ਰੁੱਤ ਰੁੱਤ ਦੇ ਮੇਵੇ
ਕੁਦਰਤ ਨੇ ਵਿਸ਼ਾਲ ਧਰਤੀ ਉੱਪਰ ਵੰਨ-ਸੁਵੰਨੇ ਅਨੇਕਾਂ ਖਿੱਤੇ ਸਿਰਜੇ ਹਨ। ਇਕ ਪਾਸੇ ਬਰਫੀਲੀਆਂ ਪਹਾੜੀਆਂ ਤੇ ਦੂਜੇ ਪਾਸੇ ਮਾਰੂਥਲ ਦੇ ਟਿੱਬੇ। ਕਿਤੇ ਪਥਰੀਲੀ ਜ਼ਮੀਨ ਤੇ ਕਿਤੇ ਸੇਮ ਮਾਰੀ ਪਿੱਲ ਪਿੱਲ ਕਰਦੀ ਮਿੱਟੀ। ਕਿਤੇ ਦਰਿਆ ਦਾ ਬੇਲਾ ਤੇ ਕਿਤੇ ਸਮੁੰਦਰੀ ਕੰਢਾ। ਕਿਤੇ...
ਕੁਦਰਤ ਨੇ ਵਿਸ਼ਾਲ ਧਰਤੀ ਉੱਪਰ ਵੰਨ-ਸੁਵੰਨੇ ਅਨੇਕਾਂ ਖਿੱਤੇ ਸਿਰਜੇ ਹਨ। ਇਕ ਪਾਸੇ ਬਰਫੀਲੀਆਂ ਪਹਾੜੀਆਂ ਤੇ ਦੂਜੇ ਪਾਸੇ ਮਾਰੂਥਲ ਦੇ ਟਿੱਬੇ। ਕਿਤੇ ਪਥਰੀਲੀ ਜ਼ਮੀਨ ਤੇ ਕਿਤੇ ਸੇਮ ਮਾਰੀ ਪਿੱਲ ਪਿੱਲ ਕਰਦੀ ਮਿੱਟੀ। ਕਿਤੇ ਦਰਿਆ ਦਾ ਬੇਲਾ ਤੇ ਕਿਤੇ ਸਮੁੰਦਰੀ ਕੰਢਾ। ਕਿਤੇ ਐਸਾ ਇਲਾਕਾ ਸਿਰਜਿਆ ਜਿੱਥੇ ਦਿਨ ਰਾਤ ਮੀਹ ਪੈਂਦਾ ਰਹਿੰਦਾ ਹੈ ਤੇ ਕਿਸੇ ਪਾਸੇ ਔੜਾਂ ਮਾਰੀ ਧਰਤੀ। ਇੱਕ ਗੱਲ ਪੱਕੀ ਹੈ ਕਿ ਕੁਦਰਤ ਨੇ ਕਿਸੇ ਜੀਵ ਨੂੰ ਭੁੱਖਿਆ ਨਹੀਂ ਰੱਖਿਆ। ਰੇਤਲੀ ਮਾਰੂ ਭੌਂ ਵਿਚ ਵੀ ਚਿੱਬੜ, ਫੁੱਟਾਂ ਕੱਕੜੀਆਂ, ਪੀਲਕਾਂ, ਮਲਿਆਂ ਦੇ ਲਾਲ ਸੁਰਖ਼ ਬੇਰ, ਡੇਲੇ, ਤਿਲ ਤੇ ਬਾਜਰੇ ਵਰਗੀਆਂ ਨੇਮਤਾਂ ਉਗਾਈਆਂ। ਜ਼ਮੀਨ ਦੇ ਅੰਦਰ ਸ਼ੱਕਰਕੰਦੀ, ਅਦਰਕ, ਆਲੂ ਤੇ ਮੂੰਗਫਲੀ। ਬਰਫ਼ ਦੇ ਤੋਦਿਆਂ ਅਤੇ ਚੱਟਾਨਾਂ-ਪੱਥਰਾਂ ਵਿਚ ਵੀ ਕਈ ਕਿਸਮ ਦੀਆਂ ਜੜੀ ਬੂਟੀਆਂ।
ਇਸੇ ਤਰ੍ਹਾਂ ਪਾਣੀ ਦੇ ਅੰਦਰ ਵੀ ਅਨੇਕਾਂ ਖਾਧ ਪਦਾਰਥ ਪੈਦਾ ਕੀਤੇ। ਕੁਦਰਤ ਤੋਂ ਵੱਡਾ ਕੋਈ ਵੈਦ ਨਹੀਂ ਹੈ। ਹਰ ਖਿੱਤੇ ਦੇ ਪੌਣ ਪਾਣੀ ਅਨੁਸਾਰ ਫਲ ਸਬਜ਼ੀਆਂ ਉਤਪੰਨ ਕੀਤੇ ਹਨ। ਦੱਖਣੀ ਭਾਰਤ ਦੇ ਸਿੱਲ੍ਹੇ ਸਮੁੰਦਰੀ ਤਾਪਮਾਨ ਅਨੁਸਾਰ ਨਾਰੀਅਲ ਤੇ ਮੱਛੀ ਉਥੋਂ ਦੇ ਵਸਨੀਕਾਂ ਨੂੰ ਤੰਦਰੁਸਤ ਰੱਖਦੇ ਹਨ। ਪੰਜਾਬ ਵਿੱਚ ਦੁੱਧ ਦੀ ਬਹੁਲਤਾ ਹੋਣ ਕਰਕੇ ਲੱਸੀ, ਮੱਖਣ ਅਤੇ ਗੰਨੇ ਦੀ ਉਪਜ ਵਧੇਰੇ ਹੋਣ ਕਰਕੇ ਰੌਹ ਗੁੜ ਤੇ ਸ਼ੱਕਰ ਪੰਜਾਬੀਆਂ ਨੂੰ ਵਧੇਰੇ ਰਾਸ ਆਉਂਦੇ ਹਨ। ਕਿਤੇ ਬਾਜਰਾ ਤੇ ਕਿਤੇ ਚੌਲ । ਇਕ ਪਾਸੇ ਗਰਮ ਤਾਸੀਰ ਵਾਲੇ ਮਿੱਠੇ ਮੇਵੇ ਹਨ । ਉਹਨਾਂ ਦੇ ਹੀ ਇਸ ਪਾਸੇ ਠੰਢੀ ਤਾਸੀਰ ਵਾਲੀਆਂ ਚੀਜ਼ਾਂ ਮਿਲ ਜਾਂਦੀਆਂ ਹਨ। ਕੁਝ ਜ਼ਹਿਰੀਲੇ ਪੌਦਿਆਂ ਦੇ ਨੇੜੇ ਤੇੜੇ ਹੀ ਜ਼ਹਿਰ ਦੀ ਕਾਟ ਕਰਨ ਵਾਲੀਆਂ ਜੜੀ ਬੂਟੀਆਂ ਵੀ ਮਿਲ ਜਾਂਦੀਆਂ ਹਨ।
ਪਿਛਲੇ ਪੰਝੀਆਂ ਤੀਹਾਂ ਸਾਲਾਂ ਵਿੱਚ ਸੰਸਾਰ ਬਹੁਤ ਜਲਦੀ ਬਦਲਿਆ ਹੈ। ਤਬਦੀਲੀ ਕੁਦਰਤ ਦਾ ਅਟੱਲ ਨਿਯਮ ਹੈ। ਸਾਡੀ ਪੀੜ੍ਹੀ ਦਿਆਂ ਲੋਕਾਂ ਨੇ ਨਿੱਤ ਨਵੇਂ ਰੰਗ ਬਦਲਦੀ ਇਹ ਦੁਨੀਆ ਵੇਖੀ ਹੈ। ਪਿੰਡਾਂ ਵਿੱਚ ਰਹਿੰਦਿਆਂ ਸਾਡਾ ਬਚਪਨ ਅੰਬ , ਜਾਮਨੂੰ , ਬੇਰ ਅਤੇ ਅਮਰੂਦ ਖਾਂਦਿਆਂ ਬੀਤਿਆ। ਇਹ ਫਲ ਗ਼ਰੀਬ ਅਮੀਰ ਸਾਰਿਆਂ ਦੇ ਹਿੱਸੇ ਆ ਜਾਂਦੇ ਸਨ। ਜਿਨ੍ਹਾਂ ਕੋਲ ਆਪਣੇ ਖੇਤ ਹਵੇਲੀਆਂ ਵਿੱਚ ਲੱਗੇ ਇਹ ਬੂਟੇ ਹੁੰਦੇ ਸਨ, ਉਹ ਵੀ ਆਂਢੀਆ ਗੁਆਂਢੀਆਂ ਨੂੰ ਵੰਡੇ ਬਗੈਰ ਨਹੀਂ ਸੀ ਖਾਂਦੇ । ਹਮਾਤੜ ਬਾਲ ਸਿਖਰ ਦੁਪਹਿਰੇ ਜਾਂ ਰਾਤ ਬਰਾਤੇ ਦਾਅ ਲਾ ਕੇ ਖਾ ਲੈਂਦੇ ਸਨ। ਮੇਰੇ ਪਿੰਡ ਤਾਂ ਨਿੱਕੇ ਸੰਤਰਿਆਂ ਦੀਆਂ ਟੋਕਰੀਆਂ ਲੈ ਕੇ ਸਕੂਲਾਂ ਮੂਹਰੇ ਵੇਚਣ ਦਾ ਦਸਤੂਰ ਸੀ ਕਿਉਂਕਿ ਸਾਡੇ ਪਿੰਡ ਦਿਆਂ ਸਰਦਾਰਾਂ ਦੇ ਸੰਤਰਿਆਂ ਦੇ ਬਹੁਤ ਬਾਗ਼ ਸਨ। ਹਵਾ ਹਨੇਰੀ ਨਾਲ ਕਿਰੇ ਫਲ ਫੇਰੀ ਵਾਲੇ ਖਰੀਦ ਲਿਆਉਂਦੇ। ਗਰਮੀਆਂ ਦੀਆਂ ਛੁੱਟੀਆਂ ਦੇ ਪਹਾੜ ਜਿੱਡੇ ਦਿਨ ਮੁੱਕਣ ’ਚ ਨਾ ਆਉਂਦੇ। ਭੁੱਖ ਵੀ ਲੱਗ ਆਉਂਦੀ ਤੇ ਬਚਪਨਾ ਵੀ ਟਿਕਣ ਨਾ ਦਿੰਦਾ। ਬੱਚਿਆਂ ਨੂੰ ਪੀਲਕਾਂ, ਚਿੱਬੜ, ਲਸੂੜੀਆਂ ਅਤੇ ਸੰਘਾੜੇ ਆਦਿ ਜੋ ਵੀ ਹੱਥ ਲੱਗਦਾ, ਖਾ ਜਾਂਦੇ। ਸਿਆਲ ਦਾ ਤਾਂ ਭਲਾ ਕਹਿਣਾ ਹੀ ਕੀ ? ਗੰਨੇ ਚੂਪੋ , ਰੌਹ ਪੀਓ, ਗੁੜ ਖਾਓ, ਤਿਲ ਚੱਬੋ। ਗਾਜਰਾਂ ਮੂਲੀਆਂ ਛਕਦਿਆਂ ਨਾਲ ਕਦੇ ਗੋਂਗਲੂ ਵੀ ਕਾਬੂ ਆ ਜਾਂਦੇ ਸਨ। ਸ਼ਹਿਰੋਂ ਲੰਘਦਿਆਂ ਭੂਆ-ਮਾਸੀਆਂ ਬੱਚਿਆਂ ਲਈ ਕੇਲੇ ਲੈ ਆਉਂਦੀਆਂ। ਆਦਮੀ ਧੀ -ਭੈਣ ਦੇ ਘਰ ਜਾਣ ਵੇਲੇ ਜਾਂ ਕੁੜਮਾਚਾਰੀ ਵਿਚ ਠੁੱਕ ਬਣਾਉਣ ਵਾਸਤੇ ਸੇਬ, ਕੇਲੇ, ਅੰਗੂਰ ਤੇ ਲੁਕਾਠ ਖਰੀਦ ਲਿਆਉਂਦੇ। ਇਹੋ ਜਿਹੇ ਵੇਲੇ ਕਦੇ ਕਦੇ ਹੀ ਆਉਂਦੇ। ਚੀਕੂ ਬਹੁਤ ਬਾਅਦ ’ਚ ਦਿੱਸਣ ਲੱਗਾ। ਕੇਲੇ ਖਰੀਦਣ ਲੱਗਿਆਂ ਕਿਸੇ ਔਰਤ ਨੇ ਪੁੱਛਿਆ, ਭਾਈ ਉਹ ਕੀ ਆ ਆਲੂ ਜਿਹੇ? ਪੇਂਡੂ ਜਿਹੀ ਜਾਪਦੀ ਵੇਖ ਦੁਕਾਨਦਾਰ ਕਹਿੰਦਾ, ਬੀਬੀ ਇਹ ਨਹੀਂ ਤੇਰੇ ਕੰਮ ਦੇ। ਔਰਤ ਕਹਿੰਦੀ: ਮਰ ਜਾਣਿਆਂ ਇਹਦਾ ਨਾਂ ਦੱਸਦਿਆਂ ਤੇਰਾ ਜ਼ੋਰ ਲੱਗਦਾ ਭਲਾ? ਗਲੋਂ ਲਾਹੁਣ ਵਾਲੀ ਭਾਵਨਾ ਨਾਲ ਕਹਿੰਦਾ: ਇਹ ਚੀਕੂ ਹੈ, ਸ਼ਹਿਰੀਏ ਖਾਂਦੇ ਨੇ ਤੈਨੂੰ ਨਹੀਂ ਪੁੱਗਣੇ। ਵਿਆਹਾਂ ਸ਼ਾਦੀਆਂ ’ਤੇ ਹੁਣ ਡਰੈਗਨ ਫਰੂਟ ਤੇ ਆਸਟ੍ਰੇਲੀਆ ਤੋਂ ਆਉਂਦੀ ਕਿਵੀ ਵਰਤਾਈ ਜਾਣ ਲੱਗੀ ਹੈ। ਪਿਛਲੇ ਤਿੰਨ ਚਾਰ ਸਾਲਾਂ ਤੋਂ ਵੱਡੀਆਂ ਦੁਕਾਨਾਂ ’ਤੇ ਇਕ ਹੋਰ ਫਲ ਦਿਸਣ ਲੱਗ ਪਿਆ ਹੈ। ਪਹਿਲਾਂ ਲੋਕਾਂ ਨੇ ਉਸ ਦਾ ਨਾਮ ਯੂ ਟਿਊਬ ’ਤੇ ਪੜਿ੍ਹਆ। ਫਿਰ ਦੁਕਾਨਾਂ ’ਤੇ ਪੁੱਛ ਪੜਤਾਲ ਕੀਤੀ। ਪਤਾ ਲੱਗਾ ਕਿ ਇਹ ਆਵਾਕਾਡੋ ਹੈ। 2013 ਵਿੱਚ ਮੈਂ ਜਦੋਂ ਨਾਰਵੇ ਗਈ ਤਾਂ ਉਥੇ ਇਹ ਫਲ ਖਾਣ ਦਾ ਮੌਕਾ ਮਿਲਿਆ। ਇਹ ਫਲ ਸਿਰਫ ਨਾਸ਼ਤੇ ਜਾਂ ਸਲਾਦ ਲਈ ਵਰਤਿਆ ਜਾਂਦਾ ਹੈ। ਇਹ ਫਲ ਨਾ ਮਿੱਠਾ ਹੁੰਦਾ ਨਾ ਖੱਟਾ, ਨਾ ਹੀ ਕੌੜਾ ਕੁਸੈਲਾ। ਉੱਬਲੇ ਹੋਏ ਅੰਡੇ ’ਚ ਜਿਵੇਂ ਜ਼ਰਦੀ ਟਿਕੀ ਹੁੰਦੀ ਹੈ ਬਿਲਕੁਲ ਉਸੇ ਹੀ ਤਰ੍ਹਾਂ ਆਵਾਕਾਡੋ ਵਿੱਚ ਔਲੇ ਜਿੰਨੀ ਵੱਡੀ ਸਾਰੀ ਗੋਲ ਗਿੱਟਕ ਟਿਕੀ ਹੁੰਦੀ ਹੈ। ਇਸ ਫਲ ਨੂੰ ਕੱਟਣਾ ਤੇ ਉਸ ਦੇ ਦੋ ਹਿੱਸੇ ਕਰਨੇ ਬੜੇ ਆਸਾਨ ਹੁੰਦੇ ਹਨ। ਮੱਖਣ ਵਰਗੇ ਮੁਲਾਇਮ ਗੁੱਦੇ ਨੂੰ ਆਈਸਕ੍ਰੀਮ ਵਾਂਗੂ ਵੀ ਖਾਧਾ ਜਾ ਸਕਦਾ ਹੈ। ਅੱਧੇ ਹਦਵਾਣੇ ਵਰਗਾ ਟੋਪੀਨੁਮਾ ਛਿਲਕਾ ਬਚਦਾ ਹੈ। ਹੁਣ ਤਾਂ ਪੰਜਾਬ ਦੇ ਮੱਧਵਰਗੀ ਪਰਿਵਾਰ ਵੀ ਖਰੀਦਣ ਲੱਗ ਪਏ ਹਨ। ਇੱਕ ਦਾਣਾ ਦੋ ਢਾਈ ਸੌ ਰੁਪਏ ਦਾ ਵਿਕਦਾ ਹੈ। ਪ੍ਰੋਟੀਨ ਨਾਲ ਭਰਪੂਰ ਇਹ ਫਲ ਮੈਕਸੀਕੋ ਤੋਂ ਆਉਂਦਾ ਹੈ ਪਰ ਹੁਣ ਇਸ ਦੀ ਖੇਤੀ ਭਾਰਤ ਵਿੱਚ ਵੀ ਹੋਣ ਲੱਗ ਪਈ ਹੈ।
ਪੰਜਾਬ ਦੀਆਂ ਵੱਡੀਆਂ ਸੜਕਾਂ ਦੇ ਸੱਜੇ ਖੱਬੇ ਰੁੱਤ ਦੇ ਮੁਤਾਬਿਕ ਹਦਵਾਣਿਆਂ ਦੇ ਢੇਰ ਲੱਗੇ ਹੁੰਦੇ ਸਨ। ਸਿਆਲ ਵਿੱਚ ਕਿੰਨੂਆਂ ਦੇ ਦੜੇ ਲੱਗ ਜਾਣੇ। ਕੁਝ ਸਾਲਾਂ ਤੋਂ ਪੰਜਾਬ ਵਿੱਚ ਬਿਲਕੁਲ ਇਸੇ ਤਰ੍ਹਾਂ ਦੇ ਢੇਰ ਕੱਚੇ ਨਾਰੀਅਲ ਦੇ ਲੱਗਣ ਤੇ ਵਿਕਣ ਲੱਗ ਪਏ ਹਨ। ਸਕੂਟਰ ਕਾਰਾਂ ਰੋਕ ਰੋਕ ਕੇ ਲੋਕ ਨਾਰੀਅਲ ਦਾ ਪਾਣੀ ਪੀਣ ਲੱਗ ਪਏ ਹਨ । ਕਈ ਬੰਦੇ ਇੱਕ ਦਿਨ ਵਿੱਚ ਤਿੰਨ ਤਿੰਨ ਵਾਰੀ ਨਾਰੀਅਲ ਪਾਣੀ ਪੀ ਜਾਂਦੇ ਹਨ। ਡਾਕਟਰ ਅਕਸਰ ਹੀ ਮਰੀਜ਼ ਨੂੰ ਨਾਰੀਅਲ ਪਾਣੀ ਪੀਣ ਦੀ ਸਿਫਾਰਸ਼ ਕਰਨ ਲੱਗ ਪਏ ਹਨ। ਸੱਠ ਰੁਪਏ ਦਾ ਨਾਰੀਅਲ ਪਾਣੀ ਮਿਲਦਾ ਹੈ। ਪੈਸੇ ਦੀ ਬਹੁਤਾਤ ਹੋਣ ਕਰਕੇ ਲੋਕਾਂ ਨੂੰ ਇਹ ਮਹਿੰਗਾ ਵੀ ਨਹੀਂ ਲੱਗਦਾ। ਆਪਣੇ ਘਰ ਦਿਆਂ ਬੂਟਿਆਂ ਦਾ ਫਲ ਭਾਵੇਂ ਰੱਜ ਰੱਜ ਖਾਧਾ ਹੈ ਪਰ ਫਿਰ ਵੀ ਮੈਂ ਮਾਡਰਨ ਲੋਕਾਂ ਵਾਂਗ ਫਰੂਟ ਨੂੰ ਆਪਣੀ ਡਾਈਟ ਦਾ ਹਿੱਸਾ ਨਹੀਂ ਬਣਾ ਸਕੀ। ਪਿਛਲੀ ਸਦੀ ਦੇ ਆਖਰੀ ਦਹਾਕੇ ਵਿਚ ਫਲਾਂ ਨੂੰ ਆਰਟੀਫੀਸ਼ੀਅਲ ਤਰੀਕੇ ਨਾਲ ਰੰਗੀਨ ਬਣਾਉਣਾ ਜਾਂ ਆਕਾਰ ਵਧਾਉਣ ਵਾਸਤੇ ਟੀਕੇ ਲਾਉਣੇ, ਕੱਚੇ ਫਲ ਨੂੰ ਰਾਤੋ ਰਾਤ ਪੱਕਿਆਂ ਕਰਕੇ ਮਾਰਕੀਟ ਵਿੱਚ ਭੇਜਣ ਲਈ ਉਹਨਾਂ ਨੂੰ ਖਤਰਨਾਕ ਰਸਾਇਣਾਂ ਵਿੱਚ ਡੁਬੋਣ, ਰੰਗਣ ਅਤੇ ਮੋਮ ਦੀ ਪਰਤ ਚੜ੍ਹਾ ਕੇ ਫਲ ਨੂੰ ਚਮਕਦਾਰ ਬਣਾਏ ਜਾਣ ਆਦਿ ਦੀਆਂ ਖ਼ਬਰਾਂ ਆਉਣ ਲੱਗ ਪਈਆਂ ਸਨ। ਸੋ ਆਪਣੇ ਤਾਂ ਮਨੋਂ ਹੀ ਲੱਥ ਗਏ। ਬੱਚਿਆਂ ਵਾਸਤੇ ਸਾਰਾ ਕੁਝ ਖਰੀਦਦੀ ਰਹੀ ਆਂ ਪਰ ਬੜੇ ਇਹਤਿਆਤ ਨਾਲ ਵਰਤਦੀ ਰਹੀ ਹਾਂ। ਆਪਣੇ ਤਜਰਬੇ ਦੇ ਆਧਾਰ ’ਤੇ ਕਹਿ ਸਕਦੀ ਆਂ ਕਿ ਦਾਲ ਰੋਟੀ ,ਚਾਹ ਪਰੌਂਠੀ ਖਾ ਕੇ ਪ੍ਰਭੂ ਦੇ ਗੁਣ ਗਾਉਣ ਵਿਚ ਹੀ ਭਲਾ ਹੈ। ਮਹਿੰਗੇ ਭਾਅ ਖਰੀਦ ਕੇ ਮਿੱਠਾ ਜ਼ਹਿਰ ਕਿਉਂ ਖਾਈਏ? ਸਿਆਣਿਆਂ ਨੇ ਇਹਨਾਂ ਫਲ ਸਬਜ਼ੀਆਂ ਨੂੰ ਰੁੱਤ ਰੁੱਤ ਦੇ ਮੇਵੇ ਆਖਿਆ ਹੈ। ਇਹਨਾਂ ਦੀ ਬੇਮੌਸਮੀਂ ਵਰਤੋਂ ਮਨ ਤਨ ਨੂੰ ਰੋਗੀ ਬਣਾ ਸਕਦੀ ਹੈ। ਬਰਸਾਤਾਂ ਵਿਚ ਗੰਨੇ ਦਾ ਰਸ , ਸਿਆਲ ਵਿਚ ਅੰਬ ਫਾਇਦੇ ਦੀ ਥਾਂ ਨੁਕਸਾਨ ਪਹੁੰਚਾ ਸਕਦੇ ਹਨ। ਲੋੜੋਂ ਵੱਧ ਖਾਧੇ ਅੰਬ, ਖਜੂਰਾਂ, ਬਦਾਮ , ਕਾਜੂ ਮਿਹਦੇ ਦੀ ਗਰਮੀ ਵਧਾ ਸਕਦੇ ਹਨ। ਪੁਰਾਣੇ ਵੇਲਿਆਂ ਵਿਚ ਲੋਕ ਸਾਦਾ ਭੋਜਨ ਖਾ ਕੇ ਦੇਹ ਤੋੜ ਕੇ ਕੰਮ ਕਰਿਆ ਕਰਦੇ ਸਨ ਤੇ ਕਦੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਸੀ ਪੈਂਦੀ। ਹੁਣ ਵਿਆਹਾਂ ਦੀਆਂ ਭਾਜੀਆਂ ਵੀ ਬਦਾਮਾਂ, ਅਖਰੋਟਾਂ ਦੀਆਂ ਗਿਰੀਆਂ, ਕਾਜੂ ਤੇ ਕਿਸ਼ਮਿਸ਼ ਦੇ ਭਰੇ ਡੱਬਿਆਂ ਦੇ ਰੂਪ ਵਿੱਚ ਵੰਡੀਆਂ ਜਾਂਦੀਆਂ ਹਨ। ਮਹਿੰਗਾ, ਬਹੁਤਾ, ਬੇਮੌਸਮੀ ਅਤੇ ਬੇਲੋੜਾ ਖਾ ਖਾ ਕੇ ਰੋਗੀ ਹੋਣ ਵਾਲਿਆਂ ਨਾਲ ਹਸਪਤਾਲ ਭਰੇ ਹੋਏ ਹਨ। ਜੇ ਸਰੀਰਕ ਕੰਮ ਨਹੀਂ ਕਰਨੇ ਤਾਂ ਇਹ ‘ਜਿਤੁ ਖਾਧੈ ਤਨੁ ਪੀੜੀਐ’ ਵਾਲੀ ਬਾਤ ਹੈ।
ਸੰਪਰਕ: 98781-09063

