ਜਿਸ ਨੇ ਸ਼ਹੀਦ ਦੇ ਨਾਂ ’ਤੇ ਜ਼ਿੰਦਗੀ ਗੁਜ਼ਾਰੀ
ਸਾਡੇ ਦੇਸ਼ ਭਾਰਤ ਵਿੱਚ ਹਰ ਸਾਲ 15 ਅਗਸਤ ਨੂੰ ਵਤਨ ਤੋਂ ਕੁਰਬਾਨ ਹੋਏ ਅਨੇਕਾਂ ਸਿਰਲੱਥ ਯੋਧਿਆਂ ਦੀਆਂ ਗਾਥਾਵਾਂ ਗਾਈਆਂ ਜਾਂਦੀਆਂ ਹਨ। ਇਸ ਦਿਨ ਪੰਜਾਬ ਵਾਸੀਆਂ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਪ੍ਰਸਿੱਧ ਪਿੰਡ ਈਸੜੂ ਵਿਖੇ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਕੁਰਬਾਨੀ ਨੂੰ...
ਸਾਡੇ ਦੇਸ਼ ਭਾਰਤ ਵਿੱਚ ਹਰ ਸਾਲ 15 ਅਗਸਤ ਨੂੰ ਵਤਨ ਤੋਂ ਕੁਰਬਾਨ ਹੋਏ ਅਨੇਕਾਂ ਸਿਰਲੱਥ ਯੋਧਿਆਂ ਦੀਆਂ ਗਾਥਾਵਾਂ ਗਾਈਆਂ ਜਾਂਦੀਆਂ ਹਨ। ਇਸ ਦਿਨ ਪੰਜਾਬ ਵਾਸੀਆਂ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਪ੍ਰਸਿੱਧ ਪਿੰਡ ਈਸੜੂ ਵਿਖੇ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਵੀ ਉਨ੍ਹਾਂ ਦੀ ਯਾਦ ਵਿੱਚ ਰਾਜ ਪੱਧਰੀ ਸਮਾਗਮ ਕੀਤਾ ਜਾਂਦਾ ਹੈ। ਗੋਆ ਪ੍ਰਾਂਤ ਦੇ ਪਿੰਡ ਪਤਰਾਦੇਵੀ ਵਿੱਚ ਹਰ ਸਾਲ ਗੋਆ ਦੀ ਆਜ਼ਾਦੀ ਲਈ ਸ਼ਹੀਦ ਹੋਏ ਕਰਨੈਲ ਸਿੰਘ ਸਮੇਤ ਹੋਰ ਯੋਧਿਆਂ ਨੂੰ ਯਾਦ ਕੀਤਾ ਜਾਂਦਾ ਹੈ। ਸ਼ਹੀਦ ਕਰਨੈਲ ਸਿੰਘ ਈਸੜੂ ਨੇ 15 ਅਗਸਤ 1955 ਨੂੰ ਲੁਧਿਆਣੇ ਤੋਂ 1500 ਕਿਲੋਮੀਟਰ ਦੂਰ ਵੱਸਦੇ ਸੂਬੇ ਦੀ ਆਜ਼ਾਦੀ ਲਈ ਆਰੰਭੇ ਸਤਿਆਗ੍ਰਹਿ ਦੇ ਪਹਿਲੇ ਹੀ ਦਿਨ ਗੋਆ ਦੀ ਸਰਜ਼ਮੀਨ ਉੱਤੇ ਹਿੰਦੋਸਤਾਨੀ ਤਿਰੰਗਾ ਗੱਡਦੇ ਸਮੇਂ ਪੁਰਤਗਾਲੀਆਂ ਦੀਆਂ ਗੋਲੀਆਂ ਆਪਣੇ ਸੀਨੇ ਉੱਤੇ ਖਾਧੀਆਂ ਅਤੇ ਗੋਆ ਦੀ ਆਜ਼ਾਦੀ ਦਾ ਮੁੱਢ ਬੰਨ੍ਹ ਦਿੱਤਾ।
ਆਜ਼ਾਦੀ ਸੰਗਰਾਮ ਵਿੱਚ ਯੋਧਿਆਂ ਨੂੰ ਮਿਲੀਆਂ ਉਮਰ-ਕੈਦਾਂ, ਕਾਲੇਪਾਣੀ ਦੀਆਂ ਸਜ਼ਾਵਾਂ ਅਤੇ ਫਾਂਸੀਆਂ ਮਗਰੋਂ ਉਨ੍ਹਾਂ ਦੇ ਪਰਿਵਾਰਾਂ ਨੇ ਕਿਵੇਂ ਦਿਨਕਟੀ ਕੀਤੀ ਹੋਵੇਗੀ, ਇਸ ਦਾ ਕਿਧਰੇ ਬਹੁਤਾ ਜ਼ਿਕਰ ਨਹੀਂ ਮਿਲਦਾ। ਦਰਅਸਲ, ਦੇਸ਼ ਲਈ ਜਾਨਾਂ ਵਾਰ ਗਏ ਤੇ ਲੰਮੀਆਂ ਕੈਦਾਂ ਭੋਗਣ ਵਾਲੇ ਸ਼ਹੀਦਾਂ ਅਤੇ ਯੋਧਿਆਂ ਦੇ ਪਰਿਵਾਰਾਂ ਦਾ ਜੀਵਨ ਵੀ ਕਿਸੇ ਕੁਰਬਾਨੀ ਤੋਂ ਘੱਟ ਨਹੀਂ ਸੀ। ਕਰਨੈਲ ਸਿੰਘ ਈਸੜੂ ਦੀ ਪਤਨੀ ਬੀਬੀ ਚਰਨਜੀਤ ਕੌਰ ਦਾ ਜੀਵਨ ਇਸੇ ਤਿਆਗ ਤੇ ਕੁਰਬਾਨੀ ਦੀ ਮਿਸਾਲ ਹੈ।
ਮੈਨੂੰ ਆਪਣੀ ਇੱਕ ਸਹੇਲੀ ਪਰਮਿੰਦਰ ਸਵੈਚ ਰਾਹੀਂ ਬੀਬੀ ਚਰਨਜੀਤ ਕੌਰ ਨੂੰ ਮਿਲਣ ਦਾ ਮੌਕਾ ਮਿਲਿਆ। ਪਰਮਿੰਦਰ ਦੇ ਦਾਦਾ ਜਵਾਹਰ ਸਿੰਘ ਜੀ, ਸ਼ਹੀਦ ਕਰਨੈਲ ਸਿੰਘ ਦੇ ਪਿਤਾ ਸੁੰਦਰ ਸਿੰਘ ਅਤੇ ਚਾਚਾ ਇੰਦਰ ਸਿੰਘ ਸਕੇ ਭਰਾ ਸਨ। ਹੋਰ ਅਨੇਕਾਂ ਪੰਜਾਬੀਆਂ ਵਾਂਗ ਉਨ੍ਹਾਂ ਨੂੰ ਵੀ ਬਾਰ ਦੇ ਚੱਕ ਨੰਬਰ 50 ਵਿੱਚ ਆਬਾਦ ਕਰਨ ਲਈ ਬੰਜਰ ਜ਼ਮੀਨਾਂ ਅਲਾਟ ਹੋਈਆਂ ਸਨ। ਤਿੰਨੇ ਭਰਾ ਸੰਨ 1947 ਤੱਕ ਉਸ ਜ਼ਮੀਨ ਉੱਤੇ ਖੇਤੀ ਕਰਦੇ ਸਨ। ਸਰਦਾਰ ਜਵਾਹਰ ਸਿੰਘ ਪਹਿਲਾਂ ਗ਼ਦਰ ਪਾਰਟੀ ਦੇ ਹਰਕਾਰੇ ਵਜੋਂ ਅਤੇ ਬਾਅਦ ਵਿੱਚ ਪੰਜਾਬ ਵਿਚਲੀਆਂ ਹੋਰ ਲੋਕ-ਪੱਖੀ ਕਿਰਤੀਆਂ-ਕਿਸਾਨਾਂ ਦੀਆਂ ਲਹਿਰਾਂ ਵਿੱਚ ਕੰਮ ਕਰਦੇ ਰਹੇ। ਸੰਨ 1947 ਮਗਰੋਂ ਉਹ ਕਮਿਊਨਿਸਟ ਪਾਰਟੀ ਵਿੱਚ ਸ਼ਾਮਿਲ ਹੋ ਗਏ। ਕਰਨੈਲ ਸਿੰਘ ’ਤੇ ਚਾਚਾ ਜਵਾਹਰ ਸਿੰਘ ਦਾ ਬਹੁਤ ਪ੍ਰਭਾਵ ਸੀ। ਮੈਟਰਿਕ ਤੋਂ ਬਾਅਦ ਉਨ੍ਹਾਂ ਨੇ ਅਧਿਆਪਨ ਕਿੱਤੇ ਨੂੰ ਅਪਣਾਇਆ। ਬੰਬਾ ਸਕੂਲ ਵਿੱਚ ਪੜ੍ਹਾਉਣ ਲੱਗੇ ਅਤੇ ਪੜ੍ਹਾਉਣ ਦੌਰਾਨ ਹੀ ਉਨ੍ਹਾਂ ਨੇ ਬੇਸਿਕ ਟੀਚਰ ਟਰੇਨਿੰਗ ਦਾ ਕੋਰਸ ਪਾਸ ਕੀਤਾ।
ਕਮਿਊਨਿਸਟ ਸਫ਼ਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੇ ਬੀਬੀ ਚਰਨਜੀਤ ਦੇ ਤਿਆਗ ਦਾ ਸਨਮਾਨ ਕਰਦਿਆਂ ਪਿੰਡ ਵਾਸੀਆਂ ਨਾਲ ਰਲ਼ ਕੇ ਸ਼ਹੀਦ ਕਰਨੈਲ ਸਿੰਘ ਈਸੜੂ ਮੈਮੋਰੀਅਲ ਕਮੇਟੀ ਦੀ ਸਥਾਪਨਾ ਕੀਤੀ ਅਤੇ ਉਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾਉਣਾ ਸ਼ੁਰੂ ਕੀਤਾ। ਜ਼ਿਲ੍ਹਾ ਲੁਧਿਆਣਾ ਵਿਚਲੇ ਸੀ ਪੀ ਆਈ ਦੇ ਦਫ਼ਤਰ ਦਾ ਨਾਂ ‘ਸ਼ਹੀਦ ਕਰਨੈਲ ਸਿੰਘ ਈਸੜੂ ਭਵਨ’ ਹੈ। ਕਰਨੈਲ ਸਿੰਘ ਸ਼ਹੀਦ ਭਗਤ ਸਿੰਘ ਦੇ ਜੇਲ੍ਹ ਸਾਥੀ ਰਹੇ ਪੰਡਿਤ ਕਿਸ਼ੋਰੀ ਲਾਲ ਤੋਂ ਬਹੁਤ ਪ੍ਰਭਾਵਿਤ ਸੀ। ਉਨ੍ਹਾਂ ਦਾ ਸੁਨੇਹਾ ਮਿਲਣ ਮਗਰੋਂ ਹੀ ਕਰਨੈਲ ਸਿੰਘ ਬੰਬਾ ਸਰਕਾਰੀ ਸਕੂਲ ਦੀ ਨੌਕਰੀ ਨੂੰ ਛੱਡ ਗੋਆ ਦੇ ਸੰਗਰਾਮ ’ਚ ਜਾ ਸ਼ਾਮਿਲ ਹੋਇਆ ਸੀ।
ਪਰਮਿੰਦਰ ਨੇ ਮੈਨੂੰ ਬੀਬੀ ਚਰਨਜੀਤ ਦੇ ਛੋਟੇ ਭਰਾ ਸਰਦਾਰ ਗੁਰਚਰਨ ਸਿੰਘ ਦਾ ਸੰਪਰਕ ਦਿੱਤਾ ਤੇ ਮੈਂ ਪਿੰਡ ਬੜੋਲਾ ਜ਼ਿਲ੍ਹਾ ਅੰਬਾਲਾ ਉਨ੍ਹਾਂ ਨੂੰ ਮਿਲਣ ਜਾ ਪਹੁੰਚੀ। ਇਸ ਸਾਲ ਫਰਵਰੀ ਦੀ ਇੱਕ ਸਵੇਰ ਵਿਹੜੇ ਵਿੱਚ ਕੁਰਸੀ ਉੱਤੇ ਬੈਠੇ ਬੀਬੀ ਚਰਨਜੀਤ ਕੌਰ ਅਤੇ ਸਰਦਾਰ ਗੁਰਚਰਨ ਸਿੰਘ ਮੇਰਾ ਇੰਤਜ਼ਾਰ ਕਰ ਰਹੇ ਸਨ। 85 ਵਰ੍ਹਿਆਂ ਦੀ ਬੀਬੀ ਚਰਨਜੀਤ ਕੌਰ ਮੈਨੂੰ ਬਹੁਤ ਮੋਹ ਨਾਲ ਮਿਲੀ। ਉਮਰਦਰਾਜ਼ ਹੋਣ ਕਰਕੇ ਉਹ ਅੱਜਕੱਲ੍ਹ ਵਾਕਰ ਦਾ ਸਹਾਰਾ ਲੈ ਕੇ ਤੁਰਦੀ ਹੈ। ਬੀਬੀ ਚਰਨਜੀਤ ਕੌਰ ਦਾ ਜਨਮ ਅਣਵੰਡੇ ਪੰਜਾਬ ਵਿੱਚ ਚੱਕ ਨੰਬਰ 66 ਜ਼ਿਲ੍ਹਾ ਲਾਇਲਪੁਰ ਵਿੱਚ ਸਰਦਾਰ ਪਰਤਾਪ ਸਿੰਘ ਅਤੇ ਮਾਤਾ ਹਰਨਾਮ ਕੌਰ ਦੇ ਘਰ ਹੋਇਆ। ਉਹ ਆਪਣੇ ਮਾਪਿਆਂ ਦੂਜੀ ਔਲਾਦ ਹੈ। ਉਸ ਦੀਆਂ ਚਾਰ ਭੈਣਾਂ ਅਤੇ ਇੱਕ ਭਰਾ ਹੈ। ਹੱਲਿਆਂ ਕਰਕੇ ਚੱਕ ਨੰਬਰ 66 ’ਚੋਂ ਉੱਜੜਨ ਮਗਰੋਂ ਸਰਦਾਰ ਪਰਤਾਪ ਸਿੰਘ ਨੂੰ ਪਿੰਡ ਬੜੋਲਾ, ਜ਼ਿਲ੍ਹਾ ਅੰਬਾਲਾ ਵਿੱਚ ਜ਼ਮੀਨ ਅਲਾਟ ਹੋਈ। ਇੱਥੇ ਜ਼ਮੀਨ ਹੜ੍ਹਾਂ ਦੀ ਮਾਰ ਵਾਲੀ ਤੇ ਨੀਵੀਂ ਸੀ। ਇਲਾਕੇ ਵਿੱਚ ਨਾ ਸੜਕਾਂ ਸਨ, ਨਾ ਪਿੰਡ ’ਚ ਕੋਈ ਸਕੂਲ ਸੀ ਤੇ ਨਾ ਪੀਣ ਯੋਗ ਪਾਣੀ। ਕਈ ਸਾਲ ਪਰਿਵਾਰ ਨੂੰ ਹੜ੍ਹਾਂ ਦੀ ਮਾਰ ਝੱਲਣੀ ਪਈ। ਪਿੰਡ ’ਚ ਸਕੂਲ ਨਾ ਹੋਣ ਕਰਕੇ ਕੁੜੀਆਂ ਪੜ੍ਹ ਨਾ ਸਕੀਆਂ।
ਬੀਬੀ ਚਰਨਜੀਤ ਕੌਰ ਨੂੰ ਹੱਲਿਆਂ ਵੇਲੇ ਸਰਹੱਦ ਪਾਰ ਕਰਦਿਆਂ ਰਾਹ ’ਚ ਵਿਛੀਆਂ ਲਾਸ਼ਾਂ ਹਾਲੇ ਵੀ ਉਵੇਂ ਹੀ ਯਾਦ ਹਨ। ਉਸ ਵੇਲੇ ਉਸ ਦੀ ਉਮਰ ਸੱਤ-ਅੱਠ ਸਾਲ ਸੀ। ਉਜਾੜੇ ਮਗਰੋਂ ਚੱਕ ਨੰਬਰ 50 ਵਾਲੇ ਪਰਿਵਾਰਾਂ ਨੂੰ ਪਿੰਡ ਈਸੜੂ ਅਤੇ ਪਿੰਡ ਬਾਹਮਣੀਆ, ਜ਼ਿਲ੍ਹਾ ਬਠਿੰਡਾ ਵਿੱਚ ਜ਼ਮੀਨ ਅਲਾਟ ਹੋਈ। ਚੱਕ ਨੰਬਰ 66 ਵਾਲੇ ਸਰਦਾਰ ਪਰਤਾਪ ਸਿੰਘ ਪਿੰਡ ਬੜੋਲੇ, ਜ਼ਿਲ੍ਹਾ ਅੰਬਾਲਾ ਜਾ ਬੈਠੇ। ਦੋਵੇਂ ਪਰਿਵਾਰਾਂ ਨੇ ਇੱਕ-ਦੂਜੇ ਨੂੰ ਲੱਭਣਾ ਸ਼ੁਰੂ ਕੀਤਾ ਕਿਉਂਕਿ ਲਾਇਲਪੁਰ ਰਹਿੰਦਿਆਂ ਬੀਬੀ ਚਰਨਜੀਤ ਕੌਰ ਦੀ ਵੱਡੀ ਭੈਣ ਸਵਰਨਜੀਤ ਦਾ ਸਾਕ ਕਰਨੈਲ ਸਿੰਘ ਦੇ ਵੱਡੇ ਭਰਾ ਹਰਚੰਦ ਸਿੰਘ ਨਾਲ ਹੋਇਆ ਸੀ। ਵੰਡ ਤੋਂ ਪੰਜ-ਛੇ ਸਾਲ ਬਾਅਦ ਉਹ ਈਸੜੂ ਵਾਲਿਆਂ ਨਾਲ ਸੰਪਰਕ ਕਰਨ ਵਿੱਚ ਕਾਮਯਾਬ ਹੋਏ। ਸਵਰਨਜੀਤ ਅਤੇ ਹਰਚੰਦ ਸਿੰਘ ਦੇ ਵਿਆਹ ਦਾ ਦਿਨ ਬੰਨ੍ਹਣ ਵੇਲੇ ਉਨ੍ਹਾਂ ਸਰਦਾਰ ਸੁੰਦਰ ਸਿੰਘ ਨੂੰ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੀ ਛੋਟੀ ਧੀ ਦਾ ਸਾਕ ਤੁਸੀਂ ਛੋਟੇ ਪੁੱਤਰ ਕਰਨੈਲ ਸਿੰਘ ਨੂੰ ਲੈ ਲਵੋ। ਅਸੀਂ ਉਸੇ ਦਿਨ ਵੱਡੀ ਬੇਟੀ ਦੇ ਨਾਲ ਹੀ ਛੋਟੀ ਦੇ ਵੀ ਆਨੰਦ ਪੜ੍ਹਾ ਦਿਆਂਗੇ। ਬੀਬੀ ਚਰਨਜੀਤ ਕੌਰ ਉਸ ਸਮੇਂ 14 ਕੁ ਸਾਲਾਂ ਦੀ ਸੀ। ਸੰਨ 1953 ਦੇ ਅਖੀਰ ਜਾਂ 1954 ਦੇ ਸ਼ੁਰੂ ਵਿੱਚ ਵਿਆਹ ਹੋ ਗਏ, ਪਰ ਮੁਕਲਾਵਾ ਹਾਲੇ ਨਹੀਂ ਸੀ ਤੋਰਿਆ ਜਾਣਾ। ਬੀਬੀ ਚਰਨਜੀਤ ਕੌਰ ਨੂੰ ਬਸ ਇਤਨਾ ਕੁ ਯਾਦ ਹੈ ਕਿ ਵਿਆਹ ਨੂੰ ਸਾਲ ਜਾਂ ਡੇਢ ਕੁ ਸਾਲ ਹੀ ਹੋਇਆ ਸੀ, ਜਦੋਂ ਕਰਨੈਲ ਸਿੰਘ ਦੀ ਸ਼ਹੀਦੀ ਦੀ ਖ਼ਬਰ ਮਿਲੀ। ਕਈ ਦਿਨ ਬਾਅਦ ਪਿੰਡ ਸੁਨੇਹਾ ਪਹੁੰਚਿਆ ਕਿ ਉਹ ਗੋਆ ਪ੍ਰਾਂਤ ਦੀ ਆਜ਼ਾਦੀ ਪ੍ਰਾਪਤੀ ਵਾਲੇ ਸਤਿਆਗ੍ਰਹਿ ਵਿੱਚ ਸ਼ਮਿਲ ਸਨ ਅਤੇ ਗੋਲੀਆਂ ਲੱਗਣ ਨਾਲ ਸ਼ਹੀਦੀ ਪ੍ਰਾਪਤ ਕਰ ਗਏ।
ਉਸ ਵੇਲੇ ਬੀਬੀ ਚਰਨਜੀਤ 16-17 ਸਾਲ ਦੀ ਅੱਲੜ੍ਹ ਵਰੇਸ ਵਿੱਚ ਸੀ। ਕਰਨੈਲ ਸਿੰਘ ਨੇ ਆਪਣੇ ਸੀਨੇ ਉੱਤੇ ਗੋਲੀਆਂ ਖਾਧੀਆਂ, ਪਰ ਜੋ ਗੋਲੀ ਬੀਬੀ ਚਰਨਜੀਤ ਦੇ ਦਿਲ ਵਿੱਚ ਲੱਗੀ ਸੀ, ਉਸ ਦੀ ਕਿਸੇ ਨੂੰ ਥਾਹ ਨਹੀਂ ਸੀ। ਉਹ ਲੁਕ ਲੁਕ ਕੇ ਬਹੁਤ ਰੋਈ। ਜਦੋਂ ਕੁਝ ਸਮੇਂ ਬਾਅਦ ਮਾਪਿਆਂ ਨੂੰ ਮੁੜ ਵਿਆਹ ਦੀਆਂ ਗੱਲਾਂ ਕਰਦਿਆਂ ਸੁਣਿਆ ਤਾਂ ਬੀਬੀ ਨੇ ਮੁੜ ਕਦੇ ਵਿਆਹ ਨਾ ਕਰਵਾਉਣ ਦੀ ਗੱਲ ਆਖ ਦਿੱਤੀ। ਸਿਰਫ਼ ਲਾਵਾਂ ਵਾਲੇ ਦਿਨ ਆਪਣੇ ਲਾੜੇ ਨੂੰ ਵੇਖ ਸਕੀ ਬੀਬੀ ਚਰਨਜੀਤ ਨੇ ਪਹਾੜ ਜਿੰਨੀ ਜ਼ਿੰਦਗੀ ਸਿਰਫ਼ ਉਸ ਦੇ ਨਾਂ ਨਾਲ ਜੁੜ ਕੇ ਜਿਊਣ ਦਾ ਫ਼ੈਸਲਾ ਕਰ ਲਿਆ ਸੀ। ਇਸ ਮਗਰੋਂ ਬੀਬੀ ਚਰਨਜੀਤ ਕੌਰ ਨੇ ਛੋਟੀਆਂ ਭੈਣਾਂ ਤੇ ਭਰਾ ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਸੰਭਾਲ ਲਈ।
ਦੇਸ਼ ਪੱਧਰ ਉੱਤੇ ਗੋਆ ਦੇ ਜਨ ਮਾਨਸ ਅਤੇ ਸਿਆਸੀ ਹਲਕਿਆਂ ਵਿੱਚ ਕਰਨੈਲ ਸਿੰਘ ਨੂੰ ਵੱਡੀ ਮਾਨਤਾ ਦਿਵਾਉਣ ਦਾ ਸਿਹਰਾ ਗੋਆ ਦੇ ਇੱਕ ਕਾਲਜ ਵਿੱਚ ਇਤਿਹਾਸ ਦੇ ਪ੍ਰੋਫੈਸਰ ਪ੍ਰਜਲ ਸਖਰਦੰਡੇ ਨੂੰ ਜਾਂਦਾ ਹੈ, ਜਿਸ ਨੇ ਅਗਸਤ 2015 ਵਿੱਚ ਪਿੰਡ ਪਤਰਾਦੇਵੀ ਦੇ ਸਕੂਲ ਵਿੱਚ ਗੋਆ ਸਰਕਾਰ ਤੋਂ ਸ਼ਹੀਦ ਦਾ ਬੁੱਤ ਲਗਵਾਇਆ ਅਤੇ ਸੰਨ 2022 ਵਿੱਚ ਗੋਆ ਦੇ ਮੁੱਖ ਮੰਤਰੀ ਨੇ ਪਿੰਡ ਬੜੋਲਾ ਆ ਕੇ ਬੀਬੀ ਚਰਨਜੀਤ ਕੌਰ ਨੂੰ ਸਨਮਾਨਿਤ ਕੀਤਾ। ਪੰਜਾਬ ਅਤੇ ਹਰਿਆਣਾ ਸਰਕਾਰਾਂ ਨੇ ਬਹੁਤ ਦੇਰ ਨਾਲ ਬੀਬੀ ਨੂੰ ਪੈਨਸ਼ਨ ਦੇਣੀ ਸ਼ੁਰੂ ਕੀਤੀ। ਬੀਬੀ ਚਰਨਜੀਤ ਕੌਰ ਨੂੰ ਆਪਣੀ ਜ਼ਿੰਦਗੀ ਨਾਲ ਕੋਈ ਸ਼ਿਕਵਾ ਨਹੀਂ। ਉਹ ਰੱਬ ਦੀ ਰਜ਼ਾ ਵਿੱਚ ਰਹਿਣ ਨੂੰ ਸਹਿਜ ਵਰਤਾਰਾ ਮੰਨਦੀ ਹੈ। ਅੱਜਕੱਲ੍ਹ ਉਹ ਬਿਰਧ ਅਵਸਥਾ ਵਿੱਚ ਆਪਣੇ ਪੇਕੇ ਪਿੰਡ ਬੜੋਲਾ, ਜ਼ਿਲ੍ਹਾ ਅੰਬਾਲਾ ਵਿੱਚ ਭਰਾ ਭਰਜਾਈ ਨਾਲ ਰਹਿ ਰਹੀ ਹੈ। ਬੀਬੀ ਚਰਨਜੀਤ ਕੌਰ ਦੇ ਸਬਰ, ਸਿਦਕ ਅਤੇ ਤਿਆਗ ਨੂੰ ਸਲਾਮ ਹੈ, ਜਿਸ ਨੇ ਪੂਰੀ ਉਮਰ ਸ਼ਹੀਦ ਕਰਨੈਲ ਸਿੰਘ ਦੇ ਨਾਮ ਨਾਲ ਗੁਜ਼ਾਰ ਦਿੱਤੀ।
ਈ-ਮੇਲ: kanwaljitdhillon1@gmail.com

