ਕਿੱਸੇ ਨੋਟਬੰਦੀ ਦੇ
ਨਸਬੰਦੀ, ਸ਼ਰਾਬਬੰਦੀ, ਨਾਕਾਬੰਦੀ, ਘੇਰਾਬੰਦੀ, ਸਿਹਰਾਬੰਦੀ ਵਾਰਡਬੰਦੀ, ਹੱਦਬੰਦੀ ਅਤੇ ਜੰਗਬੰਦੀ (ਜਿਸ ਦਾ ਜ਼ਿਕਰ ਟਰੰਪ ਚਾਚਾ ਅਕਸਰ ਆਪਣੇ ਭਾਸ਼ਣਾਂ ’ਚ ਆਏ ਦਿਨ ਕਰਦੇ ਰਹਿੰਦੇ ਹਨ) ਸ਼ਬਦਾਂ ਬਾਰੇ ਤਾਂ ਅਸੀਂ ਅਕਸਰ ਸੁਣਦੇ ਆਏ ਹਾਂ ਪਰ 8 ਨਵੰਬਰ 2016 ਨੂੰ ਰਾਤ ਅੱਠ ਵਜੇ ਜਿਉਂ...
ਨਸਬੰਦੀ, ਸ਼ਰਾਬਬੰਦੀ, ਨਾਕਾਬੰਦੀ, ਘੇਰਾਬੰਦੀ, ਸਿਹਰਾਬੰਦੀ ਵਾਰਡਬੰਦੀ, ਹੱਦਬੰਦੀ ਅਤੇ ਜੰਗਬੰਦੀ (ਜਿਸ ਦਾ ਜ਼ਿਕਰ ਟਰੰਪ ਚਾਚਾ ਅਕਸਰ ਆਪਣੇ ਭਾਸ਼ਣਾਂ ’ਚ ਆਏ ਦਿਨ ਕਰਦੇ ਰਹਿੰਦੇ ਹਨ) ਸ਼ਬਦਾਂ ਬਾਰੇ ਤਾਂ ਅਸੀਂ ਅਕਸਰ ਸੁਣਦੇ ਆਏ ਹਾਂ ਪਰ 8 ਨਵੰਬਰ 2016 ਨੂੰ ਰਾਤ ਅੱਠ ਵਜੇ ਜਿਉਂ ਹੀ ਸਾਡੇ ਪ੍ਰਧਾਨ ਮੰਤਰੀ ਜੀ ਨੇ ਰਾਸ਼ਟਰ ਦੇ ਨਾਂ ਆਪਣੇ ਇੱਕ ਵਿਸ਼ੇਸ਼ ਸੰਦੇਸ਼ ਵਿੱਚ ਸਰਜੀਕਲ ਸਟ੍ਰਾਈਕ ਵਾਂਗੂ ਨੋਟਬੰਦੀ ਦਾ ਐਲਾਨ ਕੀਤਾ ਤਾਂ ਮੰਨੋ ਦੇਸ਼ ਦੇ ਹਰ ਆਮ-ਖ਼ਾਸ ਨਾਗਰਿਕ ਨੂੰ ‘ਜ਼ੋਰ ਕਾ ਝਟਕਾ’ ਬਹੁਤ ਜ਼ੋਰ ਨਾਲ ਲੱਗਿਆ ਹੋਵੇ।
ਰਾਤ ਤਾਂ ਜਿਵੇਂ ਕਿਵੇਂ ਕੱਟ ਲਈ, ਪਰ ਸਵੇਰ ਹੁੰਦੇ ਸਾਰ ਇਸ ਝਟਕੇ ਦੀ ਸ਼ਿੱਦਤ ਦਾ ਅਹਿਸਾਸ ਸਾਨੂੰ ਉਦੋਂ ਹੋਇਆ, ਜਦ ਅਸੀਂ ਦੁੱਧ ਵਾਲੇ ਨਾਲ ਮਹੀਨੇ ਦਾ ਹਿਸਾਬ ਕਰਦਿਆਂ ਉਸ ਨੂੰ 500-500 ਰੁਪਏ ਦੇ ਚਾਰ ਨੋਟ ਫੜਾਏ। ਉਸ ਨੇ ਘੂਰ ਕੇ ਵੇਖਦਿਆਂ ਨੋਟ ਸਾਨੂੰ ਇਸ ਪ੍ਰਕਾਰ ਵਾਪਸ ਕੀਤੇ ਜਿਵੇਂ ਅਸੀਂ ਉਸ ਨੂੰ ਜਾਅਲੀ ਨੋਟ ਫੜਾ ਦਿੱਤੇ ਹੋਣ ਤੇ ਕਿਹਾ, “ਹੁਣ ਇਹ ਨੋਟ ਨ੍ਹੀਂ ਚੱਲਣੇ ਜੀ।” ਅਸੀਂ ਉਸ ਨੂੰ ਬੜੀ ਮੁਸ਼ਕਿਲ ਨਾਲ ਸਮਝਾਇਆ ਕਿ ਹਾਲੇ ਤਾਂ ਇਹ ਨੋਟ ਪੰਜਾਹ ਦਿਨ ਧੜੱਲੇ ਨਾਲ ਚੱਲਣਗੇ। ਬਹੁਤ ਬਹਿਸ ਕਰਨ ਉਪਰੰਤ ਅਸੀਂ ਆਪਣੀ ਖ਼ੂਨ ਪਸੀਨੇ ਦੀ ਕਮਾਈ ਵਾਲੇ ਨੋਟ ਉਸ ਦੁੱਧ ਵਾਲੇ ਨੂੰ ਲੈਣ ਲਈ ਰਜ਼ਾਮੰਦ ਕੀਤਾ। ਉਸ ਨੇ ਵੀ ਜਿਵੇਂ ਦਿਲ ’ਤੇ ਪੱਥਰ ਰੱਖਦਿਆਂ ਨੋਟਾਂ ਨੂੰ ਸਾਥੋਂ ਲੈ ਕੇ ਆਪਣੇ ਗੱਲੇ ਵਿੱਚ ਇਸ ਤਰ੍ਹਾਂ ਸੁੱਟਿਆ ਜਿਵੇਂ ਹੁਣ ਇਹ ਕੋਈ ਕਾਗਜ਼ ਦੇ ਬੇਕਾਰ ਟੁਕੜੇ ਹੋਣ।
ਇਸ ਤੋਂ ਬਾਅਦ ਜਿਉਂ-ਜਿਉਂ ਦਿਨ ਚੜ੍ਹਿਆ ਤਿਉਂ-ਤਿਉਂ ਸਾਡੇ ਲਈ ਇਮਤਿਹਾਨ ਦਾ ਦੌਰ ਸ਼ੁਰੂ ਹੋ ਗਿਆ। ਸਵੇਰੇ ਕਰੀਬ ਦਸ ਵਜੇ ਜਦੋਂ ਸਬਜ਼ੀ ਵਾਲੇ ਨੇ ਗਲੀ ਵਿੱਚ ਹੋਕਾ ਲਾਇਆ ਤਾਂ ਸਾਡੀ ਗ੍ਰਹਿ-ਮੰਤਰੀ ਭਾਵ ਮੇਰੀ ਪਤਨੀ ਨੇ ਸਬਜ਼ੀ ਖਰੀਦਣ ਦੇ ਮਕਸਦ ਨਾਲ ਫੇਰੀ ਵਾਲੇ ਨੂੰ ਰੋਕਿਆ ਅਤੇ ਸਾਰੀਆਂ ਸਬਜ਼ੀਆਂ ਦੇ ਰੇਟ ਪਤਾ ਕਰਨ ਉਪੰਰਤ ਮਿਸਟਰ ਬੈਂਗਣ, ਸ੍ਰੀਮਤੀ ਭਿੰਡੀ ਅਤੇ ਜਨਾਬ ਆਲੂ ਨੂੰ ਤੁਲਵਾਉਣ ਦੇ ਉਦੇਸ਼ ਨਾਲ ਕੱਢਣਾ ਸ਼ੁਰੂ ਕੀਤਾ। ਸਬਜ਼ੀ ਵਾਲੇ ਨੇ ਮੇਰੀ ਪਤਨੀ ਨੂੰ ਵਿੱਚੋਂ ਹੀ ਟੋਕਦਿਆਂ ਇੱਕ ਪ੍ਰਕਾਰ ਨਾਲ ਹੁਕਮ ਦੇਣ ਦੇ ਅੰਦਾਜ਼ ਵਿੱਚ ਕਿਹਾ, “ਬਹਿਨ ਜੀ! ਸਬਜ਼ੀ ਜਿਤਨੀ ਚਾਹੇ ਖਰੀਦ ਲੋ, ਲੇਕਿਨ 500 ਯਾ ਹਜ਼ਾਰ ਕਾ ਨੋਟ ਮੈਂ ਨਹੀਂ ਲੂੰਗਾ।” ਉਧਰ ਪਤਨੀ ਦੇ ਹੱਥ ਵਿੱਚ 1000 ਰੁਪਏ ਦਾ ਇੱਕੋ-ਇੱਕ ਨੋਟ ਸੀ। ਜਦ ਸਬਜ਼ੀ ਵਾਲੇ ਦੀ ਨਜ਼ਰ ਉਸ ਨੋਟ ਉੱਪਰ ਪਈ ਤਾਂ ਉਹ ਗਲੀ ਵਿੱਚੋਂ ਰੇੜ੍ਹੀ ਲੈ ਕੇ ਇਸ ਤਰ੍ਹਾਂ ਦੌੜਿਆ ਜਿਵੇਂ ਕਿਸੇ ਦੇ ਹੱਥ ਇੱਟ ਦਾ ਰੋੜਾ ਵੇਖ ਕੇ ਕੁੱਤਾ ਦੌੜਦਾ ਹੈ। ਇਸ ਪ੍ਰਕਾਰ ਮੇਰੀ ਪਤਨੀ ਦੇ ਸਬਜ਼ੀ ਲੈਣ ਦੇ ਅਰਮਾਨ ਅਧੂਰੇ ਹੀ ਰਹਿ ਗਏ...!
ਸਾਡੇ ਦੋ ਬੱਚੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਸਨ, ਜਿਨ੍ਹਾਂ ਦੀ ਪਿਛਲੇ ਦੋ ਮਹੀਨਿਆਂ ਤੋਂ ਫੀਸ ਨਾ ਭਰੀ ਜਾਣ ਕਰਕੇ ਹਰ ਦੂਜੇ-ਤੀਜੇ ਦਿਨ ਕਲਾਸ ਇੰਚਾਰਜ ਫੋਨ ਕਰਕੇ ਜਾਂ ਬੱਚਿਆਂ ਹੱਥ ਸੁਨੇਹਾ ਘੱਲ ਕੇ ਸਾਨੂੰ ਫੀਸ ਛੇਤੀ ਭਰਨ ਦੀ ਤਾਕੀਦ ਕਰ ਰਹੀ ਸੀ। ਅਸੀਂ ਫੀਸ ਜਮ੍ਹਾਂ ਕਰਵਾਉਣ ਲਈ ਜਦ ਸਕੂਲ ਦੇ ਕਾਊਂਟਰ ’ਤੇ ਪਹੁੰਚੇ ਤਾਂ ਉੱਥੇ ਮੌਜੂਦ ਕਰਮਚਾਰੀ ਨੇ ਸਾਡਾ ਸ਼ਾਨਦਾਰ ਸੁਆਗਤ ਕੀਤਾ, ਪਰ ਜਿਉਂ ਹੀ ਅਸੀਂ ਫੀਸ ਕਾਰਡ ਦੇ ਨਾਲ 1000-1000 ਰੁਪਏ ਦੇ ਪੰਜ ਨੋਟ ਕਾਊਂਟਰ ’ਤੇ ਰੱਖੇ ਤਾਂ ਉਸ ਨੇ ਬਨਾਵਟੀ ਜਿਹੀ ਮੁਸਕਾਰਾਹਟ ਸੁੱਟਦਿਆਂ ਕਿਹਾ, “ਸੌਰੀ...! ਹੁਣ ਅਸੀਂ 1000 ਅਤੇ 500 ਦੇ ਨੋਟ ਨਹੀਂ ਲੈ ਸਕਦੇ।’’ ਅਸੀਂ ਉਹ ਨੋਟ ਚੁੱਕ ਕੇ ਸਕੂਲ ਵਿੱਚੋਂ ਇਸ ਤਰ੍ਹਾਂ ਬਾਹਰ ਨਿਕਲੇ, ਜਿਵੇਂ ਉਰਦੂ ਦੇ ਪ੍ਰਸਿੱਧ ਸ਼ਾਇਰ ਚਾਚਾ ਗਾਲਿਬ ਨੇ ਆਪਣੇ ਮਹਿਬੂਬ ਦੀ ਗਲੀ ਵਿੱਚੋਂ ਨਿਕਲਣ ਦਾ ਜ਼ਿਕਰ ਕੀਤਾ ਹੈ:
‘‘ਨਿਕਲਨਾ ਖੁਲਦ ਸੇ ਆਦਮ ਕਾ ਸੁਨਤੇ ਆਏ ਹੈਂ ਲੇਕਿਨ,
ਬਹੁਤ ਬੇ-ਆਬਰੂ ਹੋ ਕਰ, ਤੇਰੇ ਕੂਚੇ ਸੇ ਹਮ ਨਿਕਲੇ।’’
ਅਸੀਂ ਸੋਚਿਆ ਚੱਲੋ ਏ.ਟੀ.ਐੱਮ. ਵਿੱਚੋਂ ਹੀ ਕੁਝ ਕੈਸ਼ ਕਢਵਾ ਲਿਆ ਜਾਵੇ ਪਰ ਜਿਉਂ ਹੀ ਅਸੀਂ ਏ.ਟੀ.ਐੱਮ. ਦਾ ਰੁਖ਼ ਕੀਤਾ ਤਾਂ ਸ਼ਹਿਰ ਦੇ ਵਧੇਰੇ ਏ.ਟੀ.ਐੱਮ ਬੰਦ ਹੀ ਮਿਲੇ, ਜੋ ਖੁੱਲ੍ਹੇ ਸਨ ਉਨ੍ਹਾਂ ਸਾਹਮਣੇ ਲੋਕਾਂ ਦੀ ਇੰਨੀ ਭੀੜ ਕਿ ਅੱਲ੍ਹਾ ਤੌਬਾ...! ਹੋਰ ਕੋਈ ਚਾਰਾ ਨਾ ਚੱਲਦਾ ਵੇਖ ਅਸੀਂ ਵੀ ਲਾਈਨ ਵਿੱਚ ਲੱਗ ਗਏ। ਲਾਈਨ ਵਿੱਚ ਲੱਗਿਆਂ ਸਾਨੂੰ ਸ਼ਾਮ ਪੈ ਗਈ। ਭੁੱਖੇ-ਤ੍ਰਿਹਾਏ ਆਏ ਜਦੋਂ ਏ.ਟੀ.ਐੱਮ. ਦੇ ਦਰਵਾਜ਼ੇ ਤੱਕ ਪਹੁੰਚੇ ਤਾਂ ਕੈਸ਼ ਖ਼ਤਮ ਹੋ ਗਿਆ। ਅਖੀਰ ਅਸੀਂ ਆਪਣੇ ਦਿਲ ਨੂੰ ਸਮਝਾਉਂਦੇ ਅਤੇ ਝੂਠੀਆਂ ਤਸੱਲੀਆਂ ਦਿੰਦੇ ਹੋਏ ਘਰ ਪੁੱਜੇ।
ਰਾਤੀ ਸੌਣ ਤੋਂ ਪਹਿਲਾਂ ਅਸੀਂ ਫ਼ੈਸਲਾ ਕੀਤਾ ਕਿ ਪਹੁ-ਫੁੱਟਦੇ ਹੀ ਅਸੀਂ ਬੈਂਕ ਜਾਵਾਂਗੇ। ਸਵੇਰ ਹੁੰਦੇ ਹੀ ਅਸੀਂ ਜਿਵੇਂ ਤਿਵੇਂ ਦੋ-ਦੋ ਬੁਰਕੀਆਂ ਖਾ ਕੇ ਬੈਂਕ ਪਹੁੰਚੇ ਤਾਂ ਬੈਂਕ ਦੇ ਬਾਹਰ ਦਾ ਦ੍ਰਿਸ਼ ਵੇਖ ਕੇ ਕਾਲਜਾ ਮੂੰਹ ਨੂੰ ਆ ਗਿਆ। ਇੱਥੇ ਲੋਕਾਂ ਦੀ ਇੰਨੀ ਲੰਮੀ ਲਾਈਨ ਕਿ ਪਤਾ ਨਾ ਲੱਗੇ ਇਸ ਵਿੱਚ ਜੁੜੀਏ ਕਿੱਥੋਂ। ਇਹ ਸਭ ਵੇਖ ਕੇ ਚਿੱਤ ਘਾਊਂ-ਮਾਊਂ ਕਰਨ ਲੱਗਿਆ। ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਲਾਈਨ ਵਿੱਚ ਲੱਗੇ ਕੁਝ ਲੋਕ ਰਜਾਈਆਂ ਲਈ ਤੇ ਕੰਬਲ ਲਪੇਟ ਕੇ ਬੈਠੇ ਸਨ। ਉੱਥੇ ਤਾਇਨਾਤ ਸਕਿਉਰਿਟੀ ਗਾਰਡ ਨੇ ਦੱਸਿਆ ਕਿ ਬੀਤੀ ਰਾਤ 12 ਵਜੇ ਤੋਂ ਹੀ ਲੋਕ ਆ ਕੇ ਲਾਈਨਾਂ ’ਚ ਲੱਗਣੇ ਸ਼ੁਰੂ ਹੋ ਗਏ ਸਨ। ਮਰਦੇ ਕੀ ਨਾ ਕਰਦੇ, ਅਸੀਂ ਵੀ ਲਾਈਨ ਵਿੱਚ ਉਨ੍ਹਾਂ ਦੇ ਪਿੱਛੇ ਖਲੋ ਗਏ। ਪਰ ਬੈਂਕ ਆਪਣੇ ਨਿਸ਼ਚਿਤ ਸਮੇਂ ’ਤੇ ਸਵੇਰੇ 10 ਵਜੇ ਹੀ ਖੁੱਲ੍ਹਿਆ।
ਬੈਂਕ ਖੁੱਲ੍ਹਦਿਆਂ ਹੀ ਅੰਦਰ ਜਾਣ ਲਈ ਲੋਕ ਇਸ ਪ੍ਰਕਾਰ ਧੱਕਾ-ਮੁੱਕੀ ਤੇ ਤਰਲੋਮੱਛੀ ਹੋਣ ਲੱਗੇ, ਜਿਵੇਂ ਪੈਸੇ ਕਢਵਾਉਣ ਦਾ ਇਹ ਆਖ਼ਰੀ ਮੌਕਾ ਹੋਵੇ। ਇਸ ਭੀੜ ਵਿੱਚ ਸ਼ਾਮਲ ਹੋ ਕੇ ਧੌਲ-ਧੱਫੇ ਖਾਂਦੇ ਅਸੀਂ ਵੀ ਅਖੀਰ ਬੈਂਕ ਦੇ ਅੰਦਰ ਦਾਖਲ ਹੋਣ ਵਿੱਚ ਸਫ਼ਲ ਹੋ ਗਏ, ਪਰ ਸਾਡੀ ਸਮੱਸਿਆ ਹੱਲ ਨਹੀਂ ਹੋਈ। ਅੰਦਰ ਹਰ ਕਾਊਂਟਰ ਦੇ ਅੱਗੇ ਕਈ ਕਈ ਲਾਈਨਾਂ ਲੱਗੀਆਂ ਹੋਈਆਂ ਸਨ। ਬੈਂਕ ਦਾ ਹਾਲ ਲੋਕਾਂ ਨਾਲ ਇਸ ਕਦਰ ਭਰਿਆ ਹੋਇਆ ਸੀ ਕਿ ਜੇ ਕੋਈ ਡਿੱਗਣਾ ਵੀ ਚਾਹੇ ਤਾਂ ਡਿੱਗ ਨਾ ਸਕੇ। ਦਿਲ ’ਤੇ ਹੱਥ ਰੱਖ ਕੇ ਅਸੀਂ ਵੀ ਰੇਲਗੱਡੀ ਦੇ ਆਖ਼ਰੀ ਡੱਬੇ ਵਾਂਗ ਇੱਕ ਲਾਈਨ ’ਚ ਜਾ ਲੱਗੇ। ਲਗਪਗ 12 ਵੱਜੇ ਹੋਣਗੇ ਜਦੋਂ ਕੈਸ਼ੀਅਰ ਨੇ ਐਲਾਨ ਕਰ ਦਿੱਤਾ ਕਿ ਬੈਂਕ ਵਿੱਚ ਕੈਸ਼ ਖ਼ਤਮ ਹੋ ਗਿਆ ਹੈ। ਇਸ ਲਈ ਸਿਰਫ਼ ਪੈਸੇ ਜਮ੍ਹਾਂ ਕਰਵਾਉਣ ਵਾਲੇ ਹੀ ਲਾਈਨ ਵਿੱਚ ਲੱਗਣ ਬਾਕੀ ਜਾ ਸਕਦੇ ਹਨ। ਅਖੀਰ ਆਪਣੇ ਵਜੂਦ ਨੂੰ ਸਮੇਟਦਿਆਂ ਅਸੀਂ ਬੜੀ ਮੁਸ਼ਕਿਲ ਨਾਲ ਘਰ ਅੱਪੜੇ।
ਇੱਕ ਸਕੀਮ ਲਾ ਕੇ ਮੈਂ ਆਪਣੇ ਵੱਡੇ ਪੁੱਤਰ, ਜੋ ਰੋਜ਼ਾਨਾ ਬੱਸ ਰਾਹੀਂ ਲਗਪਗ 70 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪੜ੍ਹਨ ਲਈ ਕਾਲਜ ਜਾਂਦਾ ਸੀ, ਨੂੰ 1000-1000 ਦੇ ਦੋ ਨੋਟ ਅਤੇ ਸੌ ਦਾ ਇੱਕ ਨੋਟ ਦਿੰਦਿਆਂ ਕਿਹਾ ਕਿ ਦੋਵੇਂ ਹਜ਼ਾਰ ਦੇ ਨੋਟ ਆਉਣ-ਜਾਣ ਮੌਕੇ ਖੁੱਲ੍ਹਵਾ ਲਵੇ। ਪਰ ਉਹੀ ਗੱਲ... ਪੁੱਤਰ ਨੇ ਘਰ ਆਉਂਦਿਆਂ ਹੀ ਦੋਵੇਂ ਨੋਟ ਮੇਰੇ ਸਾਹਮਣੇ ਰੱਖਦਿਆਂ ਕਿਹਾ, ‘‘ਭਾਪਾ ਜੀ, ਬੱਸ ਵਿੱਚ ਸਵਾਰ ਹੁੰਦਿਆਂ ਹੀ ਕੰਡਕਟਰ ਨੇ ਐਲਾਨ ਕਰ ਦਿੱਤਾ ਸੀ ਕਿ ਜਿਹੜੀਆਂ ਸਵਾਰੀਆਂ ਕੋਲ ਕਿਰਾਏ ਲਈ ਸਿਰਫ਼ 1000 ਜਾਂ 500 ਦੇ ਨੋਟ ਹਨ ਕਿਰਪਾ ਕਰਕੇ ਉਹ ਪਹਿਲਾਂ ਹੀ ਹੇਠਾਂ ਉੱਤਰ ਜਾਣ।’’ਸ਼ਾਮ ਨੂੰ ਸਾਡੇ ਇੱਕ ਪਰਮ ਮਿੱਤਰ ਨੇ ਬੱਸ ਸਟੈਂਡ ਦੀ ਇੱਕ ਘਟਨਾ ਸੁਣਾਈ। ਹੋਇਆ ਇੰਜ ਕਿ ਸਵੇਰੇ ਸਵੇਰੇ ਬੱਸ ਸਟੈਂਡ ਦੇ ਪਖਾਨੇ ਵੱਲ ਇੱਕ ਪਹਿਨੀ-ਪਚਰੀ ਸਵਾਰੀ ਨੱਸੀ ਜਾਵੇ। ਇਸ ਤੋਂ ਪਹਿਲਾਂ ਕਿ ਉਹ ਸਵਾਰੀ ਆਪਣਾ ਮਿਸ਼ਨ ਪੂਰਾ ਕਰਨ ਲਈ ਅੰਦਰ ਜਾਂਦੀ, ਗੇਟ ਕੀਪਰ ਨੇ ਸਪੀਡ ਬਰੇਕਰ ਬਣਦਿਆਂ ਉਸ ਨੂੰ ਬਾਹਰ ਹੀ ਰੋਕਦਿਆਂ ਕਿਹਾ ਕਿ ਪਹਿਲਾਂ ਭੁਗਤਾਨ ਕਰੋ। ਸਵਾਰੀ ਨੇ ਜਦ 500 ਦਾ ਨੋਟ ਅੱਗੇ ਕੀਤਾ ਤਾਂ ਗੇਟ ਕੀਪਰ ਨੇ ਨੋਟ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪੀੜਤ ਸਵਾਰੀ ਨੇ ਕਿਹਾ ਕਿ ਮੈਂ ਤੁਹਾਨੂੰ ਪੰਜ ਰੁਪਏ ਦੇ ਭੁਗਤਾਨ ਦਾ ਚੈੱਕ ਕੱਟ ਦਿੰਦਾ ਹਾਂ। ਇਸ ’ਤੇ ਗੇਟਕੀਪਰ ਨੇ ਚੁਟਕੀ ਲੈਂਦਿਆਂ ਕਿਹਾ ਕਿ ਜਦ ਤੱਕ ਚੈੱਕ ਕਲੀਅਰ ਹੋ ਕੇ ਨਹੀਂ ਆ ਜਾਂਦਾ, ਮੈਂ ਆਪ ਨੂੰ ਅੰਦਰ ਐਂਟਰੀ ਕਰਨ ਦੀ ਇਜਾਜ਼ਤ ਨਹੀਂ ਦੇ ਸਕਦਾ। ਵਿਚਾਰੀ ਸਵਾਰੀ ਕਸੂਤੀ ਸਥਿਤੀ ਵਿੱਚ ਵਾਪਸ ਮੁੜੀ।
ਅਸੀਂ ਇੱਕ ਦਿਨ ਬਾਜ਼ਾਰ ਗਏ ਤਾਂ ਹਰ ਛੋਟੀ ਵੱਡੀ ਦੁਕਾਨ ’ਤੇ ਪਏ ਗੱਤੇ ਦੇ ਬੋਰਡਾਂ ਨੇ ਸਾਡਾ ਧਿਆਨ ਖਿੱਚਿਆ। ਬੋਰਡਾਂ ਉੱਤੇ ਮੋਟੇ ਮੋਟੇ ਸ਼ਬਦਾਂ ਵਿੱਚ ਲਿਖਿਆ ਹੋਇਆ ਸੀ ਕਿ ਇਸ ਥਾਂ 1000 ਅਤੇ 500 ਦੇ ਨੋਟ ਨਹੀਂ ਚਲਦੇ। ਲਗਪਗ ਬਾਰਾਂ ਵਜੇ ਅਸੀਂ ਮੇਰੇ ਮਿੱਤਰ ਕੋਲ ਗਏ, ਜੋ ਫੈਕਟਰੀ ਦਾ ਮਾਲਕ ਹੈ। ਪੂਰੀ ਫੈਕਟਰੀ ਵਿੱਚ ਕਬਰਾਂ ਵਰਗੀ ਚੁੱਪ ਛਾਈ ਹੋਈ ਸੀ। ਪ੍ਰੇਸ਼ਾਨ ਬੈਠੇ ਮੇਰੇ ਮਿੱਤਰ ਨੂੰ ਅਸੀਂ ਪੁੱਛਿਆ ਕਿ ਨਾ ਅੱਜ ਹੋਲੀ ਹੈ ਨਾ ਦੀਵਾਲੀ, ਫਿਰ ਲੇਬਰ ਨੂੰ ਛੁੱਟੀ ਕਿਸ ਖ਼ੁਸ਼ੀ ਵਿੱਚ ਕੀਤੀ ਹੈ? ਉਸ ਉਦਾਸੀ ਆਵਾਜ਼ ਵਿੱਚ ਦੱਸਿਆ, ‘‘ਨਹੀਂ ਯਾਰ, ਛੁੱਟੀ-ਵੁੱਟੀ ਨਹੀਂ ਸਗੋਂ ਸਾਰੀ ਲੇਬਰ ਨੂੰ ਚਾਰ-ਚਾਰ ਹਜ਼ਾਰ ਦੇ ਕੇ ਬੈਂਕ ਵਿੱਚ ਕਰੰਸੀ ਬਦਲੀ ਲਈ ਭੇਜਿਆ ਹੋਇਐ। ਪੂਰੇ ਇੱਕ ਹਫ਼ਤੇ ਤੋਂ ਫੈਕਟਰੀ ਦਾ ਕੰਮਕਾਰ ਠੱਪ ਹੈ। ਬੱਸ ਇਸ ਨੋਟਾਂ ਦੀ ਅਦਲਾ-ਬਦਲੀ ਦੇ ਝੱਜੂ ਵਿੱਚ ਹੀ ਉਲਝੇ ਹੋਏ ਹਾਂ।”
ਸਾਡੇ ਗੁਆਂਢ ਵਿੱਚ ਹੋਇਆ ਇੱਕ ਵਿਆਹ ਇਸ ਨੋਟਬੰਦੀ ਸਦਕਾ ਲੋਕਾਂ ਦੇ ਮਨਾਂ ’ਤੇ ਆਪਣੀ
ਅਮਿੱਟ ਛਾਪ ਛੱਡ ਗਿਆ। ਹੋਇਆ ਇੰਝ ਕਿ ਗੁਆਂਢ ਦੀ ਇੱਕ ਕੁੜੀ ਦਾ ਵਿਆਹ ਸ਼ਹਿਰ ਦੇ ਹੀ ਦੂਸਰੇ ਮੁਹੱਲੇ
ਵਿੱਚ ਰਹਿੰਦੇ ਮੁੰਡੇ ਨਾਲ ਹੋਣਾ ਤੈਅ ਹੋਇਆ ਸੀ ਅਤੇ ਵਿਆਹ ਦੇ ਸੱਦਾ-ਪੱਤਰ ਆਦਿ ਸਭ ਵੰਡੇ ਜਾ ਚੁੱਕੇ
ਸਨ ਅਤੇ ਕੁੜੀ ਅਤੇ ਮੁੰਡੇ ਵਾਲਿਆਂ ਵੱਲੋਂ ਵਿਆਹ
ਲਈ ਲੋੜੀਂਦਾ ਕੈਸ਼ ਆਦਿ ਬੈਂਕਾਂ ਵਿੱਚੋਂ ਕਢਵਾ ਲਿਆ ਗਿਆ ਸੀ। ਐਨ ਵਿਆਹ ਤੋਂ ਤਿੰਨ ਦਿਨ ਪਹਿਲਾਂ ਜਿਉਂ ਹੀ ਨੋਟਬੰਦੀ ਦਾ ਐਲਾਨ ਹੋਇਆ ਤਾਂ ਜਿਵੇਂ ਇਹ ਵਿਆਹ ਧੂਮ-ਧਾਮ ਨਾਲ ਕਰਨ ਦੇ ਤਮਾਮ ਅਰਮਾਨਾਂ ਉੱਤੇ ਬਿਜਲੀ ਡਿੱਗ ਪਈ ਹੋਵੇ। ਜਦ ਲੱਖ ਯਤਨ ਕਰਨ ਦੇ ਬਾਵਜੂਦ ਨਕਦੀ ਦਾ ਲੋੜੀਂਦਾ ਪ੍ਰਬੰਧ ਨਾ ਹੋ ਸਕਿਆ ਤਾਂ ਆਪਸੀ ਮਸ਼ਵਰੇ ਨਾਲ ਤੈਅ ਕੀਤਾ ਗਿਆ ਕਿ ਬਰਾਤੀਆਂ ਨੂੰ ਇੱਕ ਇੱਕ ਕੱਪ ਚਾਹ ਦਾ ਪਿਆ ਕੇ ਕੁੜੀ ਤੋਰ ਦਿੱਤੀ ਜਾਵੇ।
ਨੋਟਬੰਦੀ ਦੇ ਉਸ ਦੌਰ ਦੌਰਾਨ ਕਈ ਮੁਹਾਵਰੇ, ਅਖਾਣ ਜਿਵੇਂ ਸੱਚ ਸਾਬਤ ਹੁੰਦੇ ਵੇਖੇ, ਜਿਵੇਂ- ‘ਬਾਪ ਬੜਾ ਨਾ ਭਈਆ, ਸਭ ਸੇ ਬੜਾ ਰੁਪੱਈਆ।’ ਇਸੇ ਪ੍ਰਕਾਰ ਇੱਕ ਹੋਰ ਪ੍ਰਸਿੱਧ ਮੁਹਾਵਰੇ ਨੂੰ ਆਪਣੇ ਅਖੀਂ ਸੱਚ ਹੁੰਦਿਆਂ ਵੇਖਿਆ- ‘ਨੌਂ ਦੋ ਗਿਆਰਾਂ ਹੋ ਜਾਣਾ’। ਇੱਕ ਸ਼ਾਮ ਇੱਕ ਭਿਖਾਰੀਨੁਮਾ ਜੋਗੀ ਨੇ ਸਾਡੇ ਘਰ ਅੱਗੇ ਅਲਖ ਜਗਾਉਂਦਿਆਂ ਜਦ ਭਿੱਖਿਆ ਮੰਗੀ ਤਾਂ ਧਰਮ ਪਤਨੀ ਨੇ ਦਿਮਾਗ਼ ਦੀ ਸਹੀ ਵਰਤੋਂ ਕਰਦਿਆਂ ਜੋਗੀ ਨੂੰ 500 ਰੁਪਏ ਦਾ ਨੋਟ ਦਿੰਦਿਆਂ ਕਿਹਾ, “ਆਹ ਲਓ ਮਹਾਰਾਜ, ਸੌ ਰੁਪਏ ਭਿਖਸ਼ਾ ਰੱਖਦਿਆਂ ਚਾਰ ਸੌ ਮੋੜ ਦਿਉ।” ਪੰਜ ਸੌ ਦੇ ਨੋਟ ਦਾ ਨਾਮ ਸੁਣਦਿਆਂ ਹੀ ਜੋਗੀ ਉੱਥੋਂ ਨੌਂ ਦੋ ਗਿਆਰਾਂ ਹੋ ਗਿਆ।
ਸੰਪਰਕ: 98552-59650

