DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅਨੇਕਾਂ ਸੱਭਿਅਤਾਵਾਂ ਨੂੰ ਸੰਜੋਈ ਬੈਠਾ ਏਸ਼ੀਆ ਮਹਾਦੀਪ

ਭਾਰਤ ਦੇ ਆਗਰਾ ਸ਼ਹਿਰ ਵਿੱਚ ਸਥਿਤ ਤਾਜ ਮਹਿਲ। ਏਸ਼ੀਆ ਮਹਾਦੀਪ ਸੰਸਾਰ ਦਾ ਸਭ ਤੋਂ ਵੱਡਾ ਮਹਾਦੀਪ ਹੈ ਜਿਸ ਦਾ ਰਕਬਾ ਕਰੀਬ 4.45 ਲੱਖ ਵਰਗ ਕਿਲੋਮੀਟਰ ਹੈ। ਇਸ ਵਿੱਚ ਭਾਸ਼ਾ, ਧਰਮ, ਪਹਿਰਾਵੇ ਅਤੇ ਸੱਭਿਅਤਾ ਪੱਖੋਂ ਵੱਡੀਆਂ ਵਿਭਿੰਨਤਾਵਾਂ ਪਾਈਆਂ ਜਾਂਦੀਆਂ ਹਨ। ਏਸ਼ੀਆ...

  • fb
  • twitter
  • whatsapp
  • whatsapp
featured-img featured-img
ਤਿੱਬਤ ਦੇ ਪਠਾਰਾਂ ਵਿੱਚ ਸਥਿਤ ਯਾਮਦਰੋਕ ਝੀਲ।
Advertisement
ਭਾਰਤ ਦੇ ਆਗਰਾ ਸ਼ਹਿਰ ਵਿੱਚ ਸਥਿਤ ਤਾਜ ਮਹਿਲ।
ਭਾਰਤ ਦੇ ਆਗਰਾ ਸ਼ਹਿਰ ਵਿੱਚ ਸਥਿਤ ਤਾਜ ਮਹਿਲ।

ਏਸ਼ੀਆ ਮਹਾਦੀਪ ਸੰਸਾਰ ਦਾ ਸਭ ਤੋਂ ਵੱਡਾ ਮਹਾਦੀਪ ਹੈ ਜਿਸ ਦਾ ਰਕਬਾ ਕਰੀਬ 4.45 ਲੱਖ ਵਰਗ ਕਿਲੋਮੀਟਰ ਹੈ। ਇਸ ਵਿੱਚ ਭਾਸ਼ਾ, ਧਰਮ, ਪਹਿਰਾਵੇ ਅਤੇ ਸੱਭਿਅਤਾ ਪੱਖੋਂ ਵੱਡੀਆਂ ਵਿਭਿੰਨਤਾਵਾਂ ਪਾਈਆਂ ਜਾਂਦੀਆਂ ਹਨ। ਏਸ਼ੀਆ ਦਾ ਖੇਤਰਫਲ ਧਰਤੀ ਦੇ ਕੁੱਲ ਥਲੀ ਖੇਤਰਫਲ ਦਾ 30 ਫ਼ੀਸਦੀ ਹੈ, ਜਿਸ ਉੱਪਰ ਦੁਨੀਆ ਦੀ ਕੁੱਲ ਆਬਾਦੀ ਦੇ 60 ਫ਼ੀਸਦੀ ਭਾਵ 4.8 ਬਿਲੀਅਨ ਲੋਕ ਵੱਸਦੇ ਹਨ। ਇਹ ਦੱਖਣ ਵੱਲੋਂ ਹਿੰਦ ਮਹਾਸਾਗਰ, ਉੱਤਰ ਵੱਲੋਂ ਆਰਕਟਿਕ ਮਹਾਸਾਗਰ, ਪੂਰਬ ਵੱਲੋਂ ਪ੍ਰਸ਼ਾਂਤ ਮਹਾਸਾਗਰ ਅਤੇ ਪੱਛਮ ਵੱਲੋਂ ਯੂਰਪ ਮਹਾਦੀਪ ਨਾਲ ਘਿਰਿਆ ਹੋਇਆ ਹੈ। ਸੰਸਾਰ ਦੇ ਸੱਤ ਮਹਾਦੀਪਾਂ ਵਿੱਚੋਂ ਸਭ ਤੋਂ ਲੰਮੇ ਸਮੁੰਦਰ ਤੱਟ (ਏਸ਼ੀਆ ਦੇ ਸਮੁੰਦਰ ਤੱਟ ਦੀ ਲੰਬਾਈ 62,800 ਕਿਲੋਮੀਟਰ ਹੈ) ਵਾਲਾ ਏਸ਼ੀਆ ਮਹਾਦੀਪ ਦੁਨੀਆ ਦੀਆਂ ਅਨੇਕਾਂ ਸੱਭਿਅਤਾਵਾਂ ਦਾ ਸਿਰਜਣਹਾਰ ਅਤੇ ਪਾਲਣਹਾਰ ਹੈ।

ਮਿਸਰ ਦੇਸ਼ ਦੀ ਸਵੇਜ਼ ਨਹਿਰ ਏਸ਼ੀਆ ਨੂੰ ਅਫਰੀਕਾ ਮਹਾਦੀਪ ਨਾਲ ਜੋੜਦੀ ਹੈ, ਜਦੋਂਕਿ ਯੂਰਾਲ ਦਰਿਆ ਅਤੇ ਯੂਰਾਲ ਪਰਬਤ ਏਸ਼ੀਆ ਅਤੇ ਯੂਰੋਪ ਮਹਾਦੀਪਾਂ ਵਿਚਕਾਰ ਆਉਂਦੇ ਹਨ। ਸੰਸਾਰ ਦਾ ਸਭ ਤੋਂ ਵੱਡੇ ਦੀਪਾਂ ਦਾ ਸਮੂਹ ‘ਮਾਲਯ ਦੀਪ ਸਮੂਹ’ ਏਸ਼ੀਆ ਨੂੰ ਓਸ਼ੇਨੀਆ ਮਹਾਦੀਪ ਨਾਲ ਜੋੜਦਾ ਹੈ। ਚੀਨ ਵਿੱਚੋਂ ਲੰਘਦੀ 6211 ਕਿਲੋਮੀਟਰ ਲੰਮੀ ਯਾਂਗਸੀ ਨਦੀ ਏਸ਼ੀਆ ਦੀ ਸਭ ਤੋਂ ਲੰਮੀ ਨਦੀ ਹੈ।

Advertisement

ਆਕਾਰ ਪੱਖੋਂ ਬਹੁਤ ਵੱਡਾ ਹੋਣ ਕਾਰਨ ਏਸ਼ੀਆ ਮਹਾਦੀਪ ਦੇ ਵੱਖ-ਵੱਖ ਹਿੱਸਿਆਂ ਵਿੱਚ ਮੌਸਮ ਪੱਖੋਂ ਵੱਡੀਆਂ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ। ਜਿੱਥੇ ਇੱਕ ਪਾਸੇ ਮੱਧ-ਪੂਰਬੀ ਇਲਾਕੇ ਵਿੱਚ ਖੁਸ਼ਕ ਰੇਗਿਸਤਾਨ ਹੈ, ਉੱਥੇ ਹੀ ਦੂਜੇ ਪਾਸੇ ਸਾਇਬੇਰੀਆ ਇਲਾਕੇ ਵਿੱਚ ਸਰਦੀ ਰੁੱਤੇ ਅਤਿ ਦੀ ਠੰਢ ਹੁੰਦੀ ਹੈ। ਏਸ਼ੀਆ ਦੇ 49 ਦੇਸ਼ਾਂ ਵਿੱਚੋਂ ਪੰਜ ਦੇਸ਼: ਰੂਸ, ਤੁਰਕੀ, ਕਜ਼ਾਖ਼ਸਤਾਨ, ਜਾਰਜੀਆ ਅਤੇ ਅਜ਼ਰਬਾਇਜਾਨ ਅੰਤਰ-ਮਹਾਂਦੀਪੀ ਮੁਲਕ ਹਨ ਭਾਵ ਇਨ੍ਹਾਂ ਦਾ ਇੱਕ ਹਿੱਸਾ ਏਸ਼ੀਆ ਅਤੇ ਦੂਜਾ ਹਿੱਸਾ ਯੂਰੋਪ ਨਾਲ ਲੱਗਦਾ ਹੈ। ਯੂਰੋਪੀਅਨ ਦੇਸ਼ ਵਪਾਰ ਕਰਨ ਜਾਂ ਖਣਿਜ ਪਦਾਰਥਾਂ ਦੀ ਖੋਜ ਲਈ ਪੁਰਾਤਨ ਸਮੇਂ ਤੋਂ ਹੀ ਏਸ਼ਿਆਈ ਮੁਲਕਾਂ, ਖ਼ਾਸਕਰ ਭਾਰਤ ਤੇ ਚੀਨ ਵੱਲ ਆਕਰਸ਼ਿਤ ਹੁੰਦੇ ਰਹੇ ਹਨ। ਇਸ ਦੀ ਇੱਕ ਉਦਾਹਰਣ ਯੂਰੋਪੀਅਨ ਦੇਸ਼ਾਂ ਦਾ ਚੀਨ ਨਾਲ ਹੁੰਦਾ ਰਿਹਾ ਵਪਾਰ ਹੈ। ਇਸ ਵਪਾਰ ਦੌਰਾਨ ਰੇਸ਼ਮ ਚੀਨ ਤੋਂ ਯੂਰੋਪ ਵੱਲ ਅਤੇ ਸੋਨਾ, ਚਾਂਦੀ ਤੇ ਉੱਨ ਯੂਰੋਪ ਤੋਂ ਚੀਨ ਵੱਲ ਜਾਂਦੇ ਸਨ। ਇਹ ਵਪਾਰ ਪਹਿਲੀ ਤੋਂ ਪੰਦਰ੍ਹਵੀਂ ਸਦੀ ਤੱਕ ਚੱਲਦਾ ਰਿਹਾ ਸੀ। ਚੀਨ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਅਫ਼ਗ਼ਾਨਿਸਤਾਨ, ਤੁਰਕੀ, ਇਰਾਕ, ਇਰਾਨ, ਪਾਕਿਸਤਾਨ, ਰੂਸ ਤੇ ਸੀਰੀਆ ਦੇਸ਼ਾਂ ਵਿੱਚੋਂ ਲੰਘਦੇ 6400 ਕਿਲੋਮੀਟਰ ਲੰਮੇ ਇਸ ਵਪਾਰ ਦੇ ਰਾਹ ਨੂੰ ਸਿਲਕ ਰੂਟ ਦਾ ਨਾਂ ਦਿੱਤਾ ਗਿਆ ਸੀ।

Advertisement

ਅਜੋਕੇ ਸਮੇਂ ਵਿੱਚ ਏਸ਼ੀਆ ਅਰਥ-ਵਿਵਸਥਾ ਪੱਖੋਂ ਸਭ ਤੋਂ ਵੱਧ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਮਹਾਦੀਪ ਹੈ। ਚੀਨ, ਜਪਾਨ ਅਤੇ ਭਾਰਤ ਦੀਆਂ ਵਿਕਸਿਤ ਹੋ ਰਹੀਆਂ ਅਰਥਵਿਵਸਥਾਵਾਂ ਇਸ ਦੀਆਂ ਉਦਾਹਰਣਾਂ ਹਨ। ਏਸ਼ੀਆ ਦੇ ਦੇਸ਼ਾਂ ਇਰਾਨ, ਕਜ਼ਾਖ਼ਸਤਾਨ, ਕੁਵੈਤ, ਤੁਰਕਮੇਨਿਸਤਾਨ, ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ ਅਤੇ ਓਮਾਨ ਆਦਿ ਵਿੱਚ ਖਣਿਜ ਪਦਾਰਥਾਂ ਦੇ ਅਥਾਹ ਭੰਡਾਰ ਮੌਜੂਦ ਹਨ, ਜੋ ਇਸ ਇਲਾਕੇ ਦੀ ਤਰੱਕੀ ਵਿੱਚ ਵੱਡੀ ਭੂਮਿਕਾ ਨਿਭਾਅ ਰਹੇ ਹਨ।

ਇੱਕ ਸਮਾਂ ਸੀ ਜਦੋਂ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਉੱਘੇ ਇਤਿਹਾਸਕਾਰ ਐਂਗਸ ਮੈਡੀਸਨ ਦੀ ਕਿਤਾਬ ‘ਦਿ ਵਰਲਡ ਇਕੌਨੋਮੀ’ ਵਿੱਚ ਦੱਸਿਆ ਗਿਆ ਹੈ ਕਿ ਦਸਵੀਂ ਸਦੀ ਤੱਕ ਭਾਰਤ ਵਿਸ਼ਵ ਦੀ ਸਭ ਤੋਂ ਵੱਡੀ ਅਰਥ-ਵਿਵਸਥਾ ਸੀ। ਦੁਨੀਆ ਦੀ ਕੁੱਲ ਆਬਾਦੀ ਦੀ ਅੱਧੇ ਤੋਂ ਵੱਧ ਵਸੋਂ ਵਾਲੇ ਏਸ਼ੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਪੈਟਰੋਲੀਅਮ, ਕੋਲਾ, ਤਾਂਬਾ, ਚਾਂਦੀ, ਜੰਗਲਾਤ ਤੇ ਮੱਛੀ ਦੇ ਅਥਾਹ ਭੰਡਾਰ ਮੌਜੂਦ ਹਨ ਅਤੇ ਨਾਲ ਹੀ ਇੱਥੇ ਹੁਨਰਮੰਦ ਕਿਰਤੀ ਅਤੇ ਅਕੁਸ਼ਲ ਮਜ਼ਦੂਰ ਘੱਟ ਮਿਹਨਤਾਨੇ ’ਤੇ ਉਪਲੱਬਧ ਹਨ। ਇਸ ਲਈ ਦੁਨੀਆ ਭਰ ਦੀਆਂ ਬਹੁ-ਕੌਮੀ ਕੰਪਨੀਆਂ ਆਪਣੇ ਅਦਾਰੇ ਏਸ਼ੀਆ ਵਿੱਚ ਖੋਲ੍ਹਣਾ ਪਸੰਦ ਕਰਦੀਆਂ ਹਨ।

ਸੱਭਿਆਚਾਰ ਪੱਖੋਂ ਵੀ ਏਸ਼ੀਆ ਦਾ ਵਿਰਸਾ ਬੇਹੱਦ ਅਮੀਰ ਹੈ। ਬੰਗਾਲੀ ਕਵੀ, ਨਾਟਕਕਾਰ ਅਤੇ ਪ੍ਰਸਿੱਧ ਲੇਖਕ ਰਾਬਿੰਦਰਨਾਥ ਟੈਗੋਰ ਨੂੰ ਸੰਨ 1913 ਵਿੱਚ ਉਨ੍ਹਾਂ ਦੀ ਰਚਨਾ ‘ਗੀਤਾਂਜਲੀ’ ਲਈ ਸਹਿਤ ਦਾ ਨੋਬੇਲ ਪੁਰਸਕਾਰ ਮਿਲਿਆ ਸੀ। ਅਜਿਹੀ ਉਪਲਬੱਧੀ ਹਾਸਿਲ ਕਰਨ ਵਾਲੇ ਉਹ ਪਹਿਲੇ ਭਾਰਤੀ ਸਨ। ਏਸ਼ੀਆ ਵਿੱਚ ਸਭ ਤੋਂ ਵੱਧ 24 ਨੋਬੇਲ ਪੁਰਸਕਾਰ ਜਪਾਨ ਨੂੰ ਮਿਲੇ ਹਨ ਅਤੇ ਦੂਜੇ ਨੰਬਰ ’ਤੇ ਭਾਰਤ ਆਉਂਦਾ ਹੈ ਜਿਸ ਨੂੰ 13 ਨੋਬੇਲ ਪੁਰਸਕਾਰ ਪ੍ਰਾਪਤ ਹੋਏ ਹਨ।

ਸੱਭਿਆਚਾਰਕ ਵਿਰਸੇ ਪੱਖੋਂ ਭਾਰਤ ਏਸ਼ੀਆ ਦਾ ਇੱਕ ਪੁਰਾਤਨ ਦੇਸ਼ ਹੈ। ਇੱਥੇ ਕਰੋੜਾਂ ਵਿਦੇਸ਼ੀ ਸੈਲਾਨੀ ਹਰ ਸਾਲ ਦਿੱਲੀ, ਪੰਜਾਬ, ਆਗਰਾ, ਮੁੰਬਈ ਅਤੇ ਜੈਪੁਰ ਵਿਖੇ ਯਾਤਰਾ ਲਈ ਆਉਂਦੇ ਰਹਿੰਦੇ ਹਨ। ਆਗਰਾ ਦਾ ਤਾਜਮਹੱਲ, ਦਿੱਲੀ ਦਾ ਲਾਲ ਕਿਲ੍ਹਾ ਅਤੇ ਜੈਪੁਰ ਦੇ ਸਿਟੀ ਪੈਲੇਸ, ਜੰਤਰ-ਮੰਤਰ ਅਤੇ ਹਵਾ ਮਹਿਲ ਯਾਤਰੀਆਂ ਨੂੰ ਆਪਣੇ ਵੱਲ ਖਿੱਚਦੇ ਹਨ। ਪੰਜਾਬ ਦਾ ਅਮੀਰ ਸੱਭਿਆਚਾਰਕ ਵਿਰਸਾ ਸੈਲਾਨੀਆਂ ਨੂੰ ਵਿਸ਼ੇਸ਼ ਤੌਰ ’ਤੇ ਪ੍ਰਭਾਵਿਤ ਕਰਦਾ ਹੈ। ਜ਼ਿਕਰਯੋਗ ਹੈ ਕਿ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ੍ਰੀ ਅੰਮ੍ਰਿਤਸਰ ਸਾਹਿਬ ਸਥਿਤ ਸਾਰੀ ਮਨੁੱਖਤਾ ਨੂੰ ਬਰਾਬਰੀ ਅਤੇ ਭਾਈਚਾਰੇ ਦਾ ਸੰਦੇਸ਼ ਦੇਣ ਵਾਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੁੰਦੇ ਹਨ ਅਤੇ ਗੁਰਬਾਣੀ ਦੇ ਨਿਰੰਤਰ ਚੱਲਦੇ ਅੰਮ੍ਰਿਤਮਈ ਪ੍ਰਵਾਹ ਦਾ ਅਨੰਦ ਮਾਣਦੇ ਹਨ।

ਏਸ਼ੀਆ ਦਾ ਸਭ ਤੋਂ ਵੱਡਾ ਹਿਮਾਲਿਆ ਪਰਬਤ ਚਾਰ ਦੇਸ਼ਾਂ ਭੂਟਾਨ, ਭਾਰਤ, ਚੀਨ ਅਤੇ ਨੇਪਾਲ ਵਿੱਚੋਂ ਹੋ ਕੇ ਲੰਘਦਾ ਹੈ, ਜਿਸ ਦੀ ਲੰਬਾਈ ਤਕਰੀਬਨ 2,400 ਕਿਲੋਮੀਟਰ ਹੈ। ਇਹ ਭਾਰਤੀ ਉਪ-ਮਹਾਂਦੀਪ ਦੇ ਮੈਦਾਨਾਂ ਨੂੰ ਤਿੱਬਤ ਦੇ ਪਠਾਰ ਤੋਂ ਵੱਖ ਕਰਦਾ ਹੈ। ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ, ਜਿਸ ਦੀ ਉਚਾਈ 8848.86 ਮੀਟਰ ਜਾਂ 29031.7 ਫੁੱਟ ਹੈ, ਹਿਮਾਲਿਆ ਪਰਬਤ ਦਾ ਹੀ ਹਿੱਸਾ ਹੈ।

ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖ਼ਲੀਫਾ ਏਸ਼ੀਆ ਦੇ ਦੁਬਈ ਵਿੱਚ ਸਥਿਤ ਹੈ। ਏਸ਼ੀਆ ਦੇ ਨੇਪਾਲ, ਭੂਟਾਨ, ਅਫ਼ਗ਼ਾਨਿਸਤਾਨ, ਮੰਗੋਲੀਆ, ਤਜ਼ਾਕਿਸਤਾਨ, ਉਜ਼ਬੇਕਿਸਤਾਨ, ਅਜ਼ਰਬਾਇਜਾਨ ਅਤੇ ਆਰਮੀਨੀਆ ਦੇਸ਼ਾਂ ਦੀ ਹੱਦ ਕਿਸੇ ਸਮੁੰਦਰ ਨਾਲ ਨਹੀਂ ਲੱਗਦੀ। ਏਸ਼ੀਆ ਦੇ ਸਭ ਤੋਂ ਵੱਡੇ ਟਾਪੂ ‘ਬੋਰਨਿਓ’ ਉੱਤੇ ਤਿੰਨ ਦੇਸ਼ਾਂ ਮਲੇਸ਼ੀਆ, ਬਰੂਨੇਈ ਅਤੇ ਇੰਡੋਨੇਸ਼ੀਆ ਦਾ ਹੱਕ ਹੈ। ਏਸ਼ੀਆ ਵਿਸ਼ਵ ਦੇ ਅਨੇਕਾਂ ਪ੍ਰਮੁੱਖ ਧਰਮਾਂ ਦਾ ਜਨਮ ਸਥਾਨ ਵੀ ਹੈ। ਇੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ। ਇਸ ਮਹਾਦੀਪ ਵਿੱਚ 2,300 ਦੇ ਕਰੀਬ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਭਾਰਤ ਵਿੱਚ 20 ਮਿਲੀਅਨ ਟਨ ਅੰਬ ਹਰ ਸਾਲ ਪੈਦਾ ਕੀਤੇ ਜਾਂਦੇ ਹਨ, ਜੋ ਵਿਸ਼ਵ ਵਿੱਚ ਸਭ ਤੋਂ ਵੱਧ ਉਤਪਾਦਨ ਹੈ। ਸੰਸਾਰ ਵਿੱਚ ਸਭ ਤੋਂ ਵੱਧ ਚੌਲ ਏਸ਼ੀਆ ਵਿੱਚ ਹੀ ਉਗਾਏ ਜਾਂਦੇ ਹਨ। ਦੁਨੀਆ ਵਿੱਚ ਸਭ ਤੋਂ ਵੱਧ ਮਨੁੱਖੀ ਔਸਤ ਉਮਰ ਏਸ਼ੀਆ ਦੇ ਹਾਂਗਕਾਂਗ ਅਤੇ ਜਪਾਨ ਦੇ ਲੋਕਾਂ ਦੀ ਹੈ। ਸੰਸਾਰ ਦਾ ਸਭ ਤੋਂ ਘੱਟ ਕਾਰਬਨ ਨਿਕਾਸੀ ਕਰਨ ਵਾਲਾ ਦੇਸ਼ ਭੂਟਾਨ ਵੀ ਏਸ਼ੀਆ ਵਿੱਚ ਹੀ ਹੈ। ਇੰਡੋਨੇਸ਼ੀਆ ਵਿੱਚ ਸਭ ਤੋਂ ਵੱਧ ਸਰਗਰਮ ਜਵਾਲਾਮੁਖੀ ਮੌਜੂਦ ਹਨ। ਕਾਗ਼ਜ਼ ਦੀ ਖੋਜ ਤਕਰੀਬਨ ਦੋ ਹਜ਼ਾਰ ਸਾਲ ਪਹਿਲਾਂ ਚੀਨ ਵਿੱਚ ਹੋਈ ਸੀ। ਇੰਡੋਨੇਸ਼ੀਆ ਸਭ ਤੋਂ ਜ਼ਿਆਦਾ ਨਾਰੀਅਲ ਬਰਾਮਦ ਕਰਨ ਵਾਲਾ ਦੇਸ਼ ਹੈ। ਇਜ਼ਰਾਈਲ ਅਤੇ ਜਾਰਡਨ ਵਿਚਾਲੇ ਸਥਿਤ ‘ਡੈੱਡ ਸੀਅ’, ਧਰਤੀ ਦੀ ਸਭ ਤੋਂ ਨੀਵੀਂ ਥਾਂ ਹੈ। ਭੂੁਟਾਨ ਇਕੱਲਾ ਦੇਸ਼ ਹੈ ਜਿਸ ਵਿੱਚ ਤੰਬਾਕੂ ਉੱਤੇ ਰੋਕ ਲੱਗੀ ਹੋਈ ਹੈ। ਦੁਨੀਆ ਦੀ ਸਭ ਤੋਂ ਉੱਚੀ ਸੜਕ ਲੱਦਾਖ ਵਿੱਚ ਹੈ। ਸੰਸਾਰ ਵਿੱਚ ਅਰਬਪਤੀਆਂ ਦੀ ਗਿਣਤੀ ਏਸ਼ੀਆ ਵਿੱਚ ਸਭ ਤੋਂ ਜ਼ਿਆਦਾ ਹੈ। ਜਪਾਨ ਦਾ ਟੋਕੀਓ ਸ਼ਹਿਰ ਸਭ ਤੋਂ ਵੱਧ ਵੱਸੋਂ ਵਾਲਾ ਸ਼ਹਿਰ ਹੈ, ਜਿੱਥੇ 3.8 ਕਰੋੜ ਲੋਕ ਰਹਿੰਦੇ ਹਨ। 2,81,800 ਵਰਗ ਕਿਲੋਮੀਟਰ ਰਕਬੇ ਵਾਲਾ ਗੋਬੀ ਮਾਰੂਥਲ ਏਸ਼ੀਆ ਦਾ ਸਭ ਤੋਂ ਵੱਡਾ, ਠੰਢਾ ਅਤੇ ਖੁਸ਼ਕ ਰੇਗਿਸਤਾਨ ਹੈ। ਦੁਨੀਆ ਦੇ ਸੱਤ ਅਜੂਬਿਆਂ ਵਿੱਚੋਂ ਤਿੰਨ ਅਜੂਬੇ ਤਾਜਮਹੱਲ (ਭਾਰਤ), ਚੀਨ ਦੀ ਦੀਵਾਰ ਅਤੇ ਜਾਰਡਨ ਦਾ ਪੈਟਰਾ ਗੁੰਬਦ ਏਸ਼ੀਆ ਵਿੱਚ ਹੀ ਹਨ।

ਸੰਪਰਕ: 62842-20595

Advertisement
×