DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਡਾਕ ਐਤਵਾਰ ਦੀ: ਹਵਾ ’ਚ ਲਿਖੇ ਹਰਫ਼

ਐਤਵਾਰ, 13 ਸਤੰਬਰ ਦੇ ‘ਸੋਚ ਸੰਗਤ’ ਸਫ਼ੇ ’ਤੇ ਸਵਰਾਜਬੀਰ ਨੇ ਆਪਣੇ ਲੇਖ ‘ਬਲਦੇ ਹੱਥਾਂ ਨੇ ਜਿਹੜੇ ਹਵਾ ਵਿੱਚ ਲਿਖੇ ਹਰਫ਼’ ਰਾਹੀਂ ਮਹਾਨ ਕਵੀ ਅਵਤਾਰ ਸਿੰਘ ਪਾਸ਼ ਦੀ ਯਾਦ ਵਿੱਚ ਉਸ ਦੇ ਪਿੰਡ ‘ਤਲਵੰਡੀ ਸਲੇਮ’ ਵਿੱਚ ਹੋਏ ਸਮਾਗਮ ਦਾ ਪੂਰਾ ਹਾਲ...

  • fb
  • twitter
  • whatsapp
  • whatsapp
Advertisement

ਐਤਵਾਰ, 13 ਸਤੰਬਰ ਦੇ ‘ਸੋਚ ਸੰਗਤ’ ਸਫ਼ੇ ’ਤੇ ਸਵਰਾਜਬੀਰ ਨੇ ਆਪਣੇ ਲੇਖ ‘ਬਲਦੇ ਹੱਥਾਂ ਨੇ ਜਿਹੜੇ ਹਵਾ ਵਿੱਚ ਲਿਖੇ ਹਰਫ਼’ ਰਾਹੀਂ ਮਹਾਨ ਕਵੀ ਅਵਤਾਰ ਸਿੰਘ ਪਾਸ਼ ਦੀ ਯਾਦ ਵਿੱਚ ਉਸ ਦੇ ਪਿੰਡ ‘ਤਲਵੰਡੀ ਸਲੇਮ’ ਵਿੱਚ ਹੋਏ ਸਮਾਗਮ ਦਾ ਪੂਰਾ ਹਾਲ ਲਿਖ ਕੇ ਪਾਠਕਾਂ ਦੇ ਸਨਮੁਖ ਰੱਖਿਆ। ਪਾਸ਼ ਦੇ ਜਨਮ ਦਿਹਾੜੇ ’ਤੇ ਉਸ ਦੀ ਮੌਤ ਤੋਂ 38 ਵਰ੍ਹਿਆਂ ਬਾਅਦ ਵੀ ਦੇਸ਼ਾਂ-ਵਿਦੇਸ਼ਾਂ ਤੋਂ ਲੇਖਕਾਂ, ਕਵੀਆਂ, ਬੁੱਧੀਜੀਵੀਆਂ, ਕਿਸਾਨ-ਮਜ਼ਦੂਰ ਜਥੇਬੰਦੀਆਂ ਅਤੇ ਮਹਾਨ ਸ਼ਖ਼ਸੀਅਤਾਂ ਨੇ ਇਸ ਪਿੰਡ ਵਿੱਚ ਇਕੱਠੇ ਹੋ ਕੇ ਆਪਣੇ ਮਹਿਬੂਬ ਕਵੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ ਉਸ ਦੀ ਵਿਚਾਰਧਾਰਾ ਨੂੰ ਯਾਦ ਕੀਤਾ। ਪਾਸ਼ ਦੀਆਂ ਕਵਿਤਾਵਾਂ ਦਾ ਮੁੱਖ ਉਦੇਸ਼ ਗ਼ਰੀਬ ਕਿਸਾਨਾਂ, ਮਜ਼ਦੂਰਾਂ ਤੇ ਦੱਬੇ-ਕੁਚਲੇ ਲੋਕਾਂ ’ਤੇ ਹੋ ਰਹੇ ਜ਼ੁਲਮ ਅਤੇ ਆਰਥਿਕ ਲੁੱਟ ਨੂੰ ਜੱਗ-ਜ਼ਾਹਿਰ ਕਰਨਾ ਸੀ। ਪਾਸ਼ ਦੀਆਂ ਲਿਖੀਆਂ ਸਤਰਾਂ ‘ਸਭ ਤੋਂ ਖ਼ਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ’, ‘ਅਸੀਂ ਲੜਾਂਗੇ ਸਾਥੀ’... ਆਦਿ ਰਾਹੀਂ ਲੋਕ ਜ਼ੁਲਮ ਅਤੇ ਜਬਰ ਦੇ ਖ਼ਿਲਾਫ਼ ਟੱਕਰ ਲੈਂਦੇ ਰਹਿਣਗੇ ਅਤੇ ਅੰਨ੍ਹੇ ਵਿਸ਼ਵਾਸ, ਧਾਰਮਿਕ ਕੱਟੜਤਾ ਅਤੇ ਨਿਰਾਸ਼ਾਵਾਦ ਵਿੱਚੋਂ ਬਾਹਰ ਆਉਂਦੇ ਰਹਿਣਗੇ।

ਜਸਵੰਤ ਸਿੰਘ, ਅੰਬਾਲਾ ਛਾਉਣੀ (ਹਰਿਆਣਾ)

Advertisement

ਧੀਆਂ ਦੀ ਖੁਆਰੀ

ਐਤਵਾਰ, 6 ਸਤੰਬਰ ਦੇ ਅੰਕ ਵਿੱਚ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦੇ ਲੇਖ ‘ਇਨਸਾਫ਼ ਦੇ ਰਾਹ ’ਤੇ ਧੀਆਂ ਦੀ ਖੁਆਰੀ’ ਵਿੱਚ ਸਵਤੰਤਰ ਭਾਰਦਵਾਜ ਦਾ ਜ਼ਿਕਰ ਹੈ, ਜੋ ਸ਼ਰੇਆਮ ਮੰਨਦਾ ਹੈ ਕਿ ਉਸ ਨੇ ਗੁਨਾਹ ਕੀਤਾ ਹੈ ਤੇ ਉਸ ਦੇ ਹੱਥ ਵਿੱਚਲਾ ਡੰਡਾ ਦਿੱਲੀ ਪੁਲੀਸ ਦਾ ਹੈ। ਕਿੰਨੀ ਸ਼ਰਮਨਾਕ ਗੱਲ ਹੈ ਕਿ ਅਜਿਹੇ ਵਿਅਕਤੀ ਖ਼ਿਲਾਫ਼ ਵਿਰੋਧੀ-ਸਿਆਸੀ ਦਬਾਅ ਅਧੀਨ ਕੇਸ ਦਰਜ ਕਰਨਾ ਪਿਆ। ਅਜਿਹੇ ਅਨਸਰਾਂ ਨੂੰ ਦਿੱਤੀ ਹੱਲਾਸ਼ੇਰੀ ਸੱਤਾ ਲਈ ਵੀ ਘਾਤਕ ਸਿੱਧ ਹੋਵੇਗੀ। ਨਿਸ਼ੂ ਆਜ਼ਾਦ ਦੀ ਆਵਾਜ਼ ਨੂੰ ਅਖ਼ਬਾਰ ਨੇ ਬੁਲੰਦ ਕਰਕੇ ਆਪਣੀ ਲੋਕ-ਪੱਖੀ ਸੋਚਣੀ ਦਾ ਸਬੂਤ ਦਿੱਤਾ ਹੈ।

Advertisement

‘ਦਸਤਕ’ ਪੰਨੇ ’ਤੇ ਹਰੀਸ਼ ਜੈਨ ਦਾ ਲੇਖ ਜੰਤਰ-ਮੰਤਰ ’ਤੇ ਪ੍ਰਦਰਸ਼ਨ ਦੌਰਾਨ ਪੈਦਾ ਹੋਏ ਸਵਾਲਾਂ ਨੂੰ ਵਿਚਾਰਦਾ ਹੋਇਆ ‘ਅਗਲਾ ਸਵਾਲ’ ਉਠਾਉਂਦਾ ਹੈ। ਕੁੜੀਆਂ ਏਡੀ ਵੱਡੀ ਪੱਧਰ ’ਤੇ ਕਿਵੇਂ ਪਹੁੰਚ ਗਈਆਂ, ਉਨ੍ਹਾਂ ਦੀ ਸ਼ਬਦਾਵਲੀ ਵਿੱਚ ਗਾਲ੍ਹਾਂ ਦੀ ਵਰਤੋਂ ਅਤੇ ਇੱਕ ਲੜਕੀ ਦੇ ਪੁਲੀਸ ਗੱਡੀ ਅੱਗੇ ਖੜ੍ਹ ਕੇ ਆਪਣੇ ਸਾਥੀਆਂ ਨੂੰ ਛੁਡਵਾੳਣ ਦੀ ਹਿੰਮਤ ਕਿਵੇਂ ਆ ਗਈ? ਆਦਿ ਬਾਰੇ ਚਰਚਾ ਕਰਦਿਆਂ ਉਸ ਅੱਗੇ ਇਹ ਪ੍ਰਸ਼ਨਚਿੰਨ ਲੱਗ ਜਾਂਦਾ ਹੈ ਕਿ ਇਸ ਸਮੁੱਚੇ ਵਰਤਾਰੇ ਨੂੰ ਕੀ ਸੱਭਿਆਚਾਰਕ ਇਨਕਲਾਬ ਕਹਿਣਾ ਵਾਜਬ ਹੈ ਜਾਂ ਇਹ ਸਿਆਸੀ-ਸਮਾਜਿਕ ਤਬਦੀਲੀ ਹੈ। ਇਸੇ ਅੰਕ ’ਚ ਭੋਲਾ ਸਿੰਘ ਸ਼ਮੀਰੀਆ ਦੀ ਰਚਨਾ ਪਿੰਡ ਦੀ ਪੰਚਾਇਤ ਦੇ ਚੰਗੇਰੇ ਪਾਸੇ ਵੱਲ ਕਦਮ ਵਧਾਉਣ ਦੀ ਪ੍ਰਸ਼ੰਸਾ ਕਰਦੀ ਹੈ। ਪਿੰਡ ਦੀ ਪੰਚਾਇਤ ਨੇ ਸਰਪੰਚੀ ਦੀ ਚੋਣ ਲਈ ਬਿਨਾਂ ਲੜਾਈ ਝਗੜੇ ਤੋਂ ਫ਼ੈਸਲਾ ਕਰਨ ਦਾ ਅਧਿਕਾਰ ਮੁੱਖ ਅਧਿਆਪਕਾ ਨੂੰ ਦੇ ਦਿੱਤਾ ਤੇ ਉਸ ਦੇ ਫ਼ੈਸਲੇ ’ਤੇ ਫੁੱਲ ਵੀ ਚੜ੍ਹਾਏ।

ਕੁਲਵਿੰਦਰ ਸਿੰਘ ਮਲੋਟ, ਮਲੋਟ (ਸ੍ਰੀ ਮੁਕਤਸਰ ਸਾਹਿਬ)

ਬੇਸ਼ਰਮੀ ਦੀ ਇੰਤਹਾ

ਐਤਵਾਰ, 6 ਸਤੰਬਰ ਦੇ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਇਨਸਾਫ਼ ਦੇ ਰਾਹ ’ਤੇ ਧੀਆਂ ਦੀ ਖੁਆਰੀ’ ਸਵਤੰਤਰ ਭਾਰਦਵਾਜ ਵਰਗੇ ਦਰਿੰਦੇ ਦੀ ਕਰਤੂਤ ਨੂੰ ਦਲੇਰੀ ਨਾਲ ਬਿਆਨ ਕਰਦਾ ਹੈ। ਉਸ ਦਾ ਇਹ ਕਹਿਣਾ ਕਿ ਉਸ ਦੇ ਜੁੱਤੇ ਅਤੇ ਡੰਡਾ ਦਿੱਲੀ ਪੁਲੀਸ ਦੇ ਦਿੱਤੇ ਹੋਏ ਹਨ ਤੇ ਉਹ ‘ਕੌਕਰੋਚਾਂ’ ਨੂੰ ਸਬਕ ਸਿਖਾਉਣ ਚੱਲਿਆ ਹੈ, ਤੋਂ ਇੱਕ ਗੱਲ ਤਾਂ ਸਪੱਸ਼ਟ ਤੌਰ ’ਤੇ ਸਾਬਿਤ ਹੋ ਜਾਂਦੀ ਹੈ ਕਿ ਜੰਤਰ-ਮੰਤਰ ’ਤੇ ਅਜਿਹੇ ਗੁੰਡਿਆਂ ਨੇ ਹੀ ਵਿਦਿਆਰਥੀਆਂ ਨਾਲ ਬਦਸਲੂਕੀ ਕੀਤੀ ਹੈ। ਬੇਸ਼ਰਮੀ ਦੀ ਹੱਦ ਤਾਂ ਉਦੋਂ ਹੋ ਗਈ ਜਦੋਂ ਉਹ ਆਪਣੇ ਕਾਰਨਾਮਿਆਂ ਨੂੰ ਮੀਡੀਆ ਰਾਹੀਂ ਮਾਣ ਨਾਲ ਸੁਣਾਉਂਦਾ ਹੈ। ਨਿਸ਼ੂ ਅਤੇ ਉਸ ਦੇ ਪਿਤਾ ਦੀ ਸ਼ਿਕਾਇਤ ਤੱਕ ਨਾ ਦਰਜ ਕਰਨ ਤੋਂ ਵੀ ਉਸ ਦੇ ਪੁਲੀਸ ਉੱਤੇ ਦਬਾਅ ਅਤੇ ਸਾਡੇ ਪੁਲੀਸ ਤੰਤਰ ਦੀਆਂ ਕਮਜ਼ੋਰੀਆਂ ਦਾ ਪਤਾ ਲੱਗਦਾ ਹੈ। ਭੋਲਾ ਸਿੰਘ ਸ਼ਮੀਰੀਆ ਦਾ ਲੇਖ ਵੀ ਨਵੀਆਂ ਤੇ ਸਿਹਤਮੰਦ ਪੈੜਾਂ ਛੱਡ ਗਿਆ।

ਡਾ. ਤਰਲੋਚਨ ਕੌਰ, ਪਟਿਆਲਾ

ਅਗਲਾ ਸਵਾਲ

ਐਤਵਾਰ, 6 ਸਤੰਬਰ ਦੇ ‘ਦਸਤਕ’ ਅੰਕ ’ਚ ਹਰੀਸ਼ ਜੈਨ ਦਾ ਲੇਖ ‘ਅਗਲਾ ਸਵਾਲ’ ਪੜ੍ਹਿਆ। ਚੀਫ ਜਸਟਿਸ ਸੂਰਿਆ ਕਾਂਤ ਦੀ ਟਿੱਪਣੀ ਨੇ ‘ਕੌਕਰੋਚ ਜਨਤਾ ਪਾਰਟੀ’ ਨੂੰ ਜਨਮ ਦਿੱਤਾ। ਭਾਰਤ ਦੀ ਅਜੋਕੀ ਨੌਜਵਾਨ ਪੀੜ੍ਹੀ ‘ਨੀਟ’ ਪੇਪਰ ਲੀਕ ਮਾਮਲੇ ’ਤੇ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਤਹਿਤ ਪ੍ਰਦਰਸ਼ਨ ਕਰ ਰਹੀ ਸੀ। ਇਹ ਮੰਨਿਆ ਜਾ ਰਿਹਾ ਸੀ ਕਿ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਕੇਤਕ ਹੈ, ਪਰ ਮੈਂ ਇਸ ਗੱਲ ਨਾਲ ਇਤਫ਼ਾਕ ਨਹੀਂ ਰੱਖਦਾ। ਜੇਕਰ ਇਹ ਅਸਤੀਫ਼ਾ ਸੰਕੇਤਕ ਹੀ ਹੁੰਦਾ ਤਾਂ ਇਸ ਨੂੰ ਮੰਨਣ ਵਿੱਚ ਕੇਂਦਰ ਸਰਕਾਰ ਇੰਨਾ ਚਿਰ ਨਾ ਲਾਉਂਦੀ। ਇਹ ਅਸਤੀਫ਼ਾ ਉਸ ਗ਼ਲਤੀ ਨੂੰ ਕਬੂਲਣ ਦਾ ਸਬੂਤ ਹੈ, ਜਿਸ ਕਰਕੇ ਲੱਖਾਂ ਵਿਦਿਆਰਥੀਆਂ ਦਾ ਜੀਵਨ ਪ੍ਰਭਾਵਿਤ ਹੋਇਆ ਤੇ ਕਈਆਂ ਦੀ ਜਾਨ ਚਲੀ ਗਈ। ਦੂਜਾ ਮੁੱਦਾ ਹੈ ਨੌਜਵਾਨਾਂ ਦੀਆਂ ਡਿਗਰੀਆਂ ਅਤੇ ਬੇਰੁਜ਼ਗ਼ਾਰੀ। ਜੇ ਮੈਂ ਆਪਣੇ ਅੱਧੀ ਸਦੀ ਪਹਿਲਾਂ ਦੇ ਸਮੇਂ ਨੂੰ ਯਾਦ ਕਰਾਂ ਤਾਂ ਬੇਰੁਜ਼ਗ਼ਾਰੀ ਉਸ ਸਮੇਂ ਦੇ ਦੌਰ ਵਿੱਚ ਵੀ ਇਨ੍ਹਾਂ ਹੀ ਜਜ਼ਬਾਤ ਨਾਲ ਬਰਕਰਾਰ ਸੀ। ਇਸ ਸੰਘਰਸ਼ ਵਿੱਚੋਂ ਸਾਨੂੰ ਸਿੱਖਣ ਨੂੰ ਮਿਲਿਆ ਹੈ ਕਿ ਰਾਜਨੀਤੀ ਸਿਰਫ਼ ਧਾਰਮਿਕ ਲੜਾਈਆਂ ਤੇ ਫ਼ਿਰਕਾਪ੍ਰਸਤੀ ਦੇ ਸਿਰ ’ਤੇ ਨਹੀਂ ਚੱਲ ਸਕਦੀ। ਹੁਣ ਸਿਆਸੀ ਪਾਰਟੀਆਂ ਨੂੰ ਸਮਾਜ ਨੂੰ ਦਰਪੇਸ਼ ਮੁੱਦਿਆਂ ਨੂੰ ਮੁਖ਼ਾਤਬ ਹੋਣਾ ਹੀ ਪਵੇਗਾ।

ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ

ਕੌੜਾ ਸੱਚ

ਐਤਵਾਰ, 23 ਅਗਸਤ ਦੇ ‘ਦਸਤਕ' ਪੰਨੇ ’ਤੇ ਮਨਜੀਤ ਮਾਨ ਦੀ ਰਚਨਾ ‘ਡਾਲਰਾਂ ਦੇ ਦੇਸ ’ਚ ਮਨ ਪਰਦੇਸੀ’ ਇੱਕ ਅਜਿਹੇ ਕੌੜੇ ਸੱਚ ਨੂੰ ਬਿਆਨ ਕਰ ਗਈ, ਜਿਸ ਤੋਂ ਅਸੀਂ ਚਾਹ ਕੇ ਵੀ ਮੁਨਕਰ ਨਹੀਂ ਹੋ ਸਕਦੇ। ਸਰੂਪ ਸਿੰਘ ਤੇ ਪ੍ਰੀਤਮ ਕੌਰ ਵਰਗੇ ਹਜ਼ਾਰਾਂ ਪੰਜਾਬੀ, ਜਿਨ੍ਹਾਂ ਦਾ ਮਨ ਤੇ ਆਤਮਾ ਆਪਣੇ ਦੇਸ਼ ਵਿੱਚ ਉਡਾਰੀਆਂ ਲਾਉਂਦਾ ਰਹਿੰਦਾ ਹੈ, ਪਰ ਪੈਰ ਵਿਦੇਸ਼ ਦੀਆਂ ਡਾਲਰਾਂ ਰੂਪੀ ਬੇੜੀਆਂ ਵਿੱਚ ਜਕੜੇ ਹੋਏ ਹਨ। ਆਰਥਿਕ ਮਜਬੂਰੀਆਂ ਅਤੇ ਬੱਚਿਆਂ ਤੇ ਪਰਿਵਾਰਾਂ ਦੇ ਸੁਪਨੇ ਪੂਰੇ ਕਰਨ ਦੀ ਤਾਂਘ ਕਾਰਨ ਸ਼ਾਇਦ ਪਰਵਾਸ ਪੰਜਾਬੀਆਂ ਦੀ ਮਜਬੂਰੀ ਬਣ ਗਿਆ ਹੈ। ਪਰਿਵਾਰਕ ਮਜਬੂਰੀਆਂ ਦੇ ਬੋਝ ਅਤੇ ਆਪਣੇ ਵਤਨ ਦੀ ਮਿੱਟੀ ਨੂੰ ਮੱਥੇ ਨਾਲ ਲਾਉਣ ਦੀ ਖ਼ਾਹਿਸ਼ ਕਾਰਨ ਹਜ਼ਾਰਾਂ ਪੰਜਾਬੀਆਂ ਦੀ ਜਾਨ ਹਰ ਸਮੇਂ ਚੱਕੀ ਦੇ ਦੋ ਪੁੜਾਂ ਵਿਚਕਾਰ ਪਿਸਦੀ ਰਹਿੰਦੀ ਹੈ।

ਰਮਿੰਦਰਜੀਤ ਕੌਰ, ਧੂਰੀ (ਸੰਗਰੂਰ)

Advertisement
×