ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੁਦਰਤੀ ਸਰੋਤਾਂ ਨਾਲ ਭਰਪੂਰ ਦੱਖਣੀ ਅਮਰੀਕਾ

ਦੁਨੀਆ ਦੇ ਸੱਤ ਮਹਾਂਦੀਪਾਂ ਵਿੱਚੋਂ ਦੱਖਣੀ ਅਮਰੀਕਾ ਅਜਿਹਾ ਮਹਾਂਦੀਪ ਹੈ, ਜਿਸ ਦਾ ਜ਼ਿਆਦਾਤਰ ਹਿੱਸਾ ਭੂ-ਮੱਧ ਰੇਖਾ ਦੇ ਦੱਖਣ ਵੱਲ ਅਤੇ ਬਿਲਕੁਲ ਥੋੜ੍ਹਾ ਜਿਹਾ ਹਿੱਸਾ ਉੱਤਰੀ ਅਰਧ ਗੋਲੇ ਵਿੱਚ ਆਉਂਦਾ ਹੈ। ਤਕਰੀਬਨ 178 ਲੱਖ ਵਰਗ ਕਿਲੋਮੀਟਰ ਰਕਬੇ ਵਾਲਾ ਇਹ ਮਹਾਂਦੀਪ...
Advertisement

Advertisement

ਦੁਨੀਆ ਦੇ ਸੱਤ ਮਹਾਂਦੀਪਾਂ ਵਿੱਚੋਂ ਦੱਖਣੀ ਅਮਰੀਕਾ ਅਜਿਹਾ ਮਹਾਂਦੀਪ ਹੈ, ਜਿਸ ਦਾ ਜ਼ਿਆਦਾਤਰ ਹਿੱਸਾ ਭੂ-ਮੱਧ ਰੇਖਾ ਦੇ ਦੱਖਣ ਵੱਲ ਅਤੇ ਬਿਲਕੁਲ ਥੋੜ੍ਹਾ ਜਿਹਾ ਹਿੱਸਾ ਉੱਤਰੀ ਅਰਧ ਗੋਲੇ ਵਿੱਚ ਆਉਂਦਾ ਹੈ। ਤਕਰੀਬਨ 178 ਲੱਖ ਵਰਗ ਕਿਲੋਮੀਟਰ ਰਕਬੇ ਵਾਲਾ ਇਹ ਮਹਾਂਦੀਪ ਖੇਤਰਫਲ ਪੱਖੋਂ ਦੁਨੀਆ ’ਚ ਚੌਥੇ ਨੰਬਰ ’ਤੇ ਆਉਂਦਾ ਹੈ। ਇਹ ਪੱਛਮ ਵੱਲੋਂ ਪ੍ਰਸ਼ਾਂਤ ਮਹਾਂਸਾਗਰ, ਉੱਤਰ ਅਤੇ ਉੱਤਰ ਪੱਛਮ ਵੱਲੋਂ ਕੈਰੀਬਿਆਈ ਸਮੁੰਦਰ ਅਤੇ ਪੂਰਬ ਤੇ ਦੱਖਣ ਪੂਰਬ ਵਾਲੇ ਪਾਸਿਓਂ ਐਟਲਾਂਟਿਕ ਮਹਾਂਸਾਗਰ ਨਾਲ ਘਿਰਿਆ ਹੋਇਆ ਹੈ। 43.4 ਕਰੋੜ ਦੀ ਆਬਾਦੀ ਵਾਲੇ ਇਸ ਮਹਾਂਦੀਪ ਦੀ 90 ਫ਼ੀਸਦੀ ਵੱਸੋਂ ਇਸਾਈ ਧਰਮ ਨਾਲ ਸਬੰਧ ਰੱਖਦੀ ਹੈ। ਮਹਾਂਦੀਪ ਦੇ ਤਕਰੀਬਨ ਅੱਧੇ ਰਕਬੇ ’ਚ ਫੈਲਿਆ ਦੇਸ਼ ਬ੍ਰਾਜ਼ੀਲ ਇਸ ਖਿੱਤੇ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਇਸ ਮਹਾਂਦੀਪ ਦੇ ਬਾਕੀ ਸੁਤੰਤਰ ਦੇਸ਼ ਹਨ: ਅਰਜਨਟੀਨਾ, ਬੋਲਿਵੀਆ, ਚਿੱਲੀ, ਕੋਲੰਬੀਆ, ਇਕੁਆਡੋਰ, ਗੁਆਨਾ, ਪੇਰੂ, ਸੁਰੀਨਾਮ, ਉਰੂਗੁਏ, ਵੈਨੇਜ਼ੂਏਲਾ ਅਤੇ ਪੈਰਾਗੁਆ। ਐਂਡੀਜ਼ ਪਰਬਤ ਲੜੀ, ਜਿਸ ਦੀ ਲੰਬਾਈ 8900 ਕਿਲੋਮੀਟਰ ਹੈ, ਇਸ ਮਹਾਂਦੀਪ ਦਾ ਸਭ ਤੋਂ ਲੰਮਾ ਪਰਬਤ ਹੈ ਜੋ ਸੱਤ ਦੇਸ਼ਾਂ ਪੇਰੂ, ਅਰਜਨਟੀਨਾ, ਇਕੁਆਡੋਰ, ਕੋਲੰਬੀਆ, ਚਿੱਲੀ, ਬੋਲਿਵੀਆ ਅਤੇ ਵੈਨੇਜ਼ੂਏਲਾ ਵਿੱਚੋਂ ਹੋ ਕੇ ਲੰਘਦੀ ਹੈ। ਇਹ ਇਲਾਕਾ ਸਭ ਤੋਂ ਵੱਧ ਭੂਚਾਲ ਆਉਣ ਅਤੇ ਸਰਗਰਮ ਜਵਾਲਾਮੁਖੀਆਂ ਲਈ ਜਾਣਿਆ ਜਾਂਦਾ ਹੈ।

ਦੱਖਣੀ ਅਮਰੀਕਾ ਉੱਤੇ ਯੂਰਪੀ ਦੇਸ਼ਾਂ, ਖ਼ਾਸਕਰ ਸਪੇਨ ਅਤੇ ਪੁਰਤਗਾਲ ਦਾ ਲੰਮਾ ਸਮਾਂ ਰਾਜ ਰਿਹਾ ਸੀ। ਇਸ ਕਰਕੇ ਹਾਲੇ ਵੀ ਇੱਥੋਂ ਦੇ ਲੋਕ ਸਪੈਨਿਸ਼ ਅਤੇ ਪੁਰਤਗਾਲੀ ਭਾਸ਼ਾਵਾਂ ਬੋਲਦੇ ਹਨ। ਖਣਿਜਾਂ ਪੱਖੋਂ ਇਹ ਇਲਾਕਾ ਸੋਨਾ, ਚਾਂਦੀ, ਤਾਂਬਾ, ਪੈਟਰੋਲੀਅਮ, ਟਿਨ ਅਤੇ ਲੋਹੇ ਜਿਹੇ ਅਨੇਕਾਂ ਖਣਿਜ ਪਦਾਰਥਾਂ ਦਾ ਪ੍ਰਮੁੱਖ ਸਰੋਤ ਹੈ। ਪੇਰੂ, ਬ੍ਰਾਜ਼ੀਲ ਅਤੇ ਅਰਜਨਟੀਨਾ ਸੋਨੇ ਦੇ ਵੱਡੇ ਉਤਪਾਦਕ ਹਨ ਜਦੋਂਕਿ ਚਾਂਦੀ ਦਾ ਉਤਪਾਦਨ ਬੋਲਿਵੀਆ, ਚਿੱਲੀ ਅਤੇ ਪੇਰੂ ਵਿੱਚ ਵਧੇਰੇ ਹੁੰਦਾ ਹੈ। ਲੋਹੇ ਦੀ ਖੁਦਾਈ ਅਤੇ ਨਿਰਯਾਤ ਵਿੱਚ ਬ੍ਰਾਜ਼ੀਲ ਵਿਸ਼ਵ ਵਿੱਚ ਦੂਜੇ ਨੰਬਰ ਦਾ ਦੇਸ਼ ਹੈ। ਚਿੱਲੀ ਅਤੇ ਪੇਰੂ ਤਾਂ ਤਾਂਬਾ ਅਤੇ ਚਾਂਦੀ ਦਾ ਨਿਰਯਾਤ ਕਰਨ ਵਾਲੇ ਮੋਹਰੀ ਦੇਸ਼ਾਂ ਵਿੱਚੋਂ ਹਨ। ਆਰਥਿਕ ਪੱਖੋਂ ਇਸ ਵਿੱਚ ਖਣਿਜਾਂ ਦੇ ਅਮੀਰ ਸੋਮੇ, ਖੇਤੀਬਾੜੀ ਦੇ ਵਿਭਿੰਨ ਉਤਪਾਦ ਅਤੇ ਤਾਜ਼ੇ ਪਾਣੀ ਦੇ ਭਰਪੂਰ ਸਰੋਤ ਹਨ। ਆਲੂ ਦੀ ਖੋਜ ਇਸੇ ਮਹਾਂਦੀਪ ਵਿੱਚ ਹੋਈ ਮੰਨੀ ਜਾਂਦੀ ਹੈ। ਪੇਰੂ ਅਤੇ ਬੋਲਿਵੀਆ ਦੇ ਲੋਕਾਂ ਨੇ 7000 ਹਜ਼ਾਰ ਸਾਲ ਤੋਂ 10,000 ਪਹਿਲਾਂ ਫ਼ਸਲ ਵਜੋਂ ਆਲੂ ਦੀ ਖੇਤੀ ਕੀਤੀ ਸੀ।

ਦੱਖਣੀ ਅਮਰੀਕਾ ਮਹਾਂਦੀਪ ਦਾ ਜ਼ਿਕਰ ਕਰੀਏ ਤੇ ਇਸ ਵਿਚਲੇ ਦੁਨੀਆ ਦੇ ਸਭ ਤੋਂ ਵੱਡੇ ਐਮਾਜ਼ਾਨ ਨਾਂ ਦੇ ਬਰਸਾਤੀ ਜੰਗਲ ਦੀ ਗੱਲ ਨਾ ਹੋਵੇ ਤਾਂ ਇਹ ਗੱਲ ਅਧੂਰੀ ਹੋਵੇਗੀ। ਤਕਰੀਬਨ 55 ਲੱਖ ਵਰਗ ਕਿਲੋਮੀਟਰ ਰਕਬੇ ਵਿੱਚ ਫੈਲਿਆ ਇਹ ਜੰਗਲ ਬ੍ਰਾਜ਼ੀਲ, ਪੇਰੂ, ਕੋਲੰਬੀਆ, ਬੋਲਿਵੀਆ, ਇਕੁਆਡੋਰ, ਫਰੈਂਚ ਗੁਏਨਾ, ਸੁਰੀਨਾਮ, ਵੈਨੇਜ਼ੂਏਲਾ ਅਤੇ ਗੁਆਨਾ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ ਤੇ ਇਸ ਦਾ 60 ਫ਼ੀਸਦੀ ਹਿੱਸਾ ਇਕੱਲੇ ਬ੍ਰਾਜ਼ੀਲ ਵਿੱਚ ਹੀ ਹੈ। ਇਸ ਜੰਗਲ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ 16,000 ਪ੍ਰਜਾਤੀਆਂ ਦੇ 39 ਕਰੋੜ ਰੁੱਖ ਹਨ ਜੋ ਕਿ ਸਮੁੱਚੀ ਦੁਨੀਆ ਨੂੰ ਆਕਸੀਜਨ ਦੇਣ ਦਾ ਕੰਮ ਕਰਦੇ ਹਨ। ਦੱਖਣੀ ਅਮਰੀਕਾ ਦੇ ਪੱਛਮ ਤੋਂ ਪੂਰਬ ਵੱਲ ਵਹਿੰਦਾ ਐਮਾਜ਼ਾਨ ਦਰਿਆ ਪਾਣੀ ਦੀ ਨਿਕਾਸੀ ਪੱਖੋਂ ਦੁਨੀਆ ਦਾ ਸਭ ਤੋਂ ਵੱਡਾ ਅਤੇ ਲੰਬਾਈ ਪੱਖੋਂ ਦੂਜਾ ਵੱਡਾ ਦਰਿਆ ਹੈ (ਮਿਸਰ ਦੇਸ਼ ਦਾ ਨੀਲ ਦਰਿਆ ਵਿਸ਼ਵ ਦਾ ਸਭ ਤੋਂ ਵੱਡਾ ਦਰਿਆ ਹੈ)। ਐਮਾਜ਼ਾਨ ਦੀਆਂ ਇੱਕ ਹਜ਼ਾਰ ਦੇ ਕਰੀਬ ਸਹਾਇਕ ਨਦੀਆਂ ਆਲੇ-ਦੁਆਲੇ ਦੇ ਇਲਾਕੇ ਦੀ ਸਿੰਜਾਈ ਵੀ ਕਰਦੀਆਂ ਹਨ ਅਤੇ ਐਮਾਜ਼ਾਨ ਜੰਗਲ ਨੂੰ ਪਾਣੀ ਦੀ ਪੂਰਤੀ ਕਰਕੇ ਆਲੇ-ਦੁਆਲੇ ਦੀਆਂ ਕੁਦਰਤੀ ਪ੍ਰਣਾਲੀਆਂ ਦਾ ਸੰਤੁਲਨ ਵੀ ਕਾਇਮ ਰੱਖਦੀਆਂ ਹਨ। ਪੈਂਟਾਨਲ ਜਲਗਾਹ (Pantanal Wetland) ਦੁਨੀਆ ਦੀ ਗਰਮ ਇਲਾਕੇ ਦੀ ਸਭ ਤੋਂ ਵੱਡੀ ਜਲਗਾਹ ਹੈ। ਲਗਪਗ 1,85,000 ਕਿਲੋਮੀਟਰ ਰਕਬੇ ’ਚ ਫੈਲੀ ਇਹ ਜਲਗਾਹ ਬ੍ਰਾਜ਼ੀਲ, ਬੋਲਿਵੀਆ ਅਤੇ ਪੈਰਾਗੂਆ ਵਿੱਚ ਫੈਲੀ ਹੋਈ ਹੈ।

ਮਹਾਂਦੀਪ ਦਾ ਸਭ ਤੋਂ ਵੱਡਾ ਟਾਪੂ ‘ਇਸਲਾ ਗਰੈਂਡ ਦਿ ਟੀਏਰਾ ਡੈਲ ਫੂਏਗੋ’ (Isla Grande de Tierra del Fuego) ਹੈ। ਸਾਢੇ ਅਠਾਰਾਂ ਹਜ਼ਾਰ ਵਰਗ ਮੀਲ ਵਿੱਚ ਫੈਲੇ ਇਸ ਟਾਪੂ ਉੱਤੇ ਇੱਕ ਲੱਖ ਲੋਕ ਰਹਿੰਦੇ ਹਨ।

ਦੱਖਣੀ ਅਮਰੀਕਾ ਮਹਾਂਦੀਪ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਅਜੋਕੇ ਸਮੇਂ ਦਾ ਸਭ ਤੋਂ ਵੱਧ ਸ਼ਹਿਰੀ ਵੱਸੋਂ ਵਾਲਾ ਮਹਾਂਦੀਪ ਹੈ, ਜਿੱਥੇ ਤਕਰੀਬਨ 80 ਫ਼ੀਸਦੀ ਆਬਾਦੀ ਸ਼ਹਿਰਾਂ ਵਿੱਚ ਰਹਿੰਦੀ ਹੈ ਜਦੋਂਕਿ ਦੁਨੀਆ ਦੇ ਬਾਕੀ ਹਿੱਸੇ ਉੱਤੇ ਸ਼ਹਿਰੀ ਆਬਾਦੀ ਦੀ ਪ੍ਰਤੀਸ਼ਤ 50 ਹੈ। ਇਸ ਖਿੱਤੇ ਵਿੱਚ ਸਥਾਨਕ ਤੇ ਅੰਗਰੇਜ਼ੀ ਦੇ ਨਾਲ ਨਾਲ ਸਪੈਨਿਸ਼ ਅਤੇ ਪੁਰਤਗਾਲੀ ਭਾਸ਼ਾਵਾਂ ਜ਼ਿਆਦਾਤਰ ਬੋਲੀਆਂ ਜਾਂਦੀਆਂ ਹਨ।

ਪਨਾਮਾ ਦਾ ਇਸਥਮਸ ’ਤੇ ਸਥਿਤ ਡਾਰੀਅਨ ਪਹਾੜ (The Mountains of the Darien Gap ) ਦੱਖਣੀ ਅਮਰੀਕਾ ਨੂੰ ਉੱਤਰੀ ਅਮਰੀਕਾ ਮਹਾਂਦੀਪ ਤੋਂ ਵੱਖ ਕਰਦਾ ਹੈ ਜਦੋਂਕਿ ਕੁਝ ਲੋਕਾਂ ਵੱਲੋਂ ਪਨਾਮਾ ਨਹਿਰ ਨੂੰ ਦੋ ਮਹਾਂਦੀਪਾਂ ਨੂੰ ਵੰਡਦੀ ਲਕੀਰ ਮੰਨਿਆ ਜਾਂਦਾ ਹੈ। ਇਸ ਮਹਾਂਦੀਪ ਦੇ ਉੱਤਰ ਵੱਲ ਕੋਲੰਬੀਆ ਅਤੇ ਵੈਨੇਜ਼ੂਏਲਾ ਦੇਸ਼ਾਂ ਦਾ ਜਲਵਾਯੂ ਨਮੀ ਵਾਲਾ ਹੈ, ਉੱਤਰ ਪੂਰਬ ਦੇ ਸੁਰੀਨਾਮ ਅਤੇ ਗੁਆਨਾ ਦੇਸ਼ਾਂ ਵਿੱਚ ਠੰਢ ਰਹਿੰਦੀ ਹੈ, ਅਰਜਨਟੀਨਾ ਅਤੇ ਪੈਰਾਗੂਆ ਹਲਕੀ ਗਰਮੀ ਜਦੋਂਕਿ ਚਿੱਲੀ ਖੁਸ਼ਕ ਅਤੇ ਗਰਮੀ ਵਾਲਾ ਖੇਤਰ ਹੈ।

ਦੱਖਣੀ ਅਮਰੀਕਾ ਆਪਣੇ ਅੰਦਰ ਸੰਸਾਰ ਦੇ ਸਭ ਤੋਂ ਉੱਚੇ ਝਰਨਿਆਂ ਨੂੰ ਸਮੋਈ ਬੈਠਾ ਹੈ। ਵੈਨੇਜ਼ੂਏਲਾ ਵਿੱਚ 979 ਮੀਟਰ ਉੱਚਾ ‘ਏਂਜਲ ਫਾਲਸ’ (Angel Falls) ਨਾਂ ਦਾ ਝਰਨਾ ਦੁਨੀਆ ਦਾ ਸਭ ਤੋਂ ਉੱਚਾ ਝਰਨਾ ਹੈ ਜੋ ਕਿ ਵਿਸ਼ਵ ਭਰ ਦੇ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਚਿੱਲੀ ਦਾ ਨਵਾਰੀਨੋ ਟਾਪੂ ਧਰਤੀ ਦੇ ਦੱਖਣੀ ਧੁਰੇ ਵੱਲ ਮਨੁੱਖੀ ਵੱਸੋਂ ਵਾਲਾ ਆਖ਼ਰੀ ਇਲਾਕਾ ਹੈ, ਜਿੱਥੇ 2000 ਦੇ ਕਰੀਬ ਲੋਕ ਵੱਸਦੇ ਹਨ। ਬੋਲਿਵੀਆ ਅਤੇ ਪੇਰੂ ਦੀ ਸਰਹੱਦ ’ਤੇ ਮੌਜੂਦ ਟਿਟੀਕਾਕਾ ਝੀਲ ਦੁਨੀਆ ਦੀ ਸਭ ਤੋਂ ਉੱਚੀ ਝੀਲ ਹੈ, ਜਿਸ ਦੀ ਸਮੁੰਦਰ ਤਲ ਤੋਂ ਉਚਾਈ 12,507 ਫੁੱਟ ਹੈ। ਬੋਲਿਵੀਆ ਦੇਸ਼ ਦਾ ‘ਲਾ ਪਾਜ਼’ ਨਾਂ ਦਾ ਸ਼ਹਿਰ ਦੁਨੀਆ ਦੇ ਕਿਸੇ ਵੀ ਪ੍ਰਦੇਸ਼ ਦੀ ਸਭ ਤੋਂ ਉੱਚ ਸ਼ਾਸਨ ਦਾ ਕੇਂਦਰ ਹੈ। ਐਮਾਜ਼ਾਨ ਦੁਨੀਆ ਦਾ ਸਭ ਤੋਂ ਵੱਡਾ ਬਰਸਾਤੀ ਜੰਗਲ ਹੈ। ਬ੍ਰਾਜ਼ੀਲ ਦੇਸ਼ ਦੀ ਹੱਦ ਦੱਖਣੀ ਅਮਰੀਕਾ ਮਹਾਂਦੀਪ ਦੇ ਨੌਂ ਦੇਸ਼ਾਂ ਨਾਲ ਲੱਗਦੀ ਹੈ। ਸੰਸਾਰ ਦੀਆਂ ਚੋਟੀ ਦੀਆਂ ਅਰਥ ਵਿਵਸਥਾਵਾਂ ਦਾ ਸਮੂਹ ‘ਜੀ-20’ (G20) ਵਿੱਚ ਦੱਖਣੀ ਅਮਰੀਕਾ ਦੇ ਦੋ ਦੇਸ਼ ਅਰਜਨਟੀਨਾ ਅਤੇ ਬ੍ਰਾਜ਼ੀਲ ਸ਼ਾਮਲ ਹਨ। ਇੱਕ ਹਜ਼ਾਰ ਕਿਲੋਮੀਟਰ ਚੌੜਾ ਡਰੇਕ ਜਲ ਮਾਰਗ (Drake Passage) ਦੱਖਣੀ ਅਮਰੀਕਾ ਨੂੰ ਅੰਟਾਰਕਟਿਕਾ ਤੋਂ ਵੱਖ ਕਰਦਾ ਹੈ। ਸਮੁੱਚੇ ਦੱਖਣੀ ਅਮਰੀਕਾ, ਮੈਕਸਿਕੋ ਅਤੇ ਕੇਂਦਰੀ ਅਮਰੀਕਾ ਨੂੰ ਮਿਲਾ ਕੇ ਬਣੇ ਖਿੱਤੇ ਨੂੰ ਲਾਤੀਨੀ ਅਮਰੀਕਾ ਕਿਹਾ ਜਾਂਦਾ ਹੈ। ਇਸ ਇਲਾਕੇ ਦੇ ਲੋਕਾਂ ਵੱਲੋਂ ਬੋਲੀਆਂ ਜਾਂਦੀਆਂ ਭਾਸ਼ਾਵਾਂ ਨੂੰ ਰੋਮਾਂਟਿਕ ਭਾਸ਼ਾਵਾਂ (Romance Languages) ਆਖਦੇ ਹਨ ਜੋ ਕਿ ਸਪੈਨਿਸ਼, ਪੁਰਤਗਾਲੀ, ਫਰੈਂਚ ਅਤੇ ਇਟਾਲਿਅਨ ਭਾਸ਼ਾਵਾਂ ਦਾ ਮਿਸ਼ਰਣ ਹੈ। ਯੂਰੋਪ, ਏਸ਼ੀਆ ਅਤੇ ਅਫਰੀਕਾ ਮਹਾਂਦੀਪਾਂ ਦੀ ਤੁਲਨਾ ਵਿੱਚ ਦੱਖਣੀ ਅਮਰੀਕਾ ਕਾਫ਼ੀ ਹੱਦ ਤੱਕ ਸ਼ਾਂਤ ਇਲਾਕਾ ਹੈ। ਆਬਾਦੀ ਪੱਖੋਂ ਦੱਖਣੀ ਅਮਰੀਕਾ ਸੱਤ ਮਹਾਂਦੀਪਾਂ ਵਿੱਚੋਂ ਪੰਜਵੇਂ ਨੰਬਰ ’ਤੇ ਆਉਂਦਾ ਹੈ। ਇਸ ਇਲਾਕੇ ਵਿੱਚ ਪੱਛਮੀ ਦੇਸ਼ਾਂ ਦਾ ਬਸਤੀਵਾਦੀ ਰਾਜ ਲੰਮਾ ਸਮਾਂ ਰਹਿਣ ਕਰਕੇ ਪੱਛਮੀ ਸੱਭਿਆਚਾਰ ਦਾ ਕਾਫ਼ੀ ਪ੍ਰਭਾਵ ਹੈ। ਮਹਾਂਦੀਪ ਨੇੜੇ ਲੱਗਦੇ ਅਨੇਕਾਂ ਟਾਪੂ ਜਿਵੇਂ ਅਰੂਬਾ, ਬੋਨੇਰ, ਨੂਵਾ ਅਸਪਾਰਟਾ ਅਤੇ ਟ੍ਰਿਨੀਡਾਡ ਅਤੇ ਟੋਬੈਗੋ ਆਦਿ ਭੂਗੋਲਿਕ ਪੱਖੋਂ ਦੱਖਣੀ ਅਮਰੀਕਾ ਦੇ ਕੋਲ ਹਨ, ਇਸ ਲਈ ਕਈ ਵਾਰ ਇਨ੍ਹਾਂ ਨੂੰ ਮਹਾਂਦੀਪ ਦਾ ਹਿੱਸਾ ਹੀ ਮੰਨਿਆ ਜਾਂਦਾ ਹੈ।

ਸੰਪਰਕ: 62842-20595

 

Advertisement
Show comments