ਤਵੇ ’ਤੇ ਫੁੱਲਦੀ ਰੋਟੀ ਅਤੇ ਅੰਮ੍ਰਿਤਾ ਪ੍ਰੀਤਮ
ਸਾਹਿਤ ਤੇ ਮਨੋਵਿਗਿਆਨ ਵਿਚ ਪਰੂਸਟ ਵਰਤਾਰੇ (ਫਿਨੌਮਨਾ) ਜਾਂ ਪਰੂਸਟ ਸਿਮਰਤੀ (ਮੈਮਰੀ) ਦਾ ਜ਼ਿਕਰ ਆਉਂਦਾ ਹੈ। ਇਕ ਦਿਨ ਕੀ ਹੋਇਆ ਕਿ ਫ਼ਰਾਂਸੀਸੀ ਲਿਖਾਰੀ ਮਾਰਸਲ ਪਰੂਸਟ (1871-1922) ਕਿਸੇ ਰੈਸਟੋਰੈਂਟ ਵਿਚ ਬੈਠਾ ਮੈਡਲਿਨ ਕੇਕ ਖਾਂਦਾ ਸੀ ਕਿ ਇਹਦੀ ਮਹਿਕ ਤੇ ਮਿਠਾਸ ਨੇ ਇਹਨੂੰ...
ਸਾਹਿਤ ਤੇ ਮਨੋਵਿਗਿਆਨ ਵਿਚ ਪਰੂਸਟ ਵਰਤਾਰੇ (ਫਿਨੌਮਨਾ) ਜਾਂ ਪਰੂਸਟ ਸਿਮਰਤੀ (ਮੈਮਰੀ) ਦਾ ਜ਼ਿਕਰ ਆਉਂਦਾ ਹੈ। ਇਕ ਦਿਨ ਕੀ ਹੋਇਆ ਕਿ ਫ਼ਰਾਂਸੀਸੀ ਲਿਖਾਰੀ ਮਾਰਸਲ ਪਰੂਸਟ (1871-1922) ਕਿਸੇ ਰੈਸਟੋਰੈਂਟ ਵਿਚ ਬੈਠਾ ਮੈਡਲਿਨ ਕੇਕ ਖਾਂਦਾ ਸੀ ਕਿ ਇਹਦੀ ਮਹਿਕ ਤੇ ਮਿਠਾਸ ਨੇ ਇਹਨੂੰ ਇਕਦਮ ਇਹਦੇ ਬਚਪਨ ਦੀਆਂ ਵਿਸਰੀਆਂ ਯਾਦਾਂ ਨਾਲ਼ ਜੋੜ ਦਿੱਤਾ। ਵਿਸਰੀਆਂ ਤਾਂ ਕੀ ਮੁੜ ਕਦੇ ਆਈਆਂ ਹੀ ਨਹੀਂ ਸਨ। ਸਿਮਰਤੀ ਜਾਗਣ ਤੋਂ ਬਾਅਦ ਇਹਨੇ ਇੱਕੋ ਸਾਹੇ ਸੱਤ ਸੈਂਚੀਆਂ ਵਾਲ਼ਾ ਲੰਮਾ ਨਾਵਲ ਲਿਖ ਘੱਤਿਆ। ਇਹ 1913 ਵਿਚ ਛਪਿਆ ਤੇ ਦੁਨੀਆ ਭਰ ਵਿਚ ਮਸ਼ਹੂਰ ਹੋਇਆ। ਇਸ ਨਾਵਲ ਦਾ ਅੰਗਰੇਜ਼ੀ ਵਿਚ ਨਾਂ ਹੈ - ‘ਇਨ ਸਰਚ ਆੱਵ ਲੌਸਟ ਟਾਈਮ’ ਯਾਨੀ ਗੁਆਚੇ ਵੇਲੇ ਦੀ ਤਲਾਸ਼।
ਪਰੂਸਟ ਨੇ ਮੈਡਲਿਨ ਕੇਕ ਰਾਹੀਂ ਸੋਚ ਕੇ ਤੇ ਅਣਸੋਚੀਆਂ ਆਪ-ਮੁਹਾਰੇ ਆਈਆਂ ਸਿਮਰਤੀਆਂ ਦਾ ਫ਼ਰਕ ਇੰਜ ਸਮਝਾਇਆ ਕਿ ਹੋਈਆਂ ਘਟਨਾਵਾਂ, ਲੋਕਾਂ ਤੇ ਥਾਵਾਂ ਨੂੰ ਸੋਚ-ਸਮਝ ਕੇ ਯਾਦ ਕਰਨ ਵਿਚ ਅਕਲ (ਇੰਟੈਲੀਜੈਂਸ) ਦਾ ਦਖ਼ਲ ਹੁੰਦਾ ਹੈ। ਨਾਵਲ ਦਾ ਪਾਤਰ ਹਿਰਖਦਾ ਹੈ ਕਿ ਇਸ ਕਿਸਮ ਦੀਆਂ ਯਾਦਾਂ ਅਧੂਰੀਆਂ ਹੁੰਦੀਆਂ ਹਨ ਤੇ ਇਨ੍ਹਾਂ ਵਿਚ ਬੀਤੇ ਵੇਲੇ ਦਾ ਸਾਰਤੱਤ ਨਹੀਂ ਹੁੰਦਾ। ਜਦਕਿ ਮੈਡਲਿਨ ਕੇਕ ਦੀ ਮਹਿਕ ਤੇ ਮਿਠਾਸ ਚੱਖ ਕੇ ਆਈ ਆਪ-ਮੁਹਾਰੀ ਯਾਦ ਅਸਲ ਬਾਤ ਹੁੰਦੀ ਹੈ। ਬੰਦੇ ਨੂੰ ਭੁੱਲੀਆਂ-ਵਿਸਰੀਆਂ ਗੱਲਾਂ ਅਚਾਨਕ ਕਿਸੇ ਖਿਣਮਾਤ੍ਰ ਦੀ ਤੱਕਣੀ, ਰੰਗ, ਸੁਗੰਧ, ਛੁਹ, ਰਸਨਾ ਨਾਲ਼ ਯਾਦ ਆਉਂਦੀਆਂ ਹਨ। ਬੰਦਾ ਝੂਣਿਆ ਜਾਂਦਾ ਹੈ; ਹੈਰਾਨ ਹੁੰਦਾ ਹੈ - ਰੱਬ ਜੀ, ਇਹ ਕੀ ਹੋਇਆ? ਇਹ ਤਾਂ ਮੈਨੂੰ ਚੇਤੇ ਈ ਨਾ ਸੀ।
* * *
ਕੁਝ ਚਿਰ ਪਹਿਲਾਂ ਮੈਂ ਦੂਰ-ਵਸੇਂਦੀ ਮਨਪ੍ਰੀਤ ਸਹੋਤਾ ਨਾਲ਼ ਵੀਡੀਓ-ਵਾਰਤਾ ਕਰਦਾ ਸੀ। ਇਹ ਰਸੋਈ ਵਿਚ ਖਲੀ ਰੋਟੀਆਂ ਲਾਹ ਰਹੀ ਸੀ। ਅੱਖਾਂ ਏਨੀ ਦੂਰ ਪੱਕਦੇ ਆਟੇ ਦੀ ਮਹਿਕ ਸੁੰਘ ਰਹੀਆਂ ਸਨ। ਪੇੜਾ ਕਰਦੀਆਂ ਕਲਾਈਆਂ ਕੱਜੀਆਂ ਨਹੀਂ ਸਨ। ਲਿਸ਼ਕਾਰਾ ਹੋਇਆ। ਸਾਹਮਣੇ ਅੰਮ੍ਰਿਤਾ ਪ੍ਰੀਤਮ ਖਲੀ ਸੀ। ਅਪਣੇ ਘਰ ਦੀ ਰਸੋਈ ਵਿਚ ਮੇਰੇ ਲਈ ਤੇ ਪਾਸ਼ ਲਈ ਰੋਟੀਆਂ ਲਾਹ ਰਹੀ ਹੈ। ਸੰਨ 1974 ਦਾ ਸਾਲ ਹੈ। ਮੈਂ ਜੇਲ੍ਹ ਕੱਟ ਕੇ ਆਇਆ ਅਪਣੇ ਸੱਜਣਾਂ ਨੂੰ ਲੱਭ-ਲੱਭ ਮਿਲ਼ਦਾ ਸੀ। ਮੈਂ ਦਿੱਲੀ ਜਾਣਾ ਸੀ; ਨਾਲ਼ ਪਾਸ਼ ਵੀ ਹੋ ਲਿਆ। ਅੰਮ੍ਰਿਤਾ ਦੇ ਦਰਸ਼ਨ ਵੀ ਕਰਨੇ ਸੀ। ਬੀਬੀ ਸਾਨੂੰ ਦੋਹਵਾਂ ਨੂੰ ਬੜੇ ਚਾਅ ਨਾਲ਼ ਮਿਲ਼ੀ। ਫੇਰ ‘ਤੁਹਾਨੂੰ ਭੁੱਖ ਲੱਗੀ ਹੋਣੀ ਏਂ’ ਆਖ ਕੇ ਸਾਡੇ ਵਾਸਤੇ ਰੋਟੀ ਬਣਾਉਣ ਲੱਗੀ। ਅਸੀਂ ਰਸੋਈ ’ਚ ਹੀ ਬੈਠੇ ਖਾਣ ਲੱਗੇ। ਨਾਲ਼ ਦੇ ਕਮਰੇ ਵਿਚ ਬਲਵੰਤ ਗਾਰਗੀ ਦੁਪਹਿਰ ਦਾ ਠੌਂਕਾ ਲਾ ਰਿਹਾ ਸੀ। ਰੋਟੀ ਖਵਾ ਕੇ ਅੰੰਮ੍ਰਿਤਾ ਸਾਨੂੰ ਅਪਣੇ ਘਰ ਦੇ ਕੋਲ਼ ਹੌਜ਼ ਬਾਗ਼ ਦੀ ਸੈਰ ਕਰਾਉਣ ਲੈ ਗਈ। ਨਾਲ਼ ਇੰਦਰਜੀਤ ਇਮਰੋਜ਼ ਵੀ ਸੀ। ਬਾਗ਼ ਵਿਚ ਘਾਹ ’ਤੇ ਬੈਠਿਆਂ ਮੈਂ ਦੱਸਿਆ ਕਿ ਮੇਰੇ ਪਿਤਾ ਲਾਹੌਰ ਜਾਂਦੇ ਤਾਂ ਅੰਮ੍ਰਿਤਾ ਦੇ ਪਿਤਾ ਹਿਤਕਾਰੀ ਜੀ ਨੂੰ ਮਿਲ਼ਦੇ ਹੁੰਦੇ ਸਨ। ਇਨ੍ਹਾਂ ਮੈਨੂੰ ਚਾਅ ਨਾਲ਼ ਦੱਸਣਾ ਕਿ ਮੈਂਂ ਅੰਮ੍ਰਿਤਾ ਨੂੰ ਨਿੱਕੀ ਹੁੰਦੀ ਨੂੰ ਕੁੱਛੜ ਚੁੱਕ ਕੇ ਖਿਡਾਇਆ ਸੀ।
* * *
ਮਨਪ੍ਰੀਤ ਦੀ ਕਲਾਈ ਤੇ ਆਟੇ ਦੀ ਮਹਿਕ ਤੋਂ ਮੈਨੂੰ ਅੰੰਮ੍ਰਿਤਾ ਦੀ ਗੋਭਲੀ ਪਿਆਰੀ ਗੋਲ਼-ਮਟੋਲ਼ ਕਲਾਈ ਯਾਦ ਆ ਗਈ। ਦੇਖ ਕੇ ਕੋਈ ਦੱਸ ਨਾ ਸਕੇ, ਕਿਹੜੀ ਕਲਾਈ ਕਿਹਦੀ ਹੈ। ਪਿਆਰ ਨਾਲ਼ ਗੁੰਨ੍ਹਿਆ ਆਟਾ, ਰੋਟੀ ਦੀ ਭਾਫ, ਸਰੀਰਾਂ ਦੀ ਮਹਿਕ। ਮੈਂ ਹੈਰਾਨ ਕਿ ਪੰਜਾਹ ਸਾਲ ਹੋ ਗਏ, ਕਦੇ ਮੈਨੂੰ ਅੰਮ੍ਰਿਤਾ ਦੀ ਪੱਕੀਆਂ ਰੋਟੀਆਂ ਯਾਦ ਹੀ ਨਹੀਂ ਸੀ ਆਈਆਂ। ਅੱਜ ਕੀ ਕੌਤਕ ਵਰਤ ਗਿਆ? ਪ੍ਰਕ੍ਰਿਤੀ ਦਾ, ਸਿਮਰਤੀ ਦਾ, ਰਿਜ਼ਕ ਦਾ ਕ੍ਰਿਸ਼ਮਾ।
ਤਵੇ ’ਤੇ ਫੁੱਲਦੀਆਂ ਰੋਟੀਆਂ ਦੇਖ ਮਨਪ੍ਰੀਤ ਤੇ ਅੰਮ੍ਰਿਤਾ ਦੀਆਂ ਬਾਹਵਾਂ ਤੇ ਨਾਲ਼ ਮੇਰੀ ਤੇ ਪਾਸ਼ ਦੀ ਸਿਮਰਤੀ ਗੂੜ੍ਹੀ ਹੋ ਗਈ ਹੈ।

