DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੋਭਾ ਸਿੰਘ ਵੱਲੋਂ ਚਿੱਤਰਿਆ ਸਾਕਾ ਸਰਹਿੰਦ

ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਦੀ ਸ਼ਹਾਦਤ ਸਿੱਖ ਸਮਾਜ ਅੰਦਰ ਆਪਣੇ ਪ੍ਰਤੀ ਸਤਿਕਾਰ ਉਪਜਾਉਣ ਦੇ ਨਾਲ ਨਾਲ ਇਸ ਨੂੰ ਪ੍ਰੇਰਿਤ ਵੀ ਕਰਦੀ ਆ ਰਹੀ ਹੈ। ਇਹ ਸਾਕਾ ਹਰ ਉਸ ਸ਼ਖ਼ਸ ਨੂੰ ਹੈਰਾਨ ਕਰ ਸਕਦਾ ਹੈ ਜਦੋਂ...

  • fb
  • twitter
  • whatsapp
  • whatsapp
Advertisement

ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਦੀ ਸ਼ਹਾਦਤ ਸਿੱਖ ਸਮਾਜ ਅੰਦਰ ਆਪਣੇ ਪ੍ਰਤੀ ਸਤਿਕਾਰ ਉਪਜਾਉਣ ਦੇ ਨਾਲ ਨਾਲ ਇਸ ਨੂੰ ਪ੍ਰੇਰਿਤ ਵੀ ਕਰਦੀ ਆ ਰਹੀ ਹੈ। ਇਹ ਸਾਕਾ ਹਰ ਉਸ ਸ਼ਖ਼ਸ ਨੂੰ ਹੈਰਾਨ ਕਰ ਸਕਦਾ ਹੈ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਸ਼ਹੀਦ ਹੋਣ ਵੇਲੇ ਇਨ੍ਹਾਂ ਦੋਵੇਂ ਭਰਾਵਾਂ ਦੀ ਉਮਰ ਨੌਂ ਸਾਲ ਅਤੇ ਸੱਤ ਸਾਲ ਸੀ। ਜ਼ਾਲਮ ਸਾਹਮਣੇ ਆਪਣੀ ਅਣਖ ਕਾਇਮ ਰੱਖਣੀ ਸਾਧਾਰਨ ਵਰਤਾਰਾ ਨਹੀਂ, ਪਰ ਇਨ੍ਹਾਂ ਯੋਧਿਆਂ ਅਜਿਹਾ ਕਰ ਦਿਖਾਇਆ।

ਸਾਹਿਤ ਰਚਨਾ ਤੋਂ ਇਲਾਵਾ ਚਿੱਤਰ ਰਚਨਾ ਨੇ ਵੀ ਇਸ ਇਤਿਹਾਸ ਨੂੰ ਆਪੋ-ਆਪਣੇ ਅੰਦਾਜ਼ ਵਿੱਚ ਦਰਜ ਕੀਤਾ ਹੈ। ਅਜੋਕੇ ਸਮੇਂ ਏਦਾਂ ਦੇ ਕਈ ਦ੍ਰਿਸ਼ ਦੇਖਣ ਨੂੰ ਮਿਲ ਜਾਂਦੇ ਹਨ, ਜਿਨ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕੈਨਵਸ ਉੱਪਰ ਸਾਕਾਰ ਕੀਤਾ ਹੈ। ਇਨ੍ਹਾਂ ਵਿੱਚੋਂ ਹੀ ਇੱਕ ਰਚਨਾ ਸੋਭਾ ਸਿੰਘ ਦੀ ਹੈ। ਇਸ ਨੂੰ ਕਦੋਂ ਬਣਾਇਆ ਗਿਆ ਜਾਂ ਇਸ ਦਾ ਆਕਾਰ ਕੀ ਹੈ, ਕੁਝ ਪਤਾ ਨਹੀਂ ਲੱਗਾ। ਅਸੀਂ ਤਸਵੀਰ ਦੇ ਆਧਾਰ ਉੱਪਰ ਆਪਣੀ ਗੱਲ ਕਰਾਂਗੇ।

Advertisement

ਹਾਕਮ ਧਿਰ ਆਪਣੀ ਤਾਕਤ ਅਨੁਸਾਰ ਰਾਜ ਕਰਦੀ ਹੈ। ਵਿਚਾਰ ਵੀ ਉਸੇ ਅਨੁਰੂਪ ਬਦਲੇ ਤੇ ਬਦਲਵਾਏ ਜਾਂਦੇ ਹਨ।

Advertisement

ਗੁਰੂ ਨਾਨਕ ਦੇਵ ਜੀ ਨੇ ਜਿਸ ਸਿੱਖ ਧਰਮ ਦੀ ਨੀਂਹ ਰੱਖੀ, ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਉਸ ਨੂੰ ਮਜ਼ਬੂਤੀ ਦਿੱਤੀ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਉਸੇ ਰਾਹ ਦੇ ਸਫ਼ਰ ਦੀ ਸਾਖੀ ਹੈ।

ਸਿੱਖ ਇਤਿਹਾਸ ਵਿੱਚ ਪੋਹ ਮਹੀਨੇ ਦਾ ਖ਼ਾਸ ਮਹੱਤਵ ਹੈ। ਆਨੰਦਗੜ੍ਹ ਕਿਲ੍ਹੇ ’ਚ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖਾਂ ਦਾ ਟਿਕਾਣਾ ਸੀ। ਪਹਾੜੀ ਰਾਜਿਆਂ ਨੇ ਮੁਗ਼ਲ ਸੈਨਾ ਨਾਲ ਰਲ ਕੇ ਇਸ ਨੂੰ ਘੇਰਿਆ ਹੋਇਆ ਸੀ। ਘੇਰੇ ਕਾਰਨ ਕਿਲ੍ਹੇ ਅੰਦਰ ਰਸਦ ਦੀ ਕਮੀ ਮਹਿਸੂਸ ਹੋਣ ਲੱਗੀ। ਕੁਝ ਸਿੱਖਾਂ ਨੇ ਮਾਤਾ ਗੁਜਰੀ ਜੀ ਤੱਕ ਪਹੁੰਚ ਕੀਤੀ ਕਿ ਕਿਸੇ ਤਰ੍ਹਾਂ ਇੱਥੋਂ ਬਾਹਰ ਨਿਕਲਣ ਦਾ ਉਪਾਅ ਕੀਤਾ ਜਾਏ। ਮੁਗ਼ਲ ਸੈਨਾ ਨੇ ਵਾਅਦਾ ਕੀਤਾ ਕਿ ਜੇਕਰ ਕਿਲ੍ਹਾ ਖ਼ਾਲੀ ਕਰ ਦਿੱਤਾ ਜਾਂਦਾ ਹੈ ਤਾਂ ਸਿੱਖਾਂ ’ਤੇ ਹਮਲਾ ਨਹੀਂ ਕੀਤਾ ਜਾਵੇਗਾ। ਜਦੋਂ ਗੁਰੂ ਸਾਹਿਬ ਆਪਣੇ ਪਰਿਵਾਰ ਅਤੇ ਸਿੱਖਾਂ ਸਮੇਤ ਸਰਸਾ ਨਦੀ ਪਾਰ ਰਹੇ ਸਨ ਤਾਂ ਮੁਗ਼ਲ ਫ਼ੌਜ ਨੇ ਹਮਲਾ ਕਰ ਦਿੱਤਾ। ਇਸ ਕਾਰਨ ਮਾਤਾ ਗੁਜਰੀ ਜੀ ਅਤੇ ਨਿੱਕੇ ਸਾਹਿਬਜ਼ਾਦੇ ਬਾਕੀਆਂ ਤੋਂ ਵਿਛੜ ਗਏ। ਪੋਹ ਦੀ ਉਸ ਰਾਤ ਤਿੰਨੋਂ ਜਣੇ ਰਾਹ ਟੋਹ-ਟੋਹ ਕੇ ਅੱਗੇ ਵਧ ਰਹੇ ਸਨ। ਤਦੇ ਉਨ੍ਹਾਂ ਨੂੰ ਗੁਰੂ-ਘਰ ਦਾ ਰਸੋਈਆ ਗੰਗੂ ਮਿਲ ਗਿਆ। ਉਹ ਤਿੰਨਾਂ ਨੂੰ ਆਪਣੇ ਘਰ ਲੈ ਗਿਆ। ਮਾਤਾ ਗੁਜਰੀ ਜੀ ਨੇ ਖ਼ੁਦ ਨੂੰ ਅਤੇ ਬੱਚਿਆਂ ਨੂੰ ਸੁਰੱਖਿਅਤ ਮਹਿਸੂਸ ਕੀਤਾ। ਇਸੇ ਸਦਕਾ ਉਸ ਨਾਲ ਸਾਰੀਆਂ ਗੱਲਾਂ ਦੇ ਭੇਤ ਸਾਂਝੇ ਕਰ ਲਏ। ਗੰਗੂ ਨੂੰ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੇ ਆਪਣੇ ਪਰਿਵਾਰ ਤੋਂ ਵਿਛੜਨ ਬਾਰੇ ਪਤਾ ਲੱਗ ਗਿਆ। ਇਸ ਤੋਂ ਇਲਾਵਾ ਮਾਤਾ ਜੀ ਪਾਸ ਸੋਨੇ ਦੀਆਂ ਮੋਹਰਾਂ ਨੇ ਉਸ ਨੂੰ ਲੋਭ-ਲਾਲਚ ਵੱਲ ਧੱਕ ਦਿੱਤਾ। ਰਾਤ ਨੂੰ ਉਸ ਨੇ ਸਾਰੀ ਮੋਹਰਾਂ ਚੋਰੀ ਕਰ ਲਈਆਂ। ਇਸ ਦੇ ਨਾਲ-ਨਾਲ ਮੋਰਿੰਡੇ ਦੇ ਕੋਤਵਾਲ ਨੂੰ ਗੁਰੂਘਰ ਦੇ ਪਰਿਵਾਰਕ ਜੀਆਂ ਦੇ ਆਪਣੇ ਘਰ ਹੋਣ ਦੀ ਖ਼ਬਰ ਵੀ ਦੇ ਦਿੱਤੀ। ਇਉਂ ਪੋਹ ਦੀ ਨੌਂ ਤਾਰੀਖ਼ ਨੂੰ ਤਿੰਨਾਂ ਨੂੰ ਸੂਬਾ ਸਰਹਿੰਦ ਵਜ਼ੀਰ ਖ਼ਾਨ ਦੇ ਹਵਾਲੇ ਕਰ ਦਿੱਤਾ ਗਿਆ।

ਇਹ ਬਿਰਤਾਂਤ ਅਤੇ ਇਸ ਤੋਂ ਅਗਲਾ ਘਟਨਾ ਚੱਕਰ ਸਿੱਖ ਸਮਾਜ ਦੀ ਰੱਤ ਵਿੱਚ ਰਚਿਆ-ਮਿਚਿਆ ਹੈ।

ਚਿੱਤਰਕਾਰ ਸੋਭਾ ਸਿੰਘ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲਾ ਦ੍ਰਿਸ਼ ਕੈਨਵਸ ’ਤੇ ਚਿਤਰਿਆ ਤਾਂ ਉਸ ਦਾ ਮਨ ਲਾਜ਼ਮੀ ਇਸ ਬਿਰਤਾਂਤ ਦਾ ਅਨੁਸਰਣ ਕਰ ਰਿਹਾ ਹੋਵੇਗਾ। ਸੋਭਾ ਸਿੰਘ ਵੱਲੋਂ ਚਿਤਰੇ ਦ੍ਰਿਸ਼ ਵਿੱਚ ਕੁੱਲ ਅੱਠ ਕਿਰਦਾਰ ਹਨ। ਕੋਈ ਵੀ ਇੱਕ ਦੂਜੇ ਜਿਹਾ ਨਹੀਂ, ਸਿਵਾਏ ਛੋਟੇ ਸਾਹਿਬਜ਼ਾਦਿਆਂ ਦੇ। ਹਰੇਕ ਕਿਰਦਾਰ ਹਿੱਸੇ ਆਏ ਕੰਮ ਦੀ ਬਿਰਤੀ ਇੱਕੋ ਜਿਹੀ ਨਹੀਂ ਅਤੇ ਨਾ ਹੀ ਕੋਈ ਇੱਕ ਦੂਜੇ ਦੇ ਕੰਮ ਵਿੱਚ ਦਖਲ ਦੇ ਰਿਹਾ ਹੈ। ਪ੍ਰਤੀਤ ਹੁੰਦਾ ਹੈ ਕਿ ਉੱਪਰੋਂ ਹੋਇਆ ਹੁਕਮ ਨਿਰਵਿਘਨਤਾ ਨਾਲ ਪੂਰਾ ਕੀਤਾ ਜਾ ਰਿਹਾ ਹੈ।

ਇਹ ਦ੍ਰਿਸ਼ ਅਣਦਿਸਦੇ ਹਾਕਮ ਦੇ ਹੁਕਮ ਦਾ ਦਿਸਦਾ ਰੂਪ ਹੈ, ਜਿਹੜਾ ਸੁਖਾਤਮਕ ਨਹੀਂ। ਤਸਵੀਰ ਦੇ ਫਰੇਮ ਅੰਦਰ ਕੁੱਲ ਅੱਠ ਸਰੀਰ ਹਨ। ਇੱਥੇ ਭਿੰਨਤਾ ਦਾ ਦਖ਼ਲ ਵੱਧ ਲੱਗ ਸਕਦਾ ਹੈ ਪਰ ਇਹ ਸਾਰਾ ਤਸਵੀਰ ਦੀ ਲੋੜ ਅਨੁਸਾਰ ਹੈ। ਆਮ ਤੌਰ ’ਤੇ ਤਸਵੀਰ ਦਾ ਕੋਈ ਕੇਂਦਰੀ ਬਿੰਦੂ ਹੁੰਦਾ ਹੈ ਜਾਂ ਕੋਈ ਕੇਂਦਰੀ ਗਤੀਵਿਧੀ ਹੁੰਦੀ ਹੈ ਜਿਸ ਨੂੰ ਧਿਆਨ ਵਿੱਚ ਰੱਖ ਕੇ ਚਿੱਤਰਕਾਰ ਭੂਤਕਾਲ, ਵਰਤਮਾਨ ਅਤੇ ਭਵਿੱਖੀ ਸਥਿਤੀ ਬਾਰੇ ਗੱਲ ਕਰਦਾ ਹੈ। ਇੱਥੇ ਤਸਵੀਰ ਦੀ ਕੇਂਦਰੀ ਖਿੱਚ ਛੋਟੇ ਸਾਹਿਬਜ਼ਾਦੇ ਹਨ। ਉਹ ਖੜ੍ਹੇ ਹਨ। ਉਨ੍ਹਾਂ ਦੁਆਲੇ ਪੱਕੀਆਂ ਇੱਟਾਂ ਦੀ ਕੰਧ ਉਸਾਰੀ ਜਾ ਰਹੀ ਹੈ।

ਕਾਜ਼ੀ ਆਪਣਾ ਦੁਵੱਲਾ ਜ਼ੋਰ ਲਾ ਰਿਹਾ ਹੈ। ਇੱਕ ਪਾਸੇ ਉਹ ਦੋਵਾਂ ਸਾਹਿਬਜ਼ਾਦਿਆਂ ਨੂੰ ਇਸਲਾਮ ਧਰਮ ਵੱਲ ਆਉਣ ਲਈ ਕਹਿ ਰਿਹਾ ਹੈ। ਪਹਿਲਾਂ ਉਨ੍ਹਾਂ ਨੂੰ ਸੰਸਾਰਕ ਸੁੱਖਾਂ ਦਾ ਲਾਲਚ ਦਿੱਤਾ ਗਿਆ ਸੀ। ਹੁਣ ਉਨ੍ਹਾਂ ਨੂੰ ਮੌਤ ਦਾ ਭੈਅ ਦਿੱਤਾ ਜਾ ਰਿਹਾ ਹੈ, ਜਿਹੜੀ ਪਲੋ-ਪਲੀ ਉਨ੍ਹਾਂ ਦੇ ਕਰੀਬ ਹੋ ਰਹੀ ਹੈ। ਇਸ ਦੇ ਬਾਵਜੂਦ ਉਹ ਅਟਲ, ਸਿੱਧੇ ਖੜ੍ਹੇ ਹਨ। ਉਹ ਕਿਸੇ ਨਾਲ ਕੋਈ ਸੰਵਾਦ ਨਹੀਂ ਰਚਾ ਰਹੇ। ਉਨ੍ਹਾਂ ਦੀ ਸਿੱਧੀ ਦ੍ਰਿਸ਼ਟੀ ਇਹੋ ਦੱਸ ਰਹੀ ਹੈ ਕਿ ਉਹ ਭੈਅ-ਮੁਕਤ ਹਨ, ਤਾਹੀਓਂ ਕਿਸੇ ਸੰਸਾਰੀ ਵੱਲ ਦੇਖਿਆ ਨਹੀਂ ਜਾ ਰਿਹਾ, ਗੱਲਬਾਤ ਤਾਂ ਦੂਰ ਦੀ ਗੱਲ ਹੈ।

ਸੋਭਾ ਸਿੰਘ ਨੇ ਜਿਸ ਪਿੱਠਭੂਮੀ ਨੂੰ ਆਧਾਰ ਬਣਾ ਕੇ ਤਸਵੀਰ ਰਚੀ ਹੈ, ਉਹ ਮੰਨਣਯੋਗ ਨਹੀਂ। ਆਮ ਤੌਰ ’ਤੇ ਹਾਕਮ ਜਮਾਤ ਆਪਣੇ ਦੋਖੀ ਨੂੰ ਮਾਰਨ ਲਈ ਖੁੱਲ੍ਹੀ ਥਾਂ ਨੂੰ ਚੁਣਦੀ ਰਹੀ ਹੈ ਪਰ ਇੱਥੇ ਇਮਾਰਤਾਂ ਦਾ ਘੜਮੱਸ ਹੈ। ਲੱਗਦਾ ਹੈ ਸਾਹਿਬਜ਼ਾਦਿਆਂ ਨੂੰ ਦੁਆਲੇ ਦੀ ਖ਼ਲਕਤ ਤੋਂ ਲੁਕਾਅ ਕੇ ਮਾਰਿਆ ਜਾ ਰਿਹਾ ਹੈ। ਇਹ ਚਿੱਤਰਕਾਰ ਦੀ ਆਪਣੀ ਕਲਪਨਾ ਹੋ ਸਕਦੀ ਹੈ।

ਕਾਜ਼ੀ ਦੀ ਪਿੱਠ ਪਿੱਛੇ ਦੋ ਹੋਰ ਕਿਰਦਾਰ ਅਚੰਭਿਤ ਮੁਦਰਾ ਵਿੱਚ ਖੜ੍ਹੇ ਹਨ। ਸੰਭਵ ਹੈ ਇਨ੍ਹਾਂ ਦੀਆਂ ਕੁਚਾਲਾਂ ਕਰ ਕੇ ਸਥਿਤੀ ਇੱਥੋਂ ਤੱਕ ਪਹੁੰਚੀ ਹੋਵੇ। ਇਨ੍ਹਾਂ ਦੀ ਇੱਛਾ ਅਨੁਸਾਰ ਸਥਿਤੀ ਨਾ ਬਦਲਣ ਨੇ ਇਨ੍ਹਾਂ ਦੇ ਸਰੀਰਕ ਹਾਵ-ਭਾਵ ਬਦਲ ਦਿੱਤੇ ਹਨ।

ਠੀਕ ਏਦਾਂ ਹੀ ਸਾਹਿਬਜ਼ਾਦਿਆਂ ਦੇ ਪਿੱਛੇ ਸਿਆਹ ਦੇਹ ਵਾਲਾ ਨੰਗ-ਧੜੰਗਾ ਜੱਲਾਦ ਹੱਥ ’ਚ ਤਲਵਾਰ ਲਈ ਖੜ੍ਹਾ ਹੈ। ਉਹ ਵੀ ਸਥਿਰ ਮੁਦਰਾ ਵਿੱਚ ਹੈ। ਇਸ ਦਾ ਕੰਮ ਬੇਰਹਿਮ ਹੋ ਕੇ ਦੋਖੀ ਨੂੰ ਮਾਰਨਾ ਹੈ। ਜਦੋਂ ਕੰਧ ਬਾਲਾਂ ਦੇ ਮੋਢਿਆਂ ਤੱਕ ਪਹੁੰਚੇਗੀ ਤਾਂ ਦੋਵਾਂ ਦੇ ਸਿਰ ਧੜਾਂ ਤੋਂ ਵੱਖ ਕਰ ਦਿੱਤੇ ਜਾਣਗੇ।

ਜਿਵੇਂ ਪਹਿਲਾਂ ਬਿਆਨਿਆ ਹੈ ਕਿ ਚਿੱਤਰ ਦੀ ਕੇਂਦਰੀ ਇਕਾਈ ਬਾਬਾ ਫ਼ਤਹਿ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਹਨ। ਉਮਰ ਵਿੱਚ ਛੋਟੇ ਹੋਣ ਦੇ ਬਾਵਜੂਦ ਆਪਣੀ ਸੋਚ ਅਤੇ ਵਿਸ਼ਵਾਸ ਨੂੰ ਪਰਣਾਏ ਉਹ ਵਿਲੱਖਣ ਹਨ। ਚਿੱਤਰਕਾਰ ਅਤੇ ਸਿੱਖ ਸਮਾਜ ਦੇ ਉਹ ਆਦਰਸ਼ ਹਨ। ਇਸੇ ਕਾਰਨ ਉਨ੍ਹਾਂ ਨੂੰ ਵੱਖਰੇ ਅੰਦਾਜ਼ ਵਿੱਚ ਸਾਕਾਰਿਆ ਗਿਆ ਹੈ।

ਉਨ੍ਹਾਂ ਨੇ ਹਰੇ ਚੋਲੇ ਉੱਪਰ ਲਾਲ ਰੰਗ ਦੇ ਕਮਰਕੱਸੇ ਸਜਾਏ ਹੋਏ ਹਨ। ਸਿਰ ਪੀਲੀਆਂ ਦਸਤਾਰਾਂ ਦੁਆਲੇ ਲੋਹ ਚੱਕਰ ਹਨ। ਉਹ ਬਾਲ ਉਮਰ ਦੇ ਹਨ ਪਰ ਕਲਗੀਆਂ ਉਨ੍ਹਾਂ ਦੀ ਵੱਖਰੀ ਹੋਂਦ ਦਰਸਾ ਰਹੀਆਂ ਹਨ। ਸਿਰਾਂ ਪਿੱਛੇ ਦਿਸਦਾ ਆਭਾ ਮੰਡਲ ਉਨ੍ਹਾਂ ਨੂੰ ਦੂਸਰਿਆਂ ਤੋਂ ਪੂਰੀ ਤਰ੍ਹਾਂ ਵਖਰਿਆ ਰਿਹਾ ਹੈ। ਇਹ ਚਿੰਨ੍ਹ ਅਵਤਾਰੀ ਪੁਰਖ ਦੇ ਸਿਰ ਦੁਆਲੇ ਹੀ ਬਣਾਇਆ ਜਾਂਦਾ ਹੈ। ਦੋਵੇਂ ਭਰਾ ਅਸਤਰਾਂ-ਸ਼ਸਤਰਾਂ ਨਾਲ ਲੈਸ ਹਨ। ਚਿੱਤਰਕਾਰ ਆਪਣੇ ਆਦਰਸ਼ ਕਿਰਦਾਰਾਂ ਨੂੰ ਉੱਤਮ ਰੂਪ ਵਿੱਚ ਦਰਸਾਉਣਾ ਚਾਹੁੰਦਾ ਹੈ।

ਆਦਰਸ਼ ਕਿਰਦਾਰ ਅੰਦਰੋਂ-ਬਾਹਰੋਂ ਇਕਾਗਰ ਹੁੰਦੇ ਹਨ। ਸੰਸਾਰਕ ਸੁੱਖ-ਦੁੱਖ ਦਰਮਿਆਨ ਉਹ ਅਡੋਲ ਰਹਿੰਦੇ ਹਨ। ਇਹ ਜਾਣਦਿਆਂ ਹੋਇਆਂ ਵੀ ਕਿ ਉਨ੍ਹਾਂ ਨੂੰ ਅਗਲੇ ਆਉਣ ਵਾਲੇ ਪਲਾਂ ਵਿੱਚ ਸ਼ਹੀਦ ਕਰ ਦਿੱਤਾ ਜਾਵੇਗਾ। ਉਹ ਆਪਣੀ ਥਾਂ ਥਿਰ ਹਨ ਜਦੋਂਕਿ ਦੁਆਲੇ ਦੇ ਲੋਕ ਉਨ੍ਹਾਂ ਦੀ ਅਡੋਲਤਾ ਦੇਖ ਕੇ ਡੋਲ ਰਹੇ ਹਨ।

ਚਿੱਤਰ ਦੀ ਸੰਰਚਨਾ ਹਟਵੀਂ ਜਿਹੀ ਲਗਦੀ ਹੈ। ਲਗਦਾ ਹੈ ਕਿ ਚਿੱਤਰਕਾਰ ਵਸਤੂ-ਸਥਿਤੀ ਬਹੁਤ ਨੇੜਿਓਂ ਹੋ ਕੇ ਦੇਖ, ਬਣਾ ਅਤੇ ਦਿਖਾ ਰਿਹਾ ਹੈ। ਨਜ਼ਰ ਆ ਰਹੀ ਉਸਾਰੀ ਵਿਆਪਕ ਹੈ, ਮਜ਼ਬੂਤ ਵੀ ਹੈ ਜਿਹੜੀ ਵੇਲੇ ਦੀ ਸਥਿਤੀ ਦਾ ਬਦਲਵਾਂ ਰੂਪ ਹੈ। ਸਾਰੀ ਉਸਾਰੀ ਲਾਲ ਜਾਂ ਭੂਰੇ ਰੰਗ ਦੇ ਪੱਥਰ ਦੀ ਲਗਦੀ ਹੈ। ਇਸ ਦਾ ਭਾਰੀਪਣ ਚਿੱਤਰ ਦੇ ਦੂਸਰੇ ਅੰਗਾਂ ਨੂੰ ਦਬਾਉਂਦਾ ਹੈ। ਸੰਭਵ ਹੈ ਚਿੱਤਰਕਾਰ ਦਾ ਮੰਤਵ ਅਜਿਹੀਆਂ ਮਜ਼ਬੂਤ ਭਾਰੀਆਂ ਇਮਾਰਤਾਂ ਚਿਤਰ ਕੇ ਮੁਗਲ ਹਕੂਮਤ ਦੀ ਜਨਤਾ ’ਤੇ ਪਕੜ ਅਤੇ ਮਜ਼ਬੂਤ ਸ਼ਾਸਨ ਪ੍ਰਬੰਧ ਨੂੰ ਦਰਸਾਉਣਾ ਹੋਵੇ।

ਇਸ ਚਿੱਤਰ ਵਿਚਲੀ ਲੋਅ ਦਾ ਪ੍ਰਬੰਧ ਅਤੇ ਛਾਂ-ਪਰਛਾਵਾਂ ਵਿਲੱਖਣ ਹੈ, ਜਿਹੜਾ ਨੇਮ ਅਨੁਸਾਰੀ ਨਹੀਂ ਸਗੋਂ ਚਿੱਤਰਕਾਰ ਦੀ ਇੱਛਾ ਅਨੁਸਾਰ ਚਲਦਾ ਲਗਦਾ ਹੈ। ਸੂਰਜ ਦੀ ਰੌਸ਼ਨੀ ਲਾਗਲੀ ਕਿਸੇ ਇਮਾਰਤ ਉੱਪਰੋਂ ਆ ਕੇ ਉਸ ਥਾਂ ਨੂੰ ਪ੍ਰਕਾਸ਼ਿਤ ਕਰ ਰਹੀ ਹੈ, ਜਿੱਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ।

ਚਿੱਤਰਕਾਰ ਆਪਣੀ ਰਚਨਾ ਨੂੰ ਸਥਿਤੀ ਦੇ ਅੰਤਲੇ ਪੜਾਅ ਤੋਂ ਉਰ੍ਹੇ-ਉਰ੍ਹੇ ਹੀ ਦਿਖਾਉਂਦਾ ਹੈ, ਜਦੋਂਕਿ ਬਿਰਤਾਂਤ ਦੀ ਮੌਜੂਦਗੀ ਇਸ ਸਥਿਤੀ ਤੋਂ ਪਹਿਲਾਂ ਵੀ ਸੀ ਅਤੇ ਉਹ ਬਾਅਦ ਵਿੱਚ ਵੀ ਜਾਰੀ ਰਹਿੰਦੀ ਹੈ। ਚਿੱਤਰ ਤੋਂ ਬਾਅਦ ਵਾਲੀ ਸਥਿਤੀ ਦੁਖਦਾਈ ਹੈ। ਉਸਾਰੀ ਜਾ ਰਹੀ ਕੰਧ ਜਦੋਂ ਸਾਹਿਬਜ਼ਾਦਿਆਂ ਦੇ ਮੋਢਿਆਂ ਤਕ ਅੱਪੜਦੀ ਹੈ ਤਾਂ ਡਿੱਗ ਪੈਂਦੀ ਹੈ। ਸੱਟਾਂ ਨਾ ਸਹਾਰਦੇ ਹੋਏ ਉਹ ਬੇਹੋਸ਼ ਹੋ ਜਾਂਦੇ ਹਨ। ਇਸ ਵੇਲੇ ਕਾਜ਼ੀ ਹੁਕਮ ਦਿੰਦਾ ਹੈ ਕਿ ਦੋਵਾਂ ਨੂੰ ਜਿਬਾਹ ਕੀਤਾ ਜਾਵੇ। ਸਮਾਣੇ ਦੇ ਦੋ ਜੱਲਾਦ ਸੱਯਦ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਵੱਲੋਂ ਦੋਵਾਂ ਨੂੰ ਆਪਣੇ ਗੋਡਿਆਂ ਥੱਲੇ ਲੈ ਕੇ ਉਨ੍ਹਾਂ ਦੇ ਸੀਨਿਆਂ ਵਿੱਚ ਖੰਜਰ ਖੋਭਣ ਉਪਰੰਤ ਹੌਲੀ-ਹੌਲੀ ਜਿਬਾਹ ਕੀਤਾ ਜਾਂਦਾ ਹੈ। ਮਾਤਾ ਗੁਜਰੀ ਜੀ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਬਤ ਪਤਾ ਲੱਗਦਾ ਹੈ ਤਾਂ ਉਹ ਵੀ ਪ੍ਰਾਣ ਤਿਆਗ ਦਿੰਦੇ ਹਨ।

ਤਿੰਨੇ ਜਣਿਆਂ ਨੂੰ ਹਿਰਾਸਤ ਸਮੇਂ ਖਾਣ-ਪੀਣ ਨੂੰ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਸੀ। ਸਖ਼ਤ ਪਹਿਰੇ ਦੇ ਬਾਵਜੂਦ ਮੋਤੀ ਰਾਮ ਮਹਿਰਾ ਦੁੱਧ ਪਾਣੀ ਦੀ ਸੇਵਾ ਕਰਦਾ ਰਿਹਾ। ਹਾਕਮ ਧਿਰ ਨੂੰ ਇਸ ਦਾ ਪਤਾ ਲੱਗਿਆ ਤਾਂ ਉਸ ਦੇ ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਦਿੱਤਾ ਗਿਆ।

ਵਜ਼ੀਰ ਖਾਨ ਦੀ ਬੇਗਮ ਜ਼ੈਨਾ ਨੂੰ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪਤਾ ਲੱਗਿਆ ਤਾਂ ਘਰ ਪਹੁੰਚੇ ਖਾਵੰਦ ਦਾ ਲਿਬਾਸ ਪਾੜ ਦਿੱਤਾ। ਛੇਕੜ ਆਪਣੇ ਸੀਨੇ ਵਿੱਚ ਖੰਜਰ ਖੋਭ ਲਿਆ। ਸੂਬਾ ਸਰਹਿੰਦ ਨੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦਾ ਸਸਕਾਰ ਕਰਨ ਵਾਸਤੇ ਥਾਂ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਤਾਂ ਉਸ ਵੇਲੇ ਸਰਹਿੰਦ ਦਾ ਅਹਿਲਕਾਰ ਪਰ ਗੁਰੂਘਰ ਦਾ ਸ਼ਰਧਾਲੂ ਦੀਵਾਨ ਟੋਡਰ ਮੱਲ ਸਾਹਮਣੇ ਆਇਆ। ਉਸ ਨੇ ਖੜ੍ਹੀਆਂ ਸੋਨੇ ਦੀਆਂ ਅਸ਼ਰਫ਼ੀਆਂ ਰੱਖ ਸਸਕਾਰ ਲਈ ਜ਼ਮੀਨ ਖਰੀਦੀ। ਉਸੇ ਥਾਂ ਉੱਪਰ ਅੱਜਕੱਲ੍ਹ ਗੁਰਦੁਆਰਾ ਜੋਤੀ ਸਰੂਪ ਸੁਸ਼ੋਭਿਤ ਹੈ।

ਸੰਪਰਕ: 98990-91186

Advertisement
×