ਕੁਦਰਤ ਨਾਲ ਛੇੜਛਾੜ ਬਨਾਮ ਕੁਦਰਤੀ ਆਫ਼ਤਾਂ
ਹੜ੍ਹ, ਬੱਦਲ ਫਟਣਾ, ਭੂਚਾਲ, ਜ਼ਮੀਨ ਖਿਸਕਣਾ, ਪਹਾੜਾਂ ਦਾ ਭੁਰਨਾ, ਗਲੇਸ਼ੀਅਰਾਂ ਦਾ ਤੇਜ਼ੀ ਨਾਲ ਪਿਘਲਣਾ, ਬਰਫ਼ ਦੇ ਤੋਦਿਆਂ ਦਾ ਤੇਜ਼ੀ ਨਾਲ ਟੁੱਟਣਾ, ਤੂਫ਼ਾਨ, ਝੱਖੜ, ਜੰਗਲਾਂ ਨੂੰ ਅੱਗ ਲੱਗਣਾ, ਸਮੁੰਦਰ ਵਿੱਚ ਪੈਦਾ ਹੋਇਆ ਜਵਾਰਭਾਟਾ, ਸਮੁੰਦਰੀ ਤੂਫ਼ਾਨ, ਸੁਨਾਮੀ, ਸੋਕਾ ਆਦਿ ਕੁਦਰਤੀ ਆਫ਼ਤਾਂ ਆਪਣੀ...
ਹੜ੍ਹ, ਬੱਦਲ ਫਟਣਾ, ਭੂਚਾਲ, ਜ਼ਮੀਨ ਖਿਸਕਣਾ, ਪਹਾੜਾਂ ਦਾ ਭੁਰਨਾ, ਗਲੇਸ਼ੀਅਰਾਂ ਦਾ ਤੇਜ਼ੀ ਨਾਲ ਪਿਘਲਣਾ, ਬਰਫ਼ ਦੇ ਤੋਦਿਆਂ ਦਾ ਤੇਜ਼ੀ ਨਾਲ ਟੁੱਟਣਾ, ਤੂਫ਼ਾਨ, ਝੱਖੜ, ਜੰਗਲਾਂ ਨੂੰ ਅੱਗ ਲੱਗਣਾ, ਸਮੁੰਦਰ ਵਿੱਚ ਪੈਦਾ ਹੋਇਆ ਜਵਾਰਭਾਟਾ, ਸਮੁੰਦਰੀ ਤੂਫ਼ਾਨ, ਸੁਨਾਮੀ, ਸੋਕਾ ਆਦਿ ਕੁਦਰਤੀ ਆਫ਼ਤਾਂ ਆਪਣੀ ਲਪੇਟ ਵਿੱਚ ਆਉਣ ਵਾਲਿਆਂ ਨੂੰ ਜ਼ਿੰਦਗੀ ਭਰ ਦੇ ਜ਼ਖ਼ਮ ਦੇ ਜਾਂਦੀਆਂ ਹਨ। ਭੂਚਾਲ ਇੱਕ ਅਜਿਹੀ ਕੁਦਰਤੀ ਆਫ਼ਤ ਹੈ, ਜਿਸ ਦਾ ਪਹਿਲਾਂ ਪਤਾ ਨਹੀਂ ਲਗਾਇਆ ਜਾ ਸਕਦਾ ਪਰ ਹੜ੍ਹ, ਬਰਸਾਤ, ਸੋਕੇ ਅਤੇ ਅਜਿਹੀਆਂ ਆਉਣ ਵਾਲੀਆਂ ਹੋਰ ਕੁਦਰਤੀ ਆਫ਼ਤਾਂ ਦਾ ਪਹਿਲਾਂ ਤੋਂ ਪਤਾ ਲਗਾਉਣ ਲਈ ਮੌਸਮ ਵਿਭਾਗ ਹਨ।
ਭਾਰਤ ਦੇ ਮਾਮਲੇ ਵਿੱਚ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਜਦੋਂ ਤੱਕ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਲੋਕਾਂ ਤਕ ਪਹੁੰਚਦੀ ਹੈ, ਉਦੋਂ ਤੱਕ ਲੋਕ ਕੁਦਰਤੀ ਆਫ਼ਤਾਂ ਦੀ ਮਾਰ ਹੇਠ ਆ ਚੁੱਕੇ ਹੁੰਦੇ ਹਨ। ਸਮੇਂ ਦੀਆਂ ਸਰਕਾਰਾਂ ਨੂੰ ਹੁਣ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਆਧੁਨਿਕ ਤਕਨੀਕਾਂ ਵਿੱਚ ਆਖ਼ਰ ਕਿਹੜੀ ਅਤੇ ਕਿੱਥੇ ਵੱਡੀ ਘਾਟ ਹੈ, ਜਿਸ ਕਾਰਨ ਮੌਸਮ ਵਿਭਾਗ ਵੱਲੋਂ ਜਾਰੀ ਕੀਤੀਆਂ ਚਿਤਾਵਨੀਆਂ ਜਾਂ ਤਾਂ ਸਹੀ ਤਰੀਕੇ ਨਾਲ ਆਮ ਲੋਕਾਂ ਤੱਕ ਪਹੁੰਚਦੀਆਂ ਨਹੀਂ ਜਾਂ ਫਿਰ ਲੋਕ ਮੌਸਮ ਵਿਭਾਗ ਦੀਆਂ ਚਿਤਾਵਨੀਆਂ ਸਬੰਧੀ ਅਵੇਸਲੇ ਰਹਿੰਦੇ ਹਨ।
ਸਮੁੰਦਰੀ ਤਟ ਤੋਂ ਲੈ ਕੇ ਮੈਦਾਨੀ ਇਲਾਕਿਆਂ ਅਤੇ ਹਿਮਾਲਿਆ ਪਰਬਤ ਤੱਕ ਮਨੁੱਖ ਨੇ ਬਹੁਤ ਤਰੱਕੀ ਕੀਤੀ ਹੈ, ਪਰ ਆਧੁਨਿਕ ਤਰੱਕੀ ਅਤੇ ਵਿਕਾਸ ਦੇ ਨਾਂ ’ਤੇ ਮਨੁੱਖ ਨੇ ਕੁਦਰਤ ਅਤੇ ਕੁਦਰਤੀ ਸਰੋਤਾਂ ਨੂੰ ਬਹੁਤ ਨੁਕਸਾਨ ਵੀ ਪਹੁੰਚਾਇਆ ਹੈ, ਜਿਸ ਕਾਰਨ ਕਦੇ ਕਦੇ ਕੁਦਰਤ ਮਨੁੱਖ ਨਾਲ ਨਾਰਾਜ਼ ਹੋ ਜਾਂਦੀ ਹੈ ਅਤੇ ਕੁਦਰਤੀ ਆਫ਼ਤਾਂ ਦੇ ਰੂਪ ਵਿੱਚ ਮਨੁੱਖ ਨੂੰ ਕੁਦਰਤ ਦੀ ਇਸ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮਨੁੱਖ ਨੇ ਕੁਦਰਤੀ ਸਰੋਤਾਂ ’ਤੇ ਕਬਜ਼ਾ ਕਰਨ ਲਈ ਧਰਤੀ ਦੀ ਹਿੱਕ ਨੂੰ ਇੰਨਾ ਜ਼ਖ਼ਮੀ ਕੀਤਾ ਹੈ ਕਿ ਹੁਣ ਇਹ ਕੁਦਰਤੀ ਸਰੋਤ ਜਾਂ ਤਾਂ ਖ਼ਤਮ ਹੋਣ ਕੰਢੇ ਪੁੱਜ ਗਏ ਹਨ ਜਾਂ ਖ਼ਤਮ ਹੋ ਹੀ ਚੁੱਕੇ ਹਨ। ਧਰਤੀ ਹੇਠਲਾ ਪਾਣੀ, ਕੋਲਾ, ਪੈਟਰੋਲੀਅਮ ਆਦਿ ਦਾ ਮਨੁੱਖ ਨੇ ਇੰਨਾ ਖਣਨ ਕੀਤਾ ਹੈ ਕਿ ਅੱਜ ਇਨ੍ਹਾਂ ਸਰੋਤਾਂ ਤੋਂ ਹੱਥ ਧੋ ਬੈਠਣ ਦੀ ਨੌਬਤ ਆ ਗਈ ਹੈ। ਪੀਣ ਯੋਗ ਸਾਫ਼ ਪਾਣੀ ਕਾਰਨ ਹੀ ਮਨੁੱਖੀ ਜੀਵਨ ਦੀ ਗੱਡੀ ਲੀਹ ’ਤੇ ਤੁੁਰ ਰਹੀ ਹੈ, ਪਰ ਜੇਕਰ ਇਹ ਵੱਡੀ ਗਿਣਤੀ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਤਾਂ ਧਰਤੀ ’ਤੇ ਮਨੁੱਖ ਦੀ ਹੋਂਦ ਖ਼ਤਰੇ ਵਿੱਚ ਪੈ ਸਕਦੀ ਹੈ। ਪਹਾੜਾਂ ਦੀਆਂ ਜੜ੍ਹਾਂ ਵਿੱਚੋਂ ਕੁਦਰਤੀ ਸਰੋਤਾਂ ਅਤੇ ਖਣਿਜ ਪਦਾਰਥਾਂ ਦੇ ਹੱਦੋਂ ਵੱਧ ਵਰਤਣ ਕਾਰਨ ਵੱਡੀ ਗਿਣਤੀ ਪਹਾੜ ਹੁਣ ਖੋਖਲੇ ਹੋ ਗਏ ਹਨ, ਜਿਸ ਕਾਰਨ ਹਲਕੇ ਜਿਹੇ ਭੂਚਾਲ ਕਾਰਨ ਜਾਂ ਮੀਂਹ ਵੱਧ ਪੈਣ ਨਾਲ ਹੀ ਪਹਾੜਾਂ ਦਾ ਵੱਡਾ ਹਿੱਸਾ ਟੁੱਟ ਕੇ ਖਿਸਕ ਜਾਂਦਾ ਹੈ।
ਇਸ ਤੋਂ ਇਲਾਵਾ ਹਿਮਾਲਿਆ ਪਰਬਤ ਲੜੀ ’ਤੇ ਬਰਫ਼ ਅਤੇ ਉੱਤਰੀ ਭਾਰਤ ਵਿੱਚ ਲੰਮੇ ਅਰਸੇ ਤੋਂ ਜੰਮੇ ਹੋਏ ਗਲੇਸ਼ੀਅਰ ਵੀ ਹੁਣ ਵਧੇਰੇ ਰਫ਼ਤਾਰ ਨਾਲ ਪਿਘਲਣ ਲੱਗ ਪਏ ਹਨ। ਇਨ੍ਹਾਂ ਦੇ ਪਿਘਲਣ ਦੀ ਰਫ਼ਤਾਰ ਇੰਨੀ ਤੇਜ਼ ਹੁੰਦੀ ਹੈ ਕਿ ਇੱਕ ਵਾਰ ਤਾਂ ਨਦੀਆਂ ਵਿੱਚ ਹੜ੍ਹ ਆ ਜਾਂਦਾ ਹੈ ਪਰ ਬਾਕੀ ਸਮੇਂ ਵਿੱਚ ਇਹੀ ਨਦੀਆਂ ਸੋਕੇ ਦੀ ਸਥਿਤੀ ਦਾ ਸਾਹਮਣਾ ਕਰਦੀਆਂ ਹਨ। ਮਨੁੱਖੀ ਦਖਲਅੰਦਾਜ਼ੀ ਨੇ ਹਰ ਨਦੀ, ਕੁਦਰਤੀ ਨਾਲੇ ਕੰਢੇ ਕੁਦਰਤੀ ਹੱਦ ਬੰਨੇ ਖ਼ਤਮ ਕਰ ਦਿੱਤੇ ਹਨ, ਜਿਸ ਕਾਰਨ ਵਧੇਰੇ ਮੀਂਹ ਪੈਣ ਦੀ ਸੂਰਤ ਵਿੱਚ ਨਦੀਆਂ ਜਦੋਂ ਆਪਣੇ ਰਵਾਇਤੀ ਰਾਹ ’ਤੇ ਵਗਦੀਆਂ ਹਨ ਤਾਂ ਇਨ੍ਹਾਂ ਕੰਢੇ ਵਸੇ ਲੋਕਾਂ ਲਈ ਇਹ ਹੜ੍ਹ ਸਾਬਤ ਹੁੰਦੀਆਂ ਹਨ। ਇਹ ਘਟਨਾਵਾਂ ਹੁਣ ਇੰਨੀਆਂ ਲਗਾਤਾਰ ਵਾਪਰ ਰਹੀਆਂ ਹਨ ਕਿ ਹਰ ਸਾਲ ਜਾਂ ਦੋ ਸਾਲਾਂ ਬਾਅਦ ਨਦੀਆਂ ਕੰਢੇ ਵਸੇ ਸ਼ਹਿਰਾਂ ਨੂੰ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਹੜ੍ਹਾਂ ਵਿੱਚ ਮਨੁੱਖ ਵੱਲੋਂ ਉਸਾਰੇ ਗਏ ਪੁਲ, ਬੰਨ੍ਹ ਸਭ ਪਾਣੀ ਦੇ ਵੇਗ ਸਾਹਮਣੇ ਆਪਣਾ ਵਜੂਦ ਗੁਆ ਬੈਠਦੇ ਹਨ। ਕੁਦਰਤੀ ਆਫ਼ਤ ਗਰਦਾਨ ਕੇ ਮਨੁੱਖ ਇਸ ਪਿਛਲੇ ਕਾਰਨਾਂ ਨੂੰ ਲੰਮੇ ਸਮੇਂ ਤੋਂ ਅਣਗੌਲਿਆਂ ਕਰ ਰਿਹਾ ਹੈ।
ਇਹ ਠੀਕ ਹੈ ਕਿ ਪਹਾੜਾਂ ’ਤੇ ਲੱਖਾਂ ਸੈਲਾਨੀਆਂ ਦੇ ਜਾਣ ਨਾਲ ਪਹਾੜੀ ਇਲਾਕਿਆਂ ਦੀ ਆਰਥਿਕਤਾ ਮਜ਼ਬੂੁਤ ਹੁੰਦੀ ਹੈ, ਪਰ ਇਨ੍ਹਾਂ ਸੈਲਾਨੀਆਂ ਨੂੰ ਭਰਮਾਉਣ ਲਈ ਤਿਆਰ ਕੀਤੇ ਜਾ ਰਹੇ ਆਲੀਸ਼ਾਨ ਹੋਟਲ, ਰੈਸਤਰਾਂ, ਘੁੰਮਣ ਫਿਰਨ ਵਾਲੇ ਥਾਵਾਂ ’ਤੇ ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਅਤੇ ਸੈਲਾਨੀਆਂ ਵੱਲੋਂ ਸੁੱਟੀਆਂ ਜਾਂਦੀਆਂ ਪਾਣੀ ਵਾਲੀਆਂ ਖਾਲੀ ਪਲਾਸਟਿਕ ਦੀਆਂ ਬੋਤਲਾਂ ਅਤੇ ਹੋਰ ਕੂੜਾ ਕਰਕਟ ਪਹਾੜੀ ਇਲਾਕਿਆਂ ਲਈ ਵੱਡੀ ਸਮੱਸਿਆ ਬਣ ਰਹੇ ਹਨ। ਇਹ ਕੂੜਾ ਅਕਸਰ ਮੀਂਹ ਦੇ ਪਾਣੀ ਨਾਲ ਵਗ ਕੇ ਨਦੀਆਂ ਵਿੱਚ ਚਲਿਆ ਜਾਂਦਾ ਹੈ ਤੇ ਥਾਂ ਥਾਂ ਇਕੱਠਾ ਹੋ ਜਾਂਦਾ ਹੈ, ਜਿਸ ਕਾਰਨ ਮੀਂਹ ਪੈਣ ਦੀ ਸਥਿਤੀ ਵਿੱਚ ਇਹ ਨਦੀਆਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਉੱਛਲ ਪੈਂਦੀਆਂ ਹਨ ਤੇ ਇਨ੍ਹਾਂ ਕੰਢੇ ਵਸੇ ਲੋਕਾਂ ਲਈ ਸਮੱਸਿਆ ਖੜ੍ਹੀ ਹੋ ਜਾਂਦੀ ਹੈ।
ਸੰਯੁਕਤ ਰਾਸ਼ਟਰ ਦੇ ਅੰਤਰਸਰਕਾਰੀ ਪੈਨਲ (ਆਈ.ਪੀ.ਸੀ.ਸੀ) ਦੀ ਰਿਪੋਰਟ ਅਨੁਸਾਰ ਹਿਮਾਲਿਆ ਖੇਤਰ ਦਾ ਤਾਪਮਾਨ ਸੰਨ 2000 ਤੋਂ 2010 ਵਿਚਾਲੇ 0.2 ਡਿਗਰੀ ਸੈਲਸੀਅਸ ਅਤੇ 2011 ਤੋਂ 2020 ਦੇ ਦਹਾਕੇ ਵਿੱਚ 0.3 ਡਿਗਰੀ ਸੈਲਸੀਅਸ ਤੱਕ ਵਧ ਗਿਆ ਹੈ। ਇਸ ਰਿਪੋਰਟ ਅਨੁਸਾਰ ਗੰਗਾ ਨਦੀ ਦਾ ਜਨਮ ਸਥਾਨ ਗੰਗੋਤਰੀ ਗਲੇਸ਼ੀਅਰ ਸਾਲਾਨਾ 18 ਮੀਟਰ ਦੀ ਦਰ ਨਾਲ ਪਿਘਲ ਰਿਹਾ ਹੈ ਤੇ ਗੰਗਾ ਦੀ ਸਹਾਇਕ ਨਦੀ ਅਲਕਨੰਦਾ ਵੀ ਆਲਮੀ ਤਪਸ਼ ਦੇ ਖ਼ਤਰੇ ਅਧੀਨ ਆ ਗਈ ਹੈ। ਕੌਮਾਂਤਰੀ ਜਨਰਲ ‘ਜਿਯੋਕਾਰਟੋ’ ਵਿੱਚ ਪ੍ਰਕਾਸ਼ਿਤ ਖੋਜ ਵਿੱਚ ਕਿਹਾ ਗਿਆ ਹੈ ਕਿ ਪਿਛਲੇ 50 ਸਾਲਾਂ ਵਿੱਚ ਅਲਕਨੰਦਾ ਨਦੀ ਦੇ ਗਲੇਸ਼ੀਅਰਾਂ ਦਾ ਖੇਤਰ 59 ਵਰਗ ਕਿਲੋਮੀਟਰ ਭਾਵ ਅੱਠ ਫ਼ੀਸਦ ਸੁੰਗੜ ਗਿਆ ਹੈ। ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਹਿਮਾਲਿਆ ਪਰਬਤ ਦੇ ਗਲੇਸ਼ੀਅਰ ਇਸੇ ਤਰ੍ਹਾਂ ਪਿਘਲਦੇ ਰਹੇ ਤਾਂ ਛੇਤੀ ਹੀ ਇਨ੍ਹਾਂ ਦੀ ਬਰਫ਼ ਬਿਲਕੁਲ ਖ਼ਤਮ ਹੋ ਜਾਵੇਗੀ। ਇਨ੍ਹਾਂ ਨਦੀਆਂ ਦਾ ਮੁੱਖ ਸਰੋਤ ਗਲੇਸ਼ੀਅਰਾਂ ਤੋਂ ਪਿਘਲਦੀ ਹੋਈ ਬਰਫ਼ ਅਤੇ ਮੀਂਹ ਹੀ ਹਨ ਤੇ ਗਲੇਸ਼ੀਅਰ ਖ਼ਤਮ ਹੋਣ ਮਗਰੋਂ ਇਨ੍ਹਾਂ ਨਦੀਆਂ ਨੂੰ ਸੋਕੇ ਦੀ ਸਥਿਤੀ ਦਾ ਸਾਹਮਣਾ ਕਰਨਾ ਪਏਗਾ।
ਅਕਸਰ ਹੀ ਬਰਫ਼ ਦੇ ਤੋਦੇ ਡਿੱਗਣ, ਬਰਫ਼ੀਲੇ ਜਾਂ ਪੱਥਰਾਂ ਵਾਲੇ ਪਹਾੜ ਟੁੱਟਣ, ਜ਼ਮੀਨ ਖਿਸਕਣ, ਬੱਦਲ ਫਟਣ ਵਰਗੀਆਂ ਕੁਦਰਤੀ ਆਫ਼ਤਾਂ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਲਈ ਕਿਤੇ ਨਾ ਕਿਤੇ ਮਨੁੱਖ ਦੀਆਂ ਗ਼ਲਤੀਆਂ ਜ਼ਿੰਮੇਵਾਰ ਹੁੰਦੀਆਂ ਹਨ। ਭਾਰਤ ਦੇ ਜਿਹੜੇ ਪਹਾੜ ਪਹਿਲਾਂ ਵੱਖ-ਵੱਖ ਕਿਸਮਾਂ ਦੇ ਰੁੱਖਾਂ ਨਾਲ ਲੱਦੇ ਹੋਏ ਜੰਗਲਾਂ ਨਾਲ ਢਕੇ ਹੋਏ ਸਨ, ਉਹ ਪਹਾੜ ਮਨੁੱਖ ਵੱਲੋਂ ਆਪਣੇ ਲਾਲਚ ਲਈ ਜੰਗਲਾਂ ਦਾ ਸਫ਼ਾਇਆ ਕਰਨ ਨਾਲ ਰੋਡੇ ਹੋ ਗਏ ਹਨ। ਜਦੋਂ ਪਹਾੜਾਂ ’ਤੇ ਵੱਖ ਵੱਖ ਕਿਸਮਾਂ ਦੇ ਰੁੱਖਾਂ ਦੇ ਸੰਘਣੇ ਜੰਗਲ ਹੁੰਦੇ ਸਨ ਤਾਂ ਉਦੋਂ ਪਹਾੜਾਂ ’ਤੇ ਪੈਂਦੀ ਬਰਸਾਤ ਦਾ ਪਾਣੀ ਇਹ ਦਰੱਖ਼ਤ ਸੋਖ ਲੈਂਦੇ ਸਨ ਅਤੇ ਫਿਰ ਇਨ੍ਹਾਂ ਦਰੱਖ਼ਤਾਂ ਦੀਆਂ ਜੜ੍ਹਾਂ ਵਿੱਚੋਂ ਇਹ ਬਰਸਾਤੀ ਪਾਣੀ ਹੌਲੀ ਹੌਲੀ ਸਿੰਮ ਕੇ ਨਦੀਆਂ ਵਿੱਚ ਪਹੁੰਚਦਾ ਰਹਿੰਦਾ ਸੀ, ਜਿਸ ਕਾਰਨ ਨਦੀਆਂ ਵਿੱਚ ਸਾਰਾ ਸਾਲ ਪਾਣੀ ਰਹਿੰਦਾ ਸੀ ਪਰ ਹੁਣ ਮਨੁੱਖ ਨੇ ਆਪਣੇ ਲਾਲਚ ਲਈ ਪਹਾੜਾਂ ਤੋਂ ਰੁੱਖਾਂ ਦੇ ਜੰਗਲਾਂ ਦਾ ਸਫ਼ਾਇਆ ਕਰ ਦਿੱਤਾ ਹੈ ਤਾਂ ਇਨ੍ਹਾਂ ਰੋਡੇ ਪਹਾੜਾਂ ’ਤੇ ਜਦੋਂ ਹੁਣ ਬਰਸਾਤ ਪੈਂਦੀ ਹੈ ਤਾਂ ਬਰਸਾਤ ਦਾ ਸਾਰਾ ਪਾਣੀ ਇਕਦਮ ਨਦੀਆਂ ਰਾਹੀਂ ਮੈਦਾਨੀ ਇਲਾਕਿਆਂ ਵਿੱਚ ਆ ਜਾਂਦਾ ਹੈ ਅਤੇ ਹੜ੍ਹ ਆ ਜਾਂਦੇ ਹਨ। ਇਹੋ ਵੱਡਾ ਕਾਰਨ ਹੈ ਕਿ ਹੁਣ ਬਰਸਾਤਾਂ ਵੇਲੇ ਪਹਾੜਾਂ ਅਤੇ ਮੈਦਾਨੀ ਇਲਾਕਿਆਂ ਵਿੱਚ ਹੜ੍ਹ ਆ ਜਾਂਦੇ ਹਨ ਜਦੋਂਕਿ ਬਾਅਦ ਵਿੱਚ ਸੋਕਾ ਪੈ ਜਾਂਦਾ ਹੈ। ਇਸ ਤਰ੍ਹਾਂ ਹੜ੍ਹਾਂ ਦੀ ਇਸ ਕੁਦਰਤੀ ਆਫ਼ਤ ਲਈ ਮਨੁੱਖ ਖ਼ੁਦ ਜ਼ਿੰਮੇਵਾਰ ਹੈ। ਜੇ ਮਨੁੱਖ ਪਰਬਤਾਂ ਤੋਂ ਮੌਜੂਦ ਰੁੱਖਾਂ ਦੇ ਸੰਘਣੇ ਜੰਗਲ ਨਾ ਕੱਟੇ ਜਾਂਦੇ ਤਾਂ ਹੜ੍ਹਾਂ ਦੇ ਆਉਣ ਦੀ ਸੰਭਾਵਨਾ ਬਹੁਤ ਘਟ ਜਾਣੀ ਸੀ ਕਿਉਂਕਿ ਪਹਾੜਾਂ ’ਤੇ ਪੈਂਦੀ ਬਰਸਾਤ ਦਾ ਕਾਫ਼ੀ ਸਾਰਾ ਪਾਣੀ ਰੁੱਖਾਂ ਨੇ ਸੋਖ ਲੈਣਾ ਸੀ। ਇਸੇ ਤਰ੍ਹਾਂ ਮੈਦਾਨੀ ਇਲਾਕਿਆਂ ਵਿੱਚ ਖੇਤੀ ਹੇਠ ਰਕਬਾ ਦਿਨੋਂ ਦਿਨ ਘਟਦਾ ਜਾ ਰਿਹਾ ਹੈ, ਖੇਤਾਂ ਵਿੱਚ ਹੁਣ ਕਣਕ ਮੱਕੀ ਦੀ ਥਾਂ ਬਹੁਮੰਜ਼ਿਲਾ ਇਮਾਰਤਾਂ ਉਸਰ ਗਈਆਂ ਹਨ, ਜਿਸ ਕਾਰਨ ਮੈਦਾਨੀ ਇਲਾਕਿਆਂ ਵਿੱਚ ਜਦੋਂ ਬਰਸਾਤ ਪੈਂਦੀ ਹੈ ਤਾਂ ਮੀਂਹ ਦੇ ਪਾਣੀ ਨੂੰ ਧਰਤੀ ਹੇਠਾਂ ਰਿਸਣ ਲਈ ਕੱਚੀ ਜ਼ਮੀਨ ਘੱਟ ਮਿਲਦੀ ਹੈ, ਜਿਸ ਕਾਰਨ ਇਹ ਬਰਸਾਤੀ ਪਾਣੀ ਧਰਤੀ ਹੇਠਾਂ ਰਿਸ ਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਦੀ ਥਾਂ ਮਨੁੱਖੀ ਬਸਤੀਆਂ ਵਿੱਚ ਕਹਿਰ ਢਾਹੁੰਦਾ ਹੈ। ਹੁਣ ਤੁਸੀਂ ਖ਼ੁਦ ਸੋਚੋ ਕਿ ਇਸ ਲਈ ਜ਼ਿੰਮੇਵਾਰ ਜੇ ਮਨੁੱਖ ਖ਼ੁਦ ਨਹੀਂ ਤਾਂ ਹੋਰ ਕੌਣ ਹੈ?
ਵਾਹਨਾਂ ਵਿੱਚੋਂ ਦਿਨ-ਰਾਤ ਨਿਕਲਦਾ ਧੂੰਆਂ, ਕਾਰਖਾਨਿਆਂ, ਫੈਕਟਰੀਆਂ, ਉਦਯੋਗਾਂ ਤੇ ਭੱਠਿਆਂ ਦੀਆਂ ਚਿਮਨੀਆਂ ਵਿੱਚੋਂ ਦਿਨ-ਰਾਤ ਨਿਕਲਦਾ ਧੂੰਆਂ ਜਿੱਥੇ ਸਾਡਾ ਵਾਤਾਵਰਨ ਧੁਆਂਖ ਦਿੰਦਾ ਹੈ, ਉੱਥੇ ਇਸ ਧੂੰਏ ਕਾਰਨ ਵਾਤਾਵਰਨ ਵਿੱਚ ਵੱਡਾ ਵਿਗਾੜ ਆ ਗਿਆ ਹੈ, ਜਿਸ ਕਾਰਨ ਰੁੱਤਾਂ ਆਪਣਾ ਸਮਾਂ ਬਦਲ ਰਹੀਆਂ ਹਨ ਅਤੇ ਓਜ਼ੋਨ ਪਰਤ ਵਿੱਚ ਛੇਕ ਹੋਰ ਵੱਡੇ ਹੁੰਦੇ ਜਾ ਰਹੇ ਹਨ। ਇਸ ਸਭ ਲਈ ਜ਼ਿੰਮੇਵਾਰ ਤਾਂ ਮਨੁੱਖ ਖ਼ੁਦ ਹੈ।
ਮਨੁੱਖ ਵੱਲੋਂ ਵੱਖ-ਵੱਖ ਸੂਬਿਆਂ ਵਿੱਚ ਕੌਮੀ ਅਤੇ ਰਾਜ ਮਾਰਗਾਂ ਦੀ ਉਸਾਰੀ ਕਰਨ ਅਤੇ ਇਨ੍ਹਾਂ ਸੜਕਾਂ ਨੂੰ ਚੌੜਾ ਕਰਨ ਲਈ ਸੜਕਾਂ ਕਿਨਾਰੇ ਖੜ੍ਹੇ ਸਦੀਆਂ ਪੁਰਾਣੇ ਲੱਖਾਂ ਰੁੱਖਾਂ ਦੀ ਬਲੀ ਲੈ ਲਈ ਹੈ। ਇਸ ਤਰ੍ਹਾਂ ਲੱਖਾਂ ਦੀ ਗਿਣਤੀ ਵਿੱਚ ਰੁੱਖ ਵਿਕਾਸ ਦੀ ਭੇਟ ਚੜ੍ਹ ਗਏ ਹਨ ਪਰ ਇਨ੍ਹਾਂ ਰੁੱਖਾਂ ਦੀ ਥਾਂ ਨਵੇਂ ਰੁੱਖ ਨਹੀਂ ਲਗਾਏ ਗਏ, ਜਿਸ ਕਾਰਨ ਅਕਸਰ ਕੌਮੀ ਤੇ ਰਾਜ ਮਾਰਗਾਂ ’ਤੇ ਰਾਹਗੀਰਾਂ ਨੂੰ ਦੋ ਮਿੰਟ ਸਾਹ ਲੈਣ ਲਈ ਨਾ ਤਾਂ ਸੰਘਣੀ ਛਾਂ ਵਾਲਾ ਕੋਈ ਰੁੱਖ ਦਿਖਾਈ ਦਿੰਦਾ ਹੈ ਤੇ ਨਾ ਹੀ ਕੋਈ ਹੋਰ ਆਸਰਾ।
ਸੋਚਣ ਵਾਲੀ ਗੱਲ ਇਹ ਹੈ ਕਿ ਸਮੇਂ ਦੀਆਂ ਸਰਕਾਰਾਂ ਦੀ ਅਜਿਹੀ ਕੀ ਮਜਬੂਰੀ ਹੈ ਕਿ ਉਹ ਹਰ ਸਾਲ ਮੌਨਸੂਨ ਆਉਣ ਤੋਂ ਪਹਿਲਾਂ ਹੜ੍ਹਾਂ ਦੀ ਰੋਕਥਾਮ ਕਰਨ ਵਿੱਚ ਅਸਫ਼ਲ ਰਹਿੰਦੀਆਂ ਹਨ। ਮੁਲਕ ਦੇ ਵੱਡੇ ਅਤੇ ਆਧੁਨਿਕ ਕਹੇ ਜਾਂਦੇ ਸ਼ਹਿਰਾਂ ਵਿੱਚ ਹਰ ਸਾਲ ਭਾਰੀ ਬਰਸਾਤ ਪੈਣ ਤੋਂ ਬਾਅਦ ਹੁੰਦੀ ਤਬਾਹੀ ਦੇ ਮੰਜ਼ਰ ਵੇਖਣ ਦੀ ਸਭ ਨੂੰ ਆਦਤ ਪੈ ਗਈ ਹੈ ਅਤੇ ਲੋਕਾਂ ਨੇ ਇਸੇ ਨੂੰ ਸਚਾਈ ਮੰਨ ਲਿਆ ਹੈ, ਜਿਸ ਕਾਰਨ ਸਮੇਂ ਦੀਆਂ ਸਰਕਾਰਾਂ ਵੀ ਇਨ੍ਹਾਂ ਇਲਾਕਿਆਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਉਪਰਾਲੇ ਕਰਨ ਤੋਂ ਅਵੇਸਲੀਆਂ ਰਹਿੰਦੀਆਂ ਹਨ।
ਕੁਦਰਤੀ ਆਫ਼ਤਾਂ ਤੋਂ ਬਚਾਅ ਲਈ ਜ਼ਰੂਰੀ ਹੈ
ਕਿ ਮਨੁੱਖ ਕੁਦਰਤ ਨਾਲ ਆਪਣੇ ਵੱਲੋਂ ਲਾਲਚਵੱਸ ਕੀਤੀ ਜਾ ਰਹੀ ਛੇੜਛਾੜ ਨੂੰ ਤੁਰੰਤ ਬੰਦ ਕਰ ਦੇਵੇ। ਵੱਡੀ ਗਿਣਤੀ ਕੁਦਰਤੀ ਆਫ਼ਤਾਂ ਨੂੰ ਆਉਣ ਤੋਂ
ਰੋਕਣ ਲਈ ਸਮੇਂ ਦੀਆਂ ਸਰਕਾਰਾਂ ਵੱਲੋਂ ਠੋਸ ਪ੍ਰਬੰਧ ਕੀਤੇ ਜਾ ਸਕਦੇ ਹਨ, ਜਿਨ੍ਹਾਂ ਵੱਲ ਸਰਕਾਰਾਂ ਨੂੰ ਖ਼ੁਦ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਨਾਲ ਮਨੁੱਖ ਨੂੰ ਕੁਦਰਤ ਦੇ ਅਸੂਲਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਦਿਆਂ ਕੁਦਰਤੀ ਸਰੋਤਾਂ ਦੀ ਹੱਦੋਂ ਵੱਧ ਬੇਲੋੜੀ ਵਰਤੋਂ ਨਾ ਕਰ ਕੇ ਉਨ੍ਹਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ ਤਾਂ ਕਿ ਕੁਦਰਤ ਨਾਰਾਜ਼ ਹੋ ਕੇ ਮਨੁੱਖ ਨੂੰ ਆਪਣੀ ਕਰੋਪੀ ਨਾ ਦਿਖਾਏ। ਜੇ ਮਨੁੱਖ ਅਜੇ ਵੀ ਨਾ ਸੰਭਲਿਆ ਅਤੇ ਮਨੁੱਖ ਨੇ ਆਪਣੇ ਲਾਲਚ ਲਈ ਕੁਦਰਤ ਨਾਲ ਛੇੜਛਾੜ ਬੰਦ ਨਾ ਕੀਤੀ ਤਾਂ ਮਨੁੱਖ ਨੂੰ ਇਸ ਦੇ ਮਾੜੇ ਨਤੀਜੇ ਅਤੇ ਕੁਦਰਤ ਦੀ ਕਰੋਪੀ ਭੁਗਤਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।
ਸੰਪਰਕ: 94638-19174

