ਯਾਂਗ ਸ਼ੁਆਂਗ-ਜ਼ੀ ਦੀਆਂ ਰੁਮਾਨੀ ਯਾਦਾਂ
ਦੁਨੀਆ ਭਰ ਦੇ ਸਾਹਿਤ ਨੂੰ ਅਨੁਵਾਦ ਰਾਹੀਂ ਵਿਆਪਕ ਰੂਪ ਵਿੱਚ ਵਿਸ਼ਵ ਮੰਚ ’ਤੇ ਪਛਾਣ ਦਿਵਾਉਣ ਵਾਲਾ ਸਾਹਿਤ ਦਾ ਵੱਕਾਰੀ ਬੁੱਕਰ ਪੁਰਸਕਾਰ ਇਸ ਵਾਰ ਰੁਮਾਨੀ ਤੇ ਰੋਮਾਂਚਕ ਸਫ਼ਰ ਤੇ ਅਨੁਭਵ ਨਾਲ ਭਰਪੂਰ ਯਾਦਾਂ ’ਤੇ ਆਧਾਰਿਤ ਨਾਵਲ ‘ਤਾਇਵਾਨ ਟਰੈਵਲੌਗ’ ਲਈ ਤਾਇਵਾਨੀ ਲੇਖਿਕਾ...
ਦੁਨੀਆ ਭਰ ਦੇ ਸਾਹਿਤ ਨੂੰ ਅਨੁਵਾਦ ਰਾਹੀਂ ਵਿਆਪਕ ਰੂਪ ਵਿੱਚ ਵਿਸ਼ਵ ਮੰਚ ’ਤੇ ਪਛਾਣ ਦਿਵਾਉਣ ਵਾਲਾ ਸਾਹਿਤ ਦਾ ਵੱਕਾਰੀ ਬੁੱਕਰ ਪੁਰਸਕਾਰ ਇਸ ਵਾਰ ਰੁਮਾਨੀ ਤੇ ਰੋਮਾਂਚਕ ਸਫ਼ਰ ਤੇ ਅਨੁਭਵ ਨਾਲ ਭਰਪੂਰ ਯਾਦਾਂ ’ਤੇ ਆਧਾਰਿਤ ਨਾਵਲ ‘ਤਾਇਵਾਨ ਟਰੈਵਲੌਗ’ ਲਈ ਤਾਇਵਾਨੀ ਲੇਖਿਕਾ ਯਾਂਗ ਸ਼ੁਆਂਗ-ਜ਼ੀ ਨੂੰ ਦਿੱਤਾ ਗਿਆ ਹੈ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਬੋਲੀ ਜਾਣ ਵਾਲੀ ਭਾਸ਼ਾ ਮੈਂਡਰਿਨ ਚੀਨੀ ਵਿੱਚ ਲਿਖੇ ਗਏ ਕਿਸੇ ਨਾਵਲ ਦੇ ਅਨੁਵਾਦ ਨੂੰ ਪਹਿਲੀ ਵਾਰ ਬੁੱਕਰ ਨਾਲ ਨਿਵਾਜਿਆ ਗਿਆ ਹੈ।
ਪਹਿਲੀ ਵਾਰ ਸਾਲ 2020 ’ਚ ਪ੍ਰਕਾਸ਼ਿਤ ਹੋਏ ਇਸ ਮੈਂਡਰਿਨ ਚੀਨੀ ਨਾਵਲ ਦਾ ਅੰਗਰੇਜ਼ੀ ਵਿੱਚ ਅਨੁਵਾਦ ਲਿਨ ਕਿੰਗ ਨੇ ਕੀਤਾ, ਜੋ ਸਾਲ 2025 ਵਿੱਚ ਛਪਿਆ। ਨੌਜਵਾਨ ਤਾਇਵਾਨੀ ਲੇਖਿਕਾ ਯਾਂਗ ਸ਼ੁਆਂਗ-ਜ਼ੀ ਦੇ ਇਸ ਨਾਵਲ ਦੀ ਪਿੱਠਭੂਮੀ 1930ਵਿਆਂ ਦਾ ਤਾਇਵਾਨ ਹੈ, ਜਦੋਂ ਇਹ ਜਾਪਾਨੀ ਕਬਜ਼ੇ ਹੇਠ ਸੀ। ਦਰਅਸਲ, ਇਨਸਾਨ ਆਪਣੀਆਂ ਯਾਦਾਂ ਤੇ ਰੋਮਾਂਚ ਵਿੱਚ ਜ਼ਿੰਦਾ ਰਹਿੰਦਾ ਹੈ ਤੇ ਉਸੇ ਸਵਾਦ ਦੀ ਪਰਿਕਰਮਾ ਵਿੱਚ ਇੱਕ ਨਵਾਂ ਸੰਸਾਰ ਸਿਰਜਦਾ ਹੈ। ਉਸ ਦੇ ਇਸ ਨਾਵਲ ਨੂੰ ਪੜ੍ਹਦਿਆਂ ਇਹ ਗੱਲ ਹਰ ਸ਼ਬਦ ’ਚੋਂ ਪ੍ਰਤੀਤ ਹੁੰਦੀ ਹੈ।
ਪੁਰਸਕਾਰ ਮਿਲਣ ਮਗਰੋਂ ਯਾਂਗ ਸ਼ੁਆਂਗ-ਜ਼ੀ ਨੇ ਕਿਹਾ ਕਿ ਇਹ ਉਸ ਸਵਾਦ ਦੇ ਰੋਮਾਂਚ ਦੀ ਯਾਤਰਾ ਦਾ ਮਿਲਿਆ ਇੱਕ ਵੱਡਾ ਪੁਰਸਕਾਰ ਹੈ, ਜਿਸ ਵਿੱਚ ਇਨਸਾਨ ਆਪਣੀ ਸਹਿਜ ਪ੍ਰਵਿਰਤੀ ਨਾਲ ਆਪਣੇ ਖਾਣੇ ਦੇ ਸਵਾਦ ਨਾਲ ਕਿਸੇ ਥਾਂ ਦੀ ਯਾਤਰਾ ਕਰਦਾ ਹੈ। ਦਰਅਸਲ, ਮੈਂ ਇਤਿਹਾਸ ਨੂੰ ਵਰਤਮਾਨ ਨਾਲ ਜੋੜ ਕੇ ਅੱਜ ਦੀਆਂ ਘਟਨਾਵਾਂ ਨਾਲ ਇਨਸਾਨ ਦੇ ਰੋਮਾਂਚ ਤੇ ਰੋਮਾਂਸ ਨੂੰ ਪੇਸ਼ ਕੀਤਾ ਹੈ ਅਤੇ ਇਸ ਨਾਵਲ ਦੀ ਪਿੱਠਭੂਮੀ ਵਿੱਚ ਸੱਭਿਅਤਾਵਾਂ ਦੇ ਰੋਮਾਂਸ ਤੇ ਜਾਦੂਈ ਸੁਆਦ ਦੇ ਵਿਲੱਖਣ ਨਜ਼ਰੀਏ ਨੇ ਹੀ ਇਹ ਪੁਰਸਕਾਰ ਦਿਵਾਇਆ ਹੈ। ਭਾਸ਼ਾ ਦੇ ਪੱਖ ਤੋਂ ਵੀ ‘ਤਾਇਵਾਨ ਟਰੈਵਲੌਗ’ ਯਾਂਗ ਸ਼ੁਆਂਗ-ਜ਼ੀ ਦਾ ਭਾਵਪੂਰਤ ਨਾਵਲ ਹੈ। ਇਹ ਜਪਾਨੀ ਲੇਖਕ ਆਓਯਾਮਾ ਚਿਜ਼ੂਕੋ ਦੀ ਤਾਇਵਾਨ ਯਾਤਰਾ ਅਤੇ ਉਸ ਦੇ ਅਨੁਵਾਦਕ ਤੇ ਸਹਾਇਕ ਵਜੋਂ ਵਿਚਰਦੀ ਤਾਇਵਾਨੀ ਔਰਤ ਓ ਚਿਜ਼ੂਰੂ ਨਾਲ ਸਬੰਧਾਂ ਦਾ ਵਰਣਨ ਕਰਦਾ ਹੈ। ਇਹ ਨਾਵਲ ਪਾਤਰ ਚਿਜ਼ੂਕੋ ਦੀ ਯਾਤਰਾ ਤੇ ਯਾਦਾਂ ਦਾ ਬਿਰਤਾਂਤ ਹੈ। ‘ਤਾਇਵਾਨ ਟਰੈਵਲੌਗ’ ਨੇ ਸਾਲ 2024 ਵਿੱਚ ਅਨੁਵਾਦਿਤ ਸਾਹਿਤ ਲਈ ਯੂ ਐੱਸ ਨੈਸ਼ਨਲ ਬੁੱਕ ਐਵਾਰਡ ਜਿੱਤਿਆ। ਇਹ ਪੁਰਸਕਾਰ ਜਿੱਤਣ ਵਾਲੀ ਇਹ ਪਹਿਲੀ ਤਾਇਵਾਨੀ ਕਿਤਾਬ ਹੈ। ਹੁਣ 2026 ਵਿੱਚ ਇਸ ਨੇ ਕੌਮਾਂਤਰੀ ਬੁੱਕਰ ਪੁਰਸਕਾਰ ਜਿੱਤਿਆ ਹੈ। ਜ਼ਿਕਰਯੋਗ ਹੈ ਕਿ ਸੰਨ 1938 ਵਿੱਚ ਤਾਇਵਾਨ ਦੀ ਰਾਸ਼ਟਰੀ ਭਾਸ਼ਾ ਜਪਾਨੀ ਸੀ। ਤਾਇਵਾਨੀ ਲੋਕ ਘਰ ਵਿੱਚ ਹੋਕੀਅਨ, ਹੱਕਾ ਜਾਂ ਆਦਿਵਾਸੀ ਭਾਸ਼ਾਵਾਂ ਬੋਲਦੇ ਸਨ ਅਤੇ ਸਕੂਲਾਂ ਤੇ ਕੰਮਕਾਜੀ ਸਥਾਨਾਂ ਵਿੱਚ ਜਪਾਨੀ। ਯਾਂਗ ਸ਼ੁਆਂਗ-ਜ਼ੀ ਦਾ ਜਨਮ 10 ਜੁਲਾਈ 1984 ਨੂੰ ਤਾਇਵਾਨ ਦੇ ਤਾਇਚੁੰਗ ਵਿੱਚ ਹੋਇਆ। ਉਸ ਦਾ ਮੁੱਢਲਾ ਜੀਵਨ ਪੇਂਡੂ ਇਲਾਕੇ ਵਿੱਚ ਗੁਜ਼ਰਿਆ ਅਤੇ ਉਸ ਨੇ ਮੁੱਢਲੀ ਸਿੱਖਿਆ ਵੀ ਇੱੱਥੇ ਹੀ ਹਾਸਿਲ ਕੀਤੀ। ਆਪਣੇ ਬਚਪਨ ਵਿੱਚ ਉਹ ਚੀਨ ਨਾਲ ਜੁੜੀ ਮਹਿਸੂਸ ਕਰਦੀ ਸੀ। ਉਸ ਨੇ ਨੈਸ਼ਨਲ ਚੁੰਗ ਹਸਿੰਗ ਯੂਨੀਵਰਸਿਟੀ ਤੋਂ ਚੀਨੀ ਸਾਹਿਤ ਵਿੱਚ ਡਿਗਰੀ ਪ੍ਰਾਪਤ ਕਰਨ ਤੋਂ ਥੋੜ੍ਹੀ ਦੇਰ ਬਾਅਦ ਵਾਈਲਡ ਸਟ੍ਰਾਬੈਰੀ ਮੂਵਮੈਂਟ ਵਿੱਚ ਹਿੱਸਾ ਲਿਆ, ਜੋ ਚੀਨੀ ਸਿਆਸਤਦਾਨ ਚੇਨ ਯੂਨਲਿਨ ਦੀ ਸਾਲ 2008 ਦੀ ਤਾਇਵਾਨ ਫੇਰੀ ਦਾ ਵਿਰੋਧ ਕਰਨ ਲਈ ਕੀਤਾ ਗਿਆ ਰੋਸ ਪ੍ਰਦਰਸ਼ਨ ਸੀ।
ਯਾਂਗ ਨੇ ਆਪਣੀਆਂ ਯਾਦਾਂ ਵਿੱਚ ਲਿਖਿਆ ਹੈ ਕਿ ਇਸ ਨੇ ਮੈਨੂੰ ਸੋਚਣ ਲਈ ਮਜਬੂਰ ਕੀਤਾ ਕਿ ਮੈਂ ਉਸ ਧਰਤੀ ਤੋਂ ਇੰਨੀ ਅਣਜਾਣ ਕਿਉਂ ਸੀ ਜਿੱਥੇ ਮੇਰਾ ਪਾਲਣ-ਪੋੋਸ਼ਣ ਹੋਇਆ। ਇਸ ਵਿਰੋਧ ਨੇ ਯਾਂਗ ਨੂੰ ਤਾਇਵਾਨੀ ਸਾਹਿਤ ਵਿੱਚ ਮਾਸਟਰਜ਼ ਡਿਗਰੀ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ, ਜੋ ਉਸ ਨੇ 2012 ਵਿੱਚ ਪੂਰੀ ਕੀਤੀ। ਪੋਸਟ ਗ੍ਰੈਜੂਏਸ਼ਨ ਦੌਰਾਨ ਯਾਂਗ ਨੇ ਆਪਣੀ ਪਛਾਣ ਪੂਰੀ ਤਰ੍ਹਾਂ ਤਾਇਵਾਨੀ ਵਜੋਂ ਕਰਨ ਸ਼ੁਰੂ ਕਰ ਦਿੱਤੀ। ਯਾਂਗ ਨੇ ਬਾਅਦ ਵਿੱਚ ਕਿਹਾ, ‘‘2014 ਦੇ ਵਿਦਿਆਰਥੀ ਅੰਦੋਲਨ ਨੇ ਮੈਨੂੰ ਇਹ ਅਹਿਸਾਸ ਕਰਵਾਇਆ ਕਿ ਤਾਇਵਾਨ ਨੂੰ ਚੀਨ ਤੋਂ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨੇ ਮੈਨੂੰ ਤਾਇਵਾਨ ਲਈ ਅਜਿਹੇ ਦ੍ਰਿਸ਼ਟੀਕੋਣ ਤੋਂ ਲਿਖਣ ਲਈ ਪ੍ਰੇਰਿਤ ਕੀਤਾ, ਜੋ ਸਿਰਫ਼ ਮੈਂ ਹੀ ਦੇਖ ਸਕਦੀ ਹਾਂ।’’
ਆਪਣੀ ਸ਼ੁਰੂਆਤੀ ਪੇਸ਼ੇਵਰ ਜ਼ਿੰਦਗੀ ਵਿੱਚ ਯਾਂਗ ਨੇ ਵੀਡੀਓ ਗੇਮਾਂ ਲਈ ਗਲਪ, ਲੇਖ ਅਤੇ ਸਕ੍ਰਿਪਟ ਵੀ ਲਿਖੀ। ਸਾਲ 2020 ਵਿੱਚ ਲਿਖੀ ਉਸ ਦੀ ਪੁਸਤਕ ‘ਤਾਇਵਾਨ ਟਰੈਵਲੌਗ’ ਨੇ ਸਾਲ 2021 ਵਿੱਚ ਤਾਇਵਾਨ ਦਾ ਗੋਲਡਨ ਟ੍ਰਾਈਪੌਡ ਐਵਾਰਡ ਜਿੱਤਿਆ। ਇਸ ਕਿਤਾਬ ਦਾ ਬਾਅਦ ਵਿੱਚ ਜਪਾਨੀ ਵਿੱਚ ਅਨੁਵਾਦ ਹੋਇਆ, ਜੋ ਚੂਓਕੁਰੋਨ-ਸ਼ਿੰਸ਼ਾ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ। ਜਪਾਨੀ ਅਨੁਵਾਦ ਨੇ ਬਾਅਦ ਵਿੱਚ 2024 ਵਿੱਚ ਜਪਾਨ ਦਾ ਸਰਵੋਤਮ ਅਨੁਵਾਦ ਪੁਰਸਕਾਰ ਜਿੱਤਿਆ। ਯਾਂਗ ਨੂੰ ਬੁੱਕਰ ਪੁਰਸਕਾਰ ਮਿਲਣ ਦਾ ਅਰਥ ਇਹ ਹੈ ਕਿ ਹੁਣ ਦੁਨੀਆ ਭਰ ਵਿੱਚ ਮੈਂਡਰਿਨ ਚੀਨੀ ਭਾਸ਼ਾ ਵਿੱਚ ਲਿਖੇ ਸਾਹਿਤ ਨੂੰ ਵੀ ਅਨੁਵਾਦ ਰਾਹੀਂ ਮਾਨਤਾ ਮਿਲਣ ਲੱਗੀ ਹੈ। ਹਾਲਾਂਕਿ ਯਾਂਗ ਨੂੰ ਦੁਨੀਆ ਵਿੱਚ ਬਹੁਤ ਘੱਟ ਲੋਕ ਜਾਣਦੇ ਹਨ, ਪਰ ਅੰਗਰੇਜ਼ੀ ਅਨੁਵਾਦ ਸਦਕਾ ਉਸ ਦੇ ਪਾਠਕਾਂ ਦਾ ਘੇਰਾ ਬਹੁਤ ਵਿਸ਼ਾਲ ਹੋ ਗਿਆ ਹੈ। ਅੱਜ ਭਾਰਤ ਵਿੱਚ ਵੀ ਉਸ ਦੀਆਂ ਕਿਤਾਬਾਂ ਨੂੰ ਪੜ੍ਹਿਆ ਜਾ ਰਿਹਾ ਹੈ। ਆਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦੁਨੀਆ ਦੀਆਂ ਹੋਰ ਭਾਸ਼ਾਵਾਂ ਵਿੱਚ ਵੀ ਉਸ ਦੀਆਂ ਕਿਤਾਬਾਂ ਦਾ ਅਨੁਵਾਦ ਹੋਵੇਗਾ।
ਸੰਪਰਕ: 94787-30156

