ਸ਼ਹੀਦ-ਏ-ਆਜ਼ਮ ਸਰਦਾਰ ਊਧਮ ਸਿੰਘ
ਹਿੰਦੋਸਤਾਨ ਉੱਤੇ ਕਬਜ਼ੇ ਦੌਰਾਨ ਬਰਤਾਨਵੀ ਸਰਕਾਰ ਨੇ ਆਪਣਾ ਸਿਆਸੀ ਅਧਿਕਾਰ ਕਾਇਮ ਰੱਖਣ ਲਈ ਬੇਰਹਿਮੀ ਨਾਲ ਤਾਕਤ ਦੀ ਵਰਤੋਂ ਕੀਤੀ। ਇਸ ਦਾ ਸਭ ਤੋਂ ਦਰਦਨਾਕ ਪ੍ਰਗਟਾਵਾ 13 ਅਪਰੈਲ 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ਼ ਵਿੱਚ ਹੋਏ ਕਤਲੇਆਮ ਦੇ ਰੂਪ ਵਿੱਚ ਸਾਹਮਣੇ...
ਹਿੰਦੋਸਤਾਨ ਉੱਤੇ ਕਬਜ਼ੇ ਦੌਰਾਨ ਬਰਤਾਨਵੀ ਸਰਕਾਰ ਨੇ ਆਪਣਾ ਸਿਆਸੀ ਅਧਿਕਾਰ ਕਾਇਮ ਰੱਖਣ ਲਈ ਬੇਰਹਿਮੀ ਨਾਲ ਤਾਕਤ ਦੀ ਵਰਤੋਂ ਕੀਤੀ। ਇਸ ਦਾ ਸਭ ਤੋਂ ਦਰਦਨਾਕ ਪ੍ਰਗਟਾਵਾ 13 ਅਪਰੈਲ 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ਼ ਵਿੱਚ ਹੋਏ ਕਤਲੇਆਮ ਦੇ ਰੂਪ ਵਿੱਚ ਸਾਹਮਣੇ ਆਇਆ। ਇਸ ਘਟਨਾ ਨੇ ਦੇਸ਼ ਭਰ ਵਿੱਚ ਸਿਰਫ਼ ਦਹਿਸ਼ਤ ਹੀ ਨਹੀਂ ਫੈਲਾਈ ਸਗੋਂ ਵੱਡੀ ਗਿਣਤੀ ਲੋਕਾਂ ਨੂੰ ਹਲੂਣਿਆ ਵੀ।
ਇਸ ਹਮਲੇ ਦੌਰਾਨ ਸਰਦਾਰ ਊਧਮ ਸਿੰਘ ਜਲ੍ਹਿਆਂਵਾਲਾ ਬਾਗ਼ ਵਿੱਚ ਮੌਜੂਦ ਸਨ ਤੇ ਉਨ੍ਹਾਂ ਆਪਣੀਆਂ ਅੱਖਾਂ ਨਾਲ ਨਿਹੱਥੇ ਬੇਦੋਸ਼ੇ ਲੋਕਾਂ ਨੂੰ ਗੋਲੀਆਂ ਦੇ ਸ਼ਿਕਾਰ ਬਣਦੇ ਦੇਖਿਆ। ਇਹ ਘਟਨਾ ਉਨ੍ਹਾਂ ਦੀ ਜ਼ਿੰਦਗੀ ਦਾ ਫ਼ੈਸਲਾਕੁਨ ਮੋੜ ਬਣੀ। ਜਲ੍ਹਿਆਂਵਾਲਾ ਬਾਗ਼ ਦਾ ਕਤਲੇਆਮ ਭੁਲਾਈ ਜਾ ਸਕਣ ਵਾਲੀ ਘਟਨਾ ਨਹੀਂ ਸੀ ਸਗੋਂ ਇਹ ਸਾਮਰਾਜੀ ਜ਼ੁਲਮ ਦੀ ਸਥਾਈ ਨਿਸ਼ਾਨੀ ਬਣ ਕੇ ਉੱਭਰੀ। ਇਸ ਪਿਛੋਕੜ ਨਾਲ ਹੀ ਸਰਦਾਰ ਊਧਮ ਸਿੰਘ ਦੀ ਸੋਚ, ਸੰਘਰਸ਼ ਅਤੇ ਕੁਰਬਾਨੀ ਨੂੰ ਸਮਝਣਾ ਜ਼ਰੂਰੀ ਹੈ। ਉਨ੍ਹਾਂ ਵੱਲੋਂ ਚੁੱਕਿਆ ਗਿਆ ਕਦਮ ਨਿੱਜੀ ਬਦਲੇ ਦੀ ਭਾਵਨਾ ਤਹਿਤ ਨਹੀਂ ਸਗੋਂ ਗ਼ੁਲਾਮ ਕੌਮ ਦੇ ਸਾਂਝੇ ਦਰਦ, ਬੇਵੱਸੀ ਅਤੇ ਇਨਸਾਫ਼ ਦੀ ਤਲਾਸ਼ ਦਾ ਪ੍ਰਗਟਾਵਾ ਸੀ।
ਹਿੰਦੋਸਤਾਨੀ ਉਪ-ਮਹਾਦੀਪ ਦੀ ਆਜ਼ਾਦੀ ਦੀ ਲੜਾਈ ਵਿੱਚ ਕੁਝ ਅਜਿਹੇ ਕਿਰਦਾਰ ਹਨ ਜਿਨ੍ਹਾਂ ਸਿਰਫ਼ ਬੰਦੂਕ ਜਾਂ ਗੋਲੀ ਨਾਲ ਨਹੀਂ ਸਗੋਂ ਆਪਣੇ ਜ਼ਮੀਰ ਦੀ ਆਵਾਜ਼ ਨਾਲ ਇਤਿਹਾਸ ਨੂੰ ਹਿਲਾ ਦਿੱਤਾ। ਸਰਦਾਰ ਊਧਮ ਸਿੰਘ ਦਾ ਨਾਮ ਵੀ ਉਨ੍ਹਾਂ ਵਿੱਚ ਸ਼ਾਮਲ ਹੈ। ਉਹ ਜਲ੍ਹਿਆਂਵਾਲਾ ਬਾਗ਼ ਦੇ ਹਰ ਸ਼ਹੀਦ ਦੀ ਜ਼ਿੰਦਾ ਗਵਾਹੀ ਸਨ।
13 ਅਪਰੈਲ 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ਼ ਵਿੱਚ ਹੋਇਆ ਕਤਲੇਆਮ ਸਿਰਫ਼ ਇੱਕ ਘਟਨਾ ਨਹੀਂ ਸੀ ਸਗੋਂ ਪੂਰੇ ਭਾਰਤੀ ਸਮਾਜ ਦੇ ਸੀਨੇ ਦਾ ਇੱਕ ਨਾਸੂਰ ਸੀ। ਨਿਹੱਥੇ ਲੋਕਾਂ ’ਤੇ ਗੋਲੀਆਂ ਵਰ੍ਹਾ ਕੇ ਬਰਤਾਨਵੀ ਸਾਮਰਾਜ ਨੇ ਇਹ ਸੰਦੇਸ਼ ਦੇਣਾ ਚਾਹਿਆ ਸੀ ਕਿ ਗ਼ੁਲਾਮੀ ਖ਼ਿਲਾਫ਼ ਆਵਾਜ਼ ਉਠਾਉਣਾ ਜੁਰਮ ਹੈ। ਇਤਿਹਾਸ ਦਾ ਅਸੂਲ ਹੈ ਕਿ ਜਿੰਨਾ ਜ਼ੁਲਮ ਵਧਦਾ ਹੈ, ਵਿਦਰੋਹ ਵੀ ਓਨਾ ਹੀ ਤਿੱਖਾ ਹੁੰਦਾ ਹੈ। ਸਰਦਾਰ ਊਧਮ ਸਿੰਘ ਉਸੇ ਵਿਦਰੋਹ ਦਾ ਨਾਮ ਹੈ। ਇਸ ਕਤਲੇਆਮ ਵਿੱਚ ਵਿਛੀਆਂ ਲਾਸ਼ਾਂ, ਚੀਕਾਂ ਅਤੇ ਖ਼ੂਨ ਨਾਲ ਲਥਪਥ ਧਰਤੀ ਨੇ ਊਧਮ ਸਿੰਘ ਦੇ ਦਿਲ ਵਿੱਚ ਇੱਕ ਅਜਿਹੀ ਅੱਗ ਬਾਲੀ ਜੋ ਕਦੇ ਮੱਠੀ ਨਾ ਪਈ।
ਊਧਮ ਸਿੰਘ ਨੇ ਆਪਣਾ ਸਾਰਾ ਜੀਵਨ ਆਪਣੇ ਬੇਕਸੂਰ ਸ਼ਹੀਦ ਦੇਸ਼ਵਾਸੀਆਂ ਦੀ ਮੌਤ ਦਾ ਬਦਲਾ ਲੈਣ ਦੇ ਲੇਖੇ ਲਾ ਦਿੱਤਾ ਤੇ 1940 ਵਿੱਚ ਲੰਡਨ ਜਾ ਕੇ ਉਨ੍ਹਾਂ ਮਾਈਕਲ ਓ’ਡਵਾਇਰ ਨੂੰ ਗੋਲੀ ਮਾਰ ਕੇ ਇਹ ਬਦਲਾ ਲਿਆ। ਇਹ ਕਦਮ ਸਿਰਫ਼ ਬਦਲੇ ਦੀ ਕਾਰਵਾਈ ਨਹੀਂ ਸਗੋਂ ਬਰਤਾਨਵੀ ਸਾਮਰਾਜ ਲਈ ਸੁਨੇਹਾ ਸੀ ਕਿ ਜ਼ੁਲਮ ਦਾ ਹਿਸਾਬ ਇਤਿਹਾਸ ਖ਼ੁਦ ਲੈਂਦਾ ਹੈ। ਅਦਾਲਤ ਵਿੱਚ ਪੇਸ਼ੀ ਦੌਰਾਨ ਊਧਮ ਸਿੰਘ ਨੇ ਮੁਆਫ਼ੀ ਨਹੀਂ ਮੰਗੀ ਤੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਉਸ ਨੇ ਇਹ ਕੰਮ ਆਪਣੇ ਹਮਵਤਨ ਸ਼ਹੀਦਾਂ ਨੂੰ ਨਿਆਂ ਦਿਵਾਉਣ ਲਈ ਕੀਤਾ ਹੈ।
31 ਜੁਲਾਈ 1940 ਨੂੰ ਸਰਦਾਰ ਊਧਮ ਸਿੰਘ ਨੂੰ ਫ਼ਾਸੀ ਦੇ ਦਿੱਤੀ ਗਈ। ਇਸ ਸ਼ਹੀਦੀ ਨਾਲ ਸਰਦਾਰ ਊਧਮ ਸਿੰਘ ਸਰੀਰਕ ਤੌਰ ’ਤੇ ਵਿਦਾ ਲੈ ਕੇ ਸਦਾ ਲਈ ਦੇਸ਼ ਵਾਸੀਆਂ ਦੇ ਦਿਲਾਂ ਵਿੱਚ ਵਸ ਗਏ। ਉਨ੍ਹਾਂ ਦੀ ਸ਼ਹੀਦੀ ਸਾਨੂੰ ਦੱਸਦੀ ਹੈ ਕਿ ਆਜ਼ਾਦੀ ਲਈ ਕੁਰਬਾਨੀ ਦੇਣਾ ਕਿੰਨਾ ਵੱਡਾ ਤੇ ਅਹਿਮ ਕੰਮ ਹੈ। ਉਨ੍ਹਾਂ ਦੀ ਜ਼ਿੰਦਗੀ ਅੱਜ ਵੀ ਨੌਜਵਾਨਾਂ ਨੂੰ ਜ਼ੁਲਮ ਖ਼ਿਲਾਫ਼ ਖੜ੍ਹੇ ਹੋਣ ਅਤੇ ਆਪਣੇ ਹੱਕਾਂ ਲਈ ਲੜਨ ਦਾ ਸੁਨੇਹਾ ਦਿੰਦੀ ਹੈ।
ਅੱਜ ਜਦੋਂ ਅਸੀਂ ਆਜ਼ਾਦ ਹਵਾ ਵਿੱਚ ਸਾਹ ਲੈ ਰਹੇ ਹਾਂ ਤਾਂ ਸਾਨੂੰ ਖ਼ੁਦ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਸਾਡੇ ਦਿਲਾਂ ਵਿੱਚ ਇਸ ਆਜ਼ਾਦੀ ਦੀ ਕਿੰਨੀ ਕੁ ਕਦਰ ਹੈ? ਸਰਦਾਰ ਊਧਮ ਸਿੰਘ ਦਾ ਨਾਮ ਸਿਰਫ਼ ਇਤਿਹਾਸ ਦੀਆਂ ਕਿਤਾਬਾਂ ਵਿੱਚ ਹੀ ਨਹੀਂ ਸਗੋਂ ਹਰ ਉਸ ਦਿਲ ਵਿੱਚ ਹਮੇਸ਼ਾ ਜ਼ਿੰਦਾ ਰਹੇਗਾ, ਜੋ ਇਨਸਾਫ਼, ਗ਼ੈਰਤ ਅਤੇ ਇਨਸਾਨੀਅਤ ’ਤੇ ਯਕੀਨ ਰੱਖਦਾ ਹੈ।
ਸਰਦਾਰ ਊਧਮ ਸਿੰਘ ਨੇ ਆਪਣੀ ਜਾਨ ਦੇ ਕੇ ਇਹ ਪੈਗਾਮ ਦਿੱਤਾ ਕਿ ਜ਼ੁਲਮ ਦਾ ਰਾਜ ਚਾਹੇ ਕਿੰਨਾ ਵੀ ਮਜ਼ਬੂਤ ਕਿਉਂ ਨਾ ਹੋਵੇ, ਉਸ ਦਾ ਅੰਤ ਇੱਕ ਦਿਨ ਜ਼ਰੂਰ ਹੁੰਦਾ ਹੈ, ਬਸ਼ਰਤੇ ਉਸ ਜ਼ੁਲਮ ਖ਼ਿਲਾਫ਼ ਲੜਾਈ ਜਾਰੀ ਰੱਖੀ ਜਾਵੇ।
ਅੱਜ ਦੇ ਦੌਰ ਵਿੱਚ ਇਨਸਾਫ਼ ਦੇ ਮਾਪਦੰਡ ਕਮਜ਼ੋਰ ਦਿਸਦੇ ਹਨ ਤਾਂ ਸਰਦਾਰ ਊਧਮ ਸਿੰਘ ਦੀ ਮਿਸਾਲ ਸਾਨੂੰ ਨੈਤਿਕ ਹਿੰਮਤ ਤੇ ਕੌਮੀ ਮਾਣ ਦਾ ਸਬਕ ਪੜ੍ਹਾਉਂਦੀ ਹੈ। ਉਹ ਇਸ ਗੱਲ ਦੀ ਯਾਦ ਦਿਵਾਉਂਦੀ ਹੈ ਕਿ ਸਿਰਫ਼ ਆਜ਼ਾਦੀ ਹਾਸਲ ਕਰਨਾ ਨਹੀਂ ਸਗੋਂ ਉਸ ਦੀ ਰਾਖੀ ਕਰਨਾ ਤੇ ਬਾਇੱਜ਼ਤ ਇਸ ਨੂੰ ਅਗਲੀਆਂ ਪੀੜ੍ਹੀਆਂ ਲਈ ਬਚਾਉਣਾ ਵੀ ਓਨਾ ਹੀ ਜ਼ਰੂਰੀ ਹੈ। ਸਰਦਾਰ ਊਧਮ ਸਿੰਘ ਜ਼ਿੰਦਾ ਜ਼ਮੀਰ ਵਾਲਿਆਂ ਦੇ ਦਿਲਾਂ ਵਿੱਚ ਸਦਾ ਜਿਊਂਦੇ ਰਹਿਣਗੇ।
ਸੰਪਰਕ: +92-30049-69513

