ ਹੋਰ ਖੂਬੀ ਸੀ ਕਿ ਉਹ ਸਾਰਾ ਦਫ਼ਤਰੀ ਕੰਮ ਖ਼ੁਦ ਦਿਲਚਸਪੀ ਲੈ ਕੇ ਵੇਖਦੇ ਸਨ। ਉਨ੍ਹਾਂ ਨੇ ਆਪਣੇ ਨਾਲ ਕੋਈ ਫਾਲਤੂ ਸਟਾਫ਼ ਨਹੀਂ ਸੀ ਰੱਖਿਆ। ਮੁੱਖ ਮੰਤਰੀ ਦਾ ਸਿਰਫ ਇਕ ਪ੍ਰਿੰਸੀਪਲ ਸਕੱਤਰ ਤੇ ਇਕ ਰਾਜਨੀਤਕ ਸਕੱਤਰ ਹੁੰਦਾ ਸੀ। ਸਲਾਹਕਾਰ ਅਤੇ ਵਿਸ਼ੇਸ਼ ਕਾਰਜਸਾਧਕ ਅਧਿਕਾਰੀ ਰੱਖਣ ਦਾ ਰਿਵਾਜ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਤੋਂ ਹੀ ਸ਼ੁਰੂ ਹੋਇਆ ਹੈ। ਸ੍ਰੀ ਕੈਰੋਂ 16 ਘੰਟੇ ਸਰਕਾਰੀ ਕੰਮ ਕਰਦੇ ਰਹਿੰਦੇ ਸਨ। ਪੰਜਾਬ ਦਾ ਵਿਕਾਸ ਕਰ ਕੇ ਉਨ੍ਹਾਂ ਪੰਜਾਬ ਨੂੰ ਦੇਸ਼ ਦੇ ਆਰਥਿਕ ਨਕਸ਼ੇ ’ਤੇ ਲਿਆਂਦਾ। ਉਨ੍ਹਾਂ ਦੀ ਯਾਦ ਵਿੱਚ ਕੇਂਦਰ ਸਰਕਾਰ ਵੱਲੋਂ 2005 ਵਿੱਚ ਡਾਕ ਟਿਕਟ ਵੀ ਜਾਰੀ ਕੀਤੀ ਗਈ। ਪ੍ਰਤਾਪ ਸਿੰਘ ਕੈਰੋਂ ਦਾ ਵਿਆਹ ਸ੍ਰੀਮਤੀ ਰਾਮ ਕੌਰ ਨਾਲ ਹੋਇਆ। ਸ੍ਰੀਮਤੀ ਰਾਮ ਕੌਰ ਵੀ ਐੱਮ ਐੱਲ ਏ ਰਹੇ ਹਨ। ਉਨ੍ਹਾਂ ਦੇ ਦੋ ਲੜਕੇ ਸੁਰਿੰਦਰ ਸਿੰਘ ਕੈਰੋਂ ਅਤੇ ਗੁਰਿੰਦਰ ਸਿੰਘ ਕੈਰੋਂ ਅਤੇ ਇੱਕ ਲੜਕੀ ਸਰਬਰਿੰਦਰ ਕੌਰ ਕੈਰੋਂ ਸਨ। ਇੱਕ ਵਾਰ ਉਨ੍ਹਾਂ ਦੇ ਪਰਿਵਾਰ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵੀ ਲੱਗੇ ਜਿਸ ਕਰਕੇ ਪੜਤਾਲੀਆ ਕਮਿਸ਼ਨ ਬਣਾਇਆ ਗਿਆ ਅਤੇ ਪੜਤਾਲੀਆ ਕਮਿਸ਼ਨ ਨੇ ਉਨ੍ਹਾਂ ਉਪਰ ਲੱਗੇ ਇਲਜ਼ਾਮਾਂ ਤੋਂ ਉਨ੍ਹਾਂ ਨੂੰ ਬਰੀ ਕਰ ਦਿੱਤਾ। ਪਰ ਫਿਰ ਵੀ ਉਨ੍ਹਾਂ ਨੇ ਇਖ਼ਲਾਕੀ ਜ਼ਿੰਮੇਵਾਰੀ ਸਮਝਦਿਆਂ 23 ਜੂਨ 1964 ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਉਨ੍ਹਾਂ ਦਾ ਵੱਡਾ ਲੜਕਾ ਸੁਰਿੰਦਰ ਸਿੰਘ ਕੈਰੋਂ ਤਰਨ ਤਾਰਨ ਤੋਂ ਕਾਂਗਰਸ ਪਾਰਟੀ ਦਾ ਲੋਕ ਸਭਾ ਮੈਂਬਰ ਰਹਿ ਚੁੱਕਾ ਹੈ। ਸੁਰਿੰਦਰ ਸਿੰਘ ਕੈਰੋਂ ਬਾਅਦ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਸੀ। ਉਨ੍ਹਾਂ ਦਾ ਪੋਤਰਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਪ੍ਰਕਾਸ਼ ਸਿੰਘ ਬਾਦਲ ਦੀ ਲੜਕੀ ਪਰਨੀਤ ਕੌਰ ਨੂੰ ਵਿਆਹਿਆ ਹੋਇਆ ਹੈ ਅਤੇ ਉਹ ਵੀ ਪੰਜਾਬ ਦਾ ਮੰਤਰੀ ਰਿਹਾ ਹੈ।

ਪ੍ਰਤਾਪ ਸਿੰਘ ਕੈਰੋਂ ਨੂੰ ਦਿੱਲੀ ਤੋਂ ਵਾਪਸ ਆਉਂਦਿਆਂ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਰਸੋਈ ਪਿੰਡ ਕੋਲ 6 ਫਰਵਰੀ 1965 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੇ ਕਤਲ ਦਾ ਕਾਰਨ ਨਿੱਜੀ ਰੰਜਿਸ਼ ਦੱਸਿਆ ਗਿਆ ਸੀ। ਗੁਨਾਹਗਾਰਾਂ ਨੂੰ ਸਜ਼ਾ ਵੀ ਮਿਲ ਗਈ ਸੀ।

ਸੰਪਰਕ: 94179-90040

Advertisement
×