ਵਾਤਾਵਰਨ ਤੇ ਕਿਰਤੀਆਂ ਲਈ ਕੰਮ ਕਰਨ ਵਾਲਾ ਸ਼ੰਕਰ ਗੁਹਾ ਨਿਯੋਗੀ
ਆਜ਼ਾਦ ਭਾਰਤ ਦਾ ਇਤਿਹਾਸ ਉੱਘੇ ਨੇਤਾਵਾਂ ਦੀਆਂ ਹਿੰਸਕ ਮੌਤਾਂ ਨਾਲ ਭਰਿਆ ਹੋਇਆ ਹੈ। ਕਤਲ ਹੋਣ ਵੇਲੇ ਇੰਦਰਾ ਗਾਂਧੀ ਆਪਣੀ ਉਮਰ ਦੇ ਸੱਠਵਿਆਂ ਦੇ ਅਖੀਰ ਵਿੱਚ ਸੀ, ਰਾਜੀਵ ਗਾਂਧੀ ਆਪਣੇ ਚਾਲੀਵਿਆਂ ਦੇ ਅੱਧ ਵਿੱਚ ਅਤੇ ਪ੍ਰਮੋਦ ਮਹਾਜਨ ਆਪਣੀ ਉਮਰ ਦੇ ਪੰਜਾਹਵਿਆਂ...
ਆਜ਼ਾਦ ਭਾਰਤ ਦਾ ਇਤਿਹਾਸ ਉੱਘੇ ਨੇਤਾਵਾਂ ਦੀਆਂ ਹਿੰਸਕ ਮੌਤਾਂ ਨਾਲ ਭਰਿਆ ਹੋਇਆ ਹੈ। ਕਤਲ ਹੋਣ ਵੇਲੇ ਇੰਦਰਾ ਗਾਂਧੀ ਆਪਣੀ ਉਮਰ ਦੇ ਸੱਠਵਿਆਂ ਦੇ ਅਖੀਰ ਵਿੱਚ ਸੀ, ਰਾਜੀਵ ਗਾਂਧੀ ਆਪਣੇ ਚਾਲੀਵਿਆਂ ਦੇ ਅੱਧ ਵਿੱਚ ਅਤੇ ਪ੍ਰਮੋਦ ਮਹਾਜਨ ਆਪਣੀ ਉਮਰ ਦੇ ਪੰਜਾਹਵਿਆਂ ਵਿੱਚ। ਇਨ੍ਹਾਂ ਤੋਂ ਇਲਾਵਾ ਸੰਜੇ ਗਾਂਧੀ, ਰਾਜੇਸ਼ ਪਾਇਲਟ, ਮਾਧਵਰਾਓ ਸਿੰਧੀਆ, ਵਾਈ. ਐੱਸ. ਰਾਜਸ਼ੇਖਰ ਰੈੱਡੀ ਜਿਹੇ ਆਗੂ ਵੀ ਸਨ, ਜਿਨ੍ਹਾਂ ਦੀ ਜੀਵਨ ਡੋਰ ਹਵਾਈ ਜਹਾਜ਼ ਜਾਂ ਸੜਕ ਹਾਦਸਿਆਂ ਕਾਰਨ ਟੁੱਟ ਗਈ ਸੀ। ਜੇ ਇਹ ਸਾਰੇ ਆਗੂ ਹੋਰ ਵੀਹ-ਵੀਹ ਸਾਲ ਵੀ ਜਿਊਂਦੇ ਤਾਂ ਉਨ੍ਹਾਂ ਦਾ ਪੇਸ਼ੇਵਰ ਜੀਵਨ ਕਿਹੋ ਜਿਹਾ ਹੋਣਾ ਸੀ?
ਮੇਰੀ ਰਾਏ ਮੁਤਾਬਿਕ ਪ੍ਰਸਿੱਧ ਚਿੰਤਕ ਅਤੇ ਟਰੇਡ ਯੂਨੀਅਨ ਆਗੂ ਸ਼ੰਕਰ ਗੁਹਾ ਨਿਯੋਗੀ ਦੀ ਅਚਨਚੇਤੀ ਮੌਤ ਨੇ ਭਾਰਤ ਨੂੰ ਸ਼ਾਇਦ ਉੱਪਰਲੇ ਪੈਰੇ ਵਿੱਚ ਦਰਸਾਏ ਸਿਆਸਤਦਾਨਾਂ ਦੀਆਂ ਮੌਤਾਂ ਨਾਲੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਇਆ ਹੋਵੇਗਾ। ਉਨ੍ਹਾਂ ਦੇ ਕਤਲ ਨੇ ਭਾਰਤ ਵਿੱਚ ਸਿਵਿਲ ਸੁਸਾਇਟੀ ਅੰਦੋਲਨ ਨੂੰ ਇੱਕ ਵੱਡਾ ਝਟਕਾ ਦਿੱਤਾ, ਜਿਸ ਤੋਂ ਸ਼ਾਇਦ ਹਾਲੇ ਵੀ ਪੂਰੀ ਤਰ੍ਹਾਂ ਉੱਭਰਿਆ ਨਹੀਂ ਜਾ ਸਕਿਆ। ਗੁਹਾ ਨਿਯੋਗੀ ਦੀ ਹੱਤਿਆ ਉਨ੍ਹਾਂ ਦੀ ਉਮਰ ਦੇ ਚਾਲੀਵਿਆਂ ਵਿੱਚ ਸਾਲ 1991 ’ਚ ਪੂੰਜੀਪਤੀਆਂ ਦੇ ਭਾੜੇ ਦੇ ਗੁੰਡਿਆਂ ਨੇ ਕੀਤੀ ਸੀ। ਗੁਹਾ ਨਿਯੋਗੀ ਨੇ ਮਜ਼ਦੂਰਾਂ ਨੂੰ ਸਵੈ-ਮਾਣ ਅਤੇ ਭਰੋਸਾ ਦਿੱਤਾ ਸੀ ਕਿ ਉਹ ਦੇਸ਼ ਦੇ ਬਰਾਬਰ ਅਧਿਕਾਰਾਂ ਵਾਲੇ ਨਾਗਰਿਕ ਹਨ। ਇਸੇ ਕਾਰਨ ਪੂੰਜੀਪਤੀ ਉਨ੍ਹਾਂ ਨੂੰ ਨਫ਼ਰਤ ਕਰਦੇ ਸਨ।
ਮੈਂ ਪਹਿਲਾਂ ਵੀ ਗੁਹਾ ਨਿਯੋਗੀ ਬਾਰੇ ਲਿਖਦਾ ਰਿਹਾ ਹਾਂ। ਹੁਣ ਮੈਂ ਉਨ੍ਹਾਂ ਬਾਰੇ ਦੁਬਾਰਾ ਵਧੇਰੇ ਵਿਸ਼ਲੇਸ਼ਣਾਤਮਕ ਤਰੀਕੇ ਨਾਲ ਲਿਖ ਰਿਹਾ ਹਾਂ। ਅਜਿਹਾ ਇਸ ਲਈ ਹੈ ਕਿਉਂਕਿ ਸਮਾਜ ਸ਼ਾਸਤਰੀ ਰਾਧਿਕਾ ਕ੍ਰਿਸ਼ਨਨ ਨੇ ਹੁਣੇ ਹੀ ਇੱਕ ਸ਼ਾਨਦਾਰ ਕਿਤਾਬ ਲਿਖੀ ਹੈ ਕਿ ਉਸ ਸਮੇਂ ਗੁਹਾ ਨਿਯੋਗੀ ਦੇ ਜੀਵਨ ਅਤੇ ਕਾਰਜ ਦੀ ਕੀ ਅਹਿਮੀਅਤ ਸੀ ਅਤੇ ਅੱਜ ਕੀ ਅਹਿਮੀਅਤ ਹੋ ਸਕਦੀ ਹੈ? ‘ਸ਼ੰਕਰ ਗੁਹਾ ਨਿਯੋਗੀ: ਏ ਪਾਲਿਟਿਕਸ ਇਨ ਰੈੱਡ ਐਂਡ ਗ੍ਰੀਨ’ ਸਿਰਲੇਖ ਵਾਲੀ ਇਹ ਪੁਸਤਕ ਨਿੱਜੀ ਮੁਲਾਕਾਤਾਂ ਦੇ ਨਾਲ-ਨਾਲ ਹਿੰਦੀ ਭਾਸ਼ਾ ਦੇ ਦੁਰਲੱਭ ਸਰੋਤਾਂ ’ਤੇ ਆਧਾਰਿਤ ਹੈ।
1943 ਵਿੱਚ ਇੱਕ ਬੰਗਾਲੀ ਪਰਿਵਾਰ ਵਿੱਚ ਜਨਮੇ ਗੁਹਾ ਨਿਯੋਗੀ ਉੱਨੀ ਸਾਲ ਦੀ ਉਮਰ ਵਿੱਚ ਭਿਲਾਈ ਸਟੀਲ ਪਲਾਂਟ ਵਿੱਚ ਕੰਮ ਕਰਨ ਆਏ ਸਨ, ਜੋ ਕਿ ਭਾਰਤ ਦੇ ਆਧੁਨਿਕੀਕਰਨ ਦੇ ਰਾਹ ਤੁਰਨ ਦਾ ਵੱਡਾ ਪ੍ਰਤੀਕ ਸੀ। ਉਨ੍ਹਾਂ ਨੇ ਪੂਰੀ ਤਰ੍ਹਾਂ ਟਰੇਡ ਯੂਨੀਅਨ ਆਗੂੁ ਵਜੋਂ ਸਰਗਰਮ ਜੀਵਨ ਜਿਊਣ ਲਈ ਛੇਤੀ ਹੀ ਨੌਕਰੀ ਛੱਡ ਦਿੱਤੀ। ਉਨ੍ਹਾਂ ਨੇ ਇੱਕ ਆਦਿਵਾਸੀ ਔਰਤ ਨਾਲ ਵਿਆਹ ਕੀਤਾ ਅਤੇ ਖਾਣ ਮਜ਼ਦੂਰਾਂ ਨੂੰ ਸੰਗਠਿਤ ਕਰਨਾ ਸ਼ੁਰੂ ਕਰ ਦਿੱਤਾ। ਉਹ ਵਾਤਾਵਰਣਕ ਨਿਆਂ ਦੇ ਮੁੱਦਿਆਂ ਵਿੱਚ ਵੀ ਦਿਲਚਸਪੀ ਲੈਣ ਲੱਗੇ ਅਤੇ ਰਾਜ ਦੀਆਂ ਜਲ ਤੇ ਜੰਗਲ ਸਬੰਧੀ ਨੀਤੀਆਂ ਨੂੰ ਮਹਿਜ਼ ਸੌੜੇ ਵਪਾਰਕ ਅਤੇ ਉਦਯੋਗਿਕ ਹਿੱਤਾਂ ਦੀ ਬਜਾਏ ਸਥਾਨਕ ਕਿਸਾਨ ਅਤੇ ਆਦਿਵਾਸੀ ਭਾਈਚਾਰਿਆਂ ਦੀਆਂ ਲੋੜਾਂ ਦੀ ਪੂਰਤੀ ਦੇ ਅਨੁਸਾਰ ਬਣਵਾਉਣ ਲਈ ਕੰਮ ਕਰਦੇ ਰਹੇ।
ਸਾਲ 1977 ਵਿੱਚ ਗੁਹਾ ਨਿਯੋਗੀ ਨੇ ‘ਛੱਤੀਸਗੜ੍ਹ ਮਾਈਨਜ਼ ਸ਼੍ਰਮਿਕ ਸੰਘ’ (ਸੀ ਐੱਮ ਐੱਸ ਐੱਸ) ਦੀ ਸਥਾਪਨਾ ਵਿੱਚ ਮਦਦ ਕੀਤੀ। ਇਸ ਸੰਗਠਨ ਦਾ ਨਾਂ ਇਸ ਦੇ ਖਾਣ ਮਜ਼ਦੂਰਾਂ ਦੇ ਅਧਿਕਾਰਾਂ ਨੂੰ ਪ੍ਰਣਾਇਆ ਹੋਣ ਨੂੰ ਦਰਸਾਉਂਦਾ ਸੀ। ਦੋ ਸਾਲ ਬਾਅਦ ਉਨ੍ਹਾਂ ਨੇ ਇੱਕ ਵੱਡੇ ਸੰਗਠਨ ‘ਛੱਤੀਸਗੜ੍ਹ ਮੁਕਤੀ ਮੋਰਚਾ’ (ਸੀ ਐੱਮ ਐੱਮ) ਦੇ ਗਠਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ। ਟਰੇਡ ਯੂਨੀਅਨ ਅਤੇ ਸੀ ਐੱਮ ਐੱਸ ਐੱਸ ਤੋਂ ਇਲਾਵਾ ਸੀ ਐੱਮ ਐੱਮ ਦਾ ਇੱਕ ਮਹਿਲਾ ਵਿੰਗ, ਨੌਜਵਾਨ ਵਿੰਗ ਅਤੇ ਸੱਭਿਆਚਾਰਕ ਵਿੰਗ ਵੀ ਸੀ। ਇਸ ਨੇ ਖਾਣ ਮਜ਼ਦੂਰਾਂ ਤੋਂ ਪ੍ਰਾਪਤ ਹੁੰਦੇ ਫੰਡਾਂ ਨਾਲ ਇੱਕ ਹਸਪਤਾਲ ਵੀ ਚਲਾਇਆ। ਉਦੋਂ ਤੋਂ ਲੈ ਕੇ ਗੁਹਾ ਨਿਯੋਗੀ ਦੇ ਕਤਲ ਤੱਕ ਸੀ ਐੱਮ ਐੱਮ ਅਤੇ ਸੀ ਐੱਮ ਐੱਸ ਐੱਸ ਨੇ ਮਜ਼ਦੂਰਾਂ ਦੇ ਅਧਿਕਾਰਾਂ, ਸਮਾਜ ਸੁਧਾਰ ਅਤੇ ਵਾਤਾਵਰਣ ਸਥਿਰਤਾ ਲਈ ਅਣਥੱਕ ਮਿਹਨਤ ਕੀਤੀ। ਭਾਰਤ ਦੇ ਬਹੁਤ ਸਾਰੇ ਮੱਧਵਰਗੀ ਆਦਰਸ਼ਵਾਦੀ ਨੌਜਵਾਨਾਂ ਨੇ ਨਿਯੋਗੀ ਦੇ ਸੰਗਠਨਾਂ ਵਿੱਚ ਸ਼ਾਮਿਲ ਹੋਣ ਲਈ ਆਰਾਮਦਾਇਕ ਪੇਸ਼ੇਵਰ ਜੀਵਨ ਨੂੰ ਤਿਆਗ ਦਿੱਤਾ। ਇਨ੍ਹਾਂ ਵਿੱਚ ਵੈਲੋਰ ਦੇ ਕ੍ਰਿਸ਼ਚੀਅਨ ਮੈਡੀਕਲ ਕਾਲਜ ਦੇ ਗ੍ਰੈਜੂਏਟ ਬਿਨਾਇਕ ਸੇਨ ਅਤੇ ਓਨੇ ਹੀ ਵੱਕਾਰੀ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਕਾਨਪੁਰ ਦੀ ਗ੍ਰੈਜੂਏਟ ਸੁਧਾ ਭਾਰਦਵਾਜ ਵਰਗੀਆਂ ਪ੍ਰਮੁੱਖ ਹਸਤੀਆਂ ਸ਼ਾਮਿਲ ਸਨ।
ਅਹਿਮ ਗੱਲ ਇਹ ਹੈ ਕਿ ਗੁਹਾ ਨਿਯੋਗੀ ਅਤੇ ਸੀ ਐੱਮ ਐੱਮ ਨੇ ਹੋਰ ਟਰੇਡ ਯੂਨੀਅਨਾਂ ਦੀ ਰਵਾਇਤੀ ਸੋਚ ਤੋਂ ਵੀ ਪਾਰ ਜਾ ਕੇ ਕੰਮ ਕੀਤਾ, ਜੋ ਵਾਜਬ ਤਨਖ਼ਾਹਾਂ, ਕੰਮ ਕਰਨ ਦੇ ਵਧੀਆ ਹਾਲਾਤ, ਢੁਕਵੀਂ ਛੁੱਟੀ ਅਤੇ ਪ੍ਰੋਵੀਡੈਂਟ ਫੰਡ ਸਹੂਲਤਾਂ ਦੀ ਵਿਵਸਥਾ ’ਤੇ ਕੇਂਦ੍ਰਿਤ ਸਨ। ਗੁਹਾ ਨਿਯੋਗੀ ਅਤੇ ਸੀ ਐੱਮ ਐੱਮ ਨੇ ਇਹ ਵੀ ਯਕੀਨੀ ਬਣਾਇਆ ਕਿ ਇਹ ਸਾਰੀਆਂ ਸਹੂਲਤਾਂ ਸਹੀ ਢੰਗ ਨਾਲ ਜਾਰੀ ਰਹਿਣ। ਉਨ੍ਹਾਂ ਦੀ ਇੱਕ ਪ੍ਰਮੁੱਖ ਚਿੰਤਾ ਕਿੱਤਾਮੁਖੀ ਸਿਹਤ ਅਤੇ ਸੁਰੱਖਿਆ ਸੀ। ਇਸ ਸੰਗਠਨ ਨੇ ਕੰਮ ਵਾਲੀ ਥਾਂ ’ਤੇ ਪ੍ਰਦੂਸ਼ਣ ਅਤੇ ਸੁਰੱਖਿਆ ਉਪਾਵਾਂ ਲਈ ਇੱਕ ਪ੍ਰਯੋਗਸ਼ਾਲਾ ਸਥਾਪਤ ਕਰਨ ਵਾਸਤੇ ਸਮਾਜਿਕ ਤੌਰ ’ਤੇ ਚੇਤੰਨ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਮਦਦ ਲਈ।
ਗੁਹਾ ਨਿਯੋਗੀ ਇੱਕ ਬਹੁਤ ਹੀ ਮੌਲਿਕ ਚਿੰਤਕ ਸਨ, ਪਰ ਉਨ੍ਹਾਂ ਦੇ ਹਾਲਾਤ ਅਜਿਹੇ ਸਨ ਕਿ ਉਨ੍ਹਾਂ ਨੂੰ ਲਿਖਣ ਲਈ ਬਹੁਤਾ ਸਮਾਂ ਨਹੀਂ ਸੀ ਮਿਲਦਾ। ਉਨ੍ਹਾਂ ਦੇ ਇੱਕ ਲੰਮੇ ਲੇਖ ਦਾ ਸਿਰਲੇਖ ‘ਹਮਾਰਾ ਪਰਿਆਵਰਣ’ ਸੀ। ਇੱਥੇ ਉਸ ਦਾ ਇੱਕ ਅੰਸ਼ ਪਾਠਕਾਂ ਲਈ ਪੇਸ਼ ਹੈ: ‘‘ਸਾਨੂੰ ਉਹ ਹਵਾ ਅਤੇ ਸਾਫ਼ ਪਾਣੀ ਪਲੀਤ ਕਰਨ ਦਾ ਕੋਈ ਹੱਕ ਨਹੀਂ ਜਿਸ ਹਵਾ ਵਿੱਚ ਸਾਡੇ ਪੁਰਖਿਆਂ ਨੇ ਸਾਹ ਲਿਆ ਅਤੇ ਜੋ ਸਾਫ਼ ਪਾਣੀ ਪੀ ਕੇ ਉਨ੍ਹਾਂ ਆਪਣੀ ਪਿਆਸ ਬੁਝਾਈ। ਇਨ੍ਹਾਂ ਨਦੀਆਂ, ਹਵਾਵਾਂ, ਪਹਾੜਾਂ, ਜੰਗਲਾਂ ਅਤੇ ਚਹਿਕਦੇ ਪੰਛੀਆਂ ਵਾਲੀ ਇਹੋ ਸਾਡੀ ਧਰਤੀ ਹੈ। ਅਸੀਂ ਆਪਣੀ ਦੁਨੀਆ ਨੂੰ ਅੱਗੇ ਲਿਜਾਣ ਲਈ ਵਿਗਿਆਨ ਦੀ ਵਰਤੋਂ ਤਾਂ ਕਰਾਂਗੇ, ਪਰ ਅਸੀਂ ਇਹ ਵੀ ਯਕੀਨੀ ਬਣਾਵਾਂਗੇ ਕਿ ਨਦੀਆਂ ਸਵੱਛ ਰਹਿਣ ਤੇ ਕਲ ਕਲ ਵਗਦੀਆਂ ਰਹਿਣ ਅਤੇ ਹਵਾ ਸ਼ੁੱਧ ਤੇ ਸਵੱਛ ਰਹੇ। ਸਾਨੂੰ ਉਨ੍ਹਾਂ ਪੰਛੀਆਂ ਦੀ ਚਹਿਚਹਾਟ ਸਦਾ ਸੁਣਦੀ ਰਹੇ, ਜਿਨ੍ਹਾਂ ਨੇ ਸਾਡੇ ਪੁਰਖਿਆਂ ਨੂੰ ਕੁਦਰਤ ਨਾਲ ਜੋੜੀ ਰੱਖਿਆ।’’
ਕ੍ਰਿਸ਼ਨਨ ਆਪਣੀ ਕਿਤਾਬ ਵਿੱਚ ਦੱਸਦੀ ਹੈ ਕਿ ਸੀ ਐੱਮ ਐੱਮ ਦਾ ਨੀਤੀ ਦਸਤਾਵੇਜ਼ ਇਸ ਗੱਲ ’ਤੇ ਕੇਂਦਰਿਤ ਹੈ ਕਿ ਮੁਨਾਫ਼ਾ ਆਧਾਰਿਤ ਵੱਡੇ ਉਦਯੋਗਾਂ ਵੱਲੋਂ ਕੁਦਰਤੀ ਸਰੋਤਾਂ ਦੇ ਹੱਦੋਂ ਵੱਧ ਸੋਸ਼ਣ ਕਾਰਨ ਪਾਣੀ ਤੇ ਹਵਾ ਪ੍ਰਦੂਸ਼ਿਤ ਹੋਣ ਤੇ ਮਿੱਟੀ ਦੀ ਉਪਜਾਊ ਸ਼ਕਤੀ ਘਟਣ ਦੇ ਸਿੱਟੇ ਵਜੋਂ ਮਨੁੱਖੀ ਜੀਵਨ ਤੇ ਰੋਜ਼ੀ-ਰੋਟੀ ਨੂੰ ਕਿਵੇਂ ਨੁਕਸਾਨ ਪੁੱਜਦਾ ਹੈ। ਜਨਤਕ ਅਤੇ ਨਿੱਜੀ ਖੇਤਰ ਦੀਆਂ ਫੈਕਟਰੀਆਂ ਵੱਲੋਂ ਵਾਤਾਵਰਣ ਦੇ ਨੁਕਸਾਨ ਨੂੰ ਬਹੁਤੀ ਗੰਭੀਰਤਾ ਨਾਲ ਨਾ ਲੈਣ ਦੇ ਸਿੱਟੇ ਕਿਸਾਨਾਂ, ਮਜ਼ਦੂਰਾਂ, ਔਰਤਾਂ ਅਤੇ ਬੱਚਿਆਂ ਨੂੰ ਭੁਗਤਣੇ ਪੈਂਦੇ ਹਨ।
ਗੁਹਾ ਨਿਯੋਗੀ ਭਾਰਤੀ ਹਾਲਾਤ ਦੇ ਅਨੁਕੂਲ ਉਤਪਾਦਨ ਤਕਨਾਲੋਜੀਆਂ ਵਿੱਚ ਡੂੰਘੀ ਦਿਲਚਸਪੀ ਰੱਖਦੇ ਸਨ। ਉਨ੍ਹਾਂ ਨੇ ਮੰਨਿਆ ਕਿ ਯੂਰੋਪ ਅਤੇ ਉੱਤਰੀ ਅਮਰੀਕਾ ਤੋਂ ਵੱਡੀਆਂ ਮਸ਼ੀਨਾਂ ਦੀ ਅੰਨ੍ਹੇਵਾਹ ਦਰਾਮਦ ਸਮਾਜ ਨੂੰ ਵਰਗ ਅਤੇ ਲਿੰਗ ਦੇ ਆਧਾਰ ’ਤੇ ਹੋਰ ਵੰਡ ਦੇਵੇਗੀ। ਜਿਵੇਂ ਕ੍ਰਿਸ਼ਨਨ ਦੱਸਦੀ ਹੈ, ‘‘ਸੀ ਐੱਮ ਐੱਮ ਨੇ ਆਪਣੇ ਤਜਰਬਿਆਂ ਦੇ ਆਧਾਰ ’ਤੇ ਇਹ ਵੀ ਮਹਿਸੂਸ ਕੀਤਾ ਕਿ ਮਸ਼ੀਨੀਕਰਨ ਦਾ ਔਰਤਾਂ ’ਤੇ ਸਭ ਤੋਂ ਵੱਧ ਮਾੜਾ ਪ੍ਰਭਾਵ ਪਿਆ ਹੈ। ... ਦੱਲੀ ਦੀਆਂ ਖਾਣਾਂ ਜਿੱਥੇ ਸਿਰਫ਼ ਹੱਥੀਂ ਕੰਮ ਹੋ ਸਕਦਾ ਹੈ, ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਵਿੱਚ ਘੱਟੋ-ਘੱਟ ਅੱਧੀਆਂ ਔਰਤਾਂ ਸਨ, ਦੂਜੇ ਪਾਸੇ ਔਰਤਾਂ ਨੂੰ ਉਨ੍ਹਾਂ ਖਾਣਾਂ ਵਿੱਚ ਕੰਮ ਕਰਨ ਲਈ ‘ਕੁਸ਼ਲ’ ਨਹੀਂ ਸੀ ਸਮਝਿਆ ਜਾਂਦਾ, ਜਿੱਥੇ ਮਸ਼ੀਨਾਂ ਨਾਲ ਕੰਮ ਹੁੰਦਾ ਸੀ। ... ਸੀ ਐੱਮ ਐੱਮ ਨੇ ਇਸ ਤਰ੍ਹਾਂ ਔਰਤਾਂ ਦੇ ਰੁਜ਼ਗਾਰ ਅਤੇ ਆਰਥਿਕ ਆਜ਼ਾਦੀ ਖੁੱਸਣ ਨੂੰ ਉਨ੍ਹਾਂ ਦੇ ਸਨਮਾਨ ’ਤੇ ਇੱਕ ਯੋਜਨਾਬੱਧ ਹਮਲਾ ਮੰਨਿਆ।’’ ਗੁਹਾ ਨਿਯੋਗੀ ਅਤੇ ਉਨ੍ਹਾਂ ਦਾ ਸੰਗਠਨ ‘ਉਤਪਾਦਨ ਦੇ ਇੱਕ ਬਦਲਵੇਂ ਮਾਡਲ’ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰ ਰਹੇ ਸਨ, ਜੋ ਖੁਸ਼ਹਾਲ ਅਰਥਵਿਵਸਥਾ ਨੂੰ ਕਾਇਮ ਰੱਖਣ ਲਈ ਰੁਜ਼ਗਾਰ ਸੁਰੱਖਿਆ, ਕਿਰਤ ਸ਼ਕਤੀ ਦੀ ਵਰਤੋਂ ਅਤੇ ਕਾਮਿਆਂ ਦੀ ਖਰੀਦ ਸ਼ਕਤੀ ਨੂੰ ਵਧਾਉਣ ’ਤੇ ਜ਼ੋਰ ਦਿੰਦਾ ਸੀ।
ਕ੍ਰਿਸ਼ਨਨ ਨੇ ਗੁਹਾ ਨਿਯੋਗੀ ਦੇ ਹਵਾਲੇ ਨਾਲ ਇਹ ਵੀ ਕਿਹਾ: ‘‘ਚਿਪਕੋ ਅੰਦੋਲਨ ਸਾਨੂੰ ਪ੍ਰੇਰਿਤ ਕਰਦਾ ਹੈ ਅਤੇ ਅਸੀਂ ਇਸ ਨੂੰ ਇੱਕ ਇਨਕਲਾਬੀ ਅੰਦੋਲਨ ਮੰਨਦੇ ਹਾਂ।’’ ਇਹ ਕਿਤਾਬ ਪੜ੍ਹਦੇ ਸਮੇਂ ਮੈਂ ਗੁਹਾ ਨਿਯੋਗੀ ਅਤੇ ਮਹਾਨ ਚਿਪਕੋ ਨੇਤਾ ਚੰਡੀ ਪ੍ਰਸਾਦ ਭੱਟ ਵਿਚਕਾਰ ਸਮਾਨਤਾਵਾਂ ਤੋਂ ਹੈਰਾਨ ਰਹਿ ਗਿਆ। ਗੁਹਾ ਨਿਯੋਗੀ ਵਾਤਾਵਰਣ-ਪੱਖੀ ਮਾਰਕਸਵਾਦੀ ਸਨ ਅਤੇ ਭੱਟ ਖੱਬੇ-ਪੱਖੀ ਗਾਂਧੀਵਾਦੀ ਸਨ। ਦੋਵਾਂ ਨੇ ਵਾਤਾਵਰਣ ਅਤੇ ਬਰਾਬਰੀ ਦੇ ਸੁਮੇਲ ਨੂੰ ਆਪਣੀ ਜ਼ਿੰਦਗੀ ਦਾ ਮਿਸ਼ਨ ਬਣਾਇਆ। ਦੋਵੇਂ ਜ਼ਮੀਨ ਨਾਲ ਜੁੜੇ ਹੋਏ ਬੁੱਧੀਜੀਵੀ ਸਨ, ਜੋ ਮਜ਼ਦੂਰਾਂ ਅਤੇ ਕਿਸਾਨਾਂ ਨਾਲ ਵਿਚਰਦੇ ਸਨ; ਇਸ ਦੇ ਨਾਲ ਹੀ ਉਹ ਆਪਣੇ ਦੇਸ਼ ਅਤੇ ਦੁਨੀਆ ਲਈ ਇੱਕ ਵਿਸ਼ਾਲ ਦ੍ਰਿਸ਼ਟੀਕੋਣ ਵੀ ਸੁਝਾਉਂਦੇ ਸਨ।
ਕ੍ਰਿਸ਼ਨਨ ਨੇ ਮੂਲ ਰੂਪ ਵਿੱਚ ਛੱਤੀਸਗੜ੍ਹੀ ਭਾਸ਼ਾ ’ਚ ਸਿਰਜਿਆ ਸੀ ਐੱਮ ਐੱਮ ਦਾ ਇੱਕ ਗੀਤ ਵੀ ਆਪਣੀ ਪੁਸਤਕ ਵਿੱਚ ਦਰਜ ਕੀਤਾ ਹੈ:
ਜਿੱਥੇ ਹਰ ਪਿਆਸੇ ਨੂੰ ਪਾਣੀ ਮਿਲੇ,
ਜਿੱਥੇ ਹਰ ਖੇਤ ਸਿੰਜਿਆ ਹਰਾ ਹੋਵੇ,
ਜਿੱਥੇ ਹਰ ਹੱਥ ਨੂੰ ਕੰਮ ਮਿਲੇ,
ਜਿੱਥੇ ਕਿਸਾਨ ਨੂੰ ਪੂਰਾ ਮੁੱਲ ਮਿਲੇ,
ਜਿੱਥੇ ਹਰ ਪਿੰਡ ਹਸਪਤਾਲ ਹੋਵੇ,
ਜਿੱਥੇ ਹਰ ਬੱਚੇ ਨੂੰ ਵਿਦਿਆ ਮਿਲੇ,
ਜਿੱਥੇ ਸਭ ਦੀ ਆਪਣੀ ਧਰਤ ਹੋਵੇ
ਜਿੱਥੇ ਹਰ ਸਿਰ ਉੱਤੇ ਛੱਤ ਹੋਵੇ,
ਜਿੱਥੇ ਗ਼ਰੀਬੀ ਤੇ ਨਾ ਜ਼ੁਲਮ ਹੋਵੇ
ਜਿੱਥੇ ਪੂੰਜੀਵਾਦ ਦਾ ਨਾਂ-ਨਿਸ਼ਾਨ ਨਾ ਹੋਵੇ,
ਉਹ ਸੁਫਨਿਆਂ ਦਾ ਛੱਤੀਸਗੜ੍ਹ ਕਿਵੇਂ ਬਣੇ?
ਜਿੱਥੇ ਕਿਸਾਨਾਂ ਮਜ਼ਦੂਰਾਂ ਦਾ ਰਾਜ ਹੋਵੇ!
ਗੁਹਾ ਨਿਯੋਗੀ ਦੇ ਕਤਲ ਨੂੰ ਤਿੰਨ ਦਹਾਕਿਆਂ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਫਿਰ ਵੀ ਉਸ ਦਾ ਜੀਵਨ ਅਤੇ ਕਾਰਜ ਅਜੋਕੇ ਭਾਰਤ ਲਈ ਘੱਟੋ-ਘੱਟ ਪੰਜ ਮੁੱਖ ਤਰੀਕਿਆਂ ਨਾਲ ਬਹੁਤ ਕੁਝ ਦੱਸਦੇ ਹਨ:
ਪਹਿਲਾ, ਇਹ ਅਸੰਗਠਿਤ ਕਾਮਿਆਂ ਦੀ ਦੁਰਦਸ਼ਾ ਨੂੰ ਉਜਾਗਰ ਕਰਦਾ ਹੈ (ਜੋ ਹੁਣ ਖ਼ਾਸ ਤੌਰ ’ਤੇ ਉਸਾਰੀ ਖੇਤਰ ਅਤੇ ਗਿੱਗ ਅਰਥਵਿਵਸਥਾ ਵਿੱਚ ਪ੍ਰਤੱਖ ਹੈ)।
ਦੂਜਾ, ਇਹ ਜਮਹੂਰੀਅਤ ਨੂੰ ਕਾਇਮ ਰੱਖਣ ਵਿੱਚ ਸੁਤੰਤਰ ਨਾਗਰਿਕ ਸਮਾਜ ਸੰਗਠਨਾਂ ਦੀ ਅਹਿਮ ਭੂਮਿਕਾ ਨੂੰ ਉਜਾਗਰ ਕਰਦਾ ਹੈ। ਅੱਜ ਭਾਰਤ ਵਿੱਚ ਅਜਿਹੇ ਸੰਗਠਨਾਂ ਦੀ ਜ਼ਰੂਰਤ ਬਹੁਤ ਜ਼ਿਆਦਾ ਹੈ, ਜਦੋਂ ਸੱਤਾਧਾਰੀ ਉਸ ਨਾਗਰਿਕ ਸਮਾਜ ਨੂੰ ਡਰਾਉਂਦੇ ਅਤੇ ਸਤਾਉਂਦੇ ਹਨ ਜੋ ਇਸਦੀ ਫ਼ਿਰਕੂ ਵਿਚਾਰਧਾਰਾ ਨਾਲ ਅਸਹਿਮਤ ਹੋਵੇ।
ਤੀਜਾ, ਇਹ ਵਿਕਾਸ ਪ੍ਰਕਿਰਿਆ ਵਿੱਚ ਵਾਤਾਵਰਣ ਸਥਿਰਤਾ ਨੂੰ ਜੋੜਨ ਦੀ ਅਹਿਮੀਅਤ ਨੂੰ ਦਰਸਾਉਂਦਾ ਹੈ। ਸਾਡੇ ਸ਼ਹਿਰਾਂ ਵਿੱਚ ਖ਼ਤਰਨਾਕ ਪੱਧਰ ਤੱਕ ਪੁੱਜਿਆ ਹਵਾ ਪ੍ਰਦੂਸ਼ਣ, ਜਲ ਭੰਡਾਰਾਂ ਦੀ ਕਮੀ ਅਤੇ ਸਾਡੀਆਂ ਨਦੀਆਂ ਦਾ ਪ੍ਰਦੂਸ਼ਣ, ਸੱਤਾਧਾਰੀ ਸਿਆਸਤਦਾਨਾਂ ਦੇ ਨਜ਼ਦੀਕੀ ਕਾਰਪੋਰੇਟਾਂ ਦੀਆਂ ਬੁਨਿਆਦੀ ਢਾਂਚਾ ਅਤੇ ਮਾਈਨਿੰਗ ਕੰਪਨੀਆਂ ਰਾਹੀਂ ਹਿਮਾਲਿਆ, ਪੱਛਮੀ ਘਾਟ ਅਤੇ ਅਰਾਵਲੀ ’ਤੇ ਬੇਰਹਿਮ ਹਮਲੇ ਦਰਸਾਉਂਦੇ ਹਨ ਕਿ ਸ਼ੰਕਰ ਗੁਹਾ ਨਿਯੋਗੀ (ਅਤੇ ਚੰਡੀ ਪ੍ਰਸਾਦ ਭੱਟ) ਦੀਆਂ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰਨਾ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਕਿੰਨਾ ਮਹਿੰਗਾ ਸਾਬਿਤ ਹੋ ਸਕਦਾ ਹੈ।
ਚੌਥਾ, ਗੁਹਾ ਨਿਯੋਗੀ ਦਾ ਕੰਮ ਛੱਤੀਸਗੜ੍ਹ, ਝਾਰਖੰਡ ਅਤੇ ਉੱਤਰਾਖੰਡ ਵਰਗੇ ਛੋਟੇ, ਕੁਦਰਤੀ ਸਰੋਤਾਂ ਪੱਖੋਂ ਅਮੀਰ ਸੂਬਿਆਂ ਲਈ ਵਧੇਰੇ ਅਰਥਪੂਰਨ, ਘੱਟ ਸ਼ੋਸ਼ਣਕਾਰੀ ਅਤੇ ਘੱਟ ਵਿਨਾਸ਼ਕਾਰੀ ਵਿਕਾਸ ਮਾਡਲ ਅਪਣਾਉਣ ਵੱਲ ਇਸ਼ਾਰਾ ਕਰਦਾ ਹੈ।
ਪੰਜਵਾਂ, ਇਹ ਸਾਨੂੰ ਚਿਤਾਵਨੀ ਦਿੰਦਾ ਹੈ ਕਿ ‘ਨਵੀਨਤਮ’ ਤਕਨਾਲੋਜੀ ਦੇ ਲੰਮੇ ਸਮੇਂ ਦੇ ਪ੍ਰਭਾਵਾਂ ਬਾਰੇ ਬਹੁਤ ਜ਼ਿਆਦਾ ਆਸ਼ਾਵਾਦੀ ਨਾ ਬਣੋ। ਆਟੋਮੇਸ਼ਨ ਅਤੇ ਏ ਆਈ ਲੱਖਾਂ ਭਾਰਤੀਆਂ ਨੂੰ ਬੇਰੁਜ਼ਗਾਰ ਕਰ ਸਕਦੇ ਹਨ, ਜਿਸ ਕਾਰਨ ਬੇਰੁਜ਼ਗਾਰ ਹੋਏ ਮਰਦ ਆਪਣੇ ਫ਼ੋਨਾਂ ’ਤੇ ਅਸ਼ਲੀਲ ਜਾਂ ਨਫ਼ਰਤ ਭਰੇ ਵੀਡੀਓ ਦੇਖਣ ਵੱਲ ਮੁੜ ਸਕਦੇ ਹਨ। ਗੁਹਾ ਨਿਯੋਗੀ ਸਿਲੀਕੌਨ ਵੈਲੀ ਜਾਂ ਬੰਗਲੂਰੂ ਦੇ ਹਾਮੀਆਂ ਨਾਲੋਂ ਕਿਤੇ ਬਿਹਤਰ ਸਮਝਦੇ ਸਨ ਕਿ ਨਵੀਂ ਤਕਨਾਲੋਜੀ ਨਿੱਜੀ ਫਰਮਾਂ ਲਈ ਉਤਪਾਦਕਤਾ ਅਤੇ ਮੁਨਾਫ਼ੇ ਨੂੰ ਤਾਂ ਵਧਾ ਸਕਦੀ ਹੈ, ਪਰ ਜਿੱਥੇ ਇਸ ਦੇ ਸਮਾਜ ਨੂੰ ਖ਼ਤਰਨਾਕ ਤੌਰ ’ਤੇ ਵੰਡਣ ਦਾ ਤੌਖ਼ਲਾ ਹੈ, ਉੱਥੇ ਇਸ ਦੇ ਕੁਦਰਤ ਨੂੰ ਵੀ ਬੇਹੱਦ ਨੁਕਸਾਨ ਪਹੁੰਚਾਉਣ ਦਾ ਖ਼ਤਰਾ ਹੈ। ਇਹ ਕਾਲਮ ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਇਸ ਨੂੰ ਪ੍ਰਕਾਸ਼ਿਤ ਕੀਤੇ ਜਾਣ ਦਾ ਸਮਾਂ ਕੋਈ ਸੰਜੋਗ ਨਹੀਂ। ਸਾਡੇ ਗਣਰਾਜ ਦੇ ਇਤਿਹਾਸ ਵਿੱਚ ਬਹੁਤ ਘੱਟ ਭਾਰਤੀਆਂ ਨੇ ਆਜ਼ਾਦੀ, ਬਰਾਬਰੀ ਅਤੇ ਖ਼ਾਸਕਰ ਭਾਈਚਾਰਕ ਕਦਰਾਂ ਕੀਮਤਾਂ ਨੂੰ ਸ਼ੰਕਰ ਗੁਹਾ ਨਿਯੋਗੀ ਵਾਂਗ ਖ਼ੂਬਸੂਰਤੀ ਨਾਲ ਮੂਰਤੀਮਾਨ ਕੀਤਾ ਹੈ।
ਈ-ਮੇਲ: ramachandraguha@yahoo.in

