ਡਾਕ ਐਤਵਾਰ ਦੀ
ਏਨਾ ਸੱਚ ਕੌਣ ਬੋਲਦੈ ਐਤਵਾਰ, 12 ਜੁਲਾਈ ਦੇ ਅੰਕ ’ਚ ਅਰਵਿੰਦਰ ਜੌਹਲ ਨੇ ‘ਅੱਜ ਦੇ ਵੇਲਿਆਂ ’ਚ ਏਨਾ ਸੱਚ ਕੌਣ ਬੋਲਦੈ’ ਲੇਖ ’ਚ ਖਾਲੜਾ ਬਾਰੇ ਬਣੀ ਫਿਲਮ ਦੇ ਸਾਰੇ ਘਟਨਾਕ੍ਰਮ ਦਾ ਵਿਸ਼ਲੇਸ਼ਣ ਕਰਦਿਆਂ ਇਸ ਦੇ ਭਵਿੱਖੀ ਨਤੀਜਿਆਂ ਸਬੰਧੀ ਲੋਕਾਂ ਨੂੰ...
ਏਨਾ ਸੱਚ ਕੌਣ ਬੋਲਦੈ
ਐਤਵਾਰ, 12 ਜੁਲਾਈ ਦੇ ਅੰਕ ’ਚ ਅਰਵਿੰਦਰ ਜੌਹਲ ਨੇ ‘ਅੱਜ ਦੇ ਵੇਲਿਆਂ ’ਚ ਏਨਾ ਸੱਚ ਕੌਣ ਬੋਲਦੈ’ ਲੇਖ ’ਚ ਖਾਲੜਾ ਬਾਰੇ ਬਣੀ ਫਿਲਮ ਦੇ ਸਾਰੇ ਘਟਨਾਕ੍ਰਮ ਦਾ ਵਿਸ਼ਲੇਸ਼ਣ ਕਰਦਿਆਂ ਇਸ ਦੇ ਭਵਿੱਖੀ ਨਤੀਜਿਆਂ ਸਬੰਧੀ ਲੋਕਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਕਾ ‘ਨੀਲਾ ਤਾਰਾ’ ਤੋਂ ਪਹਿਲਾਂ ਅਤੇ ਬਾਅਦ ਦੇ ਸਮੇਂ ਨੂੰ ਦੋ ਭਾਗਾਂ ਵਿੱਚ ਵੰਡ ਕੇ ਦੇਖਣਾ ਚਾਹੀਦਾ ਹੈ। ਬੇਗੁਨਾਹ ਲੋਕਾਂ ਨੂੰ ਕਤਲ ਕਰਨਾ ਅਤੇ ਉਨ੍ਹਾਂ ਕਤਲਾਂ ਦੀ ਜ਼ਿੰਮੇਵਾਰੀ ਲੈਣ ਦੀਆਂ ਖ਼ਬਰਾਂ ਅਖ਼ਬਾਰਾਂ ’ਚ ਪ੍ਰਕਾਸ਼ਿਤ ਹੁੰਦੀਆਂ ਸਨ, ਜਿਸ ਦਾ ਸਿੱਟਾ ‘ਬਲਿਊ ਸਟਾਰ’ ਅਪ੍ਰੇਸ਼ਨ ਵਿੱਚ ਨਿਕਲਿਆ। ਇਸ ਨਾਲ ਪੰਜਾਬੀ, ਖ਼ਾਸ ਕਰਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ। ਇਸ ਤੋਂ ਬਾਅਦ ਹੋਏ ਦੰਗਿਆਂ ਨੇ ਹਾਲਾਤ ਹੋਰ ਖ਼ਰਾਬ ਕਰ ਦਿੱਤੇ। ਸਰਕਾਰ ਨੇ ਇਸ ਨੂੰ ਸਿਰਫ਼ ਅਮਨ-ਕਾਨੂੰਨ ਦਾ ਮਸਲਾ ਸਮਝਦਿਆਂ ਪੁਲੀਸ ਨੂੰ ਖੁੱਲ੍ਹ ਦੇ ਦਿੱਤੀ, ਜਿਸ ਨਾਲ ਪੁਲੀਸ ਵਾਲਿਆਂ ਨੇ ਬੇਗੁਨਾਹਾਂ ਨੂੰ ਮਾਰਿਆ ਅਤੇ ਪਛਾਣ ਹੋਣ ਦੇ ਬਾਵਜੂਦ ਅਣਪਛਾਤਾ ਗਰਦਾਨਿਆ। ਅੱਜ ਬੌਧਿਕ ਚੇਤਨਾ ਰੱਖਣ ਵਾਲਾ ਪੰਜਾਬੀ ਕੁਝ ਵੀ ਬੋਲਣ ਤੋਂ ਡਰਦਾ ਹੈ। ਇਹੋ ਕਾਰਨ ਹੈ ਕਿ ਬੱਚੇ ਵਿਦੇਸ਼ ਜਾਣ ਨੂੰ ਤਰਜੀਹ ਦੇ ਰਹੇ ਹਨ। ਅਸੀਂ ਸਵੈ-ਪੜਚੋਲ ਕਰਨ ਦੀ ਹਿੰਮਤ ਨਹੀਂ ਰੱਖਦੇ ਅਤੇ ਇਤਿਹਾਸ ਤੋਂ ਸਬਕ ਨਹੀਂ ਸਿੱਖਦੇ। ਰਾਜਨੀਤਕ ਪਾਰਟੀਆਂ ਇਸ ਗੱਲੋਂ ਡਰਦੀਆਂ ਹਨ ਕਿ ਜੇ ਸਿੱਖ ਭਾਈਚਾਰਾ ਨਾਰਾਜ਼ ਹੋ ਗਿਆ ਤਾਂ ਸੱਤਾ ਨੂੰ ਹੱਥ ਨਹੀਂ ਪਵੇਗਾ, ਜਦੋਂਕਿ ਹਕੀਕਤ ਇਹ ਹੈ ਕਿ ਪੰਜਾਬੀ ਫ਼ਿਰਕੂ ਨਹੀਂ ਹਨ। ਸਾਕਾ ‘ਨੀਲਾ ਤਾਰਾ’ ਤੋਂ ਪਹਿਲਾਂ ਵੀ ਸਾਰੀਆਂ ਪਾਰਟੀਆਂ ਨੇ ਇੱਕ ਹੋ ਕੇ ਭਾਈਚਾਰਕ ਸਾਂਝ ਲਈ ਰਲ਼ ਕੇ ਕੰਮ ਕੀਤਾ ਸੀ। ਅੱਜ ਤਾਂ ਅਜਿਹਾ ਕੋਈ ਖ਼ਤਰਾ ਵੀ ਨਜ਼ਰ ਨਹੀਂ ਆਉਂਦਾ ਪਰ ਸਿਆਸਤ ਦੀ ਨਜ਼ਰ ਤਾਂ 2027 ’ਤੇ ਹੈ ਕਿਉਂਕਿ ਧਰਮ ’ਚ ਵੰਡੀਆਂ ਪਾਉਣ ਨਾਲ ਸੱਤਾ ’ਤੇ ਕਾਬਜ਼ ਹੋਣਾ ਬਹੁਤ ਆਸਾਨ ਹੈ ਜਿਸ ਦਾ ਤਜਰਬਾ ਕਈ ਵਾਰ ਕੀਤਾ ਜਾ ਚੁੱਕਾ ਹੈ।
ਧਰਮਵੀਰ ਚੌਧਰੀ, ਨਵਾਂਸ਼ਹਿਰ
ਪ੍ਰੀਤ ਲੜੀ ਤੇ ਪ੍ਰੀਤ ਨਗਰ
ਐਤਵਾਰ, 21 ਜੂਨ ਨੂੰ ਛਪੇ ਲੇਖ ‘ਸੁਫਨੇ ਦੀ ਤਾਮੀਰ’ ਲਈ ਡਾ. ਚੰਦਰ ਤ੍ਰਿਖਾ ਦਾ ਧੰਨਵਾਦ, ਪਰ ਇਸ ਵਿੱਚ ਕੁਝ ਤੱਥ ਸਹੀ ਨਹੀਂ ਹਨ। ਨਵਤੇਜ ਸਿੰਘ ਆਪਣੇ ਪਿਤਾ ਸ. ਗੁਰਬਖ਼ਸ਼ ਸਿੰਘ ਤੋਂ ਪੂਰੇ ਚਾਰ ਸਾਲ ਬਾਅਦ 56 ਸਾਲ ਦੀ ਉਮਰ ਵਿੱਚ ਹੀ ਪੂਰੇ ਹੋ ਗਏ ਸਨ। ਉਂਝ, ਉਹ ਦਹਾਕਿਆਂ ਤੋਂ ਸੰਪਾਦਕ ਸਨ ਅਤੇ ਗੁਰਬਖ਼ਸ਼ ਸਿੰਘ ਹੋਰੀਂ ਮੁੱਖ ਸੰਪਾਦਕ।
ਸੁਮੀਤ ਸਿੰਘ ਨੂੰ ਉਨ੍ਹਾਂ ਦੇ ਵਾਲ ਕੱਟੇ ਹੋਣ ਕਰਕੇ ਮਾਰਿਆ ਗਿਆ। ਉਸ ਸਮੇਂ ਭਰਾ ਰੱਤੀ ਕੰਤ ਸਿੰਘ (ਰਿਤੂ ਰਾਜ ਨਹੀਂ) ਨਾਲ ਸਨ ਅਤੇ ਵਾਰ-ਵਾਰ ਕਹਿੰਦੇ ਰਹਿ ਗਏ ਕਿ ‘ਇਹ ਮੇਰਾ ਭਰਾ ਹੈ’। ਜਦੋਂ ਇਹ ਦੋਵੇਂ ਸਬੱਬੀਂ ਡੇਢ ਕਿਲੋਮੀਟਰ ਦੂਰ ਲੋਪੋਕੀ ਪਿੰਡ ਦੇ ਬਜ਼ਾਰ ਗਏ ਸਨ ਤਾਂ ਕੁਝ ਹਿੰਦੂ ਦੁਕਾਨਦਾਰਾਂ ਨੂੰ ਸੌਖਾ ਨਿਸ਼ਾਨਾ ਸਮਝ ਕੇ ਮਾਰਨ ਲਈ ਆਏ ਵਿਅਕਤੀਆਂ ਨੇ ਸੁਮੀਤ ਸਿੰਘ ਨੂੰ ਕਤਲ ਕੀਤਾ ਸੀ। ਪ੍ਰੀਤ ਲੜੀ ਪਹਿਲਾਂ ਛਪਣੀ ਸ਼ੁਰੂ ਹੋਈ 1933 ਵਿੱਚ ਅਤੇ ਪ੍ਰੀਤ ਨਗਰ 1938 ਵਿੱਚ ਬਣਿਆ। ਫ਼ੈਜ਼ ਅਹਿਮਦ ਫ਼ੈਜ਼ ਅੰਮ੍ਰਿਤਸਰ ਪੜ੍ਹਾਉਂਦੇ ਸਨ, ਪ੍ਰੀਤ ਨਗਰ ਨਹੀਂ ਵਸੇ। ਨਾ ਅੰਮ੍ਰਿਤਾ ਪ੍ਰੀਤਮ ਇੱਥੇ ਵੱਸੇ। ਨਾ ਸ਼ਿਵ ਬਟਾਲਵੀ। ਹਾਂ, ਦੀਵਾਨ ਸਿੰਘ ਕਾਲੇਪਾਣੀ ਵਾਂਗ ਸਭ ਦਾ ਇੱਥੋਂ ਨਾਲ ਪੱਕਾ ਰਿਸ਼ਤਾ ਸੀ। ਤੇ ਨੂਰਜਹਾਂ ਦੀ ਗੱਲ? ਇਹ ਤਾਂ ਬਾਦਸ਼ਾਹ ਜਹਾਂਗੀਰ ਅਤੇ ਬੇਗ਼ਮ ਨੂਰਜਹਾਂ ਦੀ ਗੱਲ ਹੈ, ਜੋ ਲਾਹੌਰ ਤੋਂ ਕਸ਼ਮੀਰ ਜਾਂਦੇ ਹੋਏ ਆਪਣੇ ਤਾਮ ਝਾਮ ਨਾਲ ਇੱਥੋਂ ਐਨ ਨੇੜੇ ਸ਼ਾਹ ਬਖ਼ਤਿਆਰ ਨੂੰ ਸਿਜਦਾ ਕਰਨ ਲਈ ਆਉਂਦੇ ਅਤੇ ਰੁਕਦੇ ਸਨ। ਇਸ ਕਾਰਨ ਇੱਥੇ ਉਦੋਂ ਤੋਂ ਇੱਕ ਤਲਾਅ ਅਤੇ ਆਰਾਮਗਾਹ ਬਣੀ ਹੋਈ ਹੈ, ਜਿਸ ਵਿੱਚ ਪ੍ਰੀਤ ਲੜੀ ਪ੍ਰੈਸ ਚੱਲਦੀ ਰਹੀ। ਇਹ ਹੁਣ ਦਹਾਕਿਆਂ ਤੋਂ ਬੰਦ ਹੈ। ਪ੍ਰੀਤ ਲੜੀ ਅੰਮ੍ਰਿਤਸਰ ਦੇ ਸਿੰਘ ਬ੍ਰਦਰਜ਼ ਦੀ ਪ੍ਰੈੱਸ ਤੋਂ ਛਪ ਰਹੀ ਹੈ। ਗੁਰਬਖ਼ਸ਼ ਸਿੰਘ ਹੋਰਾਂ ਨੇ ਭਗਤ ਸਿੰਘ ਨੂੰ ਫਾਂਸੀ ਲੱਗਣ ਤੋਂ ਛੇਤੀ ਹੀ ਬਾਅਦ ਨੌਕਰੀ ਨਾ ਕਰਨ ਦਾ ਫ਼ੈਸਲਾ ਕੀਤਾ ਸੀ। ਗੁਰਬਖ਼ਸ਼ ਸਿੰਘ ਨੂੰ ਇੱਕ ਜਗ੍ਹਾ ਡਾ. ਲਿਖਿਆ ਗਿਆ ਜਦੋਂਕਿ ਉਹ ਇੰਜੀਨੀਅਰ ਸਨ। ਫਰੰਟੀਅਰ ਦੇ ਇਲਾਕੇ ਵਿੱਚ ਗੁਰਦੁਆਰੇ ਨੂੰ ਹੀ ਪੀਰ ਸਬਾਕ ਸੱਦਿਆ ਜਾਂਦਾ ਸੀ। ਉਨ੍ਹਾਂ ਇੱਥੇ ਗੁਰਦੁਆਰੇ ਲਈ ਮਕੈਨੀਕਲ ਖੇਤੀ ਕਰਨ ਦਾ ਤਜਰਬਾ ਕੀਤਾ। ਟਰੈਕਟਰ ਬਾਹਰੋਂ ਮੰਗਵਾਇਆ। ਉੱਥੋਂ ਛੇਤੀ ਨਾਲ ਆਉਣਾ ਪਿਆ ਸੀ ਕਿਉਂਕਿ ਉਸ ਵੇਲੇ ਛੋਟੀ ਉਮਰ ਦੇ ਹੀ ਗੁਰਬਖ਼ਸ਼ ਸਿੰਘ ਵੱਲੋਂ ਨਵੇਂ ਜ਼ਮਾਨੇ ਮੁਤਾਬਿਕ ਖੁੱਲ੍ਹ ਲੈ ਕੇ ਪਰ ਸਥਾਨਕ ਮੰਗ ਉੱਤੇ ਪੇਸ਼ ਧਾਰਮਿਕ ਵਿਸ਼ੇ ’ਤੇ ਲਿਖੇ ਲੇਖ ਦੀ ਬਹੁਤ ਮੁਖਾਲਫ਼ਤ ਹੋ ਗਈ ਸੀ। ਫਿਰ ‘ਪ੍ਰੀਤ ਲੜੀ’ ਸ਼ੁਰੂ ਕੀਤਾ। ਸੁਮੀਤ ਸਿੰਘ ਦੇ ਕਤਲ ਤੋਂ ਬਾਅਦ ਅਰਦਾਸ ਹੋਣ ਲੱਗੀ ਤਾਂ ਮੈਂ ਕਿਹਾ ਸੀ, ‘‘ਅਰਦਾਸ ‘ਉਹ’ ਕਰ ਆਏ ਸਨ। ਅਸੀਂ ਪਿਆਰ ਨਾਲ ਹੀ ਵਿਦਾ ਕਰਾਂਗੇ।” ਉੱਥੇ ਮੌਜੂਦ ਵੱਡੀ ਇਕੱਤਰਤਾ ਵਿੱਚ ਕਿਸੇ ਨੇ ਉਜ਼ਰ ਨਾ ਕੀਤਾ ਅਤੇ ਧਰਮ ਦੇ ਵੱਡੇ ਸੰਕਟ ਵਿੱਚ ਦੁੱਖ ਨੂੰ ਸਮਝਿਆ, ਜਦੋਂ ਗੁਰੂ ਦੀ ਬਾਣੀ ਅਤੇ ਪੰਥ ਨੂੰ ਹਾਈਜੈਕ ਕੀਤਾ ਜਾ ਰਿਹਾ ਸੀ। ਤਸਵੀਰਾਂ ਪ੍ਰੀਤ ਨਗਰ ਵਿੱਚ ਗੁਰਬਖਸ਼ ਸਿੰਘ ਨਾਨਕ ਸਿੰਘ ਆਡੀਟੋਰੀਅਮ ਵਿੱਚ ਲੱਗੀ ਨੁਮਾਇਸ਼ ਤੋਂ ਹਨ।
ਲੇਖ ਨਾਲ ਛਾਪੀ ਗਈ ਗੁਰਬਖਸ਼ ਸਿੰਘ ਦੀ ਇਹ ਤਸਵੀਰ ਅਮਰਜੀਤ ਚੰਦਨ ਨੇ ਖਿੱਚੀ ਹੈ।
ਪੂਨਮ ਪ੍ਰੀਤ ਲੜੀ
ਮਨੁੱਖਤਾਵਾਦੀ ਸ਼ਖਸੀਅਤ
ਐਤਵਾਰ, 5 ਜੁਲਾਈ ਦੇ ਅੰਕ ’ਚ ਛਪੇ ਲੇਖ ‘ਸਲਾਮ ਸਵਰਨ!’ ਵਿੱਚ ਗੁਰਪ੍ਰੀਤ ਭੰਗੂ ਨੇ ਆਪਣੇ ਪਤੀ ਸਵਰਨ ਸਿੰਘ ਭੰਗੂ ਦੇ ਤੁਰ ਜਾਣ ਤੋਂ ਬਾਅਦ ਉਨ੍ਹਾਂ ਦੀਆਂ ਯਾਦਾਂ ਨੂੰ ਚੇਤੇ ਕਰਦਿਆਂ ਉਨ੍ਹਾਂ ਦੀ ਜ਼ਿੰਦਗੀ ਦੇ ਸੰਘਰਸ਼, ਦੂਰਦਰਸ਼ੀ ਸੋਚ, ਇਨਸਾਨੀ ਕਦਰਾਂ-ਕੀਮਤਾਂ ਦੀ ਕਦਰ, ਨਿਸ਼ਕਾਮ ਸੇਵਾ ਭਾਵਨਾ, ਮਨੁੱਖਤਾਵਾਦੀ ਸ਼ਖਸੀਅਤ ਆਦਿ ਗੁਣਾਂ ਨੂੰ ਸਲਾਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਬੇਸ਼ੁਮਾਰ ਘਰੇਲੂ, ਨਿੱਜੀ ਅਤੇ ਪਰਿਵਾਰਕ ਮਜਬੂਰੀਆਂ, ਤਕਲੀਫ਼ਾਂ ਦੇ ਹੁੰਦਿਆਂ ਵੀ ਸਵਰਨ ਭੰਗੂ ਨੇੇ ਕਦੇ ਆਪਣੇ ਆਦਰਸ਼ਵਾਦ ਨੂੰ ਆਂਚ ਨਹੀਂ ਸੀ ਆਉਣ ਦਿੱਤੀ। ਗੁਰਪ੍ਰੀਤ ਭੰਗੂ ਨੇ ਦੱਸਿਆ, ‘‘ਕਈ ਵਾਰ ਜਦੋਂ ਕਦੇ ਮੈਂ ਉਨ੍ਹਾਂ ਨੂੰ ਉਦਾਸ ਵੇਖਦੀ ਤਾਂ ਪੁੱਛਦੀ, ‘ਸਵਰਨ, ਕੀ ਗੱਲ ਅੱਜ ਤੁਸੀਂ ਬਹੁਤ ਉਦਾਸ ਹੋ? ਕੀ ਕੋਈ ਸੱਮਸਿਆ ਹੈ? ਕੀ ਸਭ ਠੀਕ-ਠਾਕ ਚੱਲ ਰਿਹਾ ਹੈ?’’ ਉਹ ਹਮੇਸ਼ਾ ਹੱਸ ਕੇ ਕਹਿੰਦੇ, ‘‘ਗੁਰਪ੍ਰੀਤ, ਜਿਨ੍ਹਾਂ ਕੰਡਿਆਂ ਭਰੇ ਔਝੜ ਰਾਹਾਂ ’ਤੇ ਆਪਾਂ ਤੁਰੇ ਹੋਏ ਹਾਂ, ਇਨ੍ਹਾਂ ’ਤੇ ਚੱਲਦਿਆਂ ਉਤਰਾਅ-ਚੜਾਅ, ਮੁਸ਼ਕਿਲਾਂ ਤਾਂ ਦਰਪੇਸ਼ ਰਹਿਣੀਆਂ ਹੀ ਹਨ...’ ਸਵਰਨ ਆਪਣੇ ਵੱਡੇ-ਵੱਡੇ ਕਾਰਜ ਆਪਣੇ ਸੀਮਿਤ ਸਰੋਤਾਂ, ਸਾਧਨਾਂ ਤੇ ਸੀਮਿਤ ਤਾਕਤ ਨਾਲ ਵੀ ਸਿਰੇ ਚੜ੍ਹਾਉਂਦਾ ਰਿਹਾ। ਸੱਚੀਂ ਉਹ ਇੱਕ ਅਨੁਭਵੀ, ਸਦਾ ਰਵਾਨੀ ਵਿੱਚ ਰਹਿਣ ਵਾਲਾ ਨੇਕਦਿਲ ਇਨਸਾਨ ਸੀ|’’
ਹਰਿੰਦਰ ਜੀਤ ਸਿੰਘ, ਬਿਜਲਪੁਰ (ਪਟਿਆਲਾ)
ਔਰਤ ਦੀ ਹੋਣੀ
ਐਤਵਾਰ, 5 ਜੁਲਾਈ ਦੇ ਅੰਕ ’ਚ ਗੁਰਪ੍ਰੀਤ ਕੌਰ ਦਿਓ ਦਾ ‘ਬੰਦ ਦਰਵਾਜ਼ਿਆਂ ਪਿੱਛੇ ਔਰਤ ਦੀ ਹੋਣੀ’ ਦੁਚਿੱਤੀ ਵਿੱਚ ਪਾਉਂਦਾ ਲੇਖ ਹੈ। ਉਨ੍ਹਾਂ ਘਰੇਲੂ ਹਿੰਸਾ ਅਤੇ ਔਰਤਾਂ ਬਾਰੇ ਅਲੱਗ-ਅਲੱਗ ਖ਼ਿੱਤਿਆਂ ਵਿੱਚੋਂ ਜਾਣਕਾਰੀ ਇਕੱਤਰ ਕਰਕੇ ਔਰਤਾਂ ਉੱਪਰ ਹੁੰਦੇ ਜ਼ੁਲਮ ਦੀ ਦਾਸਤਾਨ ਸਾਂਝੀ ਕੀਤੀ ਹੈ। ਅੱਜ ਦੇ ਸਮੇਂ ਵਿੱਚ ਔਰਤਾਂ ਨੂੰ ਵੱਧ ਅਧਿਕਾਰ ਅਤੇ ਬਰਾਬਰੀ ਨਾਲ ਨਿਵਾਜਿਆ ਜਾਂਦਾ ਹੈ। ਲੜਕੀਆਂ ਵੱਲੋਂ ਵਿਦੇਸ਼ਾਂ ਵਿੱਚ ਜਾ ਕੇ ਮੁੱਕਰਨਾ ਅਤੇ ਲਿਵ-ਇਨ ਰਿਲੇਸ਼ਨ ਜਿਹੇ ਰਿਸ਼ਤੇ ਲੇਖਕਾ ਨੇ ਅੱਖੋਂ-ਪਰੋਖੇ ਕਰ ਦਿੱਤੇ ਹਨ। ਇਸੇ ਅੰਕ ’ਚ ਅਰਵਿੰਦਰ ਜੌਹਲ ਦਾ ਸੰਪਾਦਕੀ ਲੇਖ ‘ਗਾਜ਼ਾ: ਜਿੱਥੇ ਜਿਊਂਦੇ ਹੋਣ ਦਾ ਮਤਲਬ ਹਰ ਘੜੀ ਮੌਤ ਦਾ ਖੌਫ਼ ਢੋਣਾ’ ਇੱਕ ਧਿਰ ਵੱਲੋਂ ਦੂਜੀ ਧਿਰ ਉੱਪਰ ਦਾਬਾ ਰੱਖਣ ਤੇ ਮਨੁੱਖਤਾ ਨੂੰ ਬੇਹੱਦ ਸ਼ਰਮਸਾਰ ਕੀਤੇ ਜਾਣ ਦੀ ਗੱਲ ਕਰਦਾ ਹੈ। ਇਜ਼ਰਾਈਲ ਦਾ ਫ਼ਲਸਤੀਨ ਨਾਲ ਕਰੂਰਤਾ ਭਰਿਆ ਵਤੀਰਾ ਤੇ ਅਮਰੀਕਾ ਦੀ ਹੇਠਲੇ ਪੱਧਰ ਦੀ ਰਾਜਨੀਤੀ ਦੀ ਗੱਲ ਵੀ ਲੇਖ ’ਚ ਕੀਤੀ ਗਈ ਹੈ। ਲੇਖ ’ਚ ਜਿੱਥੇ ਸਮੇਂ-ਸਮੇਂ ’ਤੇ ਗਾਜ਼ਾ ਪੱਟੀ ਵਿੱਚ ਹੁੰਦੀਆਂ ਘਟਨਾਵਾਂ, ਕਰੂਰਤਾ ਸਹਿਣ ਕਰਦੇ ਬਾਸ਼ਿੰਦਿਆਂ ਨਾਲ ਗੱਲਬਾਤ ਦਾ ਜ਼ਿਕਰ ਵੀ ਕੀਤਾ ਗਿਆ ਹੈ, ਉੱਥੇ ਹੀ ਅਜਿਹੀਆਂ ਘਟਨਾਵਾਂ ਦਾ ਪਰਦਾਫਾਸ਼ ਕਰਦੀ ਪੁਸਤਕ ਦਾ ਵੀ ਹਵਾਲਾ ਦਿੱਤਾ ਗਿਆ ਹੈ।
ਮਨਮੋਹਨ ਸਿੰਘ, ਨਾਭਾ
ਪੰਜਾਬੀ ਬਾਰੇ ਮੁੱਖ ਮੰਤਰੀ ਨੂੰ ਪੱਤਰ
ਆਤਮਜੀਤ ਹੋਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੰਬੋਧਿਤ ਖ਼ਤ ਹਰ ਪੰਜਾਬੀ ਦੀ ਆਤਮਾ ਦੀ ਆਵਾਜ਼ ਹੈ। ਜਸਵੰਤ ਜ਼ਫ਼ਰ ਨੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਵਜੋਂ ਆਲ੍ਹਾ ਦਰਜੇ ਦਾ ਕੰਮ ਕੀਤਾ ਹੈ। ਇਸੇ ਦਿਨ ਦੇ ‘ਦਸਤਕ’ ਵਿੱਚ ਸਵਰਨ ਸਿੰਘ ਭੰਗੂ ਹੋਰਾਂ ਦਾ ਆਖ਼ਰੀ ਲੇਖ ‘ਪਾਗਲਪਣ ਦਾ ਵਰਦਾਨ’ ਵੀ ਛਪਿਆ ਹੈ। ਜ਼ਫਰ ਨੂੰ ਵੀ ਇਸ ਪਾਗਲਪਣ ਦਾ ਵਰਦਾਨ ਮਿਲਿਆ ਹੋਇਆ ਹੈ। ਭਾਸ਼ਾ ਵਿਭਾਗ ਵਰਗੇ ਹਾਲਾਤ ਵਿੱਚ ਅਸੀਂ ਇਸ ਕਰਕੇ ਘਿਰੇ ਹਾਂ ਕਿ ਬਹੁਤੇ ਰਾਜਨੀਤਕ ਲੋਕਾਂ ਅਤੇ ਅਫ਼ਸਰਾਂ ਦਾ ਇਸ ਲੋਕ ਰਾਜ ਵਿੱਚ ਲੋਕਾਂ ’ਤੇ ਰਾਜ ਕਰਨ ਤੋਂ ਬਿਨਾਂ ਹੋਰ ਕੋਈ ਮਕਸਦ ਹੀ ਨਹੀਂ। ਅਫ਼ਸਰਸ਼ਾਹੀ ਭਾਸ਼ਾ ਵਿਭਾਗ ਨੂੰ ਹੀ ਨਹੀਂ, ਸਭ ਵਿਭਾਗਾਂ ਨੂੰ ਆਪਣੇ ਹਊਮੈ ਦੇ ਡੰਡੇ ਨਾਲ ਕੁੱਟ ਰਹੀ ਹੈ। ਕੀ ਆਤਮਜੀਤ ਜਾਂ ਜਸਵੰਤ ਜ਼ਫ਼ਰ ਨੇ ਜੋ ਕਿਹਾ ਹੈ, ਕੀ ਉਹ ਮੁੱਖ ਮੰਤਰੀ ਸਾਹਿਬ ਤੋਂ ਗੁੱਝਾ ਹੈ? ਕੀ ਅਸੀਂ ਆਸ ਕਰ ਸਕਦੇ ਹਾਂ ਕਿ ਮੁੱਖ ਮੰਤਰੀ ਹੰਕਾਰੀ ਅਫ਼ਸਰਸ਼ਾਹੀ ਨੂੰ ਨੱਥ ਪਾਉਣਗੇ?
ਇੰਜ. ਦਰਸ਼ਨ ਸਿੰਘ ਭੁੱਲਰ

